ਏਡਜ਼—ਭਵਿੱਖ ਲਈ ਕੀ ਉਮੀਦ ਹੈ?
ਇਸ ਰੋਗ ਨੂੰ ਕਾਬੂ ਵਿਚ ਰੱਖਣ ਲਈ, ਐੱਚ.ਆਈ.ਵੀ ਦੀ ਛੂਤ ਦਾ ਇਲਾਜ ਕਰਨ ਜਾਂ ਇਸ ਤੋਂ ਬਚਾਅ ਕਰਨ ਵਾਲੀਆਂ ਦਵਾਈਆਂ ਦੀ ਕਮੀ ਤੋਂ ਇਲਾਵਾ, ਹੋਰ ਗੱਲਾਂ ਵੀ ਮੁਸ਼ਕਲਾਂ ਖੜ੍ਹੀਆਂ ਕਰਦੀਆਂ ਹਨ। ਇਨ੍ਹਾਂ ਵਿੱਚੋਂ ਇਕ ਹੈ ਕਿ ਕਈ ਲੋਕ ਆਪਣਾ ਜੀਵਨ-ਢੰਗ ਨਹੀਂ ਬਦਲਣਾ ਚਾਹੁੰਦੇ ਅਤੇ ਛੂਤ ਲੱਗਣ ਦੇ ਖ਼ਤਰੇ ਨੂੰ ਸਹੇੜਨ ਲਈ ਤਿਆਰ ਹਨ। ਮਿਸਾਲ ਲਈ, ਸੰਯੁਕਤ ਰਾਜ ਅਮਰੀਕਾ ਵਿਚ ਉਨ੍ਹਾਂ ਲੋਕਾਂ ਦੀ ਗਿਣਤੀ ਘੱਟ ਗਈ ਹੈ, ਜਿਨ੍ਹਾਂ ਨੂੰ ਏਡਜ਼ ਰੋਗ ਲੱਗਿਆ ਹੈ ਪਰ ਛੂਤ ਲੱਗਣ ਦੀ ਦਰ ਉੱਨੀ ਹੀ ਹੈ। ਅਸੋਸੀਏਟਿਡ ਪ੍ਰੈੱਸ ਵੱਲੋਂ ਇਸ ਦੇ ਕਾਰਨ ਦਾ ਇਕ ਸੁਝਾਅ ਇਹ ਹੈ ਕਿ “ਕਈ ਲੋਕ ਬਚਾਅ ਬਾਰੇ ਚੇਤਾਵਨੀਆਂ ਵੱਲ ਧਿਆਨ ਨਹੀਂ ਦੇ ਰਹੇ।”
ਦੁਨੀਆਂ ਦੇ ਗ਼ਰੀਬ ਦੇਸ਼ਾਂ ਵਿਚ, ਜਿੱਥੇ ਰਿਪੋਰਟ ਅਨੁਸਾਰ ਐੱਚ. ਆਈ. ਵੀ. ਨਾਲ ਪੀੜਿਤ ਲੋਕਾਂ ਵਿੱਚੋਂ 93 ਫੀ ਸਦੀ ਲੋਕ ਰਹਿੰਦੇ ਹਨ, ਇਸ ਰੋਗ ਦਾ ਸਾਮ੍ਹਣਾ ਕਰਨ ਵਿਚ ਹੋਰ ਵੀ ਸਮੱਸਿਆਵਾਂ ਪੇਸ਼ ਆਉਂਦੀਆਂ ਹਨ। ਇਨ੍ਹਾਂ ਵਿੱਚੋਂ ਕਈ ਦੇਸ਼ ਤਾਂ ਇੰਨੇ ਗ਼ਰੀਬ ਹਨ ਕਿ ਉਹ ਲੋਕਾਂ ਦੀ ਸਿਹਤ ਦੀ ਦੇਖ-ਭਾਲ ਕਰਨ ਲਈ ਲੋੜੀਂਦੇ ਪ੍ਰਬੰਧ ਵੀ ਨਹੀਂ ਕਰ ਸਕਦੇ। ਆਮ ਤੌਰ ਤੇ ਇਨ੍ਹਾਂ ਦੇਸ਼ਾਂ ਵਿਚ ਨਵੀਆਂ ਦਵਾਈਆਂ ਨਹੀਂ ਮਿਲਦੀਆਂ, ਪਰ ਜੇ ਮਿਲਣ ਵੀ, ਤਾਂ ਇਕ ਸਾਲ ਦੀਆਂ ਦਵਾਈਆਂ ਦਾ ਖ਼ਰਚਾ ਕਈਆਂ ਲੋਕਾਂ ਦੀ ਉਮਰ ਭਰ ਦੀ ਕਮਾਈ ਤੋਂ ਵੀ ਜ਼ਿਆਦਾ ਹੋਵੇਗਾ!
ਫਿਰ ਵੀ, ਫ਼ਰਜ਼ ਕਰੋ ਕਿ ਇਸ ਰੋਗ ਦਾ ਪੂਰੀ ਤਰ੍ਹਾਂ ਇਲਾਜ ਕਰਨ ਵਾਲੀ ਇਕ ਨਵੀਂ, ਸਸਤੀ ਦਵਾਈ ਬਣ ਗਈ ਹੈ। ਕੀ ਇਹ ਦਵਾਈ ਉਨ੍ਹਾਂ ਸਾਰਿਆਂ ਨੂੰ ਮਿਲੇਗੀ ਜਿਨ੍ਹਾਂ ਨੂੰ ਇਸ ਦੀ ਜ਼ਰੂਰਤ ਹੈ? ਸ਼ਾਇਦ ਨਾ ਮਿਲੇ। ਸੰਯੁਕਤ ਰਾਸ਼ਟਰ-ਸੰਘ ਬਾਲ ਫ਼ੰਡ ਦੇ ਮੁਤਾਬਕ, ਹਰ ਸਾਲ ਕੁਝ 40 ਲੱਖ ਬੱਚੇ ਉਨ੍ਹਾਂ ਪੰਜ ਬੀਮਾਰੀਆਂ ਤੋਂ ਮਰਦੇ ਹਨ, ਜਿਨ੍ਹਾਂ ਦਾ ਬਚਾਅ ਸਸਤੇ ਅਤੇ ਮਿਲਣਯੋਗ ਟੀਕਿਆਂ ਨਾਲ ਕੀਤਾ ਜਾ ਸਕਦਾ ਹੈ।
ਉਨ੍ਹਾਂ ਛੂਤ-ਗ੍ਰਸਤ ਲੋਕਾਂ ਬਾਰੇ ਕੀ ਜੋ ਅਜਿਹੇ ਦੇਸ਼ਾਂ ਵਿਚ ਰਹਿੰਦੇ ਹਨ ਜਿੱਥੇ ਉਨ੍ਹਾਂ ਨੂੰ ਇਲਾਜ ਲਈ ਦਵਾਈਆਂ ਨਹੀਂ ਮਿਲਦੀਆਂ? ਸੈਂਟਾ ਕਰੂਜ਼, ਕੈਲੇਫ਼ੋਰਨੀਆ ਵਿਚ, ਅੰਤਰਰਾਸ਼ਟਰੀ ਸਿਹਤ ਪ੍ਰੋਗ੍ਰਾਮ ਦੀ ਰੂਥ ਮੋਟਾ ਨੇ ਕਈਆਂ ਗ਼ਰੀਬ ਦੇਸ਼ਾਂ ਵਿਚ ਐੱਚ. ਆਈ. ਵੀ. ਨੂੰ ਰੋਕਣ ਅਤੇ ਰੋਗੀਆਂ ਦੀ ਦੇਖ-ਭਾਲ ਕਰਨ ਦੇ ਪ੍ਰੋਗ੍ਰਾਮ ਸ਼ੁਰੂ ਕੀਤੇ ਹਨ। ਉਹ ਕਹਿੰਦੀ ਹੈ: “ਮੇਰੇ ਤਜਰਬੇ ਅਨੁਸਾਰ, ਇਕ ਚੰਗਾ ਰਵੱਈਆ ਰੱਖਣਾ ਦਵਾਈਆਂ ਦੇ ਮਿਲਣ ਜਿੰਨਾ ਹੀ ਮਹੱਤਵਪੂਰਣ ਹੈ। ਮੈਂ ਅਜਿਹੇ ਲੋਕਾਂ ਨੂੰ ਜਾਣਦੀ ਹਾਂ ਜੋ 10 ਤੋਂ 15 ਸਾਲ ਤੋਂ ਐੱਚ. ਆਈ. ਵੀ. ਨਾਲ ਜੀ ਰਹੇ ਹਨ ਅਤੇ ਉਨ੍ਹਾਂ ਨੇ ਕਦੀ ਵੀ ਕੋਈ ਦਵਾਈ ਨਹੀਂ ਲਈ। ਦਵਾਈਆਂ ਲਾਭਦਾਇਕ ਹਨ, ਪਰ ਤੰਦਰੁਸਤੀ ਲਈ ਆਪਣੇ ਸਰੀਰ ਵਿਚ ਦਵਾਈਆਂ ਪਾਉਣ ਨਾਲੋਂ ਕੁਝ ਹੋਰ ਵੀ ਜ਼ਰੂਰੀ ਹੁੰਦਾ ਹੈ। ਇਸ ਵਿਚ ਰਵੱਈਆ, ਸਮਾਜ ਦਾ ਸਹਾਰਾ, ਰੂਹਾਨੀਅਤ, ਅਤੇ ਖ਼ੁਰਾਕ ਵੀ ਸ਼ਾਮਲ ਹਨ।”
ਇਸ ਦਾ ਇਲਾਜ ਹੋਵੇਗਾ
ਕੀ ਕੋਈ ਉਮੀਦ ਰੱਖਣ ਦਾ ਕਾਰਨ ਹੈ ਕਿ ਇਕ ਦਿਨ ਏਡਜ਼ ਉੱਤੇ ਜਿੱਤ ਪਾ ਲਈ ਜਾਵੇਗੀ? ਜੀ ਹਾਂ, ਜ਼ਰੂਰ ਹੈ। ਸਭ ਤੋਂ ਵਧੀਆ ਉਮੀਦ ਉਸ ਪ੍ਰਾਰਥਨਾ ਦੇ ਸ਼ਬਦਾਂ ਤੋਂ ਮਿਲਦੀ ਹੈ ਜੋ ਮੱਤੀ ਨਾਮਕ ਬਾਈਬਲ ਦੀ ਪੁਸਤਕ ਵਿਚ ਦਰਜ ਹੈ। ਇਸ ਪ੍ਰਾਰਥਨਾ ਵਿਚ ਅਸੀਂ ਬੇਨਤੀ ਕਰਦੇ ਹਾਂ ਕਿ ਪਰਮੇਸ਼ੁਰ ਦੀ ਇੱਛਾ ਜਿਵੇਂ ਸਵਰਗ ਵਿਚ ਪੂਰੀ ਹੁੰਦੀ ਹੈ ਧਰਤੀ ਉੱਤੇ ਵੀ ਹੋਵੇ। (ਮੱਤੀ 6:9, 10) ਇਹ ਪਰਮੇਸ਼ੁਰ ਦੀ ਇੱਛਾ ਨਹੀਂ ਕਿ ਇਨਸਾਨ ਹਮੇਸ਼ਾ ਲਈ ਬੀਮਾਰੀਆਂ ਨਾਲ ਪੀੜਿਤ ਰਹਿਣ। ਪਰਮੇਸ਼ੁਰ ਉਸ ਪ੍ਰਾਰਥਨਾ ਦਾ ਜਵਾਬ ਜ਼ਰੂਰ ਦੇਵੇਗਾ। ਜਵਾਬ ਵਿਚ, ਏਡਜ਼ ਨੂੰ ਖ਼ਤਮ ਕਰਨ ਦੇ ਨਾਲ-ਨਾਲ ਉਹ ਹੋਰ ਸਭ ਬੀਮਾਰੀਆਂ ਨੂੰ ਵੀ ਖ਼ਤਮ ਕਰ ਦੇਵੇਗਾ ਜੋ ਮਨੁੱਖਜਾਤੀ ਨੂੰ ਪੀੜਿਤ ਕਰਦੀਆਂ ਹਨ। ਫਿਰ, “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।”—ਯਸਾਯਾਹ 33:24.
ਉਸ ਸਮੇਂ ਤਕ, ਇਸ ਬੀਮਾਰੀ ਤੋਂ ਆਪਣਾ ਬਚਾਅ ਕਰਨਾ ਸਭ ਤੋਂ ਚੰਗਾ ਤਰੀਕਾ ਹੈ। ਕਈ ਬੀਮਾਰੀਆਂ ਤੋਂ ਅਸੀਂ ਬਚ ਵੀ ਸਕਦੇ ਹਾਂ ਅਤੇ ਸਾਨੂੰ ਉਨ੍ਹਾਂ ਦਾ ਇਲਾਜ ਵੀ ਮਿਲ ਸਕਦਾ ਹੈ। ਐੱਚ. ਆਈ. ਵੀ. ਨਾਲ ਅਜਿਹੀ ਕੋਈ ਚੋਣ ਨਹੀਂ ਹੈ। ਇਸ ਤੋਂ ਬਚਾਅ ਤਾਂ ਕੀਤਾ ਜਾ ਸਕਦਾ ਹੈ, ਪਰ ਇਸ ਵੇਲੇ ਇਸ ਦਾ ਕੋਈ ਇਲਾਜ ਨਹੀਂ ਹੈ। ਆਪਣੀ ਜਾਨ ਨੂੰ ਖ਼ਤਰੇ ਵਿਚ ਕਿਉਂ ਪਾਈਏ? ਕਿਹਾ ਜਾਂਦਾ ਹੈ ਕਿ ‘ਇਲਾਜ ਨਾਲੋਂ ਬਚਾਅ ਬਿਹਤਰ’ ਹੁੰਦਾ ਹੈ। ਲੇਕਿਨ ਇਸ ਮਾਮਲੇ ਵਿਚ, ਕੋਈ ਇਲਾਜ ਨਾ ਹੋਣ ਕਾਰਨ ਬਚਾਅ ਹੀ ਬਿਹਤਰ ਹੈ।
[ਸਫ਼ੇ 9 ਉੱਤੇ ਸੁਰਖੀ]
“ਤੰਦਰੁਸਤੀ ਲਈ ਆਪਣੇ ਸਰੀਰ ਵਿਚ ਦਵਾਈਆਂ ਪਾਉਣ ਨਾਲੋਂ ਕੁਝ ਹੋਰ ਵੀ ਜ਼ਰੂਰੀ ਹੁੰਦਾ ਹੈ। ਇਸ ਵਿਚ ਰਵੱਈਆ, ਸਮਾਜ ਦਾ ਸਹਾਰਾ, ਰੂਹਾਨੀਅਤ, ਅਤੇ ਖ਼ੁਰਾਕ ਵੀ ਸ਼ਾਮਲ ਹਨ।”—ਰੂਥ ਮੋਟਾ
[ਸਫ਼ੇ 9 ਉੱਤੇ ਡੱਬੀ/ਤਸਵੀਰ]
“ਕਲੀਸਿਯਾ ਨੇ ਬਹੁਤ ਮਦਦ ਕੀਤੀ”
ਪੌਲੁਸ ਰਸੂਲ ਨੇ ਸੰਗੀ ਮਸੀਹੀਆਂ ਨੂੰ ਤਾਕੀਦ ਕੀਤੀ: “[ਆਓ] ਅਸੀਂ ਸਭਨਾਂ ਨਾਲ ਭਲਾ ਕਰੀਏ ਪਰ ਨਿਜ ਕਰਕੇ ਨਿਹਚਾਵਾਨਾਂ ਦੇ ਨਾਲ।” (ਗਲਾਤੀਆਂ 6:10) ਯਾਦ ਕਰੋ ਕਿ ਪਹਿਲੇ ਲੇਖ ਵਿਚ ਕੈਰਨ ਦਾ ਜ਼ਿਕਰ ਕੀਤਾ ਗਿਆ ਸੀ। ਉਸ ਦੀ ਮਾਂ ਦੱਸਦੀ ਹੈ ਕਿ ਯਹੋਵਾਹ ਦੇ ਗਵਾਹਾਂ ਦੀ ਕਲੀਸਿਯਾ ਨੇ ਕੀ ਕੀਤਾ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਕੈਰਨ ਤੇ ਬਿਲ ਐੱਚ. ਆਈ. ਵੀ. ਨਾਲ ਪੀੜਿਤ ਹਨ। ਉਹ ਕਹਿੰਦੀ ਹੈ: “ਕਲੀਸਿਯਾ ਨੇ ਬਹੁਤ ਮਦਦ ਕੀਤੀ। ਜਦੋਂ ਬਿਲ ਨੂੰ ਨਮੂਨੀਆ ਹੋਇਆ, ਕੈਰਨ ਖ਼ੁਦ ਬੀਮਾਰ ਸੀ ਅਤੇ ਉਸ ਲਈ ਬਿਲ ਅਤੇ ਬੱਚਿਆਂ ਦੀ ਦੇਖ-ਭਾਲ ਕਰਨੀ ਔਖੀ ਸੀ। ਭਰਾਵਾਂ ਨੇ ਆ ਕੇ ਉਨ੍ਹਾਂ ਦੇ ਘਰ ਦੀ ਸਫ਼ਾਈ ਕੀਤੀ, ਉਨ੍ਹਾਂ ਦੀ ਖ਼ਰਾਬ ਪਈ ਕਾਰ ਠੀਕ ਕੀਤੀ, ਅਤੇ ਉਨ੍ਹਾਂ ਦੇ ਕੱਪੜੇ ਧੋਤੇ। ਉਨ੍ਹਾਂ ਨੇ ਕਾਨੂੰਨੀ ਮਾਮਲਿਆਂ ਵਿਚ ਅਤੇ ਘਰ ਬਦਲਣ ਵਿਚ ਉਨ੍ਹਾਂ ਦੀ ਮਦਦ ਕੀਤੀ। ਨਾਲੇ ਉਨ੍ਹਾਂ ਲਈ ਖਾਣਾ ਖ਼ਰੀਦਿਆ ਅਤੇ ਪਕਾਇਆ। ਭੈਣਾਂ-ਭਰਾਵਾਂ ਨੇ ਦਿਲੋਂ ਉਨ੍ਹਾਂ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ।”
[ਸਫ਼ੇ 8 ਉੱਤੇ ਤਸਵੀਰ]
ਵਿਆਹ ਵਿਚ ਵਫ਼ਾਦਾਰੀ ਐੱਚ. ਆਈ. ਵੀ. ਦੀ ਛੂਤ ਲੱਗਣ ਤੋਂ ਤੁਹਾਨੂੰ ਬਚਾ ਸਕਦੀ ਹੈ