ਸੰਸਾਰ ਉੱਤੇ ਨਜ਼ਰ
ਨੌਕਰੀ-ਪੇਸ਼ਾ ਮਾਵਾਂ
ਸਾਲ 1991 ਵਿਚ ਨੌਕਰੀ-ਪੇਸ਼ਾ ਔਰਤਾਂ ਦੀ ਰਾਸ਼ਟਰੀ ਸੰਸਥਾ ਨੇ ਅਨੁਮਾਨ ਲਗਾਇਆ ਕਿ “1990 ਦੇ ਦਹਾਕੇ ਦੇ ਮੱਧ ਤਕ, 65% [ਅਮਰੀਕੀ] ਔਰਤਾਂ ਜਿਨ੍ਹਾਂ ਦੇ ਬੱਚੇ ਅਜੇ ਸਕੂਲ ਨਹੀਂ ਜਾਂਦੇ ਹਨ ਅਤੇ 77% ਔਰਤਾਂ, ਜਿਨ੍ਹਾਂ ਦੇ ਬੱਚੇ ਸਕੂਲ ਜਾਂਦੇ ਹਨ, ਨੌਕਰੀ ਕਰਦੀਆਂ ਹੋਣਗੀਆਂ।” ਉਨ੍ਹਾਂ ਦਾ ਪੂਰਵ-ਅਨੁਮਾਨ ਕਿੰਨਾ ਕੁ ਸਹੀ ਸੀ? 1996 ਵਿਚ, ਯੂ.ਐੱਸ. ਮਰਦਮਸ਼ੁਮਾਰੀ ਵਿਭਾਗ ਦੇ ਅਨੁਸਾਰ, ਪੰਜ ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਦੀਆਂ ਮਾਵਾਂ ਵਿੱਚੋਂ 63 ਫੀ ਸਦੀ ਨੌਕਰੀ ਕਰਦੀਆਂ ਸਨ, ਦ ਵਾਸ਼ਿੰਗਟਨ ਪੋਸਟ ਰਿਪੋਰਟ ਕਰਦਾ ਹੈ। ਸਕੂਲ ਜਾਣ ਵਾਲੇ ਬੱਚਿਆਂ ਦੀਆਂ ਮਾਵਾਂ ਵਿੱਚੋਂ 78 ਫੀ ਸਦੀ ਨੌਕਰੀ ਕਰਦੀਆਂ ਸਨ। ਯੂਰਪ ਬਾਰੇ ਕੀ? ਯੂਰਪੀ ਸੰਘ ਦੇ ਅੰਕੜਾ-ਵਿਗਿਆਨ ਵਿਭਾਗ ਦੁਆਰਾ ਇਕੱਠੀ ਕੀਤੀ ਗਈ ਜਾਣਕਾਰੀ ਦੇ ਆਧਾਰ ਤੇ, 1995 ਦੌਰਾਨ ਯੂਰਪੀ ਦੇਸ਼ਾਂ ਵਿਚ “5 ਤੋਂ 16 ਸਾਲ ਦੀ ਉਮਰ ਵਾਲੇ ਬੱਚਿਆਂ ਦੀਆਂ ਨੌਕਰੀ-ਪੇਸ਼ਾ ਮਾਵਾਂ ਦਾ ਅਨੁਪਾਤ” ਪੁਰਤਗਾਲ ਵਿਚ 69 ਫੀ ਸਦੀ, ਆਸਟ੍ਰੀਆ ਵਿਚ 67, ਫਰਾਂਸ ਵਿਚ 63, ਫਿਨਲੈਂਡ ਵਿਚ 63, ਬੈਲਜੀਅਮ ਵਿਚ 62, ਬਰਤਾਨੀਆ ਵਿਚ 59, ਜਰਮਨੀ ਵਿਚ 57, ਨੀਦਰਲੈਂਡ ਵਿਚ 51, ਯੂਨਾਨ ਵਿਚ 47, ਲਕਜ਼ਮਬਰਗ ਵਿਚ 45, ਇਟਲੀ ਵਿਚ 43, ਆਇਰਲੈਂਡ ਵਿਚ 39, ਅਤੇ ਸਪੇਨ ਵਿਚ 36 ਫੀ ਸਦੀ ਸੀ।
ਮੱਛੀਆਂ ਫੜਨ ਦੇ ਮਾਰੂ ਤਰੀਕੇ
ਮੱਛੀਆਂ ਫੜਨ ਦੇ ਵਪਾਰਕ ਬੇੜੇ ਉਨ੍ਹਾਂ ਮੱਛੀਆਂ ਦੀ ਭਾਲ ਵਿਚ, ਜਿਨ੍ਹਾਂ ਦੀ ਗਿਣਤੀ ਸਦਾ ਘਟਦੀ ਜਾ ਰਹੀ ਹੈ, ਸਮੁੰਦਰ ਦਾ ਥੱਲਾ ਛਾਣਨ ਵਾਲਾ ਸਾਜ਼-ਸਾਮਾਨ ਖ਼ਰੀਦ ਰਹੇ ਹਨ। ਸਮੁੰਦਰ ਦਾ ਥੱਲਾ ਛਾਣਨ ਵਾਲਾ ਸਾਜ਼-ਸਾਮਾਨ, ਜਿਸ ਨੂੰ ਮੋਬਾਇਲ ਗੀਅਰ ਕਿਹਾ ਜਾਂਦਾ ਹੈ, 1,200 ਮੀਟਰ ਦੀ ਡੂੰਘਾਈ ਤਕ ਸਮੁੰਦਰ ਦੇ ਥੱਲੇ ਉਨ੍ਹਾਂ ਮੱਛੀਆਂ ਨੂੰ ਫੜਨ ਲਈ ਘੜੀਸਿਆ ਜਾਂਦਾ ਹੈ ਜਿਨ੍ਹਾਂ ਨੂੰ ਉਹ ਪਹਿਲਾਂ ਨਹੀਂ ਫੜਦੇ ਸਨ। ਮਸਲਾ ਇਹ ਹੈ ਕਿ ਵੱਡੀ ਗਿਣਤੀ ਵਿਚ “ਟਿਊਬ ਵਰਮ, ਸਪੰਜ-ਜੀਵ, ਅਨਿਮਨੀ, ਹਾਈਡ੍ਰੋਜ਼ੋਨ, ਅਰਚਿਨ, ਅਤੇ ਸਮੁੰਦਰ ਵਿਚ ਰਹਿਣ ਵਾਲੇ ਹੋਰ ਜੀਵ” ਫੜੇ ਜਾਂਦੇ ਹਨ ਅਤੇ “ਬੇਕਾਰ ਸਮਝ ਕੇ ਸੁੱਟੇ ਜਾਂਦੇ ਹਨ,” ਸਾਇੰਸ ਨਿਊਜ਼ ਰਿਪੋਰਟ ਕਰਦਾ ਹੈ। ਇਨ੍ਹਾਂ ਨੂੰ ਨਸ਼ਟ ਕਰਨਾ ਮੱਛੀਆਂ ਦੀ ਥੁੜ ਨੂੰ ਵਧਾਉਂਦਾ ਹੈ ਕਿਉਂਕਿ ਇਹ ਜੀਵ ਛੋਟੀਆਂ ਮੱਛੀਆਂ ਲਈ ਖ਼ੁਰਾਕ ਅਤੇ ਰੱਖਿਆ ਮੁਹੱਈਆ ਕਰਦੇ ਹਨ। ਰੈਡਮੰਡ, ਵਾਸ਼ਿੰਗਟਨ, ਯੂ.ਐੱਸ.ਏ., ਵਿਚ ਸਮੁੰਦਰੀ ਜੀਵ ਰੱਖਿਆ ਜੀਵ-ਵਿਗਿਆਨ ਸੰਸਥਾ ਦਾ ਨਿਰਦੇਸ਼ਕ, ਐਲੀਅਟ ਨੌਰਸ ਕਹਿੰਦਾ ਹੈ ਕਿ ਇਸ ਤਰੀਕੇ ਨਾਲ ਮੱਛੀਆਂ ਫੜ ਕੇ ਸਮੁੰਦਰੀ ਨਿਵਾਸ ਨੂੰ ਬਰਬਾਦ ਕਰਨ ਦੀ ਤੁਲਨਾ “ਜੰਗਲਾਂ ਦੇ ਸਾਰੇ ਦਰਖ਼ਤ ਕੱਟ ਕੇ ਜ਼ਮੀਨ ਪੱਧਰੀ ਕਰਨ” ਨਾਲ ਕੀਤੀ ਜਾ ਸਕਦੀ ਹੈ।
ਦਿਵਾਲੀਆਪਣ ਆਮ ਹੁੰਦਾ ਜਾ ਰਿਹਾ ਹੈ
ਸਾਲ 1996 ਵਿਚ “ਪਹਿਲੀ ਵਾਰ 12 ਲੱਖ ਅਮਰੀਕੀਆਂ ਨੇ ਦਿਵਾਲੀਆਪਣ ਦਾਇਰ ਕੀਤਾ, ਜੋ 1994 ਨਾਲੋਂ 44 ਫੀ ਸਦੀ ਜ਼ਿਆਦਾ ਸੀ,” ਨਿਊਜ਼ਵੀਕ ਰਸਾਲਾ ਬਿਆਨ ਕਰਦਾ ਹੈ। “ਦਿਵਾਲੀਆਪਣ ਤਾਂ ਇੰਨਾ ਆਮ ਹੋ ਗਿਆ ਹੈ ਕਿ ਇਸ ਨੂੰ ਹੁਣ ਕਲੰਕ ਨਹੀਂ ਸਮਝਿਆ ਜਾਂਦਾ ਹੈ।” ਦਿਵਾਲੀਆਪਣ ਵਿਚ ਵਾਧੇ ਦੀ ਵਜ੍ਹਾ ਕੀ ਹੈ? ਇਕ ਕਾਰਨ ਹੈ “ਦਿਵਾਲੀਆਪਣ ਨੂੰ ਕੇਵਲ ਇਕ ਹੋਰ ਕਿਸਮ ਦੇ ਜੀਵਨ-ਢੰਗ ਦੀ ਚੋਣ ਵਜੋਂ ਕਬੂਲ ਕੀਤਾ ਜਾਣਾ,” ਨਿਊਜ਼ਵੀਕ ਕਹਿੰਦਾ ਹੈ। “ਲੈਣਦਾਰ ਕਹਿੰਦੇ ਹਨ ਕਿ ਇਹ ਬਦਲਦਾ ਹੋਇਆ ਰਵੱਈਆ ਦੁਰਵਰਤੋਂ ਵੱਲ ਲੈ ਜਾ ਰਿਹਾ ਹੈ: ਇਕ ਅਧਿਐਨ ਅਨੁਸਾਰ ਦਿਵਾਲਾ ਕੱਢਣ ਵਾਲਿਆਂ ਵਿੱਚੋਂ 45 ਫੀ ਸਦੀ ਆਪਣਾ ਕਾਫ਼ੀ ਕਰਜ਼ ਉਤਾਰ ਸਕਦੇ ਹਨ।” ਪਰ ਕਰਜ਼ ਵਾਪਸ ਕਰਨ ਦੀ ਇੱਛਾ ਰੱਖਣ ਅਤੇ ਸ਼ਰਮ ਮਹਿਸੂਸ ਕਰਨ ਦੀ ਬਜਾਇ ਕਈ ਕਹਿੰਦੇ ਹਨ, ‘ਮੈਂ ਨਵੇਂ ਸਿਰਿਓਂ ਸ਼ੁਰੂ ਕਰਨਾ ਚਾਹੁੰਦਾ ਹਾਂ।’ ਜ਼ਿਆਦਾ ਤੋਂ ਜ਼ਿਆਦਾ ਲੋਕ ਅਤੇ ਕੰਪਨੀਆਂ ਦਿਵਾਲੀਆਪਣ ਦਾਇਰ ਕਰ ਰਹੇ ਹਨ, ਅਤੇ ਉਹ ਵਕੀਲਾਂ ਦੇ ਇਸ਼ਤਿਹਾਰਾਂ ਤੋਂ ਵੀ ਪ੍ਰਭਾਵਿਤ ਹੁੰਦੇ ਹਨ ਕਿ “ਆਪਣੇ ਕਰਜ਼ਿਆਂ ਦੇ ਮਸਲਿਆਂ ਦਾ ਜਲਦੀ ਅਤੇ ਆਸਾਨੀ ਨਾਲ ਹੱਲ ਕਰੋ!” ਜਿਉਂ-ਜਿਉਂ ਵਧਦੀ-ਫੁੱਲਦੀ ਆਰਥਿਕ ਸਥਿਤੀ ਵਿਚ ਦਿਵਾਲੀਆਪਣ ਦਾਇਰ ਕਰਨ ਵਾਲਿਆਂ ਦੀ ਗਿਣਤੀ ਵਧਦੀ ਜਾਂਦੀ ਹੈ, ਮਾਹਰ ਇਹ ਸੋਚਣ ਤੋਂ ਡਰਦੇ ਹਨ ਕਿ ਜੇ ਸਟਾਕ ਮਾਰਕਿਟ ਡਿੱਗ ਜਾਵੇ ਜਾਂ ਬਾਜ਼ਾਰ ਮੰਦਾ ਪੈ ਜਾਵੇ ਤਾਂ ਕੀ ਹੋਵੇਗਾ।
ਆਸਟ੍ਰੇਲੀਆ ਦੇ ਜੰਗਲੀ ਊਠ
ਕਈ ਸਾਲ ਪਹਿਲਾਂ ਆਸਟ੍ਰੇਲੀਆ ਦੇ ਸਖ਼ਤ ਆਉਟਬੈਕ ਵਿਚ ਟੈਲੀਗ੍ਰਾਫ ਦੀ ਤਾਰ ਅਤੇ ਰੇਲਵੇ ਲਾਈਨ ਦਾ ਨਿਰਮਾਣ ਕਰਨ ਲਈ ਦੇਸ਼ ਵਿਚ ਊਠ ਲਿਆਂਦੇ ਗਏ ਸਨ। ਜਦੋਂ ਇਨ੍ਹਾਂ ਤਕੜੇ ਜਾਨਵਰਾਂ ਦੀ ਥਾਂ ਟਰੱਕਾਂ ਨੇ ਲੈ ਲਈ, ਤਾਂ ਇਨ੍ਹਾਂ ਦੇ ਕਈ ਅਫ਼ਗ਼ਾਨੀ ਮਾਲਕਾਂ ਨੇ ਇਨ੍ਹਾਂ ਨੂੰ ਮਾਰਨ ਦੀ ਬਜਾਇ ਇਨ੍ਹਾਂ ਨੂੰ ਉਜਾੜ ਵਿਚ ਆਜ਼ਾਦ ਛੱਡ ਦਿੱਤਾ। ਆਸਟ੍ਰੇਲੀਆ ਦੇ ਖ਼ੁਸ਼ਕ ਕੇਂਦਰੀ ਇਲਾਕਿਆਂ ਵਿਚ ਊਠ ਵਧਦੇ-ਫੁੱਲਦੇ ਗਏ, ਅਤੇ ਅੱਜ ਉੱਥੇ ਇਨ੍ਹਾਂ ਦੀ ਗਿਣਤੀ ਤਕਰੀਬਨ 2,00,000 ਹੈ। ਦੀ ਆਸਟ੍ਰੇਲੀਅਨ ਅਖ਼ਬਾਰ ਰਿਪੋਰਟ ਕਰਦਾ ਹੈ ਕਿ ਕੁਝ ਲੋਕ ਹੁਣ ਮੰਨਦੇ ਹਨ ਕਿ ਊਠ ਕੀਮਤੀ ਕੌਮੀ ਸੰਪਤੀ ਬਣ ਸਕਦੇ ਹਨ। ਪਹਿਲਾਂ ਤੋਂ ਹੀ ਕੁਝ ਲੋਕਾਂ ਨੇ ਊਠ ਦਾ ਮਾਸ ਖਾ ਕੇ ਜਾਂਚਿਆ ਹੈ ਅਤੇ ਗਾਂ ਦੇ ਮਾਸ ਵਰਗਾ ਨਰਮ ਅਤੇ ਉਸ ਤੋਂ ਘੱਟ ਚਰਬੀ ਵਾਲਾ ਦੱਸਿਆ ਗਿਆ ਹੈ। ਊਠ ਦੇ ਉਤਪਾਦਨਾਂ ਵਿਚ ਚੰਮ, ਦੁੱਧ, ਉੱਨ, ਅਤੇ ਸਾਬਣ ਤੇ ਸ਼ਿੰਗਾਰ-ਸਾਮੱਗਰੀ ਵਿਚ ਵਰਤਣ ਲਈ ਚਰਬੀ ਹਨ। ਜੀਉਂਦੇ ਊਠਾਂ ਦੀ ਵੀ ਮੰਗ ਹੈ। ਕੇਂਦਰੀ ਆਸਟ੍ਰੇਲੀਆਈ ਊਠ ਉਦਯੋਗ ਦੇ ਪੀਟਰ ਸਾਇਡਲ ਅਨੁਸਾਰ, “ਬਹੁਤ ਸਾਰੇ ਅੰਤਰ-ਰਾਸ਼ਟਰੀ ਚਿੜੀਆ-ਘਰ ਅਤੇ ਟੂਰਿਸਟ ਪਾਰਕਾਂ ਆਸਟ੍ਰੇਲੀਆਈ ਊਠ ਚਾਹੁੰਦੇ ਹਨ ਕਿਉਂਕਿ ਸਾਡੇ ਕੋਲ ਇਕ ਅਰੋਗ ਇੱਜੜ ਹੈ।”
ਆਰਸੈਨਿਕ ਜ਼ਹਿਰ-ਫੈਲਾਅ
ਦ ਟਾਈਮਜ਼ ਆਫ਼ ਇੰਡੀਆ ਰਿਪੋਰਟ ਕਰਦਾ ਹੈ ਕਿ “ਬੰਗਲਾਦੇਸ਼ ਦੇ ਤਕਰੀਬਨ 1.5 ਕਰੋੜ ਲੋਕ ਅਤੇ ਪੱਛਮੀ ਬੰਗਾਲ, ਜਿਸ ਵਿਚ ਕਲਕੱਤਾ ਵੀ ਸ਼ਾਮਲ ਹੈ, ਦੇ 3 ਕਰੋੜ ਲੋਕ ਆਰਸੈਨਿਕ ਜ਼ਹਿਰ-ਫੈਲਾਅ ਦੇ ਖ਼ਤਰੇ ਵਿਚ ਹਨ।” ਇਹ ਮਸਲਾ ਖੇਤੀਬਾੜੀ ਦੀ ਤਰੱਕੀ ਦਾ ਪੈਦਾਵਾਰ ਹੈ, ਜਿਸ ਬਾਰੇ ਸੋਚਿਆ ਵੀ ਨਹੀਂ ਗਿਆ ਸੀ। ਜਦੋਂ ਫ਼ਸਲਾਂ ਨੂੰ ਪਾਣੀ ਦੇਣ ਲਈ ਡੂੰਘੇ ਖੂਹ ਪੁੱਟੇ ਗਏ ਸਨ, ਤਾਂ ਜ਼ਮੀਨ ਵਿਚ ਕੁਦਰਤੀ ਤੌਰ ਤੇ ਦੱਬਿਆ ਹੋਇਆ ਆਰਸੈਨਿਕ ਪਾਣੀ ਨਾਲ ਉੱਪਰ ਲਿਆਂਦਾ ਗਿਆ, ਅਤੇ ਇਹ ਹੌਲੀ-ਹੌਲੀ ਪੀਣ ਵਾਲੇ ਪਾਣੀ ਦੇ ਖੂਹਾਂ ਵਿਚ ਆ ਗਿਆ। ਕੋਲੋਰਾਡੋ, ਯੂ.ਐੱਸ.ਏ., ਦੀ ਯੂਨੀਵਰਸਿਟੀ ਦੇ ਵਾਯੂਮੰਡਲ ਮਾਹਰ, ਵਿਲਰਡ ਚੈਪਲ ਨੇ ਹਾਲ ਹੀ ਵਿਚ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਉਸ ਨੇ ਮਸਲੇ ਨੂੰ “ਦੁਨੀਆਂ ਵਿਚ ਜ਼ਹਿਰ-ਫੈਲਾਅ ਦੀ ਸਭ ਤੋਂ ਵੱਡੀ ਘਟਨਾ” ਕਿਹਾ। 2,00,000 ਤੋਂ ਵੱਧ ਲੋਕ ਅੱਗੇ ਹੀ ਚਮੜੀ ਸੰਬੰਧੀ ਰੋਗਾਂ ਤੋਂ ਪੀੜਿਤ ਹਨ, ਜੋ ਆਰਸੈਨਿਕ ਜ਼ਹਿਰ-ਫੈਲਾਅ ਦਾ ਲੱਛਣ ਹੈ। ਬੰਗਲਾਦੇਸ਼ ਤੋਂ ਆਏ ਇਕ ਸਰਕਾਰੀ ਅਧਿਕਾਰੀ, ਇਸਹਾਕ ਅਲੀ ਨੇ ਕਿਹਾ ਕਿ “ਇੰਜ ਜਾਪਦਾ ਹੈ ਕਿ ਅਸੀਂ ਭੁੱਖ ਦੇ ਮਸਲੇ ਨੂੰ ਤਾਂ ਹੱਲ ਕਰ ਦਿੱਤਾ ਹੈ (ਖੇਤੀਬਾੜੀ ਦੀ ਤਰੱਕੀ ਦੁਆਰਾ), ਪਰ ਇਸ ਦੇ ਬਦਲੇ ਹੋਰ ਬਿਪਤਾ ਖੜ੍ਹੀ ਕਰ ਲਈ ਹੈ।”
ਸੰਸਾਰ ਭਰ ਵਿਚ ਜੰਗਲਾਂ ਦੀ ਕਟਾਈ ਕਰਨਾ
“ਧਰਤੀ ਦੇ ਜੰਗਲ ਦਾ ਦੋ-ਤਿਹਾਈ ਹਿੱਸਾ ਪਹਿਲਾਂ ਹੀ ਬਰਬਾਦ ਹੋ ਚੁੱਕਾ ਹੈ,” ਝੋਰਨੇਲ ਡਾ ਟਾਰਡੇ ਰਿਪੋਰਟ ਕਰਦਾ ਹੈ। ਧਰਤੀ ਦੇ ਅੱਠ ਕਰੋੜ ਵਰਗ ਕਿਲੋਮੀਟਰ ਮੁਢਲੇ ਜੰਗਲੀ ਖੇਤਰਾਂ ਵਿੱਚੋਂ ਸਿਰਫ਼ ਤਿੰਨ ਕਰੋੜ ਬਾਕੀ ਰਹਿ ਗਏ ਹਨ। ਵਿਸ਼ਵ ਜੰਗਲੀ-ਜੀਵ ਫ਼ੰਡ (WWF) ਨੇ ਪਾਇਆ ਹੈ ਕਿ ਏਸ਼ੀਆ ਦੇ ਮੁਢਲੇ ਪੇੜ-ਪੌਦਿਆਂ ਵਿੱਚੋਂ 88 ਫੀ ਸਦੀ ਤਬਾਹ ਹੋਣ ਕਰਕੇ, ਇਹ ਜੰਗਲਾਂ ਦੀ ਸਭ ਤੋਂ ਜ਼ਿਆਦਾ ਕਟਾਈ ਵਾਲਾ ਮਹਾਂਦੀਪ ਹੈ। ਯੂਰਪ ਵਿਚ ਅੰਕੜਾ 62 ਫੀ ਸਦੀ ਹੈ, ਅਫ਼ਰੀਕਾ ਵਿਚ 45 ਫੀ ਸਦੀ, ਲਾਤੀਨੀ ਅਮਰੀਕਾ ਵਿਚ 41 ਫੀ ਸਦੀ, ਅਤੇ ਉੱਤਰੀ ਅਮਰੀਕਾ ਵਿਚ 39 ਫੀ ਸਦੀ। ਐਮੇਜ਼ੋਨਿਆ, ਜਿਸ ਵਿਚ ਦੁਨੀਆਂ ਦਾ ਸਭ ਤੋਂ ਵੱਡਾ ਬਹੁ-ਵਰਖਾ ਜੰਗਲ ਹੈ, ਦਾ 85 ਫੀ ਸਦੀ ਤੋਂ ਵੱਧ ਮੁਢਲਾ ਜੰਗਲ ਅਜੇ ਬਾਕੀ ਹੈ। WWF ਦੇ ਗਾਰੋ ਬਾਟਮਾਨਿਅਨ ਦਾ ਹਵਾਲਾ ਦਿੰਦੇ ਹੋਏ ਔ ਏਸਟਾਡੌ ਡੇ ਸਾਓ ਪੌਲੋ ਕਹਿੰਦਾ ਹੈ: “ਬ੍ਰਾਜ਼ੀਲ ਕੋਲ ਮੌਕਾ ਹੈ ਕਿ ਉਹ ਦੂਸਰੇ ਜੰਗਲਾਂ ਵਿਚ ਹੋਈਆਂ ਗ਼ਲਤੀਆਂ ਨੂੰ ਨਾ ਦੁਹਰਾਵੇ।”
ਬੱਚਿਆਂ ਲਈ ਛੋਟੀ ਉਮਰ ਤੇ ਬੁੱਧੀ ਅੰਕ (IQ) ਪਰੀਖਿਆ
ਮਾਨਵੀ ਬੁੱਧੀ ਦਾ ਅਧਿਐਨ ਕਰਨ ਵਾਲੇ ਵਿਗਿਆਨੀ ਹੁਣ ਮੰਨਦੇ ਹਨ ਕਿ ਇਕ ਬੱਚੇ ਦਾ ਦਿਮਾਗ਼ ਜਨਮ ਤੋਂ ਲੈ ਕੇ ਤਿੰਨ ਸਾਲ ਦੀ ਉਮਰ ਤਕ ਆਪਣੇ ਵਿਕਾਸ ਦੇ ਸਭ ਤੋਂ ਮਹੱਤਵਪੂਰਣ ਪੜਾਅ ਵਿੱਚੋਂ ਲੰਘਦਾ ਹੈ। ਇਹ ਵੀ ਮੰਨਿਆਂ ਜਾਂਦਾ ਹੈ ਕਿ ਦਿਮਾਗ਼ੀ ਉਤੇਜਨਾ ਕਰਕੇ, ਇਸ ਪੜਾਅ ਦੌਰਾਨ ਦਿਮਾਗ਼ ਵਿਚ ਪੱਕੇ ਤੰਤਵੀ ਮੇਲ ਸਥਾਪਿਤ ਹੁੰਦੇ ਹਨ। ਸਿੱਟੇ ਵਜੋਂ, ਮੌਡਨ ਮਚੁਰਟੀ ਰਿਪੋਰਟ ਕਰਦਾ ਹੈ ਕਿ ਕਈਆਂ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਮੁਕਾਬਲੇ ਵਿਚ ਅੱਗੇ ਨਿਕਲਣ ਲਈ, ਬਾਲਵਾੜੀ ਵਿਚ ਦਾਖ਼ਲ ਹੋਣ ਤੋਂ ਕਾਫ਼ੀ ਸਮਾਂ ਪਹਿਲਾਂ ਬੁੱਧੀ ਅੰਕ (IQ) ਪਰੀਖਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਪਰ ਬੌਸਟਨ ਯੂਨੀਵਰਸਿਟੀ ਸਕੂਲ ਆਫ਼ ਮੈਡੀਸਨ ਦੇ ਬਾਲ-ਡਾਕਟਰੀ ਵਿਭਾਗ ਦੇ ਚੇਅਰਮੈਨ, ਡਾ. ਬੈਰੀ ਟਸੂਕਰਮਨ ਨੇ ਉਨ੍ਹਾਂ ਮਾਪਿਆਂ ਬਾਰੇ ਚਿੰਤਾ ਪ੍ਰਗਟ ਕੀਤੀ ਜੋ “ਮਹਾਨ ਬੱਚਾ” ਬਣਾਉਣ ਦੇ ਜਤਨ ਵਿਚ “ਆਪਣੇ ਬੱਚੇ ਨੂੰ ਹਰ ਮਿੰਟ ‘ਉਤੇਜਿਤ’ ਕਰਨ ਦਾ ਦਬਾਅ ਮਹਿਸੂਸ ਕਰਦੇ ਹਨ।” ਬਾਲ ਮਨੋਵਿਗਿਆਨ ਦੇ ਪ੍ਰੋਫ਼ੈਸਰ, ਰਿਚਰਡ ਵਾਇਨਬਰਗ ਨੇ ਅੱਗੇ ਕਿਹਾ: “ਬੱਚਿਆਂ ਉੱਤੇ ਸਮੇਂ ਤੋਂ ਪਹਿਲਾਂ ਮੁਕਾਬਲਾ ਕਰਨ ਦਾ ਦਬਾਅ ਪਾਉਣ ਦਾ ਨਤੀਜਾ ਅਕਸਰ ਉਲਟਾ ਹੁੰਦਾ ਹੈ। ਆਪਣੇ ਬੱਚਿਆਂ ਨੂੰ ਆਪਣੇ ਬਚਪਨ ਦਾ ਆਨੰਦ ਲੈ ਲੈਣ ਦਿਓ।”
ਧਿਆਨਵਾਨ ਨਕਲਨਵੀਸ
ਮੁੰਸਟਰ, ਜਰਮਨੀ ਵਿਚ, ਨਵੇਂ ਨੇਮ ਦੀ ਰੀਸਰਚ ਸੰਸਥਾ ਦੀ ਪ੍ਰਧਾਨ, ਡਾ. ਬਾਰਬਾਰਾ ਆਲਾਂਟ ਕਹਿੰਦੀ ਹੈ ਕਿ ਬਾਈਬਲ ਦੇ ਯੂਨਾਨੀ ਸ਼ਾਸਤਰ ਦੇ ਮੂਲ-ਪਾਠ ਅਤਿ ਸਾਵਧਾਨੀ ਨਾਲ ਨਕਲ ਕੀਤੇ ਗਏ ਹਨ ਅਤੇ ਬਹੁਤ ਧਿਆਨ ਨਾਲ ਸਾਡੇ ਤਕ ਪਹੁੰਚਾਏ ਗਏ ਹਨ। ਵੇਸਟਫਾਲਿਸ਼ੇ ਨਾਖਰਿਖਟਨ ਰਿਪੋਰਟ ਕਰਦਾ ਹੈ ਕਿ “ਗ਼ਲਤੀਆਂ ਜਾਂ ਧਰਮ-ਸੰਬੰਧੀ ਮਨੋਰਥ ਕਾਰਨ ਕੀਤੀਆਂ ਗਈਆਂ ਤਬਦੀਲੀਆਂ ਵੀ ਵਿਰਲੀਆਂ ਹਨ।” 1959 ਤੋਂ ਲੈ ਕੇ ਇਸ ਸੰਸਥਾ ਨੇ 5,000 ਤੋਂ ਵੱਧ ਹੱਥ-ਲਿਖਤਾਂ ਪਰਖੀਆਂ ਹਨ, ਜੋ ਮੱਧਕਾਲ ਅਤੇ ਸਨਾਤਨੀ ਪ੍ਰਾਚੀਨ ਕਾਲ ਦੀਆਂ ਹਨ। 90 ਕੁ ਫੀ ਸਦੀ ਹੱਥ-ਲਿਖਤਾਂ, ਮਾਈਕ੍ਰੋਫਿਲਮ ਤੇ ਰਿਕਾਰਡ ਕੀਤੀਆਂ ਗਈਆਂ ਹਨ। ਬਾਈਬਲ ਨਕਲਨਵੀਸਾਂ ਨੇ ਗ਼ਲਤੀਆਂ ਨਾ ਕਰਨ ਉੱਤੇ ਇੰਨਾ ਧਿਆਨ ਕਿਉਂ ਦਿੱਤਾ ਸੀ? ਕਿਉਂਕਿ ਉਹ “ਆਪਣੇ ਆਪ ਨੂੰ ‘ਨਕਲਨਵੀਸ’ ਸਮਝਦੇ ਸਨ ਅਤੇ ‘ਲੇਖਕ’ ਨਹੀਂ,” ਅਖ਼ਬਾਰ ਕਹਿੰਦਾ ਹੈ।
ਖ਼ਜ਼ਾਨਿਆਂ ਦੀ ਚੋਰੀ
ਕੈਨੇਡਾ ਤੋਂ ਇਕ ਤਾਜ਼ੀ ਖ਼ਬਰ ਮਿਲੀ ਹੈ ਕਿ “1991 ਦੇ ਫਾਰਸੀ ਖਾੜੀ ਯੁੱਧ ਦੇ ਨਤੀਜੇ ਵਜੋਂ ਮੈਸੋਪੋਟਾਮੀਆ ਦੇ ਅਸੁਰੱਖਿਅਤ ਖ਼ਜ਼ਾਨੇ, ਅੰਤਰ-ਰਾਸ਼ਟਰੀ ਅਪਰਾਧ ਗਰੋਹਾਂ ਦੇ ਨਿਸ਼ਾਨੇ ਬਣ ਗਏ ਹਨ,” ਵਰਲਡ ਪ੍ਰੈੱਸ ਰਿਵਿਊ ਰਿਪੋਰਟ ਕਰਦਾ ਹੈ। 1996 ਵਿਚ, ਚੋਰ ਬੈਬੀਲੋਨ ਮਿਊਜ਼ੀਅਮ ਵਿਚ ਦਿਨ-ਦਿਹਾੜੇ ਬਦੋ-ਬਦੀ ਵੜ ਗਏ ਅਤੇ ਫਾਨਾ-ਨੁਮਾ ਲਿਪੀ ਨਾਲ ਲਿਖੇ ਸਲਿੰਡਰ ਅਤੇ ਫੱਟੀਆਂ ਲੈ ਗਏ। ਇਨ੍ਹਾਂ ਵਿਰਲੀਆਂ ਪੁਰਾਤਨ ਲੱਭਤਾਂ, ਜਿਨ੍ਹਾਂ ਵਿੱਚੋਂ ਕੁਝ ਨਬੂਕਦਨੱਸਰ II ਦੇ ਰਾਜ ਦੇ ਸਮੇਂ ਦੀਆਂ ਸਨ, ਦੀ ਕੀਮਤ ਅੰਤਰ-ਰਾਸ਼ਟਰੀ ਕਲਾ ਮੰਡੀ ਵਿਚ ਅਨੁਮਾਨ ਅਨੁਸਾਰ 7,35,000 ਤੋਂ ਵੱਧ ਡਾਲਰ ਸੀ। ਚੋਰਾਂ ਦੁਆਰਾ ਇਕ ਹੋਰ ਨਿਸ਼ਾਨਾ ਬਣਾਇਆ ਗਿਆ ਖੇਤਰ ਹੈ ਪ੍ਰਾਚੀਨ ਸ਼ਹਿਰ ਅਲ-ਹਾਡਰ। ਰਸਾਲਾ ਕਹਿੰਦਾ ਹੈ ਕਿ ਬਾਕੀ ਦੇ ਖ਼ਜ਼ਾਨਿਆਂ ਦੀ ਰੱਖਿਆ ਕਰਨ ਦੀ ਕੋਸ਼ਿਸ਼ ਵਿਚ ਸਰਕਾਰ ਨੇ ਸ਼ਹਿਰ ਦੇ ਸਾਰੇ ਦਰਵਾਜ਼ੇ ਅਤੇ ਲਾਂਘੇਂ ਇੱਟਾਂ ਅਤੇ ਸੀਮਿੰਟ ਨਾਲ ਬੰਦ ਕਰ ਦਿੱਤੇ ਹਨ।