ਸੁੰਨੇ ਘਰ ਵਿਚ ਰਾਜ਼ੀ-ਖ਼ੁਸ਼ੀ ਜੀਉਣਾ
ਇਕ ਮਾਤਾ ਨੇ ਸਵੀਕਾਰ ਕੀਤਾ ਕਿ “ਸਾਡੇ ਵਿੱਚੋਂ ਕਈਆਂ ਲਈ ਆਖ਼ਰੀ ਜੁਦਾਈ ਇਕ ਸਦਮਾ ਸਾਬਤ ਹੁੰਦਾ ਹੈ ਭਾਵੇਂ ਕਿ ਅਸੀਂ ਆਪਣੇ ਆਪ ਨੂੰ ਕਿੰਨਾ ਵੀ ਤਿਆਰ ਕਿਉਂ ਨਾ ਕਰੀਏ।” ਜੀ ਹਾਂ, ਇਕ ਬੱਚੇ ਦੀ ਵਿਦਾਇਗੀ ਭਾਵੇਂ ਜਿੰਨੀ ਮਰਜ਼ੀ ਵੀ ਅਟੱਲ ਹੋਵੇ, ਫਿਰ ਵੀ ਜਦੋਂ ਉਹ ਸਮਾਂ ਅਸਲ ਵਿਚ ਆਉਂਦਾ ਹੈ, ਤਾਂ ਉਸ ਦੇ ਨਾਲ ਨਿਪਟਣਾ ਔਖਾ ਹੁੰਦਾ ਹੈ। ਆਪਣੇ ਪੁੱਤਰ ਨੂੰ ਵਿਦਾ ਕਰਨ ਤੋਂ ਬਾਅਦ, ਇਕ ਪਿਤਾ ਆਪਣੇ ਜਜ਼ਬਾਤਾਂ ਬਾਰੇ ਦੱਸਦਾ ਹੈ: “ਜ਼ਿੰਦਗੀ ਵਿਚ ਪਹਿਲੀ ਵਾਰ . . . , ਮੈਂ ਬੇਹੱਦ ਰੋਇਆ।”
ਕਈ ਮਾਪਿਆਂ ਲਈ ਉਨ੍ਹਾਂ ਦੇ ਬੱਚਿਆਂ ਦੀ ਵਿਦਾਇਗੀ ਉਨ੍ਹਾਂ ਦੇ ਜੀਵਨਾਂ ਵਿਚ ਗਹਿਰਾ ਸੁੰਨਾਪਨ ਪੈਦਾ ਕਰ ਦਿੰਦੀ ਹੈ—ਮਾਨੋ ਇਕ ਗਹਿਰਾ ਜ਼ਖ਼ਮ। ਆਪਣੇ ਬੱਚਿਆਂ ਨਾਲ ਦਿਨ-ਬ-ਦਿਨ ਦੇ ਸੰਪਰਕ ਤੋਂ ਬਿਨਾਂ, ਕੁਝ ਮਾਪੇ ਇਕੱਲਤਾ, ਦੁੱਖ ਅਤੇ ਕਮੀ ਦੇ ਗਹਿਰੇ ਜਜ਼ਬਾਤ ਅਨੁਭਵ ਕਰਦੇ ਹਨ। ਅਤੇ ਸ਼ਾਇਦ ਇਸ ਬਦਲੀ ਸਥਿਤੀ ਵਿਚ ਕੇਵਲ ਮਾਪੇ ਹੀ ਮੁਸ਼ਕਲ ਅਨੁਭਵ ਨਹੀਂ ਕਰਦੇ ਹਨ। ਐਡਵਰਡ ਅਤੇ ਐਵਰਿਲ ਨਾਮਕ ਇਕ ਜੋੜਾ ਸਾਨੂੰ ਯਾਦ ਦਿਲਾਉਂਦਾ ਹੈ: “ਜੇ ਘਰ ਵਿਚ ਦੂਜੇ ਬੱਚੇ ਹਨ, ਤਾਂ ਉਹ ਵੀ ਘਾਟ ਮਹਿਸੂਸ ਕਰ ਰਹੇ ਹੋਣਗੇ।” ਇਸ ਜੋੜੇ ਦੀ ਕੀ ਸਲਾਹ ਹੈ? “ਉਨ੍ਹਾਂ ਲਈ ਸਮਾਂ ਕੱਢ ਕੇ ਹਮਦਰਦੀ ਦਿਖਾਓ। ਇਹ ਨਵੀਂ ਸਥਿਤੀ ਨੂੰ ਸਵੀਕਾਰ ਕਰਨ ਵਿਚ ਉਨ੍ਹਾਂ ਦੀ ਮਦਦ ਕਰੇਗਾ।”
ਜੀ ਹਾਂ, ਜੀਵਨ ਚੱਲਦਾ ਰਹਿੰਦਾ ਹੈ। ਜੇਕਰ ਤੁਸੀਂ ਆਪਣੇ ਬਾਕੀ ਦੇ ਬੱਚਿਆਂ ਦੀ ਦੇਖ-ਭਾਲ ਕਰਨੀ ਹੈ—ਨਾਲੇ ਆਪਣੀ ਨੌਕਰੀ ਜਾਂ ਘਰੇਲੂ ਕੰਮ-ਕਾਜ ਵੀ ਕਰਨੇ ਹਨ—ਤਾਂ ਤੁਸੀਂ ਆਪਣੇ ਆਪ ਨੂੰ ਸੋਗ ਵਿਚ ਡੁੱਬਣ ਨਹੀਂ ਦੇ ਸਕਦੇ ਹੋ। ਇਸ ਲਈ, ਆਓ ਅਸੀਂ ਖ਼ੁਸ਼ੀ ਭਾਲਣ ਦੇ ਕੁਝ ਤਰੀਕਿਆਂ ਉੱਤੇ ਧਿਆਨ ਦੇਈਏ ਜਿਉਂ-ਜਿਉਂ ਤੁਹਾਡੇ ਬੱਚੇ ਘਰ ਛੱਡਦੇ ਹਨ।
ਫ਼ਾਇਦਿਆਂ ਉੱਤੇ ਧਿਆਨ ਦਿਓ
ਨਿਰਸੰਦੇਹ, ਜੇਕਰ ਤੁਸੀਂ ਉਦਾਸ ਜਾਂ ਇਕੱਲੇ ਮਹਿਸੂਸ ਕਰਦੇ ਹੋ ਅਤੇ ਰੋਣਾ ਚਾਹੁੰਦੇ ਹੋ ਜਾਂ ਇਕ ਹਮਦਰਦ ਮਿੱਤਰ ਜਾਂ ਸਹੇਲੀ ਨਾਲ ਆਪਣੇ ਦੁੱਖ ਸਾਂਝੇ ਕਰਨੇ ਚਾਹੁੰਦੇ ਹੋ, ਤਾਂ ਬੇਸ਼ੱਕ ਇਵੇਂ ਕਰੋ। ਬਾਈਬਲ ਕਹਿੰਦੀ ਹੈ: “ਮਨੁੱਖ ਦੇ ਦਿਲ ਵਿੱਚ ਚਿੰਤਾ ਉਹ ਨੂੰ ਝੁਕਾ ਦਿੰਦੀ ਹੈ, ਪਰ ਚੰਗਾ ਬਚਨ ਉਹ ਨੂੰ ਅਨੰਦ ਕਰ ਦਿੰਦਾ ਹੈ।” (ਕਹਾਉਤਾਂ 12:25) ਕਈ ਵਾਰ ਦੂਜੇ ਵਿਅਕਤੀ ਸਾਨੂੰ ਕਿਸੇ ਨਵੇਂ ਦ੍ਰਿਸ਼ਟੀਕੋਣ ਤੋਂ ਦੇਖਣ ਵਿਚ ਮਦਦ ਦੇ ਸਕਦੇ ਹਨ। ਉਦਾਹਰਣ ਲਈ ਵਾਲਡੀਮਰ ਅਤੇ ਮੈਰੀਅਨ ਨਾਮਕ ਇਕ ਜੋੜਾ ਸਲਾਹ ਦਿੰਦਾ ਹੈ: “ਇਸ ਮਾਮਲੇ ਨੂੰ ਇਕ ਘਾਟ ਨਹੀਂ, ਪਰੰਤੂ ਇਕ ਟੀਚੇ ਦੀ ਸਫ਼ਲ ਪ੍ਰਾਪਤੀ ਵਿਚਾਰੋ।” ਇਹ ਕਿੰਨੀ ਗੁਣਕਾਰੀ ਦ੍ਰਿਸ਼ਟੀ ਹੈ! “ਅਸੀਂ ਖ਼ੁਸ਼ ਹਾਂ ਕਿ ਸਾਡੇ ਲੜਕੇ ਵੱਡੇ ਹੋ ਕੇ ਜ਼ਿੰਮੇਵਾਰ ਬਾਲਗ ਸਿੱਧ ਹੋਏ ਹਨ,” ਰੂਡੋਲਫ਼ ਅਤੇ ਹਿਲਡਾ ਨਾਮਕ ਇਕ ਜੋੜਾ ਕਹਿੰਦਾ ਹੈ।
ਕੀ ਤੁਸੀਂ ਆਪਣੇ ਬੱਚੇ ਨੂੰ “ਪ੍ਰਭੁ ਦੀ ਸਿੱਖਿਆ ਅਰ ਮੱਤ” ਦੇ ਕੇ ਉਸ ਦੀ ਪਾਲਣਾ ਕਰਨ ਦਾ ਜਤਨ ਕੀਤਾ ਹੈ? (ਅਫ਼ਸੀਆਂ 6:4) ਜੇਕਰ ਕੀਤਾ ਵੀ ਹੈ, ਤਾਂ ਵੀ ਤੁਹਾਨੂੰ ਉਸ ਦੇ ਘਰੋਂ ਚਲੇ ਜਾਣ ਬਾਰੇ ਚਿੰਤਾ ਹੋ ਸਕਦੀ ਹੈ। ਪਰ ਜਿਹੜੇ ਮਾਪੇ ਆਪਣੇ ਬੱਚੇ ਨੂੰ ਇਹ ਸਿਖਲਾਈ ਦਿੰਦੇ ਹਨ, ਬਾਈਬਲ ਉਨ੍ਹਾਂ ਨੂੰ ਭਰੋਸਾ ਦਿਵਾਉਂਦੀ ਹੈ ਕਿ “ਉਹ ਵੱਡਾ ਹੋ ਕੇ ਵੀ ਉਸ ਤੋਂ ਕਦੀ ਨਾ ਹਟੇਗਾ।” (ਕਹਾਉਤਾਂ 22:6) ਕੀ ਇਹ ਦੇਖਣਾ ਬੇਹੱਦ ਸੰਤੋਖਜਨਕ ਨਹੀਂ ਹੈ ਕਿ ਤੁਹਾਡੇ ਬੱਚੇ ਨੇ ਤੁਹਾਡੀ ਸਿਖਲਾਈ ਉੱਤੇ ਅਮਲ ਕੀਤਾ ਹੈ? ਰਸੂਲ ਯੂਹੰਨਾ ਨੇ ਆਪਣੇ ਅਧਿਆਤਮਿਕ ਪਰਿਵਾਰ ਬਾਰੇ ਕਿਹਾ: “ਇਸ ਨਾਲੋਂ ਮੈਨੂੰ ਵੱਡਾ ਅਨੰਦ ਕੋਈ ਨਹੀਂ ਜੋ ਮੈਂ ਸੁਣਾਂ ਭਈ ਮੇਰੇ ਬਾਲਕ ਸਚਿਆਈ ਉੱਤੇ ਚੱਲਦੇ ਹਨ।” (3 ਯੂਹੰਨਾ 4) ਸ਼ਾਇਦ ਆਪਣੇ ਬੱਚੇ ਦੇ ਸੰਬੰਧ ਵਿਚ ਤੁਹਾਡੇ ਵੀ ਅਜਿਹੇ ਜਜ਼ਬਾਤ ਹੋਣ।
ਇਹ ਗੱਲ ਸੱਚ ਹੈ ਕਿ ਸਾਰੇ ਬੱਚੇ ਮਸੀਹੀ ਸਿਖਲਾਈ ਨੂੰ ਨਹੀਂ ਅਪਣਾਉਂਦੇ ਹਨ। ਜੇਕਰ ਇਹ ਤੁਹਾਡੇ ਬਾਲਗ ਬੱਚੇ ਬਾਰੇ ਸੱਚ ਹੈ, ਤਾਂ ਇਸ ਦਾ ਇਹ ਅਰਥ ਨਹੀਂ ਕਿ ਤੁਸੀਂ ਇਕ ਮਾਤਾ ਜਾਂ ਪਿਤਾ ਵਜੋਂ ਅਸਫ਼ਲ ਰਹੇ ਹੋ। ਆਪਣੇ ਆਪ ਨੂੰ ਬਿਨਾਂ ਵਜ੍ਹਾ ਹੀ ਦੋਸ਼ੀ ਨਾ ਠਹਿਰਾਓ ਜੇਕਰ ਤੁਸੀਂ ਉਸ ਨੂੰ ਇਕ ਈਸ਼ਵਰੀ ਤਰੀਕੇ ਨਾਲ ਪਾਲਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਇਸ ਗੱਲ ਨੂੰ ਸਵੀਕਾਰ ਕਰੋ ਕਿ ਇਕ ਬਾਲਗ ਵਜੋਂ ਤੁਹਾਡਾ ਬੱਚਾ ਪਰਮੇਸ਼ੁਰ ਦੇ ਸਾਮ੍ਹਣੇ ਆਪਣੇ ਆਪ ਲਈ ਜ਼ਿੰਮੇਵਾਰ ਹੈ। (ਗਲਾਤੀਆਂ 6:5) ਇਹ ਉਮੀਦ ਕਾਇਮ ਰੱਖੋ ਕਿ ਸਮਾਂ ਆਉਣ ਤੇ ਉਹ ਸ਼ਾਇਦ ਆਪਣੀਆਂ ਚੋਣਾਂ ਬਾਰੇ ਮੁੜ ਗੌਰ ਕਰੇਗਾ ਅਤੇ “ਬਾਣ” ਆਖ਼ਰਕਾਰ ਆਪਣੇ ਸਿੰਨ੍ਹੇ ਹੋਏ ਨਿਸ਼ਾਨੇ ਤੇ ਲੱਗ ਜਾਵੇਗਾ।—ਜ਼ਬੂਰ 127:4.
ਤੁਸੀਂ ਹਾਲੇ ਵੀ ਇਕ ਮਾਤਾ ਜਾਂ ਪਿਤਾ ਹੋ!
ਜਦ ਕਿ ਤੁਹਾਡੇ ਬੱਚੇ ਦੀ ਵਿਦਾਇਗੀ ਇਕ ਮਹੱਤਵਪੂਰਣ ਤਬਦੀਲੀ ਲਿਆਉਂਦੀ ਹੈ, ਇਸ ਦਾ ਇਹ ਅਰਥ ਨਹੀਂ ਹੈ ਕਿ ਇਕ ਮਾਤਾ ਜਾਂ ਪਿਤਾ ਵਜੋਂ ਤੁਹਾਡਾ ਕੰਮ ਹੁਣ ਖ਼ਤਮ ਹੋ ਗਿਆ ਹੈ। ਮਾਨਸਿਕ-ਸਿਹਤ ਮਾਹਰ ਹਾਵਡ ਹਾਲਪਰਨ ਕਹਿੰਦਾ ਹੈ: “ਤੁਸੀਂ ਮਰਦੇ ਦਮ ਤਕ ਇਕ ਮਾਤਾ ਜਾਂ ਪਿਤਾ ਰਹੋਗੇ, ਪਰੰਤੂ ਹੁਣ ਬੱਚਿਆਂ ਦੀ ਲੋੜ-ਪੂਰਤੀ ਕਰਨ ਅਤੇ ਪਾਲਣਾ ਕਰਨ ਦੀ ਭੂਮਿਕਾ ਨੂੰ ਨਵੇਂ ਸਿਰਿਓਂ ਸਮਝਿਆ ਜਾਣਾ ਚਾਹੀਦਾ ਹੈ।”
ਬਾਈਬਲ ਨੇ ਬਹੁਤ ਚਿਰ ਪਹਿਲਾਂ ਸਵੀਕਾਰ ਕੀਤਾ ਕਿ ਮਾਂ-ਪਿਉਪਣ ਕੇਵਲ ਬੱਚੇ ਦੇ ਵੱਡੇ ਹੋ ਜਾਣ ਤੇ ਹੀ ਸਮਾਪਤ ਨਹੀਂ ਹੋ ਜਾਂਦਾ ਹੈ। ਕਹਾਉਤਾਂ 23:22 ਕਹਿੰਦਾ ਹੈ: “ਆਪਣੇ ਪਿਉ ਦੀ ਗੱਲ ਸੁਣ ਜਿਸ ਤੋਂ ਤੂੰ ਜੰਮਿਆ ਹੈਂ, ਅਤੇ ਆਪਣੀ ਮਾਂ ਨੂੰ ਉਹ ਦੇ ਬੁਢੇਪੇ ਦੇ ਸਮੇਂ ਤੁੱਛ ਨਾ ਜਾਣ।” ਜੀ ਹਾਂ, ਭਾਵੇਂ ਮਾਪੇ ‘ਬੁੱਢੇ’ ਹੋ ਜਾਂਦੇ ਹਨ ਅਤੇ ਉਨ੍ਹਾਂ ਦੇ ਬੱਚੇ ਬਾਲਗ ਬਣ ਜਾਂਦੇ ਹਨ, ਮਾਪੇ ਫਿਰ ਵੀ ਆਪਣੇ ਬੱਚਿਆਂ ਦੇ ਜੀਵਨਾਂ ਵਿਚ ਇਕ ਅਰਥਪੂਰਣ ਪ੍ਰਭਾਵ ਬਣੇ ਰਹਿ ਸਕਦੇ ਹਨ। ਬੇਸ਼ੱਕ, ਕੁਝ ਤਬਦੀਲੀਆਂ ਕਰਨ ਦੀ ਜ਼ਰੂਰਤ ਹੈ। ਪਰੰਤੂ ਸਾਰੇ ਰਿਸ਼ਤਿਆਂ ਨੂੰ ਤਾਜ਼ਾ ਅਤੇ ਸੰਤੋਖਜਨਕ ਬਣਾਈ ਰੱਖਣ ਲਈ ਉਨ੍ਹਾਂ ਵਿਚ ਤਬਦੀਲੀਆਂ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਜਦ ਕਿ ਤੁਹਾਡੇ ਬੱਚੇ ਹੁਣ ਵੱਡੇ ਹੋ ਗਏ ਹਨ, ਉਨ੍ਹਾਂ ਨਾਲ ਵੱਡਿਆਂ ਵਾਂਗ ਵਰਤਾਉ ਕਰਨ ਦੀ ਕੋਸ਼ਿਸ਼ ਕਰੋ। ਦਿਲਚਸਪੀ ਦੀ ਗੱਲ ਹੈ ਕਿ ਖੋਜ ਅਨੁਸਾਰ ਬੱਚਿਆਂ ਦੇ ਘਰੋਂ ਜਾਣ ਬਾਅਦ ਮਾਪਿਆਂ ਅਤੇ ਬੱਚਿਆਂ ਦੇ ਵਿਚਕਾਰ ਸੰਬੰਧ ਅਕਸਰ ਬਿਹਤਰ ਬਣ ਜਾਂਦੇ ਹਨ। ਜਿਉਂ ਹੀ ਬੱਚੇ ਇਸ ਕਠੋਰ ਸੰਸਾਰ ਦੇ ਆਮ੍ਹੋ-ਸਾਮ੍ਹਣੇ ਲਿਆਏ ਜਾਂਦੇ ਹਨ, ਉਹ ਅਕਸਰ ਆਪਣੇ ਮਾਪਿਆਂ ਨੂੰ ਨਵੀਂ ਨਜ਼ਰ ਤੋਂ ਦੇਖਣ ਲੱਗਦੇ ਹਨ। ਹਾਰਟਮੁਟ ਨਾਮਕ ਇਕ ਜਰਮਨ ਆਦਮੀ ਕਹਿੰਦਾ ਹੈ: “ਮੈਂ ਆਪਣੇ ਮਾਪਿਆਂ ਨੂੰ ਹੁਣ ਬਿਹਤਰ ਤਰੀਕੇ ਨਾਲ ਸਮਝਦਾ ਹਾਂ ਕਿ ਉਨ੍ਹਾਂ ਨੇ ਜੋ ਕੁਝ ਵੀ ਕੀਤਾ ਉਸ ਦਾ ਇਕ ਚੰਗਾ ਕਾਰਨ ਸੀ।”
ਦਖ਼ਲ ਦੇਣ ਤੋਂ ਪਰਹੇਜ਼ ਕਰੋ
ਫਿਰ ਵੀ, ਕਾਫ਼ੀ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ ਜੇਕਰ ਤੁਸੀਂ ਆਪਣੇ ਬਾਲਗ ਬੱਚੇ ਦੇ ਨਿੱਜੀ ਜੀਵਨ ਵਿਚ ਦਖ਼ਲ ਦੇਣ ਲੱਗ ਪੈਂਦੇ ਹੋ। (ਤੁਲਨਾ ਕਰੋ 1 ਤਿਮੋਥਿਉਸ 5:13.) ਇਕ ਵਿਆਹੁਤਾ ਔਰਤ ਜੋ ਆਪਣੇ ਸਹੁਰਿਆਂ ਦੇ ਨਾਲ ਗੰਭੀਰ ਤਣਾਅ ਅਨੁਭਵ ਕਰ ਰਹੀ ਹੈ, ਸ਼ਿਕਵਾ ਕਰਦੀ ਹੈ: “ਅਸੀਂ ਉਨ੍ਹਾਂ ਦੇ ਨਾਲ ਪ੍ਰੇਮ ਕਰਦੇ ਹਾਂ, ਪਰ ਅਸੀਂ ਆਪਣੇ ਜੀਵਨ ਆਪਣੇ ਅਨੁਸਾਰ ਬਤੀਤ ਕਰਨਾ ਚਾਹੁੰਦੇ ਹਾਂ ਅਤੇ ਆਪਣੇ ਫ਼ੈਸਲੇ ਆਪ ਕਰਨਾ ਚਾਹੁੰਦੇ ਹਾਂ।” ਨਿਰਸੰਦੇਹ, ਕੋਈ ਵੀ ਮਾਤਾ ਜਾਂ ਪਿਤਾ ਆਪਣੇ ਬਾਲਗ ਬੱਚੇ ਦਾ ਘਿਉ ਦਾ ਘੜਾ ਡੁੱਲ੍ਹਦਾ ਦੇਖ ਕੇ ਚੁੱਪ ਨਹੀਂ ਖੜ੍ਹਾ ਰਹੇਗਾ। ਪਰੰਤੂ ਆਮ ਤੌਰ ਤੇ ਅਣਮੰਗੀਆਂ ਸਲਾਹਾਂ ਦੇਣ ਤੋਂ ਪਰਹੇਜ਼ ਕਰਨਾ ਹੀ ਮਾਪਿਆਂ ਲਈ ਸਭ ਤੋਂ ਬਿਹਤਰ ਹੁੰਦਾ ਹੈ, ਬੇਸ਼ੱਕ ਸਲਾਹ ਕਿੰਨੀ ਵੀ ਬੁੱਧੀਮਾਨ ਜਾਂ ਸ਼ੁਭ-ਭਾਵੀ ਕਿਉਂ ਨਾ ਹੋਵੇ। ਇਹ ਗੱਲ ਖ਼ਾਸ ਕਰਕੇ ਬੱਚੇ ਦੇ ਵਿਆਹ ਤੋਂ ਬਾਅਦ ਲਾਗੂ ਹੁੰਦੀ ਹੈ।
ਕੁਝ ਸਮਾਂ ਪਹਿਲਾਂ 1983 ਵਿਚ ਜਾਗਰੂਕ ਬਣੋ! (ਅੰਗ੍ਰੇਜ਼ੀ) ਨੇ ਇਹ ਸਲਾਹ ਦਿੱਤੀ ਸੀ: “ਆਪਣੀ ਬਦਲੀ ਭੂਮਿਕਾ ਨੂੰ ਸਵੀਕਾਰ ਕਰੋ। ਜਦੋਂ ਤੁਹਾਡਾ ਬੱਚਾ ਰਿੜ੍ਹਨ ਲੱਗ ਪੈਂਦਾ ਹੈ ਤੁਸੀਂ ਉਸ ਨਾਲ ਦੁੱਧ ਚੁੰਘਦੇ ਬਾਲਕ ਵਾਲਾ ਵਰਤਾਉ ਕਰਨਾ ਛੱਡ ਦਿੰਦੇ ਹੋ। ਇਸੇ ਤਰ੍ਹਾਂ ਹੁਣ ਤੁਹਾਨੂੰ ਦੇਖ-ਭਾਲ ਕਰਨ ਵਾਲੇ ਦੀ ਹਿਤਕਰ ਭੂਮਿਕਾ ਨੂੰ ਇਕ ਸਲਾਹਕਾਰ ਦੀ ਭੂਮਿਕਾ ਵਿਚ ਬਦਲਣਾ ਚਾਹੀਦਾ ਹੈ। ਇਸ ਉਮਰ ਤੇ ਆਪਣੇ ਬੱਚੇ ਦੇ ਨਿਮਿੱਤ ਫ਼ੈਸਲੇ ਕਰਨਾ ਉੱਨਾ ਹੀ ਅਨੁਚਿਤ ਹੋਵੇਗਾ ਜਿੰਨਾ ਕਿ ਉਨ੍ਹਾਂ ਤੋਂ ਡਕਾਰ ਮਰਵਾਉਣਾ ਜਾਂ ਉਨ੍ਹਾਂ ਨੂੰ ਦੁੱਧ ਚੁੰਘਾਉਣਾ। ਇਕ ਸਲਾਹਕਾਰ ਵਜੋਂ, ਤੁਹਾਡੀਆਂ ਨਿਸ਼ਚਿਤ ਸੀਮਾਵਾਂ ਹਨ। ਤੁਸੀਂ ਅੱਗੇ ਤੋਂ ਪ੍ਰਭਾਵਕਾਰੀ ਤੌਰ ਤੇ ਮਾਤਾ-ਪਿਤਾ ਵਜੋਂ ਆਪਣਾ ਅਧਿਕਾਰ ਨਹੀਂ ਜਤਾ ਸਕਦੇ ਹੋ। (‘ਇਵੇਂ ਕਰ, ਕਿਉਂਕਿ ਮੈਂ ਕਹਿੰਦਾ ਹਾਂ।’) ਆਪਣੇ ਬੱਚੇ ਦੀ ਬਾਲਗ ਉਮਰ ਪ੍ਰਤੀ ਆਦਰ ਦਿਖਾਉਣਾ ਚਾਹੀਦਾ ਹੈ।”a
ਤੁਸੀਂ ਸ਼ਾਇਦ ਉਨ੍ਹਾਂ ਸਾਰੇ ਫ਼ੈਸਲਿਆਂ ਨਾਲ ਸਹਿਮਤ ਨਾ ਹੋਵੋ ਜੋ ਤੁਹਾਡਾ ਬੱਚਾ ਆਪਣੇ ਵਿਆਹੁਤਾ ਸਾਥੀ ਜਾਂ ਸਾਥਣ ਨਾਲ ਮਿਲ ਕੇ ਕਰਦਾ ਹੈ। ਪਰੰਤੂ ਵਿਆਹ ਦੀ ਪਵਿੱਤਰਤਾ ਲਈ ਆਦਰ ਤੁਹਾਨੂੰ ਆਪਣੀ ਚਿੰਤਾ ਨੂੰ ਘਟਾਉਣ ਵਿਚ, ਨਾਲੇ ਬੇਲੋੜਾ ਦਖ਼ਲ ਦੇਣ ਤੋਂ ਪਰਹੇਜ਼ ਕਰਨ ਵਿਚ ਮਦਦ ਦੇ ਸਕਦਾ ਹੈ। ਸੱਚੀ ਗੱਲ ਤਾਂ ਇਹ ਹੈ ਕਿ ਆਮ ਤੌਰ ਤੇ ਨੌਜਵਾਨ ਜੋੜਿਆਂ ਨੂੰ ਆਪਣੀਆਂ ਸਮੱਸਿਆਵਾਂ ਆਪ ਹੀ ਸੁਲਝਾ ਲੈਣ ਦੇਣੀਆਂ ਚਾਹੀਦੀਆਂ ਹਨ। ਵਰਨਾ, ਤੁਸੀਂ ਬਿਨਾਂ ਵਜ੍ਹਾ ਟਾਕਰੇ ਦਾ ਖ਼ਤਰਾ ਮੁੱਲ ਲੈ ਸਕਦੇ ਹੋ ਜੇਕਰ ਤੁਸੀਂ ਇਕ ਨੂੰਹ ਜਾਂ ਜਵਾਈ ਨੂੰ ਅਣਚਾਹੀ ਸਲਾਹ ਦਿੰਦੇ ਹੋ, ਜੋ ਵਿਆਹ ਦੇ ਇਸ ਨਾਜ਼ੁਕ ਮੁਕਾਮ ਤੇ ਸ਼ਾਇਦ ਆਲੋਚਨਾ ਪ੍ਰਤੀ ਬਹੁਤ ਹੀ ਚਿੜਚਿੜਾ ਹੋਵੇ। ਉੱਪਰ ਜ਼ਿਕਰ ਕੀਤੇ ਗਏ ਜਾਗਰੂਕ ਬਣੋ! ਲੇਖ ਨੇ ਅੱਗੇ ਸਲਾਹ ਦਿੱਤੀ: “ਹੱਦੋਂ ਵੱਧ, ਅਣਮੰਗੇ ਸੁਝਾਅ ਦੇਣ ਦੀ ਇੱਛਾ ਨੂੰ ਕੁਚਲੋ, ਜੋ ਇਕ ਜਵਾਈ ਜਾਂ ਨੂੰਹ ਨੂੰ ਇਕ ਵੈਰੀ ਬਣਾ ਸਕਦੇ ਹਨ।” ਉਨ੍ਹਾਂ ਨੂੰ ਚਲਾਕੀ ਨਾਲ ਕੰਟ੍ਰੋਲ ਕਰਨ ਦੀ ਬਜਾਇ ਉਨ੍ਹਾਂ ਦੇ ਸਹਾਇਕ ਬਣੋ। ਇਕ ਚੰਗਾ ਸੰਬੰਧ ਕਾਇਮ ਰੱਖਣ ਦੁਆਰਾ, ਤੁਸੀਂ ਆਪਣੇ ਬੱਚੇ ਲਈ ਤੁਹਾਡੇ ਕੋਲ ਕਿਸੇ ਜ਼ਰੂਰੀ ਸਲਾਹ ਲਈ ਆਉਣਾ ਸੌਖਾ ਬਣਾਉਂਦੇ ਹੋ।
ਨਵੇਂ ਸਿਰਿਓਂ ਵਿਆਹ ਦੇ ਬੰਧਨ ਨੂੰ ਮਜ਼ਬੂਤ ਕਰੋ
ਅਨੇਕ ਜੋੜਿਆਂ ਲਈ, ਹੁਣ ਸੁੰਨਾ ਘਰ ਸ਼ਾਇਦ ਵਿਆਹੁਤਾ ਜੀਵਨ ਦੇ ਆਨੰਦ ਦੀਆਂ ਜ਼ਿਆਦਾ ਸੰਭਾਵਨਾਵਾਂ ਪੇਸ਼ ਕਰੇ। ਬੱਚਿਆਂ ਦੀ ਸਫ਼ਲ ਪਾਲਣਾ ਵਿਚ ਇੰਨਾ ਸਮਾਂ ਅਤੇ ਜਤਨ ਲੱਗ ਸਕਦਾ ਹੈ ਕਿ ਜੋੜੇ ਆਪਣੇ ਸੰਬੰਧਾਂ ਦੀ ਅਣਗਹਿਲੀ ਕਰ ਬੈਠਦੇ ਹਨ। ਇਕ ਪਤਨੀ ਕਹਿੰਦੀ ਹੈ: “ਹੁਣ ਜਦ ਕਿ ਬੱਚੇ ਘਰੋਂ ਚਲੇ ਗਏ ਹਨ, ਕੌਨਰੈਡ ਅਤੇ ਮੈਂ ਮੁੜ ਇਕ ਦੂਜੇ ਨੂੰ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ।”
ਪ੍ਰਤਿਦਿਨ ਬੱਚਿਆਂ ਦੀ ਪਾਲਣਾ ਕਰਨ ਦੀਆਂ ਜ਼ਿੰਮੇਵਾਰੀਆਂ ਤੋਂ ਮੁਕਤ, ਹੁਣ ਤੁਹਾਡੇ ਕੋਲ ਇਕ ਦੂਜੇ ਲਈ ਜ਼ਿਆਦਾ ਸਮਾਂ ਹੋ ਸਕਦਾ ਹੈ। ਇਕ ਮਾਂ ਨੇ ਟਿੱਪਣੀ ਕੀਤੀ: “ਇਸ ਨਵੇਂ ਸਿਰਿਓਂ ਮਿਲੇ ਵਿਹਲੇ ਸਮੇਂ ਕਾਰਨ . . . ਅਸੀਂ ਇਸ ਗੱਲ ਉੱਤੇ ਜ਼ਿਆਦਾ ਗੌਰ ਕਰ ਸਕਦੇ ਹਾਂ ਕਿ ਅਸੀਂ ਕੌਣ ਹਾਂ, ਸਾਡੇ ਸੰਬੰਧ ਕਿਸ ਤਰ੍ਹਾਂ ਦੇ ਹਨ, ਅਤੇ ਹੁਣ ਅਸੀਂ ਉਨ੍ਹਾਂ ਸਰਗਰਮੀਆਂ ਵਿਚ ਹਿੱਸਾ ਲੈ ਸਕਦੇ ਹਾਂ ਜੋ ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਦੀਆਂ ਹਨ।” ਉਹ ਅੱਗੇ ਕਹਿੰਦੀ ਹੈ: “ਇਹ ਨਵੀਆਂ ਚੀਜ਼ਾਂ ਸਿੱਖਣ ਅਤੇ ਹੈਰਾਨਕੁਨ ਉੱਨਤੀ ਕਰਨ ਦਾ ਸਮਾਂ ਹੁੰਦਾ ਹੈ, ਅਤੇ ਭਾਵੇਂ ਕਿ ਅਜਿਹੇ ਸਮੇਂ ਪਰੇਸ਼ਾਨੀ ਪੈਦਾ ਕਰ ਸਕਦੇ ਹਨ, ਇਹ ਤਾਜ਼ਗੀ ਦੇਣ ਵਾਲੇ ਸਮੇਂ ਵੀ ਹੋ ਸਕਦੇ ਹਨ।”
ਪੈਸੇ ਦੇ ਸੰਬੰਧ ਵਿਚ ਵੀ ਕੁਝ ਜੋੜਿਆਂ ਦਾ ਹੱਥ ਅੱਗੇ ਨਾਲੋਂ ਜ਼ਿਆਦਾ ਸੌਖਾ ਹੋ ਜਾਂਦਾ ਹੈ। ਉਹ ਹੁਣ ਉਨ੍ਹਾਂ ਸ਼ੁਗਲਾਂ ਅਤੇ ਕੈਰੀਅਰਾਂ ਵਿਚ ਲੱਗ ਸਕਦੇ ਹਨ ਜੋ ਉਨ੍ਹਾਂ ਨੇ ਇਕ ਪਾਸੇ ਰੱਖ ਦਿੱਤੇ ਸਨ। ਯਹੋਵਾਹ ਦੇ ਗਵਾਹਾਂ ਵਿਚਕਾਰ, ਅਨੇਕ ਜੋੜੇ ਆਪਣੀ ਨਵੇਂ ਸਿਰਿਓਂ ਮਿਲੀ ਆਜ਼ਾਦੀ ਨੂੰ ਅਧਿਆਤਮਿਕ ਰੁਚੀਆਂ ਵਿਚ ਲੱਗਣ ਲਈ ਇਸਤੇਮਾਲ ਕਰਦੇ ਹਨ। ਹਰਮਨ ਨਾਮਕ ਇਕ ਪਿਤਾ ਦੱਸਦਾ ਹੈ ਕਿ ਜਦੋਂ ਉਸ ਦੇ ਬੱਚੇ ਘਰੋਂ ਚੱਲੇ ਗਏ, ਤਾਂ ਮੁੜ ਉਸ ਨੇ ਅਤੇ ਉਸ ਦੀ ਪਤਨੀ ਨੇ ਫ਼ੌਰਨ ਆਪਣਾ ਧਿਆਨ ਪੂਰਣ-ਕਾਲੀ ਸੇਵਕਾਈ ਵਿਚ ਲਗਾਇਆ।
ਇਕੱਲੀ ਮਾਤਾ ਜਾਂ ਪਿਤਾ ਦਾ ਆਪਣੇ ਬੱਚਿਆਂ ਨੂੰ ਘਰੋਂ ਜਾਣ ਦੇਣਾ
ਇਕੱਲੀ ਮਾਤਾ ਜਾਂ ਪਿਤਾ ਲਈ ਇਕ ਸੁੰਨੇ ਘਰ ਦੇ ਆਦੀ ਹੋਣਾ ਖ਼ਾਸ ਕਰਕੇ ਮੁਸ਼ਕਲ ਹੋ ਸਕਦਾ ਹੈ। ਦੋ ਕਿਸ਼ੋਰ ਮੁੰਡਿਆਂ ਦੀ ਇਕ ਇਕੱਲੀ ਮਾਤਾ ਰਬੈਕਾ ਸਮਝਾਉਂਦੀ ਹੈ: “ਜਦੋਂ ਸਾਡੇ ਬੱਚੇ ਘਰੋਂ ਚਲੇ ਜਾਂਦੇ ਹਨ, ਤਾਂ ਸਾਡੇ ਕੋਲ ਪਤੀ ਦਾ ਸਾਥ ਅਤੇ ਪ੍ਰੇਮ ਨਹੀਂ ਹੁੰਦਾ।” ਇਕੱਲੀ ਮਾਤਾ ਜਾਂ ਪਿਤਾ ਨੂੰ ਸ਼ਾਇਦ ਆਪਣੇ ਬੱਚਿਆਂ ਤੋਂ ਭਾਵਾਤਮਕ ਸਹਾਰਾ ਮਿਲਿਆ ਹੋਵੇ। ਅਤੇ ਜੇਕਰ ਉਹ ਘਰੇਲੂ ਖ਼ਰਚ ਵਿਚ ਮਦਦ ਕਰ ਰਹੇ ਸਨ, ਤਾਂ ਉਨ੍ਹਾਂ ਦੀ ਵਿਦਾਇਗੀ ਕਾਰਨ ਹੱਥ ਤੰਗ ਵੀ ਹੋ ਸਕਦਾ ਹੈ।
ਨੌਕਰੀ-ਸਿਖਲਾਈ ਪ੍ਰੋਗ੍ਰਾਮਾਂ ਜਾਂ ਛੋਟੀ-ਮਿਆਦ ਦੇ ਸਕੂਲ ਕੋਰਸਾਂ ਵਿਚ ਦਾਖ਼ਲ ਹੋ ਕੇ, ਕੁਝ ਇਕੱਲੀਆਂ ਮਾਵਾਂ ਜਾਂ ਪਿਤਾ ਆਪਣੇ ਆਰਥਿਕ ਹਾਲਾਤ ਨੂੰ ਬਿਹਤਰ ਬਣਾ ਸਕੇ ਹਨ। ਪਰੰਤੂ ਇਕ ਵਿਅਕਤੀ ਇਕੱਲਤਾ ਨਾਲ ਕਿਵੇਂ ਨਜਿੱਠੇ? ਇਕ ਇਕੱਲੀ ਮਾਤਾ ਕਹਿੰਦੀ ਹੈ: “ਆਪਣੇ ਆਪ ਨੂੰ ਰੁਝਾਈ ਰੱਖਣਾ ਮੇਰੀ ਮਦਦ ਕਰਦਾ ਹੈ। ਬਾਈਬਲ ਪੜ੍ਹਨਾ, ਆਪਣੇ ਘਰ ਦੀ ਸਫ਼ਾਈ ਕਰਨਾ, ਜਾਂ ਬਾਹਰ ਸੈਰ ਕਰਨ ਜਾਂ ਦੌੜਨ ਲਈ ਜਾਣਾ। ਪਰ ਮੇਰੇ ਲਈ ਇਕੱਲਤਾ ਉੱਪਰ ਜੇਤੂ ਹੋਣ ਦਾ ਇਕ ਸਭ ਤੋਂ ਲਾਭਦਾਇਕ ਤਰੀਕਾ ਹੈ ਕਿਸੇ ਅਧਿਆਤਮਿਕ ਸਹੇਲੀ ਨਾਲ ਗੱਲਾਂ ਕਰਨੀਆਂ।” ਜੀ ਹਾਂ, “ਖੁਲ੍ਹੇ ਦਿਲ ਦੇ ਹੋਵੋ,” ਅਤੇ ਨਵੀਆਂ ਅਤੇ ਸੰਤੋਖਜਨਕ ਮਿੱਤਰਤਾਈਆਂ ਕਾਇਮ ਕਰੋ। (2 ਕੁਰਿੰਥੀਆਂ 6:13) ਜਦੋਂ ਤੁਸੀਂ ਬੇਵੱਸ ਮਹਿਸੂਸ ਕਰਦੇ ਹੋ, ਤਾਂ ‘ਰਾਤ ਦਿਨ ਬੇਨਤੀਆਂ ਅਤੇ ਪ੍ਰਾਰਥਨਾਂ ਵਿੱਚ ਲੱਗੇ ਰਹੋ।’ (1 ਤਿਮੋਥਿਉਸ 5:5) ਭਰੋਸਾ ਰੱਖੋ ਕਿ ਤਬਦੀਲੀ ਵਾਲੇ ਇਸ ਮੁਸ਼ਕਲ ਸਮੇਂ ਦੌਰਾਨ ਯਹੋਵਾਹ ਤੁਹਾਨੂੰ ਮਜ਼ਬੂਤ ਬਣਾਵੇਗਾ ਅਤੇ ਸਮਰਥਨ ਦੇਵੇਗਾ।
ਖ਼ੁਸ਼ੀ-ਖ਼ੁਸ਼ੀ ਘਰੋਂ ਜਾਣ ਦੇਣਾ
ਭਾਵੇਂ ਤੁਹਾਡੀ ਸਥਿਤੀ ਜੋ ਵੀ ਹੋਵੇ, ਇਹ ਯਾਦ ਰੱਖੋ ਕਿ ਬੱਚਿਆਂ ਦੇ ਘਰੋਂ ਚਲੇ ਜਾਣ ਤੇ ਜੀਵਨ ਖ਼ਤਮ ਨਹੀਂ ਹੋ ਜਾਂਦਾ ਹੈ। ਨਾ ਹੀ ਪਰਿਵਾਰਕ ਬੰਧਨ ਟੁੱਟ ਜਾਂਦੇ ਹਨ। ਭਾਵੇਂ ਉਹ ਬਹੁਤ ਦੂਰ ਵੀ ਰਹਿੰਦੇ ਹੋਣ, ਬਾਈਬਲ ਵਿਚ ਵਰਣਨ ਕੀਤਾ ਗਿਆ ਗੁਣਕਾਰੀ ਪ੍ਰੇਮ ਲੋਕਾਂ ਨੂੰ ਇਕੱਠੇ ਬੰਨ੍ਹਣ ਲਈ ਚੋਖਾ ਮਜ਼ਬੂਤ ਹੈ। ਰਸੂਲ ਪੌਲੁਸ ਸਾਨੂੰ ਯਾਦ ਦਿਲਾਉਂਦਾ ਹੈ ਕਿ ਪ੍ਰੇਮ “ਸਭ ਕੁਝ ਸਹਿ ਲੈਂਦਾ। ਪ੍ਰੇਮ ਕਦੇ ਟਲਦਾ ਨਹੀਂ।” (1 ਕੁਰਿੰਥੀਆਂ 13:7, 8) ਉਹ ਨਿਰਸੁਆਰਥੀ ਪ੍ਰੇਮ ਜੋ ਤੁਸੀਂ ਆਪਣੇ ਪਰਿਵਾਰ ਵਿਚ ਉਤਪੰਨ ਕੀਤਾ ਹੈ, ਤੁਹਾਡੇ ਬੱਚਿਆਂ ਦੇ ਘਰੋਂ ਜਾਣ ਕਾਰਨ ਟਲ ਨਹੀਂ ਜਾਵੇਗਾ।
ਇਹ ਦਿਲਚਸਪੀ ਦੀ ਗੱਲ ਹੈ ਕਿ ਜਦੋਂ ਬੱਚੇ ਜੁਦਾਈ ਅਤੇ ਉਦਰੇਵੇਂ ਦੇ ਦੁੱਖ ਦਾ ਸਾਮ੍ਹਣਾ ਕਰਨ ਲੱਗਦੇ ਹਨ ਜਾਂ ਉਹ ਆਰਥਿਕ ਤੰਗੀ ਮਹਿਸੂਸ ਕਰਨ ਲੱਗਦੇ ਹਨ, ਤਾਂ ਸੰਪਰਕ ਮੁੜ ਸਥਾਪਿਤ ਕਰਨ ਵਿਚ ਅਕਸਰ ਉਹੀ ਪਹਿਲ ਕਰਦੇ ਹਨ। ਹਾਂਸ ਅਤੇ ਇੰਗਰਿਡ ਸਲਾਹ ਦਿੰਦੇ ਹਨ: “ਬੱਚਿਆਂ ਨੂੰ ਭਰੋਸਾ ਦਿਵਾਓ ਕਿ ਤੁਹਾਡੇ ਘਰ ਦੇ ਦਰਵਾਜ਼ੇ ਉਨ੍ਹਾਂ ਲਈ ਹਮੇਸ਼ਾ ਖੁੱਲ੍ਹੇ ਹਨ।” ਬਾਕਾਇਦਾ ਮੁਲਾਕਾਤਾਂ, ਚਿੱਠੀਆਂ, ਜਾਂ ਸਮੇਂ-ਸਮੇਂ ਤੇ ਟੈਲੀਫ਼ੋਨ ਕਰਨਾ ਇਕ ਦੂਜੇ ਨਾਲ ਸੰਪਰਕ ਕਾਇਮ ਰੱਖਣ ਵਿਚ ਤੁਹਾਡੀ ਮਦਦ ਕਰਨਗੇ। ਜੈਕ ਅਤੇ ਨੋਰਾ ਨੇ ਸਮਝਾਇਆ ਕਿ “ਬੱਚਿਆਂ ਦੇ ਮਾਮਲਿਆਂ ਦਾ ਭੇਤ ਕੱਢਣ ਦੀ ਕੋਸ਼ਿਸ਼ ਨਾ ਕਰਦੇ ਹੋਏ, ਉਨ੍ਹਾਂ ਦੀਆਂ ਸਰਗਰਮੀਆਂ ਵਿਚ ਦਿਲਚਸਪੀ ਦਿਖਾਓ।”
ਜਦੋਂ ਬੱਚੇ ਘਰ ਛੱਡ ਜਾਂਦੇ ਹਨ, ਤਾਂ ਤੁਹਾਡਾ ਜੀਵਨ ਬਦਲ ਜਾਂਦਾ ਹੈ। ਪਰੰਤੂ ਸੁੰਨੇ ਘਰ ਵਿਚ ਜੀਵਨ ਰੁਝੇਵੇਂ ਭਰਿਆ, ਸਰਗਰਮ ਅਤੇ ਸੰਤੋਖਜਨਕ ਹੋ ਸਕਦਾ ਹੈ। ਨਾਲੇ, ਆਪਣੇ ਬੱਚਿਆਂ ਨਾਲ ਤੁਹਾਡਾ ਰਿਸ਼ਤਾ ਬਦਲ ਜਾਂਦਾ ਹੈ। ਲੇਕਿਨ, ਇਹ ਸੰਬੰਧ ਹਾਲੇ ਵੀ ਖ਼ੁਸ਼ੀ ਅਤੇ ਸੰਤੁਸ਼ਟੀ ਭਰਿਆ ਹੋ ਸਕਦਾ ਹੈ। “ਮਾਪਿਆਂ ਤੋਂ ਸੁਤੰਤਰਤਾ—ਮਾਪਿਆਂ ਪ੍ਰਤੀ ਪ੍ਰੇਮ, ਨਿਸ਼ਠਾ, ਜਾਂ ਆਦਰ ਦੀ ਕਮੀ ਨੂੰ ਸੰਕੇਤ ਨਹੀਂ ਕਰਦੀ ਹੈ। . . . ਦਰਅਸਲ, ਪੂਰੇ ਜੀਵਨ ਦੌਰਾਨ ਮਜ਼ਬੂਤ ਪਰਿਵਾਰਕ ਬੰਧਨ ਅਕਸਰ ਕਾਇਮ ਰਹਿੰਦੇ ਹਨ,” ਪ੍ਰੋਫ਼ੈਸਰ ਜੈਫ਼ਰੀ ਲੀਹ ਅਤੇ ਗੈਰੀ ਪੀਟਰਸਨ ਕਹਿੰਦੇ ਹਨ। ਜੀ ਹਾਂ, ਤੁਸੀਂ ਆਪਣੇ ਬੱਚਿਆਂ ਨਾਲ ਪ੍ਰੇਮ ਕਰਨਾ ਕਦੀ ਵੀ ਨਹੀਂ ਛੱਡੋਗੇ, ਅਤੇ ਤੁਸੀਂ ਹਮੇਸ਼ਾ ਉਨ੍ਹਾਂ ਦੇ ਮਾਪੇ ਰਹੋਗੇ। ਅਤੇ ਕਿਉਂ ਜੋ ਤੁਸੀਂ ਆਪਣੇ ਬੱਚਿਆਂ ਨਾਲ ਇੰਨਾ ਪ੍ਰੇਮ ਕੀਤਾ ਹੈ ਕਿ ਉਨ੍ਹਾਂ ਨੂੰ ਘਰੋਂ ਜਾਣ ਦਿੱਤਾ ਹੈ, ਤੁਸੀਂ ਉਨ੍ਹਾਂ ਨੂੰ ਅਸਲ ਵਿਚ ਗੁਆਇਆ ਨਹੀਂ ਹੈ।
[ਫੁਟਨੋਟ]
a ਜਾਗਰੂਕ ਬਣੋ! (ਅੰਗ੍ਰੇਜ਼ੀ) ਦੇ ਫਰਵਰੀ 8, 1983, ਦੇ ਅੰਕ ਵਿਚ “ਤੁਸੀਂ ਹਮੇਸ਼ਾ ਮਾਤਾ-ਪਿਤਾ ਹੀ ਰਹਿੰਦੇ ਹੋ,” ਲੇਖ ਦੇਖੋ।
[ਸਫ਼ੇ 12 ਉੱਤੇ ਸੁਰਖੀ]
“ਜ਼ਿੰਦਗੀ ਵਿਚ ਪਹਿਲੀ ਵਾਰ . . . , ਮੈਂ ਬੇਹੱਦ ਰੋਇਆ”
[ਸਫ਼ੇ 10 ਉੱਤੇ ਡੱਬੀ/ਤਸਵੀਰਾਂ]
ਬਾਲਗ ਬੱਚਿਆਂ ਲਈ ਸਲਾਹ—ਤੁਹਾਨੂੰ ਘਰੋਂ ਜਾਣ ਦੇਣ ਵਿਚ ਆਪਣੇ ਮਾਪਿਆਂ ਦੀ ਮਦਦ ਕਰੋ
ਆਮ ਤੌਰ ਤੇ ਘਰ ਵਿਚ ਪਿੱਛੇ ਛੱਡੇ ਜਾਣ ਨਾਲੋਂ ਘਰ ਛੱਡਣਾ ਸੌਖਾ ਹੁੰਦਾ ਹੈ। ਇਸ ਲਈ ਜਦ ਕਿ ਤੁਸੀਂ ਆਪਣੀ ਬਾਲਗੀ ਅਤੇ ਸੁਤੰਤਰਤਾ ਦਾ ਆਨੰਦ ਮਾਣਦੇ ਹੋ, ਆਪਣੇ ਮਾਪਿਆਂ ਪ੍ਰਤੀ ਦਿਆਲਗੀ ਅਤੇ ਸਮਝਦਾਰੀ ਦਿਖਾਓ ਜੇਕਰ ਉਨ੍ਹਾਂ ਨੂੰ ਇਸ ਬਦਲੀ ਸਥਿਤੀ ਦਾ ਸਾਮ੍ਹਣਾ ਕਰਨਾ ਮੁਸ਼ਕਲ ਲੱਗ ਰਿਹਾ ਹੈ। ਆਪਣੇ ਲਗਾਤਾਰ ਪ੍ਰੇਮ ਅਤੇ ਸਨੇਹ ਬਾਰੇ ਉਨ੍ਹਾਂ ਨੂੰ ਭਰੋਸਾ ਦਿਲਾਓ। ਇਕ ਛੋਟੀ-ਮੋਟੀ ਚਿੱਠੀ, ਕਦੀ-ਕਦਾਈਂ ਇਕ ਤੋਹਫ਼ਾ, ਜਾਂ ਇਕ ਸਨੇਹਪੂਰਣ ਟੈਲੀਫ਼ੋਨ ਕਾਲ ਇਕ ਉਦਾਸ ਮਾਤਾ ਜਾਂ ਪਿਤਾ ਨੂੰ ਕਾਫ਼ੀ ਦਿਲਾਸਾ ਦੇ ਸਕਦਾ ਹੈ! ਆਪਣੇ ਜੀਵਨ ਵਿਚ ਮਹੱਤਵਪੂਰਣ ਘਟਨਾਵਾਂ ਬਾਰੇ ਉਨ੍ਹਾਂ ਨੂੰ ਦੱਸਦੇ ਰਹੋ। ਇਹ ਉਨ੍ਹਾਂ ਨੂੰ ਦਿਖਾਉਂਦਾ ਹੈ ਕਿ ਪਰਿਵਾਰਕ ਬੰਧਨ ਹਾਲੇ ਵੀ ਮਜ਼ਬੂਤ ਹਨ।
ਜਿਉਂ-ਜਿਉਂ ਤੁਸੀਂ ਬਾਲਗ ਜੀਵਨ ਦੇ ਦਬਾਵਾਂ ਦਾ ਸਾਮ੍ਹਣਾ ਕਰਦੇ ਹੋ, ਇਹ ਸੰਭਵ ਹੈ ਕਿ ਤੁਸੀਂ ਪਹਿਲਾਂ ਨਾਲੋਂ ਇਸ ਹਕੀਕਤ ਦੀ ਕਿਤੇ ਹੀ ਜ਼ਿਆਦਾ ਕਦਰ ਪਾਓਗੇ ਕਿ ਤੁਹਾਡੇ ਮਾਪਿਆਂ ਨੇ ਤੁਹਾਡੀ ਦੇਖ-ਭਾਲ ਕਰਨ ਵਿਚ ਕਿੰਨਾ ਕੁਝ ਕੀਤਾ ਹੈ। ਸ਼ਾਇਦ ਇਹ ਤੁਹਾਨੂੰ ਆਪਣੇ ਮਾਪਿਆਂ ਨੂੰ ਇਹ ਦੱਸਣ ਲਈ ਪ੍ਰੇਰਿਤ ਕਰੇ: “ਮੈਂ ਉਸ ਸਭ ਕੁਝ ਲਈ ਬਹੁਤ ਸ਼ੁਕਰਗੁਜ਼ਾਰ ਹਾਂ ਜੋ ਤੁਸੀਂ ਮੇਰੇ ਲਈ ਕੀਤਾ!”