ਡੈਂਗੂ—ਮੱਛਰ ਦੇ ਲੜਨ ਤੋਂ ਬੁਖਾਰ
ਫ਼ਿਲਪੀਨ ਵਿਚ ਜਾਗਰੂਕ ਬਣੋ! ਦੇ ਪੱਤਰਕਾਰ ਦੁਆਰਾ
ਇਕ ਛੋਟੀ ਕੁੜੀ ਦੀ ਬਾਹ ਤੇ ਉਸ ਦੇ ਜਾਣੇ ਬਗੈਰ ਇਕ ਮੱਛਰ ਬੈਠਦਾ ਹੈ। ਉਹ ਝਟਪਟ ਡੰਗ ਮਾਰ ਕੇ ਉਸ ਦਾ ਖ਼ੂਨ ਚੂਸਣ ਲੱਗਦਾ ਹੈ। ਕੁਝ ਹੀ ਪਲ ਬਾਅਦ, ਮਾਂ ਆਪਣੀ ਧੀ ਵੱਲ ਨਿਗਾਹ ਮਾਰ ਕੇ ਮੱਛਰ ਦੇਖ ਲੈਂਦੀ ਹੈ। ਹੱਥ ਦੇ ਇਕ ਝਟਕੇ ਨਾਲ, ਉਹ ਮਰ ਜਾਂਦਾ ਹੈ। ਕੀ ਗੱਲ ਇੱਥੇ ਹੀ ਖ਼ਤਮ ਹੋ ਜਾਂਦੀ ਹੈ? ਖਬਰੇ ਨਹੀਂ। ਮੱਛਰ ਭਾਵੇਂ ਮਰ ਗਿਆ, ਪਰ ਬੱਚੀ ਦੇ ਖ਼ੂਨ ਵਿਚ ਉਸ ਦੇ ਪਲ-ਦੋ-ਪਲ ਦੇ ਹਮਲੇ ਨੇ ਅਣਚਾਹੇ ਜੀਵਾਣੂ ਦਾਖ਼ਲ ਕਰ ਦਿੱਤੇ ਹਨ ਜੋ ਰੋਗ ਲਗਾ ਸਕਦੇ ਹਨ।
ਦੋ ਹਫ਼ਤਿਆਂ ਦੇ ਅੰਦਰ-ਅੰਦਰ ਬੱਚੀ ਨੂੰ ਕਾਂਬਾ ਛਿੜਦਾ, ਸਿਰਦਰਦ, ਅੱਖਾਂ ਪਿੱਛੇ ਪੀੜ, ਜੋੜਾਂ ਵਿਚ ਚੀਸਾਂ, ਅਤੇ ਤੇਜ਼ ਬੁਖਾਰ ਹੋ ਜਾਂਦਾ ਹੈ। ਬੀਮਾਰੀ ਦੇ ਵਧਣ ਨਾਲ, ਉਸ ਦੇ ਧੱਫੜ ਪੈ ਜਾਂਦੇ ਹਨ ਅਤੇ ਉਹ ਬਿਲਕੁਲ ਥੱਕੀ ਹੋਈ ਮਹਿਸੂਸ ਕਰਦੀ ਹੈ। ਉਸ ਨੂੰ ਡੈਂਗੂ ਬੁਖਾਰ ਹੋ ਗਿਆ ਹੈ ਜੋ ਇਕ ਮੱਛਰ ਦੇ ਲੜਨ ਤੋਂ ਚੜ੍ਹਦਾ ਹੈ।
ਪਰ ਉਸ ਨੂੰ ਜ਼ਿਆਦਾ ਗੰਭੀਰ ਕਿਸਮ ਦਾ ਇਹ ਰੋਗ ਵੀ ਲੱਗ ਸਕਦਾ ਹੈ, ਯਾਨੀ ਕਿ ਡੈਂਗੂ ਰਕਤ-ਵਹਾਅ ਬੁਖਾਰ (DHF), ਖ਼ਾਸ ਤੌਰ ਤੇ ਜੇ ਉਸ ਨੂੰ ਪਹਿਲਾਂ ਵੀ ਡੈਂਗੂ ਬੁਖਾਰ ਹੋ ਚੁੱਕਾ ਹੈ। ਇਸ ਨਾਲ, ਬਾਰੀਕ ਨਾੜੀਆਂ ਵਿੱਚੋਂ ਖ਼ੂਨ ਵਹਿੰਦਾ ਹੈ ਅਤੇ ਚਮੜੀ ਉੱਤੇ ਲਾਲ-ਲਾਲ ਨਿਸ਼ਾਨ ਪੈ ਜਾਂਦੇ ਹਨ। ਅੰਦਰੀਂ ਅੰਦਰ ਲਹੂ ਵਹਿ ਸਕਦਾ ਹੈ। ਸਹੀ ਇਲਾਜ ਤੋਂ ਬਿਨਾਂ, ਮਰੀਜ਼ ਨੂੰ ਡੂੰਘਾ ਸਦਮਾ ਪਹੁੰਚ ਕੇ ਖ਼ੂਨ ਦਾ ਵਹਾਅ ਬੰਧ ਹੋ ਸਕਦਾ ਹੈ ਅਤੇ ਨਤੀਜੇ ਵਜੋਂ ਫ਼ੌਰਨ ਮੌਤ ਹੋ ਸਕਦੀ ਹੈ।
ਵੈਸੇ ਡੈਂਗੂ ਬੁਖਾਰ ਹੈ ਕੀ? ਕੀ ਇਹ ਤੁਹਾਨੂੰ ਹੋ ਸਕਦਾ ਹੈ? ਤੁਸੀਂ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਕਿਸ ਤਰ੍ਹਾਂ ਬਚਾ ਕੇ ਰੱਖ ਸਕਦੇ ਹੋ? ਆਓ ਆਪਾਂ ਇਸ ਉੱਤੇ ਗੌਰ ਕਰੀਏ।
ਡੈਂਗੂ ਕੀ ਹੈ?
ਡੈਂਗੂ, ਜਿਸ ਨੂੰ ਹੱਡ-ਭੰਨ ਬੁਖਾਰ ਵੀ ਕਿਹਾ ਜਾਂਦਾ ਹੈ, ਮੱਛਰ ਦੇ ਲੜਨ ਤੋਂ ਹੋਣ ਵਾਲੇ ਕਈਆਂ ਰੋਗਾਂ ਵਿੱਚੋਂ ਇਕ ਰੋਗ ਦਾ ਨਾਮ ਹੈ। ਅਸਲ ਵਿਚ ਇਸ ਰੋਗ ਦੀ ਵਜ੍ਹਾ ਇਕ ਵਿਸ਼ਾਣੂ ਹੈ। ਇਹ ਵਿਸ਼ਾਣੂ ਛੂਤ ਵਾਲੇ ਮੱਛਰ (ਅਰਥਾਤ, ਇਕ ਮੱਛਰ ਜੋ ਕਿਸੇ ਛੂਤ ਵਾਲੇ ਇਨਸਾਨ ਨੂੰ ਲੜਿਆ ਹੋਵੇ) ਦੇ ਲਾਰ ਗਲੈਂਡ ਵਿਚ ਹੁੰਦਾ ਹੈ। ਜਦੋਂ ਮੱਛਰ ਕਿਸੇ ਇਨਸਾਨ ਨੂੰ ਡੰਗ ਮਾਰ ਕੇ ਖ਼ੂਨ ਚੂਸਦਾ ਹੈ, ਉਹ ਇਨਸਾਨ ਨੂੰ ਵਿਸ਼ਾਣੂ ਪਹੁੰਚਾ ਦਿੰਦਾ ਹੈ।
ਚਾਰ ਕਿਸਮ ਦੇ ਡੈਂਗੂ ਵਿਸ਼ਾਣੂ ਹਨ। ਇਕ ਕਿਸਮ ਤੋਂ ਛੂਤ ਲੱਗਣ ਨਾਲ ਦੂਸਰੇ ਤਿੰਨ ਕਿਸਮ ਦੇ ਵਿਸ਼ਾਣੂਆਂ ਤੋਂ ਸੁਰੱਖਿਆ ਨਹੀਂ ਮਿਲਦੀ। ਇਕ ਛੂਤ ਤੋਂ ਬਾਅਦ, ਜੇ ਦੂਸਰੇ ਕਿਸਮ ਦੀ ਛੂਤ ਵਾਲਾ ਮੱਛਰ ਲੜ ਜਾਵੇ ਤਾਂ ਨਤੀਜਾ DHF ਹੋ ਸਕਦਾ ਹੈ।
“ਦੁਨੀਆਂ ਦੀ ਚਾਲ਼ੀ ਫੀ ਸਦੀ ਜਨਸੰਖਿਆ” ਨੂੰ ਖ਼ਤਰਾ ਹੈ
ਵਿਸ਼ਵ ਸਿਹਤ ਸੰਗਠਨ (WHO) ਦੇ ਅਨੁਸਾਰ, ਡੈਂਗੂ ਬੁਖਾਰ 250 ਕਰੋੜ ਲੋਕਾਂ ਨੂੰ, “ਦੁਨੀਆਂ ਦੀ ਚਾਲ਼ੀ ਫੀ ਸਦੀ ਜਨਸੰਖਿਆ” ਨੂੰ ਖ਼ਤਰਾ ਪੇਸ਼ ਕਰਦਾ ਹੈ। ਏਸ਼ੀਆਵੀਕ ਰਿਪੋਰਟ ਕਰਦਾ ਹੈ: “100 ਤੋਂ ਜ਼ਿਆਦਾ ਤਪਤ ਅਤੇ ਉਪ-ਤਪਤ ਦੇਸ਼ਾਂ ਨੇ ਡੈਂਗੂ ਦੇ ਫੁੱਟ ਪੈਣ ਬਾਰੇ ਰਿਪੋਰਟ ਦਿੱਤੀ ਹੈ, ਅਤੇ ਹਰ ਸਾਲ ਕਰੋੜਾਂ ਮਰੀਜ਼ ਇਸ ਨਾਲ ਬੀਮਾਰ ਹੁੰਦੇ ਹਨ, ਜਿਨ੍ਹਾਂ ਵਿੱਚੋਂ 95% ਬੱਚੇ ਹਨ।”
ਕੋਈ ਇਹ ਨਹੀਂ ਚੰਗੀ ਤਰ੍ਹਾਂ ਜਾਣਦਾ ਕਿ ਡੈਂਗੂ ਪਹਿਲੀ ਵਾਰ ਕਦੋਂ ਪਛਾਣਿਆ ਗਿਆ ਸੀ। 1779 ਵਿਚ, ਕਾਹਿਰਾ ਵਿਚ, ਇਕ “ਗੋਡੇ-ਭੰਨ ਬੁਖਾਰ” ਦੀ ਰਿਪੋਰਟ ਸ਼ਾਇਦ ਡੈਂਗੂ ਦਾ ਜ਼ਿਕਰ ਹੀ ਹੋਵੇ। ਉਸ ਸਮੇਂ ਤੋਂ, ਡੈਂਗੂ ਦੁਨੀਆਂ-ਭਰ ਰਿਪੋਰਟ ਕੀਤਾ ਗਿਆ ਹੈ। ਖ਼ਾਸ ਕਰਕੇ ਵਿਸ਼ਵ ਯੁੱਧ II ਤੋਂ, ਦੱਖਣ-ਪੂਰਬੀ ਏਸ਼ੀਆ ਤੋਂ ਸ਼ੁਰੂ ਹੋ ਕੇ ਡੈਂਗੂ ਨੇ ਮਾਨਵੀ ਸਿਹਤ ਉੱਤੇ ਕਾਫ਼ੀ ਅਸਰ ਪਾਇਆ ਹੈ। ਕਈ ਕਿਸਮ ਦੇ ਵਿਸ਼ਾਣੂ ਫੈਲਣ ਲੱਗ ਪਏ, ਅਤੇ ਇਸ ਕਰਕੇ ਰਕਤ-ਵਹਾਅ ਕਿਸਮ ਦਾ ਜ਼ਿਆਦਾ ਖ਼ਤਰਨਾਕ ਰੋਗ ਸ਼ੁਰੂ ਹੋ ਗਿਆ। WHO ਦੁਆਰਾ ਤਿਆਰ ਕੀਤਾ ਗਿਆ ਇਕ ਪ੍ਰਕਾਸ਼ਨ ਕਹਿੰਦਾ ਹੈ: “ਏਸ਼ੀਆ ਵਿਚ ਪਹਿਲੀ ਵਾਰ ਰਕਤ-ਵਹਾਅ ਬੁਖਾਰ ਦੇ ਅਸਲੀ ਫੁੱਟ ਪੈਣ ਨੂੰ ਮਨੀਲਾ ਵਿਚ 1954 ਵਿਚ ਪਛਾਣਿਆ ਗਿਆ ਸੀ।” ਬਾਅਦ ਵਿਚ ਇਹ ਥਾਈਲੈਂਡ, ਵੀਅਤਨਾਮ, ਮਲੇਸ਼ੀਆ, ਅਤੇ ਗੁਆਂਢ ਦੇ ਦੇਸ਼ਾਂ ਵਿਚ ਸ਼ੁਰੂ ਹੋ ਗਿਆ। ਦੱਖਣ-ਪੂਰਬੀ ਏਸ਼ੀਆ ਵਿਚ ਬੀਮਾਰੀ ਦੀਆਂ ਇਨ੍ਹਾਂ ਪਹਿਲੀਆਂ ਫੁੱਟਾਂ ਕਰਕੇ ਮੌਤ ਦੀ ਗਿਣਤੀ 10 ਤੋਂ 50 ਫੀ ਸਦੀ ਸੀ, ਪਰ ਜਿਉਂ-ਜਿਉਂ ਬੀਮਾਰੀ ਬਾਰੇ ਜ਼ਿਆਦਾ ਜਾਣਿਆ ਗਿਆ, ਇਹ ਗਿਣਤੀ ਘੱਟ ਗਈ।
ਉੱਨੀ ਸੌ ਸੱਠ ਦੇ ਦਹਾਕੇ ਤੋਂ, ਇਸ ਵਿਸ਼ਾਣੂ ਫੈਲਾਉਣ ਵਾਲੇ ਮੱਛਰ ਨੂੰ ਕੰਟ੍ਰੋਲ ਕਰਨ ਵਾਲੇ ਪ੍ਰੋਗ੍ਰਾਮਾਂ ਵਿਚ ਢਿੱਲ ਪੈਣ ਕਰਕੇ ਡੈਂਗੂ ਵਿਚ ਫਿਰ ਜ਼ਬਰਦਸਤ ਵਾਧਾ ਹੋ ਗਿਆ ਹੈ। ਡੈਂਗੂ ਫੈਲਣ ਦੇ ਨਾਲ-ਨਾਲ DHF ਵੀ ਫੈਲ ਗਿਆ ਹੈ। 1970 ਤੋਂ ਪਹਿਲਾਂ, ਸਿਰਫ਼ 9 ਦੇਸ਼ਾਂ ਵਿਚ ਇਹ ਰੋਗ ਫੁੱਟਿਆ ਸੀ, ਪਰ 1995 ਤਕ ਇਹ ਗਿਣਤੀ 41 ਤਕ ਪਹੁੰਚ ਗਈ। WHO ਦੇ ਹਿਸਾਬ ਨਾਲ, ਹਰ ਸਾਲ DHF ਦੇ 5,00,000 ਮਰੀਜ਼ਾਂ ਨੂੰ ਹਸਪਤਾਲ ਦਾਖ਼ਲ ਕਰਨਾ ਪੈਂਦਾ ਹੈ।
ਭਾਵੇਂ ਕਿ ਇਹ ਬੀਮਾਰੀ ਤਪਤ ਇਲਾਕਿਆਂ ਤੋਂ ਬਾਹਰ ਇੰਨੀ ਨਹੀਂ ਜਾਣੀ ਜਾਂਦੀ ਹੈ, ਕਈ ਮੁਸਾਫ਼ਰ ਅਜਿਹੇ ਮੁਲਕਾਂ ਵਿਚ ਸਫ਼ਰ ਕਰਨ ਦੁਆਰਾ ਜਿੱਥੇ ਇਸ ਦੀ ਛੂਤ ਲੱਗਣ ਦਾ ਖ਼ਤਰਾ ਹੈ, ਛੂਤ ਲਗਾ ਕੇ ਇਸ ਬੀਮਾਰੀ ਨੂੰ ਆਪਣੇ ਨਾਲ ਘਰ ਵਾਪਸ ਲੈ ਆਉਂਦੇ ਹਨ। ਉਦਾਹਰਣ ਵਜੋਂ, 1996 ਦੇ ਅੰਤ ਤਕ, ਦ ਨਿਊਯਾਰਕ ਟਾਈਮਜ਼ ਨੇ ਸੰਯੁਕਤ ਰਾਜ ਅਮਰੀਕਾ ਵਿਚ ਮੈਸੇਚੁਸਿਟਸ, ਨਿਊ ਯਾਰਕ, ਆਰੇਗਨ, ਅਤੇ ਟੈਕਸਸ ਵਿਚ ਡੈਂਗੂ ਦੇ ਕੇਸਾਂ ਬਾਰੇ ਦੱਸਿਆ।
DHF ਦੇ ਖ਼ਾਸ ਖ਼ਤਰੇ
ਜਿਵੇਂ ਪਹਿਲਾਂ ਨੋਟ ਕੀਤਾ ਗਿਆ ਸੀ, DHF ਡੈਂਗੂ ਦਾ ਖ਼ਤਰਨਾਕ ਰੂਪ ਹੈ। DHF ਦਾ ਇਕ ਖ਼ਤਰਾ ਇਹ ਹੈ ਕਿ ਲੋਕ ਭੁਲੇਖਾ ਖਾਂਦੇ ਹਨ ਕਿ ਇਹ ਬੀਮਾਰੀ ਇੰਨੀ ਗੰਭੀਰ ਨਹੀਂ ਹੈ। ਕਈ ਇਸ ਨੂੰ ਫਲੂ ਹੀ ਸਮਝ ਬੈਠਦੇ ਹਨ। ਲੇਕਿਨ, ਇਲਾਜ ਟਾਲਣ ਨਾਲ ਬੀਮਾਰੀ ਜ਼ਿਆਦਾ ਗੰਭੀਰ ਹੋ ਸਕਦੀ ਹੈ, ਜਿਸ ਕਰਕੇ ਲਹੂ ਦੇ ਪਲੇਟਲੈਟ ਦੀ ਗਿਣਤੀ ਤੇਜ਼ੀ ਨਾਲ ਘੱਟ ਜਾਂਦੀ ਹੈ, ਲਹੂ ਵਹਿਣ ਲੱਗ ਪੈਂਦਾ (ਅੰਦਰੀਂ ਅੰਦਰ ਜਾਂ ਮਸੂੜਿਆਂ, ਨੱਕ, ਜਾਂ ਚਮੜੀ ਰਾਹੀਂ), ਅਤੇ ਬਲੱਡ-ਪ੍ਰੈਸ਼ਰ ਲੱਥ ਜਾਂਦਾ ਹੈ। ਮਰੀਜ਼ ਸ਼ਾਇਦ ਡਿੱਗ ਪਵੇ। ਜਦ ਤਕ ਪਰਿਵਾਰ ਨੂੰ ਸਮਝ ਲੱਗਦੀ ਹੈ ਕਿ ਹਾਲਤ ਗੰਭੀਰ ਹੈ, ਮਰੀਜ਼ ਸਦਮੇ ਤਕ ਪਹੁੰਚ ਚੁੱਕਾ ਹੁੰਦਾ ਹੈ। ਉਹ ਉਸ ਨੂੰ ਹਸਪਤਾਲ ਲੈ ਨੱਠਦੇ ਹਨ। ਉੱਥੇ, ਡਾਕਟਰ ਉਸ ਦੇ ਖ਼ੂਨ ਦਾ ਵਹਾਅ ਬੰਦ ਹੋ ਰਿਹਾ ਪਾਉਂਦੇ ਹਨ। ਇਸ ਨਾਜ਼ੁਕ ਹਾਲਤ ਕਰਕੇ, ਅੰਤਰ-ਨਸੀ ਦਵਾ-ਪਾਣੀ ਚੜ੍ਹਾਉਣ ਦਾ ਮਸ਼ਵਰਾ ਦਿੱਤਾ ਜਾਂਦਾ ਹੈ।
ਆਪਣੇ ਪਰਿਵਾਰ ਦੀ ਸੁਰੱਖਿਆ ਕਰਨੀ
ਇਸ ਬੀਮਾਰੀ ਦੇ ਅਸਰਾਂ ਨੂੰ ਕਿਸ ਤਰ੍ਹਾਂ ਘਟਾਇਆ ਜਾ ਸਕਦਾ ਹੈ? ਜੇਕਰ ਤੁਹਾਡਾ ਪਰਿਵਾਰ ਅਜਿਹੇ ਇਲਾਕੇ ਵਿਚ ਰਹਿੰਦਾ ਹੈ ਜਿੱਥੇ ਡੈਂਗੂ ਆਮ ਹੈ ਅਤੇ ਤੁਹਾਡੇ ਪਰਿਵਾਰ ਵਿਚ ਕਿਸੇ ਨੂੰ ਇਕ ਤੋਂ ਜ਼ਿਆਦਾ ਦਿਨਾਂ ਲਈ ਤੇਜ਼ ਬੁਖਾਰ ਚੜ੍ਹਦਾ ਹੈ, ਤਾਂ ਤੁਹਾਡੇ ਲਈ ਡਾਕਟਰ ਦੀ ਸਲਾਹ ਲੈਣੀ ਚੰਗੀ ਗੱਲ ਹੋਵੇਗੀ। ਇਸ ਤਰ੍ਹਾਂ ਕਰਨਾ ਖ਼ਾਸ ਕਰਕੇ ਜ਼ਰੂਰੀ ਹੈ ਜੇ ਮਰੀਜ਼ ਨੂੰ ਡੈਂਗੂ ਦੇ ਹੋਰ ਵੀ ਲੱਛਣ ਹਨ, ਜਿਵੇਂ ਕਿ ਧੱਫੜ ਜਾਂ ਸਰੀਰ ਅਤੇ ਜੋੜਾਂ ਵਿਚ ਜਾਂ ਅੱਖਾਂ ਪਿੱਛੇ ਦਰਦ।
ਡਾਕਟਰ ਸ਼ਾਇਦ ਖ਼ੂਨ ਟੈੱਸਟ ਕਰੇ। ਬਿਨਾਂ ਰਕਤ-ਵਹਾਅ ਡੈਂਗੂ ਲਈ ਸ਼ਾਇਦ ਮਾਮੂਲੀ ਇਲਾਜ ਹੀ ਕਾਫ਼ੀ ਹੋਵੇ। ਪਰ ਜੇ ਟੈੱਸਟ ਤੋਂ DHF ਰੋਗ ਸਾਬਤ ਹੋਵੇ, ਤਾਂ ਡਾਕਟਰ ਸ਼ਾਇਦ ਮਰੀਜ਼ ਦੇ ਖ਼ੂਨ-ਪਾਣੀ ਉੱਤੇ ਚੰਗੀ ਤਰ੍ਹਾਂ ਨਜ਼ਰ ਰੱਖਣ ਲਈ ਮਸ਼ਵਰਾ ਦੇਵੇ। ਇਸ ਵਿਚ ਓਰਲ ਰੀਹਾਈਡ੍ਰੇਸ਼ਨ ਘੋਲ ਸ਼ਾਮਲ ਹੋ ਸਕਦਾ ਹੈ, ਜਿਵੇਂ ਕਿ ਪੇਚਸ਼ ਦੇ ਇਲਾਜ ਲਈ ਵਰਤਿਆ ਜਾਂਦਾ ਹੈ, ਜਾਂ, ਜ਼ਿਆਦਾ ਨਾਜ਼ੁਕ ਹਾਲਤਾਂ ਵਿਚ, ਰਿੰਗਰਜ਼ ਘੋਲ, ਸਲੂਣੇ ਪਾਣੀ ਦਾ ਘੋਲ, ਜਾਂ ਹੋਰ ਤਰ੍ਹਾਂ ਦੀ ਅੰਤਰ-ਨਸੀ ਦਵਾਈ। ਸਦਮੇ ਦਾ ਇਲਾਜ ਕਰਨ ਲਈ, ਡਾਕਟਰ ਸ਼ਾਇਦ ਖ਼ਾਸ ਦਵਾਈਆਂ ਦੇਵੇ ਤਾਂਕਿ ਮਰੀਜ਼ ਦਾ ਬਲੱਡ-ਪ੍ਰੈਸ਼ਰ ਵਧੇ ਅਤੇ ਉਸ ਦੇ ਪਲੇਟਲੈਟ ਦੀ ਗਿਣਤੀ ਵਾਪਸ ਪਰਤੇ।
ਜੇ ਜ਼ਿਆਦਾ ਖ਼ੂਨ ਵਹਿ ਚੁੱਕਾ ਹੈ, ਤਾਂ ਡਾਕਟਰ ਸ਼ਾਇਦ ਖ਼ੂਨ ਚੜ੍ਹਾਉਣ ਦੀ ਗੱਲ ਕਰਨ। ਕੁਝ ਡਾਕਟਰ ਸ਼ਾਇਦ ਹੋਰ ਦਵਾਈਆਂ ਬਾਰੇ ਸੋਚਣ ਤੋਂ ਬਿਨਾਂ ਹੀ ਇਸ ਉਪਾਅ ਦਾ ਮਸ਼ਵਰਾ ਦੇਣ। ਲੇਕਿਨ, ਪਰਮੇਸ਼ੁਰ ਦੇ ਕਾਨੂੰਨ ਦੇ ਖ਼ਿਲਾਫ਼ ਹੋਣ ਤੋਂ ਇਲਾਵਾ, ਇਹ ਆਮ ਤੌਰ ਤੇ ਬੇਲੋੜਾ ਹੁੰਦਾ ਹੈ। (ਰਸੂਲਾਂ ਦੇ ਕਰਤੱਬ 15:29) ਤਜਰਬਿਆਂ ਤੋਂ ਪਤਾ ਲੱਗਾ ਹੈ ਕਿ ਬੀਮਾਰੀ ਦੇ ਮੁੱਢ ਤੋਂ ਹੀ ਮਰੀਜ਼ ਦੇ ਖ਼ੂਨ-ਪਾਣੀ ਉੱਤੇ ਚੰਗੀ ਤਰ੍ਹਾਂ ਨਜ਼ਰ ਰੱਖਣੀ ਇਲਾਜ ਵਿਚ ਸਭ ਤੋਂ ਜ਼ਰੂਰੀ ਗੱਲ ਹੈ। ਇਸ ਵਿਚ ਡਾਕਟਰ ਅਤੇ ਮਰੀਜ਼ ਦਰਮਿਆਨ ਸਹਿਯੋਗ, ਖ਼ੂਨ ਚੜ੍ਹਾਉਣ ਦੇ ਮਾਮਲੇ ਬਾਰੇ ਝਗੜਿਆਂ ਨੂੰ ਖ਼ਤਮ ਕਰੇਗਾ। ਇਹ ਸਭ ਕੁਝ ਜਲਦੀ ਕਦਮ ਚੁੱਕਣ ਦੀ ਜ਼ਰੂਰਤ ਉੱਤੇ ਜ਼ੋਰ ਪਾਉਂਦਾ ਹੈ ਜੇ DHF ਦਾ ਸ਼ੱਕ ਹੋਵੇ।—“ਬੀਮਾਰੀ ਦੇ ਲੱਛਣ ਕੀ ਹਨ?” ਡੱਬੀ ਦੇਖੋ।
ਨਿਰੋਧਕ ਉਪਾਅ
ਡੈਂਗੂ ਵਿਸ਼ਾਣੂ ਦਾ ਇਕ ਮੁੱਖ ਵਾਹਕ ਆਈਡੈਜ਼ ਆਈਜਿਪਟੀ ਮੱਛਰ ਹੈ। ਇਸ ਕਿਸਮ ਦਾ ਮੱਛਰ ਦੁਨੀਆਂ ਦੇ ਤਪਤ ਅਤੇ ਉਪਤਪਤ ਇਲਾਕਿਆਂ ਵਿਚ ਆਮ ਹੈ। (ਨਾਲ ਦਾ ਨਕਸ਼ਾ ਦੇਖੋ।) ਆਈਡੈਜ਼ ਆਈਜਿਪਟੀ ਮੱਛਰ ਜ਼ਿਆਦਾ ਆਬਾਦ ਇਲਾਕਿਆਂ ਵਿਚ ਵਧਦੇ-ਫੁੱਲਦੇ ਹਨ। ਮੱਛਰ ਨੂੰ ਕੰਟ੍ਰੋਲ ਕਰਨਾ, ਇਸ ਰੋਗ ਨੂੰ ਘਟਾਉਣ ਦਾ ਇਕ ਮੁੱਖ ਤਰੀਕਾ ਹੈ।
ਸੰਸਾਰ-ਭਰ ਮੱਛਰ ਕੰਟ੍ਰੋਲ ਕਰਨਾ ਸੌਖਾ ਕੰਮ ਨਹੀਂ ਹੈ। ਫਿਰ ਵੀ, ਤੁਹਾਡੇ ਘਰ ਦੇ ਆਲੇ-ਦੁਆਲੇ ਦਾ ਖ਼ਤਰਾ ਘਟਾਉਣ ਲਈ ਤੁਸੀਂ ਬਹੁਤ ਕੁਝ ਕਰ ਸਕਦੇ ਹੋ। ਮੱਛਰ ਦੇ ਆਂਡੇ ਪਾਣੀ ਵਿਚ ਦਿੱਤੇ ਜਾਂਦੇ ਹਨ। ਮੱਛਰ ਦੇ ਲਾਰਵੇ ਕਿਸੇ ਵੀ ਥਾਂ ਜਿੱਥੇ ਇਕ ਕੁ ਹਫ਼ਤੇ ਲਈ ਪਾਣੀ ਖੜ੍ਹਾ ਰਹੇ, ਵੱਧ-ਫੁੱਲ ਸਕਦੇ ਹਨ, ਜਿਵੇਂ ਕਿ ਐਵੇਂ ਪਏ ਟਾਇਰ, ਟੀਨ ਦੇ ਡੱਬੇ, ਬੋਤਲਾਂ, ਜਾਂ ਨਾਰੀਅਲ ਦੇ ਖੋਪੇ। ਅਜਿਹੀਆਂ ਚੀਜ਼ਾਂ ਨੂੰ ਨਸ਼ਟ ਕਰਨਾ ਮੱਛਰਾਂ ਦੇ ਵਧਣ-ਫੁੱਲਣ ਦੇ ਸਥਾਨਾਂ ਨੂੰ ਖ਼ਤਮ ਕਰੇਗਾ। ਇਸ ਤੋਂ ਇਲਾਵਾ, ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਬਾਲਟੀਆਂ ਜਾਂ ਕਿਸ਼ਤੀਆਂ ਮੂਧੀਆਂ ਮਾਰੋ। ਨਾਲ਼ੀਆਂ ਵਿੱਚੋਂ ਖੜ੍ਹੇ ਪਾਣੀ ਨੂੰ ਕੱਢਣਾ ਵੀ ਮਦਦ ਕਰੇਗਾ। ਦਿਲਚਸਪੀ ਦੀ ਗੱਲ ਹੈ ਕਿ 1997/98 ਦੇ ਸਕੂਲੀ ਵਰ੍ਹੇ ਦੇ ਸ਼ੁਰੂ ਵਿਚ, ਫ਼ਿਲਪੀਨ ਵਿਚ ਸਿਹਤ ਵਿਭਾਗ ਨੇ ਸਕੂਲਾਂ ਦੇ ਕਲਾਸਰੂਮਾਂ ਵਿਚ ਇਨ੍ਹਾਂ ਹੀ ਕਾਰਨਾਂ ਕਰਕੇ ਗਮਲਿਆਂ ਦੀ ਵਰਤੋਂ ਨੂੰ ਮਨ੍ਹਾ ਕੀਤਾ।
ਜੇ ਤੁਹਾਡੇ ਘਰ ਵਿਚ ਕਿਸੇ ਨੂੰ ਡੈਂਗੂ ਹੋ ਜਾਵੇ ਤਾਂ ਸਾਵਧਾਨ ਰਹੋ ਕਿ ਹੋਰ ਕੋਈ ਮੱਛਰ ਉਸ ਨੂੰ ਨਾ ਲੜਨ ਜੋ ਸ਼ਾਇਦ ਇਸ ਤਰ੍ਹਾਂ ਕਿਸੇ ਹੋਰ ਤਕ ਛੂਤ ਫੈਲਾਉਣ। ਘਰ ਦੀਆਂ ਬਾਰੀਆਂ ਤੇ ਅਤੇ ਦਰਵਾਜ਼ਿਆਂ ਤੇ ਜਾਲੀਆਂ ਜਾਂ ਘਰ ਵਿਚ ਏਅਰ-ਕੰਡਿਸ਼ਨਰ ਲਗਾਉਣ ਨਾਲ ਸੁਰੱਖਿਆ ਵਧੇਗੀ।
ਟੀਕੇ ਬਾਰੇ ਕੀ? ਇਸ ਲਈ ਅਜੇ ਵਾਜਬ ਟੀਕਾ ਨਹੀਂ ਹੈ। ਟੀਕਾ ਬਣਾਉਣ ਲਈ ਰਿਸਰਚ ਹੋ ਰਿਹਾ ਹੈ, ਪਰ ਇਹ ਕੰਮ ਮੁਸ਼ਕਲ ਹੈ ਕਿਉਂਕਿ ਪੂਰੀ ਸੁਰੱਖਿਆ ਲਈ ਸਾਰੇ ਚਾਰ ਕਿਸਮ ਦੇ ਡੈਂਗੂ ਤੋਂ ਸੁਰੱਖਿਆ ਦੀ ਜ਼ਰੂਰਤ ਹੈ। ਸਿਰਫ਼ ਇਕ ਲਈ ਟੀਕਾ ਲਾਉਣ ਨਾਲ ਅਸਲ ਵਿਚ DHF ਦਾ ਖ਼ਤਰਾ ਵੱਧ ਸਕਦਾ ਹੈ। ਖੋਜਕਾਰ ਆਸ਼ਾ ਕਰਦੇ ਹਨ ਕਿ ਪੰਜ ਦਸ ਸਾਲਾਂ ਵਿਚ ਸ਼ਾਇਦ ਅਸਰਦਾਰ ਟੀਕਾ ਤਿਆਰ ਹੋ ਜਾਵੇ।
ਕੁਝ ਖੋਜਕਾਰ ਇਕ ਹੋਰ ਤਰੀਕਾ ਭਾਲ ਰਹੇ ਹਨ। ਜਨੈਟਿਕ ਇੰਜੀਨੀਅਰੀ ਰਾਹੀਂ, ਉਹ ਮੱਛਰ ਦੀ ਲਾਰ ਵਿਚ ਡੈਂਗੂ ਵਿਸ਼ਾਣੂ ਦੇ ਪ੍ਰਜਨਨ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਜੇ ਤਾਂ ਇਹ ਗੱਲ ਬਣ ਗਈ, ਤਾਂ ਅਜਿਹੇ ਵਿਗਿਆਨਕ ਤਰੀਕੇ ਨਾਲ ਬਦਲੇ ਹੋਏ ਮੱਛਰ ਵਿਰਸੇ ਵਿਚ ਆਪਣੀ ਔਲਾਦ ਨੂੰ ਡੈਂਗੂ ਖ਼ਿਲਾਫ਼ ਇਕ ਰੋਕ ਦੇਣਗੇ। ਭਾਵੇਂ ਇਸ ਵਿਚ ਕੁਝ ਤਰੱਕੀ ਕੀਤੀ ਗਈ ਹੈ, ਕਾਮਯਾਬੀ ਭਵਿੱਖ ਵਿਚ ਹੀ ਜਾਣੀ ਜਾਵੇਗੀ।
ਇਸ ਵੇਲੇ ਡੈਂਗੂ ਨੂੰ ਜੜ੍ਹੋਂ ਉਖਾੜਨਾ ਸੰਭਵ ਨਹੀਂ ਜਾਪਦਾ। ਪਰ ਸਲਾਹ ਅਨੁਸਾਰ ਕਦਮ ਚੁੱਕਣ ਨਾਲ ਤੁਸੀਂ ਆਪਣੇ ਆਪ ਨੂੰ ਅਤੇ ਆਪਣੇ ਪਿਆਰਿਆਂ ਨੂੰ ਡੈਂਗੂ ਸੰਬੰਧੀ ਖ਼ਤਰਨਾਕ ਬੀਮਾਰੀਆਂ ਤੋਂ ਬਚਾ ਸਕਦੇ ਹੋ, ਜੋ ਬੁਖਾਰ ਇਕ ਮੱਛਰ ਦੇ ਲੜਨ ਤੋਂ ਚੜ੍ਹਦਾ ਹੈ।
[ਸਫ਼ੇ 22 ਉੱਤੇ ਡੱਬੀ]
ਬੀਮਾਰੀ ਦੇ ਲੱਛਣ ਕੀ ਹਨ?
ਡੈਂਗੂ ਬੁਖਾਰ ਅਤੇ ਡੈਂਗੂ ਰਕਤ-ਵਹਾਅ ਬੁਖਾਰ (DHF) ਦੇ ਲੱਛਣ
• ਅਚਾਨਕ ਤੇਜ਼ ਬੁਖਾਰ
• ਸਖ਼ਤ ਸਿਰਦਰਦa
• ਅੱਖਾਂ ਪਿੱਛੇ ਪੀੜ
• ਜੋੜਾਂ ਅਤੇ ਸਰੀਰ ਵਿਚ ਪੀੜ
• ਲਿੰਫ ਨੋਡਜ਼ ਵਿਚ ਸੋਜਾ
• ਧੱਫੜ
• ਥਕੇਵਾਂ
DHF ਦੇ ਵਿਸ਼ੇਸ਼ ਲੱਛਣ
• ਅਚਾਨਕ ਡਿੱਗਣਾ
• ਚਮੜੀ ਉੱਤੇ ਲਾਲ-ਲਾਲ ਨਿਸ਼ਾਨ
• ਅਸਾਧਾਰਣ ਰੂਪ ਵਿਚ ਖ਼ੂਨ ਵਹਿਣਾ
• ਕੱਚੀਆਂ ਤਰੇਲ਼ੀਆਂ
• ਬੇਆਰਾਮੀ
• ਕਮਜ਼ੋਰ ਨਬਜ਼ ਨਾਲ ਸਦਮਾ (ਡੈਂਗੂ ਸ਼ੌਕ ਸਿੰਡ੍ਰੋਮ)
ਜੇ ਲੱਛਣ ਨਜ਼ਰ ਆਉਣ ਤਾਂ ਡਾਕਟਰ ਕੋਲ ਜਾਣ ਦੀ ਦੇਰ ਨਾ ਕਰੋ। ਬੱਚਿਆਂ ਨੂੰ ਖ਼ਾਸ ਖ਼ਤਰਾ ਹੈ।
[ਫੁਟਨੋਟ]
a ਡਾਕਟਰ ਲੋਕ ਕਹਿੰਦੇ ਹਨ ਕਿ ਐਸਪਰੀਨ ਤੋਂ ਪਰਹੇਜ਼ ਕਰੋ ਕਿਉਂਕਿ ਇਹ ਖ਼ੂਨ ਦੇ ਵਹਾਅ ਨੂੰ ਵਧਾ ਸਕਦੀ ਹੈ।
[ਸਫ਼ੇ 23 ਉੱਤੇ ਡੱਬੀ]
ਮੁਸਾਫ਼ਰਾਂ ਲਈ ਜਾਣਕਾਰੀ
ਕਦੀ-ਕਦੀ, ਤਪਤ ਇਲਾਕਿਆਂ ਵਿਚ ਜਾਣ ਵਾਲੇ ਮੁਸਾਫ਼ਰਾਂ ਨੂੰ ਡੈਂਗੂ ਹੋ ਜਾਂਦਾ ਹੈ, ਪਰ ਡੈਂਗੂ ਰਕਤ-ਵਹਾਅ ਬੁਖਾਰ ਬਹੁਤ ਘੱਟ ਹੁੰਦਾ ਹੈ ਕਿਉਂਕਿ ਇਸ ਤਰ੍ਹਾਂ ਦਾ ਜ਼ਿਆਦਾ ਗੰਭੀਰ ਰੋਗ ਆਮ ਤੌਰ ਤੇ ਡੈਂਗੂ ਦੀ ਦੂਜੀ ਛੂਤ ਹੋਣ ਤੋਂ ਹੁੰਦਾ ਹੈ। ਮੁਸਾਫ਼ਰਾਂ ਲਈ ਇੱਥੇ ਕੁਝ ਸੁਰੱਖਿਆ ਸੁਝਾਅ ਹਨ:
• ਲੰਬੀਆਂ ਬਾਹਾਂ ਵਾਲੀਆਂ ਕਮੀਜ਼ਾਂ ਅਤੇ ਲੰਬੀਆਂ ਪੈਂਟਾਂ ਪਹਿਨੋ
• ਮੱਛਰ ਰੋਕਣ ਵਾਲੀ ਦਵਾਈ ਲਗਾਓ
• ਜ਼ਿਆਦਾ ਆਬਾਦ ਇਲਾਕਿਆਂ ਤੋਂ ਦੂਰ ਰਹੋ
• ਅਜਿਹੀ ਜਗ੍ਹਾ ਤੇ ਰਹੋ ਜਿੱਥੇ ਤੁਸੀਂ ਬਾਰੀਆਂ ਬੰਧ ਕਰ ਕੇ ਮੱਛਰ ਬਾਹਰ ਰੱਖ ਸਕਦੇ ਹੋ
• ਜੇ ਘਰ ਵਾਪਸ ਆਉਣ ਤੇ ਤੁਹਾਨੂੰ ਬੁਖਾਰ ਚੜ੍ਹ ਜਾਵੇ, ਤਾਂ ਡਾਕਟਰ ਨੂੰ ਦੱਸੋ ਕਿ ਤੁਸੀਂ ਕਿੱਥੇ ਸਫ਼ਰ ਕੀਤਾ ਸੀ
[ਸਫ਼ੇ 23 ਉੱਤੇ ਨਕਸ਼ਾ/ਤਸਵੀਰ]
ਇਲਾਕੇ ਜਿੱਥੇ ਡੈਂਗੂ ਬੀਮਾਰੀ ਤਾਜ਼ੀ ਫੁੱਟ ਪਈ ਹੈ
ਡੈਂਗੂ ਮਹਾਂਮਾਰੀ ਤੋਂ ਖ਼ਤਰੇ ਵਾਲੇ ਇਲਾਕੇ
“ਆਈਡੈਜ਼ ਆਈਜਿਪਟੀ” ਡੈਂਗੂ-ਵਾਹਕ ਮੱਛਰ ਦਾ ਖੇਤਰ
[ਕ੍ਰੈਡਿਟ ਲਾਈਨਾਂ]
Source: Centers for Disease Control and Prevention, 1997
© Dr. Leonard E. Munstermann/Fran Heyl Associates, NYC
[ਸਫ਼ੇ 24 ਉੱਤੇ ਤਸਵੀਰਾਂ]
ਇਨ੍ਹਾਂ ਸਥਾਨਾਂ ਤੇ ਮੱਛਰ ਵੱਧ-ਫੁੱਲ ਸਕਦੇ ਹਨ (1) ਐਵੇਂ ਪਏ ਟਾਇਰ, (2) ਬਰਸਾਤੀ ਪਰਨਾਲ਼ੀਆਂ, (3) ਗਮਲੇ, (4) ਬਾਲਟੀਆਂ ਜਾਂ ਹੋਰ ਡੱਬੇ, (5) ਸੁੱਟੇ ਹੋਏ ਟੀਨ, (6) ਡਰਮ
[ਸਫ਼ੇ 21 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
© Dr. Leonard E. Munstermann/Fran Heyl Associates, NYC