ਆਪਣੀ ਸਿਹਤ ਦੀ ਸਾਂਭ-ਸੰਭਾਲ ਕਿਵੇਂ ਕਰੀਏ
ਇਹ ਨਿਰਣਾ ਕਰਨਾ ਅੱਜ ਇਕ ਚੁਣੌਤੀ ਹੈ ਕਿ ਕਿਹੜੀ ਚੀਜ਼ ਦਾ ਸਾਡੀ ਸਿਹਤ ਉੱਤੇ ਸਭ ਤੋਂ ਜ਼ਿਆਦਾ ਅਸਰ ਪਵੇਗਾ। ਮੀਡੀਆ ਨੇ ਬਾਜ਼ਾਰ ਵਿਚ ਡਾਈਟਿੰਗ, ਕਸਰਤ, ਵਾਧੂ ਪੌਸ਼ਟਿਕ ਤੱਤਾਂ ਅਤੇ ਸਿਹਤ-ਸੰਬੰਧੀ ਹੋਰ ਬਹੁਤ ਸਾਰੇ ਮਾਮਲਿਆਂ ਬਾਰੇ ਜਾਣਕਾਰੀ ਦੀ ਭਰਮਾਰ ਪਾ ਦਿੱਤੀ ਹੈ। ਪਰ ਦੁੱਖ ਦੀ ਗੱਲ ਇਹ ਹੈ ਕਿ ਇਨ੍ਹਾਂ ਸਾਰੇ ਮਾਮਲਿਆਂ ਵਿਚ ਆਪੋ ਵਿਚ ਹੀ ਕਈ ਵਿਰੋਧੀ ਵਿਚਾਰ ਹਨ। ਵਿਗਿਆਨ ਦੀ ਇਕ ਲੇਖਕਾ ਡਨੀਜ਼ ਗਰੇਡੀ ਕਹਿੰਦੀ ਹੈ: “ਜਦੋਂ ਵੀ ਡਾਕਟਰੀ ਰਸਾਲਿਆਂ ਵਿਚ ਕੋਈ ਨਵੇਂ ਅਧਿਐਨ ਦੀ ਰਿਪੋਰਟ ਛਪਦੀ ਹੈ ਕਿ ਲੋਕ ਕੀ ਖਾਣ, ਕਿਹੜੀਆਂ ਦਵਾਈਆਂ ਲੈਣ ਅਤੇ ਬੁਨਿਆਦੀ ਤੌਰ ਤੇ ਕਿਵੇਂ ਰਹਿਣ, ਤਾਂ ਇਨ੍ਹਾਂ ਸਾਰੇ ਮਾਮਲਿਆਂ ਬਾਰੇ ਹਰ ਵਾਰ ਸਲਾਹ ਬਦਲ ਜਾਂਦੀ ਹੈ।”
ਕੁਝ ਡਾਕਟਰ ਸਲਾਹ ਦਿੰਦੇ ਹਨ ਕਿ ਸਿਹਤ ਬਣਾਉਣ ਦੇ ਹਰ ਨਵੇਂ ਤਰੀਕੇ ਨੂੰ ਅਜ਼ਮਾ ਕੇ ਦੇਖਣ ਦੀ ਬਜਾਇ, ਬੁਨਿਆਦੀ ਸਾਵਧਾਨੀਆਂ ਵਰਤਣੀਆਂ ਜ਼ਿਆਦਾ ਚੰਗੀਆਂ ਹੋਣਗੀਆਂ। ਉਦਾਹਰਣ ਲਈ, ਦੀ ਅਮੈਰੀਕਨ ਮੈਡੀਕਲ ਐਸੋਸੀਏਸ਼ਨ ਫੈਮਿਲੀ ਮੈਡੀਕਲ ਗਾਈਡ ਕਹਿੰਦੀ ਹੈ: “ਤੁਸੀਂ ਜ਼ਿੰਦਗੀ ਭਰ ਸਿਹਤਮੰਦ ਰਹਿ ਸਕਦੇ ਹੋ ਜੇਕਰ ਤੁਸੀਂ ਆਪਣੇ ਜੀਵਨ-ਢੰਗ ਵਿਚ ਚੰਗੀਆਂ ਤਬਦੀਲੀਆਂ ਕਰਦੇ ਹੋ ਅਤੇ ਨਿਯਮਿਤ ਤੌਰ ਤੇ ਡਾਕਟਰੀ ਮੁਆਇਨਾ ਕਰਵਾਉਂਦੇ ਹੋ, ਤਾਂਕਿ ਕਿਸੇ ਵੀ ਬੀਮਾਰੀ ਦੇ ਸ਼ੁਰੂ ਵਿਚ ਹੀ ਉਸ ਦਾ ਪਤਾ ਲੱਗ ਸਕੇ ਅਤੇ ਉਸ ਦਾ ਜਲਦੀ ਇਲਾਜ ਕੀਤਾ ਜਾ ਸਕੇ।” ਪਰ ਜੀਵਨ-ਢੰਗ ਵਿਚ ਕਿਸ ਤਰ੍ਹਾਂ ਦੀਆਂ “ਚੰਗੀਆਂ ਤਬਦੀਲੀਆਂ” ਸਭ ਤੋਂ ਵੱਧ ਲਾਹੇਵੰਦ ਹਨ? ਆਓ ਅਸੀਂ ਇਨ੍ਹਾਂ ਵਿੱਚੋਂ ਤਿੰਨਾਂ ਉੱਤੇ ਵਿਚਾਰ ਕਰੀਏ।
ਪੌਸ਼ਟਿਕ ਭੋਜਨ ਚੁਣੋ
ਡਾਕਟਰ ਸਲਾਹ ਦਿੰਦੇ ਹਨ ਕਿ ਸਾਨੂੰ ਵੱਖ-ਵੱਖ ਤਰ੍ਹਾਂ ਦਾ ਭੋਜਨ ਖਾਣਾ ਚਾਹੀਦਾ ਹੈ, ਜਿਸ ਦੀਆਂ ਜ਼ਿਆਦਾਤਰ ਕੈਲੋਰੀਆਂ ਸਾਨੂੰ ਮਿਸ਼ਰਿਤ ਕਾਰਬੋਹਾਈਡ੍ਰੇਟਸ ਤੋਂ ਮਿਲਣੀਆਂ ਚਾਹੀਦੀਆਂ ਹਨ। ਇਹ ਖ਼ਾਸ ਤੌਰ ਤੇ ਸਾਬਤ ਅਨਾਜ, ਫਲੀਆਂ, ਸਬਜ਼ੀਆਂ ਅਤੇ ਫਲਾਂ ਵਿਚ ਪਾਏ ਜਾਂਦੇ ਹਨ।a ਪਰ, ਅਸੀਂ ਜੋ ਕੁਝ ਵੀ ਖਾਂਦੇ ਹਾਂ ਸਿਰਫ਼ ਉਸੇ ਦਾ ਹੀ ਸਾਡੀ ਸਿਹਤ ਉੱਤੇ ਅਸਰ ਨਹੀਂ ਪੈਂਦਾ, ਸਗੋਂ ਅਸੀਂ ਕਿੰਨੀ ਕੁ ਮਾਤਰਾ ਵਿਚ ਖਾਂਦੇ ਹਾਂ, ਉਸ ਦਾ ਵੀ ਬੜਾ ਅਸਰ ਪੈਂਦਾ ਹੈ। ਇਸ ਲਈ ਸੰਜਮ ਨਾਲ ਖਾਣਾ ਬਹੁਤ ਜ਼ਰੂਰੀ ਹੈ। ਸਾਡਾ ਸਰੀਰ ਜਿੰਨੀਆਂ ਕੈਲੋਰੀਆਂ ਨਸ਼ਟ ਕਰ ਸਕਦਾ ਹੈ ਉਸ ਤੋਂ ਜ਼ਿਆਦਾ ਕੈਲੋਰੀਆਂ ਲਗਾਤਾਰ ਲੈਂਦੇ ਰਹਿਣ ਨਾਲ ਸਾਨੂੰ ਮੋਟਾਪਾ ਚੜ੍ਹ ਜਾਵੇਗਾ। ਇੰਝ ਹੋਣ ਤੇ ਸਾਡੇ ਦਿਲ ਉੱਤੇ ਜ਼ਿਆਦਾ ਬੋਝ ਪੈ ਸਕਦਾ ਹੈ ਤੇ ਸਾਡਾ ਸਰੀਰ ਕਮਜ਼ੋਰ ਹੋ ਸਕਦਾ ਹੈ। ਇਕ ਮੈਡੀਕਲ ਗਾਈਡਬੁੱਕ ਅਨੁਸਾਰ, ਮੋਟਾਪੇ ਕਰਕੇ “ਦਿਲ ਦੀ ਬੀਮਾਰੀ, ਸ਼ੱਕਰ ਰੋਗ, ਗਠੀਆ ਅਤੇ ਹੋਰ ਬਹੁਤ ਸਾਰੀਆਂ ਬੀਮਾਰੀਆਂ ਹੋਣ ਦੀ ਗੁੰਜਾਇਸ਼” ਕਾਫ਼ੀ ਹੱਦ ਤਕ ਵੱਧ ਜਾਂਦੀ ਹੈ।
ਹਾਲ ਹੀ ਦੇ ਸਾਲਾਂ ਵਿਚ ਭੋਜਨ ਵਿਚਲੀ ਚਿਕਨਾਈ ਵੱਲ ਬਹੁਤ ਧਿਆਨ ਦਿੱਤਾ ਗਿਆ ਹੈ। ਬਹੁਤ ਸਾਰੇ ਸਿਹਤ-ਸੰਭਾਲ ਮਾਹਰ ਕਹਿੰਦੇ ਹਨ ਕਿ ਜ਼ਿਆਦਾ ਸੰਤ੍ਰਿਪਤ ਚਿਕਨਾਈ ਵਾਲੇ ਭੋਜਨ, ਦਿਲ ਦੀਆਂ ਬੀਮਾਰੀਆਂ ਅਤੇ ਕੁਝ ਖ਼ਾਸ ਤਰ੍ਹਾਂ ਦੇ ਕੈਂਸਰ ਹੋਣ ਦਾ ਖ਼ਤਰਾ ਵਧਾਉਂਦੇ ਹਨ। ਪਰ ਇਸ ਦਾ ਇਹ ਮਤਲਬ ਨਹੀਂ ਕਿ ਸਾਨੂੰ ਹਰ ਤਰ੍ਹਾਂ ਦੀ ਚਿਕਨਾਈ ਆਪਣੇ ਭੋਜਨ ਵਿੱਚੋਂ ਬਿਲਕੁਲ ਹੀ ਕੱਢ ਦੇਣੀ ਚਾਹੀਦੀ ਹੈ। ਅਮੈਰੀਕਨ ਡਾਇਟੈਟਿਕ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ, ਮੈਰੀ ਐਬਟ ਹੈੱਸ ਕਹਿੰਦੀ ਹੈ: “ਇਕ ਪੌਸ਼ਟਿਕ ਆਹਾਰ ਵਿਚ ਲਗਭਗ ਹਰ ਦਿਨ ਤੁਸੀਂ ਕੁਝ ਹੱਦ ਤਕ ਆਪਣਾ ਮਨਪਸੰਦ ਖਾਣਾ ਖਾ ਸਕਦੇ ਹੋ।” ਪਰ ਇਹ ਜ਼ਰੂਰੀ ਹੈ ਕਿ ਇਨ੍ਹਾਂ ਦੀ ਮਾਤਰਾ ਥੋੜ੍ਹੀ ਹੋਵੇ ਅਤੇ ਇਸ ਤੋਂ ਇਲਾਵਾ ਦੂਸਰੀਆਂ ਚਿਕਨਾਈ ਭਰਪੂਰ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ।
ਯਕੀਨਨ, ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਬਦਲਣਾ ਕੋਈ ਖ਼ਾਲਾ ਜੀ ਦਾ ਵਾੜਾ ਨਹੀਂ ਹੈ। ਕੁਝ ਲੋਕ ਤਾਂ ਸ਼ਾਇਦ ਇਹ ਵੀ ਕਹਿਣ ਕਿ ਜੇਕਰ ਲਗਾਤਾਰ ਉਨ੍ਹਾਂ ਨੂੰ ਆਪਣਾ ਮਨਪਸੰਦ ਤੇ ਮਜ਼ੇਦਾਰ ਭੋਜਨ ਖਾਣਾ ਛੱਡਣਾ ਪੈ ਜਾਵੇ ਤਾਂ ਉਨ੍ਹਾਂ ਦੀ ਜ਼ਿੰਦਗੀ ਵਿਚ ਕੋਈ ਮਜ਼ਾ ਹੀ ਨਹੀਂ ਰਹੇਗਾ। ਪਰ, ਜ਼ਿਆਦਾ ਸਖ਼ਤੀ ਦੀ ਬਜਾਇ, ਚੰਗਾ ਸੰਤੁਲਨ ਰੱਖਣ ਦੀ ਕੋਸ਼ਿਸ਼ ਕਰੋ। ਅਹਿਮ ਗੱਲ ਕੁਝ ਖ਼ਾਸ ਤਰ੍ਹਾਂ ਦੇ ਭੋਜਨ ਦੀ ਮਾਤਰਾ ਘਟਾਉਣ ਦੀ ਹੈ ਨਾ ਕਿ ਉਨ੍ਹਾਂ ਨੂੰ ਬਿਲਕੁਲ ਹੀ ਤਿਆਗ ਦੇਣ ਦੀ। ਪਹਿਲਾਂ ਜ਼ਿਕਰ ਕੀਤੀ ਗਈ ਫੈਮਿਲੀ ਮੈਡੀਕਲ ਗਾਈਡ ਕਹਿੰਦੀ ਹੈ: “ਇਕ ਨਰੋਆ ਜੀਵਨ-ਢੰਗ ਅਪਣਾਉਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਜ਼ਿੰਦਗੀ ਦਾ ਮਜ਼ਾ ਲੈਣਾ ਹੀ ਛੱਡ ਦਿਓ।”
ਪੋਸ਼ਣ-ਮਾਹਰ ਸਲਾਹ ਦਿੰਦੇ ਹਨ ਕਿ ਤੁਸੀਂ ਨੁਕਸਾਨਦਾਇਕ ਭੋਜਨ ਦੀ ਮਾਤਰਾ ਹੌਲੀ-ਹੌਲੀ ਘਟਾ ਕੇ, ਆਪਣੇ ਭੋਜਨ ਵਿਚ ਜ਼ਿਆਦਾ ਆਸਾਨੀ ਨਾਲ ਤਬਦੀਲੀਆਂ ਕਰ ਸਕਦੇ ਹੋ। ਉਦਾਹਰਣ ਲਈ, ਸਿਰਫ਼ ਇਕ ਦਿਨ ਦੀ ਬਜਾਇ ਪੂਰੇ ਹਫ਼ਤੇ ਦੌਰਾਨ ਆਪਣੇ ਭੋਜਨ ਵਿਚ ਸੰਤੁਲਨ ਰੱਖੋ। ਜੇਕਰ ਹੁਣ ਤੁਸੀਂ ਹਰ ਰੋਜ਼ ਗਾਂ, ਬੱਕਰੀ ਜਾਂ ਸੂਰ ਦਾ ਮੀਟ ਖਾਂਦੇ ਹੋ, ਤਾਂ ਇਸ ਨੂੰ ਘਟਾ ਕੇ ਹਫ਼ਤੇ ਵਿਚ ਤਿੰਨ ਵਾਰ ਖਾਣ ਦੀ ਕੋਸ਼ਿਸ਼ ਕਰੋ। ਇਸੇ ਤਰ੍ਹਾਂ ਜ਼ਿਆਦਾ ਸੰਤ੍ਰਿਪਤ ਚਿਕਨਾਈ ਵਾਲੀਆਂ ਚੀਜ਼ਾਂ, ਜਿਵੇਂ ਕਿ ਮੱਖਣ, ਪਨੀਰ, ਆਈਸ-ਕ੍ਰੀਮ ਅਤੇ ਤਲੀਆਂ ਚੀਜ਼ਾਂ ਵੀ ਘੱਟ ਕਰੋ। ਤੁਹਾਡਾ ਮਕਸਦ ਚਿਕਨਾਈ ਘੱਟ ਖਾਣ ਦਾ ਹੋਣਾ ਚਾਹੀਦਾ ਹੈ ਤਾਂਕਿ ਇਹ ਤੁਹਾਡੇ ਭੋਜਨ ਦੀਆਂ ਕੁੱਲ ਕੈਲੋਰੀਆਂ ਵਿਚ 30 ਫੀ ਸਦੀ ਤੋਂ ਜ਼ਿਆਦਾ ਨਾ ਹੋਵੇ।
ਹਾਰਵਰਡ ਯੂਨੀਵਰਸਿਟੀ ਦੇ ਡਾ. ਵੌਲਟਰ ਵਿਲਟ, ਭੋਜਨ ਵਿਚਲੀ ਚਿਕਨਾਈ ਨੂੰ ਘਟਾਉਣ ਅਤੇ ਫਿਰ ਉਸ ਦੀ ਥਾਂ ਤੇ ਜ਼ਿਆਦਾ ਸਟਾਰਚ ਅਤੇ ਸ਼ੱਕਰ ਵਾਲੀਆਂ ਚੀਜ਼ਾਂ ਖਾਣ ਵਿਰੁੱਧ ਚੇਤਾਵਨੀ ਦਿੰਦੇ ਹਨ, ਕਿਉਂਕਿ ਇੰਝ ਕਰਨ ਨਾਲ ਅਕਸਰ ਮੋਟਾਪਾ ਡੇਰਾ ਲਾ ਲੈਂਦਾ ਹੈ। ਸਭ ਤੋਂ ਵਧੀਆ ਗੱਲ ਇਹ ਹੈ ਕਿ ਆਪਣੇ ਭੋਜਨ ਵਿੱਚੋਂ ਚਿਕਨਾਈ ਅਤੇ ਕਾਰਬੋਹਾਈਡ੍ਰੇਟ ਦੋਹਾਂ ਨੂੰ ਹੀ ਘਟਾਓ।
ਵਾਜਬ ਕਸਰਤ
ਇਕ ਨਰੋਏ ਜੀਵਨ-ਢੰਗ ਵਿਚ ਨਿਯਮਿਤ ਕਸਰਤ ਵੀ ਹੋਣੀ ਚਾਹੀਦੀ ਹੈ। ਸਰੀਰਕ ਤੰਦਰੁਸਤੀ ਉੱਤੇ ਯੂ.ਐੱਸ. ਸਰਜਨ ਜਨਰਲ ਦੀ ਰਿਪੋਰਟ ਦਾ ਇਕ ਸੰਪਾਦਕ ਡਾਕਟਰ ਸਟੀਵਨ ਬਲੇਅਰ ਕਹਿੰਦਾ ਹੈ: “ਉਹ ਲੋਕ ਜਿਹੜੇ ਬੈਠਵੇਂ ਜੀਵਨ-ਢੰਗ ਨੂੰ ਛੱਡ ਕੇ ਥੋੜ੍ਹੀ-ਬਹੁਤੀ ਕਸਰਤ ਕਰਨ ਲੱਗ ਪੈਂਦੇ ਹਨ, ਉਨ੍ਹਾਂ ਦੀ ਦਿਲ ਦੀਆਂ ਬੀਮਾਰੀਆਂ ਨਾਲ ਮਰਨ ਦੀ ਸੰਭਾਵਨਾ 50 ਫੀ ਸਦੀ ਘੱਟ ਜਾਂਦੀ ਹੈ।” ਪਰ ਦੁੱਖ ਦੀ ਗੱਲ ਹੈ ਕਿ ਅੱਜ ਬਹੁਤ ਸਾਰੇ ਲੋਕ ਥੋੜ੍ਹੀ ਬਹੁਤੀ ਕਸਰਤ ਵੀ ਨਹੀਂ ਕਰਦੇ। ਉਦਾਹਰਣ ਲਈ, ਕਿਹਾ ਜਾਂਦਾ ਹੈ ਕਿ ਸੰਯੁਕਤ ਰਾਜ ਅਮਰੀਕਾ ਵਿਚ ਚਾਰਾਂ ਵਿੱਚੋਂ ਇਕ ਵਿਅਕਤੀ ਆਪਣੇ ਹੱਡ ਬਿਲਕੁਲ ਹੀ ਨਹੀਂ ਹਿਲਾਉਂਦਾ। ਦ ਟਰੌਂਟੋ ਸਟਾਰ ਦੀ ਰਿਪੋਰਟ ਅਨੁਸਾਰ, ਕੈਨੇਡਾ ਵਿਚ 1997 ਫ਼ਿਜ਼ਿਕਲ ਐਕਟੀਵਿਟੀ ਬੈਂਚਮਾਰਕਸ ਨਾਮਕ ਇਕ ਅਧਿਐਨ ਤੋਂ ਪਤਾ ਲੱਗਾ ਕਿ “ਕੈਨੇਡਾ ਦੇ 63 ਫੀ ਸਦੀ ਲੋਕ ਦਿਨ ਵਿਚ ਇਕ ਘੰਟੇ ਤੋਂ ਵੀ ਘੱਟ ਸਮੇਂ ਲਈ ਸਰੀਰਕ ਕੰਮ-ਕਾਰ ਕਰਦੇ ਸਨ।” ਇਸ ਤੋਂ ਇਲਾਵਾ ਦ ਸੰਡੇ ਟਾਈਮਜ਼ ਨੇ ਖ਼ਬਰ ਦਿੱਤੀ ਕਿ ਬਰਤਾਨੀਆ ਵਿਚ ਖੋਜਕਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੁਆਰਾ ਅਧਿਐਨ ਕੀਤੇ ਗਏ ਬੱਚਿਆਂ ਦਾ ਇਕ ਗਰੁੱਪ “ਇੰਨਾ ਆਲਸੀ ਸੀ ਕਿ ਸੌਂਦੇ ਅਤੇ ਜਾਗਦੇ ਸਮੇਂ ਉਨ੍ਹਾਂ ਦੇ ਦਿਲ ਦੀ ਧੜਕਣ ਦੀ ਰਫ਼ਤਾਰ ਵਿਚ ਜ਼ਰਾ ਵੀ ਫ਼ਰਕ ਨਹੀਂ ਸੀ।”
ਪਹਿਲਾਂ ਇਹ ਸੋਚਿਆ ਜਾਂਦਾ ਸੀ ਕਿ ਸਿਰਫ਼ ਜ਼ੋਰਦਾਰ [ਅਰੋਬਿਕ] ਕਸਰਤਾਂ ਹੀ ਸਿਹਤ ਲਈ ਫ਼ਾਇਦੇਮੰਦ ਹੁੰਦੀਆਂ ਹਨ। ਪਰ ਤੰਦਰੁਸਤ ਰਹਿਣ ਲਈ ਜ਼ੋਰਦਾਰ ਕਸਰਤਾਂ ਜ਼ਰੂਰੀ ਨਹੀਂ ਹਨ। ਇਕ ਸਰਜਨ ਜਨਰਲ ਦੀ ਰਿਪੋਰਟ ਅਨੁਸਾਰ, ਅਸਲ ਵਿਚ “ਇਕ ਦਿਨ ਵਿਚ [ਹਲਕੀ-ਫੁਲਕੀ ਕਸਰਤ ਦੁਆਰਾ] 150 ਕੈਲੋਰੀਆਂ ਨਸ਼ਟ ਕਰਨ ਨਾਲ ਵੀ ਦਿਲ ਦੀ ਬੀਮਾਰੀ, ਹਾਈ ਬਲੱਡ-ਪ੍ਰੈਸ਼ਰ, ਕੈਂਸਰ ਅਤੇ ਸ਼ੱਕਰ ਰੋਗ ਦੇ ਖ਼ਤਰੇ ਨੂੰ ਘਟਾਇਆ ਜਾ ਸਕਦਾ ਹੈ।”
ਜਦੋਂ ਤੁਸੀਂ ਕਿਸੇ ਕਸਰਤ ਦੀ ਚੋਣ ਕਰਦੇ ਹੋ, ਤਾਂ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਕੋਈ ਅਜਿਹੀ ਕਸਰਤ ਚੁਣੋ ਜਿਸ ਨੂੰ ਕਰਨ ਤੇ ਤੁਹਾਨੂੰ ਮਜ਼ਾ ਵੀ ਆਵੇ। ਨਹੀਂ ਤਾਂ ਤੁਸੀਂ ਇਸ ਨੂੰ ਨਿਯਮਿਤ ਤੌਰ ਤੇ ਨਹੀਂ ਕਰੋਗੇ। ਇਹ ਜ਼ਰੂਰੀ ਨਹੀਂ ਕਿ ਤੁਸੀਂ ਕਿਹੜੀ ਕਸਰਤ ਕਰਦੇ ਹੋ, ਇਸ ਦੀ ਬਜਾਇ ਇਹ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਉਸ ਨੂੰ ਕਿੰਨੀ ਵਾਰ ਕਰਦੇ ਹੋ। ਯੂ.ਐੱਸ. ਨੈਸ਼ਨਲ ਇੰਸਟੀਟਿਊਟਸ ਆਫ਼ ਹੈਲਥ ਸਲਾਹ ਦਿੰਦਾ ਹੈ ਕਿ ਆਮ ਤੌਰ ਤੇ “ਨਿਆਣਿਆਂ ਅਤੇ ਸਿਆਣਿਆਂ ਨੂੰ ਹਫ਼ਤੇ ਦੇ ਕਈ ਦਿਨਾਂ ਤੇ ਜਾਂ ਹੋ ਸਕੇ ਤਾਂ ਹਰ ਰੋਜ਼ 30 ਮਿੰਟਾਂ ਲਈ ਔਸਤ ਦਰਜੇ ਦੀ ਥੋੜ੍ਹੀ-ਥੋੜ੍ਹੀ ਕਸਰਤ ਕਰਨ ਦਾ ਟੀਚਾ ਰੱਖਣਾ ਚਾਹੀਦਾ ਹੈ।”
ਪਰ ਔਸਤ ਦਰਜੇ ਦੀਆਂ ਕਸਰਤਾਂ ਕਿਹੜੀਆਂ ਹੁੰਦੀਆਂ ਹਨ? ਤੈਰਨਾ, ਤੇਜ਼ ਚੱਲਣਾ, ਸਾਈਕਲ ਚਲਾਉਣੀ, ਕਾਰ ਨੂੰ ਧੋਣਾ ਤੇ ਪਾਲਿਸ਼ ਕਰਨਾ, ਪੌੜੀਆਂ ਦੀ ਚੜ੍ਹਾਈ ਅਤੇ ਵਿਹੜੇ ਦੀ ਸਫ਼ਾਈ ਆਦਿ। ਆਪਣੀ ਸਿਹਤ ਦੀ ਸਾਂਭ-ਸੰਭਾਲ ਕਰਨ ਲਈ ਤੁਹਾਨੂੰ ਕਿਸੇ ਜਿਮਨੇਜ਼ੀਅਮ ਜਾਣ ਦੀ ਜਾਂ ਕਿਸੇ ਹੈਲਥ ਕਲੱਬ ਜਾਣ ਦੀ ਲੋੜ ਨਹੀਂ ਹੈ। ਫਿਰ ਵੀ ਇਕ ਗੱਲ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ: ਡਾਕਟਰ ਸਲਾਹ ਦਿੰਦੇ ਹਨ ਕਿ ਜੇਕਰ ਕਿਸੇ ਨੂੰ ਕੋਈ ਦਿਲ ਸੰਬੰਧੀ ਬੀਮਾਰੀ ਹੈ ਜਾਂ ਕਿਸੇ ਆਦਮੀ ਦੀ ਉਮਰ 40 ਸਾਲਾਂ ਤੋਂ ਉੱਤੇ, ਜਾਂ ਕਿਸੇ ਔਰਤ ਦੀ ਉਮਰ 50 ਸਾਲਾਂ ਤੋਂ ਵੱਧ ਹੈ, ਤਾਂ ਕਿਸੇ ਵੀ ਕਸਰਤ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਨੂੰ ਜ਼ਰੂਰ ਪੁੱਛ ਲੈਣਾ ਚਾਹੀਦਾ ਹੈ।
ਤਮਾਖੂਨੋਸ਼ੀ, ਨਸ਼ੀਲੀਆਂ ਦਵਾਈਆਂ ਅਤੇ ਸ਼ਰਾਬ ਬਾਰੇ ਕੀ?
ਤਮਾਖੂਨੋਸ਼ੀ: ਸਿਗਰਟ ਦੇ ਧੂੰਏਂ ਵਿਚ 4,000 ਤੋਂ ਵੀ ਜ਼ਿਆਦਾ ਸਿਹਤ-ਘਾਤਕ ਤੱਤ ਹੁੰਦੇ ਹਨ, ਜਿਨ੍ਹਾਂ ਵਿੱਚੋਂ 200 ਨਿਰੇ ਜ਼ਹਿਰ ਹਨ। ਪਰ ਸਿਗਰਟ ਦੇ ਧੂੰਏਂ ਵਿਚ ਜ਼ਹਿਰੀਲੇ ਤੱਤ ਭਾਵੇਂ ਘੱਟ ਹੋਣ ਜਾਂ ਜ਼ਿਆਦਾ, ਇਸ ਵਿਚ ਕੋਈ ਸ਼ੱਕ ਨਹੀਂ ਕਿ ਤਮਾਖੂਨੋਸ਼ੀ ਇਕ ਵਿਅਕਤੀ ਦੀ ਸਿਹਤ ਉੱਤੇ ਮਾਰੂ ਅਸਰ ਪਾਉਂਦੀ ਹੈ। ਹੋਰ ਕਿਸੇ ਵੀ ਉਪਭੋਗੀ ਚੀਜ਼ ਨਾਲ ਇੰਨੀਆਂ ਮੌਤਾਂ ਨਹੀਂ ਹੁੰਦੀਆਂ ਜਿੰਨੀਆਂ ਕਿ ਤਮਾਖੂ ਨਾਲ ਹੁੰਦੀਆਂ ਹਨ। ਉਦਾਹਰਣ ਲਈ, ਸੰਯੁਕਤ ਰਾਜ ਅਮਰੀਕਾ ਵਿਚ, ਮੋਟਰ-ਗੱਡੀਆਂ ਦੀਆਂ ਦੁਰਘਟਨਾਵਾਂ ਵਿਚ ਮਰਨ ਵਾਲੇ ਲੋਕਾਂ ਦੀ ਗਿਣਤੀ ਤੋਂ ਦਸ ਗੁਣਾ ਜ਼ਿਆਦਾ ਲੋਕ ਤਮਾਖੂ ਨਾਲ ਹੋਣ ਵਾਲੀਆਂ ਬੀਮਾਰੀਆਂ ਤੋਂ ਮਰਦੇ ਹਨ। ਵਿਸ਼ਵ ਸਿਹਤ ਸੰਗਠਨ ਦੇ ਇਕ ਅੰਦਾਜ਼ੇ ਮੁਤਾਬਕ, ਹਰ ਸਾਲ ਪੂਰੇ ਵਿਸ਼ਵ ਵਿਚ ਲਗਭਗ 30 ਲੱਖ ਲੋਕ ਤਮਾਖੂ ਨਾਲ ਮਰਦੇ ਹਨ!
ਕੈਂਸਰ ਅਤੇ ਦਿਲ ਦੀ ਬੀਮਾਰੀ ਦਾ ਜ਼ਿਆਦਾ ਖ਼ਤਰਾ ਹੋਣ ਤੋਂ ਇਲਾਵਾ, ਤਮਾਖੂ ਖਾਣ-ਪੀਣ ਵਾਲਿਆਂ ਨੂੰ ਖ਼ਾਂਸੀ-ਜ਼ੁਕਾਮ, ਪੇਟ ਦਾ ਅਲਸਰ, ਕ੍ਰੋਨਿਕ ਬ੍ਰੌਨਕਾਈਟਸ ਅਤੇ ਹਾਈ ਬੱਲਡ ਪ੍ਰੈਸ਼ਰ ਵਰਗੀਆਂ ਬੀਮਾਰੀਆਂ, ਤਮਾਖੂ ਨਾ ਪੀਣ ਵਾਲਿਆਂ ਨਾਲੋਂ ਜ਼ਿਆਦਾ ਹੁੰਦੀਆਂ ਹਨ। ਤਮਾਖੂਨੋਸ਼ੀ ਇਕ ਵਿਅਕਤੀ ਦੀ ਸੁੰਘਣ ਅਤੇ ਚੱਖਣ ਦੀ ਸ਼ਕਤੀ ਨੂੰ ਵੀ ਘਟਾ ਦਿੰਦੀ ਹੈ। ਨਿਰਸੰਦੇਹ, ਸਿਗਰਟ ਪੀਣੀ ਛੱਡ ਦੇਣੀ ਹੀ ਆਪਣੀ ਸਿਹਤ ਦੀ ਸਾਂਭ-ਸੰਭਾਲ ਕਰਨ ਦਾ ਇਕ ਸਭ ਤੋਂ ਮਹੱਤਵਪੂਰਣ ਉਪਾਅ ਹੈ। ਪਰ ਨਸ਼ੀਲੀਆਂ ਦਵਾਈਆਂ ਅਤੇ ਸ਼ਰਾਬ ਬਾਰੇ ਕੀ?
ਨਸ਼ੀਲੀਆਂ ਦਵਾਈਆਂ: ਨਸ਼ੀਲੀਆਂ ਦਵਾਈਆਂ ਦੀ ਕੁਵਰਤੋਂ ਨੇ ਸੰਸਾਰ ਭਰ ਵਿਚ ਵੱਡੇ ਪੈਮਾਨੇ ਤੇ ਲੋਕਾਂ ਦੀਆਂ ਜਾਨਾਂ ਲਈਆਂ ਹਨ। ਯੂ.ਐੱਸ. ਡਿਪਾਰਟਮੈਂਟ ਆਫ਼ ਹੈਲਥ ਐਂਡ ਹਿਊਮਨ ਸਰਵਿਸਿਸ ਕਹਿੰਦਾ ਹੈ: “ਹਰ ਸਾਲ ਨਸ਼ੀਲੀਆਂ ਦਵਾਈਆਂ ਲੈਣ ਨਾਲ 14,000 ਅਮਰੀਕੀ ਲੋਕ ਮਰਦੇ ਹਨ।” ਪਰ ਗ਼ੈਰ-ਕਾਨੂੰਨੀ ਨਸ਼ੀਲੀਆਂ ਦਵਾਈਆਂ ਦੇ ਵਪਾਰ ਦਾ ਅਸਰ ਸਿਰਫ਼ ਨਸ਼ੇ ਕਰਨ ਵਾਲਿਆਂ ਤੇ ਹੀ ਨਹੀਂ ਪੈਂਦਾ। ਸਗੋਂ ਆਪਣੀ ਇਸ ਲਤ ਨੂੰ ਪੂਰਾ ਕਰਨ ਲਈ ਬਹੁਤ ਸਾਰੇ ਨਸ਼ਈ ਹਿੰਸਾ ਅਤੇ ਅਪਰਾਧ ਦੀ ਜ਼ਿੰਦਗੀ ਵੱਲ ਮੁੜ ਜਾਂਦੇ ਹਨ। ਬਾਲ ਅਪਚਾਰ ਦਾ ਸਮਾਜ-ਸ਼ਾਸਤਰ (ਅੰਗ੍ਰੇਜ਼ੀ) ਕਹਿੰਦਾ ਹੈ: “ਕ੍ਰੈਕ [ਕੋਕੀਨ] ਵੇਚਣ ਵਾਲੇ ਗਿਰੋਹਾਂ ਵਿਚ ਦੁਸ਼ਮਣੀ ਹੋਣ ਕਰਕੇ ਸ਼ਹਿਰ ਦੀਆਂ ਕੁਝ ਬਸਤੀਆਂ ‘ਮੌਤ ਦੇ ਇਲਾਕੇ’ ਬਣ ਗਏ ਹਨ ਜਿੱਥੇ ਕਤਲ ਇੰਨੇ ਵੱਧ ਗਏ ਹਨ ਕਿ ਪੁਲਿਸ ਅਨੁਸਾਰ ਉੱਥੇ ਕਾਨੂੰਨ-ਵਿਵਸਥਾ ਕਾਇਮ ਰੱਖਣਾ ਸੰਭਵ ਹੀ ਨਹੀਂ ਹੈ।”
ਬੇਸ਼ੱਕ, ਨਸ਼ੀਲੀਆਂ ਦਵਾਈਆਂ ਦੀ ਕੁਵਰਤੋਂ ਸਿਰਫ਼ ਅਮਰੀਕਾ ਦੀ ਹੀ ਸਮੱਸਿਆ ਨਹੀਂ ਹੈ। ਇਕ ਅੰਦਾਜ਼ੇ ਮੁਤਾਬਕ, ਪੂਰੇ ਵਿਸ਼ਵ ਵਿਚ ਹਰ ਸਾਲ 1,60,000 ਤੋਂ 2,10,000 ਲੋਕ ਨਸ਼ੀਲੀਆਂ ਦਵਾਈਆਂ ਦੇ ਟੀਕੇ ਲੈਣ ਕਰਕੇ ਮਰਦੇ ਹਨ। ਇਸ ਤੋਂ ਇਲਾਵਾ, ਲੱਖਾਂ ਹੀ ਲੋਕ ਕਈ ਹੋਰ ਪ੍ਰਕਾਰ ਦੇ ਨੁਕਸਾਨਦਾਇਕ ਨਸ਼ੀਲੇ ਪਦਾਰਥ, ਜਿਵੇਂ ਕਿ ਕਾਟ (ਇਕ ਨਸ਼ੀਲੀ ਹਰੀ-ਪੱਤੀ), ਸੁਪਾਰੀ ਅਤੇ ਕੋਕੀਨ ਦੀ ਵਰਤੋਂ ਕਰਦੇ ਹਨ।
ਸ਼ਰਾਬ: ਬੇਸ਼ੱਕ ਨਸ਼ੀਲੀਆਂ ਦਵਾਈਆਂ ਜਿਵੇਂ ਕ੍ਰੈਕ ਕੋਕੀਨ ਅਤੇ ਹੀਰੋਇਨ ਵਗੈਰਾ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ, ਪਰ ਸ਼ਰਾਬ ਦੀ ਲਤ ਹੋਰ ਵੀ ਜ਼ਿਆਦਾ ਨੁਕਸਾਨ ਕਰਦੀ ਹੈ। ਦ ਮੈਡੀਕਲ ਪੋਸਟ ਨਾਮਕ ਅਖ਼ਬਾਰ ਰਿਪੋਰਟ ਦਿੰਦੀ ਹੈ ਕਿ “ਕੈਨੇਡਾ ਦੇ ਦਸਾਂ ਵਿਅਕਤੀਆਂ ਵਿੱਚੋਂ ਇਕ ਵਿਅਕਤੀ” ਨੂੰ ਸ਼ਰਾਬ ਦੀ ਲਤ ਲੱਗੀ ਹੋਈ ਹੈ ਅਤੇ “ਇਨ੍ਹਾਂ ਉੱਤੇ ਸਿਹਤ-ਸੰਭਾਲ ਪ੍ਰਣਾਲੀ ਨੂੰ ਕੁੱਲ 10 ਅਰਬ ਡਾਲਰ ਦਾ ਖ਼ਰਚਾ ਕਰਨਾ ਪੈਂਦਾ ਹੈ।” ਇਹ ਅਨੁਮਾਨ ਲਾਇਆ ਜਾਂਦਾ ਹੈ ਕਿ ਅਮਰੀਕਾ ਵਿਚ 50 ਫੀ ਸਦੀ ਮੋਟਰ-ਗੱਡੀਆਂ ਅਤੇ ਅੱਗ ਦੇ ਜਾਨਲੇਵਾ ਹਾਦਸੇ, 45 ਫੀ ਸਦੀ ਡੁੱਬ ਜਾਣ ਦੇ ਹਾਦਸੇ ਅਤੇ 36 ਫੀ ਸਦੀ ਪੈਦਲ ਯਾਤਰੀਆਂ ਦੇ ਹਾਦਸੇ ਸ਼ਰਾਬ ਦੀ ਵਜ੍ਹਾ ਨਾਲ ਹੀ ਹੁੰਦੇ ਹਨ। ਜ਼ਿਆਦਾ ਸ਼ਰਾਬ ਪੀਣ ਕਰਕੇ ਕਈ ਹਿੰਸਾਤਮਕ ਅਪਰਾਧ ਵੀ ਕੀਤੇ ਜਾਂਦੇ ਹਨ। ਜਿਹੜੇ ਲੋਕ ਕਤਲ, ਹਿੰਸਕ ਹਮਲੇ, ਬਲਾਤਕਾਰ, ਬਾਲ ਦੁਰਵਿਹਾਰ ਜਾਂ ਆਤਮ-ਹੱਤਿਆ ਕਰਦੇ ਹਨ, ਉਨ੍ਹਾਂ ਵਿਚ ਅਕਸਰ ਕਾਫ਼ੀ ਹੱਦ ਤਕ ਸ਼ਰਾਬ ਦਾ ਵੀ ਹੱਥ ਰਹਿੰਦਾ ਹੈ।
ਜੇਕਰ ਤੁਹਾਡੇ ਕਿਸੇ ਦੋਸਤ-ਮਿੱਤਰ ਜਾਂ ਸਾਕ-ਸੰਬੰਧੀ ਨੂੰ ਸ਼ਰਾਬ, ਤਮਾਖੂ ਜਾਂ ਨਸ਼ੀਲੀਆਂ ਦਵਾਈਆਂ ਦੀ ਲਤ ਲੱਗ ਗਈ ਹੈ ਤਾਂ ਉਨ੍ਹਾਂ ਲਈ ਮਦਦ ਭਾਲੋ।b ਪਰਮੇਸ਼ੁਰ ਦਾ ਬਚਨ, ਬਾਈਬਲ ਕਹਿੰਦੀ ਹੈ ਕਿ “ਮਿੱਤ੍ਰ ਹਰ ਵੇਲੇ ਪ੍ਰੇਮ ਕਰਦਾ ਹੈ, ਅਤੇ ਭਰਾ ਬਿਪਤਾ ਦੇ ਦਿਨ ਲਈ ਜੰਮਿਆ ਹੈ।” (ਕਹਾਉਤਾਂ 17:17) ਜੀ ਹਾਂ, ਇਸ ਔਖੀ ਸਥਿਤੀ ਦਾ ਸਾਮ੍ਹਣਾ ਕਰਨ ਲਈ ਪਰਿਵਾਰ ਅਤੇ ਦੋਸਤਾਂ-ਮਿੱਤਰਾਂ ਦੀ ਪ੍ਰੇਮਮਈ ਮਦਦ ਉੱਤੇ ਭਰੋਸਾ ਕਰਨਾ ਤੁਹਾਡੇ ਲਈ ਬਹੁਤ ਮਦਦਗਾਰ ਸਿੱਧ ਹੋ ਸਕਦਾ ਹੈ।
ਪਰ ਮੁਕੰਮਲ ਤੰਦਰੁਸਤੀ ਲਈ, ਚੰਗੀ ਸਰੀਰਕ ਸਿਹਤ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਜ਼ਰੂਰੀ ਹੈ। ਇਕ ਨਰੋਏ ਜੀਵਨ-ਢੰਗ ਨੂੰ ਬਰਕਰਾਰ ਰੱਖਣ ਲਈ ਮਾਨਸਿਕ ਅਤੇ ਅਧਿਆਤਮਿਕ ਗੱਲਾਂ ਵੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਅਗਲਾ ਲੇਖ ਇਸ ਬਾਰੇ ਚਰਚਾ ਕਰੇਗਾ।
[ਫੁਟਨੋਟ]
a ਪੌਸ਼ਟਿਕ ਭੋਜਨ ਸੰਬੰਧੀ ਜ਼ਿਆਦਾ ਜਾਣਕਾਰੀ ਲਈ, 22 ਜੂਨ, 1997 ਦਾ ਜਾਗਰੂਕ ਬਣੋ! (ਅੰਗ੍ਰੇਜ਼ੀ), ਸਫ਼ੇ 7-13 ਦੇਖੋ।
b 22 ਮਈ, 1992 ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਵਿੱਚੋਂ “ਸ਼ਰਾਬੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਮਦਦ” ਲੇਖ-ਮਾਲਾ ਦੇਖੋ।
[ਸਫ਼ੇ 5 ਉੱਤੇ ਸੁਰਖੀ]
“ਇਕ ਨਰੋਆ ਜੀਵਨ-ਢੰਗ ਅਪਣਾਉਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਜ਼ਿੰਦਗੀ ਦਾ ਮਜ਼ਾ ਲੈਣਾ ਹੀ ਛੱਡ ਦਿਓ”
[ਸਫ਼ੇ 6 ਉੱਤੇ ਸੁਰਖੀ]
ਵਿਸ਼ਵ ਸਿਹਤ ਸੰਗਠਨ ਦੇ ਇਕ ਅੰਦਾਜ਼ੇ ਮੁਤਾਬਕ ਸਿਗਰਟ ਪੀਣ ਨਾਲ ਹਰ ਸਾਲ 30 ਲੱਖ ਲੋਕ ਮਰਦੇ ਹਨ
[ਸਫ਼ੇ 7 ਉੱਤੇ ਸੁਰਖੀ]
“ਇਕ ਪੌਸ਼ਟਿਕ ਆਹਾਰ ਵਿਚ ਲਗਭਗ ਹਰ ਦਿਨ ਤੁਸੀਂ ਕੁਝ ਹੱਦ ਤਕ ਆਪਣਾ ਮਨਪਸੰਦ ਖਾਣਾ ਖਾ ਸਕਦੇ ਹੋ”
[ਸਫ਼ੇ 5 ਉੱਤੇ ਤਸਵੀਰ]
ਇਕ ਨਰੋਏ ਜੀਵਨ-ਢੰਗ ਵਿਚ ਨਿਯਮਿਤ ਕਸਰਤ ਸ਼ਾਮਲ ਕੀਤੀ ਜਾ ਸਕਦੀ ਹੈ
[ਸਫ਼ੇ 6 ਉੱਤੇ ਤਸਵੀਰ]
ਤਮਾਖੂ ਅਤੇ ਗ਼ੈਰ-ਕਾਨੂੰਨੀ ਨਸ਼ੀਲੀਆਂ ਦਵਾਈਆਂ ਦਾ ਇਨਕਾਰ ਕਰੋ
[ਸਫ਼ੇ 7 ਉੱਤੇ ਤਸਵੀਰ]
ਫਲ ਅਤੇ ਸਬਜ਼ੀਆਂ ਤੁਹਾਡੇ ਲਈ ਵਧੀਆ ਹਨ
[ਸਫ਼ੇ 7 ਉੱਤੇ ਤਸਵੀਰ]
ਰੋਜ਼ਾਨਾ ਦੇ ਘਰੇਲੂ ਕੰਮ-ਕਾਰ ਵੀ ਚੰਗੀ ਕਸਰਤ ਹੋ ਸਕਦੇ ਹਨ