ਘਰੋਂ ਜਾਣ ਦੇਣ ਦਾ ਦੁੱਖ
“ਸਾਡੇ ਪਹਿਲੇ ਬੱਚੇ ਦੇ ਜਨਮ ਤੇ, ਮੇਰੇ ਪਤੀ ਨੇ ਮੈਨੂੰ ਪਹਿਲਾਂ ਹੀ ਸਚੇਤ ਕਰ ਦਿੱਤਾ—‘ਲਾਡੋ, ਬੱਚਿਆਂ ਦੀ ਪਾਲਣਾ ਤਾਂ ਉਨ੍ਹਾਂ ਨੂੰ ਜਾਣ ਦੇਣ ਦਾ ਇਕ ਲੰਬਾ ਸਿਲਸਿਲਾ ਹੁੰਦਾ ਹੈ।’”—ਅਸੀਂ ਅਤੇ ਸਾਡੇ ਬੱਚੇ—ਮਾਪਿਆਂ ਦੁਆਰਾ ਅਤੇ ਮਾਪਿਆਂ ਲਈ ਇਕ ਪੁਸਤਕ। (ਅੰਗ੍ਰੇਜ਼ੀ)
ਆਮ ਤੌਰ ਤੇ ਆਪਣੇ ਪਹਿਲੇ ਬੱਚੇ ਦੇ ਜਨਮ ਤੇ ਮਾਪੇ ਖ਼ੁਸ਼ ਹੁੰਦੇ ਹਨ—ਇੱਥੋਂ ਤਕ ਕਿ ਬਾਗ਼-ਬਾਗ਼ ਹੋ ਜਾਂਦੇ ਹਨ। ਉਨ੍ਹਾਂ ਸਾਰੀਆਂ ਖੇਚਲਾਂ, ਪਰੇਸ਼ਾਨੀਆਂ, ਤਕਲੀਫ਼ਾਂ, ਅਤੇ ਚਿੰਤਾਵਾਂ ਦੇ ਬਾਵਜੂਦ ਜੋ ਮਾਂ-ਪਿਉਪਣ ਲਿਆਉਂਦਾ ਹੈ, ਬੱਚੇ ਵੱਡੇ ਆਨੰਦ ਦਾ ਸ੍ਰੋਤ ਬਣ ਸਕਦੇ ਹਨ। ਤਕਰੀਬਨ ਤਿੰਨ ਹਜ਼ਾਰ ਸਾਲ ਪਹਿਲਾਂ, ਬਾਈਬਲ ਨੇ ਐਲਾਨ ਕੀਤਾ: “ਬੱਚੇ ਪ੍ਰਭੂ ਤੋਂ ਇਕ ਦਾਤ ਹਨ; ਉਹ ਇਕ ਅਸਲੀ ਬਰਕਤ ਹੁੰਦੇ ਹਨ।”—ਜ਼ਬੂਰ 127:3, ਟੂਡੇਜ਼ ਇੰਗਲਿਸ਼ ਵਰਯਨ।
ਪਰੰਤੂ, ਬਾਈਬਲ ਇਹ ਸੰਜੀਦਾ ਭਵਿੱਖਬਾਣੀ ਵੀ ਕਰਦੀ ਹੈ: ‘ਮਰਦ ਆਪਣੇ ਮਾਪੇ ਛੱਡ ਦੇਵੇਗਾ।’ (ਉਤਪਤ 2:24) ਜਵਾਨ ਬੱਚੇ ਆਮ ਤੌਰ ਤੇ ਅਨੇਕ ਕਾਰਨਾਂ ਕਰਕੇ—ਉੱਚੀ ਸਿੱਖਿਆ ਜਾਂ ਕੈਰੀਅਰ ਲਈ, ਆਪਣੀ ਮਸੀਹੀ ਸੇਵਕਾਈ ਵਧਾਉਣ ਲਈ, ਜਾਂ ਵਿਆਹ ਕਰਾਉਣ ਲਈ—ਘਰ ਛੱਡ ਜਾਂਦੇ ਹਨ। ਪਰੰਤੂ ਕੁਝ ਮਾਪਿਆਂ ਲਈ, ਇਹ ਹਕੀਕਤ ਬੇਹੱਦ ਦੁਖਦਾਇਕ ਹੁੰਦੀ ਹੈ। ਇਕ ਲੇਖਕਾ ਦੇ ਅਨੁਸਾਰ, ਮਾਪੇ ਆਪਣੇ ਬੱਚਿਆਂ ਦੇ ਆਜ਼ਾਦ ਬਣਨ ਦੇ ਕੁਦਰਤੀ ਜਤਨਾਂ ਕਾਰਨ—“ਅਪਮਾਨਿਤ, ਕ੍ਰੋਧਿਤ, ਪਰੇਸ਼ਾਨ, ਡਰੇ ਜਾਂ ਤਿਆਗੇ ਗਏ ਮਹਿਸੂਸ ਕਰਦੇ ਹਨ।” ਇਹ ਚੀਜ਼ ਅਕਸਰ ਲਗਾਤਾਰ ਪਰਿਵਾਰਕ ਝਗੜਿਆਂ ਅਤੇ ਤਣਾਅ ਦਾ ਕਾਰਨ ਬਣਦੀ ਹੈ। ਉਸ ਦਿਨ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਨ ਦੁਆਰਾ ਜਦੋਂ ਉਨ੍ਹਾਂ ਦੇ ਬੱਚੇ ਘਰ ਛੱਡ ਜਾਣਗੇ, ਕੁਝ ਮਾਪੇ ਉਨ੍ਹਾਂ ਨੂੰ ਬਾਲਗੀ ਲਈ ਤਿਆਰ ਕਰਨ ਵਿਚ ਅਸਫ਼ਲ ਹੋ ਜਾਂਦੇ ਹਨ। ਅਜਿਹੀ ਅਣਗਹਿਲੀ ਦਾ ਨਤੀਜਾ ਭਿਆਨਕ ਹੋ ਸਕਦਾ ਹੈ: ਅਜਿਹੇ ਬਾਲਗ ਜੋ ਕਿ ਇਕ ਗ੍ਰਹਿਸਥ ਚਲਾਉਣ ਜਾਂ ਇਕ ਪਰਿਵਾਰ ਦੀ ਦੇਖ-ਭਾਲ ਕਰਨ, ਜਾਂ ਇੱਥੋਂ ਤਕ ਕਿ ਇਕ ਨੌਕਰੀ ਕਰਨ ਵਿਚ ਵੀ ਅਸਮਰਥ ਹੁੰਦੇ ਹਨ।
ਇਕੱਲੀ ਮਾਤਾ ਜਾਂ ਪਿਤਾ ਵਾਲੇ ਪਰਿਵਾਰਾਂ ਵਿਚ ਜੁਦਾਈ ਦਾ ਦੁੱਖ ਖ਼ਾਸ ਤੌਰ ਤੇ ਦਿਲ ਨੂੰ ਵਿੰਨ੍ਹ ਦੇਣ ਵਾਲਾ ਹੋ ਸਕਦਾ ਹੈ। ਕੈਰਨ ਨਾਮਕ ਇਕ ਇਕੱਲੀ ਮਾਤਾ ਕਹਿੰਦੀ ਹੈ: “ਮੈਂ ਅਤੇ ਮੇਰੀ ਬੇਟੀ ਬਹੁਤ ਨਜ਼ਦੀਕ ਹਾਂ; ਅਸੀਂ ਪੱਕੀਆਂ ਸਹੇਲੀਆਂ ਬਣ ਗਈਆਂ। ਮੈਂ ਜਿੱਥੇ ਕਿਤੇ ਜਾਂਦੀ, ਉਸ ਨੂੰ ਨਾਲ ਹੀ ਲੈ ਜਾਂਦੀ ਸੀ।” ਇਕੱਲੀ ਮਾਤਾ ਜਾਂ ਪਿਤਾ ਵਾਲੇ ਪਰਿਵਾਰਾਂ ਵਿਚ ਮਾਪਿਆਂ ਅਤੇ ਬੱਚਿਆਂ ਵਿਚਕਾਰ ਨਜ਼ਦੀਕੀ ਬੰਧਨ ਆਮ ਹੁੰਦਾ ਹੈ। ਇਹ ਗੱਲ ਸਮਝਣਯੋਗ ਹੈ ਕਿ ਅਜਿਹੀ ਨੇੜਤਾ ਨੂੰ ਗੁਆਉਣ ਦਾ ਵਿਚਾਰ ਇਕ ਵਿਅਕਤੀ ਲਈ ਅਤਿ ਦੁਖਦਾਇਕ ਹੋ ਸਕਦਾ ਹੈ।
ਪਰੰਤੂ, ਸਥਿਰ ਪਰਿਵਾਰ ਦੀਆਂ ਵਿਸ਼ੇਸ਼ਤਾਵਾਂ (ਅੰਗ੍ਰੇਜ਼ੀ) ਪੁਸਤਕ ਮਾਪਿਆਂ ਨੂੰ ਯਾਦ ਦਿਲਾਉਂਦੀ ਹੈ: “ਪਰਿਵਾਰਕ ਜੀਵਨ ਵਿਚ ਇਹੀ ਕੁਝ ਸ਼ਾਮਲ ਹੈ: ਤੁਹਾਡੇ ਉੱਤੇ ਨਿਰਭਰ ਕਰਦੇ ਨਿਆਣੇ ਦੀ ਪਾਲਣਾ ਕਰਨੀ ਜਦੋਂ ਤਕ ਉਹ ਇਕ ਸੁਤੰਤਰ ਬਾਲਗ ਨਹੀਂ ਬਣ ਜਾਂਦਾ।” ਇਹ ਫਿਰ ਚੇਤਾਵਨੀ ਦਿੰਦੀ ਹੈ: “ਪਰਿਵਾਰਾਂ ਵਿਚ ਅਨੇਕ ਸਮੱਸਿਆਵਾਂ ਇਸ ਤੋਂ ਉਤਪੰਨ ਹੁੰਦੀਆਂ ਹਨ ਕਿ ਮਾਪੇ ਆਪਣੇ ਬੱਚਿਆਂ ਨੂੰ ਸੁਤੰਤਰਤਾ ਨਹੀਂ ਦਿੰਦੇ ਹਨ।”
ਤੁਹਾਡੇ ਬਾਰੇ ਕੀ? ਕੀ ਤੁਸੀਂ ਇਕ ਮਾਤਾ ਜਾਂ ਪਿਤਾ ਹੋ? ਜੇਕਰ ਹੋ, ਤਾਂ ਕੀ ਤੁਸੀਂ ਉਸ ਸਮੇਂ ਲਈ ਤਿਆਰ ਹੋ ਜਦੋਂ ਤੁਹਾਨੂੰ ਆਪਣੇ ਬੱਚਿਆਂ ਨੂੰ ਘਰੋਂ ਜਾਣ ਦੇਣਾ ਪਵੇਗਾ? ਅਤੇ ਤੁਹਾਡੇ ਬੱਚਿਆਂ ਬਾਰੇ ਕੀ? ਕੀ ਤੁਸੀਂ ਉਨ੍ਹਾਂ ਨੂੰ ਆਪਣੇ ਪੈਰਾਂ ਤੇ ਖੜ੍ਹੇ ਹੋਣ ਲਈ ਤਿਆਰ ਕਰ ਰਹੇ ਹੋ?