ਬਾਈਬਲ ਦਾ ਦ੍ਰਿਸ਼ਟੀਕੋਣ
ਇਕਾਂਤ ਦੀ ਮਹੱਤਤਾ
ਇਕ ਮੌਕੇ ਤੇ, ਯਿਸੂ “ਪ੍ਰਾਰਥਨਾ ਕਰਨ ਲਈ ਨਿਰਾਲੇ ਵਿੱਚ ਪਹਾੜ ਤੇ ਚੜ੍ਹ ਗਿਆ ਅਰ ਜਾਂ ਸੰਝ ਹੋਈ ਤਾਂ ਉਹ ਉੱਥੇ ਇਕੱਲਾ ਹੀ ਸੀ।” (ਮੱਤੀ 14:23) ਇਕ ਹੋਰ ਮੌਕੇ ਤੇ, “ਜਾਂ ਦਿਨ ਚੜ੍ਹਿਆ ਤਾਂ ਉਹ ਨਿੱਕਲ ਕੇ ਇੱਕ ਉਜਾੜ ਥਾਂ ਵਿਚ ਗਿਆ।” (ਲੂਕਾ 4:42) ਇਹ ਆਇਤਾਂ ਇਸ ਗੱਲ ਦਾ ਸਬੂਤ ਦਿੰਦੀਆਂ ਹਨ ਕਿ ਯਿਸੂ ਮਸੀਹ ਨੇ ਕਦੀ-ਕਦਾਈਂ ਇਕਾਂਤ ਦੀਆਂ ਘੜੀਆਂ ਨੂੰ ਭਾਲਿਆ ਅਤੇ ਬਹੁਮੁੱਲਾ ਜਾਣਿਆ।
ਬਾਈਬਲ ਕਈ ਦੂਸਰੇ ਵਿਅਕਤੀਆਂ ਦੀਆਂ ਉਦਾਹਰਣਾਂ ਦਿੰਦੀ ਹੈ, ਜਿਨ੍ਹਾਂ ਨੇ ਯਿਸੂ ਵਾਂਗ ਇਕਾਂਤ ਦੀਆਂ ਘੜੀਆਂ ਨੂੰ ਬਹੁਮੁੱਲਾ ਜਾਣਿਆ। ਰਾਤ ਦੇ ਪਹਿਰਾਂ ਦੇ ਇਕਾਂਤ ਵਿਚ ਹੀ ਜ਼ਬੂਰਾਂ ਦੇ ਲਿਖਾਰੀ ਨੇ ਆਪਣੇ ਮਹਾਨ ਸ੍ਰਿਸ਼ਟੀਕਰਤਾ ਦੀ ਮਹਾਨਤਾ ਉੱਤੇ ਮਨਨ ਕੀਤਾ। ਅਤੇ ਜਿੱਥੋਂ ਤਕ ਯਿਸੂ ਮਸੀਹ ਦੀ ਗੱਲ ਹੈ, ਉਹ ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਮੌਤ ਦੀ ਖ਼ਬਰ ਸੁਣਨ ਤੋਂ ਇਕ ਦਮ ਬਾਅਦ, “ਇੱਕ ਉਜਾੜ ਥਾਂ ਵਿਚ ਅਲੱਗ ਚੱਲਿਆ ਗਿਆ।”—ਮੱਤੀ 14:13; ਜ਼ਬੂਰ 63:6.
ਆਧੁਨਿਕ ਜੀਵਨ ਦੇ ਸ਼ੋਰ-ਸ਼ਰਾਬੇ ਵਿਚ ਲੋਕ ਆਪਣੀਆਂ ਹਾਲਤਾਂ ਜਾਂ ਚੋਣਾਂ ਕਰਕੇ ਇਕਾਂਤ ਨੂੰ ਬਹੁਤਾ ਮਹੱਤਵ ਨਹੀਂ ਦਿੰਦੇ। ਕੀ ਤੁਹਾਨੂੰ ਯਾਦ ਹੈ ਕਿ ਤੁਸੀਂ ਪਿਛਲੀ ਵਾਰ ਕਦੋਂ ਇਕੱਲਿਆਂ ਸਮਾਂ ਬਿਤਾਇਆ? ਇਕ ਸ਼ਾਦੀ-ਸ਼ੁਦਾ ਔਰਤ ਨੇ ਕਿਹਾ: “ਮੈਂ ਆਪਣੀ ਜ਼ਿੰਦਗੀ ਵਿਚ ਕਦੇ ਵੀ ਇਕੱਲੀ ਨਹੀਂ ਰਹੀ।”
ਪਰ ਕੀ ਇਕਾਂਤ ਸੱਚ-ਮੁੱਚ ਜ਼ਰੂਰੀ ਹੈ? ਜੇ ਹੈ, ਤਾਂ ਇਕਾਂਤ ਦਾ ਲਾਭਦਾਇਕ ਅਤੇ ਵਧੀਆ ਤਰੀਕੇ ਨਾਲ ਕਿਵੇਂ ਉਪਯੋਗ ਕੀਤਾ ਜਾ ਸਕਦਾ ਹੈ? ਅਤੇ ਇਕਾਂਤ ਭਾਲਣ ਵਿਚ ਸੰਤੁਲਨ ਕੀ ਭੂਮਿਕਾ ਅਦਾ ਕਰਦਾ ਹੈ?
ਇਕਾਂਤ—ਬਹੁਮੁੱਲਾ ਕਿਉਂ?
ਬਾਈਬਲ ਦੱਸਦੀ ਹੈ ਕਿ ਪ੍ਰਾਚੀਨ ਸਮੇਂ ਵਿਚ ਪਰਮੇਸ਼ੁਰ ਦੇ ਇਕ ਬੰਦੇ, ਇਸਹਾਕ ਨੇ “ਸ਼ਾਮਾਂ ਦੇ ਵੇਲੇ ਖੇਤਾਂ ਵਿਚ” ਇਕਾਂਤ ਭਾਲਿਆ। ਕਿਉਂ? ਇਹ ਦੱਸਦੀ ਹੈ, “ਗਿਆਨ ਧਿਆਨ ਕਰਨ ਲਈ।” (ਉਤਪਤ 24:63) ਇਕ ਸ਼ਬਦ-ਕੋਸ਼ ਦੇ ਅਨੁਸਾਰ, ਮਨਨ ਕਰਨ ਦਾ ਅਰਥ “ਧਿਆਨ ਨਾਲ, ਜਾਂ ਸਹਿਜਪੁਣੇ ਨਾਲ ਸੋਚਣਾ” ਹੈ। ਇਹ “ਗੰਭੀਰ ਅਤੇ ਲੰਮੇ ਸਮੇਂ ਦੀ ਇਕਾਗਰਤਾ ਨੂੰ ਸੂਚਿਤ ਕਰਦਾ ਹੈ।” ਇਸਹਾਕ ਲਈ, ਜਿਸ ਨੇ ਭਾਰੀਆਂ ਜ਼ਿੰਮੇਵਾਰੀਆਂ ਸੰਭਾਲਣੀਆਂ ਸੀ, ਇਸ ਤਰ੍ਹਾਂ ਦਾ ਅਨਿਖੜਵਾਂ ਮਨਨ ਉਸ ਨੂੰ ਸਪੱਸ਼ਟ ਤਰੀਕੇ ਨਾਲ ਸੋਚਣ ਲਈ, ਸੋਚਾਂ ਇਕੱਠੀਆਂ ਕਰਨ ਲਈ, ਅਤੇ ਮਹੱਤਵਪੂਰਣ ਗੱਲਾਂ ਨੂੰ ਪਹਿਲ ਦੇਣ ਲਈ ਮਦਦ ਕਰਦਾ।
ਮਾਨਸਿਕ ਸਿਹਤ ਦੇ ਇਕ ਮਾਹਰ ਨੇ ਦੱਸਿਆ ਕਿ ਜਦ ਤਕ ‘ਇਕਾਂਤ ਇਕ ਉਚਿਤ ਹੱਦ ਵਿਚ ਹੈ, ਦੂਜਿਆਂ ਦੀ ਗ਼ੈਰ-ਮੌਜੂਦਗੀ ਵਧੀਆ ਤਰੀਕੇ ਨਾਲ ਸੋਚਣ ਅਤੇ ਇਕਾਗਰ ਹੋਣ ਵਿਚ ਸਾਡੀ ਬਹੁਤ ਮਦਦ ਕਰਦੀ ਹੈ।’ ਬਹੁਤੇ ਲੋਕ ਇਸ ਗੱਲ ਦੀ ਪੁਸ਼ਟੀ ਕਰਨਗੇ ਕਿ ਇਹ ਤਾਜ਼ਗੀਦਾਇਕ, ਤਾਕਤ ਦੇਣ ਵਾਲਾ ਅਤੇ ਸਿਹਤਮੰਦ ਹੋ ਸਕਦਾ ਹੈ।
ਮਨਨ ਦੇ ਮਨਭਾਉਂਦੇ ਫਲਾਂ ਵਿੱਚੋਂ ਕੁਝ ਹਨ, ਗੱਲਾਂ ਦੀ ਡੂੰਘੀ ਸਮਝ ਅਤੇ ਸ਼ਾਂਤ ਸੰਜਮ। ਇਹ ਗੁਣ ਸਮਝ ਨਾਲ ਬੋਲਣ ਅਤੇ ਕੰਮ ਕਰਨ ਲਈ ਸਹਾਇਕ ਹੁੰਦੇ ਹਨ, ਜੋ ਬਦਲੇ ਵਿਚ ਦੂਜਿਆਂ ਨਾਲ ਸ਼ਾਂਤਮਈ ਸੰਬੰਧ ਬਣਾਉਣ ਵਿਚ ਸਾਡੀ ਮਦਦ ਕਰਦੇ ਹਨ। ਉਦਾਹਰਣ ਲਈ, ਜੇ ਇਕ ਵਿਅਕਤੀ ਮਨਨ ਕਰਨਾ ਸਿੱਖਦਾ ਹੈ, ਤਾਂ ਉਹ ਇਹ ਵੀ ਸਿੱਖ ਸਕਦਾ ਹੈ ਕਿ ਕਦੋਂ ਚੁੱਪ ਰਹਿਣਾ ਹੈ। ਅੰਨ੍ਹੇਵਾਹ ਬੋਲਣ ਦੀ ਬਜਾਇ, ਉਹ ਪਹਿਲਾਂ ਆਪਣੇ ਸ਼ਬਦਾਂ ਦੇ ਸੰਭਾਵੀ ਪ੍ਰਭਾਵਾਂ ਬਾਰੇ ਵਿਚਾਰ ਕਰਦਾ ਹੈ। “ਕੀ ਤੂੰ ਕੋਈ ਮਨੁੱਖ ਵੇਖਦਾ ਹੈਂ ਜੋ ਬੋਲਣ ਵਿੱਚ ਕਾਹਲ ਕਰਦਾ ਹੈ?” ਬਾਈਬਲ ਦੇ ਇਕ ਪ੍ਰੇਰਿਤ ਲਿਖਾਰੀ ਨੇ ਪੁੱਛਿਆ। ਉਹ ਅੱਗੇ ਕਹਿੰਦਾ ਹੈ: “ਉਹ ਦੇ ਨਾਲੋਂ ਮੂਰਖ ਤੋਂ ਬਾਹਲੀ ਆਸ ਹੈ।” (ਕਹਾਉਤਾਂ 29:20) ਬੇਸਮਝੀ ਨਾਲ ਜ਼ਬਾਨ ਦੀ ਵਰਤੋਂ ਕਰਨ ਦਾ ਕੀ ਇਲਾਜ ਹੈ? ਬਾਈਬਲ ਕਹਿੰਦੀ ਹੈ: “ਧਰਮੀ ਦਾ ਮਨ ਸੋਚ ਕੇ ਉੱਤਰ ਦਿੰਦਾ ਹੈ।”—ਕਹਾਉਤਾਂ 15:28. ਜ਼ਬੂਰ 49:3 ਦੀ ਤੁਲਨਾ ਕਰੋ।
ਮਸੀਹੀਆਂ ਲਈ, ਇਕਾਂਤ ਵਿਚ ਕੀਤਾ ਗਿਆ ਮਨਨ ਅਧਿਆਤਮਿਕ ਤਰੱਕੀ ਲਈ ਬਹੁਤ ਹੀ ਜ਼ਰੂਰੀ ਹੈ। ਪੌਲੁਸ ਦੇ ਸ਼ਬਦ ਕਿੰਨੇ ਢੁਕਵੇਂ ਹਨ: “ਇਨਾਂ ਗੱਲਾਂ ਦਾ ਉੱਦਮ ਕਰ। ਇਨ੍ਹਾਂ ਵਿੱਚ ਲੱਗਾ ਰਹੁ ਭਈ ਤੇਰੀ ਤਰੱਕੀ ਸਭਨਾਂ ਉੱਤੇ ਪਰਗਟ ਹੋਵੇ।”—1 ਤਿਮੋਥਿਉਸ 4:15.
ਇਕਾਂਤ ਨੂੰ ਪਰਮੇਸ਼ੁਰ ਦੇ ਨੇੜੇ ਜਾਣ ਲਈ ਵਰਤੋ
ਇਕ ਅੰਗ੍ਰੇਜ਼ ਲੇਖਕ ਨੇ ਕਿਹਾ: “ਇਕਾਂਤ ਪਰਮੇਸ਼ੁਰ ਦੇ ਹਜ਼ੂਰ ਜਾਣਾ ਹੈ।” ਕਦੇ-ਕਦੇ ਯਿਸੂ ਨੇ ਸੰਗੀ ਮਨੁੱਖਾਂ ਤੋਂ ਵੱਖਰੇ ਹੋਣ ਅਤੇ ਇਕਾਂਤ ਵਿਚ ਪਰਮੇਸ਼ੁਰ ਦੇ ਹਜ਼ੂਰ ਜਾਣ ਦੀ ਜ਼ਰੂਰਤ ਨੂੰ ਮਹਿਸੂਸ ਕੀਤਾ। ਬਾਈਬਲ ਵਿਚ ਇਸ ਦੀ ਇਕ ਉਦਾਹਰਣ ਬਿਆਨ ਕੀਤੀ ਗਈ ਹੈ: “ਉਹ ਵੱਡੇ ਤੜਕੇ ਕੁਝ ਰਾਤ ਰਹਿੰਦਿਆਂ ਉੱਠ ਕੇ ਬਾਹਰ ਨਿੱਕਲਿਆ ਅਰ ਇੱਕ ਉਜਾੜ ਥਾਂ ਵਿੱਚ ਜਾ ਕੇ ਉੱਥੇ ਪ੍ਰਾਰਥਨਾ ਕੀਤੀ।”—ਮਰਕੁਸ 1:35.
ਜ਼ਬੂਰਾਂ ਦੀ ਪੋਥੀ ਵਿਚ, ਪਰਮੇਸ਼ੁਰ-ਸੰਬੰਧੀ ਮਨਨ ਦਾ ਕਈ ਵਾਰ ਜ਼ਿਕਰ ਕੀਤਾ ਗਿਆ ਹੈ। ਯਹੋਵਾਹ ਨੂੰ ਸੰਬੋਧਿਤ ਕਰਦਿਆਂ, ਰਾਜਾ ਦਾਊਦ ਨੇ ਕਿਹਾ: ‘ਮੈਂ ਤੇਰਾ ਧਿਆਨ ਕਰਦਾ ਹਾਂ।’ (ਟੇਢੇ ਟਾਈਪ ਸਾਡੇ।) ਇਸੇ ਤਰ੍ਹਾਂ, ਆਸਾਫ਼ ਨੇ ਵੀ ਇਹ ਸ਼ਬਦ ਕਹੇ: “ਮੈਂ ਤੇਰੇ ਸਾਰੇ ਕੰਮਾਂ ਉੱਤੇ ਵਿਚਾਰ ਕਰਾਂਗਾ, ਅਤੇ ਮੈਂ ਤੇਰੇ ਕਾਰਜਾਂ ਉੱਤੇ ਧਿਆਨ ਕਰਾਂਗਾ।” (ਟੇਢੇ ਟਾਈਪ ਸਾਡੇ।) (ਜ਼ਬੂਰ 63:6; 77:12) ਇਸ ਤਰ੍ਹਾਂ, ਪਰਮੇਸ਼ੁਰੀ ਗੁਣਾਂ ਅਤੇ ਵਿਹਾਰਾਂ ਉੱਤੇ ਗੌਰ ਕਰਨਾ ਵੱਡੇ ਫਲ ਲਿਆਉਂਦਾ ਹੈ। ਇਹ ਪਰਮੇਸ਼ੁਰ ਪ੍ਰਤੀ ਸਾਡੀ ਕਦਰਦਾਨੀ ਨੂੰ ਵਧਾਉਂਦਾ ਹੈ ਅਤੇ ਉਸ ਦੇ ਨੇੜੇ ਜਾਣ ਲਈ ਸਾਡੀ ਮਦਦ ਕਰਦਾ ਹੈ।—ਯਾਕੂਬ 4:8.
ਸੰਤੁਲਨ ਜ਼ਰੂਰੀ
ਬੇਸ਼ੱਕ, ਇਕਾਂਤ ਨੂੰ ਸੰਤੁਲਿਤ ਤਰੀਕੇ ਨਾਲ ਭਾਲਣਾ ਚਾਹੀਦਾ ਹੈ। ਇਸ ਨੂੰ ਇਸ ਤਰ੍ਹਾਂ ਦੀ ਥਾਂ ਕਿਹਾ ਜਾ ਸਕਦਾ ਹੈ, ਜਿਸ ਵਿਚ ਜਾਣਾ ਤਾਂ ਫ਼ਾਇਦੇਮੰਦ ਹੈ ਪਰ ਉਸ ਵਿਚ ਟਿਕੇ ਰਹਿਣਾ ਖ਼ਤਰਨਾਕ ਹੈ। ਆਪਣੇ ਆਪ ਨੂੰ ਦੂਜਿਆਂ ਤੋਂ ਬਹੁਤ ਜ਼ਿਆਦਾ ਵੱਖਰਿਆਂ ਕਰਨਾ, ਇਨਸਾਨ ਦੀਆਂ ਬੁਨਿਆਦੀ ਜ਼ਰੂਰਤਾਂ ਦੇ ਖ਼ਿਲਾਫ਼ ਹੈ, ਜਿਵੇਂ ਦੂਜਿਆਂ ਨਾਲ ਮੇਲ-ਜੋਲ ਰੱਖਣਾ, ਗੱਲ-ਬਾਤ ਕਰਨੀ ਅਤੇ ਪਿਆਰ ਨੂੰ ਦਰਸਾਉਣਾ ਆਦਿ। ਇਸ ਤੋਂ ਇਲਾਵਾ, ਇਕਾਂਤ ਉਹ ਜ਼ਮੀਨ ਹੋ ਸਕਦੀ ਹੈ ਜਿਸ ਵਿਚ ਮੂਰਖਤਾ ਅਤੇ ਖ਼ੁਦਗਰਜ਼ੀ ਦੇ ਕੰਡੇ ਉੱਗ ਸਕਦੇ ਹਨ। ਬਾਈਬਲ ਦੀ ਇਕ ਕਹਾਵਤ ਚੇਤਾਵਨੀ ਦਿੰਦੀ ਹੈ: “ਜੋ ਆਪ ਨੂੰ ਵੱਖਰਾ ਕਰੇ ਉਹ ਆਪਣੀ ਇੱਛਿਆ ਭਾਲਦਾ ਹੈ, ਉਹ ਸਾਰੀ ਖਰੀ ਬੁੱਧੀ ਦੇ ਵਿਰੁੱਧ ਚਿੜਦਾ ਹੈ।” (ਕਹਾਉਤਾਂ 18:1) ਇਕਾਂਤ ਭਾਲਣ ਦੇ ਮਾਮਲੇ ਵਿਚ ਸੰਤੁਲਿਤ ਹੋਣ ਲਈ, ਸਾਨੂੰ ਇਕਾਂਤ ਦੇ ਖ਼ਤਰਿਆਂ ਦੀ ਪਛਾਣ ਜ਼ਰੂਰ ਹੋਣੀ ਚਾਹੀਦੀ ਹੈ।
ਯਿਸੂ ਅਤੇ ਬਾਈਬਲ ਸਮਿਆਂ ਦੇ ਦੂਜੇ ਅਧਿਆਤਮਿਕ ਵਿਅਕਤੀਆਂ ਵਾਂਗ, ਮਸੀਹੀ ਅੱਜ ਇਕਾਂਤ ਦੀਆਂ ਘੜੀਆਂ ਨੂੰ ਅਨਮੋਲ ਸਮਝਦੇ ਹਨ। ਇਹ ਸੱਚ ਹੈ ਕਿ ਇੰਨੇ ਰੁਝੇਵੇਂ ਅਤੇ ਜ਼ਿੰਮੇਵਾਰੀਆਂ ਹੋਣ ਕਰਕੇ, ਇਕਾਂਤ ਵਿਚ ਮਨਨ ਕਰਨ ਲਈ ਸਮਾਂ ਕੱਢਣਾ ਅਤੇ ਮੌਕਾ ਭਾਲਣਾ ਇਕ ਚੁਣੌਤੀ ਹੋ ਸਕਦੀ ਹੈ। ਫਿਰ ਵੀ, ਸਾਨੂੰ ਹੋਰ ਮਹੱਤਵਪੂਰਣ ਕੰਮਾਂ ਵਾਂਗ, ਮਨਨ ਦੀ ਮਹੱਤਤਾ ਨੂੰ ਵੀ ਸਮਝਦੇ ਹੋਏ ਉਸ ਲਈ ਜ਼ਰੂਰ “ਅਨੁਕੂਲ ਸਮਾਂ” ਕੱਢਣਾ ਚਾਹੀਦਾ ਹੈ। (ਅਫ਼ਸੀਆਂ 5:15, 16, ਨਿ ਵ) ਫਿਰ ਅਸੀਂ, ਜ਼ਬੂਰਾਂ ਦੇ ਲਿਖਾਰੀ ਵਾਂਗ, ਕਹਿ ਸਕਾਂਗੇ: “ਹੇ ਯਹੋਵਾਹ, ਮੇਰੀ ਚਟਾਨ ਅਰ ਮੇਰੇ ਛੁਡਾਉਣ ਵਾਲੇ, ਮੇਰੇ ਮੂੰਹ ਦੀਆਂ ਗੱਲਾਂ ਅਤੇ ਮੇਰੇ ਮਨ ਦਾ ਵਿਚਾਰ, ਤੇਰੇ ਹਜ਼ੂਰ ਮੰਨਣ ਜੋਗ ਹੋਵੇ।”—ਜ਼ਬੂਰ 19:14.