ਤੁਸੀਂ ਕਿਵੇਂ ਚੰਗੀ ਸਿਹਤ ਦਾ ਆਨੰਦ ਮਾਣ ਸਕਦੇ ਹੋ?
ਅੱਜ-ਕੱਲ੍ਹ ਲੋਕ ਰੋਗਾਂ ਦੇ ਇਲਾਜਾਂ ਬਾਰੇ ਕਾਫ਼ੀ ਚਰਚਾ ਕਰਦੇ ਹਨ। ਇਵੇਂ ਲੱਗਦਾ ਹੈ ਕਿ ਤਕਰੀਬਨ ਹਰ ਮਿੱਤਰ ਜਾਂ ਗੁਆਂਢੀ ਕੋਲ ਹਰ ਸਿਹਤ ਸੰਬੰਧੀ ਤਕਲੀਫ਼ ਲਈ ਕੋਈ-ਨ-ਕੋਈ ਦਵਾ-ਦਾਰੂ ਹੁੰਦਾ ਹੈ। ਇਹ ਗੱਲ ਸਮਝਣਯੋਗ ਹੈ ਕਿ ਸਵੈ-ਇਲਾਜ ਕਰਨ ਦੀ ਉਤੇਜਨਾ ਕਾਫ਼ੀ ਜ਼ੋਰਦਾਰ ਹੋ ਸਕਦੀ ਹੈ। ਪਰ, ਅਜਿਹੇ ਲੋਕ ਵੀ ਹਨ ਜੋ “ਸਿਰਫ਼ ਉਦੋਂ ਹੀ ਡਾਕਟਰ ਨੂੰ ਸੱਦਦੇ ਹਨ ਜਦੋਂ ਹਾਲਤ ਬੇਹੱਦ ਗੰਭੀਰ ਹੋ ਜਾਂਦੀ ਹੈ,” ਇਕ ਬ੍ਰਾਜ਼ੀਲੀ ਡਾਕਟਰਨੀ ਕਹਿੰਦੀ ਹੈ। “ਉਨ੍ਹਾਂ ਮਰੀਜ਼ਾਂ ਦੀ ਚਮੜੀ ਉੱਤੇ ਸ਼ਾਇਦ ਅਜਿਹੇ ਜ਼ਖ਼ਮ ਹੋਣ ਜੋ ਸਵੈ-ਇਲਾਜ ਤੋਂ ਕਾਫ਼ੀ ਮਹੀਨਿਆਂ ਬਾਅਦ ਵੀ ਨਹੀਂ ਠੀਕ ਹੁੰਦੇ। ਜਦੋਂ ਉਹ ਡਾਕਟਰ ਕੋਲ ਜਾਂਦੇ ਹਨ, ਤਾਂ ਪਤਾ ਚੱਲਦਾ ਹੈ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੈਂਸਰ ਹੋਈ ਹੈ ਜਿਸ ਦਾ ਪਹਿਲਾਂ ਤੋਂ ਹੀ ਇਲਾਜ ਕਰਵਾਇਆ ਜਾਣਾ ਚਾਹੀਦਾ ਸੀ।”
ਕਿਉਂਕਿ ਸਮੇਂ ਸਿਰ ਰੋਗ ਨੂੰ ਪਛਾਣ ਲੈਣਾ ਅਕਸਰ ਜਾਨ ਬਚਾ ਸਕਦਾ ਹੈ, ਦੇਰ ਕਰਨ ਵਿਚ ਹਾਲਤ ਵਿਗੜ ਸਕਦੀ ਹੈ। “ਤੀਹਾਂ ਸਾਲਾਂ ਦੀ ਇਕ ਔਰਤ ਦੀ ਮਾਹਵਾਰੀ ਦੇਰ ਨਾਲ ਸ਼ੁਰੂ ਹੋਣ ਤੋਂ ਬਾਅਦ ਉਸ ਨੇ ਆਪਣੇ ਪੇਟ ਦੇ ਹੇਠਲੇ ਹਿੱਸੇ ਵਿਚ ਥੋੜ੍ਹਾ-ਥੋੜ੍ਹਾ ਦਰਦ ਅਨੁਭਵ ਕੀਤਾ। ਸਵੈ-ਇਲਾਜ ਕਰਦਿਆਂ ਉਸ ਨੇ ਦਰਦ ਅਤੇ ਸੋਜਸ਼ ਘਟਾਉਣ ਵਾਲੀਆਂ ਕਾਫ਼ੀ ਦਵਾਈਆਂ ਲੈ ਲਈਆਂ, ਅਤੇ ਉਹ ਠੀਕ ਮਹਿਸੂਸ ਕਰਨ ਲੱਗ ਪਈ,” ਇਕ ਸਰਜਨ ਦੱਸਦਾ ਹੈ। “ਪਰ ਤਿੰਨ ਦਿਨਾਂ ਬਾਅਦ, ਜ਼ਿਆਦਾ ਖ਼ੂਨ ਵਹਿਣ ਕਾਰਨ ਉਹ ਸਦਮੇ ਵਿਚ ਚਲੀ ਗਈ ਅਤੇ ਜਲਦੀ ਹੀ ਉਸ ਨੂੰ ਹਸਪਤਾਲ ਦਾਖ਼ਲ ਕੀਤਾ ਗਿਆ। ਉਸ ਦੀ ਫੈਲੋਪੀ ਟਿਉਬ ਵਿਚ ਗਰਭ-ਅਵਸਥਾ ਦਾ ਪਤਾ ਲੱਗਣ ਤੇ ਮੈਂ ਉਸ ਦਾ ਫ਼ੌਰਨ ਓਪਰੇਸ਼ਨ ਕੀਤਾ। ਉਹ ਮਸਾਂ-ਮਸਾਂ ਬਚੀ!”
ਸਾਓ ਪੌਲੋ ਵਿਚ ਇਕ ਮੁਟਿਆਰ ਨੇ ਸੋਚਿਆ ਕਿ ਉਸ ਨੂੰ ਖ਼ੂਨ ਦੀ ਕਮੀ ਸੀ, ਪਰ ਅਸਲ ਵਿਚ ਉਸ ਦੀ ਕਸਰ ਗੁਰਦੇ ਵਿਚ ਇਕ ਚਿਰਕਾਲੀ ਕਮਜ਼ੋਰੀ ਸੀ। ਕਿਉਂਕਿ ਉਸ ਨੇ ਇਲਾਜ ਕਰਾਉਣ ਵਿਚ ਦੇਰ ਕਰ ਦਿੱਤੀ ਸੀ, ਟ੍ਰਾਂਸਪਲਾਂਟ ਤੋਂ ਸਿਵਾਇ ਉਸ ਲਈ ਹੋਰ ਇਲਾਜ ਨਹੀਂ ਰਿਹਾ। ਉਸ ਦੀ ਡਾਕਟਰਨੀ ਨੇ ਕਿਹਾ: “ਮਰੀਜ਼ ਡਾਕਟਰੀ ਇਲਾਜ ਕਰਾਉਣ ਬਾਰੇ ਅਕਸਰ ਜੱਕੋ-ਤੱਕੀ ਕਰਦੇ ਹਨ, ਆਪਣੀ ਸਮਝ ਅਨੁਸਾਰ ਦਵਾਈ ਲੈ ਲੈਂਦੇ ਹਨ, ਜਾਂ ਉਹ ਗ਼ੈਰ-ਮਾਹਰ ਵਿਅਕਤੀਆਂ ਦੁਆਰਾ ਵੀ ਦੱਸੇ ਗਏ ਦੂਜੇ ਉਪਾਅ ਲੱਭਦੇ ਹਨ, ਅਤੇ ਨਤੀਜੇ ਵਜੋਂ ਸਖ਼ਤ ਬੀਮਾਰ ਹੋ ਜਾਂਦੇ ਹਨ।”
ਨਿਸ਼ਚੇ ਹੀ, ਸਾਨੂੰ ਆਪਣੇ ਸਰੀਰ ਦੇ ਲੱਛਣਾਂ ਦੀ ਮਹੱਤਤਾ ਨੂੰ ਘਟਾਉਣਾ ਨਹੀਂ ਚਾਹੀਦਾ ਹੈ। ਪਰ ਫਿਰ ਅਸੀਂ ਤਰ੍ਹਾਂ-ਤਰ੍ਹਾਂ ਦੀਆਂ ਥੈਰੇਪੀਆਂ ਜਾਂ ਸਵੈ-ਇਲਾਜ ਉੱਤੇ ਆਪਣਾ ਧਿਆਨ ਹੱਦੋਂ ਵੱਧ ਲਗਾਉਣ ਤੋਂ ਕਿਵੇਂ ਪਰਹੇਜ਼ ਕਰ ਸਕਦੇ ਹਾਂ? ਸਿਹਤ ਨੂੰ “ਸਰੀਰ, ਮਨ, ਜਾਂ ਆਤਮਾ ਵਿਚ ਸਹੀ-ਸਲਾਮਤੀ” ਵਜੋਂ, ਜਾਂ “ਸਰੀਰਕ ਰੋਗ ਜਾਂ ਦਰਦ ਤੋਂ ਮੁਕਤੀ” ਵਜੋਂ ਵਰਣਿਤ ਕੀਤਾ ਗਿਆ ਹੈ। ਇਹ ਸਵੀਕਾਰ ਕੀਤਾ ਜਾਂਦਾ ਹੈ ਕਿਸੇ-ਨ-ਕਿਸੇ ਹੱਦ ਤਕ ਹੁਣ ਜ਼ਿਆਦਾ ਬੀਮਾਰੀਆਂ ਰੋਕੀਆਂ ਜਾ ਸਕਦੀਆਂ ਹਨ। ਡਾ. ਲੂਇਸ ਟੌਮਸ ਦੇ ਅਨੁਸਾਰ, “ਉਘੜ-ਦੁਘੜ ਤਰੀਕੇ ਨਾਲ ਬਣਾਏ ਜਾਣ ਦੀ ਬਜਾਇ, ਅਸੀਂ ਹੈਰਾਨਕੁਨ ਤੌਰ ਤੇ ਮਜ਼ਬੂਤ, ਹੰਢਣਸਾਰ, ਅਤੇ ਸਿਹਤਮੰਦ ਜੀਵ ਹਾਂ।” ਇਸ ਲਈ, ‘ਰੋਗ-ਭਰਮੀ ਬਣ ਕੇ ਗਮ-ਫ਼ਿਕਰਾਂ ਨਾਲ ਆਪਣੀ ਜਾਨ ਮੁਕਾਉਣ ਦੀ ਬਜਾਇ,’ ਸਾਨੂੰ ਆਪਣੇ ਸਰੀਰ ਦੀ ਆਪਣੇ ਆਪ ਨੂੰ ਚੰਗਾ ਕਰਨ ਦੀ ਅਸਚਰਜ ਯੋਗਤਾ ਨਾਲ-ਨਾਲ ਮਿਲ ਕੇ ਚੱਲਣਾ ਚਾਹੀਦਾ ਹੈ। ਕਾਬਲ ਡਾਕਟਰ ਲੋਕ ਵੀ ਸਾਡੀ ਮਦਦ ਕਰ ਸਕਦੇ ਹਨ।
ਡਾਕਟਰੀ ਮਦਦ ਕਦੋਂ ਭਾਲਣੀ ਚਾਹੀਦੀ ਹੈ
ਇਕ ਬ੍ਰਾਜ਼ੀਲੀ ਡਾਕਟਰ ਦੇ ਅਨੁਸਾਰ ਮਾਹਰਾਂ ਦੀ ਸਹਾਇਤਾ ਉਦੋਂ ਭਾਲਣੀ ਚਾਹੀਦੀ ਹੈ “ਜਦੋਂ ਬੁਖ਼ਾਰ, ਸਿਰਦਰਦ, ਉਲਟੀਆਂ, ਜਾਂ ਪੇਟ, ਛਾਤੀ, ਜਾਂ ਪੇਡੂ ਵਿਚ ਦਰਦ ਕਿਸੇ ਵੀ ਆਮ ਦਵਾਈਆਂ ਨਾਲ ਨਾ ਹਟੇ ਅਤੇ ਇਹ ਲੱਛਣ ਬਿਨਾਂ ਕਿਸੇ ਸਪੱਸ਼ਟ ਕਾਰਨ ਅਕਸਰ ਮੁੜ-ਮੁੜ ਕੇ ਆਈ ਜਾਣ ਜਾਂ ਪੀੜਾ ਸਖ਼ਤ ਜਾਂ ਚੀਰਵੀਂ ਹੋ ਜਾਵੇ।” ਇਕ ਹੋਰ ਡਾਕਟਰ ਅਨੁਸਾਰ ਸਾਨੂੰ ਉਦੋਂ ਡਾਕਟਰੀ ਮਦਦ ਭਾਲਣੀ ਚਾਹੀਦੀ ਹੈ ਜਦੋਂ ਸਾਨੂੰ ਸਮਝ ਨਹੀਂ ਪੈਂਦੀ ਕਿ ਅਸੀਂ ਆਪਣੀ ਬੀਮਾਰੀ ਦੇ ਲੱਛਣਾਂ ਨਾਲ ਕਿਵੇਂ ਨਿਭੀਏ ਜਾਂ ਅਸੀਂ ਮਹਿਸੂਸ ਕਰਦੇ ਹਾਂ ਕਿ ਪਹਿਲਾਂ ਨਾਲੋਂ ਕੁਝ ਅਜੀਬ ਗੱਲ ਹੈ। ਉਹ ਅੱਗੇ ਦੱਸਦਾ ਹੈ: “ਜਦੋਂ ਇਕ ਬਾਲਕ ਬੀਮਾਰ ਹੁੰਦਾ ਹੈ, ਉਸ ਦਾ ਆਪ ਹੀ ਇਲਾਜ ਕਰਨ ਦੀ ਬਜਾਇ, ਆਮ ਤੌਰ ਤੇ ਮਾਪੇ ਉਸ ਨੂੰ ਡਾਕਟਰ ਕੋਲ ਹੀ ਲਿਜਾਣਾ ਪਸੰਦ ਕਰਦੇ ਹਨ।”
ਪਰ ਕੀ ਦਵਾਈਆਂ ਹਮੇਸ਼ਾ ਜ਼ਰੂਰੀ ਹੁੰਦੀਆਂ ਹਨ? ਕੀ ਇਨ੍ਹਾਂ ਦੀ ਵਰਤੋਂ ਤੋਂ ਕੋਈ ਉਲਟੇ ਅਸਰ ਵੀ ਪੈ ਸਕਦੇ ਹਨ, ਜਿਵੇਂ ਕਿ ਪੇਟ ਵਿਚ ਜਲਨ ਜਾਂ ਜਿਗਰ ਜਾਂ ਗੁਰਦਿਆਂ ਨੂੰ ਨੁਕਸਾਨ ਵਰਗੇ ਬੁਰੇ ਅਸਰ? ਦੂਜੀਆਂ ਦਵਾਈਆਂ ਆਪਸ ਵਿਚ ਕਿਵੇਂ ਠੀਕ ਬੈਠਣਗੀਆਂ? “ਘੱਟ ਹੀ ਮਰੀਜ਼ ਆਪਣੇ ਰੋਗ ਦੇ ਸੰਬੰਧ ਵਿਚ ਸਮਝਦਾਰੀ ਵਰਤਦੇ ਹਨ,” ਦ ਨਿਊ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਕਹਿੰਦਾ ਹੈ। ਪਰ, ਇਕ ਈਮਾਨਦਾਰ ਡਾਕਟਰ ਇਹ ਸਮਝਣ ਵਿਚ ਸਾਡੀ ਮਦਦ ਕਰ ਸਕਦਾ ਹੈ ਕਿ ਸਾਰੀਆਂ ਦਵਾਈਆਂ ਸੰਭਾਵੀ ਤੌਰ ਤੇ ਹਾਨੀਕਾਰਕ ਹਨ ਅਤੇ ਅੱਜ ਵਰਤੀਆਂ ਜਾਂਦੀਆਂ ਬਹੁਤ ਘੱਟ ਦਵਾਈਆਂ ਬੁਰੇ ਅਸਰਾਂ ਤੋਂ ਬਿਨਾਂ ਹਨ। ਅਗਲੀ ਵਾਰ ਜਦੋਂ ਤੁਸੀਂ ਡਾਕਟਰ ਦੀ ਲਿਖੀ ਦਵਾਈ ਖ਼ਰੀਦਦੇ ਹੋ, ਜ਼ਰਾ ਲੇਬਲ ਤੇ ਉਨ੍ਹਾਂ ਸੰਭਾਵੀ ਬੁਰੇ ਅਸਰਾਂ ਬਾਰੇ ਦੱਸੀਆਂ ਚੇਤਾਵਨੀਆਂ ਨੂੰ ਪੜ੍ਹਿਓ! ਡਾਕਟਰ ਦੀ ਪਰਚੀ ਤੋਂ ਬਿਨਾਂ ਖ਼ਰੀਦੀਆਂ ਦਵਾਈਆਂ ਵੀ ਨੁਕਸਾਨ ਕਰ ਸਕਦੀਆਂ ਹਨ ਜਾਂ ਮੌਤ ਦਾ ਕਾਰਨ ਬਣ ਸਕਦੀਆਂ ਹਨ ਜੇ ਉਹ ਸਹੀ ਤਰੀਕੇ ਨਾਲ ਨਾ ਵਰਤੀਆਂ ਜਾਣ ਜਾਂ ਲੋੜ ਤੋਂ ਵੱਧ ਵਰਤੀਆਂ ਜਾਣ।
ਦ ਬੋਸਟਨ ਗਲੋਬ ਵਿਚ ਛਪੀ ਇਕ ਰਿਪੋਰਟ ਅਨੁਸਾਰ ਰਿਚਰਡ ਏ. ਨੌਕਸ ਸਾਵਧਾਨੀ ਵਰਤਣ ਉੱਤੇ ਜ਼ੋਰ ਦਿੰਦਾ ਹੈ: “ਸਟੈਨਫੋਰਡ ਯੂਨੀਵਰਸਿਟੀ ਦੇ ਖੋਜਕਾਰ ਰਿਪੋਰਟ ਕਰਦੇ ਹਨ ਕਿ ਗਠੀਏ ਦੇ ਲੱਖਾਂ ਹੀ ਮਰੀਜ਼ ਜੋ ਰੋਜ਼ਾਨਾ ਦਰਦ-ਨਿਵਾਰਕ ਦਵਾਈਆਂ ਲੈਂਦੇ ਹਨ, ਅਚਾਨਕ ਅਤੇ ਸੰਭਾਵੀ ਘਾਤਕ ਰੱਤ-ਵਹਾਅ ਦੇ ਖ਼ਤਰੇ ਵਿਚ ਹਨ।” ਉਹ ਅੱਗੇ ਕਹਿੰਦਾ ਹੈ: “ਇਸ ਤੋਂ ਇਲਾਵਾ, ਖੋਜਕਾਰ ਚੇਤਾਵਨੀ ਦਿੰਦੇ ਹਨ ਕਿ ਦਰਦ-ਨਿਵਾਰਕ ਦਵਾਈਆਂ ਨੂੰ ਖਟਾਸਮਾਰ ਜਾਂ ਆਮ ਖਟਾਸ-ਰੋਧਕ ਗੋਲੀਆਂ ਨਾਲ ਰਲ-ਮਿਲਾਉਣਾ, ਪੇਟ ਦੀਆਂ ਸਖ਼ਤ ਤਕਲੀਫ਼ਾਂ ਤੋਂ ਨਹੀਂ ਬਚਾਉਂਦਾ ਹੈ, ਸਗੋਂ ਖ਼ਤਰੇ ਨੂੰ ਵਧਾ ਵੀ ਸਕਦਾ ਹੈ।”
ਆਮ ਸਵੈ-ਇਲਾਜ ਬਾਰੇ ਕੀ? ਬ੍ਰਾਜ਼ੀਲ ਦੇ ਰੀਵਰਾਓ ਪ੍ਰੇਟੂ ਸ਼ਹਿਰ ਦਾ ਇਕ ਡਾਕਟਰ ਕਹਿੰਦਾ ਹੈ: “ਮੇਰੇ ਖ਼ਿਆਲ ਨਾਲ ਸਾਰਿਆਂ ਲਈ ਘਰ ਵਿਚ ਥੋੜ੍ਹੀਆਂ-ਬਹੁਤੀਆਂ ਦਵਾਈਆਂ ਰੱਖਣੀਆਂ ਲਾਭਦਾਇਕ ਸਾਬਤ ਹੋ ਸਕਦਾ ਹੈ . . .। ਪਰ, ਇਹ ਦਵਾਈਆਂ ਸੋਚ-ਸਮਝ ਅਤੇ ਧਿਆਨ ਨਾਲ ਵਰਤਣੀਆਂ ਚਾਹੀਦੀਆਂ ਹਨ।” (ਸਫ਼ੇ 7 ਤੇ ਡੱਬੀ ਦੇਖੋ।) ਬੁਨਿਆਦੀ ਸਿਹਤ ਸਿੱਖਿਆ ਵੀ ਜੀਵਨ ਨੂੰ ਬਿਹਤਰ ਬਣਾ ਸਕਦੀ ਹੈ। ਹਰੇਕ ਵਿਅਕਤੀ ਦੇ ਹਾਲਾਤ ਵੱਖਰੋ-ਵੱਖਰੇ ਹੋਣ ਕਾਰਨ, ਜਾਗਰੂਕ ਬਣੋ! ਰਸਾਲਾ ਖ਼ਾਸ ਦਵਾਈਆਂ, ਥੈਰੇਪੀਆਂ, ਜਾਂ ਕੁਦਰਤੀ ਇਲਾਜਾਂ ਦਾ ਮਸ਼ਵਰਾ ਨਹੀਂ ਦਿੰਦਾ।
ਚੰਗੀ ਸਿਹਤ ਲਈ ਤੁਸੀਂ ਕੀ ਕਰ ਸਕਦੇ ਹੋ?
“ਡਾਕਟਰ ਖ਼ੁਰਾਕ, ਡਾਕਟਰ ਆਰਾਮ, ਡਾਕਟਰ ਹਸਮੁਖ, ਦੁਨੀਆਂ ਦੇ ਸਭ ਤੋਂ ਵਧੀਆ ਡਾਕਟਰ ਹਨ,” 18ਵੀਂ ਸਦੀ ਦੇ ਲੇਖਕ, ਜੋਨਾਥਨ ਸਵੀਫ਼ਟ ਨੇ ਲਿਖਿਆ। ਵਾਕਈ, ਸੰਤੁਲਿਤ ਖ਼ੁਰਾਕ, ਚੋਖਾ ਆਰਾਮ, ਅਤੇ ਸੱਤ-ਸੰਤੋਖ ਚੰਗੀ ਸਿਹਤ ਲਈ ਜ਼ਰੂਰੀ ਚੀਜ਼ਾਂ ਹਨ। ਦੂਜੇ ਪਾਸੇ, ਚਤੁਰ ਇਸ਼ਤਿਹਾਰਬਾਜ਼ੀ ਦੇ ਦਾਅਵਿਆਂ ਦੇ ਬਾਵਜੂਦ, ਅਸੀਂ ਦਵਾਈਆਂ ਨਾਲ ਚੰਗੀ ਸਿਹਤ ਨਹੀਂ ਖ਼ਰੀਦ ਸਕਦੇ। “ਦਵਾਈਆਂ ਦੀ ਬੇਲੋੜ ਅਤੇ ਖ਼ਤਰਨਾਕ ਵਰਤੋਂ” ਇਮਯੂਨ ਸਿਸਟਮ ਨੂੰ ਕਮਜ਼ੋਰ ਕਰ ਸਕਦੀ ਹੈ।—ਡੇਸਿਓਨਾਰੀਓ ਥੈਰਾਪੁਟੀਕੋ ਗੁਆਨਾਬਰਾ।
ਫਿਰ ਵੀ, ਆਪਣੇ ਜੀਵਨ-ਢੰਗ ਲਈ ਅੱਛੀ ਤਰ੍ਹਾਂ ਨਾਲ ਜ਼ਿੰਮੇਵਾਰ ਬਣ ਕੇ ਅਤੇ ਨਸ਼ੀਲੀਆਂ ਦਵਾਈਆਂ, ਸਿਗਰਟਾਂ, ਜ਼ਿਆਦਾ ਸ਼ਰਾਬ ਅਤੇ ਬੇਹੱਦ ਤਣਾਅ ਤੋਂ ਬਚ ਕੇ ਅਸੀਂ ਆਪਣੀ ਤਬੀਅਤ ਬਿਹਤਰ ਬਣਾ ਸਕਦੇ ਹਾਂ। ਸੱਠਾਂ ਸਾਲਾਂ ਦੀ ਉਮਰ ਤੋਂ ਉੱਪਰ ਅਤੇ ਬਹੁਤ ਚਿਰ ਤੋਂ ਸੇਵਾ ਵਿਚ ਲੱਗੀ ਹੋਈ ਮੈਰੀਅਨ, ਇਕ ਮਿਸ਼ਨਰੀ ਭੈਣ ਕਹਿੰਦੀ ਹੈ: “ਸੰਜਮੀ ਜੀਵਨ ਬਤੀਤ ਕਰ ਕੇ ਅਤੇ ਚੰਗੀ ਖ਼ੁਰਾਕ ਦੇ ਕਾਰਨ, ਮੈਂ ਕਾਫ਼ੀ ਹੱਦ ਤਕ ਅੱਛੀ ਸਿਹਤ ਦਾ ਆਨੰਦ ਮਾਣ ਸਕੀ ਹਾਂ।” ਉਹ ਨੇ ਇਹ ਵੀ ਕਿਹਾ: “ਆਮ ਤੌਰ ਤੇ ਮੈਂ ਤੜਕੇ ਉੱਠਣਾ ਪਸੰਦ ਕਰਦੀ ਹਾਂ, ਇਸ ਕਾਰਨ ਮੇਰੇ ਲਈ ਰਾਤ ਨੂੰ ਸਮੇਂ ਸਿਰ ਸੌਣਾ ਬਹੁਤ ਜ਼ਰੂਰੀ ਹੈ।” ਅਕਲ ਵਰਤਣੀ ਅਤੇ ਗੁਣਕਾਰੀ ਆਦਤਾਂ ਨੂੰ ਅਪਣਾਉਣਾ ਚਾਹੀਦਾ ਹੈ। ਸਮੇਂ ਸਮੇਂ ਤੇ ਡਾਕਟਰੀ ਜਾਂਚ ਅਤੇ ਇਕ ਚੰਗੇ ਡਾਕਟਰ ਨਾਲ ਚੰਗੇ ਸੰਚਾਰ ਦੀ ਅਹਿਮੀਅਤ ਨੂੰ ਨਹੀਂ ਘਟਾਉਣਾ ਚਾਹੀਦਾ ਹੈ।
ਕਿਉਂਕਿ ਮੈਰੀਅਨ ਸਿਹਤਮੰਦ ਰਹਿਣਾ ਚਾਹੁੰਦੀ ਹੈ, ਉਹ ਇਸ ਸੰਬੰਧ ਵਿਚ ਨਾ ਲਾਪਰਵਾਹੀ ਕਰਦੀ ਹੈ ਅਤੇ ਨਾ ਹੀ ਬੇਹੱਦ ਚਿੰਤਾ ਕਰਦੀ ਹੈ। ਉਹ ਕਹਿੰਦੀ ਹੈ: “ਸਿਹਤ ਬਾਰੇ ਕਿਸੇ ਵੀ ਫ਼ੈਸਲੇ ਵਿਚ ਮੈਂ ਯਹੋਵਾਹ ਤੋਂ ਮਾਰਗ-ਦਰਸ਼ਨ ਲਈ ਵੀ ਪ੍ਰਾਰਥਨਾ ਕਰਦੀ ਹਾਂ, ਤਾਂਕਿ ਮੈਂ ਹੁਣ ਲਈ ਹੀ ਨਹੀਂ ਪਰ ਭਵਿੱਖ ਬਾਰੇ ਵੀ ਖ਼ਿਆਲ ਰੱਖ ਸਕਾਂ, ਅਤੇ ਆਪਣੀ ਸਿਹਤ ਬਿਹਤਰ ਕਰਨ ਲਈ ਜ਼ਿਆਦਾ ਪੈਸਾ ਅਤੇ ਸਮਾਂ ਨਾ ਖ਼ਰਚ ਕਰਾਂ।” ਉਹ ਅੱਗੇ ਕਹਿੰਦੀ ਹੈ: “ਕਿਉਂਕਿ ਕਿਸੇ-ਨ-ਕਿਸੇ ਕੰਮ ਵਿਚ ਲੱਗੇ ਰਹਿਣਾ ਜ਼ਰੂਰੀ ਹੈ, ਮੈਂ ਪ੍ਰਾਰਥਨਾ ਕਰਦੀ ਹਾਂ ਕਿ ਪਰਮੇਸ਼ੁਰ ਸੰਜਮੀ ਹੋਣ ਵਿਚ ਮੇਰੀ ਮਦਦ ਕਰੇਗਾ ਕਿ ਮੈਂ ਆਪਣਾ ਸਮਾਂ ਅਤੇ ਬਲ ਕਿਵੇਂ ਵਰਤਦੀ ਹਾਂ, ਤਾਂਕਿ ਇਕ ਪਾਸੇ ਮੈਂ ਆਪਣੇ ਆਪ ਨੂੰ ਐਵੇਂ ਹੀ ਬਚਾ ਬਚਾ ਕੇ ਨਾ ਰੱਖਾਂ ਅਤੇ ਦੂਜੇ ਪਾਸੇ ਆਪਣੀ ਹਿੰਮਤ ਤੋਂ ਪਾਰ ਨਾ ਲੰਘ ਜਾਵਾਂ।”
ਅਸਲੀ ਖ਼ੁਸ਼ੀ ਲਈ, ਅਸੀਂ ਭਵਿੱਖ ਨੂੰ ਨਹੀਂ ਭੁਲਾ ਸਕਦੇ ਹਾਂ। ਜੇਕਰ ਅਸੀਂ ਇਸ ਵੇਲੇ ਕਾਫ਼ੀ ਤੰਦਰੁਸਤ ਵੀ ਹਾਂ, ਸਾਡੇ ਸਾਰਿਆਂ ਸਾਮ੍ਹਣੇ ਰੋਗ, ਕਸ਼ਟ ਅਤੇ ਅੰਤ ਵਿਚ ਮੌਤ ਦੀ ਸੰਭਾਵਨਾ ਪੇਸ਼ ਹੈ। ਕੀ ਕੋਈ ਉਮੀਦ ਹੈ ਕਿ ਅਸੀਂ ਕਦੇ ਸੰਪੂਰਣ ਸਿਹਤ ਦਾ ਆਨੰਦ ਮਾਣ ਸਕਾਂਗੇ?
[ਸਫ਼ੇ 6 ਉੱਤੇ ਡੱਬੀ]
ਸੰਤੁਲਿਤ ਸਵੈ-ਦੇਖਭਾਲ ਦੇ ਲਾਭ
ਤੁਹਾਡੀ ਸਿਹਤ ਕਾਫ਼ੀ ਹੱਦ ਤਕ ਤੁਹਾਡੇ ਖਾਣੇ-ਪੀਣੇ ਉੱਤੇ ਨਿਰਭਰ ਕਰਦੀ ਹੈ। ਜੇ ਤੁਸੀਂ ਇਕ ਗੱਡੀ ਨੂੰ ਚਲਾਉਣ ਦੀ ਕੋਸ਼ਿਸ਼ ਕਰੋ ਜਿਸ ਦੇ ਪਟਰੋਲ ਵਿਚ ਪਾਣੀ ਜਾਂ ਖੰਡ ਮਿਲਾਏ ਗਏ ਹੋਣ, ਤਾਂ ਤੁਸੀਂ ਜਲਦੀ ਹੀ ਇੰਜਣ ਨੂੰ ਬਿਲਕੁਲ ਖ਼ਰਾਬ ਕਰ ਦਿਓਗੇ। ਇਸੇ ਤਰ੍ਹਾਂ, ਜੇਕਰ ਤੁਸੀਂ ਘਟੀਆ ਖਾਣੇ-ਪੀਣੇ ਨਾਲ ਸਾਰਨ ਦੀ ਕੋਸ਼ਿਸ਼ ਕਰਦੇ ਹੋ, ਤਾਂ ਆਖ਼ਰਕਾਰ ਤੁਹਾਡੀ ਸਿਹਤ ਖ਼ਰਾਬ ਹੋ ਜਾਵੇਗੀ। ਕੰਪਿਊਟਰ ਸੰਸਾਰ ਵਿਚ, ਇਸ ਨੂੰ GIGO (garbage in, garbage out) ਕਿਹਾ ਜਾਂਦਾ ਹੈ, ਜਿਸ ਦਾ ਅਰਥ ਹੈ, “ਕੂੜਾ ਅੰਦਰ, ਕੂੜਾ ਬਾਹਰ।”
ਡਾ. ਮੈਲਨੀ ਮਿੰਟਸਰ, ਪਰਿਵਾਰ ਸੰਬੰਧੀ ਡਾਕਟਰੀ ਦੀ ਇਕ ਪ੍ਰੋਫ਼ੈਸਰਨੀ ਵਿਆਖਿਆ ਕਰਦੀ ਹੈ: “ਤਿੰਨ ਤਰ੍ਹਾਂ ਦੇ ਮਰੀਜ਼ ਹੁੰਦੇ ਹਨ: ਅਜਿਹੇ ਮਰੀਜ਼ ਜੋ ਘਰ ਸੌਖਿਆਂ ਹੀ ਆਪਣੀ ਆਪ ਦੇਖ-ਭਾਲ ਕਰ ਸਕਦੇ ਹਨ ਪਰ ਫਿਰ ਵੀ ਡਾਕਟਰ ਕੋਲ ਬਿਨਾਂ ਮਤਲਬ ਜਾਂਦੇ ਹਨ, ਅਜਿਹੇ ਮਰੀਜ਼ ਜੋ ਸਿਹਤ-ਸੰਭਾਲ ਪ੍ਰਬੰਧਾਂ ਦਾ ਉਚਿਤ ਤੌਰ ਤੇ ਪ੍ਰਯੋਗ ਕਰਦੇ ਹਨ, ਅਤੇ ਅਜਿਹੇ ਜੋ ਡਾਕਟਰ ਕੋਲ ਉਦੋਂ ਵੀ ਨਹੀਂ ਜਾਂਦੇ ਜਦੋਂ ਉਨ੍ਹਾਂ ਨੂੰ ਜਾਣਾ ਚਾਹੀਦਾ ਹੈ। ਪਹਿਲੇ ਪ੍ਰਕਾਰ ਦੇ ਲੋਕ ਅਕਸਰ ਆਪਣਾ ਸਮਾਂ ਅਤੇ ਪੈਸਾ, ਨਾਲੇ ਡਾਕਟਰ ਦਾ ਸਮਾਂ ਖ਼ਰਾਬ ਕਰਦੇ ਹਨ। ਤੀਜੇ ਪ੍ਰਕਾਰ ਦੇ ਲੋਕ ਉਚਿਤ ਡਾਕਟਰੀ ਦੇਖ-ਭਾਲ ਭਾਲਣ ਵਿਚ ਦੇਰ ਕਰ ਕੇ ਆਪਣੀਆਂ ਜਾਨਾਂ ਖ਼ਤਰੇ ਵਿਚ ਪਾ ਲੈਂਦੇ ਹਨ। ਡਾਕਟਰ ਚਾਹੁੰਦੇ ਹਨ ਕਿ ਜ਼ਿਆਦਾ ਮਰੀਜ਼ ਵਿਚਕਾਰਲੇ ਪ੍ਰਕਾਰ ਦੇ ਲੋਕਾਂ ਵਿੱਚੋਂ ਹੋਣ।”
“ਸਭ ਤੋਂ ਵਧੀਆ ਸਿਹਤ ਦੀਆਂ ਸੱਤ ਕੁੰਜੀਆਂ ਹਨ: ਸਿਹਤਮੰਦ ਚੀਜ਼ਾਂ ਖਾਓ ਪੀਓ, ਬਾਕਾਇਦਾ ਕਸਰਤ ਕਰੋ, ਸਿਗਰਟ ਨਾ ਪੀਓ, ਚੋਖਾ ਆਰਾਮ ਕਰੋ, ਤਣਾਅ ਘਟਾਓ, ਨਜ਼ਦੀਕੀ ਰਿਸ਼ਤੇ-ਨਾਤੇ ਕਾਇਮ ਰੱਖੋ, ਅਤੇ ਰੋਗ ਨਾਲੇ ਹਾਦਸੇ ਦੇ ਖ਼ਤਰਿਆਂ ਤੋਂ ਬਚਣ ਲਈ ਸਾਵਧਾਨੀ ਵਰਤੋ।”—ਡਾਕਟਰ ਨੂੰ ਸੱਦਣ ਤੋਂ ਪਹਿਲਾਂ—300 ਰੋਗਾਂ ਲਈ ਸੁਰੱਖਿਅਤ ਅਤੇ ਅਸਰਦਾਰ ਸਵੈ-ਦੇਖਭਾਲ (ਅੰਗ੍ਰੇਜ਼ੀ), ਐਨ ਸਾਇਮੰਜ਼, ਐੱਮ. ਡੀ., ਬੌਬੀ ਹੈਸਲਬਰੀ, ਅਤੇ ਮਾਈਕਲ ਕਾਸਲਮੰਨ।
[ਸਫ਼ੇ 7 ਉੱਤੇ ਡੱਬੀ]
ਘਰ ਵਿਚ ਦਵਾਈਆਂ ਦਾ ਡੱਬਾ
“ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਆਮ ਤੌਰ ਤੇ ਸਿਹਤਮੰਦ ਬਾਲਗਾਂ ਦੁਆਰਾ ਮਹਿਸੂਸ ਕੀਤੇ 90 ਕੁ ਫੀ ਸਦੀ ਲੱਛਣ, ਅਰਥਾਤ, ਦਰਦ, ਪੀੜਾਂ, ਚੋਟਾਂ, ਅਤੇ ਤਕਲੀਫ਼ ਨਾਲੇ ਰੋਗਾਂ ਦੇ ਹੋਰ ਲੱਛਣ, ਰਿਪੋਰਟ ਕੀਤੇ ਬਿਨਾਂ ਟਾਲ ਦਿੱਤੇ ਜਾਂਦੇ ਹਨ। . . . ਕਾਹਲੀ ਵਿਚ ਇਲਾਜ ਕੀਤਾ ਜਾਂਦਾ ਹੈ, ਜਿਵੇਂ ਕਿ ਸਿਰਦਰਦ ਲਈ 2 ਐਸਪ੍ਰੀਨ।”
“ਘਰ ਵਿਚ ਦਵਾਈਆਂ ਵਾਲਾ ਡੱਬਾ ਅਕਸਰ ਅਜਿਹੇ ਇਲਾਜ ਮੁਮਕਿਨ ਕਰਦਾ ਹੈ। ਇਹ ਡਾਕਟਰ ਕੋਲ ਜਾਣ ਜਾਂ ਕਲਿਨਿਕ ਜਾਣ ਦੇ ਬੇਲੋੜੇ ਖ਼ਰਚ ਅਤੇ ਚੱਕਰਾਂ ਤੋਂ ਸਾਨੂੰ ਬਚਾ ਸਕਦਾ ਹੈ।”—ਕੰਪਲੀਟ ਹੋਮ ਮੈਡੀਕਲ ਗਾਈਡ, ਦ ਕੋਲੰਬੀਆ ਯੂਨੀਵਰਸਿਟੀ ਕਾਲਜ ਆਫ਼ ਫੀਜ਼ੀਸ਼ੰਜ਼ ਐਂਡ ਸਰਜੰਜ਼।
ਇਹੀ ਪੁਸਤਕ ਘਰ ਵਿਚ ਦਵਾਈਆਂ ਦੇ ਡੱਬੇ ਦੀ ਸਲਾਹ ਦਿੰਦੀ ਹੈ ਜਿਸ ਵਿਚ ਪਲਾਸਤਰ, ਟੇਪ, ਰੋਗਾਣੂ-ਰਹਿਤ ਜਾਲੀਦਾਰ ਪੈਡ, ਰੂੰ, ਪੱਟੀਆਂ, ਤਰ੍ਹਾਂ ਤਰ੍ਹਾਂ ਦੀਆਂ ਮਲ੍ਹਮਾਂ ਅਤੇ ਕ੍ਰੀਮਾਂ, ਸਰਜੀਕਲ ਸਪਿਰਟ, ਕੈਂਚੀ, ਥਰਮਾਮੀਟਰ ਅਤੇ ਹੋਰ ਅਜਿਹੀਆਂ ਲਾਭਦਾਇਕ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ।
ਉਹ ਇਨ੍ਹਾਂ ਦਵਾਈਆਂ ਦੀ ਸਲਾਹ ਦਿੰਦੀ ਹੈ: ਬੁਖ਼ਾਰ ਅਤੇ ਦਰਦ ਘਟਾਉਣ ਵਾਲੀਆਂ ਗੋਲੀਆਂ, ਖਟਾਸਮਾਰ, ਖੰਘ ਦੀ ਦਵਾਈ, ਅਲਰਜੀ ਰੋਧਕ ਦਵਾਈ/ਬਲਗਮ ਸਾਫ਼ ਕਰਨ ਵਾਲੀ ਦਵਾਈ, ਕਬਜ਼ ਖੋਲ੍ਹਣ ਵਾਲੀ ਹਲਕੀ ਦਵਾਈ, ਪੇਚਸ਼ ਰੋਧੀ ਦਵਾਈ।
[ਸਫ਼ੇ 8 ਉੱਤੇ ਡੱਬੀ]
ਚੇਤਾਵਨੀ ਦੇ ਦੋ ਸ਼ਬਦ
“ਭਾਵੇਂ ਕਿ ਆਪ ਖ਼ਰੀਦੀਆਂ ਜਾ ਸਕਣ ਵਾਲੀਆਂ ਦਵਾਈਆਂ ਲਈ ਡਾਕਟਰ ਤੋਂ ਪਰਚੀ ਦੀ ਜ਼ਰੂਰਤ ਨਹੀਂ ਹੁੰਦੀ, ਯਾਦ ਰੱਖੋ ਕਿ ਉਹ ਫਿਰ ਵੀ ਅਸਲੀ ਦਵਾਈਆਂ ਹਨ। ਪਰਚੀ ਵਾਲੀਆਂ ਦਵਾਈਆਂ ਵਾਂਗ, ਇਨ੍ਹਾਂ ਵਿੱਚੋਂ ਕਈਆਂ ਨੂੰ ਦੂਜੀਆਂ ਦਵਾਈਆਂ ਜਾਂ ਕਿਸੇ ਕਿਸੇ ਖ਼ੁਰਾਕ ਜਾਂ ਸ਼ਰਾਬ ਨਾਲ ਨਹੀਂ ਰਲਾਉਣਾ ਚਾਹੀਦਾ। ਦੂਜੀਆਂ ਦਵਾਈਆਂ ਵਾਂਗ, ਅਜਿਹੀਆਂ ਦਵਾਈਆਂ ਭੈੜੀਆਂ ਬੀਮਾਰੀਆਂ ਨੂੰ ਢੱਕ ਸਕਦੀਆਂ ਹਨ ਜਾਂ ਤੁਹਾਨੂੰ ਉਨ੍ਹਾਂ ਦੇ ਆਦੀ ਬਣਾ ਸਕਦੀਆਂ ਹਨ। ਅਤੇ ਕੁਝ ਹਾਲਤਾਂ ਵਿਚ ਇਨ੍ਹਾਂ ਨਾਲ ਹੀ ਕੰਮ ਸਾਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਹੈ ਜਦੋਂ ਕਿ ਡਾਕਟਰ ਕੋਲ ਜਾਣਾ ਬਿਲਕੁਲ ਆਵੱਸ਼ਕ ਹੁੰਦਾ ਹੈ।
“ਫਿਰ ਵੀ, [ਪਰਚੀ ਤੋਂ ਬਿਨਾਂ ਖ਼ਰੀਦੀਆਂ ਦਵਾਈਆਂ] ਜ਼ਿਆਦਾਤਰ ਸੁਰੱਖਿਅਤ ਅਤੇ ਅਸਰਦਾਰ ਹੁੰਦੀਆਂ ਹਨ . . . ਉਹ ਕਾਫ਼ੀ ਲਾਭਦਾਇਕ ਹੁੰਦੀਆਂ ਹਨ।”—ਅਕਲਮੰਦੀ ਨਾਲ ਦਵਾਈਆਂ ਵਰਤਣੀਆਂ (ਅੰਗ੍ਰੇਜ਼ੀ)।
[ਸਫ਼ੇ 7 ਉੱਤੇ ਤਸਵੀਰ]
ਯਾਦ ਰੱਖੋ ਕਿ ਕੋਈ ਵੀ ਜੜੀ-ਬੂਟੀ ਜਾਂ ਦਵਾਈ ਬਿਲਕੁਲ ਨੁਕਸਾਨ ਰਹਿਤ ਨਹੀਂ ਹੈ
1. ਦਵਾਈਆਂ ਵੇਚਣ ਵਾਲੇ ਦਾ ਡੱਬਾ
2. ਬਾਜ਼ਾਰ ਵਿਚ ਦਵਾਈਆਂ ਦੀ ਵਿਕਰੀ
3. ਦੇਸੀ ਦਵਾਈਆਂ ਦੇ ਥੈਲੇ