ਨੌਜਵਾਨ ਪੁੱਛਦੇ ਹਨ . . .
ਸਾਰਾ ਧਿਆਨ ਮੇਰੇ ਭਰਾ ਨੂੰ ਹੀ ਕਿਉਂ ਦਿੱਤਾ ਜਾਂਦਾ ਹੈ?
“ਮੈਨੂੰ ਇਸ ਗੱਲ ਤੋਂ ਖਿਝ ਆਉਂਦੀ ਹੈ ਕਿ ਜਦੋਂ ਮੇਰੇ ਭੈਣ-ਭਰਾ ਸ਼ਰਾਰਤਾਂ ਕਰਦੇ ਹਨ ਤਾਂ, ਚਾਹੇ ਲਾਡ ਨਾਲ ਜਾਂ ਗੁੱਸੇ ਵਿਚ, ਉਨ੍ਹਾਂ ਵੱਲ ਬਹੁਤ ਹੀ ਧਿਆਨ ਦਿੱਤਾ ਜਾਂਦਾ ਹੈ। ਲੇਕਿਨ ਕਿਉਂ ਜੋ ਮੈਂ ਆਖੇ ਲੱਗਦੀ ਹਾਂ, ਮੇਰੇ ਵੱਲ ਕੋਈ ਧਿਆਨ ਨਹੀਂ ਦਿੰਦਾ।”—18-ਸਾਲਾ ਕੇ।a
“ਮੇਰੇ ਭੈਣ-ਭਰਾਵਾਂ ਵੱਲ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਦੇ ਨਾਲ ਬਿਹਤਰ ਵਰਤਾਅ ਕੀਤਾ ਜਾਂਦਾ ਹੈ। ਮੇਰੇ ਵੱਲ ਧਿਆਨ ਜ਼ਿਆਦਾਤਰ ਝਿੜਕਾਂ ਦੇ ਰੂਪ ਵਿਚ ਦਿੱਤਾ ਜਾਂਦਾ ਹੈ। ਮੈਨੂੰ ਤਸੱਲੀ ਮਿਲਦੀ ਜੇਕਰ ਮੈਨੂੰ ਪਤਾ ਲੱਗਦਾ ਕਿ ਉਨ੍ਹਾਂ ਨੂੰ ਵੀ ਝਿੜਕਾਂ ਪਈਆਂ ਹਨ।”—15-ਸਾਲਾ ਰੂਥ।
“ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਮੇਰੇ ਵੱਡੇ ਭੈਣ-ਭਰਾਵਾਂ ਨੂੰ ਜ਼ਿਆਦਾ ਵਿਸ਼ੇਸ਼-ਸਨਮਾਨ ਦਿੱਤੇ ਜਾਂਦੇ ਹਨ ਅਤੇ ਉਨ੍ਹਾਂ ਵੱਲ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ।”—13-ਸਾਲਾ ਬਿਲ।
ਜਨਮ ਤੋਂ ਹੀ, ਸਾਨੂੰ ਸਾਰਿਆਂ ਨੂੰ ਆਪਣੇ ਮਾਪਿਆਂ ਦੇ ਧਿਆਨ ਦੀ ਲੋੜ ਹੁੰਦੀ ਹੈ। ਅਤੇ ਜੇ ਤੁਹਾਨੂੰ ਲੱਗੇ ਕਿ ਤੁਹਾਨੂੰ ਤੁਹਾਡੇ ਹਿੱਸੇ ਦਾ ਧਿਆਨ ਨਹੀਂ ਮਿਲ ਰਿਹਾ, ਤਾਂ ਤੁਹਾਨੂੰ ਠੇਸ ਪਹੁੰਚ ਸਕਦੀ ਹੈ ਅਤੇ ਗੁੱਸਾ ਆ ਸਕਦਾ ਹੈ। ਖ਼ਾਸ ਕਰਕੇ ਜੇ ਇੰਜ ਲੱਗੇ ਕਿ ਤੁਹਾਡੀ ਭੈਣ ਜਾਂ ਭਰਾ—ਸਭ ਤੋਂ ਵੱਡਾ, ਸਭ ਤੋਂ ਛੋਟਾ, ਸਭ ਤੋਂ ਬੀਬਾ, ਜਾਂ ਸਭ ਤੋਂ ਜ਼ਿਆਦਾ ਢੀਠ ਵੀ—ਹਮੇਸ਼ਾ ਸਾਰਿਆਂ ਦੀਆਂ ਅੱਖਾਂ ਦਾ ਤਾਰਾ ਹੈ। ਤੁਸੀਂ ਸ਼ਾਇਦ ਦਾਊਦ ਵਾਂਗ ਵੀ ਮਹਿਸੂਸ ਕਰੋ ਜਦੋਂ ਉਸ ਨੇ ਲਿਖਿਆ: “ਮੈਂ ਮੋਏ ਹੋਏ ਵਾਂਙੁ ਮਨੋਂ ਭੁਲਾ ਦਿੱਤਾ ਗਿਆ ਹਾਂ, ਮੈਂ ਭੱਜੇ ਹੋਏ ਭਾਂਡੇ ਵਰਗਾ ਹਾਂ।”—ਜ਼ਬੂਰ 31:12.
ਇਕ ਭੈਣ ਜਾਂ ਭਰਾ ਨੂੰ ਉਹ ਧਿਆਨ ਹਾਸਲ ਕਰਦੇ ਹੋਏ ਦੇਖਣਾ ਜੋ ਤੁਸੀਂ ਆਪਣੇ ਵਾਸਤੇ ਚਾਹੁੰਦੇ ਹੋ, ਦੁਖਦਾਈ ਹੋ ਸਕਦਾ ਹੈ। ਲੇਕਿਨ ਕੀ ਜ਼ਰੂਰ ਇਸ ਦਾ ਇਹ ਮਤਲਬ ਹੈ ਕਿ ਤੁਸੀਂ ਪਿਆਰੇ ਨਹੀਂ ਹੋ? ਬਿਲਕੁਲ ਨਹੀਂ। ਕਦੇ-ਕਦਾਈਂ ਨੌਜਵਾਨਾਂ ਨੂੰ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ ਕਿਉਂਕਿ ਉਨ੍ਹਾਂ ਕੋਲ ਉੱਤਮ ਯੋਗਤਾਵਾਂ ਹਨ ਜਾਂ ਉਹ ਮਿਲਣਸਾਰ ਸੁਭਾਅ ਦੇ ਮਾਲਕ ਹਨ। 11-ਸਾਲਾ ਕੈਨਥ ਕਹਿੰਦਾ ਹੈ: “ਭਾਵੇਂ ਕਿ ਮੇਰਾ ਛੋਟਾ ਭਰਾ, ਆਰਥਰ, ਸਿਰਫ਼ ਤੀਜੀ ਜਮਾਤ ਵਿਚ ਹੈ, ਉਹ ਪੰਜਵੀਂ-ਜਮਾਤ ਦੇ ਬੈਂਡ ਵਿਚ ਸਾਜ਼ ਵਜਾਉਂਦਾ ਹੈ। ਉਹ ਖੇਡਾਂ ਅਤੇ ਹਿਸਾਬ ਵਿਚ ਵੀ ਮਾਹਰ ਹੈ। ਅਸਲ ਵਿਚ, ਉਹ ਨੂੰ ਸਕੂਲ ਵਿਚ ਆਪਣੀਆਂ ਸਾਰੀਆਂ ਕਲਾਸਾਂ ਵਿਚ ਚੰਗੇ ਨੰਬਰ ਮਿਲਦੇ ਹਨ। ਕਦੇ-ਕਦੇ ਮੈਨੂੰ ਲੱਗਦਾ ਹੈ ਕਿ ਲੋਕ ਉਹ ਨੂੰ ਮੇਰੇ ਨਾਲੋਂ ਜ਼ਿਆਦਾ ਪਸੰਦ ਕਰਦੇ ਹਨ, ਪਰ ਮੈਂ ਉਸ ਤੋਂ ਜਲਦਾ ਨਹੀਂ ਹਾਂ। ਖ਼ੈਰ, ਸ਼ਾਇਦ ਥੋੜ੍ਹਾ-ਬਹੁਤਾ।”
ਫਿਰ ਇੰਜ ਜਾਪਦਾ ਹੈ ਕਿ ਕੁਝ ਨੌਜਵਾਨਾਂ ਨੂੰ ਉਨ੍ਹਾਂ ਦੇ ਮਾਪੇ ਆਪਣਾ ਕਾਫ਼ੀ ਸਮਾਂ ਦਿੰਦੇ ਹਨ, ਸਿਰਫ਼ ਇਸ ਲਈ ਕਿਉਂਕਿ ਉਹ ਜੇਠੇ ਹਨ—ਜਾਂ ਸਭ ਤੋਂ ਿਨੱਕੇ ਹਨ। ਜਵਾਨ ਯੂਸੁਫ਼ ਬਾਰੇ ਬਾਈਬਲ ਕਹਿੰਦੀ ਹੈ: “ਇਸਰਾਏਲ ਯੂਸੁਫ਼ ਨੂੰ ਆਪਣੇ ਸਾਰੇ ਪੁੱਤ੍ਰਾਂ ਨਾਲੋਂ ਵੱਧ ਤੇਹ ਕਰਦਾ ਸੀ ਕਿਉਂਜੋ ਉਹ ਉਸ ਦੀ ਬਿਰਧ ਅਵਸਥਾ ਦਾ ਪੁੱਤ੍ਰ ਸੀ।” (ਉਤਪਤ 37:3, 4) ਦੂਜੇ ਪਾਸੇ, 18-ਸਾਲਾ ਟੌਡ ਮਹਿਸੂਸ ਕਰਦਾ ਸੀ ਕਿ ਉਸ ਦਾ ਭਰਾ ਜੇਠਾ ਹੋਣ ਦੇ ਕਾਰਨ ਲਾਡਲਾ ਸੀ। ਉਹ ਚੇਤੇ ਕਰਦਾ ਹੈ: “ਇਕ ਵਾਰ ਸਾਨੂੰ ਇਕ ਸਕੂਲ ਪ੍ਰਾਜੈਕਟ ਲਈ ਬਚਪਨ ਦੀ ਇਕ ਮਨਭਾਉਂਦੀ ਤਸਵੀਰ ਲਿਆਉਣ ਲਈ ਕਿਹਾ ਗਿਆ। ਮੈਨੂੰ ਆਪਣੀਆਂ ਤਸਵੀਰਾਂ ਤਾਂ ਥੋੜ੍ਹੀਆਂ ਹੀ ਮਿਲੀਆਂ ਅਤੇ ਮੈਂ ਆਪਣੇ ਵੱਡੇ ਭਰਾ ਦੀਆਂ ਬਹੁਤ ਸਾਰੀਆਂ ਤਸਵੀਰਾਂ ਦੇਖੀਆਂ। ਮੈਂ ਸੋਚਣ ਲੱਗਾ ਕਿ ਇਸ ਤਰ੍ਹਾਂ ਕਿਉਂ।”
ਪਰੰਤੂ, ਕਈ ਵਾਰ ਇਕ ਭੈਣ ਜਾਂ ਭਰਾ ਵਧੇਰੇ ਧਿਆਨ ਦਾ ਪਾਤਰ ਬਣਦਾ ਹੈ ਕਿਉਂ ਜੋ ਉਸ ਕੋਲ ਸਮੱਸਿਆਵਾਂ ਹਨ—ਸਮੱਸਿਆਵਾਂ ਜਿਨ੍ਹਾਂ ਬਾਰੇ ਸ਼ਾਇਦ ਤੁਸੀਂ ਬੇਖ਼ਬਰ ਹੋ। “ਜਦੋਂ ਮੈਂ ਲਗਭਗ 16 ਸਾਲਾਂ ਦੀ ਸੀ, ਮੇਰਾ ਵੱਡਾ ਭਰਾ ਮੁਸੀਬਤ ਵਿੱਚੋਂ ਲੰਘਿਆ,” 22 ਸਾਲਾਂ ਦੀ ਕਸਾਂਡ੍ਰਾ ਵਿਆਖਿਆ ਕਰਦੀ ਹੈ। “ਉਹ ਨਿਸ਼ਚਿਤ ਨਹੀਂ ਸੀ ਕਿ ਉਹ ਸੱਚ-ਮੁੱਚ ਯਹੋਵਾਹ ਦੀ ਸੇਵਾ ਕਰਨੀ ਚਾਹੁੰਦਾ ਸੀ ਜਾਂ ਨਹੀਂ, ਅਤੇ ਮੇਰੇ ਮਾਪਿਆਂ ਨੇ ਤਕਰੀਬਨ ਆਪਣਾ ਸਾਰਾ ਧਿਆਨ ਉਸ ਉੱਤੇ ਲਗਾਇਆ। ਉਦੋਂ ਮੈਂ ਇਹ ਸਮਝ ਨਾ ਸਕੀ ਕਿ ਉਹ ਕਿਉਂ ਇਸ ਤਰ੍ਹਾਂ ਕਰ ਰਹੇ ਸਨ। ਮੈਨੂੰ ਲੱਗਦਾ ਸੀ ਜਿਵੇਂ ਉਹ ਮੇਰੀ ਬਿਲਕੁਲ ਹੀ ਪਰਵਾਹ ਨਹੀਂ ਕਰਦੇ ਸਨ। ਇਸ ਨੇ ਮੈਨੂੰ ਉਦਾਸ ਅਤੇ ਤਿਆਗੀ ਹੋਈ ਮਹਿਸੂਸ ਕਰਵਾਇਆ ਅਤੇ ਮੈਨੂੰ ਗੁੱਸਾ ਵੀ ਆਇਆ।”
ਉਹ ਤਰਫ਼ਦਾਰੀ ਕਿਉਂ ਕਰਦੇ ਹਨ
ਫਿਰ ਵੀ, ਕਦੇ-ਕਦਾਈਂ, ਮਾਪੇ ਸਿੱਧੇ ਤੌਰ ਤੇ ਤਰਫ਼ਦਾਰੀ ਕਰਨ ਦੇ ਦੋਸ਼ੀ ਹਨ। ਇਕ ਮਾਂ ਨੇ ਸਵੀਕਾਰ ਕੀਤਾ: “ਮੈਂ ਜਾਣਦੀ ਹਾਂ ਕਿ ਮੇਰੇ ਪੁੱਤਰ, ਪੌਲ ਨੂੰ ਪਤਾ ਹੈ ਕਿ ਅਸੀਂ ਆਪਣੀ ਧੀ ਦਾ ਬਹੁਤ ਮਾਣ ਕਰਦੇ ਹਾਂ ਅਤੇ ਇਸ ਤੋਂ ਉਸ ਨੂੰ ਦੁੱਖ ਹੁੰਦਾ ਹੈ। ਉਸ ਨੇ ਸਾਨੂੰ ਸਪੱਸ਼ਟ ਤੌਰ ਤੇ ਦੱਸਿਆ, ‘ਤੁਸੀਂ ਅਤੇ ਪਿਤਾ ਜੀ ਹਮੇਸ਼ਾ ਇਕ ਦੂਜੇ ਵੱਲ ਦੇਖਦੇ ਹੋ ਜਦੋਂ ਲਿਜ਼ ਕੁਝ ਕਹਿੰਦੀ ਹੈ।’ ਪਹਿਲਾਂ ਤਾਂ ਸਾਨੂੰ ਸਮਝ ਨਹੀਂ ਆਇਆ ਕਿ ਉਹ ਕੀ ਗੱਲ ਕਰ ਰਿਹਾ ਸੀ। ਫਿਰ ਅਸੀਂ ਅਹਿਸਾਸ ਕੀਤਾ ਕਿ ਅਸੀਂ ਨਿਰੰਤਰ ਇਕ ਦੂਜੇ ਵੱਲ ਦੇਖ ਕੇ ਨਜ਼ਰਾਂ ਰਾਹੀਂ ਇਸ਼ਾਰਾ ਕਰਦੇ ਹਾਂ ਕਿ ‘ਸਾਡੀ ਧੀ ਕਿੰਨੀ ਹੁਸ਼ਿਆਰ ਹੈ।’ ਪੌਲ ਵੱਲੋਂ ਸਾਵਧਾਨ ਹੋਣ ਤੋਂ ਬਾਅਦ, ਅਸੀਂ ਇਸ ਤਰ੍ਹਾਂ ਫਿਰ ਨਾ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ।”
ਲੇਕਿਨ ਮਾਪੇ ਤਰਫ਼ਦਾਰੀ ਕਰਦੇ ਹੀ ਕਿਉਂ ਹਨ? ਉਨ੍ਹਾਂ ਦੀ ਆਪਣੀ ਪਰਵਰਿਸ਼ ਸ਼ਾਇਦ ਇਕ ਕਾਰਨ ਹੋਵੇ। ਉਦਾਹਰਣ ਲਈ, ਜੇਕਰ ਤੁਹਾਡੀ ਮਾਂ ਆਪਣੇ ਭੈਣ-ਭਰਾਵਾਂ ਵਿੱਚੋਂ ਸਭ ਤੋਂ ਛੋਟੀ ਸੀ, ਤਾਂ ਉਹ ਸ਼ਾਇਦ ਆਪਣੇ ਸਭ ਤੋਂ ਛੋਟੇ ਬੱਚੇ ਦਾ ਜ਼ਿਆਦਾ ਲਿਹਾਜ਼ ਕਰੇ। ਉਹ ਸ਼ਾਇਦ ਅਣਜਾਣੇ ਵਿਚ ਹੀ ਝਗੜੇ ਵਿਚ ਉਸ ਬੱਚੇ ਦਾ ਪੱਖ ਲਵੇ। ਜਾਂ ਇਕ ਮਾਂ ਜਾਂ ਬਾਪ ਨੂੰ ਆਪਣੇ ਵਰਗੇ ਮਿਜ਼ਾਜ ਅਤੇ ਸਮਾਨ ਰੁਚੀ ਰੱਖਣ ਵਾਲੇ ਬੱਚੇ ਨਾਲ ਜ਼ਿਆਦਾ ਲਗਾਅ ਹੋਵੇ। ਵਿਚਾਰ ਕਰੋ ਕਿ ਬਾਈਬਲ ਇਸਹਾਕ ਅਤੇ ਰਿਬਕਾਹ ਬਾਰੇ, ਉਨ੍ਹਾਂ ਦੇ ਜੁੜਵੇਂ ਪੁੱਤਰਾਂ ਯਾਕੂਬ ਅਤੇ ਏਸਾਓ ਦੇ ਸੰਬੰਧ ਵਿਚ, ਕੀ ਕਹਿੰਦੀ ਹੈ: “ਮੁੰਡੇ ਵੱਡੇ ਹੋਏ ਅਤੇ ਏਸਾਓ ਸਿਆਣਾ ਸ਼ਿਕਾਰੀ ਸੀ ਅਰ ਰੜ ਵਿੱਚ ਰਹਿਣ ਵਾਲਾ ਸੀ ਅਰ ਯਾਕੂਬ ਭੋਲਾ ਭਾਲਾ ਅਰ ਤੰਬੂਆਂ ਵਿੱਚ ਟਿਕਣ ਵਾਲਾ ਸੀ। ਇਸਹਾਕ ਏਸਾਓ ਨੂੰ ਪਿਆਰ ਕਰਦਾ ਸੀ ਕਿਉਂਜੋ ਉਹ ਸ਼ਿਕਾਰ ਉਹ ਦੇ ਮੂੰਹ ਪਾਉਂਦਾ ਸੀ ਪਰ ਰਿਬਕਾਹ ਯਾਕੂਬ ਨੂੰ ਪਿਆਰ ਕਰਦੀ ਸੀ।”—ਉਤਪਤ 25:27, 28.
ਤੁਹਾਨੂੰ ਕੀ ਕਰਨਾ ਚਾਹੀਦਾ ਹੈ ਜੇਕਰ ਤੁਹਾਡੇ ਮਾਪੇ ਤੁਹਾਡੀ ਕਿਸੇ ਭੈਣ ਜਾਂ ਭਰਾ ਦੀ ਤਰਫ਼ਦਾਰੀ ਕਰਨ? ਤੁਸੀਂ ਆਪਣੇ ਮਾਪਿਆਂ ਨਾਲ ਇਕ ਸ਼ਾਂਤ ਤਰੀਕੇ ਨਾਲ ਅਤੇ ਬਿਨਾਂ ਦੋਸ਼ ਲਾਏ ਇਸ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ। (ਕਹਾਉਤਾਂ 15:22) ਆਦਰ ਸਹਿਤ ਉਨ੍ਹਾਂ ਦੀ ਗੱਲ ਸੁਣਨ ਨਾਲ, ਤੁਸੀਂ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਸਮਝ ਸਕਦੇ ਹੋ। ਇਹ ਸ਼ਾਇਦ ਤੁਹਾਡੀ ਨਾਰਾਜ਼ਗੀ ਨੂੰ ਸ਼ਾਂਤ ਕਰਨ ਵਿਚ ਮਦਦ ਕਰੇ। (ਕਹਾਉਤਾਂ 19:11) ਇਕ ਕਿਸ਼ੋਰ ਲੜਕੀ ਕਹਿੰਦੀ ਹੈ: “ਇਹ ਗੱਲ ਮੈਨੂੰ ਬਹੁਤ ਪਰੇਸ਼ਾਨ ਕਰਦੀ ਸੀ ਕਿ ਮੇਰੀ ਮੰਮੀ ਮੇਰੇ ਨਾਲੋਂ ਜ਼ਿਆਦਾ ਮੇਰੇ ਭਰਾ ਨਾਲ ਤੇਹ ਕਰਦੀ ਸੀ। ਜਦੋਂ ਮੈਂ ਉਹ ਨੂੰ ਇਸ ਬਾਰੇ ਪੁੱਛਿਆ, ਤਾਂ ਉਹ ਨੇ ਸਮਝਾਇਆ ਕਿ ਕਿਉਂਕਿ ਭਰਾ ਜ਼ਿਆਦਾ ਆਪਣੇ ਡੈਡੀ ਵਰਗਾ ਹੈ, ਇਸ ਲਈ ਮੰਮੀ ਉਹ ਦੇ ਨਾਲ ਤੇਹ ਕਰਦੀ ਹੈ। ਅਤੇ ਕਿਉਂਕਿ ਮੈਂ ਜ਼ਿਆਦਾ ਮੰਮੀ ਵਰਗੀ ਹਾਂ, ਤਾਂ ਡੈਡੀ ਜੀ ਮੇਰੇ ਨਾਲ ਤੇਹ ਕਰਦੇ ਹਨ। ਉਸੇ ਤਰ੍ਹਾਂ, ਕਿਉਂਕਿ ਅਸੀਂ ਦੋਨੋਂ ਇੱਕੋ ਜਿਹੀਆਂ ਹਾਂ, ਅਸੀਂ ਇਕ ਦੂਜੇ ਨੂੰ ਖਿਝਾ ਦਿੰਦੀਆਂ ਹਾਂ। ਅਤੇ ਕਿਉਂ ਜੋ ਮੇਰੇ ਡੈਡੀ ਜੀ ਅਤੇ ਭਰਾ ਇੱਕੋ ਜਿਹੇ ਹਨ, ਉਹ ਇਕ ਦੂਜੇ ਤੋਂ ਤੰਗ ਆ ਜਾਂਦੇ ਹਨ। ਜਦੋਂ ਉਹ ਨੇ ਮੈਨੂੰ ਇਸ ਤਰ੍ਹਾਂ ਸਮਝਾਇਆ—ਭਾਵੇਂ ਮੈਂ ਇਸ ਤੋਂ ਬਹੁਤ ਖ਼ੁਸ਼ ਨਹੀਂ ਸੀ—ਮੈਂ ਇਸ ਨੂੰ ਸਵੀਕਾਰ ਕਰ ਸਕੀ।”
ਪੱਖਪਾਤੀ ਵਰਤਾਅ—ਇਕ ਅਨਿਆਂ?
ਫਿਰ ਵੀ, ਮਾਪੇ ਸਾਰਿਆਂ ਨਾਲ ਬਿਲਕੁਲ ਇੱਕੋ ਜਿਹਾ ਵਰਤਾਅ ਕਿਉਂ ਨਹੀਂ ਕਰ ਸਕਦੇ? ਬੈੱਥ, ਹੁਣ 18 ਸਾਲਾਂ ਦੀ, ਕਹਿੰਦੀ ਹੈ: “ਜਦੋਂ ਮੈਂ ਲਗਭਗ 13 ਸਾਲਾਂ ਦੀ ਸੀ, ਤਾਂ ਮੇਰਾ ਵਿਚਾਰ ਸੀ ਕਿ ਮੇਰੇ ਨਾਲ ਅਤੇ ਮੇਰੇ ਭਰਾ ਨਾਲ ਇੱਕੋ ਜਿਹਾ—ਬਿਲਕੁਲ ਇੱਕੋ ਜਿਹਾ—ਵਰਤਾਅ ਕੀਤਾ ਜਾਣਾ ਚਾਹੀਦਾ ਹੈ। ਲੇਕਿਨ ਹਮੇਸ਼ਾ ਮੈਨੂੰ ਹੀ ਝਿੜਕਾਂ ਪੈਂਦੀਆਂ ਸਨ, ਜਦ ਕਿ ਉਹ ਕੁਝ ਵੀ ਕਰ ਸਕਦਾ ਸੀ। ਅਤੇ ਉਸ ਨੂੰ ਪਿਤਾ ਜੀ ਦੇ ਨਾਲ ਕਾਰ ਦੀ ਮੁਰੰਮਤ ਕਰਨ ਲਈ ਜ਼ਿਆਦਾ ਸਮਾਂ ਮਿਲਦਾ ਸੀ। ਮੈਨੂੰ ਇਹ ਠੀਕ ਨਹੀਂ ਲੱਗਦਾ ਸੀ।”
ਲੇਕਿਨ ਪੱਖਪਾਤੀ ਵਰਤਾਅ ਜ਼ਰੂਰੀ ਤੌਰ ਤੇ ਅਨਿਆਂ ਨਹੀਂ ਹੁੰਦਾ। ਵਿਚਾਰ ਕਰੋ ਕਿ ਯਿਸੂ ਮਸੀਹ ਨੇ ਆਪਣਿਆਂ ਰਸੂਲਾਂ ਨਾਲ ਕਿਵੇਂ ਵਰਤਾਅ ਕੀਤਾ ਸੀ। ਬਿਨਾਂ ਸ਼ੱਕ ਉਹ ਸਾਰੇ 12 ਰਸੂਲਾਂ ਨੂੰ ਪਿਆਰ ਕਰਦਾ ਸੀ, ਫਿਰ ਵੀ ਉਸ ਨੇ ਉਨ੍ਹਾਂ ਵਿੱਚੋਂ ਸਿਰਫ਼ 3 ਨੂੰ ਕੁਝ ਖ਼ਾਸ ਘਟਨਾਵਾਂ ਦੇਖਣ ਲਈ ਬੁਲਾਇਆ, ਜਿਨ੍ਹਾਂ ਵਿਚ ਜੈਰੁਸ ਦੀ ਧੀ ਦਾ ਪੁਨਰ-ਉਥਾਨ ਅਤੇ ਰੂਪਾਂਤਰਣ ਸ਼ਾਮਲ ਸਨ। (ਮੱਤੀ 17:1; ਮਰਕੁਸ 5:37) ਇਸ ਤੋਂ ਇਲਾਵਾ, ਯੂਹੰਨਾ ਰਸੂਲ ਦੇ ਨਾਲ ਯਿਸੂ ਦੀ ਇਕ ਖ਼ਾਸ ਨਜ਼ਦੀਕੀ ਮਿੱਤਰਤਾ ਸੀ। (ਯੂਹੰਨਾ 13:23; 19:26; 20:2; 21:7, 20) ਕੀ ਇਹ ਪੱਖਪਾਤੀ ਸੀ? ਬਿਲਕੁਲ। ਕੀ ਇਹ ਅਨਿਆਂ ਸੀ? ਬਿਲਕੁਲ ਨਹੀਂ। ਭਾਵੇਂ ਯਿਸੂ ਕੁਝ ਰਸੂਲਾਂ ਨੂੰ ਖ਼ਾਸ ਤੌਰ ਤੇ ਪਿਆਰ ਕਰਦਾ ਸੀ, ਫਿਰ ਵੀ, ਉਸ ਨੇ ਆਪਣੇ ਬਾਕੀ ਰਸੂਲਾਂ ਦੀਆਂ ਜ਼ਰੂਰਤਾਂ ਨੂੰ ਅਣਗੌਲਿਆਂ ਨਹੀਂ ਸੀ ਕੀਤਾ।—ਮਰਕੁਸ 6:31-34.
ਇਸੇ ਤਰ੍ਹਾਂ, ਸ਼ਾਇਦ ਤੁਹਾਡੀ ਕਿਸੇ ਭੈਣ ਜਾਂ ਭਰਾ ਨੂੰ ਯੋਗਤਾਵਾਂ, ਵਿਅਕਤਿੱਤਵ, ਜਾਂ ਜ਼ਰੂਰਤਾਂ ਦੇ ਕਾਰਨ ਖ਼ਾਸ ਧਿਆਨ ਦਿੱਤਾ ਜਾਵੇ। ਜੀ ਹਾਂ, ਇਹ ਦੇਖਣਾ ਦੁਖਦਾਈ ਹੋ ਸਕਦਾ ਹੈ। ਪਰ ਸਵਾਲ ਇਹ ਹੈ, ਕੀ ਤੁਹਾਡੀਆਂ ਜ਼ਰੂਰਤਾਂ ਦੀ ਪਰਵਾਹ ਨਹੀਂ ਕੀਤੀ ਜਾਂਦੀ ਹੈ? ਜਦੋਂ ਤੁਹਾਨੂੰ ਆਪਣੇ ਮਾਪਿਆਂ ਦੀ ਸਲਾਹ, ਮਦਦ, ਜਾਂ ਸਮਰਥਨ ਦੀ ਲੋੜ ਪੈਂਦੀ ਹੈ, ਤਾਂ ਕੀ ਉਹ ਤੁਹਾਡੀ ਮਦਦ ਕਰਨ ਲਈ ਤਿਆਰ ਹਨ? ਜੇਕਰ ਤਿਆਰ ਹਨ, ਤਾਂ ਕੀ ਤੁਸੀਂ ਸੱਚ-ਮੁੱਚ ਕਹਿ ਸਕਦੇ ਹੋ ਕਿ ਤੁਸੀਂ ਅਨਿਆਂ ਦੇ ਸ਼ਿਕਾਰ ਹੋ? ਬਾਈਬਲ ਸਾਨੂੰ ਦੂਜਿਆਂ “ਦੀਆਂ ਲੋੜਾਂ ਦੇ ਅਨੁਸਾਰ,” ਵਰਤਾਅ ਕਰਨ ਲਈ ਉਤਸ਼ਾਹਿਤ ਕਰਦੀ ਹੈ। (ਰੋਮੀਆਂ 12:13, ਨਿ ਵ) ਕਿਉਂਕਿ ਤੁਸੀਂ ਅਤੇ ਤੁਹਾਡੇ ਭੈਣ-ਭਰਾ ਵੱਖੋ-ਵੱਖਰੀਆਂ ਜ਼ਰੂਰਤਾਂ ਵਾਲੇ ਵਿਅਕਤੀ ਹੋ, ਤੁਹਾਡੇ ਮਾਪਿਆਂ ਵਾਸਤੇ ਇਹ ਮੁਮਕਿਨ ਨਹੀਂ ਹੈ ਕਿ ਉਹ ਤੁਹਾਡੇ ਨਾਲ ਹਮੇਸ਼ਾ ਇੱਕੋ ਜਿਹਾ ਵਰਤਾਅ ਕਰਨ।
ਬੈੱਥ, ਜਿਸ ਦਾ ਪਹਿਲਾਂ ਹਵਾਲਾ ਦਿੱਤਾ ਗਿਆ ਸੀ, ਨੂੰ ਅਹਿਸਾਸ ਹੋਇਆ ਕਿ ਇੱਕੋ ਜਿਹਾ ਵਰਤਾਅ ਹਮੇਸ਼ਾ ਠੀਕ ਨਹੀਂ ਹੁੰਦਾ ਅਤੇ ਠੀਕ ਵਰਤਾਅ ਹਮੇਸ਼ਾ ਇੱਕੋ ਜਿਹਾ ਨਹੀਂ ਹੁੰਦਾ। ਉਹ ਕਹਿੰਦੀ ਹੈ: “ਮੈਂ ਇਸ ਗੱਲ ਦੀ ਕਦਰ ਕਰਨ ਲੱਗੀ ਕਿ ਮੇਰਾ ਭਰਾ ਅਤੇ ਮੈਂ ਦੋ ਵੱਖਰੇ ਵਿਅਕਤੀ ਹਾਂ ਅਤੇ ਸਾਡੇ ਨਾਲ ਵੱਖੋ-ਵੱਖ ਢੰਗ ਨਾਲ ਵਰਤਾਅ ਕਰਨ ਦੀ ਜ਼ਰੂਰਤ ਹੈ। ਬੀਤੇ ਸਮਿਆਂ ਬਾਰੇ ਸੋਚ ਕੇ, ਮੈਨੂੰ ਵਿਸ਼ਵਾਸ ਨਹੀਂ ਹੁੰਦਾ ਕਿ ਜਦ ਮੈਂ ਛੋਟੀ ਸੀ ਤਾਂ ਮੈਂ ਇਹ ਗੱਲ ਕਿਉਂ ਨਾ ਸਮਝ ਸਕੀ। ਸ਼ਾਇਦ ਉਸ ਉਮਰ ਵਿਚ ਸਾਡਾ ਸੋਚਣ ਦਾ ਤਰੀਕਾ ਹੀ ਕੁਝ ਇਸ ਤਰ੍ਹਾਂ ਦਾ ਹੁੰਦਾ ਹੈ।”
ਸੂਝਵਾਨ ਹੋਣ ਬਾਰੇ ਸਿੱਖਣਾ
ਜੀ ਹਾਂ, “ਤੁਹਾਡੇ ਸੋਚਣ ਦਾ ਤਰੀਕਾ” ਤੁਹਾਡੇ ਆਪਣੇ ਹਾਲਤਾਂ ਨਾਲ ਸਿੱਝਣ ਦੇ ਤਰੀਕੇ ਤੇ ਨਿਰਭਰ ਹੈ। ਰੰਗੀਨ ਸ਼ੀਸ਼ਿਆਂ ਵਾਲੀ ਐਨਕ ਵਿੱਚੋਂ ਦੇਖਣ ਵਾਂਗ, ਤੁਹਾਡੀਆਂ ਭਾਵਨਾਵਾਂ ਤੁਹਾਡੀ ਸੋਚਣੀ ਨੂੰ ਬਦਲ ਸਕਦੀਆਂ ਹਨ। ਅਤੇ ਮਾਪਿਆਂ ਦਾ ਧਿਆਨ ਅਤੇ ਮਨਜ਼ੂਰੀ ਹਾਸਲ ਕਰਨ ਦੀ ਭਾਵਾਤਮਕ ਜ਼ਰੂਰਤ ਪ੍ਰਬਲ ਹੁੰਦੀ ਹੈ। ਖੋਜਕਾਰ ਸਟੀਵਨ ਬੈਂਕ ਅਤੇ ਮਾਈਕਲ ਕਾਨ ਟਿੱਪਣੀ ਕਰਦੇ ਹਨ: “ਜੇਕਰ ਮਾਪੇ ਆਪਣੇ ਬਹੁਤ ਹੀ ਭਿੰਨ ਬੱਚਿਆਂ ਦੇ ਨਾਲ ਨਿਰਪੱਖ ਵਰਤਾਅ ਕਰਨ ਦੇ ਨਾਮੁਮਕਿਨ ਸੁਪਨੇ ਨੂੰ ਸਾਕਾਰ ਕਰਨ ਵਿਚ ਕਾਮਯਾਬ ਹੋ ਵੀ ਜਾਣ, ਤਾਂ ਫਿਰ ਵੀ ਹਰੇਕ ਬੱਚਾ ਇਹ ਹੀ ਸਮਝੇਗਾ ਕਿ ਮਾਪੇ ਦੂਜੇ ਬੱਚੇ ਦੀ ਤਰਫ਼ਦਾਰੀ ਕਰਦੇ ਹਨ।”
ਉਦਾਹਰਣ ਲਈ, ਦੁਬਾਰਾ ਉਨ੍ਹਾਂ ਤਿੰਨ ਨੌਜਵਾਨਾਂ ਦੇ ਵਿਚਾਰਾਂ ਵੱਲ ਧਿਆਨ ਦਿਓ, ਜਿਨ੍ਹਾਂ ਦੇ ਸ਼ੁਰੂ ਵਿਚ ਹਵਾਲੇ ਦਿੱਤੇ ਗਏ ਸਨ। ਉਨ੍ਹਾਂ ਦੀ ਹਾਲਤ ਸ਼ਾਇਦ ਨਿਰਾਸ ਜਾਪੇ, ਸਿਵਾਇ ਇਕ ਗੱਲ ਦੇ: ਉਹ ਭੈਣ-ਭਰਾ ਹਨ! ਜੀ ਹਾਂ, ਹਰੇਕ ਇਹ ਹੀ ਸੋਚਦਾ ਹੈ ਕਿ ਦੂਜੇ ਨੂੰ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ ਅਤੇ ਉਸ ਨੂੰ ਅਣਗੌਲਿਆ ਕੀਤਾ ਜਾਂਦਾ ਹੈ! ਫਿਰ, ਅਕਸਰ, ਸਾਡੀ ਸੋਚਣੀ ਥੋੜ੍ਹੀ-ਬਹੁਤੀ ਗ਼ਲਤ ਹੋ ਜਾਂਦੀ ਹੈ। ਕਹਾਉਤਾਂ 17:27 ਕਹਿੰਦਾ ਹੈ: “ਸਮਝ ਵਾਲਾ ਸ਼ੀਲ ਸੁਭਾਉ ਹੁੰਦਾ ਹੈ।” ਜਜ਼ਬਾਤੀ ਦ੍ਰਿਸ਼ਟੀਕੋਣ ਰੱਖਣ ਦੀ ਬਜਾਇ, ਸੂਝਵਾਨ ਹੋਣ ਦਾ ਮਤਲਬ ਹੈ ਮਾਮਲੇ ਨੂੰ ਅਸਲੀ ਰੂਪ ਵਿਚ ਅਤੇ ਨਿਰਪੱਖਤਾ ਨਾਲ ਦੇਖਣਾ। ਸੂਝ ਸ਼ਾਇਦ ਤੁਹਾਨੂੰ ਇਹ ਅਹਿਸਾਸ ਦਿਲਾਉਣ ਵਿਚ ਮਦਦ ਕਰੇ ਕਿ ਭਾਵੇਂ ਤੁਹਾਡੇ ਮਾਪੇ ਤੁਹਾਡੇ ਸਾਰਿਆਂ ਨਾਲ ਇੱਕੋ ਜਿਹਾ ਵਰਤਾਅ ਨਾ ਕਰਨ, ਉਹ ਦਿਲੋਂ ਤੁਹਾਡੀ ਸਾਰਿਆਂ ਦੀ ਭਲਾਈ ਚਾਹੁੰਦੇ ਹਨ! ਇਸ ਤਰ੍ਹਾਂ ਸੋਚਣਾ ਤੁਹਾਨੂੰ ਗੁੱਸੇ ਅਤੇ ਰੁੱਖੇ ਹੋਣ ਤੋਂ ਰੋਕਣ ਵਿਚ ਤੁਹਾਡੀ ਮਦਦ ਕਰ ਸਕਦਾ ਹੈ।
[ਫੁਟਨੋਟ]
a ਕੁਝ ਨਾਂ ਬਦਲੇ ਗਏ ਹਨ।
[ਸਫ਼ੇ 26 ਉੱਤੇ ਤਸਵੀਰ]
ਪੱਖਪਾਤੀ ਵਰਤਾਅ ਸ਼ਾਇਦ ਅਨਿਆਂ ਜਾਪੇ