ਕਲਕੱਤਾ—ਇਕ ਰੌਣਕ ਭਰਿਆ ਅਤੇ ਬਹੁਪੱਖੀ ਸ਼ਹਿਰ
ਭਾਰਤ ਵਿਚ ਜਾਗਰੂਕ ਬਣੋ! ਦੇ ਪੱਤਰਕਾਰ ਦੁਆਰਾ
ਬਰਤਾਨਵੀ ਲੇਖਕ ਰਡਯਾਰਡ ਕਿਪਲਿੰਗ ਲਈ ਇਹ “ਭਿਆਨਕ ਹਨੇਰ ਭਰਿਆ ਸ਼ਹਿਰ,” “ਭੀੜ-ਭੜੱਕੇ ਵਾਲਾ ਅਤੇ ਰੋਗ-ਗ੍ਰਸਤ ਕਸਬਾ” ਸੀ। ਪਰ ਪ੍ਰਸਿੱਧ ਉਰਦੂ ਸ਼ਾਇਰ ਮਿਰਜ਼ਾ ਗ਼ਾਲਿਬ ਲਈ, ਇਹ “ਅਤਿ ਤਾਜ਼ਗੀਦਾਇਕ ਨਗਰ,” “ਉਹ ਸਵਰਗ-ਰੂਪੀ ਨਗਰ” ਸੀ। ਲੇਖਕ ਡੋਮਿਨੀਕ ਲਾਪਿਏਰ ਜਿੰਨੀ ਵਾਰੀ ਇਸ ਸ਼ਹਿਰ ਨੂੰ ਗਿਆ, ਇਹ ਉਸ ਲਈ “ਇਕ ਨਵਾਂ ਜਾਦੂਮਈ ਤਜਰਬਾ” ਸੀ, ਜਦ ਕਿ ਪੀਟਰ ਟੀ. ਵ੍ਹਾਈਟ ਨੇ, ਨੈਸ਼ਨਲ ਜੀਓਗਰਾਫਿਕ ਵਿਚ ਲਿਖਦੇ ਸਮੇਂ, ਉਨ੍ਹਾਂ ਲੋਕਾਂ ਦਾ ਹਵਾਲਾ ਦਿੱਤਾ ਜਿਨ੍ਹਾਂ ਨੇ ਇਸ ਸ਼ਹਿਰ ਨੂੰ “ਭੈੜਾ, ਘਿਣਾਉਣਾ, ਡਰਾਉਣਾ” ਅਤੇ “ਦੁਨੀਆਂ ਦੀ ਸਭ ਤੋਂ ਵੱਡੀ ਗੰਦੀ ਬਸਤੀ” ਸੱਦਿਆ। ਨਿਰਸੰਦੇਹ, ਕਲਕੱਤਾ (ਬੰਗਾਲੀ ਭਾਸ਼ਾ ਵਿਚ, ਕੋਲੀਕਾਤਾ) ਇਕ ਬਹੁਪੱਖੀ ਸ਼ਹਿਰ ਹੈ।
ਸ਼ਹਿਰ ਦੀ ਨੀਂਹ
ਪੱਛਮੀ ਬੰਗਾਲ ਰਾਜ ਵਿਚ ਕਲਕੱਤਾ, ਜੋ ਭਾਰਤ ਦੇ ਉੱਤਰ-ਪੂਰਬੀ ਤਟ ਤੇ ਸਥਿਤ ਹੈ, ਭਾਰਤ ਦੇ ਪ੍ਰਾਚੀਨ ਇਤਿਹਾਸ ਦਾ ਭਾਗ ਨਹੀਂ ਸੀ। ਦਿੱਲੀ ਅਤੇ ਤੰਜਾਵੁਰ ਦੀ ਤੁਲਨਾ ਵਿਚ, ਕਲਕੱਤਾ ਇਕ ਨਵਾਂ ਸ਼ਹਿਰ ਹੈ। ਜਿਵੇਂ ਕਿ ਸ਼ਹਿਰਾਂ ਦੇ ਮਾਮਲੇ ਵਿਚ ਅਕਸਰ ਸੱਚ ਹੁੰਦਾ ਹੈ, ਕਲਕੱਤੇ ਦਾ ਜਨਮ ਇਕ ਨਦੀ, ਵਿਸ਼ਾਲ ਗੰਗਾ, ਦੇ ਕਾਰਨ ਹੋਇਆ ਸੀ। ਬੰਗਾਲ ਦੀ ਖਾੜੀ ਦੇ ਨੇੜੇ ਪਹੁੰਚਣ ਤੇ, ਗੰਗਾ ਦੋ ਉਪ-ਨਦੀਆਂ ਵਿਚ, ਅਤੇ ਫਿਰ ਅੱਗੇ ਜਾ ਕੇ ਹੋਰ ਬਹੁਤ ਸਾਰੀਆਂ ਉਪ-ਨਦੀਆਂ ਵਿਚ ਵੰਡੀ ਜਾਂਦੀ ਹੈ, ਅਤੇ ਇਹ ਦੁਨੀਆਂ ਦਾ ਸਭ ਤੋਂ ਵੱਡਾ ਡੈਲਟਾ ਬਣਾਉਂਦੀਆਂ ਹਨ। ਡੈਲਟੇ ਦੇ ਪੱਛਮੀ ਕੰਢੇ ਤੇ ਹੁਗਲੀ ਨਦੀ ਹੈ, ਜਿਸ ਨੂੰ ਪਹਿਲਾਂ ਭਾਗੀਰਥੀ-ਗੰਗਾ ਕਿਹਾ ਜਾਂਦਾ ਸੀ, ਅਤੇ ਇਹ ਦੱਖਣ ਦਿਸ਼ਾ ਵਿਚ ਵਹਿ ਕੇ ਸਮੁੰਦਰ ਵਿਚ ਜਾ ਮਿਲਦੀ ਹੈ।
ਪੁਰਤਗਾਲੀ, ਡੱਚ, ਅਤੇ ਅੰਗ੍ਰੇਜ਼ ਵਪਾਰੀ, 15ਵੀਂ ਅਤੇ 16ਵੀਂ ਸਦੀਆਂ ਵਿਚ ਹੁਗਲੀ ਨਦੀ ਰਾਹੀਂ ਆਏ, ਅਤੇ ਸੂਬਾਈ ਨਵਾਬਾਂ ਦੀ ਇਜਾਜ਼ਤ ਨਾਲ ਉਨ੍ਹਾਂ ਨੇ ਉੱਥੇ ਵਪਾਰਕ ਅੱਡੇ ਸਥਾਪਿਤ ਕੀਤੇ। ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਇਕ ਅਫ਼ਸਰ, ਜੋਬ ਚਾਰਨਕ ਨੇ ਸੂਤਾਨਤੀ ਪਿੰਡ ਨੂੰ ਇਕ ਵਪਾਰ ਕੇਂਦਰ ਵਜੋਂ ਚੁਣਿਆ। ਕੁਝ ਨਾਕਾਮੀਆਂ ਮਗਰੋਂ, ਉਹ ਸਮੁੰਦਰੀ ਜਹਾਜ਼ ਰਾਹੀਂ ਸੂਤਾਨਤੀ ਪਹੁੰਚਿਆ ਅਤੇ ਉੱਥੇ, ਨਾਲੇ ਗੋਬਿੰਦਪੁਰ ਤੇ ਕੋਲੀਕਾਤਾ ਦੇ ਪਿੰਡਾਂ ਵਿਚ ਉਸ ਨੇ ਨਾ ਕੇਵਲ ਇਕ ਵਪਾਰਕ ਅੱਡਾ ਸਥਾਪਿਤ ਕੀਤਾ, ਬਲਕਿ ਬਰਤਾਨਵੀ ਬਸਤੀ ਦੀ ਨੀਂਹ ਵੀ ਰੱਖੀ। ਤਾਰੀਖ਼ ਅਗਸਤ 24, 1690 ਸੀ। ਉਸ ਦਿਨ ਕਲਕੱਤੇ ਦਾ ਜਨਮ ਹੋਇਆ!
ਕਿਰਾਏਦਾਰੀ ਦਾ ਅਧਿਕਾਰ 1698 ਵਿਚ ਕਾਨੂੰਨੀ ਤੌਰ ਤੇ ਪ੍ਰਾਪਤ ਕੀਤਾ ਗਿਆ, ਅਤੇ 1757 ਤਕ ਅੰਗ੍ਰੇਜ਼ਾਂ ਨੇ ਮੁਗ਼ਲ ਨਵਾਬਾਂ ਨੂੰ ਕਿਰਾਇਆ ਦਿੱਤਾ। ਅੰਗ੍ਰੇਜ਼ਾਂ ਨੇ ਵੱਧ-ਫੁੱਲ ਰਹੇ ਸ਼ਹਿਰ ਨੂੰ ਫ਼ੌਜੀ ਸੁਰੱਖਿਆ ਦੇਣ ਲਈ ਫੋਰਟ ਵਿਲੀਅਮ ਉਸਾਰਿਆ। ਫੋਰਟ ਵਿਲੀਅਮ ਵਿਚ ਸੁਰੱਖਿਅਤ ਮਹਿਸੂਸ ਕਰਦਿਆਂ, ਵਪਾਰੀਆਂ ਨੇ ਵੱਡੇ-ਵੱਡੇ ਬੰਗਲੇ ਉਸਾਰਨੇ ਸ਼ੁਰੂ ਕਰ ਦਿੱਤੇ। ਉਸ ਸਮੇਂ ਤਕ ਕਸਬੇ ਅਤੇ ਆਲੇ-ਦੁਆਲੇ ਦੇ ਪਿੰਡਾਂ ਦੀ ਵਸੋਂ 4,00,000 ਤਕ ਪਹੁੰਚ ਚੁੱਕੀ ਸੀ, ਅਤੇ ਵਪਾਰ ਕਾਰਨ ਹਰ ਸਾਲ ਲਗਭਗ 50 ਸਮੁੰਦਰੀ ਜਹਾਜ਼ ਹੁਗਲੀ ਰਾਹੀਂ ਆਉਂਦੇ ਸਨ।
ਕਲਕੱਤੇ ਦੀ ਕਾਲ ਕੋਠੜੀ
ਸਾਲ 1756 ਵਿਚ ਬੰਗਾਲ ਦੇ ਇਕ ਜਲਦਬਾਜ਼ ਅਤੇ ਜਵਾਨ ਸੂਬਾਈ ਨਵਾਬ, ਸਿਰਾਜ-ਉਦ-ਦੌਲਾ ਨੇ ਕਲਕੱਤੇ ਉੱਤੇ ਹਮਲਾ ਕਰ ਦਿੱਤਾ। ਜ਼ਿਆਦਾਤਰ ਨਿਵਾਸੀ ਭੱਜ ਗਏ, ਪਰੰਤੂ ਫੋਰਟ ਵਿਲੀਅਮ ਵਿਚ ਪਨਾਹ ਲੈਣ ਵਾਲੇ ਕੁਝ ਯੂਰਪੀ ਲੋਕਾਂ ਨੇ ਆਪਣੇ ਆਪ ਨੂੰ ਉਹ ਦੇ ਹਵਾਲੇ ਕਰ ਦਿੱਤਾ ਅਤੇ ਉਨ੍ਹਾਂ ਨੂੰ ਜੂਨ ਮਹੀਨੇ ਦੀ ਦਮ-ਘੁੱਟਵੀਂ ਗਰਮੀ ਵਿਚ ਇਕ ਛੋਟੀ ਜਿਹੀ ਜੇਲ੍ਹ ਵਿਚ ਬੰਦ ਕੀਤਾ ਗਿਆ। ਅਗਲੇ ਦਿਨ ਪਤਾ ਲੱਗਾ ਕਿ ਬਹੁਤ ਸਾਰੇ ਲੋਕ ਸਾਹ ਘੁੱਟੇ ਜਾਣ ਕਰਕੇ ਮਰ ਗਏ ਸਨ। ਉਹ ਜੇਲ੍ਹ ਕਲਕੱਤੇ ਦੀ ਕਾਲ ਕੋਠੜੀ ਵਜੋਂ ਜਾਣੀ ਜਾਣ ਲੱਗੀ।
ਇਸ ਹਾਦਸੇ ਨਾਲ ਈਸਟ ਇੰਡੀਆ ਕੰਪਨੀ ਦਾ ਕ੍ਰੋਧ ਭੜਕ ਉੱਠਿਆ, ਅਤੇ 1757 ਵਿਚ, ਰਾਬਰਟ ਕਲਾਈਵ ਦੀ ਅਗਵਾਈ ਅਧੀਨ ਅੰਗ੍ਰੇਜ਼ ਫ਼ੌਜ ਉਸ ਕਸਬੇ ਉੱਤੇ ਮੁੜ ਕਬਜ਼ਾ ਕਰਨ ਲਈ ਨਿਕਲੀ। ਇਹ ਕਿਹਾ ਜਾਂਦਾ ਹੈ ਕਿ ਉਸ ਸਮੇਂ ਤੇ ਹੋਈ ਪਲਾਸੀ ਦੀ ਲੜਾਈ ਨਾਲ ਹੀ ਭਾਰਤ ਵਿਚ ਬ੍ਰਿਟਿਸ਼ ਰਾਜ ਸ਼ੁਰੂ ਹੋਇਆ। ਅਤੇ ਕਲਕੱਤੇ ਦਾ ਕੀ ਹੋਇਆ? ਸਾਲ 1773 ਵਿਚ ਇਹ ਬ੍ਰਿਟਿਸ਼ ਇੰਡੀਆ ਦੀ ਰਾਜਧਾਨੀ ਬਣਿਆ, ਅਤੇ 1911 ਤਕ ਬਣਿਆ ਰਿਹਾ।
ਕਲਕੱਤੇ ਵਿਚ ਵੱਡੇ ਸੁਧਾਰ
ਜਿਉਂ-ਜਿਉਂ ਕਾਫ਼ੀ ਸਾਰਾ ਪੈਸਾ ਇਸ ਸ਼ਹਿਰ ਵਿਚ ਆਉਂਦਾ ਗਿਆ, ਤਿਉਂ-ਤਿਉਂ ਸ਼ਾਨਦਾਰ ਇਮਾਰਤਾਂ ਉਸਾਰੀਆਂ ਗਈਆਂ, ਜਿਸ ਕਰਕੇ ਕਲਕੱਤੇ ਨੂੰ ‘ਮਹਿਲਾਂ ਦਾ ਸ਼ਹਿਰ’ ਨਾਂ ਦਿੱਤਾ ਗਿਆ। ਚੌੜੀਆਂ ਸੜਕਾਂ ਬਣਾਈਆਂ ਗਈਆਂ, ਅਤੇ ਮਿਊਜ਼ੀਅਮਾਂ ਤੇ ਲਾਇਬ੍ਰੇਰੀਆਂ ਸਥਾਪਤ ਕੀਤੀਆਂ ਗਈਆਂ। ਅੱਜ ਮੌਜੂਦ ਕਈ ਪ੍ਰਭਾਵਸ਼ਾਲੀ ਇਮਾਰਤਾਂ ਇਸ ਗੱਲ ਦਾ ਸਬੂਤ ਹਨ।
ਬ੍ਰਿਟਿਸ਼ ਰਾਜ ਹੇਠਾਂ 190 ਸਾਲਾਂ ਮਗਰੋਂ, ਭਾਰਤ ਨੇ ਮੋਹਨਦਾਸ ਗਾਂਧੀ ਅਤੇ ਜਵਾਹਰਲਾਲ ਨਹਿਰੂ ਦੀ ਅਗਵਾਈ ਅਧੀਨ 1947 ਵਿਚ ਆਜ਼ਾਦੀ ਪ੍ਰਾਪਤ ਕੀਤੀ, ਅਤੇ ਜਲਦੀ ਹੀ ਬਟਵਾਰਾ ਵੀ ਹੋਇਆ। ਮੁਹੰਮਦ ਅਲੀ ਜਿਨਾਹ ਦੀ ਅਗਵਾਈ ਅਧੀਨ ਪਾਕਿਸਤਾਨ (ਪੂਰਬੀ ਅਤੇ ਪੱਛਮੀ ਪਾਕਿਸਤਾਨ) ਦਾ ਮੁਸਲਿਮ ਰਾਜ ਸਥਾਪਿਤ ਕੀਤਾ ਗਿਆ। ਫਿਰ, 1971 ਵਿਚ, ਪੂਰਬੀ ਪਾਕਿਸਤਾਨ ਨੂੰ ਬੰਗਲਾਦੇਸ਼ ਨਾਂ ਦਿੱਤਾ ਗਿਆ। ਇਨ੍ਹਾਂ ਘਟਨਾਵਾਂ ਕਾਰਨ ਵੱਡੀ ਗਿਣਤੀ ਵਿਚ ਸ਼ਰਨਾਰਥੀ ਕਲਕੱਤੇ ਵਿਚ ਆ ਗਏ; ਅੱਜ ਇਸ ਮੈਟਰੋਪਾਲਿਟਨ ਖੇਤਰ ਦੀ ਅਨੁਮਾਨਿਤ ਵਸੋਂ 1,20,00,000 ਤੋਂ ਜ਼ਿਆਦਾ ਦੱਸੀ ਜਾਂਦੀ ਹੈ।
ਸ਼ਹਿਰ ਵਿਚ ਅਚਾਨਕ ਇੰਨੇ ਸਾਰੇ ਬੇਰੁਜ਼ਗਾਰਾਂ ਦੇ ਆਉਣ ਕਰਕੇ ਵੱਡੀਆਂ ਸਮੱਸਿਆਵਾਂ ਖੜ੍ਹੀਆਂ ਹੋ ਗਈਆਂ। ਮਕਾਨਾਂ ਦੀ ਕਮੀ ਦਾ ਇਹ ਅਰਥ ਸੀ ਕਿ ਲੱਖਾਂ ਲੋਕ ਹੱਦ ਦਰਜੇ ਦੀਆਂ ਗੰਦੀਆਂ ਬਸਤੀਆਂ ਵਿਚ ਰਹਿ ਰਹੇ ਸਨ। ਉਨ੍ਹਾਂ ਦੀਆਂ ਝੌਂਪੜੀਆਂ ਗੱਤੇ ਅਤੇ ਬੋਰੀਆਂ ਦੀਆਂ ਬਣੀਆਂ ਹੋਈਆਂ ਸਨ, ਅਤੇ ਉੱਥੇ ਸਫ਼ਾਈ, ਬਿਜਲੀ, ਜਾਂ ਪਾਣੀ ਦਾ ਘੱਟ ਹੀ ਪ੍ਰਬੰਧ ਸੀ ਜਾਂ ਬਿਲਕੁਲ ਹੀ ਪ੍ਰਬੰਧ ਨਹੀਂ ਸੀ। ਹੋਰ ਦੂਸਰੇ ਹਜ਼ਾਰਾਂ ਲੋਕ ਸੜਕਾਂ ਤੇ ਰਹਿੰਦੇ ਸਨ। 1967 ਵਿਚ, ਨੌਂ ਅੰਤਰਰਾਸ਼ਟਰੀ ਕਸਬਾਈ ਵਿਓਂਤਕਾਰਾਂ ਨੇ ਕਲਕੱਤੇ ਦੀ ਦਸ਼ਾ ਦੀ ਰਿਪੋਰਟ ਦਿੰਦੇ ਹੋਏ ਕਿਹਾ ਕਿ ਇਸ ਦੀ “ਅਰਥ-ਵਿਵਸਥਾ, ਰਿਹਾਇਸ਼ੀ ਪ੍ਰਬੰਧ, ਸਫ਼ਾਈ ਦੇ ਪ੍ਰਬੰਧ, ਆਵਾਜਾਈ ਅਤੇ ਜ਼ਿੰਦਗੀ ਲਈ ਜ਼ਰੂਰੀ ਇਨਸਾਨੀਅਤ ਢਹਿ-ਢੇਰੀ ਹੋਣ ਦੇ ਕੰਢੇ ਤਕ ਤੇਜ਼ੀ ਨਾਲ ਪਹੁੰਚ ਰਹੀ ਹੈ।” ਭਵਿੱਖ ਨਿਰਾਸ਼ਾਜਨਕ ਲੱਗਦਾ ਸੀ।
ਜ਼ਿਆਦਾ ਮਕਾਨ ਉਪਲਬਧ ਕਰਾਉਣ ਦੀ ਕੋਸ਼ਿਸ਼ ਵਿਚ, ਖ਼ਾਸ ਕਰਕੇ ਘੱਟ ਆਮਦਨ ਵਾਲੇ ਸਮੂਹਾਂ ਵਾਸਤੇ, ਇਕ ਵਿਸ਼ਾਲ ਲੂਣੀ ਦਲਦਲ ਦੇ ਖੇਤਰ ਨੂੰ ਵਸਣ ਯੋਗ ਬਣਾਇਆ ਗਿਆ। ਨਾਲੇ ਭੂਮੀ ਦੀ ਭਰਾਈ ਵਾਸਤੇ ਨਦੀ ਵਿੱਚੋਂ ਗਾਰਾ ਕੱਢਣ ਦੁਆਰਾ ਉਸ ਰਾਹੀਂ ਆਵਾਜਾਈ ਵਿਚ ਸੁਧਾਰ ਹੋਇਆ।
ਉੱਨੀ ਸੌ ਨੱਬੇ ਦੇ ਦਹਾਕੇ ਦੇ ਮੁਢਲੇ ਸਾਲਾਂ ਦੌਰਾਨ ਭਾਰਤ ਵਿਚ ਕਾਫ਼ੀ ਅੰਤਰਰਾਸ਼ਟਰੀ ਪੂੰਜੀ-ਨਿਵੇਸ਼ ਕੀਤਾ ਗਿਆ, ਅਤੇ ਕਲਕੱਤਾ ਵੀ ਪਿੱਛੇ ਰਹਿਣ ਵਾਲਾ ਨਹੀਂ ਸੀ। ਇਸ ਲਈ ਇਕ ਵਿਸ਼ਾਲ ਝਾੜ-ਪੂੰਝ ਸ਼ੁਰੂ ਕੀਤੀ ਗਈ। ਗੰਦੀਆਂ ਬਸਤੀਆਂ ਵਿਚ ਰਹਿਣ ਵਾਲਿਆਂ ਲਈ ਸ਼ਹਿਰੋਂ ਬਾਹਰ ਪ੍ਰਬੰਧ ਕੀਤਾ ਗਿਆ, ਕੂੜੇ ਨੂੰ ਬਿਜਲੀ ਪੈਦਾ ਕਰਨ ਅਤੇ ਖਾਦ ਬਣਾਉਣ ਲਈ ਵਰਤਿਆ ਗਿਆ, ਅਤੇ ਧੂੰਆਂ ਛੱਡਣ ਵਾਲੀਆਂ ਖੁੱਲ੍ਹੀਆਂ ਭੱਠੀਆਂ ਦੇ ਨਾਲ-ਨਾਲ ਪ੍ਰਦੂਸ਼ਣ ਪੈਦਾ ਕਰਨ ਵਾਲੀਆਂ ਗੱਡੀਆਂ ਤੇ ਵੀ ਰੋਕ ਲਗਾਈ ਗਈ। ਸੜਕਾਂ ਚੌੜੀਆਂ ਕੀਤੀਆਂ ਗਈਆਂ, ਅਤੇ ਸ਼ਾਪਿੰਗ ਸੈਂਟਰ ਬਣਾਏ ਗਏ। ਨਾਗਰਿਕਾਂ ਦੇ ਸਮੂਹਾਂ ਨੇ ਸਾਫ਼-ਸਫ਼ਾਈ ਕੀਤੀ, ਝਾੜ-ਪੂੰਝ ਕੀਤੀ ਅਤੇ ਰੰਗ-ਰੋਗਨ ਕੀਤਾ। ਕਲਕੱਤੇ ਨੂੰ ਤਬਾਹੀ ਦੇ ਮੂੰਹੋਂ ਕੱਢ ਕੇ ਨਵਾਂ ਜੀਵਨ ਦਿੱਤਾ ਗਿਆ—ਇੱਥੋਂ ਤਕ ਕਿ ਪਹਿਲਾਂ ‘ਮਰ ਰਿਹਾ,’ ‘ਤਬਾਹ ਹੋ ਰਿਹਾ’ ਸ਼ਹਿਰ ਫਿਰ ਤੋਂ ਰੌਣਕ ਭਰਿਆ ਸ਼ਹਿਰ ਬਣ ਗਿਆ। ਲਾਭ ਅਤੇ ਨਾਗਰਿਕ ਸਹੂਲਤਾਂ ਸੰਬੰਧੀ 1997 ਦੀ ਇਕ ਰਿਪੋਰਟ ਅਨੁਸਾਰ, ਇਸ ਨੂੰ ਭਾਰਤ ਦੇ ਦੂਜੇ ਪ੍ਰਮੁੱਖ ਸ਼ਹਿਰਾਂ ਨਾਲੋਂ ਕਿਤੇ ਜ਼ਿਆਦਾ ਉੱਚਾ ਦਰਜਾ ਦਿੱਤਾ ਗਿਆ ਸੀ।
ਵਪਾਰ ਦਾ ਮਹਾਂਨਗਰ
ਗੁਆਂਢੀ ਦੇਸ਼ਾਂ ਤੋਂ ਆਏ ਸ਼ਰਨਾਰਥੀਆਂ ਅਤੇ ਭਾਰਤ ਦੇ ਦੂਜੇ ਰਾਜਾਂ ਤੋਂ ਆਏ ਆਵਾਸੀਆਂ, ਨਾਲੇ ਸਥਾਨਕ ਬੰਗਾਲੀ ਲੋਕਾਂ, ਅਤੇ ਲੰਬੇ ਸਮੇਂ ਤੋਂ ਉੱਥੇ ਰਹਿ ਰਹੇ ਚੀਨੀ ਅਤੇ ਆਰਮੀਨੀ ਲੋਕਾਂ ਦੇ ਇੱਥੇ ਵਸਣ ਕਰਕੇ, ਇਹ ਮਹਾਂਨਗਰ ਵੱਖੋ-ਵੱਖਰੀਆਂ ਭਾਸ਼ਾਵਾਂ, ਸਭਿਆਚਾਰਾਂ, ਧਰਮਾਂ, ਅਤੇ ਪਕਵਾਨਾਂ ਦਾ ਸੰਗਮ ਬਣ ਗਿਆ ਹੈ। ਇਨ੍ਹਾਂ ਲੱਖਾਂ ਲੋਕਾਂ ਦਾ ਕਲਕੱਤੇ ਵਿਚ ਆਉਣ ਦਾ ਕੀ ਕਾਰਨ ਸੀ? ਵਪਾਰ! ਦੁਨੀਆਂ ਦੇ ਹਰ ਹਿੱਸੇ ਤੋਂ ਸਮੁੰਦਰੀ ਜਹਾਜ਼ ਇਸ ਬੰਦਰਗਾਹ ਵਿਚ ਆਉਂਦੇ ਸਨ ਜਿੱਥੇ ਪੂਰਬ ਅਤੇ ਪੱਛਮ ਦਾ ਸੰਗਮ ਹੁੰਦਾ ਹੈ। ਸ਼ੋਰਾ, ਪਟਸਨ, ਚਾਹ, ਖੰਡ, ਨੀਲ, ਕਪਾਹ, ਅਤੇ ਰੇਸ਼ਮ ਦਾ ਨਿਰਯਾਤ ਕੀਤਾ ਜਾਂਦਾ ਸੀ। ਸੜਕ, ਰੇਲ, ਅਤੇ ਸਮੁੰਦਰ ਰਾਹੀਂ, ਭਰਪੂਰ ਮਾਤਰਾ ਵਿਚ ਮਾਲ ਕਲਕੱਤੇ ਵਿਚ ਲਿਆਇਆ ਜਾਂਦਾ ਸੀ ਅਤੇ ਕਲਕੱਤੇ ਤੋਂ ਬਾਹਰ ਭੇਜਿਆ ਜਾਂਦਾ ਸੀ। ਆਜ਼ਾਦੀ ਮਗਰੋਂ, ਲੋਹੇ ਅਤੇ ਫ਼ੌਲਾਦ ਦੇ ਵਿਸ਼ਾਲ ਢਲਾਈਖ਼ਾਨੇ ਬਣਾਏ ਗਏ, ਅਤੇ ਸੁਦੇਸੀ ਵਰਤੋਂ ਲਈ ਤੇ ਨਿਰਯਾਤ ਲਈ ਕੀਮਤੀ ਕੱਚੀਆਂ ਧਾਤਾਂ ਦੀਆਂ ਖਾਣਾਂ ਪੁੱਟੀਆਂ ਗਈਆਂ।
ਵਪਾਰ ਦੇ ਵਾਧੇ ਵਿਚ ਬੰਦਰਗਾਹ ਨੇ ਅਹਿਮ ਭੂਮਿਕਾ ਨਿਭਾਈ ਸੀ। ਪਹਿਲਾਂ-ਪਹਿਲ ਅੰਗ੍ਰੇਜ਼ ਆਪਣੇ ਜਹਾਜ਼ਾਂ ਦੇ ਲੰਗਰ ਹੁਗਲੀ ਦੇ ਡੂੰਘੇ ਪਾਣੀਆਂ ਵਿਚ ਲਿਆ ਕੇ ਸੁੱਟਦੇ ਸਨ ਅਤੇ ਮਾਲ ਲਿਆਉਣ ਤੇ ਲਿਜਾਣ ਲਈ ਛੋਟੀਆਂ ਕਿਸ਼ਤੀਆਂ ਨੂੰ ਨਦੀ ਦੇ ਉੱਪਰਲੇ ਹਿੱਸੇ ਵਿਚ ਘੱਲਦੇ ਸਨ। ਸਾਲ 1758 ਵਿਚ ਕਲਕੱਤੇ ਵਿਖੇ ਇਕ ਕੇਂਦਰ ਸਥਾਪਿਤ ਕੀਤਾ ਗਿਆ ਜੋ ਬਾਅਦ ਵਿਚ ਭਾਰਤ ਦੀ ਮੁੱਖ ਬੰਦਰਗਾਹ ਬਣਿਆ। ਲਗਾਤਾਰ ਹੋ ਰਹੇ ਆਧੁਨਿਕੀਕਰਣ ਕਰਕੇ ਅਤੇ ਗੰਗਾ ਉੱਤੇ ਬਣੇ ਡੈਮ ਤੋਂ ਪਾਣੀ ਲਿਆਉਣ ਕਰਕੇ ਕਲਕੱਤੇ ਦੀ ਅੰਤਰਰਾਸ਼ਟਰੀ, ਤਟਵਰਤੀ, ਅਤੇ ਅੰਦਰੂਨੀ ਜਲ ਆਵਾਜਾਈ ਵਿਚ ਵਿਸਤਾਰ ਹੋਇਆ ਹੈ।
ਢੋਆ-ਢੁਆਈ—ਪ੍ਰਾਚੀਨ ਅਤੇ ਆਧੁਨਿਕ
ਇਕ ਕਰੋੜ ਵੀਹ ਲੱਖ ਲੋਕਾਂ ਦੀ ਆਬਾਦੀ ਵਾਲੇ ਸ਼ਹਿਰ ਵਿਚ, ਢੋਆ-ਢੁਆਈ ਇਕ ਮੁੱਖ ਸਮੱਸਿਆ ਹੁੰਦੀ ਹੈ। ਕਲਕੱਤੇ ਵਿਚ ਸਫ਼ਰ ਕਰਨ ਦੇ ਉਹ ਸਾਰੇ ਸਾਧਨ ਉਪਲਬਧ ਹਨ ਜੋ ਇਕ ਆਧੁਨਿਕ ਸ਼ਹਿਰ ਵਿਚ ਪਾਏ ਜਾਂਦੇ ਹਨ—ਅਤੇ ਇਸ ਤੋਂ ਇਲਾਵਾ ਦੂਜੇ ਸਾਧਨ ਵੀ ਹਨ! ਦੂਜੀਆਂ ਥਾਵਾਂ ਤੋਂ ਆਏ ਲੋਕ, ਫੁਰਤੀਲੇ ਆਦਮੀਆਂ ਨੂੰ ਹੱਥਾਂ ਨਾਲ ਰਿਕਸ਼ਿਆਂ ਨੂੰ ਖਿੱਚਦੇ ਦੇਖ ਕੇ ਕਾਫ਼ੀ ਹੈਰਾਨ ਹੁੰਦੇ ਹਨ। ਉਹ ਭਾਰੀ ਆਵਾਜਾਈ ਵਿੱਚੋਂ ਰਿਕਸ਼ਾ ਖਿੱਚਦੇ ਹੋਏ, ਅਕਸਰ ਆਵਾਜਾਈ ਵਿਚ ਫਸੀ ਬੱਸ ਜਾਂ ਟੈਕਸੀ ਨਾਲੋਂ ਵੀ ਜ਼ਿਆਦਾ ਜਲਦੀ ਆਪਣੀਆਂ ਸਵਾਰੀਆਂ ਨੂੰ ਉਨ੍ਹਾਂ ਦੀ ਮੰਜ਼ਲ ਤੇ ਪਹੁੰਚਾ ਦਿੰਦੇ ਹਨ। ਰਿਕਸ਼ੇ ਦੀ ਵਰਤੋਂ 1900 ਵਿਚ ਮਾਲ ਢੋਹਣ ਲਈ ਸ਼ੁਰੂ ਕੀਤੀ ਗਈ ਸੀ, ਪਰੰਤੂ ਜਲਦੀ ਹੀ ਇਹ ਲੋਕਾਂ ਨੂੰ ਢੋਹਣ ਲਈ ਵਰਤੇ ਜਾਣ ਲੱਗੇ; ਇਹ ਮੰਨਿਆ ਜਾਂਦਾ ਹੈ ਕਿ ਸ਼ਹਿਰ ਦੀਆਂ ਸੜਕਾਂ ਉੱਤੇ ਲਗਭਗ 25,000 ਰਿਕਸ਼ੇ ਚੱਲਦੇ ਹਨ! ਹਾਲਾਂਕਿ ਇਹ ਆਵਾਜਾਈ ਵਿਚ ਰੁਕਾਵਟ ਪਾਉਂਦੇ ਹਨ, ਪਰ ਇਹ ਕੁਝ 50,000 ਆਦਮੀਆਂ ਨੂੰ ਰੁਜ਼ਗਾਰ ਅਤੇ ਇਸ ਤੋਂ ਵੀ ਜ਼ਿਆਦਾ ਲੋਕਾਂ ਨੂੰ ਸਫ਼ਰ ਕਰਨ ਦਾ ਸਾਧਨ ਮੁਹੱਈਆ ਕਰਦੇ ਹਨ।
ਹਰ ਦਿਨ, ਕਲਕੱਤੇ ਦੇ ਮੁੱਖ ਰੇਲਵੇ ਸਟੇਸ਼ਨ ਅਤੇ ਕੇਂਦਰੀ ਵਪਾਰ ਜ਼ਿਲ੍ਹੇ ਵਿਚਕਾਰ ਰੋਜ਼ਾਨਾ ਸਫ਼ਰ ਕਰਨ ਵਾਲੇ ਹਜ਼ਾਰਾਂ ਯਾਤਰੀ ਛੋਟੀਆਂ ਕਿਸ਼ਤੀਆਂ ਰਾਹੀਂ ਆਉਂਦੇ-ਜਾਂਦੇ ਹਨ। ਸੜਕ ਉੱਤੇ ਆਵਾਜਾਈ ਦੀਆਂ ਸਮੱਸਿਆਵਾਂ ਨੂੰ ਘਟਾਉਣ ਲਈ, ਨਦੀ ਰਾਹੀਂ ਆਵਾਜਾਈ ਨੂੰ ਵਧਾਇਆ ਜਾ ਰਿਹਾ ਹੈ, ਕਿਉਂਕਿ ਸੰਸਾਰ ਦੇ ਸਭ ਤੋਂ ਭਾਰੀ ਆਵਾਜਾਈ ਵਾਲੇ ਪੁਲ, ਹਾਵੜਾ ਬਰਿੱਜ, ਉੱਤੇ ਹਰ ਦਿਨ 50,000 ਤੋਂ ਜ਼ਿਆਦਾ ਕਾਰਾਂ ਅਤੇ ਹਜ਼ਾਰਾਂ ਟਰੱਕਾਂ ਦੇ ਚੱਲਣ ਕਾਰਨ ਟ੍ਰੈਫਿਕ ਜਾਮ ਹੋ ਜਾਂਦਾ ਹੈ।
ਇਸ ਸ਼ਹਿਰ ਵਿਚ ਬਿਜਲਈ ਟ੍ਰਾਮਾਂ ਸ਼ਾਇਦ ਸਭ ਤੋਂ ਜ਼ਿਆਦਾ ਲੋਕਪ੍ਰਿਯ ਹਨ। ਇਨ੍ਹਾਂ ਅਣਪ੍ਰਦੂਸ਼ਕ ਅਤੇ ਜ਼ਿਆਦਾ ਲੋਕਾਂ ਨੂੰ ਲਿਜਾਣ ਦੀ ਗੁੰਜਾਇਸ਼ ਰੱਖਣ ਵਾਲੀਆਂ ਊਰਜਾ-ਬਚਾਊ ਗੱਡੀਆਂ ਦੀ ਇਕ ਉੱਤਮ ਵਿਵਸਥਾ ਹਰ ਦਿਨ ਲੱਖਾਂ ਲੋਕਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਤਕ ਪਹੁੰਚਾਉਂਦੀ ਹੈ। ਪਰ ਟ੍ਰਾਮ ਵਿਚ ਸਫ਼ਰ ਕਰਨਾ ਹਮੇਸ਼ਾ ਆਰਾਮਦੇਹ ਨਹੀਂ ਹੁੰਦਾ। ਟ੍ਰਾਮ ਦੇ ਬਾਹਰ ਲਟਕਣ ਲਈ ਖ਼ਾਸ ਨਿਪੁੰਨਤਾ ਦੀ ਲੋੜ ਪੈਂਦੀ ਹੈ! ਇਸ ਪਰਿਸਥਿਤੀ ਵਿਚ ਵੱਡਾ ਸੁਧਾਰ ਹੋਇਆ ਜਦੋਂ ਹਾਲ ਹੀ ਵਿਚ ਮੈਟਰੋ ਰੇਲ ਵਿਵਸਥਾ ਸ਼ੁਰੂ ਕੀਤੀ ਗਈ। ਇਹ ਇਕ ਘੰਟੇ ਵਿਚ 60,000 ਤੋਂ ਜ਼ਿਆਦਾ ਲੋਕਾਂ ਨੂੰ ਠੰਢਕ ਭਰੀ ਆਰਾਮਦੇਹ ਹਾਲਤ ਵਿਚ ਸ਼ਹਿਰ ਦੇ ਇਕ ਸਿਰੇ ਤੋਂ ਦੂਜੇ ਸਿਰੇ ਤਕ ਪਹੁੰਚਾਉਂਦੀ ਹੈ।
ਕਲਕੱਤੇ ਦਾ ਵੰਨਸੁਵੰਨਾ ਸਭਿਆਚਾਰ
ਕਲਕੱਤੇ ਵਿਚ ਵਿਦਿਅਕ ਸਹੂਲਤਾਂ ਉਪਲਬਧ ਹੋਣ ਕਰਕੇ ਬਹੁਤ ਸਾਰੇ ਲੋਕਾਂ ਨੇ ਸਾਇੰਸ ਅਤੇ ਕਾਨੂੰਨ ਦੇ ਖੇਤਰ ਵਿਚ ਮਹਾਰਤ ਹਾਸਲ ਕੀਤੀ, ਅਤੇ ਭਾਰਤ ਦੇ ਇਸ ਸਭਿਆਚਾਰਕ ਕੇਂਦਰ ਵਿਚ ਫਾਈਨ ਆਰਟਸ ਵੱਧ-ਫੁੱਲ ਰਹੇ ਹਨ। ਦੁਨੀਆਂ ਦੀਆਂ ਸਭ ਤੋਂ ਵੱਡੀਆਂ ਯੂਨੀਵਰਸਿਟੀਆਂ ਵਿੱਚੋਂ, 140 ਸਾਲ ਪੁਰਾਣੀ ਕਲਕੱਤਾ ਯੂਨੀਵਰਸਿਟੀ ਵਿਚ ਢਾਈ ਲੱਖ ਨਾਲੋਂ ਜ਼ਿਆਦਾ ਵਿਦਿਆਰਥੀ ਪੜ੍ਹਦੇ ਹਨ।
ਜੇਕਰ ਭਾਰਤ ਵਿਚ ਮੁੰਬਈ ਕਮਰਸ਼ਲ ਫ਼ਿਲਮਾਂ ਦਾ ਕੇਂਦਰ ਹੈ, ਤਾਂ ਕਲਕੱਤਾ ਨਿਸ਼ਚੇ ਹੀ ਉੱਚ ਪੱਧਰ ਦੀਆਂ ਆਰਟ ਫ਼ਿਲਮਾਂ ਦੀ ਜਨਮਭੂਮੀ ਹੈ। ਸਤਿਆਜੀਤ ਰੇ ਅਤੇ ਮ੍ਰਿਨਲ ਸੇਨ ਵਰਗੇ ਨਾਂ ਆਰਟ ਫ਼ਿਲਮਾਂ ਵਿਚ ਦਿੱਤੇ ਆਪਣੇ ਯੋਗਦਾਨ ਲਈ ਸੰਸਾਰ ਭਰ ਵਿਚ ਪ੍ਰਸਿੱਧ ਹਨ। ਰੋਮ ਅਤੇ ਪੈਰਿਸ ਦੇ ਸ਼ਾਇਰਾਂ ਦੀ ਕੁੱਲ ਗਿਣਤੀ ਨਾਲੋਂ ਜ਼ਿਆਦਾ ਸ਼ਾਇਰ ਕਲਕੱਤੇ ਵਿੱਚੋਂ ਆਏ ਹਨ, ਇੱਥੇ ਨਿਊਯਾਰਕ ਅਤੇ ਲੰਡਨ ਨਾਲੋਂ ਜ਼ਿਆਦਾ ਸਾਹਿੱਤਕ ਰਸਾਲੇ ਪਾਏ ਜਾਂਦੇ ਹਨ, ਅਤੇ ਕਾਲਜ ਸਟ੍ਰੀਟ ਤੇ ਪੁਰਾਣੀਆਂ ਪੁਸਤਕਾਂ ਦਾ ਦੁਨੀਆਂ ਦਾ ਇਕ ਸਭ ਤੋਂ ਵੱਡਾ ਬਾਜ਼ਾਰ ਹੈ।
ਦੇਖਣ ਯੋਗ ਅਨੋਖੀਆਂ ਚੀਜ਼ਾਂ
ਪ੍ਰਸਿੱਧ ਇਮਾਰਤਾਂ ਵਿਚ ਵਿਕਟੋਰੀਆ ਮਿਮੋਰੀਅਲ ਸ਼ਾਮਲ ਹੈ, ਜੋ ਇਤਾਲਵੀ ਪੁਨਰ-ਜਾਗਰਨ (Renaissance) ਨਮੂਨੇ ਉੱਤੇ ਸੰਗਮਰਮਰ ਦਾ ਬਣਿਆ ਹੋਇਆ ਹੈ। ਇਹ ਭਾਰਤ ਵਿਚ ਬ੍ਰਿਟਿਸ਼ ਰਾਜ ਦੀਆਂ ਨਿਸ਼ਾਨੀਆਂ ਦਾ ਵਿਸ਼ਾਲ ਮਿਊਜ਼ੀਅਮ ਹੈ, ਜੋ 1921 ਵਿਚ ਆਮ ਜਨਤਾ ਲਈ ਖੋਲ੍ਹਿਆ ਗਿਆ ਸੀ। ਕਲਕੱਤੇ ਦੇ ਮਿਊਜ਼ੀਅਮਾਂ ਵਿਚ ਵਿਸ਼ਾਲ ਇੰਡੀਅਨ ਮਿਊਜ਼ੀਅਮ ਸ਼ਾਮਲ ਹੈ ਅਤੇ ਇਸ ਤੋਂ ਇਲਾਵਾ 30 ਤੋਂ ਜ਼ਿਆਦਾ ਦੂਜੇ ਮਿਊਜ਼ੀਅਮ ਵੀ ਹਨ। ਇੰਡੀਅਨ ਬੁਟੈਨੀਕਲ ਗਾਰਡਨਜ਼ ਅਤੇ ਇਸ ਵਿਚ 240 ਸਾਲ ਬੁੱਢਾ ਬੋੜ੍ਹ ਦਾ ਦਰਖ਼ਤ, ਜਿਸ ਦਾ ਦਾਇਰਾ 400 ਮੀਟਰ ਤੋਂ ਜ਼ਿਆਦਾ ਹੈ, ਅਤੇ ਜ਼ੂਲਾਜੀਕਲ ਗਾਰਡਨਜ਼ ਦੇਖਣ ਯੋਗ ਹਨ। ਮੈਦਾਨ, ਜੋ 1,280-ਏਕੜ ਖੁੱਲ੍ਹੀ ਥਾਂ ਤੇ ਉਘੜ-ਦੁਘੜਾ ਫੈਲਿਆ ਹੋਇਆ ਹੈ, ਨੂੰ ਕਲਕੱਤੇ ਦਾ ਫੇਫੜਾ ਅਤੇ ਪੂਰੇ ਭਾਰਤ ਵਿਚ ਸਭ ਤੋਂ ਵੱਡਾ ਮੈਦਾਨ ਕਿਹਾ ਜਾਂਦਾ ਹੈ। ਕਲਕੱਤੇ ਦੀ ਇਕ ਹੋਰ ਸ਼ਾਨ ਹੈ ਬਿਰਲਾ ਪਲੈਨੇਟੇਰੀਅਮ, ਜੋ ਕਿ ਦੁਨੀਆਂ ਦਾ ਸਭ ਤੋਂ ਵੱਡਾ ਪਲੈਨੇਟੇਰੀਅਮ ਹੈ। ਕ੍ਰਿਕਟ ਦੇ ਸ਼ੌਕੀਨਾਂ ਲਈ ਈਡਨ ਗਾਰਡਨਜ਼ ਦਾ ਕ੍ਰਿਕਟ ਗਰਾਊਂਡ ਹੈ, ਜਿੱਥੇ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਵੇਲੇ 1,00,000 ਨਾਲੋਂ ਜ਼ਿਆਦਾ ਰੌਲਾ ਪਾਉਣ ਵਾਲੇ ਜੋਸ਼ੀਲੇ ਦਰਸ਼ਕ ਬਿਠਾਏ ਜਾਂਦੇ ਹਨ।
ਇਕ ਅਤਿ ਸੁੰਦਰ ਇਮਾਰਤ ਸਾਇੰਸ ਸਿਟੀ ਹੈ, ਜੋ ਏਸ਼ੀਆ ਦਾ ਸਭ ਤੋਂ ਵੱਡਾ ਪਰਸਪਰ ਕ੍ਰਿਆਸ਼ੀਲ ਸਾਇੰਸ ਕੇਂਦਰ ਹੈ। ਇਸ ਵਿਚ ਲੋਕ ਭੁਚਾਲ ਦਾ ਅਨੁਭਵ ਕਰ ਸਕਦੇ ਹਨ, ਟਾਪੂ ਨੂੰ ਡੁੱਬਦੇ ਹੋਏ ਦੇਖ ਸਕਦੇ ਹਨ, ਟਾਰਨੈਡੋ ਨੂੰ ਭੜਕਦੇ ਦੇਖ ਸਕਦੇ ਹਨ, ਅਤੇ ਬਹੁਤ ਸਾਰੇ ਜੀਵ-ਜੰਤੂਆਂ ਦੇ ਵਾਤਾਵਰਣ ਅਤੇ ਆਦਤਾਂ ਬਾਰੇ ਦਿਲਚਸਪ ਤੱਥ ਜਾਣ ਸਕਦੇ ਹਨ। ਪਰੰਤੂ ਹਿੰਦੂਆਂ ਲਈ ਕਲਕੱਤੇ ਦਾ ਸਭ ਤੋਂ ਵੱਡਾ ਆਕਰਸ਼ਣ ਦੁਰਗਾ ਪੂਜਾ ਹੈ, ਜਦੋਂ ਪੂਰਾ ਸ਼ਹਿਰ ਪੰਜ ਦਿਨਾਂ ਤਕ ਜ਼ੋਰ-ਸ਼ੋਰ ਨਾਲ ਧਾਰਮਿਕ ਜਸ਼ਨ ਮਨਾਉਣ ਵਿਚ ਲੱਗ ਜਾਂਦਾ ਹੈ ਅਤੇ ਆਮ ਜੀਵਨ ਦੀਆਂ ਜ਼ਿਆਦਾਤਰ ਸਰਗਰਮੀਆਂ ਰੁਕ ਜਾਂਦੀਆਂ ਹਨ।
ਜੇ ਤੁਸੀਂ ਕਲਕੱਤੇ ਵਿਚ ਖ਼ਰੀਦਦਾਰੀ ਕਰਨ ਜਾਓ, ਤਾਂ ਤੁਹਾਨੂੰ ਕੀ ਮਿਲੇਗਾ? ਲਗਭਗ ਸਭ ਕੁਝ! ਲੇਕਿਨ ਸ਼ੋਰੀਲੀ ਭੀੜ ਵਿਚ ਧੱਕੇ ਖਾਣ ਲਈ ਤਿਆਰ ਰਹੋ। ਤੁਸੀਂ ਔਰਤਾਂ ਨੂੰ ਸੁੰਦਰ ਰੰਗ-ਬਰੰਗੀਆਂ ਸਾੜੀਆਂ ਪਹਿਨੇ ਦੇਖੋਗੇ। ਵਾਜਬ ਕੀਮਤ ਤੇ ਤੁਸੀਂ ਚਮੜੇ ਦੀਆਂ ਚੀਜ਼ਾਂ ਖ਼ਰੀਦ ਸਕਦੇ ਹੋ, ਅਤੇ ਤੁਸੀਂ ਚੀਨੀ ਦੁਕਾਨਾਂ ਤੋਂ ਵਧੀਆ ਕੁਆਲਿਟੀ ਦੇ ਚਮੜੇ ਦੀਆਂ ਜੁੱਤੀਆਂ ਵੀ ਖ਼ਰੀਦ ਸਕਦੇ ਹੋ। ਸਟੇਨਲੈੱਸ ਸਟੀਲ ਦੇ ਬਰਤਨ, ਕੱਪੜਾ, ਮਿੱਟੀ ਦੇ ਸ਼ਾਨਦਾਰ ਭਾਂਡੇ, ਅਤੇ ਸੁੰਦਰ ਕਾਰੀਗਰੀ ਵਾਲੇ ਗਹਿਣੇ ਕੇਵਲ ਕੁਝ-ਇਕ ਚੀਜ਼ਾਂ ਹਨ ਜੋ ਇਕ ਧੀਰਜਵਾਨ ਖ਼ਰੀਦਦਾਰ ਇਸ “ਖ਼ਰੀਦਦਾਰਾਂ ਦੇ ਸਵਰਗ” ਦੇ ਵੱਡੇ-ਵੱਡੇ ਬਾਜ਼ਾਰਾਂ ਵਿਚ ਪ੍ਰਾਪਤ ਕਰ ਸਕਦਾ ਹੈ।
ਮਜ਼ੇਦਾਰ ਭੋਜਨ
ਕਲਕੱਤੇ ਨੂੰ ਭੋਜਨ-ਰਸੀਏ ਦਾ ਸਵਰਗ ਵੀ ਕਿਹਾ ਗਿਆ ਹੈ, ਇਸ ਲਈ ਅਸੀਂ ਇਸ ਦੇ ਕੁਝ ਲਜ਼ੀਜ਼ ਪਕਵਾਨਾਂ ਨੂੰ ਚੱਖੇ ਬਿਨਾਂ ਕਿਵੇਂ ਜਾ ਸਕਦੇ ਹਾਂ? ਇਹ ਕਿਹਾ ਗਿਆ ਹੈ ਕਿ ਬੰਗਾਲੀ ਲੋਕ ਭੋਜਨ ਦੀ ਪੂਜਾ ਕਰਦੇ ਹਨ ਅਤੇ ਕਿ ਉਹ ਕਿਸੇ ਵਿਅਕਤੀ ਬਾਰੇ ਆਪਣੀ ਰਾਇ ਇਸ ਆਧਾਰ ਤੇ ਬਣਾਉਂਦੇ ਹਨ ਕਿ ਉਹ ਖਾਣਾ ਪਕਾਉਣ ਵਿਚ ਕਿੰਨਾ ਕੁ ਨਿਪੁੰਨ ਹੈ! ਕਲਕੱਤੇ ਦੇ ਲੋਕਾਂ ਦੇ ਭੋਜਨ ਵਿਚ ਮੱਛੀ ਜ਼ਰੂਰੀ ਹੈ, ਅਤੇ ਵੱਡੇ-ਵੱਡੇ ਬਾਜ਼ਾਰਾਂ ਵਿਚ ਕਈ ਕਿਸਮ ਦੀਆਂ ਮੱਛੀਆਂ, ਮੀਟ, ਅਤੇ ਸਬਜ਼ੀਆਂ ਮਿਲਦੀਆਂ ਹਨ। ਤਾਜ਼ੇ ਮਸਾਲੇ ਧਿਆਨ ਨਾਲ ਮਿਲਾਉਣ ਨਾਲ ਸਾਧਾਰਣ ਸਬਜ਼ੀ ਵੀ ਸੁਆਦੀ ਬਣ ਜਾਂਦੀ ਹੈ। ਚੀਨੀ ਭੋਜਨ ਦੀ ਕੋਈ ਕਮੀ ਨਹੀਂ ਹੈ। ਅਤੇ ਕਲਕੱਤੇ ਦੀਆਂ ਲਜ਼ੀਜ਼ ਚੀਜ਼ਾਂ ਵਿਚ ਸਭ ਤੋਂ ਮਸ਼ਹੂਰ ਹਨ ਕਲਕੱਤੇ ਦੀਆਂ ਮਠਿਆਈਆਂ। ਰਸਗੁੱਲੇ ਬੰਗਾਲ ਦਾ ਪ੍ਰਤੀਕ ਹਨ। ਇਹ ਪਨੀਰ ਦੇ ਪੇੜੇ ਹਨ ਜਿਨ੍ਹਾਂ ਨੂੰ ਚਾਸ਼ਨੀ ਵਿਚ ਪਾਇਆ ਜਾਂਦਾ ਹੈ। ਅਤੇ ਮਿਸ਼ਟੀ ਦੋਈ, ਅਰਥਾਤ ਸੁਆਦਲੇ ਮਿੱਠੇ ਦਹੀਂ ਨੂੰ ਨਾ ਛੱਡੋ, ਜੋ ਕਿ ਭੋਜਨ ਮਗਰੋਂ ਪਰੋਸੀ ਜਾਣ ਵਾਲੀ ਇਕ ਲੋਕਪ੍ਰਿਯ ਮਠਿਆਈ ਹੈ। ਕੀ ਤੁਹਾਡੇ ਮੂੰਹ ਵਿਚ ਪਾਣੀ ਭਰ ਆਇਆ ਹੈ? ਕੀ ਤੁਸੀਂ ਉਨ੍ਹਾਂ ਰੈਸਤੋਰਾਂ ਵਿੱਚੋਂ ਆ ਰਹੀ ਸੁਆਦੀ ਮਹਿਕ ਨੂੰ ਸੁੰਘ ਸਕਦੇ ਹੋ? ਜੀ ਹਾਂ, ਕਲਕੱਤਾ ਸੱਚ-ਮੁੱਚ ਇਕ ਰੌਣਕ ਭਰਿਆ, ਦਿਲਚਸਪ, ਅਤੇ ਬਹੁਪੱਖੀ ਸ਼ਹਿਰ ਹੈ!
[ਸਫ਼ੇ 14 ਉੱਤੇ ਨਕਸ਼ੇ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
ਸ੍ਰੀ ਲੰਕਾ
ਭਾਰਤ
ਕਲਕੱਤਾ
ਬੰਗਲਾਦੇਸ਼
[ਨਕਸ਼ਾ]
ਕਲਕੱਤਾ
ਇੰਡੀਅਨ ਬੁਟੈਨੀਕਲ ਗਾਰਡਨਜ਼
ਮੈਦਾਨ
ਜ਼ੂਲਾਜੀਕਲ ਗਾਰਡਨਜ਼
ਬਿਰਲਾ ਪਲੈਨੇਟੇਰੀਅਮ
ਵਿਕਟੋਰੀਆ ਮਿਮੋਰੀਅਲ
ਇੰਡੀਅਨ ਮਿਊਜ਼ੀਅਮ
ਹੁਗਲੀ ਨਦੀ
ਸਾਲਟ ਵਾਟਰ ਲੇਕ
ਡਮਡਮ ਅੰਤਰਰਾਸ਼ਟਰੀ ਹਵਾਈ ਅੱਡਾ
[ਕ੍ਰੈਡਿਟ ਲਾਈਨ]
Mountain High Maps® Copyright © 1997 Digital Wisdom, Inc.
[ਸਫ਼ੇ 14 ਉੱਤੇ ਤਸਵੀਰ]
ਸਾਇੰਸ ਸਿਟੀ
[ਸਫ਼ੇ 16 ਉੱਤੇ ਤਸਵੀਰ]
ਵਿਕਟੋਰੀਆ ਮਿਮੋਰੀਅਲ
[ਸਫ਼ੇ 17 ਉੱਤੇ ਤਸਵੀਰ]
ਗਹਿਮਾ-ਗਹਿਮੀ ਵਾਲੇ ਬਾਜ਼ਾਰ ਦਾ ਦ੍ਰਿਸ਼
[ਸਫ਼ੇ 17 ਉੱਤੇ ਤਸਵੀਰ]
ਫੁੱਟਪਾਥ ਤੇ ਨਾਈ ਦੀ ਦੁਕਾਨ