ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g98 1/8 ਸਫ਼ੇ 4-8
  • ਘਰੋਂ ਜਾਣ ਦੇਣਾ ਸਿੱਖਣਾ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਘਰੋਂ ਜਾਣ ਦੇਣਾ ਸਿੱਖਣਾ
  • ਜਾਗਰੂਕ ਬਣੋ!—1998
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਬੱਚਿਆਂ ਨੂੰ ਜ਼ਿੰਮੇਵਾਰ ਬਣਨ ਦੀ ਸਿੱਖਿਆ ਦੇਣਾ
  • ਪ੍ਰੇਮਮਈ ਤਾੜਨਾ
  • ਜੀਵਨ ਲਈ ਸਿੱਖਿਆ
  • ਆਪਣੇ ਬੱਚੇ ਨੂੰ ਬਚਪਨ ਤੋਂ ਸਿਖਲਾਈ ਦਿਓ
    ਪਰਿਵਾਰਕ ਖ਼ੁਸ਼ੀ ਦਾ ਰਾਜ਼
  • ਮਾਪਿਓ—ਆਪਣੇ ਬੱਚਿਆਂ ਨੂੰ ਪਿਆਰ ਨਾਲ ਸਿਖਾਓ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
  • ਬੱਚਿਆਂ ਦੇ ਦਿਲਾਂ ਵਿਚ ਯਹੋਵਾਹ ਲਈ ਪਿਆਰ ਪੈਦਾ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
  • ਆਪਣੇ ਪਰਿਵਾਰ ਨੂੰ ਸੱਚਾਈ ਵਿਚ ਮਜ਼ਬੂਤ ਬਣਾਓ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
ਹੋਰ ਦੇਖੋ
ਜਾਗਰੂਕ ਬਣੋ!—1998
g98 1/8 ਸਫ਼ੇ 4-8

ਘਰੋਂ ਜਾਣ ਦੇਣਾ ਸਿੱਖਣਾ

“ਜਿਵੇਂ ਸੂਰਮੇ ਦੇ ਹੱਥ ਵਿੱਚ ਬਾਣ, ਤਿਵੇਂ ਜੁਆਨੀ ਦੇ ਪੁੱਤ੍ਰ ਹਨ,” ਬਾਈਬਲ ਦੇ ਜ਼ਬੂਰਾਂ ਦੇ ਲਿਖਾਰੀ ਨੇ ਕਿਹਾ। (ਜ਼ਬੂਰ 127:4) ਇਕ ਬਾਣ ਆਪਣੇ ਨਿਸ਼ਾਨੇ ਉੱਤੇ ਸਬੱਬ ਨਾਲ ਹੀ ਨਹੀਂ ਲੱਗ ਜਾਂਦਾ। ਉਸ ਦਾ ਨਿਸ਼ਾਨਾ ਧਿਆਨ ਦੇ ਨਾਲ ਸਿੰਨ੍ਹਣਾ ਪੈਂਦਾ ਹੈ। ਇਸੇ ਤਰ੍ਹਾਂ, ਮਾਪਿਆਂ ਦੀ ਹਿਦਾਇਤ ਤੋਂ ਬਗੈਰ ਬੱਚੇ ਸ਼ਾਇਦ ਜ਼ਿੰਮੇਵਾਰ ਬਾਲਗ ਬਣਨ ਦੇ ਟੀਚੇ ਤੇ ਨਾ ਪਹੁੰਚਣ। “ਬਾਲਕ ਨੂੰ ਉਹ ਦਾ ਠੀਕ ਰਾਹ ਸਿਖਲਾ,” ਬਾਈਬਲ ਤਾਕੀਦ ਕਰਦੀ ਹੈ, ਅਤੇ “ਉਹ ਵੱਡਾ ਹੋ ਕੇ ਵੀ ਉਸ ਤੋਂ ਕਦੀ ਨਾ ਹਟੇਗਾ।”—ਕਹਾਉਤਾਂ 22:6.

ਬਚਪਨ ਵਿਚ ਮਾਪਿਆਂ ਉੱਤੇ ਨਿਰਭਰਤਾ ਤੋਂ ਲੈ ਕੇ ਬਾਲਗੀ ਵਿਚ ਸੁਤੰਤਰਤਾ ਦੀ ਤਬਦੀਲੀ ਰਾਤੋ-ਰਾਤ ਨਹੀਂ ਹੋ ਸਕਦੀ ਹੈ। ਸੋ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸੁਤੰਤਰ ਹੋਣ ਦੀ ਸਿਖਲਾਈ ਕਦੋਂ ਤੋਂ ਆਰੰਭ ਕਰਨੀ ਚਾਹੀਦੀ ਹੈ? ਰਸੂਲ ਪੌਲੁਸ ਨੇ ਤਿਮੋਥਿਉਸ ਨਾਮਕ ਇਕ ਨੌਜਵਾਨ ਨੂੰ ਯਾਦ ਦਿਲਾਇਆ: “ਤੂੰ ਬਾਲ ਅਵਸਥਾ ਤੋਂ ਪਵਿੱਤਰ ਲਿਖਤਾਂ ਦਾ ਮਹਿਰਮ ਹੈਂ ਜਿਹੜੀਆਂ ਉਸ ਨਿਹਚਾ ਦੇ ਰਾਹੀਂ ਜੋ ਮਸੀਹ ਯਿਸੂ ਉੱਤੇ ਹੈ ਤੈਨੂੰ ਮੁਕਤੀ ਦਾ ਗਿਆਨ ਦੇ ਸੱਕਦੀਆਂ ਹਨ।” (2 ਤਿਮੋਥਿਉਸ 3:15) ਇਸ ਦੀ ਜ਼ਰਾ ਕਲਪਨਾ ਕਰੋ, ਤਿਮੋਥਿਉਸ ਦੀ ਮਾਤਾ ਨੇ ਉਸ ਨੂੰ ਅਧਿਆਤਮਿਕ ਸਿਖਲਾਈ ਉਦੋਂ ਤੋਂ ਦੇਣੀ ਆਰੰਭ ਕੀਤੀ ਜਦੋਂ ਉਹ ਹਾਲੇ ਬਾਲ ਅਵਸਥਾ ਵਿਚ ਹੀ ਸੀ!

ਜੇਕਰ ਨਿਆਣਿਆਂ ਨੂੰ ਅਧਿਆਤਮਿਕ ਸਿਖਲਾਈ ਤੋਂ ਲਾਭ ਮਿਲ ਸਕਦਾ ਹੈ, ਤਾਂ ਕੀ ਇਹ ਮੁਨਾਸਬ ਨਹੀਂ ਹੈ ਕਿ ਜਿੰਨੀ ਛੇਤੀ ਹੋ ਸਕੇ ਬੱਚਿਆਂ ਨੂੰ ਬਾਲਗੀ ਲਈ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ? ਇਹ ਕਰਨ ਦਾ ਇਕ ਤਰੀਕਾ ਹੈ ਉਨ੍ਹਾਂ ਨੂੰ ਜ਼ਿੰਮੇਵਾਰ ਬਣਨ ਬਾਰੇ ਸਿੱਖਿਆ ਦੇਣੀ ਤਾਂਕਿ ਉਹ ਖ਼ੁਦ ਲਈ ਫ਼ੈਸਲੇ ਕਰ ਸਕਣ।

ਬੱਚਿਆਂ ਨੂੰ ਜ਼ਿੰਮੇਵਾਰ ਬਣਨ ਦੀ ਸਿੱਖਿਆ ਦੇਣਾ

ਤੁਸੀਂ ਆਪਣੇ ਬੱਚਿਆਂ ਨੂੰ ਜ਼ਿੰਮੇਵਾਰ ਬਣਨ ਲਈ ਕਿਵੇਂ ਹੌਸਲਾ ਦੇ ਸਕਦੇ ਹੋ? ਜੈਕ ਅਤੇ ਨੋਰਾ ਨਾਮਕ ਇਕ ਵਿਆਹੁਤਾ ਜੋੜੇ ਨੇ ਆਪਣੀ ਬੇਟੀ ਬਾਰੇ ਯਾਦ ਕੀਤਾ: “ਜਦੋਂ ਉਹ ਮਸਾਂ ਤੁਰ ਹੀ ਸਕਦੀ ਸੀ, ਤਾਂ ਉਸ ਨੇ ਜੁਰਾਬਾਂ ਜਾਂ ਹੋਰ ਛੋਟੀਆਂ-ਮੋਟੀਆਂ ਚੀਜ਼ਾਂ ਆਪਣੇ ਸੌਣ ਵਾਲੇ ਕਮਰੇ ਵਿਚ ਲਿਜਾ ਕੇ ਦਰਾਜ਼ ਵਿਚ ਰੱਖਣੀਆਂ ਸਿੱਖੀਆਂ। ਉਸ ਨੇ ਖਿਡੌਣੇ ਅਤੇ ਪੁਸਤਕਾਂ ਵੀ ਆਪੋ-ਆਪਣੀਆਂ ਥਾਵਾਂ ਤੇ ਰੱਖਣੀਆਂ ਸਿੱਖੀਆਂ।” ਇਹ ਗੱਲਾਂ ਮਾਮੂਲੀ ਹਨ, ਪਰੰਤੂ ਬੱਚੀ ਹੁਣ ਤੋਂ ਜ਼ਿੰਮੇਵਾਰ ਫ਼ੈਸਲੇ ਕਰਨੇ ਸਿੱਖ ਰਹੀ ਸੀ।

ਜਿਉਂ-ਜਿਉਂ ਬੱਚਾ ਵੱਡਾ ਹੁੰਦਾ ਹੈ, ਸ਼ਾਇਦ ਉਸ ਨੂੰ ਥੋੜ੍ਹੀਆਂ ਹੋਰ ਭਾਰੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾ ਸਕਦੀਆਂ ਹਨ। ਇਸ ਤਰ੍ਹਾਂ ਐਬਰਾ ਅਤੇ ਅਨੀਟਾ ਨੇ ਆਪਣੀ ਬੇਟੀ ਨੂੰ ਇਕ ਪਾਲਤੂ ਕੁੱਤਾ ਰੱਖਣ ਦੀ ਇਜਾਜ਼ਤ ਦਿੱਤੀ। ਬੇਟੀ ਕੁੱਤੇ ਦੀ ਦੇਖ-ਭਾਲ ਲਈ ਜ਼ਿੰਮੇਵਾਰ ਸੀ ਅਤੇ ਉਸ ਨੇ ਉਸ ਦੇ ਪਾਲਣ-ਪੋਸਣ ਲਈ ਆਪਣੇ ਜੇਬ-ਖ਼ਰਚ ਤੋਂ ਕੁਝ ਹਿੱਸਾ ਦਿੱਤਾ। ਬੱਚਿਆਂ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਸਿਖਲਾਈ ਦੇਣੀ ਧੀਰਜ ਦੀ ਮੰਗ ਕਰਦਾ ਹੈ। ਪਰੰਤੂ ਇਹ ਫ਼ਾਇਦੇਮੰਦ ਹੈ ਅਤੇ ਉਨ੍ਹਾਂ ਦੇ ਭਾਵਾਤਮਕ ਵਿਕਾਸ ਵਿਚ ਮਦਦ ਕਰਦਾ ਹੈ।

ਘਰੇਲੂ ਕੰਮ-ਕਾਜ ਬੱਚਿਆਂ ਨੂੰ ਜ਼ਿੰਮੇਵਾਰੀ ਸਿਖਾਉਣ ਦਾ ਇਕ ਹੋਰ ਮੌਕਾ ਪੇਸ਼ ਕਰਦੇ ਹਨ। ਕੁਝ ਮਾਪੇ ਆਪਣੇ ਬੱਚਿਆਂ ਨੂੰ ਪਰਿਵਾਰਕ ਕੰਮਾਂ ਤੋਂ ਬਿਲਕੁਲ ਪਰੇ ਰੱਖਦੇ ਹਨ, ਅਤੇ ਸੋਚਦੇ ਹਨ ਕਿ ਉਨ੍ਹਾਂ ਨੂੰ ਇਨ੍ਹਾਂ ਵਿਚ ਸ਼ਾਮਲ ਕਰਨਾ ਮਦਦ ਦੀ ਬਜਾਇ ਖੇਚਲ ਹੀ ਪੇਸ਼ ਕਰਦਾ ਹੈ। ਦੂਜੇ ਮਾਪੇ ਸੋਚਦੇ ਹਨ ਕਿ ‘ਉਨ੍ਹਾਂ ਦੇ ਆਪਣੇ ਬਚਪਨ ਨਾਲੋਂ ਉਨ੍ਹਾਂ ਦੇ ਬੱਚਿਆਂ ਦਾ ਜੀਵਨ ਸੌਖਾ ਹੋਣਾ’ ਚਾਹੀਦਾ ਹੈ। ਇਹ ਗ਼ਲਤ ਸੋਚ-ਵਿਚਾਰ ਹੈ। ਸ਼ਾਸਤਰ ਕਹਿੰਦਾ ਹੈ: “ਜੇਕਰ ਇਕ ਵਿਅਕਤੀ ਆਪਣੇ ਨੌਕਰ ਨੂੰ ਬਚਪਨ ਤੋਂ ਵਧੇਰੇ ਲਾਡ ਪਿਆਰ ਕਰਦਾ ਹੈ, ਤਾਂ ਉਹ ਆਪਣੇ ਬਾਅਦ ਦੇ ਜੀਵਨ ਵਿਚ ਨਾਸ਼ੁਕਰਾ ਵੀ ਬਣ ਜਾਵੇਗਾ।” (ਕਹਾਉਤਾਂ 29:21, ਨਿ ਵ) ਨਿਸ਼ਚੇ ਹੀ ਇਸ ਸ਼ਾਸਤਰਵਚਨ ਦਾ ਸਿਧਾਂਤ ਬੱਚਿਆਂ ਉੱਤੇ ਲਾਗੂ ਹੁੰਦਾ ਹੈ। ਕਿੰਨੀ ਅਫ਼ਸੋਸ ਦੀ ਗੱਲ ਹੈ ਜਦੋਂ ਇਕ ਨੌਜਵਾਨ ਬਾਲਗੀ ਵਿਚ ਕਦਮ ਰੱਖਦੇ ਸਮੇਂ ਕੇਵਲ “ਨਾਸ਼ੁਕਰਾ” ਹੀ ਨਹੀਂ ਹੁੰਦਾ, ਪਰ ਆਸਾਨ ਤੋਂ ਆਸਾਨ ਘਰੇਲੂ ਕੰਮ-ਕਾਜ ਕਰਨ ਦੇ ਯੋਗ ਵੀ ਨਹੀਂ ਹੁੰਦਾ ਹੈ।

ਬਾਈਬਲ ਸਮਿਆਂ ਵਿਚ ਆਮ ਤੌਰ ਤੇ ਨੌਜਵਾਨਾਂ ਨੂੰ ਘਰੇਲੂ ਕੰਮ-ਕਾਜ ਕਰਨ ਲਈ ਸੌਂਪੇ ਜਾਂਦੇ ਸਨ। ਉਦਾਹਰਣ ਲਈ, 17 ਸਾਲਾਂ ਦੀ ਅੱਲ੍ਹੜ ਉਮਰ ਤੇ, ਨੌਜਵਾਨ ਯੂਸੁਫ਼ ਨੇ ਪਰਿਵਾਰ ਦੇ ਇੱਜੜਾਂ ਨੂੰ ਚਾਰਨ ਦੀ ਜ਼ਿੰਮੇਵਾਰੀ ਵਿਚ ਹੱਥ ਵਟਾਇਆ। (ਉਤਪਤ 37:2) ਇਹ ਕੋਈ ਛੋਟੀ-ਮੋਟੀ ਸੌਂਪਣੀ ਨਹੀਂ ਸੀ, ਕਿਉਂ ਜੋ ਉਸ ਦੇ ਪਿਤਾ ਦੇ ਇੱਜੜਾਂ ਦੀ ਗਿਣਤੀ ਬਹੁਤ ਵੱਡੀ ਸੀ। (ਉਤਪਤ 32:13-15) ਇਸ ਹਕੀਕਤ ਨੂੰ ਧਿਆਨ ਵਿਚ ਰੱਖਦੇ ਹੋਏ ਕਿ ਯੂਸੁਫ਼ ਵੱਡਾ ਹੋ ਕੇ ਇਕ ਸ਼ਕਤੀਸ਼ਾਲੀ ਆਗੂ ਬਣਿਆ, ਇਹ ਕਾਫ਼ੀ ਸੰਭਵ ਹੈ ਕਿ ਉਸ ਦੀ ਮੁਢਲੀ ਸਿਖਲਾਈ ਨੇ ਉਸ ਦੇ ਚਰਿੱਤਰ ਨੂੰ ਸਦਗੁਣੀ ਬਣਾਉਣ ਵਿਚ ਮਦਦ ਕੀਤੀ। ਇਸੇ ਤਰ੍ਹਾਂ ਇਕ ਨੌਜਵਾਨ ਵਜੋਂ, ਇਸਰਾਏਲ ਦੇ ਭਾਵੀ ਰਾਜਾ ਦਾਊਦ ਨੂੰ ਵੀ ਪਰਿਵਾਰ ਦੇ ਇੱਜੜਾਂ ਦੀ ਸੰਭਾਲ ਸੌਂਪੀ ਗਈ ਸੀ।—1 ਸਮੂਏਲ 16:11.

ਅੱਜ-ਕੱਲ੍ਹ ਮਾਪਿਆਂ ਨੂੰ ਇਸ ਤੋਂ ਕੀ ਸਬਕ ਮਿਲਦਾ ਹੈ? ਆਪਣੇ ਬੱਚਿਆਂ ਨੂੰ ਅਰਥਭਰਪੂਰ ਘਰੇਲੂ ਕੰਮ-ਕਾਜ ਕਰਨ ਲਈ ਦਿਓ। ਸਮੇਂ, ਜਤਨ, ਅਤੇ ਧੀਰਜ ਨਾਲ, ਤੁਸੀਂ ਛੋਟੇ ਬੱਚਿਆਂ ਨੂੰ ਸਫ਼ਾਈ ਕਰਨੀ, ਭੋਜਨ ਪਕਾਉਣਾ, ਵਿਹੜਾ ਸਾਫ਼ ਕਰਨਾ, ਅਤੇ ਘਰ ਤੇ ਗੱਡੀ ਦੀ ਮੁਰੰਮਤ ਕਰਨੀ ਸਿਖਾ ਸਕਦੇ ਹੋ। ਇਹ ਸੱਚ ਹੈ ਕਿ ਕਾਫ਼ੀ ਕੁਝ ਬੱਚੇ ਦੀ ਉਮਰ ਅਤੇ ਯੋਗਤਾ ਉੱਤੇ ਨਿਰਭਰ ਕਰਦਾ ਹੈ। ਪਰੰਤੂ ਛੋਟੇ ਬੱਚੇ ਵੀ ‘ਡੈਡੀ ਨੂੰ ਕਾਰ ਦੀ ਮੁਰੰਮਤ ਕਰਨ ਵਿਚ’ ਜਾਂ ‘ਮੰਮੀ ਨੂੰ ਰੋਟੀ ਬਣਾਉਣ ਵਿਚ’ ਮਦਦ ਦੇ ਸਕਦੇ ਹਨ।

ਘਰੇਲੂ ਕੰਮ-ਕਾਜ ਸਿਖਾਉਣਾ ਇਹ ਵੀ ਮੰਗ ਕਰਦਾ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਇਕ ਸਭ ਤੋਂ ਬਹੁਮੁੱਲੀ ਦਾਤ ਦੇਣ—ਆਪਣਾ ਸਮਾਂ। ਦੋ ਬੱਚਿਆਂ ਵਾਲੇ ਇਕ ਵਿਆਹੁਤਾ ਜੋੜੇ ਨੂੰ ਪੁੱਛਿਆ ਗਿਆ ਕਿ ਸਫ਼ਲ ਬਾਲ ਸਿੱਖਿਆ ਦਾ ਕੀ ਰਾਜ਼ ਹੈ। ਉਨ੍ਹਾਂ ਨੇ ਉੱਤਰ ਦਿੱਤਾ: “ਸਮਾਂ!”

ਪ੍ਰੇਮਮਈ ਤਾੜਨਾ

ਜਦੋਂ ਬੱਚੇ ਆਪਣਾ ਕੰਮ ਚਿੱਤ ਲਾ ਕੇ ਕਰਦੇ ਹਨ, ਜਾਂ ਘੱਟੋ-ਘੱਟ ਇੰਜ ਕਰਨ ਦਾ ਜਤਨ ਕਰਦੇ ਹਨ, ਤਾਂ ਉਨ੍ਹਾਂ ਦੀ ਬਾਹਲੀ ਅਤੇ ਸੱਚੇ ਦਿੱਲੋਂ ਸ਼ਲਾਘਾ ਕਰੋ! (ਤੁਲਨਾ ਕਰੋ ਮੱਤੀ 25:21.) ਨਿਰਸੰਦੇਹ, ਬੱਚੇ ਘੱਟ ਹੀ ਕਦੇ ਇਕ ਬਾਲਗ ਦੀ ਯੋਗਤਾ ਦੇ ਬਰਾਬਰ ਕੰਮ-ਕਾਜ ਕਰਦੇ ਹਨ। ਅਤੇ ਜਦੋਂ ਬੱਚਿਆਂ ਨੂੰ ਖ਼ੁਦ ਫ਼ੈਸਲਾ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਤਾਂ ਉਹ ਅਕਸਰ ਗ਼ਲਤੀਆਂ ਕਰਨਗੇ। ਲੇਕਿਨ ਹੱਦੋਂ ਵੱਧ ਨੁਕਤਾਚੀਨੀ ਕਰਨ ਤੋਂ ਖ਼ਬਰਦਾਰ ਰਹੋ! ਕੀ ਤੁਸੀਂ ਖ਼ੁਦ ਇਕ ਬਾਲਗ ਵਜੋਂ ਅਨੇਕ ਗ਼ਲਤੀਆਂ ਨਹੀਂ ਕਰਦੇ ਹੋ? ਇਸ ਲਈ ਜਦੋਂ ਤੁਹਾਡਾ ਬੱਚਾ ਗ਼ਲਤੀ ਕਰਦਾ ਹੈ, ਤਾਂ ਕਿਉਂ ਨਾ ਧੀਰਜਵਾਨ ਹੋਵੋ? (ਤੁਲਨਾ ਕਰੋ ਜ਼ਬੂਰ 103:13.) ਉਨ੍ਹਾਂ ਦੀਆਂ ਗ਼ਲਤੀਆਂ ਨੂੰ ਨਜ਼ਰਅੰਦਾਜ਼ ਕਰ ਕੇ ਇਸ ਨੂੰ ਸਿਖਲਾਈ ਦਾ ਇਕ ਹਿੱਸਾ ਹੀ ਵਿਚਾਰੋ।

ਲੇਖਕ ਮਾਈਕਲ ਸ਼ੁਲਮਨ ਅਤੇ ਈਵਾ ਮੈਕਲਰ ਟਿੱਪਣੀ ਕਰਦੇ ਹਨ: “ਜਿਨ੍ਹਾਂ ਬੱਚਿਆਂ ਨਾਲ ਸਨੇਹਪੂਰਣ ਵਰਤਾਉ ਕੀਤਾ ਜਾਂਦਾ ਹੈ ਉਨ੍ਹਾਂ ਨੂੰ ਅਜਿਹਾ ਕੋਈ ਡਰ ਨਹੀਂ ਹੁੰਦਾ ਕਿ ਆਪਣਾ ਖ਼ੁਦ ਦਾ ਫ਼ੈਸਲਾ ਕਰਨ ਕਰਕੇ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇਗੀ।” ਪਰੰਤੂ, “ਰੁੱਖੇ ਅਤੇ ਕਠੋਰ ਮਿਜਾਜ਼ ਵਾਲੇ ਮਾਪਿਆਂ ਦੇ ਬੱਚੇ ਕਿਸੇ ਤਰ੍ਹਾਂ ਦਾ ਵੀ ਸਹਿਜ-ਸੁਭਾਵਕ ਕਦਮ ਚੁੱਕਣ ਤੋਂ ਡਰਦੇ ਹਨ, ਇੱਥੋਂ ਤਕ ਕਿ ਉਹ ਕਿਸੇ ਦੀ ਮਦਦ ਕਰਨ ਤੋਂ ਵੀ ਡਰਦੇ ਹਨ, ਕਿਉਂਕਿ ਉਨ੍ਹਾਂ ਨੂੰ ਡਰ ਹੁੰਦਾ ਹੈ ਕਿ ਉਨ੍ਹਾਂ ਦੇ ਮਾਪੇ ਉਨ੍ਹਾਂ ਦੇ ਕੀਤੇ ਕੰਮ ਵਿਚ ਕੋਈ ਗ਼ਲਤੀ ਲੱਭ ਕੇ ਉਨ੍ਹਾਂ ਦੀ ਆਲੋਚਨਾ ਕਰਨਗੇ ਜਾਂ ਉਨ੍ਹਾਂ ਨੂੰ ਸਜ਼ਾ ਦੇਣਗੇ।” ਇਹ ਟਿੱਪਣੀ ਬਾਈਬਲ ਵਿਚ ਮਾਪਿਆਂ ਨੂੰ ਦਿੱਤੀ ਚੇਤਾਵਨੀ ਦੇ ਅਨੁਸਾਰ ਹੈ: “ਤੁਸੀਂ ਆਪਣਿਆਂ ਬਾਲਕਾਂ ਨੂੰ ਨਾ ਖਿਝਾਓ ਭਈ ਓਹ ਕਿਤੇ ਮਨ ਨਾ ਹਾਰ ਦੇਣ।” (ਕੁਲੁੱਸੀਆਂ 3:21) ਇਸ ਲਈ ਜਦੋਂ ਬਾਲਕ ਦੇ ਜਤਨ ਤੁਹਾਡੀ ਉਮੀਦ ਦੇ ਅਨੁਸਾਰ ਨਹੀਂ ਹੁੰਦੇ, ਕਿਉਂ ਨਾ ਘੱਟੋ-ਘੱਟ ਜਤਨ ਕਰਨ ਲਈ ਉਸ ਦੀ ਸ਼ਲਾਘਾ ਕਰੋ? ਉਸ ਨੂੰ ਅਗਲੀ ਵਾਰੀ ਬਿਹਤਰ ਤਰੀਕੇ ਨਾਲ ਕੰਮ ਕਰਨ ਲਈ ਹੌਸਲਾ ਦਿਓ। ਉਸ ਨੂੰ ਯਕੀਨ ਦਿਲਾਓ ਕਿ ਤੁਸੀਂ ਉਸ ਦੀ ਉੱਨਤੀ ਤੋਂ ਖ਼ੁਸ਼ ਹੋ। ਉਸ ਨੂੰ ਭਰੋਸਾ ਦਿਲਾਓ ਕਿ ਤੁਸੀਂ ਉਸ ਦੇ ਨਾਲ ਪ੍ਰੇਮ ਕਰਦੇ ਹੋ।

ਨਿਰਸੰਦੇਹ, ਸਮੇਂ-ਸਮੇਂ ਤੇ ਤਾੜਨਾ ਦੀ ਜ਼ਰੂਰਤ ਪੈਂਦੀ ਹੈ। ਇਹ ਜ਼ਰੂਰਤ ਖ਼ਾਸ ਕਰਕੇ ਕਿਸ਼ੋਰ-ਅਵਸਥਾ ਦੌਰਾਨ ਸਪੱਸ਼ਟ ਹੋ ਸਕਦੀ ਹੈ, ਜਦੋਂ ਨੌਜਵਾਨ, ਬਾਲਗ ਵਿਅਕਤੀਆਂ ਵਜੋਂ ਆਪਣੀ ਪਛਾਣ ਸਥਾਪਿਤ ਕਰਨ ਲਈ ਆਪਣਾ ਹੱਕ ਜਤਾਉਣ ਦਾ ਜਤਨ ਕਰਦੇ ਹਨ। ਇਸ ਕਾਰਨ, ਸੁਤੰਤਰਤਾ ਹਾਸਲ ਕਰਨ ਦੇ ਅਜਿਹੇ ਜਤਨਾਂ ਨੂੰ ਹਮੇਸ਼ਾ ਬਗਾਵਤ ਹੀ ਵਿਚਾਰਨ ਦੀ ਬਜਾਇ, ਮਾਪਿਆਂ ਲਈ ਇਨ੍ਹਾਂ ਜਤਨਾਂ ਨੂੰ ਸਮਝਦਾਰੀ ਨਾਲ ਵਿਚਾਰਨਾ ਬੁੱਧੀਮਤਾ ਹੋਵੇਗੀ।

ਇਹ ਗੱਲ ਸੱਚ ਹੈ ਕਿ ਨੌਜਵਾਨ ਬਿਨਾਂ ਸੋਚੇ-ਸਮਝੇ ਕਦਮ ਚੁੱਕਣ ਦਾ ਝੁਕਾਅ ਰੱਖਦੇ ਹਨ ਜਾਂ ਉਹ “ਜੁਆਨੀ ਦੀਆਂ ਕਾਮਨਾਂ” ਦੇ ਸ਼ਿਕਾਰ ਬਣ ਜਾਂਦੇ ਹਨ। (2 ਤਿਮੋਥਿਉਸ 2:22) ਇਸ ਲਈ ਜੇਕਰ ਜਵਾਨੀ ਦੇ ਵਤੀਰੇ ਉੱਤੇ ਪਾਬੰਦੀਆਂ ਨਾ ਲਗਾਈਆਂ ਜਾਣ ਤਾਂ ਇਹ ਬੱਚੇ ਨੂੰ ਭਾਵਾਤਮਕ ਤੌਰ ਤੇ ਨੁਕਸਾਨ ਪਹੁੰਚਾ ਸਕਦਾ ਹੈ; ਉਹ ਆਤਮ-ਸੰਜਮ ਅਤੇ ਆਤਮ-ਅਨੁਸ਼ਾਸਨ ਨਹੀਂ ਸਿੱਖੇਗਾ। ਬਾਈਬਲ ਚੇਤਾਵਨੀ ਦਿੰਦੀ ਹੈ: “ਜਿਹੜਾ ਬਾਲਕ ਬੇਮੁਹਾਰਾ ਛੱਡਿਆ ਜਾਂਦਾ ਹੈ, ਉਹ ਆਪਣੀ ਮਾਂ ਲਈ ਨਮੋਸ਼ੀ ਲਿਆਉਂਦਾ ਹੈ।” (ਕਹਾਉਤਾਂ 29:15) ਪਰੰਤੂ ਪ੍ਰੇਮ ਨਾਲ ਦਿੱਤਾ ਗਿਆ ਉਚਿਤ ਅਨੁਸ਼ਾਸਨ ਲਾਭਦਾਇਕ ਹੁੰਦਾ ਹੈ ਅਤੇ ਇਕ ਨੌਜਵਾਨ ਨੂੰ ਬਾਲਗੀ ਦੀਆਂ ਮੰਗਾਂ ਅਤੇ ਦਬਾਵਾਂ ਦਾ ਸਾਮ੍ਹਣਾ ਕਰਨ ਲਈ ਤਿਆਰ ਕਰਦਾ ਹੈ। ਬਾਈਬਲ ਤਾਕੀਦ ਕਰਦੀ ਹੈ: “ਜਿਹੜਾ ਪੁੱਤ੍ਰ ਉੱਤੇ ਛੂਛਕ ਨਹੀਂ ਚਲਾਉਂਦਾ ਉਹ ਉਸ ਦਾ ਵੈਰੀ ਹੈ, ਪਰ ਜਿਹੜਾ ਉਸ ਦੇ ਨਾਲ ਪਿਆਰ ਕਰਦਾ ਹੈ ਉਹ ਵੇਲੇ ਸਿਰ ਉਸ ਨੂੰ ਤਾੜਦਾ ਹੈ।” (ਕਹਾਉਤਾਂ 13:24) ਫਿਰ ਵੀ, ਇਹ ਯਾਦ ਰੱਖੋ ਕਿ ਅਨੁਸ਼ਾਸਨ ਜਾਂ ਤਾੜਨਾ ਦਾ ਮੂਲ ਅਰਥ ਸਜ਼ਾ ਦੇਣਾ ਨਹੀਂ, ਪਰ ਸਿੱਖਿਆ ਅਤੇ ਸਿਖਲਾਈ ਦੇਣਾ ਹੁੰਦਾ ਹੈ। ਇਹ ਸੰਭਵ ਹੈ ਕਿ ਇੱਥੇ “ਛੂਛਕ” ਉਸ ਸੋਟੀ ਨੂੰ ਸੰਕੇਤ ਕਰਦਾ ਹੈ ਜਿਸ ਨੂੰ ਚਰਵਾਹੇ ਆਪਣੇ ਇੱਜੜਾਂ ਨੂੰ ਸੇਧ ਦੇਣ ਲਈ ਵਰਤਦੇ ਹਨ। (ਜ਼ਬੂਰ 23:4) ਇਹ ਪ੍ਰੇਮਮਈ ਅਗਵਾਈ ਦਾ ਪ੍ਰਤੀਕ ਹੈ—ਨਾ ਕਿ ਕਠੋਰ ਕਰੂਰਤਾ ਦਾ।

ਜੀਵਨ ਲਈ ਸਿੱਖਿਆ

ਇਕ ਬੱਚੇ ਦੀ ਪੜ੍ਹਾਈ ਦੇ ਸੰਬੰਧ ਵਿਚ ਮਾਪਿਆਂ ਦੀ ਅਗਵਾਈ ਖ਼ਾਸ ਤੌਰ ਤੇ ਜ਼ਰੂਰੀ ਹੁੰਦੀ ਹੈ। ਆਪਣੇ ਬੱਚੇ ਦੀ ਪੜ੍ਹਾਈ ਵਿਚ ਦਿਲਚਸਪੀ ਰੱਖੋ। ਉਸ ਨੂੰ ਉਚਿਤ ਸਕੂਲ ਕੋਰਸ ਚੁਣਨ ਵਿਚ ਅਤੇ ਇਹ ਜ਼ਿੰਮੇਵਾਰ ਫ਼ੈਸਲਾ ਕਰਨ ਵਿਚ ਮਦਦ ਕਰੋ ਕਿ ਕਿਸੇ ਵਾਧੂ ਸਿੱਖਿਆ ਦੀ ਜ਼ਰੂਰਤ ਹੈ ਜਾਂ ਨਹੀਂ।a

ਨਿਰਸੰਦੇਹ, ਸਭ ਤੋਂ ਮਹੱਤਵਪੂਰਣ ਸਿੱਖਿਆ ਅਧਿਆਤਮਿਕ ਸਿੱਖਿਆ ਹੈ। (ਯਸਾਯਾਹ 54:13) ਬਾਲਗ ਸੰਸਾਰ ਵਿਚ ਜੀਉਂਦੇ ਰਹਿਣ ਲਈ ਬੱਚਿਆਂ ਨੂੰ ਈਸ਼ਵਰੀ ਕਦਰਾਂ-ਕੀਮਤਾਂ ਦੀ ਜ਼ਰੂਰਤ ਹੋਵੇਗੀ। ਉਨ੍ਹਾਂ ਦੀਆਂ “ਗਿਆਨ ਇੰਦਰੀਆਂ” ਨੂੰ ਸਿਖਲਾਈ ਦੇਣੀ ਜ਼ਰੂਰੀ ਹੈ। (ਇਬਰਾਨੀਆਂ 5:14) ਇਸ ਸੰਬੰਧ ਵਿਚ ਮਾਪੇ ਉਨ੍ਹਾਂ ਦੀ ਕਾਫ਼ੀ ਮਦਦ ਕਰ ਸਕਦੇ ਹਨ। ਯਹੋਵਾਹ ਦੇ ਗਵਾਹਾਂ ਵਿਚ ਪਰਿਵਾਰਾਂ ਨੂੰ ਆਪਣੇ ਬੱਚਿਆਂ ਦੇ ਨਾਲ ਬਾਈਬਲ ਦਾ ਬਾਕਾਇਦਾ ਅਧਿਐਨ ਕਰਨ ਦਾ ਉਤਸ਼ਾਹ ਦਿੱਤਾ ਜਾਂਦਾ ਹੈ। ਤਿਮੋਥਿਉਸ ਦੀ ਮਾਤਾ, ਜਿਸ ਨੇ ਉਸ ਨੂੰ ਬਾਲ-ਅਵਸਥਾ ਤੋਂ ਸਿੱਖਿਆ ਦਿੱਤੀ ਸੀ, ਦੀ ਉਦਾਹਰਣ ਉੱਤੇ ਚੱਲ ਕੇ ਗਵਾਹ-ਮਾਪੇ ਵੀ ਆਪਣੇ ਛੋਟੇ ਬੱਚਿਆਂ ਨੂੰ ਸਿੱਖਿਆ ਦਿੰਦੇ ਹਨ।

ਬਾਰਬਰਾ ਨਾਮਕ ਇਕ ਇਕੱਲੀ ਮਾਂ, ਆਪਣੇ ਬੱਚਿਆਂ ਲਈ ਬਾਈਬਲ ਦੇ ਪਰਿਵਾਰਕ ਅਧਿਐਨ ਨੂੰ ਇਕ ਬਹੁਤ ਹੀ ਆਨੰਦਦਾਇਕ ਅਨੁਭਵ ਬਣਾਉਂਦੀ ਹੈ। “ਉਸ ਸ਼ਾਮ ਨੂੰ ਮੈਂ ਜ਼ਰੂਰ ਆਪਣੇ ਬੱਚਿਆਂ ਨੂੰ ਚੰਗਾ ਭੋਜਨ ਦਿੰਦੀ ਹਾਂ, ਨਾਲੇ ਉਨ੍ਹਾਂ ਦੇ ਪਸੰਦ ਦੀ ਮਿੱਠੀ ਚੀਜ਼। ਮੈਂ ਸੁਖਾਵਾਂ ਮਾਹੌਲ ਪੈਦਾ ਕਰਨ ਲਈ ਕਿੰਗਡਮ ਮੈਲੋਡੀਜ਼ ਦੀਆਂ ਟੇਪਾਂ ਲਗਾਉਂਦੀ ਹਾਂ। ਫਿਰ, ਪ੍ਰਾਰਥਨਾ ਨਾਲ ਆਰੰਭ ਕਰਨ ਤੋਂ ਬਾਅਦ, ਅਸੀਂ ਆਮ ਤੌਰ ਤੇ ਪਹਿਰਾਬੁਰਜ ਦਾ ਅਧਿਐਨ ਕਰਦੇ ਹਾਂ। ਪਰ ਜੇ ਕੋਈ ਖ਼ਾਸ ਜ਼ਰੂਰਤ ਹੋਵੇ, ਤਾਂ ਮੈਂ ਪ੍ਰਸ਼ਨ ਜੋ ਨੌਜਵਾਨ ਪੁੱਛਦੇ ਹਨ—ਉੱਤਰ ਜੋ ਕੰਮ ਕਰਦੇ ਹਨ”b (ਅੰਗ੍ਰੇਜ਼ੀ) ਵਰਗੇ ਪ੍ਰਕਾਸ਼ਨਾਂ ਨੂੰ ਇਸਤੇਮਾਲ ਕਰ ਸਕਦੀ ਹਾਂ। ਬਾਰਬਰਾ ਦੇ ਅਨੁਸਾਰ, ਬਾਈਬਲ ਦਾ ਅਧਿਐਨ ਉਸ ਦੇ ਬੱਚਿਆਂ ਨੂੰ “ਮਾਮਲਿਆਂ ਸੰਬੰਧੀ ਯਹੋਵਾਹ ਦਾ ਦ੍ਰਿਸ਼ਟੀਕੋਣ ਹਾਸਲ ਕਰਨ” ਲਈ ਮਦਦ ਦਿੰਦਾ ਹੈ।

ਜੀ ਹਾਂ, ਇਕ ਬੱਚੇ ਨੂੰ ਪਰਮੇਸ਼ੁਰ ਦੇ ਬਚਨ, ਅਰਥਾਤ, ਬਾਈਬਲ ਦੇ ਗਿਆਨ ਅਤੇ ਸਮਝ ਨਾਲੋਂ ਕੋਈ ਵੱਡੀ ਦਾਤ ਨਹੀਂ ਦਿੱਤੀ ਜਾ ਸਕਦੀ ਹੈ। ਇਹ ‘ਭੋਲਿਆਂ ਨੂੰ ਸਿਆਣਪ, ਅਤੇ ਜੁਆਨਾਂ ਨੂੰ ਗਿਆਨ ਤੇ ਮੱਤ ਦੇ’ ਸਕਦਾ ਹੈ। (ਕਹਾਉਤਾਂ 1:4) ਇਸ ਤਰ੍ਹਾਂ ਲੈਸ ਹੋਣ ਤੇ, ਇਕ ਨੌਜਵਾਨ ਵਿਅਕਤੀ ਨਵੇਂ ਦਬਾਵਾਂ ਅਤੇ ਸਥਿਤੀਆਂ ਦਾ ਸਾਮ੍ਹਣਾ ਕਰਨ ਦੀ ਕਾਬਲੀਅਤ ਨਾਲ ਬਾਲਗੀ ਵਿਚ ਕਦਮ ਰੱਖਦਾ ਹੈ।

ਫਿਰ ਵੀ, ਬੱਚਿਆਂ ਦੀ ਵਿਦਾਇਗੀ ਜ਼ਿਆਦਾਤਰ ਮਾਪਿਆਂ ਦੇ ਜੀਵਨ-ਢੰਗ ਵਿਚ ਇਕ ਵੱਡੀ ਤਬਦੀਲੀ ਲਿਆਉਂਦੀ ਹੈ। ਸਾਡੇ ਅਗਲੇ ਲੇਖ ਵਿਚ ਚਰਚਾ ਕੀਤੀ ਗਈ ਹੈ ਕਿ ਉਹ ਸਫ਼ਲਤਾ ਨਾਲ ਇਕ ਸੁੰਨੇ ਘਰ ਦਾ ਕਿਵੇਂ ਸਾਮ੍ਹਣਾ ਕਰ ਸਕਦੇ ਹਨ।

[ਫੁਟਨੋਟ]

a ਜਾਗਰੂਕ ਬਣੋ! (ਅੰਗ੍ਰੇਜ਼ੀ) ਦੇ ਸਤੰਬਰ 8, 1988, ਦੇ ਅੰਕ ਵਿਚ “ਮਾਪਿਓ—ਤੁਹਾਡੇ ਕੋਲ ਵੀ ਹੋਮਵਰਕ ਹੈ!” ਲੇਖ-ਮਾਲਾ ਦੇਖੋ।

b ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ।

[ਸਫ਼ੇ 6 ਉੱਤੇ ਸੁਰਖੀ]

“ਰੁੱਖੇ ਅਤੇ ਕਠੋਰ ਮਿਜਾਜ਼ ਵਾਲੇ ਮਾਪਿਆਂ ਦੇ ਬੱਚੇ ਕਿਸੇ ਤਰ੍ਹਾਂ ਦਾ ਵੀ ਸਹਿਜ-ਸੁਭਾਵਕ ਕਦਮ ਚੁੱਕਣ ਤੋਂ ਡਰਦੇ ਹਨ, ਇੱਥੋਂ ਤਕ ਕਿ ਉਹ ਕਿਸੇ ਦੀ ਮਦਦ ਕਰਨ ਤੋਂ ਵੀ ਡਰਦੇ ਹਨ, ਕਿਉਂਕਿ ਉਨ੍ਹਾਂ ਨੂੰ ਡਰ ਹੁੰਦਾ ਹੈ ਕਿ ਉਨ੍ਹਾਂ ਦੇ ਮਾਪੇ ਉਨ੍ਹਾਂ ਦੇ ਕੀਤੇ ਕੰਮ ਵਿਚ ਕੋਈ ਗ਼ਲਤੀ ਲੱਭ ਕੇ ਉਨ੍ਹਾਂ ਦੀ ਆਲੋਚਨਾ ਕਰਨਗੇ ਜਾਂ ਉਨ੍ਹਾਂ ਨੂੰ ਸਜ਼ਾ ਦੇਣਗੇ।”—ਸਦਾਚਾਰੀ ਬੱਚੇ ਦੀ ਪਾਲਣਾ (ਅੰਗ੍ਰੇਜ਼ੀ), ਮਾਈਕਲ ਸ਼ੁਲਮਨ ਅਤੇ ਈਵਾ ਮੈਕਲਰ ਦੁਆਰਾ

[ਸਫ਼ੇ 6 ਉੱਤੇ ਡੱਬੀ]

ਇਕੱਲੀ ਮਾਤਾ ਜਾਂ ਪਿਤਾ—ਘਰੋਂ ਜਾਣ ਦੇਣ ਦੀ ਚੁਣੌਤੀ

ਰਬੈਕਾ ਨਾਮਕ ਇਕ ਇਕੱਲੀ ਮਾਤਾ ਟਿੱਪਣੀ ਕਰਦੀ ਹੈ: “ਇਕੱਲੀ ਮਾਤਾ ਜਾਂ ਪਿਤਾ ਲਈ ਆਪਣੇ ਬੱਚਿਆਂ ਨੂੰ ਘਰੋਂ ਜਾਣ ਦੇਣਾ ਬਹੁਤ ਹੀ ਮੁਸ਼ਕਲ ਹੁੰਦਾ ਹੈ। ਜੇ ਅਸੀਂ ਧਿਆਨ ਨਾ ਰੱਖੀਏ, ਤਾਂ ਅਸੀਂ ਉਨ੍ਹਾਂ ਨੂੰ ਬਹੁਤ ਲਾਡ ਪਿਆਰ ਕਰ ਕੇ ਵਿਗਾੜ ਸਕਦੇ ਹਾਂ।” ਪਰਿਵਾਰਕ ਖ਼ੁਸ਼ੀ ਦਾ ਰਾਜ਼c ਪੁਸਤਕ, ਸਫ਼ੇ 106-7 ਇਹ ਸਹਾਇਕ ਟਿੱਪਣੀਆਂ ਪੇਸ਼ ਕਰਦੀ ਹੈ:

“ਇਕੱਲੇ ਮਾਪਿਆਂ ਲਈ ਆਪਣਿਆਂ ਬੱਚਿਆਂ ਦੇ ਨਾਲ ਖ਼ਾਸ ਤੌਰ ਤੇ ਨਜ਼ਦੀਕ ਹੋਣਾ ਕੁਦਰਤੀ ਹੈ, ਪਰ ਫਿਰ ਧਿਆਨ ਰੱਖਣਾ ਚਾਹੀਦਾ ਹੈ ਕਿ ਮਾਪਿਆਂ ਅਤੇ ਬੱਚਿਆਂ ਦੇ ਦਰਮਿਆਨ ਪਰਮੇਸ਼ੁਰ-ਨਿਯੁਕਤ ਹੱਦਾਂ ਭੰਗ ਨਾ ਹੋ ਜਾਣ। ਉਦਾਹਰਣ ਲਈ, ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਜੇਕਰ ਇਕ ਇਕੱਲੀ ਮਾਂ ਆਪਣੇ ਪੁੱਤਰ ਤੋਂ ਘਰ ਦੇ ਸਿਰ ਦੀਆਂ ਜ਼ਿੰਮੇਵਾਰੀਆਂ ਨੂੰ ਆਪਣੇ ਕੰਧਿਆਂ ਤੇ ਚੁੱਕਣ ਦੀ ਉਮੀਦ ਰੱਖਦੀ ਹੈ ਜਾਂ ਆਪਣੀ ਧੀ ਨਾਲ ਇਕ ਹਮਰਾਜ਼ ਦੇ ਤੌਰ ਤੇ ਵਿਹਾਰ ਕਰਦੀ ਹੋਈ, ਲੜਕੀ ਉੱਤੇ ਨਿੱਜੀ ਸਮੱਸਿਆਵਾਂ ਦਾ ਬੋਝ ਪਾਉਂਦੀ ਹੈ। ਇਸ ਤਰ੍ਹਾਂ ਕਰਨਾ ਇਕ ਬੱਚੇ ਦੇ ਲਈ ਅਨੁਚਿਤ, ਤਣਾਉ-ਭਰਪੂਰ, ਅਤੇ ਸ਼ਾਇਦ ਉਲਝਾਊ ਹੋਵੇਗਾ।

“ਆਪਣੇ ਬੱਚਿਆਂ ਨੂੰ ਯਕੀਨ ਦਿਲਾਓ ਕਿ ਤੁਸੀਂ ਇਕ ਮਾਤਾ ਜਾਂ ਪਿਤਾ ਵਜੋਂ, ਉਨ੍ਹਾਂ ਦੀ ਦੇਖ-ਭਾਲ ਕਰੋਗੇ—ਨਾ ਕਿ ਇਸ ਦੇ ਉਲਟ। (ਤੁਲਨਾ ਕਰੋ 2 ਕੁਰਿੰਥੀਆਂ 12:14.) ਕਦੇ-ਕਦਾਈਂ ਤੁਹਾਨੂੰ ਸ਼ਾਇਦ ਕੁਝ ਸਲਾਹ ਜਾਂ ਸਹਾਰੇ ਦੀ ਜ਼ਰੂਰਤ ਪੈ ਸਕਦੀ ਹੈ। ਉਸ ਨੂੰ ਮਸੀਹੀ ਬਜ਼ੁਰਗਾਂ ਜਾਂ ਸ਼ਾਇਦ ਪ੍ਰੌੜ੍ਹ ਮਸੀਹੀ ਇਸਤਰੀਆਂ ਤੋਂ ਭਾਲੋ, ਨਾਬਾਲਗ ਬੱਚਿਆਂ ਤੋਂ ਨਹੀਂ।—ਤੀਤੁਸ 2:3.”

ਜਦੋਂ ਇਕੱਲੇ ਮਾਪੇ ਆਪਣੇ ਬੱਚਿਆਂ ਦੇ ਨਾਲ ਮੁਨਾਸਬ ਹੱਦਾਂ ਸਥਾਪਿਤ ਕਰਦੇ ਹਨ ਅਤੇ ਇਕ ਗੁਣਕਾਰੀ ਰਿਸ਼ਤਾ ਕਾਇਮ ਰੱਖਦੇ ਹਨ, ਤਾਂ ਆਮ ਤੌਰ ਤੇ ਉਨ੍ਹਾਂ ਲਈ ਇਨ੍ਹਾਂ ਨੂੰ ਘਰੋਂ ਜਾਣ ਦੇਣਾ ਜ਼ਰਾ ਸੌਖਾ ਹੋ ਜਾਂਦਾ ਹੈ।

[ਫੁਟਨੋਟ]

c ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ।

[ਸਫ਼ੇ 7 ਉੱਤੇ ਤਸਵੀਰਾਂ]

ਵਿਵਹਾਰਕ ਸਿਖਲਾਈ ਬੱਚਿਆਂ ਨੂੰ ਹੋਰ ਜ਼ਿਆਦਾ ਜ਼ਿੰਮੇਵਾਰ ਬਣਨ ਵਿਚ ਮਦਦ ਦੇ ਸਕਦੀ ਹੈ

[ਸਫ਼ੇ 8 ਉੱਤੇ ਤਸਵੀਰਾਂ]

ਬਾਈਬਲ ਦਾ ਪਰਿਵਾਰਕ ਅਧਿਐਨ ਬੱਚਿਆਂ ਨੂੰ ਬਾਲਗ ਜੀਵਨ ਨਾਲ ਸਿੱਝਣ ਲਈ ਬੁੱਧ ਦੇ ਸਕਦਾ ਹੈ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ