ਨੌਜਵਾਨ ਪੁੱਛਦੇ ਹਨ . . .
ਮੈਂ ਆਪਣੇ ਮਿੱਤਰ ਨੂੰ ਕੁਝ ਫ਼ਾਸਲੇ ਤੇ ਕਿਵੇਂ ਰੱਖ ਸਕਦਾ ਹਾਂ?
“ਮੇਰੀ ਸਹੇਲੀ ਮੇਰੇ ਨਾਲ ਇਸ ਤਰ੍ਹਾਂ ਸਲੂਕ ਕਰਦੀ ਸੀ ਜਿਵੇਂ ਮੈਂ ਉਸ ਦੀ ਅਮਾਨਤ ਸੀ। ਉਹ ਤਾਂ ਮੈਨੂੰ ਸਾਹ ਵੀ ਨਹੀਂ ਲੈਣ ਦਿੰਦੀ ਸੀ।”—ਹੌਲੀ।
ਇਕ ਬੁੱਧੀਮਾਨ ਕਹਾਵਤ ਕਹਿੰਦੀ ਹੈ: “ਅਜੇਹਾ ਵੀ ਹਿੱਤਕਾਰੀ ਹੈ ਜੋ ਭਰਾ ਨਾਲੋਂ ਵੀ ਵੱਧ ਕੇ ਚਿਪਕਦਾ ਹੈ।” (ਕਹਾਉਤਾਂ 18:24) ਅਤੇ ਜੇ ਤੁਹਾਡਾ ਅਜਿਹਾ ਕੋਈ ਮਿੱਤਰ ਹੈ ਜਿਸ ਦਾ ਵਿਸ਼ਵਾਸ, ਮਜ਼ਾਕੀਆ-ਸੁਭਾਅ, ਜਾਂ ਦਿਲਚਸਪੀਆਂ ਤੁਹਾਡੇ ਵਰਗੀਆਂ ਹਨ, ਤਾਂ ਕੁਦਰਤੀ ਤੌਰ ਤੇ ਤੁਸੀਂ ਨਾਲ-ਨਾਲ ਰਹਿਣਾ ਚਾਹੋਗੇ। ਕੈਰੋਲਾਈਨ ਨਾਮਕ ਇਕ ਮੁਟਿਆਰ ਕਹਿੰਦੀ ਹੈ: “ਕਲੀਸਿਯਾ ਵਿਚ ਕਈਆਂ ਦੇ ਨਾਲ ਮੇਰੀ ਗਹਿਰੀ ਮਿੱਤਰਤਾ ਦਾ ਕਾਰਨ ਇਹ ਹੈ ਕਿ ਸਰਗਰਮੀਆਂ ਵਿਚ ਅਸੀਂ ਇਕੱਠੇ ਹਿੱਸਾ ਲੈਂਦੇ ਹਾਂ।” ਯਹੋਵਾਹ ਦੀ ਇਕ ਗਵਾਹ ਵਜੋਂ, ਕੈਰੋਲਾਈਨ ਨੇ ਇਕ ਮਹੀਨਾ ਅਲੱਗ ਰੱਖਿਆ ਜਿਸ ਵਿਚ ਉਸ ਨੇ ਪ੍ਰਚਾਰ ਕੰਮ ਵਿਚ 60 ਘੰਟੇ ਬਿਤਾਉਣ ਦੀ ਯੋਜਨਾ ਬਣਾਈ। ਉਸ ਦੀਆਂ ਸਹੇਲੀਆਂ ਨੇ ਉਸ ਦੀ ਮਦਦ ਕਰਨ ਲਈ ਆਪਣੇ ਪ੍ਰੋਗ੍ਰਾਮ ਬਦਲੇ!
ਲੇਕਿਨ ਭਾਵੇਂ ਕਿ ਏਕਤਾ ਦੇ ਲਾਭ ਹਨ, ਕਦੇ-ਕਦੇ ਇਹ ਹੱਦੋਂ ਵੱਧ ਲੱਗ ਸਕਦੀ ਹੈ। ਹੌਲੀ, ਜਿਸ ਦਾ ਸ਼ੁਰੂ ਵਿਚ ਹਵਾਲਾ ਦਿੱਤਾ ਗਿਆ ਸੀ, ਆਪਣੀ ਇਕ ਸਹੇਲੀ ਦੁਆਰਾ ਦੱਬੀ ਹੋਈ ਮਹਿਸੂਸ ਕਰਦੀ ਹੈ। ਅਤੇ ਉਹ ਇਕੱਲੀ ਹੀ ਇਸ ਤਰ੍ਹਾਂ ਮਹਿਸੂਸ ਕਰਨ ਵਾਲੀ ਨਹੀਂ ਹੈ। ਹੌਲੀ ਟਿੱਪਣੀ ਕਰਦੀ ਹੈ: “ਇਸ ਤਰ੍ਹਾਂ ਦੂਜਿਆਂ ਨਾਲ ਵੀ ਹੁੰਦਾ ਜਾਪਦਾ ਹੈ। ਉਹ ਇਕ ਦੂਜੇ ਨਾਲ ਇੰਨੇ ਚਿਪਕੇ ਰਹਿੰਦੇ ਹਨ ਕਿ ਆਖ਼ਰ ਉਨ੍ਹਾਂ ਵਿਚ ਜ਼ਬਰਦਸਤ ਝਗੜਾ ਹੋ ਜਾਂਦਾ ਹੈ। ਫਿਰ ਉਹ ਕਈ ਹਫ਼ਤਿਆਂ ਤਕ ਇਕ ਦੂਜੇ ਨਾਲ ਬੋਲਦੇ ਹੀ ਨਹੀਂ।”
ਮੁਸ਼ਕਲ ਇਹ ਹੈ ਕਿ ਇਸੇ ਮਿੱਤਰ ਨੂੰ ਇਹ ਦੱਸਣਾ ਕੋਈ ਸੌਖੀ ਗੱਲ ਨਹੀਂ ਹੈ ਕਿ ਤੁਸੀਂ ਦੱਬੇ ਹੋਏ ਮਹਿਸੂਸ ਕਰਦੇ ਹੋ ਅਤੇ ਤੁਹਾਨੂੰ ਕੁਝ ਫ਼ਾਸਲੇ ਦੀ ਲੋੜ ਹੈ। ਤੁਹਾਨੂੰ ਸ਼ਾਇਦ ਡਰ ਹੋਵੇ ਕਿ ਤੁਸੀਂ ਆਪਣੇ ਮਿੱਤਰ ਨੂੰ ਦੁੱਖ ਪਹੁੰਚਾਓਗੇ। ਤੁਹਾਨੂੰ ਸ਼ਾਇਦ ਇਹ ਵੀ ਡਰ ਹੋਵੇ ਕਿ ਤੁਸੀਂ ਆਪਣੀ ਦੋਸਤੀ ਗੁਆ ਬੈਠੋਗੇ। ਲੇਕਿਨ, ਮਿੱਤਰਤਾ ਵਿਚ ਇਕ ਉਚਿਤ ਫ਼ਾਸਲਾ ਦੁੱਖ ਦੇਣ ਦੀ ਬਜਾਇ ਸਹਾਈ ਹੋ ਸਕਦਾ ਹੈ।
ਮਿਸਾਲ ਦੇ ਤੌਰ ਤੇ: ਆਸਟ੍ਰੇਲੀਆ, ਸਿਡਨੀ ਦੇ ਇਕ ਜਨਤਕ ਬਾਗ਼ ਵਿਚ, ਇਕ ਬਹੁਤ ਵੱਡੇ ਦਰਖ਼ਤ ਦੇ ਦੁਆਲੇ ਸੰਗਲੀ ਦੀ ਵਾੜ ਲਾਉਣੀ ਪਈ। ਕਿਉਂ? ਕਿਉਂਕਿ ਸੈਰ ਕਰਨ ਵਾਲੇ ਲੋਕਾਂ ਦੇ ਪੈਰਾਂ ਹੇਠ ਜ਼ਮੀਨ ਹੌਲੀ-ਹੌਲੀ ਦੱਬੀ ਗਈ ਅਤੇ ਜੜ੍ਹਾਂ ਸੁੱਕ ਰਹੀਆਂ ਸਨ। ਰਾਖੀ ਨਾ ਕੀਤੀ ਜਾਂਦੀ ਤਾਂ ਸ਼ਾਇਦ ਦਰਖ਼ਤ ਮਰ ਜਾਂਦਾ।
ਮਿੱਤਰਤਾ ਨਾਲ ਵੀ ਇਸ ਤਰ੍ਹਾਂ ਹੋ ਸਕਦਾ ਹੈ। ਇਕ ਦੂਜੇ ਨਾਲ ਬਹੁਤ ਜ਼ਿਆਦਾ ਸਮਾਂ ਇਕੱਠੇ ਰਹਿਣਾ ਮਿੱਤਰਤਾ ਨੂੰ ਕੁਚਲ ਸਕਦਾ ਹੈ। ਸੁਲੇਮਾਨ ਰਾਜੇ ਨੇ ਲਿਖਿਆ: “ਆਪਣੇ ਗੁਆਂਢੀ ਦੇ ਘਰ ਪੈਰ ਤਾਂ ਧਰੀਂ ਪਰ ਸੰਗੁੱਚ ਕੇ, ਅਜਿਹਾ ਨਾ ਹੋਵੇ ਭਈ ਉਹ ਅੱਕ ਕੇ ਤੈਥੋਂ ਕਰਾਹਤ ਕਰੇ।”—ਕਹਾਉਤਾਂ 25:17.
ਨਿੱਜੀ ਸਮੇਂ ਅਤੇ ਏਕਾਂਤ ਦੀ ਜ਼ਰੂਰਤ
ਸੁਲੇਮਾਨ ਨੇ ਇਹ ਕਿਉਂ ਕਿਹਾ? ਇਕ ਕਾਰਨ ਇਹ ਹੈ ਕਿ ਸਾਨੂੰ ਸਾਰਿਆਂ ਨੂੰ ਕੁਝ ਨਿੱਜੀ ਸਮੇਂ ਅਤੇ ਏਕਾਂਤ ਦੀ ਜ਼ਰੂਰਤ ਹੈ। ਯਿਸੂ ਮਸੀਹ ਨੂੰ ਵੀ ਇਸ ਦੀ ਜ਼ਰੂਰਤ ਸੀ। ਭਾਵੇਂ ਕਿ ਉਸ ਦਾ ਆਪਣੇ ਚੇਲਿਆਂ ਨਾਲ ਨਜ਼ਦੀਕੀ ਰਿਸ਼ਤਾ ਸੀ, ਪਰ ਸਮੇਂ-ਸਮੇਂ ਤੇ ਉਹ “ਪ੍ਰਾਰਥਨਾ ਕਰਨ ਲਈ ਨਿਰਾਲੇ ਵਿੱਚ” ਚਲਾ ਜਾਂਦਾ ਸੀ। (ਮੱਤੀ 14:23; ਮਰਕੁਸ 1:35) ਈਸ਼ਵਰੀ-ਭੈ ਰੱਖਣ ਵਾਲੇ ਇਸਹਾਕ ਨੇ ਵੀ ਇਕੱਲਾ ਹੋਣ ਲਈ ਸਮਾਂ ਭਾਲਿਆ। (ਉਤਪਤ 24:63) ਤੁਹਾਨੂੰ ਵੀ ਸਕੂਲ ਦਾ ਕੰਮ, ਘਰ ਦਾ ਕੰਮ, ਅਤੇ ਬਾਈਬਲ ਦਾ ਆਪਣਾ ਨਿੱਜੀ ਅਧਿਐਨ ਵਰਗੇ ਕੰਮ ਕਰਨ ਲਈ ਕੁਝ ਹੱਦ ਤਕ ਨਿੱਜੀ ਸਮੇਂ ਦੀ ਜ਼ਰੂਰਤ ਹੈ। ਅਤੇ ਜੇਕਰ ਤੁਹਾਡੇ ਮਿੱਤਰ ਇਨ੍ਹਾਂ ਗੱਲਾਂ ਵਿਚ ਤੁਹਾਡੀ ਜ਼ਰੂਰਤ ਦਾ ਖ਼ਿਆਲ ਨਹੀਂ ਕਰਦੇ, ਤਾਂ ਆਸਾਨੀ ਨਾਲ ਨਾਰਾਜ਼ਗੀ ਪੈਦਾ ਹੋ ਸਕਦੀ ਹੈ।
ਇਸ ਲਈ, ਆਪਣੇ ਮਿੱਤਰ ਨੂੰ ਇਹ ਦੱਸਣ ਤੋਂ ਨਾ ਘਬਰਾਓ ਕਿ ਤੁਹਾਨੂੰ ਆਪਣੇ ਵਾਸਤੇ ਸਮੇਂ ਦੀ ਲੋੜ ਹੈ। ਕਿਉਂ ਜੋ ਮਸੀਹੀ ਪ੍ਰੇਮ “ਆਪ ਸੁਆਰਥੀ ਨਹੀਂ ਹੈ,” ਇਕ ਸੱਚਾ ਮਿੱਤਰ ਆਮ ਤੌਰ ਤੇ ਸਮਝਣ ਦੀ ਕੋਸ਼ਿਸ਼ ਕਰੇਗਾ। (1 ਕੁਰਿੰਥੀਆਂ 13:4, 5; ਕਹਾਉਤਾਂ 17:17) ਇਕ ਮੁਟਿਆਰ ਲਿਖਦੀ ਹੈ: “ਜਦੋਂ ਮੇਰੇ ਫਾਈਨਲ ਇਮਤਿਹਾਨ ਨੇੜੇ ਪਹੁੰਚੇ, ਉਦੋਂ ਮੇਰੀਆਂ ਸਹੇਲੀਆਂ ਨੇ ਮੇਰੀ ਬਹੁਤ ਮਦਦ ਕੀਤੀ ਅਤੇ ਸਮਝਦਾਰੀ ਦਿਖਾਈ। ਜਦੋਂ ਮੈਨੂੰ ਅਧਿਐਨ ਕਰਨ ਲਈ ਸਮੇਂ ਦੀ ਜ਼ਰੂਰਤ ਹੁੰਦੀ ਤਾਂ ਮੈਂ ਉਨ੍ਹਾਂ ਨੂੰ ਜਾਣ ਨੂੰ ਕਹਿਣ ਤੋਂ ਨਹੀਂ ਡਰੀ। ਮੇਰੀਆਂ ਸਹੇਲੀਆਂ ਨਾਲ ਖੁੱਲ੍ਹ ਕੇ ਗੱਲ ਕਰਨੀ ਸੌਖੀ ਹੈ; ਉਹ ਜਾਣਦੀਆਂ ਹਨ ਕਿ ਸਾਡੀਆਂ ਸਾਰਿਆਂ ਦੀਆਂ ਜ਼ਿੰਮੇਵਾਰੀਆਂ ਹਨ।”
ਨਿਸ਼ਚੇ ਹੀ, ਸੁਨਹਿਰੇ ਅਸੂਲ ਅਨੁਸਾਰ ਤੁਹਾਨੂੰ ਵੀ ਆਪਣੇ ਮਿੱਤਰਾਂ ਦਾ ਸਮਾਨ ਖ਼ਿਆਲ ਰੱਖਣਾ ਚਾਹੀਦਾ ਹੈ। (ਮੱਤੀ 7:12) ਟਮਾਰਾ ਨਾਮਕ ਮੁਟਿਆਰ ਲਿਖਦੀ ਹੈ: “ਮੇਰੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨੇ ਮੈਨੂੰ ਸੱਚ-ਮੁੱਚ ਹੀ ਇਸ ਗੱਲ ਤੋਂ ਜ਼ਿਆਦਾ ਸਚੇਤ ਕਰ ਦਿੱਤਾ ਕਿ ਮੇਰੀ ਸਹੇਲੀ ਨੂੰ ਵੀ ਨਿੱਜੀ ਸਮੇਂ ਦੀ ਲੋੜ ਹੈ।” ਅਤੇ ਜਦੋਂ ਟਮਾਰਾ ਨੂੰ ਘਰ ਦੇ ਕੰਮ ਕਰਨੇ ਪੈਂਦੇ ਹਨ, ਤਾਂ ਉਸ ਦੀਆਂ ਸਹੇਲੀਆਂ ਉਸ ਉੱਤੇ ਫਾਹਾ ਵੱਢਣ ਲਈ ਜ਼ੋਰ ਨਹੀਂ ਪਾਉਂਦੀਆਂ ਹਨ, ਅਤੇ ਨਾ ਹੀ ਕੰਮ ਨੂੰ ਬਾਅਦ ਵਿਚ ਕਰਨ ਨੂੰ ਕਹਿੰਦੀਆਂ ਹਨ। ਬਲਕਿ, ਟਮਾਰਾ ਕਹਿੰਦੀ ਹੈ ਕਿ “ਉਹ ਆਮ ਤੌਰ ਤੇ ਕੰਮ ਵਿਚ ਮੇਰੇ ਨਾਲ ਹੱਥ ਵਟਾਉਂਦੀਆਂ ਹਨ ਤਾਂ ਕਿ ਅਸੀਂ ਬਾਅਦ ਵਿਚ ਇਕੱਠੀਆਂ ਹੋਰ ਕੁਝ ਕਰ ਸਕਦੀਆਂ ਹਾਂ।” ਅਜਿਹੇ ਨਿਰਸੁਆਰਥੀ ਮਿੱਤਰ ਕਿੰਨੇ ਹੀ ਅਨਮੋਲ ਹਨ—ਅਤੇ ਇਹ ਇਕੱਠੇ ਬਿਤਾਏ ਗਏ ਸਮੇਂ ਦਾ ਕਿੰਨਾ ਲਾਭਦਾਇਕ ਉਪਯੋਗ ਹੈ!
“ਖੁਲ੍ਹੇ ਦਿਲ ਦੇ ਹੋਵੋ”
ਇਕ ਹੋਰ ਵੀ ਕਾਰਨ ਹੈ ਕਿ ਮਿੱਤਰਤਾ ਵਿਚ ਕੁਝ ਫ਼ਾਸਲਾ ਰੱਖਣਾ ਕਿਉਂ ਬੁੱਧੀਮਤਾ ਹੈ। ਜਦੋਂ ਅਸੀਂ ਆਪਣਾ ਸਾਰਾ ਸਮਾਂ ਅਤੇ ਜੋਸ਼ ਸਿਰਫ਼ ਇਕ ਹੀ ਮਿੱਤਰਤਾ ਵਿਚ ਲਗਾਉਂਦੇ ਹਾਂ, ਤਾਂ ਅਸੀਂ ਸ਼ਾਇਦ ਦੂਜੇ ਮਹੱਤਵਪੂਰਣ ਰਿਸ਼ਤਿਆਂ ਦੀ ਅਣਗਹਿਲੀ ਕਰੀਏ—ਜਿਵੇਂ ਕਿ ਸਾਡਾ ਆਪਣੇ ਮਾਪਿਆਂ ਨਾਲ ਅਤੇ ਭੈਣ-ਭਰਾਵਾਂ ਨਾਲ ਅਤੇ ਦੂਜੇ ਮਸੀਹੀਆਂ ਨਾਲ ਰਿਸ਼ਤਾ। ਨਾਲੇ ਅਸੀਂ ਆਪਣੀ ਭਾਵਾਤਮਕ ਅਤੇ ਅਧਿਆਤਮਿਕ ਉੱਨਤੀ ਨੂੰ ਬਹੁਤ ਹੱਦ ਤਕ ਸੀਮਿਤ ਕਰਦੇ ਹਾਂ। ਬਾਈਬਲ ਕਹਿੰਦੀ ਹੈ: “ਲੋਹਾ ਲੋਹੇ ਨੂੰ ਤਿੱਖਾ ਕਰਦਾ ਹੈ, ਇਉਂ ਮਨੁੱਖ ਆਪਣੇ ਮਿੱਤ੍ਰ ਦੇ ਮੁਖ ਨੂੰ ਤਿੱਖਾ ਕਰਦਾ ਹੈ।” (ਕਹਾਉਤਾਂ 27:17) ਸਪੱਸ਼ਟ ਤੌਰ ਤੇ, ਤੁਸੀਂ ਸਿਰਫ਼ ਇਕ ਹੀ ਵਿਅਕਤੀ ਨਾਲ ਸੰਗਤ ਰੱਖਣ ਦੁਆਰਾ ਕੁਝ ਹੱਦ ਤਕ ਹੀ ‘ਤਿੱਖੇ’ ਹੋ ਸਕਦੇ ਹੋ—ਖ਼ਾਸ ਕਰਕੇ ਜੇ ਉਹ ਵਿਅਕਤੀ ਤੁਹਾਡਾ ਹਾਣੀ ਹੈ।
ਇਸ ਲਈ ਬਾਈਬਲ ਸਾਨੂੰ ਆਪਣੇ ਮਿੱਤਰਾਂ ਦੀ ਚੋਣ ਕਰਨ ਦੇ ਮਾਮਲੇ ਵਿਚ ਗੁਟ ਬਣਾਉਣ ਤੋਂ, ਤੰਗ-ਦਿਲ ਹੋਣ ਤੋਂ, ਜਾਂ ਦੂਸਰਿਆਂ ਤੋਂ ਦੂਰ ਰਹਿਣ ਤੋਂ ਵਰਜਦੀ ਹੈ। ਉਹ ਸਾਨੂੰ ‘ਖੁਲ੍ਹੇ ਦਿਲ ਦੇ ਹੋਣ’ ਲਈ ਉਤਸ਼ਾਹਿਤ ਕਰਦੀ ਹੈ। (2 ਕੁਰਿੰਥੀਆਂ 6:13) ਮਿਜ਼ਾਜ ਅਤੇ ਜਜ਼ਬਾਤ (ਅੰਗ੍ਰੇਜ਼ੀ) ਪੁਸਤਕ ਸਲਾਹ ਪੇਸ਼ ਕਰਦੀ ਹੈ: “ਭਾਵੇਂ ਕਿਸੇ ਨਾਲ ਤੁਹਾਡਾ ਖ਼ਾਸ ਰਿਸ਼ਤਾ ਹੈ, ਫਿਰ ਵੀ ਦੂਜੇ ਮਿੱਤਰਾਂ ਨੂੰ ਸਮਾਂ ਦੇਣਾ ਜ਼ਰੂਰੀ ਹੈ।”
ਅਜਿਹੀ ਸਲਾਹ ਲਾਗੂ ਕਰਨੀ ਹਮੇਸ਼ਾ ਸੌਖੀ ਨਹੀਂ ਹੁੰਦੀ। ਮਾਈਕਲ ਨਾਮਕ ਇਕ ਮਸੀਹੀ ਨੌਜਵਾਨ ਕਹਿੰਦਾ ਹੈ: “ਟਰੌਏ ਅਤੇ ਮੈਂ, ਕਲੀਸਿਯਾ ਵਿਚ ਅਤੇ ਸਮਾਜਕ ਤੌਰ ਤੇ ਵੀ, ਸਭ ਕੰਮ ਇਕੱਠੇ ਕਰਦੇ ਸੀ। ਸਾਨੂੰ ਵੱਖ ਨਹੀਂ ਸੀ ਕੀਤਾ ਜਾ ਸਕਦਾ। ਫਿਰ ਕਲੀਸਿਯਾ ਵਿਚ ਇਕ ਹੋਰ ਨੌਜਵਾਨ ਗਵਾਹ ਆਇਆ। ਅਸੀਂ ਦੋਨੋਂ ਇਕੱਠੇ ਪੂਰਣ-ਕਾਲੀ ਪ੍ਰਚਾਰਕਾਂ ਵਜੋਂ ਸੇਵਾ ਕਰਨੀ ਚਾਹੁੰਦੇ ਸੀ, ਇਸ ਲਈ ਅਸੀਂ ਇਕੱਠੇ ਸਮਾਂ ਬਿਤਾਉਣ ਲੱਗ ਪਏ।” ਨਤੀਜਾ ਕੀ ਨਿਕਲਿਆ? ਮਾਈਕਲ ਕਹਿੰਦਾ ਹੈ: “ਟਰੌਏ ਨੇ ਮੇਰੇ ਨਾਲ ਬੋਲਣਾ ਬੰਦ ਕਰ ਦਿੱਤਾ, ਅਤੇ ਸੁਲ੍ਹਾ ਕਰਨ ਲਈ ਬੇਕਾਰ ਕੋਸ਼ਿਸ਼ਾਂ ਤੋਂ ਬਾਅਦ, ਮੈਂ ਵੀ ਉਸ ਦੇ ਨਾਲ ਬੋਲਣਾ ਛੱਡ ਦਿੱਤਾ। ਇਸ ਤਰ੍ਹਾਂ ਸਾਲ ਭਰ ਚੱਲਦਾ ਰਿਹਾ।” ਉਹ ਦੱਸਦਾ ਹੈ ਕਿ ਟਰੌਏ ਉਸ ਨੂੰ ਕਿਸੇ ਹੋਰ ਨਾਲ ਮਿੱਤਰਤਾ ਕਰਦੇ ਹੋਏ ਦੇਖ ਕੇ ਰਾਜ਼ੀ ਨਹੀਂ ਸੀ।
ਪਰੰਤੂ, ਇਕ ਚੰਗੇ ਰਿਸ਼ਤੇ ਵਿਚ, ਮਿੱਤਰ ਇਕ ਦੂਜੇ ਤੇ ਅਧਿਕਾਰ ਨਹੀਂ ਰੱਖਦੇ। ਇਸ ਲਈ ਜੇ ਇਕ ਮਿੱਤਰ ਤੁਹਾਡੀਆਂ ਖੁੱਲ੍ਹੇ ਦਿਲ ਦੇ ਹੋਣ ਦੀਆਂ ਕੋਸ਼ਿਸ਼ਾਂ ਨੂੰ ਪਸੰਦ ਨਾ ਕਰੇ, ਤਾਂ ਤੁਹਾਨੂੰ ਉਸ ਨਾਲ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਹੈ। ਸ਼ਾਇਦ ਤੁਹਾਡੇ ਮਿੱਤਰ ਜਾਂ ਸਹੇਲੀ ਨੂੰ ਭਰੋਸਾ ਦੇਣ ਦੀ ਜ਼ਰੂਰਤ ਹੋਵੇ ਕਿ ਤੁਸੀਂ ਉਸ ਦੀ ਮਿੱਤਰਤਾ ਦੀ ਅਜੇ ਵੀ ਕਦਰ ਕਰਦੇ ਹੋ। ਸਪੱਸ਼ਟ ਕਰੋ ਕਿ ਤੁਸੀਂ ਇਕੱਠੇ ਕੰਮ ਕਰਦੇ ਰਹੋਗੇ।
ਇਹ ਮੰਨਣ ਵਾਲੀ ਗੱਲ ਹੈ ਕਿ ਤੁਹਾਡੇ ਮਿੱਤਰ ਨੂੰ ਇਸ ਵਿਚਾਰ ਦੇ ਅਨੁਕੂਲ ਹੋਣ ਲਈ ਸ਼ਾਇਦ ਥੋੜ੍ਹਾ-ਬਹੁਤ ਸਮਾਂ ਲੱਗੇ। ਉਦਾਹਰਣ ਲਈ, 16 ਸਾਲ ਦੀ ਜ਼ਨੀਟਾ ਆਪਣੀ ਪੱਕੀ ਸਹੇਲੀ ਦੇ ਦੂਜਿਆਂ ਨਾਲ ਸਮਾਂ ਬਿਤਾਉਣ ਤੇ ਖਾਰ ਖਾਣ ਲੱਗ ਪਈ। ਲੇਕਿਨ ਜ਼ਨੀਟਾ ਕਹਿੰਦੀ ਹੈ ਕਿ “ਪ੍ਰਾਰਥਨਾ ਅਤੇ ਨਿੱਜੀ ਬਾਈਬਲ ਅਧਿਐਨ ਦੁਆਰਾ,” ਉਸ ਨੇ ਇਨ੍ਹਾਂ ਜਜ਼ਬਾਤਾਂ ਉੱਤੇ ਜਿੱਤ ਪ੍ਰਾਪਤ ਕੀਤੀ। ਇਸ ਤਰ੍ਹਾਂ ਉਹ ਆਪਣੀ ਸਹੇਲੀ ਨਾਲ ਇਕ ਨਜ਼ਦੀਕੀ ਰਿਸ਼ਤਾ ਕਾਇਮ ਰੱਖ ਸਕੀ। ਮਾਈਕਲ ਦੇ ਮਿੱਤਰ ਟਰੌਏ ਨੇ ਵੀ ਆਪਣੀ ਈਰਖਾ ਉੱਤੇ ਕਾਬੂ ਪਾਇਆ, ਅਤੇ ਉਹ ਇਕ ਵਾਰ ਫਿਰ ਚੰਗੇ ਮਿੱਤਰ ਬਣ ਗਏ। ਸ਼ਾਇਦ ਤੁਹਾਡਾ ਮਿੱਤਰ ਵੀ ਇਸ ਤਰ੍ਹਾਂ ਕਰੇ। ਅਸਲ ਵਿਚ, ਖੁੱਲ੍ਹੇ ਦਿਲ ਦੇ ਹੋਣਾ, ਆਖ਼ਰਕਾਰ ਸਾਰਿਆਂ ਦੇ ਭਲੇ ਲਈ ਹੈ। 17 ਸਾਲ ਦੀ ਡੇਬੀ ਨੇ ਦੇਖਿਆ ਕਿ ਜਦੋਂ ਉਸ ਦੀਆਂ ਸਹੇਲੀਆਂ ਨਵੀਆਂ ਸਹੇਲੀਆਂ ਬਣਾਉਂਦੀਆਂ ਹਨ, ਤਾਂ “ਉਹ ਅਕਸਰ ਮੇਰੀਆਂ ਸਹੇਲੀਆਂ ਵੀ ਬਣ ਜਾਂਦੀਆਂ ਹਨ।”
ਪਰੰਤੂ, ਉਦੋਂ ਕੀ ਜੇਕਰ ਤੁਹਾਡਾ ਮਿੱਤਰ ਤੁਹਾਡੇ ਰਿਸ਼ਤੇ ਵਿਚ ਇਨ੍ਹਾਂ ਤਬਦੀਲੀਆਂ ਨੂੰ ਸਵੀਕਾਰ ਕਰਨ ਤੋਂ ਬਿਲਕੁਲ ਹੀ ਇਨਕਾਰ ਕਰੇ? ਹੋ ਸਕਦਾ ਹੈ ਕਿ ਤੁਹਾਡੇ ਕੋਲ ਆਪੋ-ਆਪਣੇ ਰਾਹ ਤੇ ਜਾਣ ਤੋਂ ਇਲਾਵਾ ਹੋਰ ਕੋਈ ਚਾਰਾ ਨਾ ਹੋਵੇ। ਫਿਰ ਵੀ, ਇਸ ਨਤੀਜੇ ਤੇ ਪਹੁੰਚਣ ਤੋਂ ਪਹਿਲਾਂ ਕਿ ਤੁਹਾਡੀ ਮਿੱਤਰਤਾ ਖ਼ਤਮ ਹੋ ਚੁੱਕੀ ਹੈ, ਕਿਉਂ ਨਾ ਇਸ ਮਾਮਲੇ ਉੱਤੇ ਆਪਣੇ ਮਾਪਿਆਂ ਦੀ ਰਾਇ ਪੁੱਛੋ? ਆਖ਼ਰ, ਈਸ਼ਵਰੀ-ਭੈ ਰੱਖਣ ਵਾਲੇ ਮਾਪੇ ਅਸਲ ਵਿਚ ਤੁਹਾਡੇ ਸਭ ਤੋਂ ਨਜ਼ਦੀਕੀ ਮਿੱਤਰ ਹਨ। ਅਤੇ ਉਨ੍ਹਾਂ ਕੋਲ ਸ਼ਾਇਦ ਕੁਝ ਫ਼ਾਇਦੇਮੰਦ ਸੁਝਾਅ ਹੋਣ ਜਿਨ੍ਹਾਂ ਨਾਲ ਤੁਸੀਂ ਦੋਸਤੀ ਅਤੇ ਫ਼ਾਸਲਾ ਦੋਵੇਂ ਕਾਇਮ ਰੱਖ ਸਕੋ।
ਚੰਗੇ ਮਿੱਤਰਾਂ ਨਾਲ ਸਮਾਂ ਬਿਤਾਓ
ਇਕ ਨਸੀਹਤ: ਖੁੱਲ੍ਹੇ ਦਿਲ ਦੇ ਹੋਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਬਿਨਾਂ ਸੋਚੇ-ਸਮਝੇ ਕਿਸੇ ਨੂੰ ਵੀ ਆਪਣਾ ਮਿੱਤਰ ਬਣਾ ਲਓ। ਮਿੱਤਰਤਾ ਬਾਰੇ ਇਕ ਕਿਤਾਬ ਕਹਿੰਦੀ ਹੈ: “ਇਹ ਸੁਭਾਵਕ ਹੈ ਕਿ ਤੁਸੀਂ ਉਨ੍ਹਾਂ ਵਰਗੇ ਬਣ ਜਾਓਗੇ ਜਿਨ੍ਹਾਂ ਦੇ ਨਾਲ ਤੁਸੀਂ ਬਹੁਤ ਸਮਾਂ ਬਿਤਾਉਂਦੇ ਹੋ। ਕਦੇ-ਕਦੇ ਇਹ ਅਣਜਾਣੇ ਵਿਚ ਹੋ ਸਕਦਾ ਹੈ। ਤੁਹਾਡੇ ਆਪਣੇ ਤਜਰਬੇ ਦੇ ਬਾਵਜੂਦ ਤੁਸੀਂ ਸ਼ਾਇਦ ਆਪਣੇ ਹਾਣੀਆਂ ਵਾਂਗ ਸੋਚਣ ਅਤੇ ਕੰਮ ਕਰਨ ਲੱਗ ਪਓ। ਇਸ ਤਰ੍ਹਾਂ, ਤੁਹਾਡੇ ਹਾਣੀ ਸ਼ਾਇਦ ਤੁਹਾਡੇ ਉੱਤੇ ਕੰਟ੍ਰੋਲ ਕਰਨ ਲੱਗ ਪੈਣ।” ਬਾਈਬਲ ਨੇ ਹਜ਼ਾਰਾਂ ਸਾਲ ਪਹਿਲਾਂ ਇਹ ਸਮਾਨ ਟਿੱਪਣੀ ਕੀਤੀ ਜਦੋਂ ਇਸ ਨੇ ਕਿਹਾ: “ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ, ਪਰ ਮੂਰਖਾਂ ਦੇ ਸਾਥੀ ਨੂੰ ਦੁਖ ਹੋਵੇਗਾ।”—ਕਹਾਉਤਾਂ 13:20.
ਜਦੋਂ ਤੁਸੀਂ ਸਕੂਲ ਜਾਂਦੇ ਹੋ ਜਾਂ ਨੌਕਰੀ ਕਰਦੇ ਹੋ, ਤਾਂ ਤੁਹਾਨੂੰ ਸ਼ਾਇਦ ਉਨ੍ਹਾਂ ਲੋਕਾਂ ਦੇ ਨਾਲ ਸਮਾਂ ਬਿਤਾਉਣਾ ਪਵੇ ਜੋ ਯਹੋਵਾਹ ਦੀ ਸੇਵਾ ਕਰਨ ਵਿਚ ਦਿਲਚਸਪੀ ਨਹੀਂ ਰੱਖਦੇ ਹਨ। ਲੇਕਿਨ ਨਜ਼ਦੀਕੀ ਸਾਥੀ ਦੀ ਚੋਣ ਕਰਦੇ ਸਮੇਂ, ਬਾਈਬਲ ਦੀ ਸਲਾਹ ਯਾਦ ਰੱਖੋ: “ਬੁਰੀਆਂ ਸੰਗਤਾਂ ਚੰਗਿਆਂ ਚਲਣਾਂ ਨੂੰ ਵਿਗਾੜ ਦਿੰਦੀਆਂ ਹਨ।”—1 ਕੁਰਿੰਥੀਆਂ 15:33.
ਇਹ ਵੀ ਯਾਦ ਰੱਖੋ ਕਿ ਕਿਸੇ ਮਨੁੱਖੀ ਮਿੱਤਰਤਾ ਨਾਲੋਂ ਆਪਣੇ ਸ੍ਰਿਸ਼ਟੀਕਰਤਾ, ਯਹੋਵਾਹ ਪਰਮੇਸ਼ੁਰ, ਨਾਲ ਮਿੱਤਰਤਾ ਜ਼ਿਆਦਾ ਮਹੱਤਵਪੂਰਣ ਹੈ। ਡੇਬੀ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਦੀਆਂ ਅਨੇਕ ਚੰਗੀਆਂ ਸਹੇਲੀਆਂ ਹਨ। ਫਿਰ ਵੀ ਉਸ ਦੀ ਇਹ ਸਲਾਹ ਹੈ ਕਿ “ਨਿਸ਼ਚਿਤ ਕਰੋ ਕਿ ਯਹੋਵਾਹ ਨੂੰ ਹਮੇਸ਼ਾ ਪਹਿਲਾ ਰੱਖੋ।” ਪ੍ਰਾਚੀਨ ਸਮੇਂ ਦੇ ਵਫ਼ਾਦਾਰ ਅਬਰਾਹਾਮ ਨੇ ਇਸ ਤਰ੍ਹਾਂ ਕੀਤਾ ਸੀ, ਅਤੇ ਯਹੋਵਾਹ ਨੇ ਖ਼ਾਸ ਤੌਰ ਤੇ ਉਸ ਨੂੰ ‘ਮੇਰਾ ਦੋਸਤ’ ਸੱਦਿਆ। (ਯਸਾਯਾਹ 41:8) ਅਤੇ ਇਸ ਉੱਤੇ ਵਿਚਾਰ ਕਰੋ: ਯਹੋਵਾਹ ਨਾਰਾਜ਼ ਨਹੀਂ ਹੁੰਦਾ ਹੈ ਜਦੋਂ ਤੁਸੀਂ ਆਪਣੇ ਮਿੱਤਰਾਂ ਨੂੰ ਜੋ ਯਹੋਵਾਹ ਨੂੰ ਪਿਆਰ ਕਰਦੇ ਹਨ, ਆਪਣਾ ਸਮਾਂ ਦਿੰਦੇ ਹੋ; ਅਸਲ ਵਿਚ, ਉਹ ਅਜਿਹਾ ਕਰਨ ਲਈ ਉਤਸ਼ਾਹਿਤ ਕਰਦਾ ਹੈ। ਉਹ ਸੱਚ-ਮੁੱਚ ਸੱਚਾ ਮਿੱਤਰ ਹੈ!
[ਸਫ਼ੇ 26 ਉੱਤੇ ਤਸਵੀਰ]
ਸੱਚੇ ਮਿੱਤਰ ਨਿੱਜੀ ਸਮੇਂ ਲਈ ਇਕ ਦੂਜੇ ਦੀ ਜ਼ਰੂਰਤ ਨੂੰ ਸਮਝਦੇ ਹਨ