ਸੱਪਾਂ ਬਾਰੇ ਆਮ ਗ਼ਲਤਫ਼ਹਿਮੀਆਂ
ਭਾਰਤ ਵਿਚ ਜਾਗਰੂਕ ਬਣੋ! ਦੇ ਪੱਤਰਕਾਰ ਦੁਆਰਾ
ਕੁੜੀ ਦੇ ਵਾਲ਼ਾਂ ਵਿਚ ਲੱਗੇ ਚੰਬੇਲੀ ਦੇ ਫੁੱਲਾਂ ਦੀ ਖੁਸ਼ਬੂ ਤੋਂ ਆਕਰਸ਼ਿਤ ਹੋ ਕੇ ਇਕ ਤਿਲਕਵਾਂ ਨਾਗ ਸਰਕਦਾ ਹੋਇਆ ਉਸ ਵੱਲ ਵਧਿਆ। ਨਾਗ ਦਾ ਲੰਮਾ ਸਰੀਰ ਸਮੁੰਦਰ ਦੀਆਂ ਲਹਿਰਾਂ ਵਾਂਗ ਲਹਿਰਾ ਰਿਹਾ ਸੀ। ਕੁੜੀ ਨੇ ਨਾਗ ਦੇ ਮੱਥੇ ਉੱਤੇ ਇਕ ਚਮਕੀਲੀ ਮਣੀ ਦੀ ਲਿਸ਼ਕ ਵੇਖੀ, ਅਤੇ ਉਹ ਉਸ ਦੀ ਸੰਮੋਹਿਤ ਤੱਕਣੀ ਨਾਲ ਪਥਰਾ ਗਈ। ਅਚਾਨਕ, ਨਾਗ ਹਵਾ ਵਿਚ ਉਛਲਿਆ ਅਤੇ ਉਸ ਨੇ ਆਪਣੇ ਜ਼ਹਿਰੀਲੇ ਦੰਦ ਕੁੜੀ ਦੀ ਬਾਂਹ ਵਿਚ ਗੱਡ ਦਿੱਤੇ।
ਹਕੀਕਤ ਜਾਂ ਗ਼ਲਤਫ਼ਹਿਮੀ? ਉੱਪਰ ਚਿਤ੍ਰਿਤ ਸਾਰਾ ਵਰਣਨ ਝੂਠਾ ਹੈ, ਅਤੇ ਗ਼ਲਤ ਧਾਰਣਾਵਾਂ ਉੱਤੇ ਆਧਾਰਿਤ ਹੈ। ਇਨ੍ਹਾਂ ਵਿੱਚੋਂ ਕੁਝ ਗ਼ਲਤਫ਼ਹਿਮੀਆਂ ਉੱਤੇ ਗੌਰ ਕਰੋ।
1. ਚੰਬੇਲੀ ਦੇ ਫੁੱਲ, ਚੰਦਨ ਦੀ ਲੱਕੜ, ਅਤੇ ਹੋਰ ਖੁਸ਼ਬੂਆਂ ਸੱਪਾਂ ਨੂੰ ਆਕਰਸ਼ਿਤ ਕਰਦੀਆਂ ਹਨ। ਗ਼ਲਤ। ਖੁਸ਼ਬੂ ਕੀਟ-ਪਤੰਗਿਆਂ ਨੂੰ ਆਕਰਸ਼ਿਤ ਕਰਦੀ ਹੈ, ਕੀਟ-ਪਤੰਗੇ ਡੱਡੂਆਂ ਨੂੰ ਆਕਰਸ਼ਿਤ ਕਰਦੇ ਹਨ, ਅਤੇ ਡੱਡੂ, ਜਿਹੜੇ ਸੱਪਾਂ ਦੀ ਖ਼ੁਰਾਕ ਦਾ ਹਿੱਸਾ ਹਨ, ਸੱਪਾਂ ਨੂੰ ਆਕਰਸ਼ਿਤ ਕਰਦੇ ਹਨ।
2. ਸੱਪ ਲਹਿਰਾਂ ਵਾਂਗ ਚੱਲਦੇ ਹਨ। ਗ਼ਲਤ। ਜਦੋਂ ਸੱਪ ਵੱਡੇ ਪੱਥਰਾਂ ਉੱਤੋਂ ਦੀ ਲੰਘਦੇ ਹਨ ਉਦੋਂ ਇੰਜ ਲੱਗਦਾ ਹੈ ਕਿ ਉਹ ਲਹਿਰਾਂ ਵਾਂਗ ਚੱਲਦੇ ਹਨ। ਨਾਗ ਅਤੇ ਜ਼ਮੀਨ ਤੇ ਰਹਿਣ ਵਾਲੇ ਹੋਰ ਸੱਪ ਢਿੱਡ ਦੇ ਭਾਰ ਸਿੱਧੇ ਚੱਲਦੇ ਹਨ। ਜਾਂ ਤਾਂ ਉਹ ਆਪਣੇ ਸਰੀਰ ਦੇ ਮੁਹਰਲੇ ਹਿੱਸੇ ਨੂੰ ਅੱਗੇ ਨੂੰ ਵਧਾਉਂਦੇ ਹਨ ਅਤੇ ਪਿਛਲੇ ਹਿੱਸੇ ਨੂੰ ਖਿੱਚਦੇ ਹਨ, ਜਾਂ ਉਹ ਖੁਰਦਰੀ ਜ਼ਮੀਨ ਦੀ ਮਦਦ ਨਾਲ, ਵਲ਼ ਖਾਂਦੇ ਹੋਏ ਅੱਗੇ ਵਧਦੇ ਹਨ, ਅਤੇ ਅੰਗ੍ਰੇਜ਼ੀ ਦੇ ਅੱਖਰ S ਦੀ ਤਰ੍ਹਾਂ ਦਿਖਾਈ ਦਿੰਦੇ ਹਨ।
3. ਕੁਝ ਸੱਪਾਂ ਦੇ ਮੱਥਿਆਂ ਉੱਤੇ ਇਕ ਮਣੀ ਹੁੰਦੀ ਹੈ। ਗ਼ਲਤ। ਇਕ ਪੌਰਾਣਿਕ ਕਥਾ, ਜਿਸ ਵਿਚ ਇਹ ਵਿਸ਼ਵਾਸ ਸੀ ਕਿ ਪ੍ਰਾਚੀਨ ਭਾਰਤ ਵਿਚ ਨਾਗ ਉੱਘੇ ਵਿਅਕਤੀਆਂ ਦੀ ਰੱਖਿਆ ਕਰਦੇ ਸਨ।
4. ਨਾਗ ਆਪਣੇ ਸ਼ਿਕਾਰ ਨੂੰ ਸੰਮੋਹਿਤ ਕਰਦੇ ਹਨ। ਗ਼ਲਤ। ਜਦੋਂ ਸੱਪ ਡਰਿਆ ਹੁੰਦਾ ਹੈ, ਤਾਂ ਉਹ ਇਕ ਟੱਕ ਦੇਖਦਾ ਹੈ, ਜਿਸ ਕਰਕੇ ਜਦੋਂ ਇਨਸਾਨ ਸੱਪਾਂ ਸਾਮ੍ਹਣੇ ਆਉਂਦੇ ਹਨ, ਤਾਂ ਇੰਜ ਲੱਗਦਾ ਹੈ ਕਿ ਸੱਪ ਉਨ੍ਹਾਂ ਨੂੰ ਆਪਣੀ ਤੱਕਣੀ ਨਾਲ ਸੰਮੋਹਿਤ ਕਰਦਾ ਹੈ। ਪਰੰਤੂ, ਸੱਪ ਸ਼ਿਕਾਰ ਫੜਨ ਲਈ ਇਹ ਤਰੀਕਾ ਨਹੀਂ ਵਰਤਦਾ ਹੈ।
5. ਨਾਗ ਆਪਣੇ ਸ਼ਿਕਾਰ ਵੱਲ ਉਛਲਦੇ ਹਨ। ਗ਼ਲਤ। ਨਾਗ ਆਪਣੇ ਸਰੀਰ ਦੇ ਮੁਹਰਲੇ ਹਿੱਸੇ ਨੂੰ ਅੱਗੇ ਨੂੰ ਸੁੱਟ ਕੇ ਸ਼ਿਕਾਰ ਉੱਤੇ ਹਮਲਾ ਕਰਦਾ ਹੈ, ਪਰ ਉਸ ਦੇ ਸਰੀਰ ਦਾ ਜ਼ਿਆਦਾਤਰ ਹਿੱਸਾ ਜ਼ਮੀਨ ਉੱਤੇ ਹੀ ਰਹਿੰਦਾ ਹੈ। ਵੱਧ ਤੋਂ ਵੱਧ, ਉਹ ਸਰੀਰ ਦੇ ਇਕ ਤਿਹਾਈ ਹਿੱਸੇ ਨੂੰ ਉੱਪਰ ਚੁੱਕ ਕੇ ਹਮਲਾ ਕਰਦਾ ਹੈ।
6. ਨਾਗਾਂ ਅਤੇ ਹੋਰ ਸੱਪਾਂ ਦੀ ਚਮੜੀ ਤਿਲਕਵੀਂ ਅਤੇ ਹਮੇਸ਼ਾ ਠੰਢੀ ਰਹਿੰਦੀ ਹੈ। ਗ਼ਲਤ। ਸੱਪਾਂ ਦੀ ਚਮੜੀ, ਜਿਸ ਵਿਚ ਚਾਣੇ ਹੁੰਦੇ ਹਨ, ਸੁੱਕੀ ਹੁੰਦੀ ਹੈ ਅਤੇ ਨਰਮ ਚਮੜੇ ਦੀ ਤਰ੍ਹਾਂ ਲੱਗਦੀ ਹੈ। ਸੱਪ ਠੰਢੇ ਖ਼ੂਨ ਵਾਲੇ ਜੀਵ ਹਨ; ਉਨ੍ਹਾਂ ਦੇ ਸਰੀਰ ਦਾ ਤਾਪਮਾਨ ਬਾਹਰੀ ਤਾਪਮਾਨ ਅਨੁਸਾਰ ਬਦਲਦਾ ਹੈ।
7. ਨਾਗ ਬੋਲ਼ੇ ਹੁੰਦੇ ਹਨ। ਗ਼ਲਤ। ਬਹੁਤ ਸਾਰੇ ਲੋਕਾਂ ਦੀ ਇਹ ਗ਼ਲਤਫ਼ਹਿਮੀ ਹੈ। ਉਹ ਸੋਚਦੇ ਹਨ ਕਿ ਸੱਪ ਸਿਰਫ਼ ਜ਼ਮੀਨ ਦੀ ਥਰਥਰਾਹਟ, ਜੋ ਕਿ ਉਨ੍ਹਾਂ ਦੇ ਸਰੀਰਾਂ ਵਿਚ ਪਹੁੰਚਦੀ ਹੈ, ਦੁਆਰਾ ਸੁਣਦੇ ਹਨ। ਬਾਈਬਲ, ਜ਼ਬੂਰਾਂ ਦੀ ਪੋਥੀ 58:4, 5 ਵਿਚ ਠੀਕ-ਠੀਕ ਸੰਕੇਤ ਕਰਦੀ ਹੈ ਕਿ ਨਾਗ ਬੋਲ਼ੇ ਨਹੀਂ ਹੁੰਦੇ ਹਨ। ਹਾਲ ਹੀ ਦੇ ਖੋਜ ਨੇ ਦਿਖਾਇਆ ਹੈ ਕਿ ਨਾਗ ਹਵਾ ਵਿੱਚੋਂ ਆ ਰਹੀਆਂ ਆਵਾਜ਼ਾਂ ਨੂੰ ਸੁਣ ਸਕਦੇ ਹਨ ਅਤੇ ਕਿ ਉਹ ਸਪੇਰੇ ਦੀ ਬੀਨ ਸੁਣ ਕੇ ਡੋਲਦੇ ਹਨ।—ਜਾਗਰੂਕ ਬਣੋ! (ਅੰਗ੍ਰੇਜ਼ੀ), ਜੁਲਾਈ 22, 1993, ਸਫ਼ਾ 31, ਵੀ ਦੇਖੋ।
[ਸਫ਼ੇ 18 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
ਉਪਰਲਾ ਸੱਪ: Animals/Jim Harter/Dover Publications, Inc.