ਸੁਰੱਖਿਆ ਬੈੱਲਟ ਲਗਾਓ
◼ ਸੰਯੁਕਤ ਰਾਜ ਅਮਰੀਕਾ ਵਿਚ, 5 ਤੋਂ 24 ਸਾਲਾਂ ਦੇ ਨੌਜਵਾਨਾਂ ਵਿਚਕਾਰ ਮੌਤ ਦਾ ਮੁੱਖ ਕਾਰਨ ਮੋਟਰ ਗੱਡੀ ਦੇ ਹਾਦਸੇ ਹਨ।
◼ ਜਾਪਾਨ ਵਿਚ, ਸੜਕ ਹਾਦਸੇ ਛਾਤੀ ਦੇ ਕੈਂਸਰ ਨਾਲੋਂ ਦੋ ਗੁਣਾ ਤੋਂ ਵੱਧ ਮੌਤਾਂ ਲਈ ਜ਼ਿੰਮੇਵਾਰ ਹਨ ਅਤੇ ਪ੍ਰਾਸਟੇਟ ਕੈਂਸਰ ਨਾਲੋਂ ਚਾਰ ਗੁਣਾ ਜ਼ਿਆਦਾ ਲੋਕਾਂ ਦੀ ਜਾਨ ਲੈਂਦੇ ਹਨ।
◼ ਯੂਰਪ ਵਿਚ, ਕਾਰ ਹਾਦਸੇ ਕਤਲਾਂ ਨਾਲੋਂ ਚਾਰ ਗੁਣਾ ਜ਼ਿਆਦਾ ਲੋਕਾਂ ਦੀਆਂ ਮੌਤਾਂ ਦਾ ਕਾਰਨ ਬਣਦੇ ਹਨ।
ਇਹ ਭਿਆਨਕ ਅੰਕੜੇ ਮੋਟਰ ਗੱਡੀ ਵਿਚ ਸਫ਼ਰ ਕਰਨ ਦਾ ਇਕ ਸੁਭਾਵਕ ਖ਼ਤਰਾ ਉਜਾਗਰ ਕਰਦੇ ਹਨ—ਤੇਜ਼ ਰਫ਼ਤਾਰ ਨਾਲ ਮੋਟਰ ਗੱਡੀ ਚਲਾਉਣੀ ਮੌਤ ਦਾ ਕਾਰਨ ਬਣ ਸਕਦੀ ਹੈ। ਲੇਕਿਨ ਸ਼ਰਾਬ ਪੀ ਕੇ ਮੋਟਰ ਗੱਡੀ ਤੇਜ਼ ਚਲਾਉਣੀ ਕਤਲ ਕਰਨ ਦੇ ਬਰਾਬਰ ਹੈ। ਸ਼ੁਕਰ ਹੈ ਕਿ ਹਾਦਸੇ ਅਤੇ ਸੱਟ ਦਾ ਖ਼ਤਰਾ ਘਟਾਇਆ ਜਾ ਸਕਦਾ ਹੈ। ਇਹ ਕਿਵੇਂ ਸੰਭਵ ਹੈ?
ਸੁਰੱਖਿਅਤ ਢੰਗ ਨਾਲ ਮੋਟਰ ਗੱਡੀ ਚਲਾਉਣ ਦੀਆਂ ਆਦਤਾਂ ਵੱਲ ਧਿਆਨ ਦੇਣਾ ਇਕ ਚੰਗੀ ਸ਼ੁਰੂਆਤ ਹੈ। ਕਈ ਸੁਰੱਖਿਆ ਮਾਹਰ ਦਾਅਵਾ ਕਰਦੇ ਹਨ ਕਿ 10 ਵਿੱਚੋਂ 9 ਹਾਦਸੇ ਰੋਕੇ ਜਾਂ ਟਾਲੇ ਜਾ ਸਕਦੇ ਹਨ। ਸਪੀਡ ਲਿਮਿਟ ਦੀ ਉਲੰਘਣਾ, ਦੂਜੀਆਂ ਮੋਟਰ ਗੱਡੀਆਂ ਤੋਂ ਅੱਗੇ ਨਿਕਲਣ ਲਈ ਇੱਧਰ-ਉੱਧਰ ਜਾਣਾ, ਮੁਹਰਲੀ ਮੋਟਰ ਗੱਡੀ ਦੇ ਬਹੁਤ ਨਜ਼ਦੀਕ ਜਾਣਾ, ਨਸ਼ੀਲੀਆਂ ਦਵਾਈਆਂ ਜਾਂ ਸ਼ਰਾਬ ਦੇ ਨਸ਼ੇ ਵਿਚ ਕਾਰ ਚਲਾਉਣੀ, ਅਤੇ ਘੱਟ ਦੇਖ-ਭਾਲ ਵਾਲੀ ਕਾਰ ਚਲਾਉਣੀ, ਅਸੁਰੱਖਿਅਤ ਢੰਗ ਨਾਲ ਮੋਟਰ ਗੱਡੀ ਚਲਾਉਣ ਦੀਆਂ ਆਦਤਾਂ ਦੀਆਂ ਕੁਝ ਕੁ ਉਦਾਹਰਣਾਂ ਹਨ। ਜੀਵਨ ਲਈ ਆਦਰ ਅਤੇ ਸੰਗੀ ਮਾਨਵ ਲਈ ਪ੍ਰੇਮ ਹੋਣ ਕਰਕੇ, ਸਾਨੂੰ ਮੋਟਰ ਗੱਡੀ ਚਲਾਉਣ ਪ੍ਰਤੀ ਇਕ ਸਾਵਧਾਨ ਅਤੇ ਜ਼ਿੰਮੇਵਾਰ ਰਵੱਈਆ ਅਪਣਾਉਣ ਲਈ ਪ੍ਰੇਰਿਤ ਹੋਣਾ ਚਾਹੀਦਾ ਹੈ।—ਮੱਤੀ 7:12.
ਸੀਟ ਬੈੱਲਟਾਂ ਇਕ ਹੋਰ ਸਾਧਾਰਣ, ਪਰ ਅਕਸਰ ਅਣਡਿੱਠ ਕੀਤਾ ਜਾਂਦਾ ਸੁਰੱਖਿਆ ਸਾਧਨ ਹਨ। ਯੂ.ਐੱਸ. ਆਵਾਜਾਈ ਵਿਭਾਗ (U.S. Department of Transportation) ਦੇ ਇਕ ਪ੍ਰਤਿਨਿਧ, ਟਿਮ ਹਰਡ ਦੇ ਅਨੁਸਾਰ, “ਹਾਦਸੇ ਵਿਚ ਆਪਣੀ ਜਾਨ ਬਚਾਉਣ ਦਾ ਸਭ ਤੋਂ ਅਸਰਦਾਰ ਸਾਧਨ ਸੁਰੱਖਿਆ ਬੈੱਲਟ ਹੈ। ਇਹ ਬਚਾਅ ਦੀ ਸੰਭਾਵਨਾ ਨੂੰ ਦੁਗਣਾ ਕਰ ਦਿੰਦੀ ਹੈ।” ਛੋਟੇ ਬੱਚਿਆਂ ਲਈ, ਬਚਾਅ ਦੀ ਦਰ ਲਗਭਗ ਤਿੱਗੁਣੀ ਹੋ ਸਕਦੀ ਹੈ ਜੇ ਉਹ ਬੱਚਿਆਂ ਲਈ ਬਾਲ ਸੁਰੱਖਿਆ ਸੀਟਾਂ ਇਸਤੇਮਾਲ ਕਰਨ।a
ਇਨ੍ਹਾਂ ਫ਼ਾਇਦਿਆਂ ਦੇ ਬਾਵਜੂਦ, ਸਰਵੇਖਣ ਸੰਕੇਤ ਕਰਦੇ ਹਨ ਕਿ ਸੰਯੁਕਤ ਰਾਜ ਅਮਰੀਕਾ ਵਿਚ ਮੋਟਰ ਗੱਡੀਆਂ ਵਿਚ ਸਫ਼ਰ ਕਰਨ ਵਾਲਿਆਂ ਦਾ ਇਕ ਤਿਹਾਈ ਹਿੱਸਾ ਸੁਰੱਖਿਆ ਬੈੱਲਟਾਂ ਦਾ ਇਸਤੇਮਾਲ ਨਹੀਂ ਕਰਦਾ ਹੈ। ਇਕ ਮਾਤਾ ਜਾਂ ਪਿਤਾ ਵਜੋਂ, ਮੋਟਰ ਗੱਡੀ ਚਲਾਉਣ ਤੋਂ ਪਹਿਲਾਂ ਕੀ ਤੁਸੀਂ ਨਿਸ਼ਚਿਤ ਕਰਦੇ ਹੋ ਕਿ ਤੁਹਾਡੇ ਬੱਚਿਆਂ ਦੀਆਂ ਬੈੱਲਟਾਂ ਲੱਗੀਆਂ ਹੋਈਆਂ ਹਨ? ਸੁਰੱਖਿਆ ਬੈੱਲਟ ਲਗਾਉਣ ਲਈ ਜੋ ਸਮਾਂ ਲੱਗਦਾ ਹੈ ਉਹ ਸਾਡੇ ਫ਼ਾਇਦੇ ਲਈ ਹੈ।
[ਫੁਟਨੋਟ]
a ਰਾਸ਼ਟਰੀ ਰਾਜਮਾਰਗ ਆਵਾਜਾਈ ਸੁਰੱਖਿਆ ਪ੍ਰਸ਼ਾਸਨ (The National Highway Traffic Safety Administration) ਸਲਾਹ ਦਿੰਦਾ ਹੈ: “ਪਿਛਲ-ਮੂੰਹੀਂ ਬਾਲ ਸੁਰੱਖਿਆ ਸੀਟਾਂ ਉੱਤੇ ਬੈਠੇ ਬੱਚਿਆਂ ਨੂੰ, ਉਨ੍ਹਾਂ ਕਾਰਾਂ ਦੀਆਂ ਮੁਹਰਲੀਆਂ ਸੀਟਾਂ ਤੇ ਨਹੀਂ ਬਿਠਾਇਆ ਜਾਣਾ ਚਾਹੀਦਾ, ਜਿਨ੍ਹਾਂ ਵਿਚ ਸਵਾਰੀ ਵਾਲੇ ਪਾਸੇ ਗੁਬਾਰੇ (air bag) ਦਾ ਪ੍ਰਬੰਧ ਹੁੰਦਾ ਹੈ। ਅਜਿਹੀ ਪਿਛਲ-ਮੂੰਹੀਂ ਸੁਰੱਖਿਆ ਸੀਟ ਤੇ ਇਕ ਖੁੱਲ੍ਹ ਰਹੇ ਗੁਬਾਰੇ ਦੀ ਠੋਕ ਨਾਲ ਬੱਚੇ ਨੂੰ ਸੱਟ ਲੱਗ ਸਕਦੀ ਹੈ।”