ਏਡਜ਼ ਤੋਂ ਕਿਵੇਂ ਬਚਿਆ ਜਾ ਸਕਦਾ ਹੈ
ਇਸ ਵੇਲੇ ਏਡਜ਼ ਦਾ ਕੋਈ ਇਲਾਜ ਨਹੀਂ ਹੈ, ਅਤੇ ਇਸ ਤਰ੍ਹਾਂ ਲੱਗਦਾ ਹੈ ਕਿ ਡਾਕਟਰੀ ਵਿਗਿਆਨ ਨੂੰ ਅਜੇ ਕੋਈ ਇਲਾਜ ਮਿਲਣ ਵਾਲਾ ਨਹੀਂ ਹੈ। ਭਾਵੇਂ ਨਵੀਆਂ ਦਵਾਈਆਂ ਰੋਗ ਦੇ ਵਾਧੇ ਵਿਚ ਰੁਕਾਵਟ ਪਾਉਂਦੀਆਂ ਹਨ, ਫਿਰ ਵੀ ਆਪਣੇ ਆਪ ਨੂੰ ਇਸ ਬੀਮਾਰੀ ਦੇ ਛੂਤ ਤੋਂ ਬਚਾਉਣਾ ਸਭ ਤੋਂ ਬਿਹਤਰ ਹੋਵੇਗਾ। ਬਚਾਅ ਦੇ ਤਰੀਕਿਆਂ ਬਾਰੇ ਗੱਲ ਕਰਨ ਤੋਂ ਪਹਿਲਾਂ, ਚੱਲੋ ਆਪਾਂ ਵਿਚਾਰ ਕਰੀਏ ਕਿ ਏਡਜ਼ ਦਾ ਵਾਇਰਸ (ਐੱਚ. ਆਈ. ਵੀ.) ਇਕ ਵਿਅਕਤੀ ਤੋਂ ਦੂਜੇ ਵਿਅਕਤੀ ਤਕ ਕਿਵੇਂ ਫੈਲਦਾ ਹੈ ਅਤੇ ਕਿਵੇਂ ਨਹੀਂ ਫੈਲਦਾ।
ਚਾਰ ਆਮ ਤਰੀਕਿਆਂ ਨਾਲ ਇਕ ਵਿਅਕਤੀ ਪੀੜਿਤ ਹੋ ਸਕਦਾ ਹੈ: (1) ਛੂਤ-ਗ੍ਰਸਤ ਵਿਅਕਤੀ ਦੁਆਰਾ ਵਰਤੀ ਗਈ ਟੀਕੇ ਦੀ ਸੂਈ ਜਾਂ ਸਿਰਿੰਜ ਇਸਤੇਮਾਲ ਕਰਨ ਨਾਲ। (2) ਛੂਤ-ਗ੍ਰਸਤ ਵਿਅਕਤੀ ਨਾਲ ਜਿਨਸੀ ਸੰਬੰਧ ਰੱਖਣ ਦੁਆਰਾ ਭਾਵੇਂ ਇਹ ਯੋਨੀ-ਸੰਭੋਗ, ਗੁਦਾ-ਸੰਭੋਗ, ਜਾਂ ਮੌਖਿਕ-ਸੰਭੋਗ ਹੋਵੇ। (3) ਖ਼ੂਨ ਚੜ੍ਹਾਉਣ ਨਾਲ ਅਤੇ ਖ਼ੂਨ-ਪਦਾਰਥ ਲੈਣ ਨਾਲ। ਅਮੀਰ ਦੇਸ਼ਾਂ ਵਿਚ, ਜਿੱਥੇ ਐੱਚ. ਆਈ. ਵੀ. ਲਈ ਖ਼ੂਨ ਦਾ ਟੈਸਟ ਕੀਤਾ ਜਾਂਦਾ ਹੈ, ਇਹ ਖ਼ਤਰਾ ਘਟਾਇਆ ਜਾ ਚੁੱਕਾ ਹੈ। (4) ਬੱਚੇ ਨੂੰ ਆਪਣੀ ਐੱਚ. ਆਈ. ਵੀ. ਨਾਲ ਪੀੜਿਤ ਮਾਂ ਤੋਂ ਜਨਮ ਤੋਂ ਪਹਿਲਾਂ ਜਾਂ ਜਨਮ ਦਿੰਦੇ ਸਮੇਂ ਜਾਂ ਦੁੱਧ ਚੁੰਘਾਉਣ ਵੇਲੇ ਇਸ ਬੀਮਾਰੀ ਦੀ ਛੂਤ ਲੱਗ ਸਕਦੀ ਹੈ।
ਸੰਯੁਕਤ ਰਾਜ ਅਮਰੀਕਾ ਵਿਚ ਰੋਗ ਨਿਯੰਤ੍ਰਣ ਅਤੇ ਰੋਕ ਕੇਂਦਰ (ਸੀ. ਡੀ. ਸੀ.) ਦੇ ਮੁਤਾਬਕ, ਇਸ ਵੇਲੇ ਵਿਗਿਆਨਕ ਸਬੂਤ ਕਹਿੰਦਾ ਹੈ ਕਿ (1) ਏਡਜ਼ ਉਸ ਤਰ੍ਹਾਂ ਨਹੀਂ ਹੋ ਸਕਦੀ ਜਿਸ ਤਰ੍ਹਾਂ ਸਾਨੂੰ ਜ਼ੁਕਾਮ ਜਾਂ ਫਲੂ ਹੁੰਦਾ ਹੈ। (2) ਏਡਜ਼-ਗ੍ਰਸਤ ਵਿਅਕਤੀ ਦੇ ਨਾਲ ਬੈਠਣ ਨਾਲ ਤੁਹਾਨੂੰ ਏਡਜ਼ ਨਹੀਂ ਹੋਵੇਗੀ, ਅਤੇ ਨਾ ਹੀ ਛੂਤ-ਗ੍ਰਸਤ ਵਿਅਕਤੀ ਨੂੰ ਛੋਹਣ ਜਾਂ ਜੱਫੀ ਪਾਉਣ ਨਾਲ ਹੋਵੇਗੀ। (3) ਛੂਤ ਲੱਗੇ ਵਿਅਕਤੀ ਦੇ ਹੱਥੀਂ ਪੱਕੀ ਜਾਂ ਵਰਤਾਈ ਗਈ ਰੋਟੀ ਖਾਣ ਤੋਂ ਇਹ ਰੋਗ ਨਹੀਂ ਲੱਗ ਸਕਦਾ। (4) ਪਖਾਨਿਆਂ, ਟੈਲੀਫ਼ੋਨਾਂ, ਕੱਪੜਿਆਂ, ਜਾਂ ਖਾਣ-ਪੀਣ ਦਿਆਂ ਭਾਂਡਿਆਂ ਦੀ ਸਾਂਝ ਤੋਂ ਛੂਤ ਦਾ ਕੋਈ ਖ਼ਤਰਾ ਨਹੀਂ ਹੁੰਦਾ। ਇਸ ਤੋਂ ਇਲਾਵਾ, ਸੀ. ਡੀ. ਸੀ. ਕਹਿੰਦਾ ਹੈ ਕਿ ਇਹ ਵਾਈਰਸ ਮੱਛਰ ਜਾਂ ਹੋਰ ਕਿਸੇ ਕੀੜੇ ਦੇ ਲੜਨ ਦੁਆਰਾ ਨਹੀਂ ਫੈਲਦਾ।
ਬਚਾਅ ਦੇ ਤਰੀਕੇ
ਏਡਜ਼ ਦਾ ਵਾਇਰਸ ਛੂਤ-ਗ੍ਰਸਤ ਲੋਕਾਂ ਦੇ ਖ਼ੂਨ ਵਿਚ ਲੁਕਿਆ ਰਹਿੰਦਾ ਹੈ। ਜਦੋਂ ਕਿਸੇ ਛੂਤ-ਗ੍ਰਸਤ ਵਿਅਕਤੀ ਦੇ ਟੀਕਾ ਲਾਇਆ ਜਾਂਦਾ ਹੈ, ਕੁਝ ਵਾਇਰਸ ਖ਼ੂਨ ਦੇ ਨਾਲ ਸੂਈ ਤੇ ਜਾਂ ਸਿਰਿੰਜ ਵਿਚ ਰਹਿ ਸਕਦੇ ਹਨ। ਜੇਕਰ ਉਸੇ ਸੂਈ ਨਾਲ ਕਿਸੇ ਹੋਰ ਵਿਅਕਤੀ ਦੇ ਟੀਕਾ ਲਾਇਆ ਜਾਵੇ, ਤਾਂ ਵਾਇਰਸ ਫੈਲ ਸਕਦੇ ਹਨ। ਜਦੋਂ ਤੁਹਾਨੂੰ ਕਿਸੇ ਸੂਈ ਜਾਂ ਸਿਰਿੰਜ ਬਾਰੇ ਕੋਈ ਸ਼ੱਕ ਹੁੰਦਾ ਹੈ, ਤਾਂ ਡਾਕਟਰ ਜਾਂ ਨਰਸ ਤੋਂ ਪੁੱਛ-ਗਿੱਛ ਕਰਨ ਤੋਂ ਕਦੀ ਵੀ ਨਾ ਘਬਰਾਓ। ਇਹ ਜਾਣਨ ਦਾ ਤੁਹਾਡਾ ਹੱਕ ਬਣਦਾ ਹੈ; ਇਹ ਤੁਹਾਡੀ ਜ਼ਿੰਦਗੀ ਦਾ ਸਵਾਲ ਹੈ।
ਏਡਜ਼ ਦਾ ਵਾਇਰਸ ਛੂਤ-ਗ੍ਰਸਤ ਲੋਕਾਂ ਦੇ ਵੀਰਜ ਜਾਂ ਯੋਨੀ-ਦ੍ਰਵ ਵਿਚ ਵੀ ਹੁੰਦਾ ਹੈ। ਇਸ ਲਈ ਬਚਾਅ ਵਾਸਤੇ, ਸੀ. ਡੀ. ਸੀ. ਸਲਾਹ ਦਿੰਦਾ ਹੈ: “ਸੰਭੋਗ ਨਾ ਕਰਨਾ ਸਭ ਤੋਂ ਪੱਕਾ ਬਚਾਅ ਹੈ। ਜੇ ਤੁਸੀਂ ਜਿਨਸੀ ਸੰਬੰਧ ਰੱਖਦੇ ਹੋ, ਤਾਂ ਅਜਿਹੇ ਸਾਥੀ ਦੇ ਨਾਲ ਰੱਖੋ ਜਿਸ ਨੂੰ ਛੂਤ ਨਹੀਂ ਲੱਗੀ ਹੋਈ। ਇਕ ਦੂਜੇ ਨਾਲ ਤੁਹਾਡਾ ਰਿਸ਼ਤਾ ਲੰਬੇ ਸਮੇਂ ਤੋਂ ਅਤੇ ਵਫ਼ਾਦਾਰ ਹੋਣਾ ਚਾਹੀਦਾ ਹੈ, ਜਿਵੇਂ ਵਿਆਹ ਵਿਚ ਪਤੀ-ਪਤਨੀ ਦਾ ਰਿਸ਼ਤਾ ਹੁੰਦਾ ਹੈ।”
ਗੌਰ ਕਰੋ ਕਿ ਤੁਹਾਡੇ ਬਚਾਅ ਲਈ ‘ਇਕ ਦੂਜੇ ਨਾਲ ਲੰਬੇ ਸਮੇਂ ਤੋਂ ਅਤੇ ਵਫ਼ਾਦਾਰ ਰਿਸ਼ਤਾ’ ਕਾਇਮ ਰੱਖਣਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਵਫ਼ਾਦਾਰ ਰਹਿੰਦੇ ਹੋ ਪਰ ਤੁਹਾਡਾ ਸਾਥੀ ਬੇਵਫ਼ਾ ਹੈ, ਤਾਂ ਤੁਹਾਡਾ ਬਚਾਅ ਨਹੀਂ ਹੋਵੇਗਾ। ਇਹ ਅਕਸਰ ਉਨ੍ਹਾਂ ਔਰਤਾਂ ਲਈ ਵੱਡੀ ਮੁਸ਼ਕਲ ਖੜ੍ਹੀ ਕਰਦਾ ਹੈ ਜੋ ਜਿਨਸੀ ਤੌਰ ਤੇ ਅਤੇ ਘਰ ਦੇ ਖ਼ਰਚੇ ਲਈ ਆਦਮੀਆਂ ਦੇ ਉੱਤੇ ਨਿਰਭਰ ਕਰਦੀਆਂ ਹਨ। ਕੁਝ ਦੇਸ਼ਾਂ ਵਿਚ ਔਰਤਾਂ ਸੁਰੱਖਿਅਤ ਸੰਭੋਗ ਬਾਰੇ ਆਪਣੇ ਆਦਮੀਆਂ ਨਾਲ ਗੱਲ-ਬਾਤ ਨਹੀਂ ਕਰ ਸਕਦੀਆਂ। ਅਸਲ ਵਿਚ ਉਨ੍ਹਾਂ ਨੂੰ ਸੰਭੋਗ ਬਾਰੇ ਗੱਲ ਕਰਨ ਦੀ ਇਜਾਜ਼ਤ ਵੀ ਨਹੀਂ ਹੁੰਦੀ।
ਫਿਰ ਵੀ, ਅਜਿਹੀਆਂ ਸਾਰੀਆਂ ਔਰਤਾਂ ਬੇਬੱਸ ਨਹੀਂ ਹਨ। ਇਕ ਪੱਛਮੀ ਅਫ਼ਰੀਕੀ ਦੇਸ਼ ਵਿਚ ਕੀਤੇ ਗਏ ਸਰਵੇਖਣ ਨੇ ਦਿਖਾਇਆ ਕਿ ਆਪਣੇ ਪੈਰਾਂ ਤੇ ਖੜ੍ਹੀਆਂ ਕੁਝ ਔਰਤਾਂ ਬਿਨਾਂ ਕਿਸੇ ਮਾਰ-ਕੁਟਾਈ ਦੇ ਡਰ ਤੋਂ ਆਪਣੇ ਛੂਤ-ਗ੍ਰਸਤ ਪਤੀਆਂ ਨਾਲ ਸੰਭੋਗ ਕਰਨ ਤੋਂ ਪਰਹੇਜ਼ ਕਰ ਸਕੀਆਂ ਹਨ। ਨਿਊ ਜਰਸੀ, ਯੂ. ਐੱਸ. ਏ. ਵਿਚ, ਕੁਝ ਔਰਤਾਂ ਨੇ ਸੰਭੋਗ ਕਰਨ ਤੋਂ ਇਨਕਾਰ ਕੀਤਾ ਜੇ ਆਦਮੀ ਨਿਰੋਧ ਇਸਤੇਮਾਲ ਨਹੀਂ ਕਰਨਾ ਚਾਹੁੰਦਾ ਸੀ। ਭਾਵੇਂ ਨਿਰੋਧ ਐੱਚ. ਆਈ. ਵੀ. ਅਤੇ ਹੋਰ ਲਿੰਗੀ ਤੌਰ ਤੇ ਸੰਚਾਰਿਤ ਰੋਗਾਂ ਤੋਂ ਬਚਾਅ ਕਰ ਸਕਦੇ ਹਨ, ਫਿਰ ਵੀ ਉਨ੍ਹਾਂ ਨੂੰ ਸਹੀ ਤਰੀਕੇ ਨਾਲ ਅਤੇ ਲਗਾਤਾਰ ਇਸਤੇਮਾਲ ਕਰਨਾ ਚਾਹੀਦਾ ਹੈ।
ਟੈਸਟ ਕਦੋਂ ਕੀਤਾ ਜਾਣਾ ਚਾਹੀਦਾ ਹੈ
ਪਿਛਲੇ ਲੇਖ ਵਿਚ ਕੈਰਨ ਦਾ ਜ਼ਿਕਰ ਕੀਤਾ ਗਿਆ ਸੀ। ਉਹ ਇਸ ਬੀਮਾਰੀ ਦੀ ਛੂਤ ਲੱਗਣ ਤੋਂ ਆਪਣਾ ਬਚਾਅ ਕਰਨ ਲਈ ਕੁਝ ਨਹੀਂ ਕਰ ਸਕਦੀ ਸੀ। ਉਨ੍ਹਾਂ ਦੇ ਵਿਆਹ ਤੋਂ ਕਈ ਸਾਲ ਪਹਿਲਾਂ ਉਸ ਦੇ ਪਤੀ ਨੂੰ ਇਸ ਬੀਮਾਰੀ ਦੀ ਛੂਤ ਲੱਗ ਚੁੱਕੀ ਸੀ, ਅਤੇ ਉਨ੍ਹਾਂ ਦਾ ਵਿਆਹ ਉਸ ਸਮੇਂ ਹੋਇਆ ਜਦੋਂ ਇਹ ਮਹਾਂਮਾਰੀ ਅਜੇ ਨਵੀਂ ਸੀ, ਅਤੇ ਐੱਚ. ਆਈ. ਵੀ. ਦੇ ਟੈਸਟ ਸ਼ੁਰੂ ਹੀ ਹੋਏ ਸਨ। ਲੇਕਿਨ, ਹੁਣ ਕਈਆਂ ਮੁਲਕਾਂ ਵਿਚ ਐੱਚ. ਆਈ. ਵੀ. ਦੇ ਟੈਸਟ ਕਰਨੇ ਆਮ ਗੱਲ ਹੋ ਗਈ ਹੈ। ਇਸ ਲਈ ਜੇ ਕਿਸੇ ਨੂੰ ਐੱਚ. ਆਈ. ਵੀ. ਹੋਣ ਦਾ ਸ਼ੱਕ ਹੋਵੇ, ਤਾਂ ਵਿਆਹ ਦੇ ਇਰਾਦੇ ਨਾਲ ਕਿਸੇ ਨੂੰ ਜਾਣਨ ਤੋਂ ਪਹਿਲਾਂ ਟੈਸਟ ਕਰਵਾਉਣਾ ਬੁੱਧੀਮਤਾ ਦੀ ਗੱਲ ਹੋਵੇਗੀ। ਕੈਰਨ ਸਲਾਹ ਦਿੰਦੀ ਹੈ ਕਿ “ਵਿਆਹ ਲਈ ਸਾਥੀ ਸਾਵਧਾਨੀ ਨਾਲ ਚੁਣੋ। ਗ਼ਲਤ ਚੋਣ ਕਰਨੀ ਤੁਹਾਨੂੰ ਬਹੁਤ ਮਹਿੰਗੀ ਪੈ ਸਕਦੀ ਹੈ, ਤੁਹਾਡਾ ਜੀਵਨ ਵੀ ਖ਼ਤਰੇ ਵਿਚ ਪੈ ਸਕਦਾ ਹੈ।”
ਜ਼ਨਾਕਾਰੀ ਦੇ ਮਾਮਲਿਆਂ ਵਿਚ ਟੈਸਟ ਕਰਵਾਏ ਜਾਣ ਨਾਲ ਸ਼ਾਇਦ ਬੇਗੁਨਾਹ ਸਾਥੀ ਦਾ ਬਚਾਅ ਹੋ ਸਕਦਾ ਹੈ। ਪਰ ਐੱਚ. ਆਈ. ਵੀ. ਦਾ ਟੈਸਟ ਕਰਵਾਉਣ ਤੋਂ ਬਾਅਦ ਵੀ ਛੂਤ ਦੇ ਲੱਛਣ ਨਜ਼ਰ ਆਉਣ ਵਿਚ ਕੁਝ ਛੇ ਮਹੀਨੇ ਲੱਗ ਸਕਦੇ ਹਨ। ਇਸ ਲਈ ਸ਼ਾਇਦ ਕਈ ਟੈਸਟ ਕਰਵਾਉਣੇ ਜ਼ਰੂਰੀ ਹੋਣ। ਜੇ ਜਿਨਸੀ ਸੰਬੰਧ ਦੁਬਾਰਾ ਕਾਇਮ ਕੀਤੇ ਜਾਣ (ਜਿਸ ਦਾ ਮਤਲਬ ਹੋਵੇਗਾ ਕਿ ਜ਼ਨਾਕਾਰ ਮਾਫ਼ ਕੀਤਾ ਜਾ ਚੁੱਕਾ ਹੈ), ਤਾਂ ਨਿਰੋਧ ਦੀ ਵਰਤੋਂ ਇਸ ਬੀਮਾਰੀ ਦੀ ਛੂਤ ਲੱਗਣ ਤੋਂ ਸੁਰੱਖਿਆ ਦੇਣ ਵਿਚ ਮਦਦ ਦੇ ਸਕਦੀ ਹੈ।
ਸਿੱਖਿਆ ਮਦਦ ਕਰ ਸਕਦੀ ਹੈ
ਇਹ ਗੱਲ ਧਿਆਨ ਦੇਣ ਦੇ ਯੋਗ ਹੈ ਕਿ ਭਾਵੇਂ ਬਾਈਬਲ ਏਡਜ਼ ਦੀ ਬੀਮਾਰੀ ਪੈਦਾ ਹੋਣ ਤੋਂ ਬਹੁਤ ਸਮਾਂ ਪਹਿਲਾਂ ਲਿਖੀ ਗਈ ਸੀ, ਫਿਰ ਵੀ ਇਸ ਦੇ ਅਸੂਲਾਂ ਅਨੁਸਾਰ ਜੀਉਣ ਨਾਲ ਇਸ ਰੋਗ ਤੋਂ ਬਚਾਅ ਮਿਲ ਸਕਦਾ ਹੈ। ਮਿਸਾਲ ਲਈ, ਬਾਈਬਲ ਵਿਆਹ ਤੋਂ ਬਾਹਰ ਜਿਨਸੀ ਸੰਬੰਧਾਂ ਨੂੰ ਨਾਜਾਇਜ਼ ਕਹਿੰਦੀ ਹੈ। ਇਹ ਕਹਿੰਦੀ ਹੈ ਕਿ ਪਤੀ-ਪਤਨੀ ਨੂੰ ਇਕ ਦੂਜੇ ਦੇ ਪ੍ਰਤੀ ਵਫ਼ਾਦਾਰ ਰਹਿਣਾ ਚਾਹੀਦਾ ਹੈ। ਨਾਲੇ ਇਹ ਵੀ ਕਿ ਮਸੀਹੀਆਂ ਨੂੰ ਸਿਰਫ਼ ਉਨ੍ਹਾਂ ਨਾਲ ਵਿਆਹ ਕਰਵਾਉਣਾ ਚਾਹੀਦਾ ਹੈ ਜੋ ਬਾਈਬਲ ਦੇ ਅਸੂਲਾਂ ਨੂੰ ਲਾਗੂ ਕਰਦੇ ਹਨ। (1 ਕੁਰਿੰਥੀਆਂ 7:39; ਇਬਰਾਨੀਆਂ 13:4) ਬਾਈਬਲ ਕਿਸੇ ਵੀ ਕਿਸਮ ਦੇ ਨਸ਼ੇ ਅਤੇ ਖ਼ੂਨ ਲੈਣ ਤੋਂ ਵੀ ਮਨ੍ਹਾ ਕਰਦੀ ਹੈ, ਕਿਉਂਕਿ ਇਹ ਚੀਜ਼ਾਂ ਸਰੀਰ ਨੂੰ ਮਲੀਨ ਕਰਦੀਆਂ ਹਨ।—ਰਸੂਲਾਂ ਦੇ ਕਰਤੱਬ 15:20; 2 ਕੁਰਿੰਥੀਆਂ 7:1.
ਤੁਹਾਡੇ ਲਈ ਬੁੱਧੀਮਤਾ ਦੀ ਗੱਲ ਹੋਵੇਗੀ ਜੇਕਰ ਤੁਸੀਂ ਐੱਚ. ਆਈ. ਵੀ. ਨਾਲ ਪੀੜਿਤ ਲੋਕਾਂ ਨਾਲ ਸੰਪਰਕ ਰੱਖਣ ਦੇ ਖ਼ਤਰਿਆਂ ਬਾਰੇ ਹੋਰ ਜਾਣਕਾਰੀ ਲਓ। ਏਡਜ਼ ਦੀ ਸਿੱਖਿਆ ਲੋਕਾਂ ਨੂੰ ਆਪਣੇ ਆਪ ਦਾ ਬਚਾਅ ਕਰਨ ਲਈ ਤਿਆਰ ਕਰਦੀ ਹੈ।
ਏਡਜ਼ ਐਕਸ਼ਨ ਲੀਗ ਕਹਿੰਦੀ ਹੈ ਕਿ “ਬਹੁਤਿਆਂ ਕੇਸਾਂ ਵਿਚ ਏਡਜ਼ ਨੂੰ ਰੋਕਿਆ ਜਾ ਸਕਦਾ ਹੈ। ਜਿੰਨਾ ਚਿਰ ਇਸ ਦਾ ਇਲਾਜ ਨਹੀਂ ਮਿਲਦਾ, ਸਿੱਖਿਆ ਹੀ ਏਡਜ਼ ਦਾ ਸਭ ਤੋਂ ਵਧੀਆ ਅਤੇ ਹੁਣ ਲਈ ਇੱਕੋ-ਇਕ [ਸਮਾਜਕ] ਬਚਾਅ ਹੈ। (ਟੇਢੇ ਟਾਈਪ ਸਾਡੇ।) ਇਹ ਚੰਗਾ ਹੋਵੇਗਾ ਕਿ ਮਾਂ-ਬਾਪ ਆਪਸ ਵਿਚ ਅਤੇ ਆਪਣੇ ਬੱਚਿਆਂ ਨਾਲ ਏਡਜ਼ ਬਾਰੇ ਖੁੱਲ੍ਹ ਕੇ ਗੱਲ-ਬਾਤ ਕਰਨ।
ਕਿਹੜੀਆਂ-ਕਿਹੜੀਆਂ ਦਵਾਈਆਂ ਹਨ?
ਐੱਚ. ਆਈ. ਵੀ. ਦੀ ਛੂਤ ਲੱਗਣ ਤੋਂ ਅਕਸਰ ਛੇ ਤੋਂ ਦਸ ਸਾਲ ਬਾਅਦ ਹੀ ਰੋਗ ਦੇ ਲੱਛਣ ਨਜ਼ਰ ਆਉਂਦੇ ਹਨ। ਉਨ੍ਹਾਂ ਸਾਲਾਂ ਦੌਰਾਨ, ਸਰੀਰ ਦੇ ਅੰਦਰ ਇਕ ਜ਼ੋਰਦਾਰ ਲੜਾਈ ਹੁੰਦੀ ਹੈ। ਵੱਖੋ-ਵੱਖਰੇ ਵਾਇਰਸ ਵਧਦੇ ਹਨ ਅਤੇ ਖ਼ੂਨ ਦੇ ਚਿੱਟੇ ਸੈੱਲਾਂ ਨੂੰ ਖ਼ਤਮ ਕਰ ਦਿੰਦੇ ਹਨ। ਬਦਲੇ ਵਿਚ ਇਹ ਸੈੱਲ ਵੀ ਲੜਦੇ ਹਨ। ਅੰਤ ਵਿਚ, ਜਿਉਂ-ਜਿਉਂ ਹਰ ਰੋਜ਼ ਅਰਬਾਂ ਹੀ ਨਵੇਂ ਵਾਇਰਸ ਪੈਦਾ ਹੁੰਦੇ ਹਨ, ਇਨ੍ਹਾਂ ਚਿੱਟੇ ਸੈੱਲਾਂ ਦੀ ਲੜਨ ਦੀ ਸਮਰਥਾ ਖ਼ਤਮ ਹੋ ਜਾਂਦੀ ਹੈ।
ਕਈ ਤਰ੍ਹਾਂ ਦੀਆਂ ਦਵਾਈਆਂ ਬਣਾਈਆਂ ਗਈਆਂ ਹਨ ਜੋ ਸਰੀਰ ਦੀ ਲੜਨ ਦੀ ਸਮਰਥਾ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੀਆਂ ਹਨ। ਅਜਿਹੀਆਂ ਦਵਾਈਆਂ ਦੇ ਨਾਂ ਕਾਫ਼ੀ ਔਖੇ ਹਨ ਅਤੇ ਇਨ੍ਹਾਂ ਦੇ ਛੋਟੇ ਨਾਂ ਰੱਖੇ ਗਏ ਹਨ—ਏ. ਜ਼ੈੱਡ. ਟੀ., ਡੀ. ਡੀ. ਆਈ., ਅਤੇ ਡੀ. ਡੀ. ਸੀ.। ਭਾਵੇਂ ਕਿ ਕੁਝ ਲੋਕ ਵਿਸ਼ਵਾਸ ਕਰਦੇ ਸਨ ਕਿ ਇਹ ਦਵਾਈਆਂ ਬਹੁਤ ਫ਼ਾਇਦੇਮੰਦ ਹੋਣਗੀਆਂ ਅਤੇ ਕਿ ਇਨ੍ਹਾਂ ਤੋਂ ਪੂਰੀ ਤਰ੍ਹਾਂ ਇਲਾਜ ਦੀ ਉਮੀਦ ਵੀ ਸੀ, ਅਜਿਹੀਆਂ ਉਮੀਦਾਂ ਉੱਤੇ ਜਲਦੀ ਹੀ ਪਾਣੀ ਫਿਰ ਗਿਆ। ਸਮੇਂ ਦੇ ਬੀਤਣ ਨਾਲ ਨਾ ਸਿਰਫ਼ ਇਨ੍ਹਾਂ ਦਵਾਈਆਂ ਦਾ ਅਸਰ ਘੱਟਦਾ ਹੈ, ਬਲਕਿ ਕੁਝ ਲੋਕਾਂ ਵਿਚ ਇਹ ਸਿਹਤ ਨੂੰ ਨੁਕਸਾਨ ਵੀ ਪਹੁੰਚਦੀਆਂ ਹਨ ਜੋ ਖ਼ਤਰਨਾਕ ਹੋ ਸਕਦਾ ਹੈ, ਜਿਵੇਂ ਕਿ ਖ਼ੂਨ ਦੇ ਸੈੱਲ ਘੱਟ ਜਾਂਦੇ ਹਨ, ਖ਼ੂਨ ਜੰਮਦਾ ਨਹੀਂ, ਅਤੇ ਹੱਥਾਂ-ਪੈਰਾਂ ਦੀਆਂ ਨਾੜੀਆਂ ਵਿਚ ਨੁਕਸ ਪੈ ਜਾਂਦਾ ਹੈ।
ਹੁਣ ਨਵੀਂ ਕਿਸਮ ਦੀਆਂ ਦਵਾਈਆਂ ਆਈਆਂ ਹਨ, ਜਿਨ੍ਹਾਂ ਨੂੰ ਪ੍ਰੋਟੀਸ ਇਨਹਿਬਿਟਰਸ ਸੱਦਿਆ ਜਾਂਦਾ ਹੈ। ਇਹ ਤਿੰਨ ਕਿਸਮ ਦੀਆਂ ਦਵਾਈਆਂ ਹਨ ਜੋ ਇਕੱਠੀਆਂ ਦਿੱਤੀਆਂ ਜਾਂਦੀਆਂ ਹਨ। ਇਨ੍ਹਾਂ ਨੂੰ ਡਾਕਟਰ ਵਾਇਰਸ ਦਾ ਵਾਧਾ ਰੋਕਣ ਵਾਲੀਆਂ ਦਵਾਈਆਂ ਦੇ ਨਾਲ-ਨਾਲ ਦਿੰਦੇ ਹਨ। ਟੈਸਟ ਦਿਖਾਉਂਦੇ ਹਨ ਕਿ ਭਾਵੇਂ ਇਹ ਤਿਗੁਣੀਆਂ ਦਵਾਈਆਂ ਵਾਈਰਸ ਨੂੰ ਖ਼ਤਮ ਨਹੀਂ ਕਰਦੀਆਂ, ਇਹ ਸਰੀਰ ਵਿਚ ਇਸ ਦੇ ਵਾਧੇ ਨੂੰ ਜ਼ਰੂਰ ਰੋਕਦੀਆਂ ਹਨ।
ਇਨ੍ਹਾਂ ਤਿਗੁਣੀਆਂ ਦਵਾਈਆਂ ਨੇ ਮਰੀਜ਼ਾਂ ਦੀ ਸਿਹਤ ਨੂੰ ਕਾਫ਼ੀ ਸੁਧਾਰਿਆ ਹੈ। ਫਿਰ ਵੀ, ਮਾਹਰ ਮੰਨਦੇ ਹਨ ਕਿ ਇਸ ਦਵਾਈ ਦਾ ਅਸਰ ਸਭ ਤੋਂ ਬਿਹਤਰ ਉਦੋਂ ਹੁੰਦਾ ਹੈ ਜਦੋਂ ਇਹ ਐੱਚ. ਆਈ. ਵੀ. ਦੀ ਛੂਤ ਨਾਲ ਗ੍ਰਸਤ ਲੋਕਾਂ ਨੂੰ ਸ਼ੁਰੂ ਵਿਚ ਦਿੱਤੀ ਜਾਂਦੀ ਹੈ, ਯਾਨੀ ਕਿ ਉਨ੍ਹਾਂ ਵਿਚ ਬੀਮਾਰੀ ਦੇ ਲੱਛਣ ਨਜ਼ਰ ਆਉਣ ਤੋਂ ਪਹਿਲਾਂ। ਜਦੋਂ ਇਸ ਤਰ੍ਹਾਂ ਕੀਤਾ ਜਾਂਦਾ ਹੈ, ਤਾਂ ਛੂਤ ਨੂੰ ਏਡਜ਼ ਤਕ ਪਹੁੰਚਣ ਤੋਂ ਸ਼ਾਇਦ ਹਮੇਸ਼ਾ ਲਈ ਰੋਕਿਆ ਜਾ ਸਕਦਾ ਹੈ। ਕਿਉਂਕਿ ਇਹ ਦਵਾਈ ਹਾਲੇ ਨਵੀਂ ਹੈ, ਇਸ ਦਾ ਅਜੇ ਕੋਈ ਪੱਕਾ ਪਤਾ ਨਹੀਂ ਕਿ ਇਹ ਦਵਾਈ ਛੂਤ ਨੂੰ ਕਿੰਨੇ ਚਿਰ ਲਈ ਰੋਕ ਸਕਦੀ ਹੈ।
ਇਹ ਤਿਗੁਣੀਆਂ ਦਵਾਈਆਂ ਮਹਿੰਗੀਆਂ ਹਨ। ਵਾਇਰਸ ਦਾ ਵਾਧਾ ਰੋਕਣ ਵਾਲੀਆਂ ਤਿੰਨ ਕਿਸਮ ਦੀਆਂ ਦਵਾਈਆਂ ਅਤੇ ਟੈਸਟ ਕਰਵਾਉਣ ਦਾ ਇਕ ਸਾਲ ਵਿਚ ਔਸਤ ਖ਼ਰਚਾ 12,000 ਡਾਲਰ ਹੈ। ਖ਼ਰਚੇ ਦੇ ਬੋਝ ਤੋਂ ਇਲਾਵਾ, ਤਿੰਨ ਕਿਸਮ ਦੀਆਂ ਦਵਾਈਆਂ ਖਾਣ ਵਾਲੇ ਮਰੀਜ਼ ਨੂੰ ਵਾਰ-ਵਾਰ ਫਰਿੱਜ ਤਕ ਜਾਣ ਦੀ ਖੇਚਲ ਕਰਨੀ ਪੈਂਦੀ ਹੈ, ਜਿੱਥੇ ਦਵਾਈਆਂ ਰੱਖਣੀਆਂ ਪੈਂਦੀਆਂ ਹਨ। ਮਰੀਜ਼ ਨੂੰ ਕੁਝ ਗੋਲ਼ੀਆਂ ਦਿਨ ਵਿਚ ਦੋ ਵਾਰੀ ਅਤੇ ਕਈ ਗੋਲ਼ੀਆਂ ਦਿਨ ਵਿਚ ਤਿੰਨ ਵਾਰੀ ਖਾਣੀਆਂ ਪੈਂਦੀਆਂ ਹਨ। ਕੁਝ ਖਾਲੀ ਪੇਟ ਖਾਣੀਆਂ ਚਾਹੀਦੀਆਂ ਹਨ, ਦੂਜੀਆਂ ਰੋਟੀ ਖਾਣ ਤੋਂ ਬਾਅਦ। ਦਵਾਈਆਂ ਖਾਣੀਆਂ ਹੋਰ ਵੀ ਮੁਸ਼ਕਲ ਹੋ ਜਾਂਦੀਆਂ ਹਨ ਜਦੋਂ ਇਨ੍ਹਾਂ ਤੋਂ ਇਲਾਵਾ ਏਡਜ਼ ਦੇ ਮਰੀਜ਼ ਨੂੰ ਕਿਸੇ ਦੂਸਰੀ ਛੂਤ ਦੀ ਬੀਮਾਰੀ ਤੋਂ ਬਚਣ ਲਈ ਦੂਸਰੀਆਂ ਦਵਾਈਆਂ ਵੀ ਖਾਣੀਆਂ ਪੈਂਦੀਆਂ ਹਨ।
ਡਾਕਟਰਾਂ ਲਈ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਜੇ ਕੋਈ ਮਰੀਜ਼ ਇਨ੍ਹਾਂ ਤਿਗੁਣੀਆਂ ਦਵਾਈਆਂ ਨੂੰ ਲੈਣਾ ਛੱਡ ਦੇਵੇ, ਤਾਂ ਕੀ ਹੋਵੇਗਾ। ਵਾਇਰਸ ਦਾ ਵਾਧਾ ਪੂਰੇ ਜ਼ੋਰ ਨਾਲ ਦੁਬਾਰਾ ਸ਼ੁਰੂ ਹੋ ਜਾਵੇਗਾ, ਅਤੇ ਜਿਹੜੇ ਵਾਇਰਸ ਇਸ ਇਲਾਜ ਤੋਂ ਬਾਅਦ ਬਚ ਗਏ ਹਨ, ਉਨ੍ਹਾਂ ਤੇ ਸ਼ਾਇਦ ਹੁਣ ਪਹਿਲੀਆਂ ਦਵਾਈਆਂ ਦਾ ਅਸਰ ਨਾ ਪਵੇ। ਐੱਚ. ਆਈ. ਵੀ. ਦੇ ਇਸ ਨਵੇਂ ਰੂਪ ਦਾ, ਜਿਸ ਤੇ ਦਵਾਈਆਂ ਦਾ ਕੋਈ ਅਸਰ ਨਹੀਂ ਪੈਂਦਾ, ਇਲਾਜ ਕਰਨਾ ਹੋਰ ਵੀ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ। ਪਰ ਸਿਰਫ਼ ਇਹ ਹੀ ਨਹੀਂ, ਇਹ ਜ਼ਿਆਦਾ ਖ਼ਤਰਨਾਕ ਵਾਇਰਸ ਦੂਸਰੇ ਲੋਕਾਂ ਤਕ ਫੈਲਾਏ ਜਾ ਸਕਦੇ ਹਨ।
ਕੀ ਟੀਕਿਆਂ ਨਾਲ ਇਲਾਜ ਹੋ ਸਕਦਾ ਹੈ?
ਏਡਜ਼ ਦੇ ਕੁਝ ਖੋਜਕਾਰ ਮੰਨਦੇ ਹਨ ਕਿ ਦੁਨੀਆਂ ਭਰ ਵਿਚ ਏਡਜ਼ ਦੀ ਮਹਾਂਮਾਰੀ ਨੂੰ ਰੋਕਣ ਲਈ ਇਕ ਸੁਰੱਖਿਅਤ, ਅਸਰਦਾਰ ਟੀਕੇ ਦੀ ਲੋੜ ਹੈ। ਪੀਲੀਆ ਤਾਪ, ਖਸਰਾ, ਕੰਨ-ਪੇੜਾ, ਅਤੇ ਚੇਚਕ ਦੇ ਅਸਰਦਾਰ ਟੀਕੇ ਕਮਜ਼ੋਰ ਕੀਤੇ ਗਏ ਵਾਇਰਸਾਂ ਤੋਂ ਬਣਾਏ ਜਾਂਦੇ ਹਨ। ਆਮ ਤੌਰ ਤੇ, ਜਦੋਂ ਕਮਜ਼ੋਰ ਕੀਤਾ ਗਿਆ ਵਾਇਰਸ ਸਰੀਰ ਵਿਚ ਦਾਖ਼ਲ ਕੀਤਾ ਜਾਂਦਾ ਹੈ, ਤਾਂ ਸਰੀਰ ਵਿਚ ਬਿਮਾਰੀ ਨਾਲ ਲੜਨ ਦੀ ਸਮਰਥਾ ਦੋ ਕੰਮ ਕਰਦੀ ਹੈ। ਪਹਿਲਾ, ਉਹ ਵਾਇਰਸ ਨੂੰ ਖ਼ਤਮ ਕਰਨ ਲਈ ਉਸ ਨਾਲ ਲੜਦੀ ਹੈ। ਦੂਜਾ, ਉਹ ਬਚਾਅ ਕਰਨ ਦਾ ਰਾਹ ਤਿਆਰ ਕਰਦੀ ਹੈ ਤਾਂਕਿ ਜੇ ਅਸਲੀ ਵਾਇਰਸ ਕਦੀ ਹਮਲਾ ਕਰੇ, ਤਾਂ ਉਹ ਉਸ ਨੂੰ ਖ਼ਤਮ ਕਰਨ ਵਿਚ ਸਫ਼ਲ ਹੋਵੇਗੀ।
ਕੁਝ ਸਮਾਂ ਪਹਿਲਾਂ ਬਾਂਦਰਾਂ ਤੇ ਕੀਤੇ ਗਏ ਦੋ ਟੈਸਟਾਂ ਨੇ ਦਿਖਾਇਆ ਹੈ ਕਿ ਐੱਚ. ਆਈ. ਵੀ. ਦੀ ਸਮੱਸਿਆ ਇਹ ਹੈ ਕਿ ਕਮਜ਼ੋਰ ਕੀਤਾ ਵਾਇਰਸ ਵੀ ਘਾਤਕ ਬਣ ਸਕਦਾ ਹੈ। ਮਤਲਬ ਕਿ ਟੀਕਾ ਉਸੇ ਰੋਗ ਦਾ ਕਾਰਨ ਬਣ ਸਕਦਾ ਹੈ ਜਿਸ ਤੋਂ ਉਸ ਨੂੰ ਬਚਾਅ ਕਰਨਾ ਚਾਹੀਦਾ ਹੈ।
ਟੀਕੇ ਦੀ ਖੋਜ ਨਾਕਾਮਯਾਬ ਰਹੀ ਹੈ। ਟੀਕਾ ਬਣਾਉਣ ਲਈ ਜਿਨ੍ਹਾਂ ਦਵਾਈਆਂ ਦੀਆਂ ਰਲ਼ਾਵਟਾਂ ਨੂੰ ਟੈਸਟ ਕੀਤਾ ਗਿਆ ਸੀ, ਉਨ੍ਹਾਂ ਦਾ ਐੱਚ. ਆਈ. ਵੀ. ਉੱਤੇ ਕੋਈ ਅਸਰ ਨਹੀਂ ਪਿਆ ਹੈ। ਅਜਿਹੀਆਂ ਦਵਾਈਆਂ ਕਮਜ਼ੋਰ ਵਾਇਰਸਾਂ ਨੂੰ ਜ਼ਰੂਰ ਖ਼ਤਮ ਕਰ ਦਿੰਦੀਆਂ। ਇਸ ਤੋਂ ਇਲਾਵਾ, ਜਿਉਂ-ਜਿਉਂ ਐੱਚ. ਆਈ. ਵੀ. ਵਧਦਾ ਹੈ ਉਹ ਬਦਲਦਾ ਵੀ ਰਹਿੰਦਾ ਹੈ, ਇਸ ਲਈ ਇਸ ਦਾ ਇਲਾਜ ਹੱਥ ਨਹੀਂ ਆਉਂਦਾ। (ਇਸ ਸਮੇਂ ਦੁਨੀਆਂ ਭਰ ਵਿਚ ਐੱਚ. ਆਈ. ਵੀ. ਦੀਆਂ ਘੱਟੋ-ਘੱਟ ਦਸ ਕਿਸਮਾਂ ਹਨ।) ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ ਕਿਉਂਕਿ ਵਾਇਰਸ ਖ਼ੂਨ ਦੇ ਉਨ੍ਹਾਂ ਸੈੱਲਾਂ ਉੱਤੇ ਸਿੱਧਾ ਹਮਲਾ ਕਰਦਾ ਹੈ ਜਿਨ੍ਹਾਂ ਨੂੰ ਟੀਕੇ ਰਾਹੀਂ ਬਚਾਅ ਦੇਣਾ ਚਾਹੀਦਾ ਹੈ।
ਕੰਪਨੀਆਂ ਵੱਲੋਂ ਪੈਸੇ ਖ਼ਰਚਣ ਦੀ ਗੱਲ ਵੀ ਖੋਜ ਉੱਤੇ ਅਸਰ ਪਾਉਂਦੀ ਹੈ। ਵਾਸ਼ਿੰਗਟਨ ਵਿਚ ਅੰਤਰਰਾਸ਼ਟਰੀ ਏਡਜ਼ ਵੈਕਸੀਨ ਸੰਗਠਨ ਕਹਿੰਦਾ ਹੈ ਕਿ “ਗ਼ੈਰ-ਸਰਕਾਰੀ ਕੰਪਨੀਆਂ ਟੀਕੇ ਦੀ ਖੋਜ ਲਈ ਕੋਈ ਵੱਡੇ ਜਤਨ ਨਹੀਂ ਕਰਨਾ ਚਾਹੁੰਦੀਆਂ।” ਇਹ ਇਸ ਲਈ ਹੈ ਕਿ ਉਨ੍ਹਾਂ ਨੂੰ ਡਰ ਹੈ ਕਿ ਟੀਕੇ ਤੋਂ ਕੋਈ ਨਫ਼ਾ ਨਹੀਂ ਹੋਵੇਗਾ, ਕਿਉਂਕਿ ਇਸ ਨੂੰ ਜ਼ਿਆਦਾ ਕਰ ਕੇ ਗ਼ਰੀਬ ਦੇਸ਼ਾਂ ਵਿਚ ਵੇਚਿਆ ਜਾਵੇਗਾ।
ਇਨ੍ਹਾਂ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ, ਖੋਜਕਾਰ ਕੋਈ ਅਸਰਦਾਰ ਟੀਕਾ ਬਣਾਉਣ ਦੀ ਆਪਣੀ ਖੋਜ ਜਾਰੀ ਰੱਖਦੇ ਹੋਏ ਤਰ੍ਹਾਂ-ਤਰ੍ਹਾਂ ਦੇ ਟੈਸਟ ਕਰ ਰਹੇ ਹਨ। ਲੇਕਿਨ, ਇਸ ਵੇਲੇ ਇਸ ਤਰ੍ਹਾਂ ਲੱਗਦਾ ਹੈ ਕਿ ਕੋਈ ਟੀਕਾ ਜਲਦੀ ਨਹੀਂ ਬਣੇਗਾ। ਜਦੋਂ ਵਿਗਿਆਨੀ ਕੋਈ ਅਸਰਦਾਰ ਟੀਕਾ ਬਣਾ ਲੈਣਗੇ, ਤਾਂ ਇਸ ਮਗਰੋਂ ਇਨਸਾਨਾਂ ਉੱਤੇ ਟੈਸਟ ਕਰਨ ਦਾ ਮਿਹਨਤੀ, ਮਹਿੰਗਾ ਅਤੇ ਹੋ ਸਕਦਾ ਹੈ ਖ਼ਤਰਨਾਕ ਕੰਮ ਸ਼ੁਰੂ ਹੋਵੇਗਾ।
[ਸਫ਼ੇ 5 ਉੱਤੇ ਡੱਬੀ]
ਐੱਚ. ਆਈ. ਵੀ. ਦੀ ਛੂਤ ਕਿਨ੍ਹਾਂ ਨੂੰ ਲੱਗ ਰਹੀ ਹੈ?
ਦੁਨੀਆਂ ਭਰ ਵਿਚ, ਹਰ ਰੋਜ਼ ਲਗਭਗ 16,000 ਲੋਕ ਛੂਤ ਸਹੇੜਦੇ ਹਨ। ਕਿਹਾ ਜਾਂਦਾ ਹੈ ਕਿ ਇਨ੍ਹਾਂ ਵਿੱਚੋਂ ਕੁਝ 90 ਫੀ ਸਦੀ ਲੋਕ ਗ਼ਰੀਬ ਦੇਸ਼ਾਂ ਵਿਚ ਰਹਿੰਦੇ ਹਨ। ਦਸਾਂ ਵਿੱਚੋਂ ਇਕ ਕੇਵਲ ਬੱਚਾ ਹੀ ਹੁੰਦਾ ਹੈ ਜਿਸ ਦੀ ਉਮਰ 15 ਸਾਲ ਤੋਂ ਘੱਟ ਹੁੰਦੀ ਹੈ। ਬਾਕੀ ਬਾਲਗ ਹਨ ਜਿਸ ਦੇ ਅੱਧੇ ਹਿੱਸੇ ਵਿਚ 15 ਤੋਂ 24 ਸਾਲ ਦੀ ਉਮਰ ਵਾਲੇ ਲੋਕ ਹਨ। ਅਤੇ ਇਸ ਵਿੱਚੋਂ 40 ਫੀ ਸਦੀ ਔਰਤਾਂ ਹਨ।—ਵਿਸ਼ਵ ਸਿਹਤ ਸੰਗਠਨ ਅਤੇ ਐੱਚ. ਆਈ. ਵੀ./ਏਡਜ਼ ਬਾਰੇ ਸਾਂਝਾ ਸੰਯੁਕਤ ਰਾਸ਼ਟਰ-ਸੰਘ ਪ੍ਰੋਗ੍ਰਾਮ।
[ਸਫ਼ੇ 7 ਉੱਤੇ ਡੱਬੀ]
ਤੁਹਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਕੌਣ ਛੂਤ-ਗ੍ਰਸਤ ਹੈ?
ਸਿਰਫ਼ ਕਿਸੇ ਵਿਅਕਤੀ ਨੂੰ ਦੇਖ ਕੇ ਨਹੀਂ ਪਤਾ ਲੱਗ ਸਕਦਾ ਕਿ ਉਹ ਛੂਤ-ਗ੍ਰਸਤ ਹੈ ਜਾਂ ਨਹੀਂ। ਭਾਵੇਂ ਲੱਛਣ ਰਹਿਤ ਐੱਚ. ਆਈ. ਵੀ. ਨਾਲ ਪੀੜਿਤ ਲੋਕ ਸਿਹਤਮੰਦ ਲੱਗਦੇ ਹੋਣ, ਉਹ ਹੋਰਾਂ ਨੂੰ ਵਾਇਰਸ ਦੇ ਸਕਦੇ ਹਨ। ਕੀ ਤੁਸੀਂ ਕਿਸੇ ਦੀ ਗੱਲ ਨੂੰ ਸੱਚ ਮੰਨ ਲਵੋਗੇ ਕਿ ਉਹ ਛੂਤ-ਗ੍ਰਸਤ ਨਹੀਂ ਹੈ? ਸ਼ਾਇਦ ਨਾ ਮੰਨੋ। ਕਈ ਛੂਤ-ਗ੍ਰਸਤ ਲੋਕ ਆਪਣੀ ਹਾਲਤ ਬਾਰੇ ਖ਼ੁਦ ਵੀ ਨਹੀਂ ਜਾਣਦੇ। ਜਿਨ੍ਹਾਂ ਨੂੰ ਪਤਾ ਵੀ ਹੈ, ਉਹ ਕਿਸੇ ਨੂੰ ਦੱਸਦੇ ਨਹੀਂ ਜਾਂ ਸ਼ਾਇਦ ਝੂਠ ਬੋਲਦੇ ਹਨ। ਸੰਯੁਕਤ ਰਾਜ ਅਮਰੀਕਾ ਵਿਚ ਇਕ ਸਰਵੇਖਣ ਨੇ ਪ੍ਰਗਟ ਕੀਤਾ ਕਿ 10 ਵਿੱਚੋਂ 4 ਐੱਚ. ਆਈ. ਵੀ. ਨਾਲ ਪੀੜਿਤ ਲੋਕਾਂ ਨੇ ਆਪਣੇ ਸਾਥੀਆਂ ਨੂੰ ਆਪਣੀ ਹਾਲਤ ਬਾਰੇ ਨਹੀਂ ਦੱਸਿਆ।
[ਸਫ਼ੇ 6 ਉੱਤੇ ਡੱਬੀ/ਤਸਵੀਰ]
ਐੱਚ. ਆਈ. ਵੀ. ਦਾ ਏਡਜ਼ ਨਾਲ ਸੰਬੰਧ
ਐੱਚ. ਆਈ. ਵੀ. ਦਾ ਪੂਰਾ ਨਾਂ “ਹਯੂਮਨ ਇਮਯੂਨੋਡਿਫ਼ੀਸ਼ੰਸੀ ਵਾਇਰਸ” ਹੈ। ਇਹ ਉਹ ਵਾਇਰਸ ਹੈ ਜੋ ਸਰੀਰ ਦੇ ਰੋਗਾਂ ਨਾਲ ਲੜਨ ਦੀ ਸਮਰਥਾ ਸਹਿਜੇ-ਸਹਿਜੇ ਨਸ਼ਟ ਕਰ ਦਿੰਦਾ ਹੈ। ਏਡਜ਼ ਦਾ ਪੂਰਾ ਨਾਂ “ਅਕਵਾਇਅਡ ਇਮਯੂਨੋਡਿਫੀਸ਼ੰਸੀ ਸਿੰਡ੍ਰੋਮ” ਹੈ। ਇਹ ਐੱਚ. ਆਈ. ਵੀ. ਦੀ ਛੂਤ ਦੀ ਆਖ਼ਰੀ ਸਟੇਜ ਹੈ ਜੋ ਜਾਨਲੇਵਾ ਹੈ। ਐੱਚ. ਆਈ. ਵੀ. ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰਥਾ ਨੂੰ ਬਹੁਤ ਨੁਕਸਾਨ ਪਹੁੰਚਾਉਂਦਾ ਹੈ। ਇਸ ਕਰਕੇ ਮਰੀਜ਼ ਨੂੰ ਹੁਣ ਉਹ ਛੂਤ ਦੀਆਂ ਬੀਮਾਰੀਆਂ ਲੱਗ ਸਕਦੀਆਂ ਹਨ ਜਿਨ੍ਹਾਂ ਨਾਲ ਸਰੀਰ ਪਹਿਲਾਂ ਲੜ ਕੇ ਉਨ੍ਹਾਂ ਨੂੰ ਖ਼ਤਮ ਕਰ ਸਕਦਾ ਸੀ।
[ਕ੍ਰੈਡਿਟ ਲਾਈਨ]
CDC, Atlanta, Ga.
[ਸਫ਼ੇ 7 ਉੱਤੇ ਤਸਵੀਰ]
ਵਿਆਹ ਬਾਰੇ ਸੋਚਣ ਤੋਂ ਪਹਿਲਾਂ ਐੱਚ. ਆਈ. ਵੀ. ਦਾ ਟੈਸਟ ਕਰਵਾਉਣਾ ਬੁੱਧੀਮਤਾ ਦੀ ਗੱਲ ਹੈ