ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g98 7/8 ਸਫ਼ੇ 10-13
  • “ਮੌਤ ਦੀ ਛਾਂ ਦੀ ਵਾਦੀ” ਵਿਚ ਤਸੱਲੀ ਪਾਉਣੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • “ਮੌਤ ਦੀ ਛਾਂ ਦੀ ਵਾਦੀ” ਵਿਚ ਤਸੱਲੀ ਪਾਉਣੀ
  • ਜਾਗਰੂਕ ਬਣੋ!—1998
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਸੱਚਾਈ ਸਿੱਖਣੀ ਅਤੇ ਆਪਣੇ ਜੀਵਨ ਸਰਲ ਬਣਾਉਣੇ
  • ਇਕ ਵਾਰ ਫਿਰ ਦੇਸ਼ ਬਦਲਣਾ
  • “ਮੌਤ ਦੀ ਛਾਂ ਦੀ ਵਾਦੀ” ਵਿਚ
  • ਖ਼ੁਸ਼ ਰਹਿਣਾ
  • ਸਬਕ ਜੋ ਮੈਂ ਸਿੱਖੇ ਹਨ
  • “ਸਾਡੀ ਕੰਪਨੀ ਨੂੰ ਤੁਹਾਡੀ ਲੋੜ ਨਹੀਂ”
    ਜਾਗਰੂਕ ਬਣੋ!—2010
  • ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ—ਇਕਵੇਡਾਰ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2012
  • ਕੀ ਤੁਸੀਂ ਵਿਦੇਸ਼ ਵਿਚ ਸੇਵਾ ਕਰ ਸਕਦੇ ਹੋ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਸ਼ਾਨਦਾਰ ਵਾਧੇ ਦੇ ਵਕਤ ਸੇਵਾ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2010
ਹੋਰ ਦੇਖੋ
ਜਾਗਰੂਕ ਬਣੋ!—1998
g98 7/8 ਸਫ਼ੇ 10-13

“ਮੌਤ ਦੀ ਛਾਂ ਦੀ ਵਾਦੀ” ਵਿਚ ਤਸੱਲੀ ਪਾਉਣੀ

ਬਾਰਬਰਾ ਸ਼ਵਾਈਟਸਰ ਦੀ ਜ਼ੁਬਾਨੀ

ਕਦੀ-ਕਦੀ, ਜਦੋਂ ਸਭ ਕੁਝ ਠੀਕ-ਠਾਕ ਚੱਲ ਰਿਹਾ ਹੁੰਦਾ ਹੈ, ਮੇਰੀ ਜ਼ਿੰਦਗੀ ਸੁਹਾਵਣੇ “ਹਰੇ ਹਰੇ ਘਾਹ ਦੀਆਂ ਜੂਹਾਂ” ਵਾਂਗ ਰਹੀ ਹੈ। ਪਰ ਮੈਂ ਇਹ ਵੀ ਜਾਣਿਆ ਹੈ ਕਿ “ਮੌਤ ਦੀ ਛਾਂ ਦੀ ਵਾਦੀ” ਵਿਚ ਦੀ ਲੰਘਣਾ ਕਿਸ ਤਰ੍ਹਾਂ ਹੁੰਦਾ ਹੈ। ਫਿਰ ਵੀ, ਕਿਉਂ ਜੋ ਯਹੋਵਾਹ ਸਾਡਾ ਅਯਾਲੀ ਹੈ, ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜੋ ਵੀ ਹਾਲਾਤ ਪੈਦਾ ਹੁੰਦੇ ਹਨ ਅਸੀਂ ਉਨ੍ਹਾਂ ਦਾ ਸਾਮ੍ਹਣਾ ਕਰ ਸਕਦੇ ਹਾਂ।—ਜ਼ਬੂਰ 23:1-4.

ਸੰਨ 1993 ਵਿਚ, ਜਦੋਂ ਮੈਂ ਅਤੇ ਮੇਰੇ ਪਤੀ ਲਗਭਗ 70 ਸਾਲਾਂ ਦੇ ਸੀ, ਅਸੀਂ ਨਵੇਂ ਉਤੇਜਕ ਕੰਮ ਨੂੰ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ—ਇਕਵੇਡਾਰ ਵਿਚ ਸੇਵਾ ਕਰਨੀ ਜਿੱਥੇ ਬਾਈਬਲ ਪ੍ਰਚਾਰਕਾਂ ਦੀ ਜ਼ਿਆਦਾ ਜ਼ਰੂਰਤ ਸੀ। ਭਾਵੇਂ ਅਸੀਂ ਪੈਦਾਇਸ਼ੀ ਅਮਰੀਕੀ ਸਨ, ਅਸੀਂ ਸਪੇਨੀ ਭਾਸ਼ਾ ਬੋਲ ਲੈਂਦੇ ਸੀ ਅਤੇ ਸਾਡੀਆਂ ਕੋਈ ਵੀ ਮਾਇਕ ਜ਼ਿੰਮੇਵਾਰੀਆਂ ਨਹੀਂ ਸਨ। ਕਿਉਂਕਿ ਅਸੀਂ ਜਾਣਦੇ ਸੀ ਕਿ ‘ਆਦਮੀਆਂ ਨੂੰ ਫੜਨ’ ਦਾ ਕੰਮ ਇਕਵੇਡਾਰ ਵਿਚ ਚੰਗਾ ਸੀ, ਅਸੀਂ ਉਨ੍ਹਾਂ ਉਪਜਾਊ ਪਾਣੀਆਂ ਵਿਚ ਆਪਣੇ ਜਾਲ ਵਿਛਾਉਣ ਦੀ ਤਿਆਰੀ ਕੀਤੀ।—ਮੱਤੀ 4:19, ਪਵਿੱਤਰ ਬਾਈਬਲ ਨਵਾਂ ਅਨੁਵਾਦ।

ਵਾਚ ਟਾਵਰ ਸੋਸਾਇਟੀ ਦੇ ਇਕਵੇਡਾਰ ਸ਼ਾਖਾ ਦਫ਼ਤਰ ਤੇ ਕੁਝ ਦਿਲਚਸਪ ਦਿਨਾਂ ਤੋਂ ਬਾਅਦ, ਅਸੀਂ ਗਵਾਇਆਕੇਲ ਵਿਚ ਬੱਸ ਸਟੇਸ਼ਨ ਤੇ ਗਏ, ਅਤੇ ਅਸੀਂ ਮਾਚਾਲਾ ਸ਼ਹਿਰ ਨੂੰ, ਜਿੱਥੇ ਖ਼ਾਸ ਜ਼ਰੂਰਤ ਸੀ, ਸਫ਼ਰ ਕਰਨ ਲਈ ਉਤਾਵਲੇ ਸਨ। ਪਰ, ਬੱਸ ਦੀ ਉਡੀਕ ਕਰਦੇ ਸਮੇਂ, ਮੇਰੇ ਪਤੀ, ਫਰੈਡ, ਦੀ ਅਚਾਨਕ ਤਬੀਅਤ ਖ਼ਰਾਬ ਹੋ ਗਈ, ਇਸ ਲਈ ਅਸੀਂ ਆਪਣੀ ਯਾਤਰਾ ਨੂੰ ਟਾਲਣ ਦਾ ਫ਼ੈਸਲਾ ਕੀਤਾ। ਮੈਂ ਸ਼ਾਖਾ ਨੂੰ ਵਾਪਸ ਜਾਣ ਦਾ ਇੰਤਜ਼ਾਮ ਕਰਨ ਲਈ ਟੈਲੀਫ਼ੋਨ ਕਰਨ ਚਲੀ ਗਈ ਅਤੇ ਫਰੈਡ ਸਾਡੇ ਸਾਮਾਨ ਨਾਲ ਬੈਠ ਗਿਆ। ਜਦੋਂ ਮੈਂ ਕੁਝ ਮਿੰਟਾਂ ਬਾਅਦ ਵਾਪਸ ਆਈ ਤਾਂ ਮੇਰੇ ਪਤੀ ਗਾਇਬ ਹੋ ਗਏ ਸਨ!

ਮੈਂ ਫਰੈਡ ਨੂੰ ਫਿਰ ਕਦੀ ਵੀ ਜੀਉਂਦਾ ਨਹੀਂ ਦੇਖਿਆ। ਉੱਥੇ ਬੱਸ ਸਟੇਸ਼ਨ ਤੇ ਹੀ, ਮੇਰੇ ਥੋੜ੍ਹੇ ਕੁ ਚਿਰ ਦੀ ਗ਼ੈਰ-ਹਾਜ਼ਰੀ ਦੌਰਾਨ, ਉਸ ਨੂੰ ਦਿਲ ਦਾ ਵੱਡਾ ਦੌਰਾ ਪੈ ਗਿਆ ਸੀ। ਜਿਉਂ ਹੀ ਮੈਂ ਉਸ ਨੂੰ ਬੇਤਾਬੀ ਨਾਲ ਤਲਾਸ਼ ਕਰ ਰਹੀ ਸੀ, ਬੱਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਮੈਨੂੰ ਆ ਕੇ ਦੱਸਿਆ ਕਿ ਫਰੈਡ ਨੂੰ ਹਸਪਤਾਲ ਲਿਜਾਇਆ ਗਿਆ ਸੀ। ਜਦੋਂ ਮੈਂ ਹਸਪਤਾਲ ਪਹੁੰਚੀ, ਤਾਂ ਮੈਨੂੰ ਪਤਾ ਲੱਗਾ ਕਿ ਉਸ ਦੀ ਮੌਤ ਹੋ ਚੁੱਕੀ ਸੀ।

ਅਚਾਨਕ ਹੀ, ਮੈਂ ਆਪਣੇ ਆਪ ਨੂੰ ਇਕ ਅਣਜਾਣ ਦੇਸ਼ ਵਿਚ ਬਿਲਕੁਲ ਇਕੱਲੀ ਪਾਇਆ, ਨਾ ਮੇਰੇ ਕੋਲ ਘਰ ਸੀ ਅਤੇ ਨਾ ਪਤੀ ਜਿਸ ਤੋਂ ਮੈਂ ਸਹਾਰਾ ਲੈ ਸਕਦੀ ਸੀ। “ਸਹਾਰਾ ਲੈ ਸਕਦੀ” ਇਸ ਲਈ ਕਹਿੰਦੀ ਹਾਂ ਕਿਉਂਕਿ ਫਰੈਡ ਨੇ ਹਮੇਸ਼ਾ ਅਗਵਾਈ ਕੀਤੀ ਸੀ ਅਤੇ ਸਾਡੇ ਦੋਹਾਂ ਲਈ ਸਾਰੀਆਂ ਚੀਜ਼ਾਂ ਦਾ ਪ੍ਰਬੰਧ ਕੀਤਾ ਸੀ। ਕਿਉਂਕਿ ਮੈਨੂੰ ਆਪਣੇ ਆਪ ਵਿਚ ਇੰਨਾ ਵਿਸ਼ਵਾਸ ਨਹੀਂ ਹੈ ਉਸ ਦੀ ਅਗਵਾਈ ਲਈ ਮੈਂ ਖ਼ੁਸ਼ ਸੀ। ਲੇਕਿਨ ਹੁਣ ਮੈਨੂੰ ਖ਼ੁਦ ਫ਼ੈਸਲੇ ਕਰਨੇ ਪੈਣੇ ਸਨ, ਆਪਣੀ ਜ਼ਿੰਦਗੀ ਵਿਵਸਥਿਤ ਕਰਨੀ ਪੈਣੀ ਸੀ, ਅਤੇ ਨਾਲ ਹੀ ਆਪਣੇ ਗਮ ਨੂੰ ਸਹਾਰਨਾ ਪੈਣਾ ਸੀ। ਮੈਂ ਬਿਲਕੁਲ ਬੇਬੱਸ ਸੀ—ਮੈਨੂੰ ਇੱਦਾਂ ਲੱਗਿਆ ਜਿੱਦਾਂ ਕਿ ਮੈਨੂੰ “ਮੌਤ ਦੀ ਛਾਂ ਦੀ ਵਾਦੀ” ਵਿਚ ਸੁੱਟਿਆ ਗਿਆ ਸੀ। ਕੀ ਮੈਂ ਕਦੀ ਵੀ ਇਕੱਲੀ ਜੀਉਣਾ ਸਿੱਖ ਸਕਦੀ ਸੀ?

ਸੱਚਾਈ ਸਿੱਖਣੀ ਅਤੇ ਆਪਣੇ ਜੀਵਨ ਸਰਲ ਬਣਾਉਣੇ

ਜਦੋਂ ਮੈਂ ਅਤੇ ਫਰੈਡ ਇਕ ਦੂਏ ਨੂੰ ਮਿਲੇ, ਅਸੀਂ ਦੋਹਾਂ ਨੇ ਆਪਣੇ ਪਹਿਲੇ ਵਿਆਹਾਂ ਤੋਂ ਤਲਾਕ ਲਏ ਹੋਏ ਸਨ। ਇਕ ਅੱਛੀ ਦੋਸਤੀ ਇਕ ਗੂੜ੍ਹੇ ਰਿਸ਼ਤੇ ਵਿਚ ਬਦਲ ਗਈ, ਅਤੇ ਅਸੀਂ ਵਿਆਹ ਕਰਵਾਉਣ ਦਾ ਫ਼ੈਸਲਾ ਕਰ ਲਿਆ। ਕਹਿਣ ਨੂੰ ਤਾਂ ਅਸੀਂ ਸਿਐਟਲ, ਵਾਸ਼ਿੰਗਟਨ, ਯੂ.ਐੱਸ.ਏ. ਵਿਚ ਚਰਚ ਜਾਣ ਵਾਲੇ ਸਨ। ਪਰ ਧਰਮ ਸਾਡੀਆਂ ਜ਼ਿੰਦਗੀਆਂ ਵਿਚ ਉਦੋਂ ਤਕ ਇੰਨਾ ਆਵੱਸ਼ਕ ਨਹੀਂ ਸੀ ਜਦੋਂ ਤਕ ਜੇਮੀ, ਇਕ ਸੋਹਣੀ ਜਵਾਨ ਪਾਇਨੀਅਰ (ਪੂਰਣ-ਕਾਲੀ ਇੰਜੀਲ ਪ੍ਰਚਾਰਕ), ਸਾਡੇ ਘਰ ਆਈ। ਉਹ ਇੰਨੀ ਮਨਮੋਹਕ ਸੀ ਕਿ ਮੈਂ ਬਾਈਬਲ ਦਾ ਅਧਿਐਨ ਕਰਨ ਦੀ ਉਸ ਦੀ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ।

ਕਿਉਂਕਿ ਫਰੈਡ ਨੇ ਵੀ ਦਿਲਚਸਪੀ ਦਿਖਾਈ, ਜੇਮੀ ਦੇ ਮਾਪਿਆਂ ਨੇ ਸਾਡੇ ਨਾਲ ਅਧਿਐਨ ਕਰਨਾ ਸ਼ੁਰੂ ਕੀਤਾ, ਅਤੇ ਇਕ ਸਾਲ ਬਾਅਦ, 1968 ਵਿਚ, ਅਸੀਂ ਦੋਹਾਂ ਨੇ ਬਪਤਿਸਮਾ ਲੈ ਲਿਆ। ਸ਼ੁਰੂ ਤੋਂ ਹੀ, ਅਸੀਂ ਪਰਮੇਸ਼ੁਰ ਦੇ ਰਾਜ ਦਿਆਂ ਹਿਤਾਂ ਨੂੰ ਆਪਣੀਆਂ ਜ਼ਿੰਦਗੀਆਂ ਵਿਚ ਪਹਿਲੀ ਥਾਂ ਦੇਣ ਲਈ ਜੋਸ਼ੀਲੇ ਸਨ। (ਮੱਤੀ 6:33) ਲੋਰਨ ਅਤੇ ਰੂਡੀ ਨੁਸਟ, ਜਿਨ੍ਹਾਂ ਨੇ ਸਾਡੇ ਨਾਲ ਅਧਿਐਨ ਕੀਤਾ ਸੀ, ਨੇ ਯਕੀਨਨ ਇਸ ਸੰਬੰਧ ਵਿਚ ਮਿਸਾਲ ਕਾਇਮ ਕੀਤੀ। ਸਾਡੇ ਬਪਤਿਸਮੇ ਤੋਂ ਥੋੜ੍ਹੀ ਦੇਰ ਬਾਅਦ, ਉਹ ਸੰਯੁਕਤ ਰਾਜ ਅਮਰੀਕਾ ਦੇ ਪੂਰਬੀ ਕੰਢੇ ਦੇ ਇਕ ਨਗਰ ਵਿਚ ਸੇਵਾ ਕਰਨ ਚਲੇ ਗਏ ਜਿੱਥੇ ਜ਼ਿਆਦਾ ਜ਼ਰੂਰਤ ਸੀ। ਇਸ ਨੇ ਸਾਡੇ ਦਿਲਾਂ ਵਿਚ ਵੀ ਬੀ ਬੀਜ ਦਿੱਤਾ।

ਨਵੀਂ ਜਗ੍ਹਾ ਜਾਣ ਬਾਰੇ ਸੋਚਣ ਦਾ ਸਾਡੇ ਕੋਲ ਇਕ ਹੋਰ ਵੀ ਕਾਰਨ ਸੀ। ਫਰੈਡ ਇਕ ਵੱਡੀ ਦੁਕਾਨ ਦਾ ਮੈਨੇਜਰ ਸੀ। ਉਸ ਦੇ ਕੰਮ ਵਿਚ ਉਸ ਦਾ ਬਹੁਤ ਧਿਆਨ ਅਤੇ ਸਮਾਂ ਲੱਗਦਾ ਸੀ, ਅਤੇ ਉਸ ਨੇ ਅਹਿਸਾਸ ਕੀਤਾ ਕਿ ਹੋਰ ਜਗ੍ਹਾ ਜਾ ਕੇ ਉਹ ਆਪਣੀ ਜ਼ਿੰਦਗੀ ਸਰਲ ਬਣਾ ਸਕੇਗਾ ਅਤੇ ਸੱਚਾਈ ਅਤੇ ਸਾਡੇ ਦੋ ਨਿਆਣਿਆਂ ਨੂੰ ਜ਼ਿਆਦਾ ਧਿਆਨ ਦੇ ਸਕੇਗਾ। ਮੇਰੇ ਪਹਿਲੇ ਵਿਆਹ ਤੋਂ ਵੀ ਮੇਰੀ ਇਕ ਧੀ ਸੀ, ਜੋ ਕਿ ਹੁਣ ਵਿਆਹੀ ਸੀ, ਅਤੇ ਉਸ ਨੇ ਅਤੇ ਉਸ ਦੇ ਪਤੀ ਨੇ ਵੀ ਸੱਚਾਈ ਨੂੰ ਸਵੀਕਾਰ ਕਰ ਲਿਆ ਸੀ, ਇਸ ਲਈ ਸਿਐਟਲ ਨੂੰ ਛੱਡਣ ਦਾ ਸਾਡਾ ਫ਼ੈਸਲਾ ਔਖਾ ਸੀ। ਫਿਰ ਵੀ, ਉਹ ਸਾਡੇ ਮਨੋਰਥ ਜਾਣਦੇ ਸੀ ਅਤੇ ਉਨ੍ਹਾਂ ਨੇ ਸਾਡੇ ਫ਼ੈਸਲੇ ਨੂੰ ਸਮਰਥਨ ਦਿੱਤਾ।

ਇੰਜ ਹੋਇਆ ਕਿ 1973 ਵਿਚ ਅਸੀਂ ਸਪੇਨ ਚਲੇ ਗਏ, ਅਜਿਹਾ ਦੇਸ਼ ਜਿੱਥੇ, ਉਸ ਸਮੇਂ, ਖ਼ੁਸ਼ ਖ਼ਬਰੀ ਦੇ ਪ੍ਰਚਾਰਕਾਂ ਲਈ ਅਤੇ ਅਗਵਾਈ ਕਰਨ ਲਈ ਭਰਾਵਾਂ ਦੀ ਬਹੁਤ ਵੱਡੀ ਜ਼ਰੂਰਤ ਸੀ। ਫਰੈਡ ਹਿਸਾਬ ਲਗਾ ਚੁੱਕਾ ਸੀ ਕਿ ਜੇ ਅਸੀਂ ਸਰਫ਼ਾ ਕਰ ਕੇ ਰਹੀਏ, ਤਾਂ ਸਾਡੇ ਜੋੜੇ ਹੋਏ ਪੈਸੇ ਸਪੇਨ ਵਿਚ ਸਾਡੇ ਖ਼ਰਚਿਆਂ ਲਈ ਕਾਫ਼ੀ ਹੋਣਗੇ, ਅਤੇ ਅਸੀਂ ਆਪਣਾ ਜ਼ਿਆਦਾ ਸਮਾਂ ਪ੍ਰਚਾਰ ਕੰਮ ਵਿਚ ਲਗਾ ਸਕਾਂਗੇ। ਅਤੇ ਇੱਦਾਂ ਹੀ ਅਸੀਂ ਕੀਤਾ। ਜਲਦੀ ਹੀ, ਫਰੈਡ ਇਕ ਬਜ਼ੁਰਗ ਦੇ ਤੌਰ ਤੇ ਸੇਵਾ ਕਰ ਰਿਹਾ ਸੀ, ਅਤੇ 1983 ਵਿਚ ਅਸੀਂ ਦੋਵੇਂ ਪਾਇਨੀਅਰੀ ਕਰ ਰਹੇ ਸਨ।

ਸਪੇਨੀ ਭਾਸ਼ਾ ਸਿੱਖਦੇ ਹੋਏ ਅਤੇ ਅਨੇਕ ਅਨੁਭਵਾਂ ਦਾ ਆਨੰਦ ਮਾਣਦੇ ਹੋਏ, ਅਸੀਂ 20 ਸਾਲਾਂ ਲਈ ਸਪੇਨ ਵਿਚ ਸੇਵਾ ਕੀਤੀ। ਅਕਸਰ ਮੈਂ ਤੇ ਫਰੈਡ ਇਕੱਠੇ ਪ੍ਰਚਾਰ ਕਰਦੇ ਅਤੇ ਵਿਆਹੇ ਜੋੜਿਆਂ ਨਾਲ ਅਧਿਐਨ ਕਰਦੇ ਸਨ, ਜਿਨ੍ਹਾਂ ਵਿੱਚੋਂ ਕਈ ਹੁਣ ਬਪਤਿਸਮਾ-ਪ੍ਰਾਪਤ ਗਵਾਹ ਹਨ। ਸਪੇਨ ਵਿਚ ਕੁਝ ਸਾਲਾਂ ਬਾਅਦ, ਹਾਇਡੀ ਅਤੇ ਮਾਈਕ, ਸਾਡੇ ਦੋ ਛੋਟੇ ਨਿਆਣਿਆਂ ਨੇ ਵੀ ਪਾਇਨੀਅਰ ਸੇਵਾ ਸ਼ੁਰੂ ਕੀਤੀ। ਭਾਵੇਂ ਕਿ ਸਾਡੇ ਕੋਲ ਭੌਤਿਕ ਤੌਰ ਤੇ ਥੋੜ੍ਹਾ ਹੀ ਸੀ, ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਖ਼ੁਸ਼ੀ-ਭਰਿਆ ਸਮਾਂ ਸੀ। ਸਾਡੇ ਜੀਵਨ ਸਰਲ ਸਨ। ਅਸੀਂ ਪਰਿਵਾਰ ਵਜੋਂ ਬਹੁਤ ਸਮਾਂ ਇਕੱਠੇ ਗੁਜ਼ਾਰ ਸਕਦੇ ਸਨ, ਅਤੇ ਬਾਈਬਲ ਬਿਰਤਾਂਤ ਵਿਚ ਵਿਧਵਾ ਦੇ ਤੇਲ ਵਾਂਗ, ਸਾਡੇ ਸਾਵਧਾਨੀ ਨਾਲ ਖ਼ਰਚੇ ਗਏ ਪੈਸੇ ਕਦੀ ਥੁੜ੍ਹੇ ਨਹੀਂ।—1 ਰਾਜਿਆਂ 17:14-16.

ਇਕ ਵਾਰ ਫਿਰ ਦੇਸ਼ ਬਦਲਣਾ

ਸੰਨ 1992 ਵਿਚ ਅਸੀਂ ਇਕ ਵਾਰ ਫਿਰ ਹੋਰ ਜਗ੍ਹਾ ਜਾਣ ਬਾਰੇ ਸੋਚਣ ਲੱਗ ਪਏ। ਸਾਡੇ ਨਿਆਣੇ ਵੱਡੇ ਹੋ ਚੁੱਕੇ ਸਨ, ਅਤੇ ਸਪੇਨ ਵਿਚ ਜ਼ਰੂਰਤ ਵੀ ਅੱਗੇ ਨਾਲੋਂ ਘੱਟ ਸੀ। ਅਸੀਂ ਇਕ ਮਿਸ਼ਨਰੀ ਨੂੰ ਜਾਣਦੇ ਸੀ ਜਿਸ ਨੇ ਇਕਵੇਡਾਰ ਵਿਚ ਸੇਵਾ ਕੀਤੀ ਸੀ, ਅਤੇ ਉਸ ਨੇ ਸਾਨੂੰ ਉਸ ਦੇਸ਼ ਵਿਚ ਪਾਇਨੀਅਰਾਂ ਅਤੇ ਬਜ਼ੁਰਗਾਂ ਦੀ ਆਵੱਸ਼ਕ ਜ਼ਰੂਰਤ ਬਾਰੇ ਦੱਸਿਆ। ਕੀ ਅਸੀਂ ਇਕ ਨਵੇਂ ਦੇਸ਼ ਵਿਚ ਫਿਰ ਤੋਂ ਸ਼ੁਰੂ ਕਰਨ ਲਈ ਜ਼ਿਆਦਾ ਬੁੱਢੇ ਹੋ ਚੁੱਕੇ ਸੀ? ਅਸੀਂ ਇਸ ਤਰ੍ਹਾਂ ਨਹੀਂ ਸੋਚਦੇ ਸੀ, ਕਿਉਂ ਜੋ ਸਾਡੀ ਦੋਹਾਂ ਦੀ ਸਿਹਤ ਚੰਗੀ ਸੀ ਅਤੇ ਅਸੀਂ ਪ੍ਰਚਾਰ ਕੰਮ ਨੂੰ ਬਹੁਤ ਪਸੰਦ ਕਰਦੇ ਸੀ। ਇਸ ਲਈ ਅਸੀਂ ਇਕਵੇਡਾਰ ਦੇ ਸ਼ਾਖਾ ਨਾਲ ਸੰਪਰਕ ਕੀਤਾ ਅਤੇ ਆਪਣੀਆਂ ਤਿਆਰੀਆਂ ਕਰਨੀਆਂ ਸ਼ੁਰੂ ਕੀਤੀਆਂ। ਦਰਅਸਲ, ਮੇਰੀ ਧੀ ਹਾਇਡੀ ਅਤੇ ਉਸ ਦਾ ਪਤੀ, ਹੁਆਨ ਮਨਵੇਲ, ਜੋ ਕਿ ਉੱਤਰੀ ਸਪੇਨ ਵਿਚ ਸੇਵਾ ਕਰ ਰਹੇ ਸੀ, ਵੀ ਉੱਥੇ ਸਾਡਾ ਸਾਥ ਦੇਣ ਲਈ ਇੱਛੁਕ ਸੀ।

ਆਖ਼ਰਕਾਰ, ਫਰਵਰੀ 1993 ਵਿਚ, ਅਸੀਂ ਆਪਣੇ ਸਾਰੇ ਕੰਮਾਂ ਦਾ ਬੰਦੋਬਸਤ ਕਰ ਕੇ ਆਪਣੇ ਨਵੇਂ ਦੇਸ਼ ਪਹੁੰਚ ਗਏ। ਇਕਵੇਡਾਰ ਵਿਚ, ਜਿੱਥੇ ਇੰਨੇ ਸਾਰੇ ਲੋਕ ਬਾਈਬਲ ਦਾ ਅਧਿਐਨ ਕਰਨ ਲਈ ਉਤਸੁਕ ਸੀ, ਪਾਇਨੀਅਰੀ ਕਰਨ ਦੀ ਸੰਭਾਵਨਾ ਕਾਰਨ ਅਸੀਂ ਦੋਨੋਂ ਖ਼ੁਸ਼ੀ ਨਾਲ ਫੁੱਲੇ ਨਾ ਸਮਾਏ। ਸ਼ਾਖਾ ਦਫ਼ਤਰ ਤੇ ਨਿੱਘੇ

ਸੁਆਗਤ ਤੋਂ ਬਾਅਦ, ਅਸੀਂ ਖ਼ਾਸ ਜ਼ਰੂਰਤ ਵਾਲੇ ਕਈ ਸ਼ਹਿਰਾਂ ਨੂੰ ਜਾਣ ਦੀ ਯੋਜਨਾ ਬਣਾਈ ਜਿਨ੍ਹਾਂ ਦੀ ਸਾਨੂੰ ਸਲਾਹ ਦਿੱਤੀ ਗਈ ਸੀ। ਪਰ ਫਿਰ ਮੇਰੇ ਪਤੀ ਦੀ ਮੌਤ ਹੋ ਗਈ।

“ਮੌਤ ਦੀ ਛਾਂ ਦੀ ਵਾਦੀ” ਵਿਚ

ਪਹਿਲਾ ਤਾਂ ਮੈਨੂੰ ਸਦਮਾ ਪਹੁੰਚਾ, ਫਿਰ ਮੈਨੂੰ ਬਿਲਕੁਲ ਵਿਸ਼ਵਾਸ ਨਾ ਆਵੇ। ਫਰੈਡ ਤਾਂ ਅੱਗੇ ਬਹੁਤ ਘੱਟ ਬੀਮਾਰ ਹੋਇਆ ਸੀ। ਹੁਣ ਮੈਂ ਕੀ ਕਰਾਂ? ਕਿੱਥੇ ਜਾਵਾਂ? ਮੈਨੂੰ ਤਾਂ ਕੁਝ ਸਮਝ ਨਹੀਂ ਸੀ ਆ ਰਿਹਾ।

ਮੇਰੀ ਜ਼ਿੰਦਗੀ ਦੀਆਂ ਉਨ੍ਹਾਂ ਸਭ ਤੋਂ ਦੁੱਖ-ਭਰੀਆਂ ਘੜੀਆਂ ਦੌਰਾਨ, ਮੈਨੂੰ ਅਧਿਆਤਮਿਕ ਭੈਣ-ਭਰਾਵਾਂ ਦੇ ਦਇਆਵਾਨ ਸਹਾਰੇ ਦੀ ਬਰਕਤ ਮਿਲੀ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਮੈਨੂੰ ਇੰਨਾ ਜਾਣਦੇ ਵੀ ਨਹੀਂ ਸਨ। ਸ਼ਾਖਾ ਵਿਚ ਭਰਾ ਬਹੁਤ ਦਿਆਲੂ ਸਨ ਅਤੇ ਉਨ੍ਹਾਂ ਨੇ ਸਭ ਕੁਝ ਸੰਭਾਲਿਆ ਅਤੇ ਦਾਗ਼ ਦੇਣ ਦਾ ਇੰਤਜ਼ਾਮ ਵੀ ਉਨ੍ਹਾਂ ਨੇ ਹੀ ਕੀਤਾ। ਮੈਨੂੰ ਖ਼ਾਸ ਕਰਕੇ ਭੈਣ-ਭਰਾ ਬੌਨੌ ਵੱਲੋਂ ਦਿਖਾਇਆ ਗਿਆ ਪਿਆਰ ਯਾਦ ਹੈ। ਉਨ੍ਹਾਂ ਨੇ ਖ਼ਿਆਲ ਰੱਖਿਆ ਕਿ ਮੈਂ ਕਦੀ ਵੀ ਇਕੱਲੀ ਨਹੀਂ ਸੀ, ਅਤੇ ਈਡਿਥ ਬੌਨੌ ਤਾਂ ਕਈ ਰਾਤਾਂ ਮੇਰੇ ਕਮਰੇ ਵਿਚ ਹੀ ਸੁੱਤੀ ਤਾਂਕਿ ਮੈਂ ਇਕੱਲੀ ਨਾ ਮਹਿਸੂਸ ਕਰਾਂ। ਦਰਅਸਲ, ਪੂਰੇ ਬੈਥਲ ਪਰਿਵਾਰ ਨੇ ਮੈਨੂੰ ਇੰਨਾ ਪਿਆਰ ਦਿਖਾਇਆ ਅਤੇ ਮੇਰਾ ਇੰਨਾ ਖ਼ਿਆਲ ਰੱਖਿਆ ਕਿ ਇੱਦਾਂ ਲੱਗਦਾ ਸੀ ਜਿੱਦਾਂ ਉਨ੍ਹਾਂ ਨੇ ਮੈਨੂੰ ਪ੍ਰੇਮ ਦੇ ਨਿੱਘੇ

ਅਤੇ ਸੁਰੱਖਿਅਕ ਕੰਬਲ ਵਿਚ ਲਪੇਟ ਲਿਆ ਸੀ।

ਕੁਝ ਹੀ ਦਿਨਾਂ ਵਿਚ, ਮੇਰੇ ਤਿੰਨ ਨਿਆਣੇ ਵੀ ਮੇਰੇ ਨਾਲ ਸੀ, ਅਤੇ ਉਨ੍ਹਾਂ ਦਾ ਸਹਾਰਾ ਬਹੁਤ ਕੀਮਤੀ ਸੀ। ਭਾਵੇਂ ਦਿਨ ਦੇ ਦੌਰਾਨ ਮੇਰੇ ਆਲੇ-ਦੁਆਲੇ ਅਨੇਕ ਪਿਆਰੇ ਲੋਕ ਸਨ, ਫਿਰ ਵੀ, ਰਾਤਾਂ ਕੱਟਣੀਆਂ ਮੇਰੇ ਲਈ ਬਹੁਤ ਔਖੀਆਂ ਸਨ। ਇਸ ਸਮੇਂ ਯਹੋਵਾਹ ਨੇ ਮੈਨੂੰ ਸੰਭਾਲਿਆ। ਜਦੋਂ ਵੀ ਬਹੁਤ ਤਨਹਾਈ ਮੇਰੇ ਉੱਤੇ ਛਾਂ ਜਾਂਦੀ ਸੀ, ਮੈਂ ਪ੍ਰਾਰਥਨਾ ਰਾਹੀਂ ਉਸ ਵੱਲ ਮੁੜਦੀ ਅਤੇ ਉਹ ਮੈਨੂੰ ਤਸੱਲੀ ਦਿੰਦਾ।

ਦਾਗ਼ਾਂ ਤੋਂ ਬਾਅਦ ਇਹ ਸਵਾਲ ਉੱਠਿਆ ਕਿ ਮੈਂ ਹੁਣ ਆਪਣੇ ਜੀਵਨ ਨਾਲ ਕੀ ਕਰਾਂ? ਮੈਂ ਇਕਵੇਡਾਰ ਵਿਚ ਰਹਿਣਾ ਚਾਹੁੰਦੀ ਸੀ ਕਿਉਂਕਿ ਇਹ ਸਾਡਾ ਸਾਂਝਾ ਫ਼ੈਸਲਾ ਸੀ, ਪਰ ਮੈਨੂੰ ਲੱਗਦਾ ਸੀ ਕਿ ਮੈਂ ਇਕੱਲੀ ਉੱਥੇ ਨਹੀਂ ਰਹਿ ਸਕਾਂਗੀ। ਇਸ ਲਈ ਹਾਇਡੀ ਅਤੇ ਹੁਆਨ ਮਨਵੇਲ, ਜੋ ਕਿ ਥੋੜ੍ਹੀ ਦੇਰ ਬਾਅਦ ਇਕਵੇਡਾਰ ਨੂੰ ਆਉਣ ਵਾਲੇ ਸੀ, ਨੇ ਆਪਣੀਆਂ ਯੋਜਨਾਵਾਂ ਬਦਲੀਆਂ ਤਾਂਕਿ ਉਹ ਫ਼ੌਰਨ ਆ ਸਕਣ ਅਤੇ ਅਸੀਂ ਸਾਰੇ ਇਕੱਠੇ ਸੇਵਾ ਕਰ ਸਕੀਏ।

ਇਕ ਮਹੀਨੇ ਦੇ ਅੰਦਰ-ਅੰਦਰ, ਸਾਨੂੰ ਲੋਹੌ ਵਿਚ ਇਕ ਘਰ ਮਿਲ ਗਿਆ, ਜੋ ਉਨ੍ਹਾਂ ਸ਼ਹਿਰਾਂ ਵਿੱਚੋਂ ਸੀ ਜਿਨ੍ਹਾਂ ਦੀ ਸ਼ਾਖਾ ਨੇ ਸਲਾਹ ਦਿੱਤੀ ਸੀ। ਜਲਦੀ ਹੀ ਮੈਂ ਚੀਜ਼ਾਂ ਦਾ ਇੰਤਜ਼ਾਮ ਕਰਨ ਵਿਚ ਰੁੱਝ ਗਈ, ਇਕ ਨਵੇਂ ਘਰ ਵਿਚ ਸੈੱਟ ਹੋਣ ਲੱਗ ਪਈ, ਅਤੇ ਨਵੇਂ ਦੇਸ਼ ਵਿਚ ਪ੍ਰਚਾਰ ਕਰਨ ਲੱਗ ਪਈ। ਉਸ ਸਾਰੇ ਕੰਮ ਨੇ ਮੇਰੇ ਗਮ ਨੂੰ ਜ਼ਰਾ ਕੁ ਘਟਾਇਆ। ਇਸ ਤੋਂ ਇਲਾਵਾ, ਮੈਂ ਆਪਣੀ ਧੀ ਨਾਲ ਬੈਠ ਕੇ ਰੋ ਸਕਦੀ ਸੀ, ਜੋ ਕਿ ਫਰੈਡ ਨਾਲ ਬਹੁਤ ਤੇਹ ਕਰਦੀ ਸੀ, ਅਤੇ ਇਸ ਨੇ ਮੇਰਾ ਦਿਲ ਹਲਕਾ ਕਰਨ ਵਿਚ ਮੇਰੀ ਮਦਦ ਕੀਤੀ।

ਫਿਰ ਵੀ, ਕੁਝ ਕੁ ਮਹੀਨਿਆਂ ਬਾਅਦ, ਜਦੋਂ ਮੈਂ ਆਪਣੇ ਰੋਜ਼ ਦਿਆਂ ਕੰਮਾਂ ਦੀ ਆਦਤ ਵਿਚ ਪੈ ਗਈ, ਤਾਂ ਮੇਰੇ ਪਤੀ ਦੇ ਵਿਛੋੜੇ ਦਾ ਅਹਿਸਾਸ ਜ਼ਿਆਦਾ ਸਖ਼ਤ ਹੋ ਗਿਆ। ਮੈਂ ਇਹ ਪਾਇਆ ਕਿ ਮੈਂ ਉਨ੍ਹਾਂ ਖ਼ੁਸ਼ੀ-ਭਰੀਆਂ ਘੜੀਆਂ ਬਾਰੇ ਸੋਚ ਵੀ ਨਹੀਂ ਸਕਦੀ ਸੀ ਜੋ ਮੈਂ ਅਤੇ ਫਰੈਡ ਨੇ ਸਾਥ ਗੁਜ਼ਾਰੀਆਂ ਸਨ, ਕਿਉਂਕਿ ਇਹ ਮੈਨੂੰ ਬਹੁਤ ਉਦਾਸ ਕਰ ਦਿੰਦਾ ਸੀ। ਮੈਂ ਅਤੀਤ ਬਾਰੇ ਸੋਚਣਾ ਬੰਦ ਕਰ ਦਿੱਤਾ, ਅਤੇ ਇਕ-ਇਕ ਦਿਨ ਕਰ ਕੇ ਜੀਉਂਦੀ ਸੀ, ਅਤੇ ਆਉਣ ਵਾਲੇ ਸਮੇਂ ਬਾਰੇ ਨਹੀਂ ਸੋਚ ਸਕਦੀ ਸੀ। ਪਰ ਮੈਂ ਹਰ ਦਿਨ ਨੂੰ ਕਿਸੇ ਅਰਥਭਰਪੂਰ ਚੀਜ਼, ਖ਼ਾਸ ਕਰਕੇ ਮੇਰੇ ਪ੍ਰਚਾਰ ਕੰਮ, ਨਾਲ ਭਰਨ ਦੀ ਜ਼ਰੂਰ ਕੋਸ਼ਿਸ਼ ਕੀਤੀ। ਇਸ ਹੀ ਨੇ ਮੈਨੂੰ ਜਿਉਂਦੀ ਰੱਖਿਆ।

ਮੈਂ ਬਾਈਬਲ ਸਿਖਾਉਣੀ ਅਤੇ ਪ੍ਰਚਾਰ ਕਰਨਾ ਹਮੇਸ਼ਾ ਬਹੁਤ ਪਸੰਦ ਕੀਤਾ ਹੈ, ਅਤੇ ਇਕਵੇਡਾਰ ਵਿਚ ਲੋਕ ਸੰਦੇਸ਼ ਨੂੰ ਸੁਣਨ ਲਈ ਇੰਨੇ ਰਾਜ਼ੀ ਸਨ ਕਿ ਇਹ ਕੰਮ ਆਨੰਦਦਾਇਕ ਸੀ। ਉੱਥੇ ਇਕ ਵਾਰ, ਘਰ-ਘਰ ਦੇ ਕੰਮ ਵਿਚ ਜਾਣ ਦੇ ਮੇਰੇ ਪਹਿਲੇ ਸਮਿਆਂ ਵਿੱਚੋਂ, ਮੇਰੀ ਮੁਲਾਕਾਤ ਇਕ ਜਵਾਨ ਵਿਆਹੀ ਔਰਤ ਨਾਲ ਹੋਈ, ਜਿਸ ਨੇ ਕਿਹਾ: “ਹਾਂ, ਮੈਂ ਬਾਈਬਲ ਬਾਰੇ ਹੋਰ ਜਾਣਨਾ ਚਾਹੁੰਦੀ ਹਾਂ!” ਇਕਵੇਡਾਰ ਵਿਚ ਇਹ ਮੇਰਾ ਪਹਿਲਾ ਬਾਈਬਲ ਅਧਿਐਨ ਸੀ। ਇਸ ਤਰ੍ਹਾਂ ਦੇ ਅਨੁਭਵ ਨੇ ਮੈਨੂੰ ਰੁੱਝਿਆ ਰੱਖਿਆ ਅਤੇ ਮੈਨੂੰ ਆਪਣੇ ਦੁੱਖ ਬਾਰੇ ਜ਼ਿਆਦਾ ਸੋਚਣ ਤੋਂ ਰੋਕਿਆ। ਯਹੋਵਾਹ ਨੇ ਮੇਰੀ ਪ੍ਰਚਾਰ ਸੇਵਾ ਨੂੰ ਭਰਪੂਰ ਬਰਕਤਾਂ ਦਿੱਤੀਆਂ। ਇੱਦਾਂ ਲੱਗਦਾ ਸੀ ਕਿ ਤਕਰੀਬਨ ਜਦੋਂ ਵੀ ਮੈਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਜਾਂਦੀ ਸੀ, ਮੈਨੂੰ ਕਿਸੇ ਨਾ ਕਿਸੇ ਚੰਗੀ ਮੁਲਾਕਾਤ ਦੀ ਖ਼ੁਸ਼ੀ ਮਿਲਦੀ ਸੀ।

ਬਿਨਾਂ ਸ਼ੱਕ, ਪਾਇਨੀਅਰ ਸੇਵਾ ਵਿਚ ਲੱਗੀ ਰਹਿਣਾ ਮੇਰੇ ਲਈ ਇਕ ਬਰਕਤ ਸੀ। ਇਸ ਨੇ ਨਿਭਾਉਣ ਲਈ ਮੈਨੂੰ ਇਕ ਫ਼ਰਜ਼ ਦਿੱਤਾ ਜਿਸ ਦੇ ਅਨੁਸਾਰ ਮੈਂ ਜੀਉਣਾ ਸੀ ਅਤੇ ਇਸ ਨੇ ਹਰ ਦਿਨ ਮੈਨੂੰ ਕੋਈ ਚੰਗੀ ਚੀਜ਼ ਕਰਨ ਲਈ ਦਿੱਤੀ। ਥੋੜ੍ਹੇ ਸਮੇਂ ਦੇ ਅੰਦਰ-ਅੰਦਰ, ਮੈਂ ਛੇ ਬਾਈਬਲ ਅਧਿਐਨ ਕਰ ਰਹੀ ਸੀ।

ਮੈਨੂੰ ਆਪਣੀ ਸੇਵਕਾਈ ਤੋਂ ਮਿਲਦੀ ਸੰਤੁਸ਼ਟੀ ਦੀ ਵਿਆਖਿਆ ਕਰਨ ਲਈ, ਇਕ ਅੱਧਖੜ ਉਮਰ ਦੀ ਔਰਤ ਬਾਰੇ ਜ਼ਿਕਰ ਕਰਨ ਦਿਓ ਜਿਸ ਨੇ ਥੋੜ੍ਹੇ ਚਿਰ ਪਹਿਲਾਂ ਬਾਈਬਲ ਸਿੱਖਿਆਵਾਂ ਲਈ ਸੱਚੀ ਕਦਰ ਦਿਖਾਈ ਸੀ। ਜਦੋਂ ਮੈਂ ਉਸ ਨੂੰ ਕੋਈ ਸ਼ਾਸਤਰਵਚਨ ਦਿਖਾਉਂਦੀ ਹਾਂ, ਤਾਂ ਪਹਿਲਾ ਉਹ ਉਸ ਨੂੰ ਪੂਰੀ ਤਰ੍ਹਾਂ ਸਮਝਣਾ ਚਾਹੁੰਦੀ ਹੈ, ਅਤੇ ਫਿਰ ਉਹ ਉਸ ਦੀ ਸਲਾਹ ਨੂੰ ਲਾਗੂ ਕਰਨ ਲਈ ਰਾਜ਼ੀ ਹੰਦੀ ਹੈ। ਭਾਵੇਂ ਕਿ ਉਸ ਨੇ ਅਤੀਤ ਵਿਚ ਇਕ ਅਨੈਤਿਕ ਜ਼ਿੰਦਗੀ ਗੁਜ਼ਾਰੀ ਸੀ, ਜਦੋਂ ਹਾਲ ਹੀ ਵਿਚ ਕਿਸੇ ਆਦਮੀ ਨੇ ਉਸ ਨੂੰ ਵਿਆਹ ਬਿਨਾਂ ਆਪਣੇ ਨਾਲ ਰਹਿਣ ਲਈ ਕਿਹਾ, ਉਸ ਨੇ ਪੱਕੀ ਤਰ੍ਹਾਂ ਉਸ ਦੀ ਪੇਸ਼ਕਸ਼ ਦਾ ਇਨਕਾਰ ਕਿਤਾ। ਉਸ ਨੇ ਮੈਨੂੰ ਦੱਸਿਆ ਕਿ ਸ਼ਾਸਤਰ ਸੰਬੰਧੀ ਮਿਆਰਾਂ ਲਈ ਦ੍ਰਿੜ੍ਹ ਰਹਿਣ ਵਿਚ ਉਹ ਕਿੰਨੀ ਖ਼ੁਸ਼ ਸੀ, ਕਿਉਂ ਜੋ ਉਹ ਹੁਣ ਮਨ ਦੀ ਅਜਿਹੀ ਸ਼ਾਂਤੀ ਦਾ ਆਨੰਦ ਮਾਣਦੀ ਹੈ, ਜਿਸ ਨੂੰ ਉਸ ਨੇ ਅੱਗੇ ਕਦੀ ਜਾਣਿਆ ਹੀ ਨਹੀਂ ਸੀ। ਅਜਿਹੇ ਅਧਿਐਨ ਮੇਰੇ ਦਿਲ ਨੂੰ ਖ਼ੁਸ਼ ਕਰਦੇ ਹਨ ਅਤੇ ਮੈਨੂੰ ਅਹਿਸਾਸ ਦਿਲਾਉਂਦੇ ਹਨ ਕਿ ਮੈਂ ਦੂਜਿਆਂ ਦੇ ਕੰਮ ਆ ਸਕਦੀ ਹਾਂ।

ਖ਼ੁਸ਼ ਰਹਿਣਾ

ਭਾਵੇਂ ਕਿ ਚੇਲੇ ਬਣਾਉਣ ਦੇ ਕੰਮ ਤੋਂ ਮੈਨੂੰ ਬਹੁਤ ਆਨੰਦ ਮਿਲਦਾ ਹੈ, ਮੇਰਾ ਗਮ ਜਲਦੀ ਨਹੀਂ ਮਿਟਿਆ। ਮੇਰੇ ਲਈ ਉਦਾਸੀ ਆਉਂਦੀ ਜਾਂਦੀ ਰਹਿੰਦੀ ਹੈ। ਮੇਰੇ ਜੁਆਈ ਅਤੇ ਧੀ ਨੇ ਤਾਂ ਮੈਨੂੰ ਇੰਨਾ ਸਹਾਰਾ ਦਿੱਤਾ ਹੈ ਕਿ ਮੈਂ ਸ਼ਬਦਾਂ ਵਿਚ ਬਿਆਨ ਵੀ ਨਹੀਂ ਕਰ ਸਕਦੀ, ਪਰ ਜਦੋਂ ਮੈਂ ਉਨ੍ਹਾਂ ਨੂੰ ਇੱਕਠੇ ਖ਼ਾਸ ਪਲ ਗੁਜ਼ਾਰਦੇ ਦੇਖਦੀ ਹਾਂ, ਤਾਂ ਮੈਨੂੰ ਆਪਣੇ ਪਤੀ ਤੋਂ ਵਿਛੋੜਾ ਸਖ਼ਤ ਲੱਗਦਾ ਹੈ। ਮੈਂ ਆਪਣੇ ਪਤੀ ਦੀ ਬਹੁਤ ਕਮੀ ਮਹਿਸੂਸ ਕਰਦੀ ਹਾਂ, ਸਿਰਫ਼ ਇਸ ਲਈ ਨਹੀਂ ਕਿਉਂਕਿ ਅਸੀਂ ਇਕ ਦੂਜੇ ਨਾਲ ਇੰਨਾ ਤੇਹ ਕਰਦੇ ਸਨ ਪਰ ਇਸ ਲਈ ਵੀ ਕਿਉਂਕਿ ਮੈਂ ਉਸ ਉੱਤੇ ਕਈ ਚੀਜ਼ਾਂ ਲਈ ਨਿਰਭਰ ਕਰਦੀ ਸੀ। ਕੁਝ ਅਜਿਹੇ ਸਮੇਂ ਵੀ ਹੁੰਦੇ ਹਨ ਜਦੋਂ ਉਸ ਨਾਲ ਗੱਲ ਨਾ ਕਰ ਸਕਣ, ਉਸ ਦੀ ਰਾਇ ਨਾ ਪੁੱਛ ਸਕਣ, ਜਾਂ ਉਸ ਨਾਲ ਖੇਤਰ ਸੇਵਕਾਈ ਦਾ ਅਨੁਭਵ ਨਾ ਸਾਂਝਾ ਕਰ ਸਕਣ ਦੇ ਕਾਰਨ ਇਕ ਉਦਾਸੀ ਅਤੇ ਖਾਲੀਪਣ ਆਉਂਦਾ ਹੈ ਜਿਸ ਨਾਲ ਨਿਪਟਣਾ ਮੇਰੇ ਲਈ ਸੌਖਾ ਨਹੀਂ ਹੈ।

ਅਜਿਹੇ ਸਮਿਆਂ ਤੇ ਮੈਨੂੰ ਮਦਦ ਕਿੱਥੋ ਮਿਲਦੀ ਹੈ? ਮੈਂ ਯਹੋਵਾਹ ਨੂੰ ਦਿਲੋਂ ਪ੍ਰਾਰਥਨਾ ਕਰਦੀ ਹਾਂ ਅਤੇ ਪੁੱਛਦੀ ਹਾਂ ਕਿ ਉਹ ਮੈਨੂੰ ਹੋਰ ਚੀਜ਼ਾਂ ਬਾਰੇ, ਯਾਨੀ ਚੰਗੀਆਂ ਚੀਜ਼ਾਂ ਬਾਰੇ ਸੋਚਣ ਲਈ ਮਦਦ ਕਰੇ। (ਫ਼ਿਲਿੱਪੀਆਂ 4:6-8) ਅਤੇ ਉਹ ਮੇਰੀ ਸੱਚ-ਮੁੱਚ ਮਦਦ ਕਰਦਾ ਹੈ। ਹੁਣ, ਕੁਝ ਸਾਲਾਂ ਬਾਅਦ, ਮੈਂ ਉਨ੍ਹਾਂ ਚੰਗੇ ਸਮਿਆਂ ਬਾਰੇ ਗੱਲ ਕਰ ਸਕਦੀ ਹਾਂ ਜਿਨ੍ਹਾਂ ਦਾ ਮੈਂ ਅਤੇ ਫਰੈਡ ਨੇ ਇਕੱਠੇ ਆਨੰਦ ਮਾਣਿਆ ਸੀ। ਇਸ ਲਈ, ਜ਼ਾਹਰ ਹੈ ਕਿ ਸਮੇਂ ਦੇ ਬੀਤਣ ਨਾਲ ਮੈਂ ਹੌਲੀ-ਹੌਲੀ ਠੀਕ ਹੋ ਰਹੀ ਹਾਂ। ਜ਼ਬੂਰਾਂ ਦੇ ਲਿਖਾਰੀ ਦਾਊਦ ਵਾਂਗ, ਮੈਨੂੰ ਲੱਗਦਾ ਹੈ ਜਿੱਦਾਂ ਮੈਂ “ਮੌਤ ਦੀ ਛਾਂ ਦੀ ਵਾਦੀ” ਵਿਚ ਫਿਰੀ ਹਾਂ। ਲੇਕਿਨ ਮੈਨੂੰ ਤਸੱਲੀ ਦੇਣ ਲਈ ਯਹੋਵਾਹ ਹਮੇਸ਼ਾ ਨਜ਼ਦੀਕ ਸੀ, ਅਤੇ ਵਫ਼ਾਦਾਰ ਭਰਾਵਾਂ ਨੇ ਮੈਨੂੰ ਦਿਆਲਤਾ ਨਾਲ ਸਹੀ ਰਾਹ ਤੇ ਰਹਿਣ ਲਈ ਅਗਵਾਈ ਦਿੱਤੀ ਹੈ।

ਸਬਕ ਜੋ ਮੈਂ ਸਿੱਖੇ ਹਨ

ਕਿਉਂਕਿ ਫਰੈਡ ਨੇ ਹਮੇਸ਼ਾ ਅਗਵਾਈ ਕੀਤੀ ਸੀ, ਮੈਂ ਸੋਚਿਆ ਹੀ ਨਹੀਂ ਸੀ ਕਿ ਮੈਂ ਕਦੀ ਵੀ ਅੱਗੇ ਕਦਮ ਚੁੱਕ ਕੇ ਅਤੇ ਆਪਣੇ ਆਪ ਕੁਝ ਕਰ ਸਕਾਂਗੀ। ਲੇਕਿਨ ਯਹੋਵਾਹ ਦੀ, ਆਪਣੇ ਪਰਿਵਾਰ ਦੀ, ਅਤੇ ਭਰਾਵਾਂ ਦੀ ਮਦਦ ਨਾਲ ਮੈਂ ਸਫ਼ਲ ਹੋਈ ਹਾਂ। ਕਈ ਤਰੀਕਿਆਂ ਵਿਚ ਮੈਂ ਅੱਗੇ ਨਾਲੋਂ ਜ਼ਿਆਦਾ ਮਜ਼ਬੂਤ ਹਾਂ। ਮੈਂ ਯਹੋਵਾਹ ਵੱਲ ਅੱਗੇ ਨਾਲੋਂ ਜ਼ਿਆਦਾ ਮੁੜਦੀ ਹਾਂ, ਅਤੇ ਮੈਂ ਖ਼ੁਦ ਫ਼ੈਸਲੇ ਕਰਨੇ ਸਿੱਖ ਰਹੀ ਹਾਂ।

ਮੈਂ ਬਹੁਤ ਖ਼ੁਸ਼ ਹਾਂ ਕਿ ਮੈਂ ਅਤੇ ਫਰੈਡ ਸਪੇਨ ਵਿਚ ਉਹ 20 ਸਾਲ ਗੁਜ਼ਾਰ ਸਕੇ, ਜਿੱਥੇ ਸੇਵਾ ਕਰਨ ਦੀ ਵੱਡੀ ਜ਼ਰੂਰਤ ਸੀ। ਇਸ ਰੀਤੀ-ਵਿਵਸਥਾ ਵਿਚ, ਅਸੀਂ ਨਹੀਂ ਜਾਣਦੇ ਕਿ ਇਕ ਦਿਨ ਤੋਂ ਦੂਜੇ ਦਿਨ ਕੀ ਹੋ ਜਾਵੇਗਾ, ਇਸ ਲਈ ਮੇਰਾ ਖ਼ਿਆਲ ਹੈ ਕਿ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਲਈ ਅਤੇ ਆਪਣੇ ਪਰਿਵਾਰਾਂ ਲਈ ਆਪਣੀ ਪੂਰੀ ਵਾਹ ਲਾਈਏ ਜਦ ਤਕ ਸਾਡੇ ਕੋਲ ਦਮ ਹੈ। ਉਨ੍ਹਾਂ ਸਾਲਾਂ ਨੇ ਸਾਡੀਆਂ ਜ਼ਿੰਦਗੀਆਂ ਅਤੇ ਸਾਡੇ ਵਿਆਹ ਨੂੰ ਬਹੁਤ ਵਧੀਆ ਬਣਾਇਆ, ਅਤੇ ਮੈਨੂੰ ਯਕੀਨ ਹੈ ਕਿ ਉਨ੍ਹਾਂ ਸਾਲਾਂ ਨੇ ਮੈਨੂੰ ਮੇਰੇ ਪਤੀ ਦੇ ਵਿਛੋੜੇ ਦਾ ਸਾਮ੍ਹਣਾ ਕਰਨ ਲਈ ਤਿਆਰ ਕੀਤਾ ਸੀ। ਫਰੈਡ ਦੀ ਮੌਤ ਤੋਂ ਪਹਿਲਾਂ ਹੀ ਮੇਰੇ ਲਈ ਪਾਇਨੀਅਰੀ ਕਰਨਾ ਜੀਵਨ ਦਾ ਰਾਹ ਬਣ ਚੁੱਕਾ ਸੀ, ਜਦੋਂ ਮੈਂ ਨਵੀਂ ਹਕੀਕਤ ਸਵੀਕਾਰ ਕਰਨ ਵਿਚ ਸੰਘਰਸ਼ ਕਰ ਰਹੀ ਸੀ ਤਾਂ ਪਾਇਨੀਅਰੀ ਨੇ ਮੇਰੀ ਜ਼ਿੰਦਗੀ ਨੂੰ ਕੁਝ ਮਕਸਦ ਦਿੱਤਾ।

ਜਦੋਂ ਫਰੈਡ ਦੀ ਮੌਤ ਹੋਈ, ਪਹਿਲਾਂ ਤਾਂ ਇਸ ਤਰ੍ਹਾਂ ਲੱਗਦਾ ਸੀ ਕਿ ਮੇਰੀ ਵੀ ਜ਼ਿੰਦਗੀ ਖ਼ਤਮ ਹੋ ਗਈ। ਲੇਕਿਨ, ਇਸ ਤਰ੍ਹਾਂ ਨਹੀਂ ਸੀ। ਯਹੋਵਾਹ ਦੀ ਸੇਵਾ ਵਿਚ ਮੇਰੇ ਲਈ ਕਾਫ਼ੀ ਕੰਮ ਸੀ, ਅਤੇ ਕਈਆਂ ਲੋਕਾਂ ਨੂੰ ਮੇਰੀ ਮਦਦ ਦੀ ਲੋੜ ਸੀ। ਇਸ ਹਕੀਕਤ ਨੂੰ ਨਜ਼ਰ ਵਿਚ ਰੱਖਦੇ ਹੋਏ ਕਿ ਮੇਰੇ ਆਲੇ-ਦੁਆਲੇ ਹਾਲੇ ਅਨੇਕ ਲੋਕ ਸਨ ਜਿਨ੍ਹਾਂ ਨੂੰ ਸੱਚਾਈ ਦੀ ਜ਼ਰੂਰਤ ਸੀ, ਮੈਂ ਕਿੱਦਾਂ ਹਾਰ ਮੰਨ ਸਕਦੀ ਸੀ? ਠੀਕ ਜਿੱਦਾਂ ਯਿਸੂ ਨੇ ਕਿਹਾ ਸੀ, ਦੂਜਿਆਂ ਦੀ ਮਦਦ ਕਰਨੀ ਮੇਰੇ ਲਈ ਚੰਗਾ ਸੀ। (ਰਸੂਲਾਂ ਦੇ ਕਰਤੱਬ 20:35) ਖੇਤਰ ਸੇਵਕਾਈ ਵਿਚ ਮੇਰੇ ਅਨੁਭਵਾਂ ਨੇ ਮੈਨੂੰ ਉਮੀਦ ਰੱਖਣ ਲਈ, ਅਤੇ ਯੋਜਨਾਵਾਂ ਬਣਾਉਣ ਲਈ ਕੁਝ ਦਿੱਤਾ।

ਕੁਝ ਕੁ ਦਿਨ ਪਹਿਲਾਂ, ਫਿਰ ਤਨਹਾਈ ਦੀ ਜਾਣੀ-ਪਛਾਣੀ ਭਾਵਨਾ ਮੇਰੇ ਉੱਤੇ ਛਾਂ ਗਈ ਸੀ। ਲੇਕਿਨ ਜਦੋਂ ਮੈਂ ਇਕ ਬਾਈਬਲ ਅਧਿਐਨ ਕਰਾਉਣ ਘਰੋਂ ਨਿਕਲੀ ਤਾਂ ਮੇਰਾ ਜੀ ਇਕਦਮ ਖ਼ੁਸ਼ ਹੋਇਆ। ਦੋ ਘੰਟੇ ਬਾਅਦ ਮੈਂ ਸੰਤੁਸ਼ਟ ਅਤੇ ਉਤਸ਼ਾਹਿਤ ਘਰ ਵਾਪਸ ਮੁੜੀ। ਜਿੱਦਾਂ ਜ਼ਬੂਰਾਂ ਦੇ ਲਿਖਾਰੀ ਨੇ ਕਿਹਾ, ਅਸੀਂ ਸ਼ਾਇਦ ਕਦੀ-ਕਦੀ ‘ਅੰਝੂਆਂ ਨਾਲ ਬੀਜੀਏ’ ਲੇਕਿਨ ਫਿਰ ਯਹੋਵਾਹ ਸਾਡੇ ਜਤਨਾਂ ਨੂੰ ਬਰਕਤ ਦਿੰਦਾ ਹੈ, ਅਤੇ ਅਸੀਂ ‘ਜੈਕਾਰਿਆਂ ਨਾਲ ਵੱਢਦੇ ਹਾਂ।’—ਜ਼ਬੂਰ 126:5, 6.

ਹਾਲ ਹੀ ਵਿਚ, ਹਾਈ ਬਲੱਡ-ਪ੍ਰੈਸ਼ਰ ਕਾਰਨ, ਮੈਨੂੰ ਆਪਣੀ ਅਨੁਸੂਚੀ ਨੂੰ ਕੁਝ ਬਦਲਣਾ ਪਿਆ ਹੈ, ਅਤੇ ਹੁਣ ਮੈਂ ਇਕ ਨਿਯਮਿਤ ਸਹਿਯੋਗੀ ਪਾਇਨੀਅਰ ਹਾਂ। ਮੈਂ ਇਕ ਸੰਤੋਖਜਨਕ ਜੀਵਨ ਗੁਜ਼ਾਰ ਰਹੀ ਹਾਂ, ਭਾਵੇਂ ਮੇਰੇ ਖ਼ਿਆਲ ਵਿਚ ਮੈਂ ਇਸ ਰੀਤੀ-ਵਿਵਸਥਾ ਵਿਚ ਇਸ ਵਿਛੋੜੇ ਤੋਂ ਕਦੀ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੋਵਾਂਗੀ। ਆਪਣੇ ਤਿੰਨ ਨਿਆਣਿਆਂ ਨੂੰ ਪੂਰਣ-ਕਾਲੀ ਸੇਵਾ ਵਿਚ ਦੇਖ ਕੇ ਮੈਨੂੰ ਬਹੁਤ ਆਨੰਦ ਮਿਲਦਾ ਹੈ। ਸਭ ਤੋਂ ਵੱਧ, ਮੈਂ ਨਵੇਂ ਸੰਸਾਰ ਵਿਚ ਫਰੈਡ ਨੂੰ ਫਿਰ ਦੇਖਣ ਦੀ ਉਮੀਦ ਰੱਖਦੀ ਹਾਂ। ਮੈਨੂੰ ਯਕੀਨ ਹੈ ਕਿ ਉਹ ਉਸ ਕੰਮ ਬਾਰੇ ਜਾਣ ਕੇ ਬਹੁਤ ਖ਼ੁਸ਼ ਹੋਵੇਗਾ ਜੋ ਮੈਂ ਇਕਵੇਡਾਰ ਵਿਚ ਕਰ ਸਕੀ ਹਾਂ ਅਤੇ ਕਿ ਸਾਡੀਆਂ ਯੋਜਨਾਵਾਂ ਨੇ ਚੰਗੇ ਫਲ ਪੈਦਾ ਕੀਤੇ।

ਮੈਂ ਪ੍ਰਾਰਥਨਾ ਕਰਦੀ ਹਾਂ ਕਿ ਜ਼ਬੂਰਾਂ ਦੇ ਲਿਖਾਰੀ ਦੇ ਸ਼ਬਦ ਮੇਰੇ ਜੀਵਨ ਵਿਚ ਵੀ ਸੱਚ ਹੁੰਦੇ ਰਹਿਣ। ‘ਸੱਚ ਮੁੱਚ ਭਲਿਆਈ ਅਰ ਦਯਾ ਜੀਉਣ ਭਰ ਮੇਰਾ ਪਿੱਛਾ ਕਰਨਗੀਆਂ, ਅਤੇ ਮੈਂ ਸਦਾ ਯਹੋਵਾਹ ਦੇ ਘਰ ਵਿੱਚ ਵੱਸਾਂਗੀ!।’—ਜ਼ਬੂਰ 23:6.

[ਸਫ਼ੇ 12 ਉੱਤੇ ਤਸਵੀਰ]

ਇਕਵੇਡਾਰ, ਲੋਹੌ, ਸਾਨ ਲੂਕੱਸ ਵਿਚ ਸੇਵਕਾਈ ਕੰਮ ਵਿਚ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ