ਸੱਤਾਂ ਪੁੱਤਰਾਂ ਨੂੰ ਪਾਲਣ ਦੀਆਂ ਚੁਣੌਤੀਆਂ ਅਤੇ ਬਰਕਤਾਂ
ਬਰਟ ਅਤੇ ਮਾਰਗ੍ਰਟ ਡਿਕਮਨ ਦੀ ਜ਼ਬਾਨੀ
ਮੇਰਾ ਜਨਮ 1927 ਵਿਚ ਓਮਾਹਾ, ਨੈਬਰਾਸਕਾ, ਯੂ.ਐੱਸ.ਏ. ਵਿਚ ਹੋਇਆ ਸੀ ਅਤੇ ਮੈਂ ਦੱਖਣੀ ਡਾਕੋਟਾ ਵਿਚ ਪਲਿਆ ਸੀ। ਮੈਨੂੰ ਵੱਡੇ ਮੰਦਵਾੜੇ (1929-42) ਦਿਆਂ ਔਖਿਆਂ ਸਾਲਾਂ ਦੌਰਾਨ ਆਪਣਾ ਬਚਪਨ ਅਜੇ ਤਕ ਯਾਦ ਹੈ। ਸਾਡੀ ਮਾਂ ਸਾਡੇ ਲਈ ਪਤਲੀ ਜਿਹੀ ਤਰੀ ਬਣਾਉਂਦੀ ਹੁੰਦੀ ਸੀ। ਉਹ ਪਤੀਲੇ ਵਿਚ ਥੋੜ੍ਹਾ ਜਿਹਾ ਘਿਓ ਪਾ ਕੇ ਪਾਣੀ ਰਲਾਉਂਦੀ ਹੁੰਦੀ ਸੀ, ਤਾਂ ਫਿਰ ਅਸੀਂ ਉਸ ਵਿਚ ਰੋਟੀ ਡਬੋ ਕੇ ਖਾ ਲੈਂਦੇ ਸੀ। ਉਦੋਂ ਕਈ ਪਰਿਵਾਰਾਂ ਦੇ ਲਈ ਸਮੇਂ ਬਹੁਤ ਔਖੇ ਸਨ।
ਮੇਰੇ ਪਰਿਵਾਰ ਦੇ ਮੈਂਬਰਾਂ ਨੂੰ ਧਰਮ ਵਿਚ ਕੋਈ ਦਿਲਚਸਪੀ ਨਹੀਂ ਸੀ, ਕਿਉਂਕਿ ਉਨ੍ਹਾਂ ਨੇ ਸਾਡੇ ਇਲਾਕੇ ਦੇ ਪ੍ਰੋਟੈਸਟੈਂਟ ਧਰਮ ਵਿਚ ਬਹੁਤ ਜ਼ਿਆਦਾ ਪਖੰਡਬਾਜ਼ੀ ਦੇਖੀ ਸੀ। ਉਨ੍ਹਾਂ ਦੋ ਸਾਲਾਂ ਨੇ ਜੋ ਮੈਂ ਦੂਸਰੇ ਵਿਸ਼ਵ ਯੁੱਧ ਦੇ ਦੌਰਾਨ ਫ਼ੌਜ ਵਿਚ ਗੁਜ਼ਰੇ ਸਨ ਮੇਰੀ ਸੋਚਣੀ ਉੱਤੇ ਬਹੁਤ ਅਸਰ ਪਾਇਆ। ਇਸ ਹੀ ਸਮੇਂ ਦੌਰਾਨ ਮੈਂ ਸ਼ਰਾਬ ਪੀਣੀ ਤੇ ਜੂਆ ਖੇਡਣਾ ਸ਼ੁਰੂ ਕੀਤਾ।
ਜਦੋਂ ਇਕ ਵਾਰ ਮੈਨੂੰ ਫ਼ੌਜ ਤੋਂ ਛੁੱਟੀ ਮਿਲੀ ਤਾਂ ਮੈਂ ਇਕ ਪਾਰਟੀ ਵਿਚ ਗਿਆ ਅਤੇ ਉੱਥੇ ਮੈਨੂੰ ਮਾਰਗ੍ਰਟ ਸ਼ਲੌਟ ਮਿਲੀ, ਜੋ ਕਿ ਇਕ ਜਰਮਨ-ਯੂਕਰੇਨੀ ਘਰਾਣੇ ਦੀ ਕੁੜੀ ਸੀ। ਸਾਨੂੰ ਇਕ ਦੂਸਰੇ ਨਾਲ ਪਿਆਰ ਹੋ ਗਿਆ, ਅਤੇ ਤਿੰਨ ਮਹੀਨਿਆਂ ਲਈ ਇਕ ਦੂਸਰੇ ਨੂੰ ਜਾਣਨ ਤੋਂ ਬਾਅਦ, 1946 ਵਿਚ ਸਾਡਾ ਵਿਆਹ ਹੋ ਗਿਆ। ਅੱਠਾਂ ਸਾਲਾਂ ਦੇ ਅੰਦਰ-ਅੰਦਰ ਸਾਡੇ ਸੱਤ ਪੁੱਤਰ ਜੰਮੇ, ਅਤੇ ਔਖੇ ਅਨੁਭਵਾਂ ਦੁਆਰਾ ਸਾਨੂੰ ਮਾਂ-ਬਾਪ ਬਣਨ ਦੀਆਂ ਚੁਣੌਤੀਆਂ ਬਾਰੇ ਪਤਾ ਲੱਗ ਗਿਆ।
ਸਾਲ 1951 ਵਿਚ, ਮੇਰੇ ਨਾਲ ਇਕ ਬਹੁਤ ਹੀ ਬੁਰਾ ਹਾਦਸਾ ਵਾਪਰਿਆ, ਜਦੋਂ ਮੇਰੀ ਖੱਬੀ ਬਾਂਹ ਦਾ ਹੇਠਲਾ ਹਿੱਸਾ ਲੱਕੜੀ ਚੀਰਨ ਵਾਲੀ ਮਸ਼ੀਨ ਵਿਚ ਆ ਕੇ ਕੱਟਿਆ ਗਿਆ। ਚਮੜੀ ਅਤੇ ਹੱਡੀਆਂ ਦੇ ਗ੍ਰਾਫਟ ਕਰਵਾਉਣ ਲਈ ਮੈਨੂੰ ਦੋ ਸਾਲ ਹਸਪਤਾਲ ਰਹਿਣਾ ਪਿਆ ਸੀ। ਇਸ ਸਮੇਂ ਦੌਰਾਨ, ਮਾਰਗ੍ਰਟ ਨੇ ਖ਼ੁਦ ਹੀ ਪੰਜਾਂ ਮੁੰਡਿਆਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਚੁੱਕੀ। ਉਹ ਦੋਸਤਾਂ ਅਤੇ ਗੁਆਂਢੀਆਂ ਦੀ ਮਦਦ ਨਾਲ ਹੀ ਇਸ ਬੁਰੇ ਸਮੇਂ ਨੂੰ ਸਹਾਰ ਸਕੀ। ਹਸਪਤਾਲ ਵਿਚ ਬੈਠਿਆਂ, ਮੇਰੇ ਕੋਲ ਜੀਵਨ ਦੇ ਮਕਸਦ ਬਾਰੇ ਸੋਚਣ ਦਾ ਕਾਫ਼ੀ ਸਮਾਂ ਸੀ। ਮੈਂ ਬਾਈਬਲ ਪੜ੍ਹਨ ਦੀ ਕੋਸ਼ਿਸ਼ ਵੀ ਕੀਤੀ, ਪਰ ਉਸ ਨੂੰ ਇੰਨਾ ਸਮਝ ਨਾ ਸਕਿਆ।
ਹਸਪਤਾਲ ਤੋਂ ਨਿਕਲਣ ਤੋਂ ਥੋੜ੍ਹੀ ਦੇਰ ਬਾਅਦ, ਅਸੀਂ ਓਪੋਟੂਨੀਟੀ ਵਿਚ ਰਹਿਣ ਚਲੇ ਗਏ, ਜੋ ਵਾਸ਼ਿੰਗਟਨ ਰਾਜ ਵਿਚ ਇਕ ਛੋਟਾ ਜਿਹਾ ਸ਼ਹਿਰ ਹੈ। ਮੈਂ ਮਾਰਗ੍ਰਟ ਦੇ ਭਰਾ ਨਾਲ ਉਸਾਰੀ ਦੇ ਕੰਮ ਵਿਚ ਲੱਗ ਗਿਆ। ਹੁਣ ਕਹਾਣੀ ਦੱਸਣ ਦੀ ਮਾਰਗ੍ਰਟ ਦੀ ਵਾਰੀ ਹੈ।
ਮੇਰੇ ਕੋਲ ਬਹੁਤ ਕੰਮ ਸੀ!
ਮੈਂ ਇਕ ਖੇਤੀ-ਬਾੜੀ ਦੇ ਇਲਾਕੇ ਵਿਚ ਜੰਮੀ-ਪਲ਼ੀ ਸੀ ਜਿੱਥੇ ਅਸੀਂ ਅਨਾਜ ਉਗਾਉਂਦੇ ਸੀ, ਗਾਵਾਂ-ਬੱਕਰੀਆਂ ਦੇ ਛੋਟੇ ਇੱਜੜ ਨੂੰ ਪਾਲਦੇ ਅਤੇ ਫਲਾਂ ਅਤੇ ਸਬਜ਼ੀਆਂ ਦੇ ਡੱਬੇ ਤਿਆਰ ਕਰਦੇ ਸੀ। ਮੈਨੂੰ ਕੰਮ-ਕਾਰ ਕਰਨ ਵਿਚ ਬਹੁਤ ਵਧੀਆ ਸਿਖਲਾਈ ਦਿੱਤੀ ਗਈ ਸੀ ਜਿਸ ਨੇ ਮੈਨੂੰ ਜੀਵਨ ਵਿਚ ਆਉਣ ਵਾਲੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨ ਲਈ ਤਿਆਰ ਕੀਤਾ, ਜੋ ਕਿ ਅਜੇ ਬਹੁਤ ਆਉਣੀਆਂ ਸਨ। ਅਸੀਂ ਮੰਦਵਾੜੇ ਦੌਰਾਨ ਦੂਸਰਿਆਂ ਨਾਲੋਂ ਚੰਗੇ ਰਹੇ, ਕਿਉਂਕਿ ਘੱਟੋ-ਘੱਟ ਸਾਡੇ ਕੋਲ ਕੁਝ ਖਾਣ ਲਈ ਤਾਂ ਸੀ।
ਮੇਰੇ ਮਾਂ-ਬਾਪ ਨੂੰ ਧਰਮ ਵਿਚ ਕੋਈ ਦਿਲਚਸਪੀ ਨਹੀਂ ਸੀ, ਭਾਵੇਂ ਕਿ ਮੈਂ ਕਦੀ-ਕਦੀ ਚਰਚ ਦੇ ਸੰਡੇ ਸਕੂਲ ਵਿਚ ਜਾਂਦੀ ਸੀ। ਫਿਰ, 19 ਸਾਲਾਂ ਦੀ ਉਮਰ ਵਿਚ ਮੈਂ ਅਤੇ ਬਰਟ ਨੇ ਵਿਆਹ ਕਰਵਾ ਲਿਆ। ਉਸ ਸਮੇਂ ਅਸੀਂ ਚਰਚ ਵਿਚ ਨਹੀਂ ਗਏ—ਇਕ ਪਾਦਰੀ ਦੀ ਹਾਜ਼ਰੀ ਵਿਚ, ਅਸੀਂ ਮੇਰੇ ਮਾਂ-ਬਾਪ ਦੇ ਘਰ ਦੇ ਇਕ ਕਮਰੇ ਵਿਚ ਵਿਆਹ ਦੀ ਰਸਮ ਪੂਰੀ ਕਰ ਲਈ ਸੀ। ਕੁਝ ਹੀ ਸਾਲਾਂ ਵਿਚ ਮੈਂ ਸੱਤ ਮੁੰਡਿਆਂ ਦੀ ਮਾਂ ਬਣ ਗਈ—ਰਿਚਰਡ, ਡੈਨ, ਡੱਗ, ਗੈਰੀ, ਮਾਈਕਲ, ਕੇਨ, ਅਤੇ 1954 ਵਿਚ ਸਕਾਟ ਦੀ। ਇਨ੍ਹਾਂ ਸਾਰਿਆਂ ਨੂੰ ਸੰਭਾਲਣਾ ਇਕ ਬਹੁਤ ਹੀ ਵੱਡਾ ਕੰਮ ਸੀ!
ਓਪੋਟੂਨੀਟੀ ਸ਼ਹਿਰ ਵਿਚ ਜਾਣ ਦੇ ਮਗਰੋਂ, ਇਕ ਔਰਤ ਸਾਡੇ ਘਰ ਬਾਈਬਲ ਬਾਰੇ ਗੱਲ-ਬਾਤ ਕਰਨ ਆਈ। ਮੈਂ ਉਸ ਨੂੰ ਪੁੱਛਿਆ ਕਿ ਕੀ ਉਹ ਨਰਕ ਦੀ ਅੱਗ ਵਿਚ ਵਿਸ਼ਵਾਸ ਕਰਦੀ ਹੈ। ਨਰਕ ਤੋਂ ਮੈਨੂੰ ਬਹੁਤ ਡਰ ਲੱਗਦਾ ਹੁੰਦਾ ਸੀ। ਮੇਰੇ ਮਨ ਦਾ ਭਾਰ ਉਦੋਂ ਹਲਕਾ ਹੋਇਆ ਜਦੋਂ ਉਸ ਨੇ ਮੈਨੂੰ ਸਮਝਾਇਆ ਕਿ ਨਰਕ ਦੀ ਅੱਗ ਬਾਈਬਲ ਦੀ ਸਿੱਖਿਆ ਨਹੀਂ ਹੈ, ਅਤੇ ਬਾਈਬਲ ਵਿਚ ਇਹ ਵੀ ਸਿੱਖਿਆ ਨਹੀਂ ਪਾਈ ਜਾਂਦੀ ਕਿ ਮੌਤ ਤੋਂ ਬਾਅਦ ਕੋਈ ਅਮਰ ਚੀਜ਼ ਜੀਉਂਦੀ ਰਹਿੰਦੀ ਹੈ! ਮੈਂ ਮੌਤ ਤੋਂ ਬਹੁਤ ਡਰਦੀ ਹੁੰਦੀ ਸੀ ਅਤੇ ਮੈਨੂੰ ਇਹ ਸਮਝ ਨਹੀਂ ਸੀ ਆਉਂਦੀ ਕਿ ਇਕ ਪ੍ਰੇਮ ਦੇ ਪਰਮੇਸ਼ੁਰ ਦਾ ਨਰਕ ਦੀ ਅੱਗ ਨਾਲ ਕੀ ਵਾਸਤਾ ਹੈ। ਮੈਂ ਪੱਕਾ ਫ਼ੈਸਲਾ ਕੀਤਾ ਕਿ ਮੈਂ ਅਜਿਹੀਆਂ ਝੂਠੀਆਂ ਗੱਲਾਂ ਆਪਣੇ ਬੱਚਿਆਂ ਨੂੰ ਕਦੀ ਵੀ ਨਹੀਂ ਸਿਖਾਵਾਂਗੀ।
ਮੈਂ 1955 ਵਿਚ, “ਪਰਮੇਸ਼ੁਰ ਸੱਚਾ ਠਹਿਰੇ” ਨਾਮਕ ਕਿਤਾਬ ਦੀ ਮਦਦ ਨਾਲ ਬਾਈਬਲ ਦਾ ਅਧਿਐਨ ਕਰਨ ਲੱਗ ਪਈ।a ਤੁਹਾਨੂੰ ਯਕੀਨ ਨਹੀਂ ਆਵੇਗਾ ਕਿ ਉਦੋਂ ਹੀ ਪੈਂਟਕਾਸਟਲ ਪਾਦਰੀ ਨੂੰ ਅਚਾਨਕ ਮੇਰੀ ਯਾਦ ਆ ਗਈ ਅਤੇ ਉਹ ਮੈਨੂੰ ਯਹੋਵਾਹ ਦੇ ਗਵਾਹਾਂ ਤੋਂ ਬਚਾਉਣ ਲਈ ਆ ਗਿਆ! ਉਹ ਇਕ ਬਹੁਤ ਵੱਡੀ ਗ਼ਲਤੀ ਕਰ ਬੈਠਾ—ਉਹ ਮੇਰੇ ਨਾਲ ਨਰਕ ਦੀ ਅੱਗ ਬਾਰੇ ਗੱਲ ਕਰਨ ਲੱਗ ਪਿਆ। ਉਸ ਨੇ ਮੈਨੂੰ ਗਵਾਹਾਂ ਨਾਲ ਅਧਿਐਨ ਕਰਨ ਤੋਂ ਹਟਾਉਣ ਲਈ ਆਪਣੇ ਚਰਚ ਦੀਆਂ ਤਿੰਨ ਔਰਤਾਂ ਵੀ ਭੇਜੀਆਂ।
ਮੇਰੇ ਅਧਿਐਨ ਕਰਨ ਦੇ ਇਸ ਸਮੇਂ ਦੌਰਾਨ, ਬਰਟ ਦੂਸਰੇ ਕਮਰੇ ਵਿਚ ਬੈਠ ਕੇ ਬਾਈਬਲ ਦੀਆਂ ਗੱਲਾਂ ਬਾਰੇ ਸੁਣਦਾ ਹੁੰਦਾ ਸੀ। ਬਾਅਦ ਵਿਚ ਉਸ ਨੇ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਕ੍ਰਿਸਚੀਅਨ ਗ੍ਰੀਕ ਸਕ੍ਰਿਪਚਰਸ ਦਾ ਬਾਈਬਲ ਅਨੁਵਾਦ ਪੜ੍ਹਨਾ ਸ਼ੁਰੂ ਕੀਤਾ ਅਤੇ ਕਈ ਚੀਜ਼ਾਂ ਉਸ ਨੂੰ ਸਮਝ ਆਉਣ ਲੱਗੀਆਂ। ਉਹ ਸ਼ਿਫ਼ਟਾਂ ਤੇ ਕੰਮ ਕਰਦਾ ਸੀ ਅਤੇ ਰਾਤ ਨੂੰ ਬਾਰਾਂ ਵਜੇ ਘਰ ਆਉਂਦਾ ਹੁੰਦਾ ਸੀ। ਇਸ ਲਈ ਉਸ ਦੇ ਘਰ ਆਉਣ ਤਕ ਮੈਂ ਸੁੱਤੀ ਹੁੰਦੀ ਸੀ। ਇਕ ਵਾਰ ਮੈਂ ਹੌਲੀ-ਹੌਲੀ ਥੱਲੇ ਉਤਰਣ ਤੇ ਉਸ ਨੂੰ ਮੇਰੀਆਂ ਕਿਤਾਬਾਂ ਚੋਰੀ-ਛਿਪੇ ਪੜ੍ਹਦੇ ਹੋਏ ਦੇਖਿਆ! ਮੈਂ ਚੁੱਪ-ਚਾਪ ਵਾਪਸ ਉੱਪਰ ਚਲੀ ਗਈ, ਅਤੇ ਮੈਨੂੰ ਬਹੁਤ ਖ਼ੁਸ਼ੀ ਹੋਈ ਕਿ ਉਹ ਖ਼ੁਦ ਇਨ੍ਹਾਂ ਗੱਲਾਂ ਦੀ ਜਾਂਚ ਕਰ ਰਿਹਾ ਸੀ। ਬਾਅਦ ਵਿਚ, ਉਸ ਨੇ ਵੀ ਬਾਈਬਲ ਦਾ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ, ਅਤੇ 1956 ਵਿਚ ਅਸੀਂ ਦੋਵੇਂ ਬਪਤਿਸਮਾ-ਪ੍ਰਾਪਤ ਗਵਾਹ ਬਣ ਗਏ।
ਅੱਠਾਂ ਸਾਲਾਂ ਦੇ ਅੰਦਰ-ਅੰਦਰ ਸੱਤਾਂ ਪੁੱਤਰਾਂ ਦੀ ਮਾਂ ਬਣਨ ਦੇ ਕਾਰਨ, ਮੇਰੇ ਲਈ ਰੋਜ਼ ਦੇ ਕੰਮ ਕਰਨੇ ਇਕ ਚੁਣੌਤੀ ਬਣ ਗਏ ਸਨ, ਜਿਵੇਂ ਕਿ ਮੁੰਡਿਆਂ ਨੂੰ ਖਿਲਾਉਣਾ-ਪਿਲਾਉਣਾ, ਉਨ੍ਹਾਂ ਦੇ ਕੱਪੜਿਆਂ ਨੂੰ ਧੋਣਾ, ਅਤੇ ਘਰ ਨੂੰ ਸਾਫ਼-ਸੁਥਰਾ ਰੱਖਣਾ। ਪਰ ਮੁੰਡਿਆਂ ਨੇ ਘਰ ਦੇ ਕੰਮ-ਕਾਜ ਵਿਚ ਹੱਥ ਵਟਾਉਣਾ ਸਿੱਖ ਲਿਆ। ਮੈਂ ਅਕਸਰ ਇਹ ਕਹਿੰਦੀ ਹੁੰਦੀ ਸੀ ਕਿ ਮੇਰੇ ਕੋਲ ਭਾਂਡੇ ਧੋਣ ਵਾਲੀ ਇਕ ਮਸ਼ੀਨ ਨਹੀਂ ਬਲਕਿ ਸੱਤ ਮਸ਼ੀਨਾਂ ਸਨ! ਸਾਰੇ ਮੁੰਡੇ ਵਾਰੋ-ਵਾਰੀ ਇਹ ਜ਼ਰੂਰੀ ਕੰਮ ਕਰਦੇ ਹੁੰਦੇ ਸੀ। ਬਰਟ ਨੇ ਵੀ ਮੁੰਡਿਆਂ ਨੂੰ ਪਾਲਣ ਵਿਚ ਮੇਰੀ ਬਹੁਤ ਮਦਦ ਕੀਤੀ। ਉਸ ਨੇ ਘਰ ਦੇ ਅਸੂਲਾਂ ਨੂੰ ਹਮੇਸ਼ਾ ਕਾਇਮ ਰੱਖਿਆ ਅਤੇ ਇਨ੍ਹਾਂ ਦੇ ਅਨੁਸਾਰ ਮੁੰਡਿਆਂ ਨੂੰ ਕਾਬੂ ਵਿਚ ਰੱਖਿਆ ਅਤੇ ਨਾਲ ਹੀ ਨਾਲ ਉਸ ਨੇ ਉਨ੍ਹਾਂ ਲਈ ਗੱਲ-ਬਾਤ ਕਰਨੀ ਸੌਖੀ ਬਣਾਈ। ਸਾਰੇ ਮੁੰਡੇ ਆਪਣੇ ਪਿਤਾ ਦਾ ਬਹੁਤ ਆਦਰ ਕਰਦੇ ਸਨ ਪਰ ਉਸ ਤੋਂ ਡਰਦੇ ਨਹੀਂ ਸਨ। ਜਿੱਥੋਂ ਤਕ ਮੁੰਡਿਆਂ ਨੂੰ ਸੈਕਸ ਬਾਰੇ ਸਮਝਾਉਣ ਦੀ ਗੱਲ ਆਉਂਦੀ, ਤਾਂ ਬਰਟ ਨੇ ਹਮੇਸ਼ਾਂ ਆਪਣੀ ਇਸ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਪੂਰਾ ਕੀਤਾ, ਅੱਜ ਵੀ ਮੁੰਡੇ ਉਸ ਦੀਆਂ ਗੱਲਾਂ ਯਾਦ ਕਰ ਕੇ ਹੱਸਦੇ ਹਨ।
ਸਾਡਾ ਵੱਡਾ ਪੁੱਤਰ, ਰਿਚਰਡ 1966 ਵਿਚ ਬਰੁਕਲਿਨ, ਨਿਊ ਯਾਰਕ ਵਾਚ ਟਾਵਰ ਸੋਸਾਇਟੀ ਦੇ ਮੁੱਖ ਦਫ਼ਤਰ ਵਿਚ ਇਕ ਸਵੈ-ਇੱਛੁਕ ਸੇਵਕ ਵਜੋਂ ਕੰਮ ਕਰਨ ਲਈ ਚਲਾ ਗਿਆ। ਪਹਿਲੇ ਪੁੱਤਰ ਨੂੰ ਘਰ ਛੱਡਦੇ ਹੋਏ ਦੇਖਣਾ ਸੱਚ-ਮੁੱਚ ਮੇਰੇ ਲਈ ਇਕ ਅਜ਼ਮਾਇਸ਼ ਸੀ। ਹਰ ਰੋਜ਼ ਮੇਜ਼ ਤੇ ਉਸ ਦੀ ਖਾਲੀ ਜਗ੍ਹਾ ਨੂੰ ਦੇਖ ਕੇ ਮੇਰਾ ਦਿਲ ਬਹੁਤ ਦੁਖੀ ਹੁੰਦਾ ਸੀ। ਪਰ ਮੈਂ ਇਸ ਕਰਕੇ ਖ਼ੁਸ਼ ਵੀ ਸੀ ਕਿਉਂਕਿ ਉਸ ਨੂੰ ਉੱਥੇ ਚੰਗਾ ਤਜਰਬਾ ਅਤੇ ਸਿਖਲਾਈ ਮਿਲ ਰਹੀ ਸੀ।
ਹੁਣ ਬਾਕੀ ਦੀ ਕਹਾਣੀ ਮੈਂ ਬਰਟ ਨੂੰ ਦੱਸਣ ਦਿੰਦੀ ਹਾਂ।
ਬਾਈਬਲ ਦੇ ਸਿਧਾਂਤਾਂ ਅਨੁਸਾਰ ਆਪਣਿਆਂ ਮੁੰਡਿਆਂ ਨੂੰ ਪਾਲਣਾ
ਮੈਂ ਅਤੇ ਮਾਰਗ੍ਰਟ ਨੇ ਸਪੋਕੇਨ, ਵਾਸ਼ਿੰਗਟਨ ਵਿਚ ਇਕ ਮਹਾਂ-ਸੰਮੇਲਨ ਤੇ ਬਪਤਿਸਮਾ ਲਿਆ ਸੀ। ਹੁਣ ਸਾਡੇ ਕੋਲ ਬਾਈਬਲ ਦੇ ਸਿਧਾਂਤਾਂ ਅਨੁਸਾਰ ਆਪਣਿਆਂ ਮੁੰਡਿਆਂ ਨੂੰ ਪਾਲਣ ਦੀ ਚੁਣੌਤੀ ਸੀ, ਜਿਸ ਨੂੰ ਤੁਸੀਂ ਸ਼ਾਇਦ ਪੁਰਾਣੇ ਜ਼ਮਾਨੇ ਦਾ ਤਰੀਕਾ ਵੀ ਕਹਿ ਸਕਦੇ ਹੋ। ਮੁੰਡੇ ਇਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਮੈਂ ਝੂਠ ਨੂੰ ਜਾਂ ਧੋਖੇਬਾਜ਼ੀ ਨੂੰ ਬਰਦਾਸ਼ਤ ਨਹੀਂ ਕਰਾਂਗਾ। ਅਸੀਂ ਉਨ੍ਹਾਂ ਨੂੰ ਸਿਖਾਇਆ ਕਿ ਯਹੋਵਾਹ ਨੂੰ ਹਮੇਸ਼ਾ ਆਪਣੀ ਜ਼ਿੰਦਗੀ ਵਿਚ ਪਹਿਲ ਦੇਣੀ ਚਾਹੀਦੀ ਹੈ।
ਉਹ ਜਾਣਦੇ ਸਨ ਕਿ ਉਹ ਮੈਨੂੰ ਹਮਰਾਜ਼ ਬਣਾ ਸਕਦੇ ਸਨ ਕਿਉਂਕਿ ਸਾਡਾ ਰਿਸ਼ਤਾ ਬਹੁਤ ਹੀ ਗੂੜ੍ਹਾ ਸੀ ਅਤੇ ਅਸੀਂ ਕਈ ਚੀਜ਼ਾਂ ਇਕੱਠੇ ਕਰਦੇ ਹੁੰਦੇ ਸੀ। ਅਸੀਂ ਸਾਰੇ ਇਕੱਠੇ ਹੋ ਕੇ ਸਮੁੰਦਰ ਕੰਢੇ ਜਾਂਦੇ, ਪਹਾੜੀ ਇਲਾਕੇ ਵਿਚ ਪਿਕਨਿਕ ਮਨਾਉਂਦੇ, ਅਤੇ ਗੇਂਦ ਨਾਲ ਖੇਡਣਾ ਪਸੰਦ ਕਰਦੇ ਸੀ। ਜਦੋਂ ਸਾਡੇ ਪਾਲਤੂ ਜਾਨਵਰਾਂ ਲਈ ਜਾਂ ਸਾਡੇ ਬਾਗ਼ ਵਿਚ ਕੋਈ ਕੰਮ ਕਰਨ ਵਾਲਾ ਹੁੰਦਾ, ਤਾਂ ਸਾਡੇ ਸਾਰੇ ਮੁੰਡੇ ਮਦਦ ਕਰਦੇ ਸੀ। ਇਸ ਤਰ੍ਹਾਂ, ਉਨ੍ਹਾਂ ਨੇ ਖੇਡਣ ਦੇ ਨਾਲ-ਨਾਲ ਕੰਮ ਕਰਨਾ ਵੀ ਸਿੱਖ ਲਿਆ। ਅਸੀਂ ਆਪਣੇ ਸਾਰੇ ਕੰਮਾਂ ਵਿਚ ਸੰਤੁਲਨ ਰੱਖਣ ਦੀ ਕੋਸ਼ਿਸ਼ ਕੀਤੀ।
ਯਹੋਵਾਹ ਦੀ ਸੇਵਾ ਵਿਚ ਇਕ ਸਫ਼ਰ
ਜਿੱਥੋਂ ਤਕ ਧਰਮ ਦੀ ਗੱਲ ਹੈ, ਅਸੀਂ ਸਾਰੇ ਇਕੱਠੇ ਹੋ ਕੇ ਰਾਜ ਗ੍ਰਹਿ ਵਿਚ ਮਸੀਹੀ ਸਭਾਵਾਂ ਵਿਚ ਹਾਜ਼ਰ ਹੁੰਦੇ ਸੀ, ਅਤੇ ਅਸੀਂ ਇਕ ਪਰਿਵਾਰ ਵਜੋਂ ਬਾਕਾਇਦਾ ਬਾਈਬਲ ਅਧਿਐਨ ਕਰਦੇ ਸੀ। 1957 ਵਿਚ ਅਸੀਂ ਸੀਐਟਲ, ਵਾਸ਼ਿੰਗਟਨ ਵਿਚ ਯਹੋਵਾਹ ਦੇ ਗਵਾਹਾਂ ਦੇ ਮਹਾਂ-ਸੰਮੇਲਨ ਵਿਚ ਹਾਜ਼ਰ ਹੋਏ। ਪ੍ਰੋਗ੍ਰਾਮ ਦੇ ਦੌਰਾਨ ਪਰਿਵਾਰਾਂ ਤੋਂ ਉਨ੍ਹਾਂ ਇਲਾਕਿਆਂ ਵਿਚ ਜਾਣ ਦੀ ਮੰਗ ਕੀਤੀ ਗਈ ਸੀ ਜਿੱਥੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਹੋਰ ਜ਼ਿਆਦਾ ਗਵਾਹਾਂ ਦੀ ਸਖ਼ਤ ਜ਼ਰੂਰਤ ਸੀ। ਸਾਡੇ ਪਰਿਵਾਰ ਨੇ ਸੋਚਿਆ ਕਿ ਇਸ ਤਰ੍ਹਾਂ ਕਰਨਾ ਵਧੀਆ ਹੋਵੇਗਾ, ਜਿਸ ਕਰਕੇ ਜਗ੍ਹਾ ਬਦਲਣ ਦੀ ਤਿਆਰੀ ਸ਼ੁਰੂ ਹੋ ਗਈ। ਪਹਿਲਾਂ 1958 ਵਿਚ ਅਸੀਂ ਮਿਸੂਰੀ ਨੂੰ ਗਏ, ਅਤੇ ਬਾਅਦ ਵਿਚ 1959 ਵਿਚ ਮਿਸਿਸਿਪੀ ਨੂੰ ਗਏ।
ਸਾਲ 1958 ਵਿਚ ਅਸੀਂ ਯਹੋਵਾਹ ਦੀ ਸੇਵਾ ਵਿਚ ਆਪਣਾ ਪਹਿਲਾ ਵੱਡਾ ਸਫ਼ਰ ਤੈ ਕੀਤਾ। ਮੈਂ ਇਕ ਕੈਂਪੀਨਗ ਟ੍ਰੇਲਰ ਜਾਂ ਚੱਲਦਾ-ਫਿਰਦਾ ਘਰ ਬਣਾਇਆ, ਜਿਸ ਨੂੰ ਅਸੀਂ 1947 ਦੀ ਤਿੰਨ ਸੀਟਾਂ ਵਾਲੀ ਅਤੇ ਛੇ-ਸਲਿੰਡਰਾਂ ਵਾਲੀ ਡਸੋਟੋ ਨਾਮਕ ਇਕ ਪੁਰਾਣੀ ਗੱਡੀ ਨਾਲ ਖਿੱਚਦੇ ਹੁੰਦੇ ਸੀ। ਉਸ ਸਾਲ ਅਸੀਂ ਨੌਂ ਜਣਿਆਂ ਨੇ ਇਕ ਅੰਤਰਰਾਸ਼ਟਰੀ ਮਹਾਂ-ਸੰਮੇਲਨ ਵਿਚ ਹਾਜ਼ਰ ਹੋਣ ਲਈ ਉਸ ਗੱਡੀ ਵਿਚ ਬੈਠ ਕੇ ਨਿਊ ਯਾਰਕ ਤਕ ਸਫ਼ਰ ਕੀਤਾ। ਅਸੀਂ ਕਈ ਹਫ਼ਤੇ ਸਫ਼ਰ ਕੀਤਾ, ਪੱਛਮੀ ਕੰਢੇ ਦੇ ਸਪੋਕੇਨ ਤੋਂ ਲੈ ਕੇ ਨਿਊ ਯਾਰਕ ਤਕ ਜਾਂਦੇ-ਜਾਂਦੇ ਅਸੀਂ ਕਈ ਥਾਵਾਂ ਤੇ ਰੁਕੇ। ਇਹ ਰਸਤਾ 4,200 ਕਿਲੋਮੀਟਰ ਤੋਂ ਜ਼ਿਆਦਾ ਲੰਬਾ ਸੀ! ਮੁੰਡੇ ਅੱਜ ਤਕ ਉਸ ਸਫ਼ਰ ਨੂੰ ਬੜੇ ਚਾਹ ਨਾਲ ਯਾਦ ਕਰਦੇ ਹਨ ਕਿਉਂਕਿ ਅਸੀਂ ਨਾ ਸਿਰਫ਼ ਇਕ ਦੂਸਰੇ ਨਾਲ ਚੰਗਾ ਸਮਾਂ ਗੁਜ਼ਾਰਿਆ ਬਲਕਿ ਸਾਨੂੰ ਬਹੁਤ ਮਜ਼ਾ ਵੀ ਆਇਆ ਸੀ।
ਇਕ ਕੇਕ ਤੋਂ ਸਿੱਖਣਾ
ਉਸ ਮਹਾਂ-ਸੰਮੇਲਨ ਤੇ ਸਾਨੂੰ ਫ਼ਰੌਮ ਪੈਰਾਡਾਇਸ ਲੋਸਟ ਟੂ ਪੈਰਾਡਾਇਸ ਰਿਗੇਂਡ ਕਿਤਾਬ ਦੀਆਂ ਕਾਪੀਆਂ ਮਿਲੀਆਂ।b ਅਸੀਂ ਹਰ ਹਫ਼ਤੇ ਇਸ ਕਿਤਾਬ ਨੂੰ ਪਰਿਵਾਰਕ ਬਾਈਬਲ ਅਧਿਐਨ ਵਿਚ ਵਰਤਣਾ ਸ਼ੁਰੂ ਕਰ ਦਿੱਤਾ। ਸਾਰੇ ਮੁੰਡੇ ਛੋਟੀ ਉਮਰ ਤੋਂ ਹੀ ਪੜ੍ਹਨਾ ਸਿੱਖ ਗਏ ਸਨ। ਸਕੂਲ ਤੋਂ ਬਾਅਦ ਮਾਰਗ੍ਰਟ ਮੁੰਡਿਆਂ ਨਾਲ ਕੁਝ ਸਮਾਂ ਗੁਜ਼ਾਰਦੀ ਸੀ, ਤਾਂਕਿ ਉਹ ਉਨ੍ਹਾਂ ਨੂੰ ਬਾਈਬਲ ਪੜ੍ਹਦੇ ਹੋਏ ਸੁਣ ਸਕੇ। ਅਸੀਂ ਬੱਚਿਆਂ ਦੇ ਮਨਾਂ ਉੱਤੇ ਟੀ. ਵੀ. ਦਾ ਪ੍ਰਭਾਵ ਨਹੀਂ ਪੈਣ ਦਿੱਤਾ।
ਸਾਡੇ ਘਰ ਦੇ ਕੁਝ ਅਸੂਲ ਸਨ ਅਤੇ ਆਪਸੀ ਆਦਰ ਵਾਲਾ ਮਾਹੌਲ ਸੀ। ਇਕ ਵਾਰ ਮਾਰਗ੍ਰਟ ਨੇ ਇਕ ਵੱਡਾ ਅਤੇ ਸੋਹਣਾ ਕੇਕ ਬਣਾਇਆ ਸੀ। ਉਸ ਦਿਨ ਸਾਡੇ ਖਾਣੇ ਵਿਚ ਗਾਜਰਾਂ ਵੀ ਸਨ। ਅਸੀਂ ਹਮੇਸ਼ਾ ਮੁੰਡਿਆਂ ਨੂੰ ਕਹਿੰਦੇ ਸੀ ਕਿ ਉਹ ਆਪਣੀਆਂ ਸਬਜ਼ੀਆਂ ਨੂੰ ਘੱਟੋ-ਘੱਟ ਖਾ ਕੇ ਤਾਂ ਦੇਖਣ। ਡੱਗ ਨੂੰ ਗਾਜਰਾਂ ਪਸੰਦ ਨਹੀਂ ਸਨ। ਉਸ ਨੂੰ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਜੇਕਰ ਉਸ ਨੇ ਗਾਜਰਾਂ ਨਾ ਖਾਧੀਆਂ, ਤਾਂ ਉਸ ਨੂੰ ਕੇਕ ਨਹੀਂ ਮਿਲੇਗਾ। ਫਿਰ ਵੀ, ਉਸ ਨੇ ਆਪਣਾ ਖਾਣਾ ਖ਼ਤਮ ਕਰਨ ਤੋਂ ਇਨਕਾਰ ਕੀਤਾ। ਮਾਰਗ੍ਰਟ ਨੇ ਕਿਹਾ: “ਜੇ ਤੂੰ ਇਹ ਗਾਜਰਾਂ ਨਾ ਖਾਧੀਆਂ ਤਾਂ ਮੈਂ ਤੇਰਾ ਕੇਕ ਕੁੱਤੇ ਨੂੰ ਦੇ ਦੇਣਾ।” ਮੇਰੇ ਖ਼ਿਆਲ ਵਿਚ ਡੱਗ ਸੋਚਦਾ ਸੀ ਕਿ ਉਹ ਐਵੇਂ ਹੀ ਕਰ ਰਹੀ ਸੀ। ਪਰ ਬਾਅਦ ਵਿਚ ਉਸ ਨੇ ਬਲੈੱਕੀ ਨੂੰ ਉਸ ਦਾ ਸੁਆਦੀ ਕੇਕ ਖਾਂਦੇ ਹੋਏ ਦੇਖਿਆ! ਉਸ ਨੇ ਅਤੇ ਦੂਸਰੇ ਮੁੰਡਿਆਂ ਨੇ ਵੀ ਇਸ ਅਨੁਭਵ ਤੋਂ ਇਕ ਸਬਕ ਸਿੱਖਿਆ। ਮਾਂ-ਬਾਪ ਹੋਣ ਦੇ ਨਾਤੇ, ਅਸੀਂ ਜੋ ਕਹਿੰਦੇ ਉਹ ਕਰਕੇ ਵੀ ਦਿਖਾਉਂਦੇ ਸੀ।
ਜੀਵਨ ਮਜ਼ੇਦਾਰ ਸੀ
ਮੱਤੀ 6:33 ਵਿਚ ਯਿਸੂ ਦੇ ਸ਼ਬਦਾਂ ਨੇ ਮੇਰੀ ਅਤੇ ਮਾਰਗ੍ਰਟ ਦੀ ਅਗਵਾਈ ਕੀਤੀ: “ਪਰ ਤੁਸੀਂ ਪਹਿਲਾਂ ਉਹ ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲੋ ਤਾਂ ਤੁਹਾਨੂੰ ਏਹ ਸਾਰੀਆਂ ਵਸਤਾਂ ਵੀ ਦਿੱਤੀਆਂ ਜਾਣਗੀਆਂ।” ਇਕ ਪਰਿਵਾਰ ਵਜੋਂ ਅਸੀਂ ਹਮੇਸ਼ਾਂ ਰਾਜ ਹਿਤਾਂ ਨੂੰ ਪਹਿਲ ਦੇਣ ਦੀ ਕੋਸ਼ਿਸ਼ ਕਰਦੇ ਸੀ। ਅਸੀਂ ਸਾਰੇ ਇਕੱਠੇ ਹੋ ਕੇ ਪ੍ਰਚਾਰ ਵਿਚ ਜਾਣਾ ਪਸੰਦ ਕਰਦੇ ਸੀ, ਅਤੇ ਮੁੰਡੇ ਵਾਰੋ-ਵਾਰੀ ਮੇਰੇ ਨਾਲ ਘਰ-ਘਰ ਪ੍ਰਚਾਰ ਕਰਨ ਜਾਂਦੇ ਸਨ। ਹਰੇਕ ਕੋਲ ਆਪਣਾ-ਆਪਣਾ ਬੈਗ, ਬਾਈਬਲ, ਅਤੇ ਬਾਈਬਲ ਸਾਹਿੱਤ ਹੁੰਦਾ ਸੀ। ਹਰ ਵਾਰ ਤਰੱਕੀ ਕਰਨ ਤੇ ਅਸੀਂ ਉਨ੍ਹਾਂ ਨੂੰ ਸ਼ਾਬਾਸ਼ੀ ਦਿੰਦੇ ਸੀ। ਮਾਰਗ੍ਰਟ ਅਕਸਰ ਉਨ੍ਹਾਂ ਨੂੰ ਗਲੇ ਲਗਾਉਂਦੀ ਸੀ। ਅਤੇ ਅਸੀਂ ਹਮੇਸ਼ਾ ਉਨ੍ਹਾਂ ਨੂੰ ਪਿਆਰ ਦਿਖਾਉਂਦੇ ਸੀ। ਸਾਡੇ ਕੋਲ ਹਮੇਸ਼ਾ ਮੁੰਡਿਆਂ ਦੇ ਲਈ ਸਮਾਂ ਹੁੰਦਾ ਸੀ—ਇਸ ਤਰ੍ਹਾਂ ਸਾਡੀ ਜ਼ਿੰਦਗੀ ਮਜ਼ੇਦਾਰ ਸੀ!
ਜਿਉਂ-ਜਿਉਂ ਮੁੰਡੇ ਵੱਡੇ ਹੁੰਦੇ ਗਏ, ਉਨ੍ਹਾਂ ਨੂੰ ਕਈ ਜ਼ਿੰਮੇਵਾਰੀਆਂ ਮਿਲੀਆਂ, ਜਿਵੇਂ ਕਿ ਲੋਕਾਂ ਨੂੰ ਗੱਡੀ ਵਿਚ ਸਭਾਵਾਂ ਤੇ ਲੈ ਕੇ ਜਾਣਾ, ਰਾਜ ਗ੍ਰਹਿ ਨੂੰ ਖੋਲ੍ਹਣਾ, ਅਤੇ ਹੋਰ ਕੰਮਾਂ ਵਿਚ ਮਦਦ ਕਰਨੀ। ਉਨ੍ਹਾਂ ਨੇ ਰਾਜ ਗ੍ਰਹਿ ਦੀ ਉਪਾਸਨਾ ਦੀ ਜਗ੍ਹਾ ਵਜੋਂ ਕਦਰ ਕਰਨੀ ਸਿੱਖੀ ਅਤੇ ਉਸ ਦੀ ਦੇਖ-ਭਾਲ ਕਰਨ ਵਿਚ ਉਹ ਖ਼ੁਸ਼ ਹੁੰਦੇ ਸੀ।
ਅਸੀਂ ਉਨ੍ਹਾਂ ਨੂੰ ਮਸੀਹੀ ਸਭਾਵਾਂ ਵਿਚ ਟਿੱਪਣੀ ਦੇਣ ਲਈ ਉਤਸ਼ਾਹਿਤ ਕੀਤਾ। ਉਹ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਆਪਣੇ ਛੋਟੇ-ਛੋਟੇ ਭਾਸ਼ਣ ਦੇ ਕੇ ਹੌਲੀ-ਹੌਲੀ ਭਾਸ਼ਣਕਾਰ ਬਣ ਗਏ। ਸਾਡੇ ਪੰਜਵੇਂ ਪੁੱਤਰ, ਮਾਈਕਲ ਲਈ ਮੰਚ ਤੇ ਖੜ੍ਹੇ ਹੋ ਕੇ ਸਾਰਿਆਂ ਸਾਮ੍ਹਣੇ ਭਾਸ਼ਣ ਦੇਣਾ ਔਖਾ ਹੁੰਦਾ ਸੀ। ਭਾਸ਼ਣ ਦਿੰਦੇ ਸਮੇਂ ਉਹ ਨਿਰਾਸ਼ਾ ਕਾਰਨ ਰੋਣ ਲੱਗ ਪੈਂਦਾ ਸੀ, ਕਿਉਂਕਿ ਉਸ ਤੋਂ ਆਪਣਾ ਭਾਸ਼ਣ ਖ਼ਤਮ ਨਹੀਂ ਹੁੰਦਾ ਸੀ। ਸਮਾਂ ਬੀਤਣ ਨਾਲ, ਉਹ ਇਸ ਉੱਤੇ ਜੇਤੂ ਹੋਇਆ, ਅਤੇ ਹੁਣ ਉਹ ਆਪਣੀ ਪਤਨੀ ਨਾਲ ਇਕ ਸਫ਼ਰੀ ਨਿਗਾਹਬਾਨ ਵਜੋਂ ਸੇਵਾ ਕਰ ਰਿਹਾ ਹੈ, ਅਤੇ ਵੱਖਰੀਆਂ-ਵੱਖਰੀਆਂ ਕਲੀਸਿਯਾਵਾਂ ਵਿਚ ਜਾ ਕੇ ਹਫ਼ਤੇ ਵਿਚ ਕਈ ਵਾਰ ਭਾਸ਼ਣ ਦਿੰਦਾ ਹੈ। ਕਿੰਨੀ ਵੱਡੀ ਤਬਦੀਲੀ!
ਮੁੰਡਿਆਂ ਨੂੰ ਸਿਖਲਾਈ ਕਿਸ ਤਰ੍ਹਾਂ ਦੀ ਲੱਗਦੀ ਸੀ
ਜਾਗਰੂਕ ਬਣੋ! ਨੇ ਪੁਰਾਣੇ ਜ਼ਮਾਨੇ ਦਿਆਂ ਖ਼ਿਆਲਾਂ ਅਨੁਸਾਰ ਪਾਲੇ ਜਾਣ ਬਾਰੇ ਮਾਈਕਲ ਦੇ ਵਿਚਾਰਾਂ ਨੂੰ ਜਾਣਨ ਲਈ ਉਸ ਨਾਲ ਗੱਲ-ਬਾਤ ਕੀਤੀ। “ਅਸੀਂ ਪਿਤਾ ਜੀ ਨੂੰ ਇਕ ਨਰਮ ਦਿਲ ਸਿੱਖਿਅਕ ਸਮਝਦੇ ਸੀ। ਮੈਨੂੰ ਅਜੇ ਵੀ ਯਾਦ ਹੈ ਜਦੋਂ ਮੈਂ ਛੋਟੀ ਉਮਰ ਵਿਚ ਹੀ ਇਕ ਰੇਡੀਓ ਸਟੇਸ਼ਨ ਤੇ ਕੰਮ ਕਰਨ ਲੱਗ ਪਿਆ ਸੀ। ਉਸ ਵੇਲੇ ਮੈਂ ਗੱਡੀ ਖ਼ਰੀਦਣੀ ਚਾਹੁੰਦਾ ਸੀ ਤਾਂਕਿ ਪੂਰਣ-ਕਾਲੀ ਪਾਇਨੀਅਰੀ ਕਰ ਸਕਾਂ। ਸਟੇਸ਼ਨ ਦੇ ਮੈਨੇਜਰ ਨੇ ਮੈਨੂੰ ਆਪਣੀ ਦੋ ਦਰਵਾਜ਼ਿਆਂ ਵਾਲੀ ਕਨਵਰਟੀਬਲ ਫੋਰਡ ਮਸਟੈਂਗ ਪੇਸ਼ ਕੀਤੀ। ਇਹ ਇਕ ਤੇਜ਼ ਗੱਡੀ ਸੀ ਅਤੇ ਕਈ ਨੌਜਵਾਨ ਇਸ ਨੂੰ ਪਸੰਦ ਕਰਦੇ ਸੀ। ਮੈਂ ਸੱਚ-ਮੁੱਚ ਉਸ ਨੂੰ ਲੈਣਾ ਚਾਹੁੰਦਾ ਸੀ, ਭਾਵੇਂ ਕਿ ਮੈਨੂੰ ਪਤਾ ਸੀ ਕਿ ਇਹ ਭੈਣਾਂ-ਭਰਾਵਾਂ ਨੂੰ ਸੇਵਕਾਈ ਵਿਚ ਨਾਲ ਲੈ ਕੇ ਜਾਣ ਲਈ ਇੰਨੀ ਫ਼ਾਇਦੇਮੰਦ ਨਹੀਂ ਸੀ। ਜਦੋਂ ਮੈਂ ਪਿਤਾ ਜੀ ਨਾਲ ਇਸ ਬਾਰੇ ਗੱਲ ਕਰਨ ਲਈ ਗਿਆ, ਤਾਂ ਉਸ ਵੇਲੇ ਮੈਨੂੰ ਥੋੜ੍ਹੀ ਜਿਹੀ ਘਬਰਾਹਟ ਹੋ ਰਹੀ ਸੀ। ਜਦੋਂ ਮੈਂ ਉਨ੍ਹਾਂ ਨੂੰ ਗੱਡੀ ਬਾਰੇ ਦੱਸਿਆ ਤਾਂ ਉਨ੍ਹਾਂ ਨੇ ਕਿਹਾ, ‘ਚੱਲ ਆਪਾਂ ਇਸ ਬਾਰੇ ਗੱਲ ਕਰੀਏ।’ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਉਹ ਕੀ ਕਹਿਣਗੇ! ਉਨ੍ਹਾਂ ਨੇ ਮੇਰੇ ਨਾਲ ਤਰਕ ਕੀਤਾ ਅਤੇ ਮੈਨੂੰ ਇਕ ਜ਼ਿਆਦਾ ਵਿਵਹਾਰਕ ਗੱਡੀ ਲੈਣ ਦੇ ਫ਼ਾਇਦਿਆਂ ਬਾਰੇ ਸਮਝਾਇਆ। ਇਸ ਲਈ ਮੈਂ ਇਕ ਚਾਰ ਦਰਵਾਜ਼ਿਆਂ ਵਾਲੀ ਗੱਡੀ ਖ਼ਰੀਦ ਲਈ। ਪ੍ਰਚਾਰ ਦੇ ਕੰਮ ਵਿਚ ਇਸ ਨੂੰ 1,60,000 ਤੋਂ ਜ਼ਿਆਦਾ ਕਿਲੋਮੀਟਰ ਤਕ ਚਲਾਉਣ ਤੋਂ ਬਾਅਦ, ਮੈਂ ਸਿਰਫ਼ ਇਹੀ ਕਹਿ ਸਕਦਾ ਹਾਂ ਕਿ ‘ਪਿਤਾ ਜੀ ਇਕ ਵਾਰ ਫਿਰ ਸਹੀ ਨਿਕਲੇ ਸਨ।’
“ਛੋਟੀ ਉਮਰ ਵਿਚ ਹੀ ਜਿਹੜੇ ਸਫ਼ਰ ਅਸੀਂ ਕੀਤੇ ਸੀ—ਵਾਸ਼ਿੰਗਟਨ ਤੋਂ ਮਿਸੂਰੀ ਤਕ ਅਤੇ ਫਿਰ ਉੱਥੋਂ ਮਿਸਿਸਿਪੀ ਤਕ—ਇਹ ਇਕ ਬਹੁਤ ਮਜ਼ੇਦਾਰ ਤਜਰਬਾ ਸੀ। ਸਾਨੂੰ ਬਹੁਤ ਮਜ਼ਾ ਆਇਆ। ਅਸੀਂ ਨੌਂ ਜਣਿਆਂ ਨੇ ਪੂਰਾ ਸਾਲ ਇਕ ਟ੍ਰੇਲਰ ਵਿਚ ਗੁਜ਼ਾਰਿਆ ਜੋ 2.5 ਮੀਟਰ ਚੌੜਾ ਅਤੇ 11 ਮੀਟਰ ਲੰਬਾ ਸੀ, ਭਾਵੇਂ ਕਿ ਰਹਿਣ ਲਈ ਜਗ੍ਹਾ ਛੋਟੀ ਸੀ, ਪਰ ਸਾਨੂੰ ਬਹੁਤ ਮਜ਼ਾ ਆਉਂਦਾ ਸੀ ਅਤੇ ਇਸ ਨੇ ਸਾਨੂੰ ਆਪਣੀਆਂ-ਆਪਣੀਆਂ ਚੀਜ਼ਾਂ ਦੀ ਦੇਖ-ਭਾਲ ਕਰਨੀ ਅਤੇ ਇਕ ਦੂਸਰੇ ਨਾਲ ਮਿਲ ਜੁਲ ਕੇ ਰਹਿਣਾ ਸਿਖਾਇਆ। ਥੋੜ੍ਹੀ ਜਗ੍ਹਾ ਹੋਣ ਦੇ ਕਾਰਨ ਅਸੀਂ ਬਹੁਤਾ ਕਰਕੇ ਬਾਹਰ ਹੀ ਖੇਡਦੇ ਹੁੰਦੇ ਸੀ।
“ਇਕ ਹੋਰ ਗੱਲ ਜੋ ਮੈਨੂੰ ਯਾਦ ਹੈ ਅਤੇ ਜਿਸ ਦੀ ਮੈਂ ਕਦਰ ਕਰਦਾ ਹਾਂ ਉਹ ਇਹ ਹੈ ਕਿ ਪਿਤਾ ਜੀ ਸਾਡੇ ਨਾਲ ਕਿਸ ਤਰ੍ਹਾਂ ਦੈਨਿਕ ਪਾਠ ਦੀ ਚਰਚਾ ਕਰਦੇ ਹੁੰਦੇ ਸੀ। 1966 ਵਿਚ ਉਹ ਸਾਉਥ ਲੈਂਸਿੰਗ, ਨਿਊ ਯਾਰਕ ਵਿਚ, ਕਿੰਗਡਮ ਫਾਰਮ ਤੇ ਬਜ਼ੁਰਗਾਂ ਦੇ ਇਕ ਸਕੂਲ ਵਿਚ ਹਾਜ਼ਰ ਹੋਏ, ਅਤੇ ਉਨ੍ਹਾਂ ਨੇ ਦੇਖਿਆ ਕਿ ਬੈਥਲ ਪਰਿਵਾਰ ਦੇ ਮੈਂਬਰ ਕਿਸ ਤਰ੍ਹਾਂ ਦੈਨਿਕ ਪਾਠ ਉੱਤੇ ਟਿੱਪਣੀ ਦੇਣ ਲਈ ਰਿਸਰਚ ਕਰਦੇ ਸਨ। ਉਨ੍ਹਾਂ ਨੇ ਉਹੀ ਤਰੀਕਾ ਸਾਡੇ ਪਰਿਵਾਰ ਉੱਤੇ ਲਾਗੂ ਕੀਤਾ। ਸਾਨੂੰ ਸੱਤਾਂ ਮੁੰਡਿਆਂ ਨੂੰ ਇਕ-ਇਕ ਦਿਨ ਦਿੱਤਾ ਜਾਂਦਾ ਸੀ ਕਿ ਅਸੀਂ ਕਿਸੇ ਗੱਲ ਬਾਰੇ ਰਿਸਰਚ ਕਰ ਕੇ ਉਸ ਉੱਤੇ ਟਿੱਪਣੀ ਕਰੀਏ। ਭਾਵੇਂ ਕਦੀ-ਕਦੀ ਅਸੀਂ ਬੁੜ-ਬੁੜ ਕਰਦੇ ਹੁੰਦੇ ਸੀ, ਇਸ ਨੇ ਸਾਨੂੰ ਰਿਸਰਚ ਕਰਨੀ ਅਤੇ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨਾ ਸਿਖਾਇਆ। ਅਜਿਹੀਆਂ ਆਦਤਾਂ ਜੀਵਨ-ਭਰ ਰਹਿੰਦੀਆਂ ਹਨ।
“ਮੈਂ ਉਨ੍ਹਾਂ ਕੁਰਬਾਨੀਆਂ ਦੁਆਰਾ ਬਹੁਤ ਪ੍ਰਭਾਵਿਤ ਹੋਇਆ ਜੋ ਮਾਤਾ ਜੀ ਅਤੇ ਪਿਤਾ ਜੀ ਨੇ ਸਾਡੇ ਲਈ ਕੀਤੀਆਂ ਸਨ। ਜਦ ਕਿ ਮੇਰੇ ਦੋ ਵੱਡੇ ਭਰਾ, ਰਿਚਰਡ ਅਤੇ ਡੈਨ ਕੰਮ ਕਰ ਕੇ ਪਰਿਵਾਰ ਲਈ ਪੈਸਾ ਕਮਾ ਸਕਦੇ ਸਨ, ਸਾਡੇ ਮਾਂ-ਬਾਪ ਨੇ ਉਨ੍ਹਾਂ ਨੂੰ ਬਰੁਕਲਿਨ, ਨਿਊ ਯਾਰਕ ਜਾ ਕੇ ਵਾਚ ਟਾਵਰ ਸੋਸਾਇਟੀ ਦੇ ਮੁੱਖ ਦਫ਼ਤਰ ਵਿਚ ਸਵੈ-ਇੱਛੁਕ ਸੇਵਕਾਂ ਵਜੋਂ ਕੰਮ ਕਰਨ ਲਈ ਉਤਸ਼ਾਹਿਤ ਕੀਤਾ। ਸਾਡੇ ਮਾਂ-ਬਾਪ ਨੇ ਪੈਸੇ ਵੀ ਜੋੜੇ ਤਾਂਕਿ ਸਾਡੇ ਵਿੱਚੋਂ ਪੰਜ ਜਣੇ ਹਵਾਈ ਜਹਾਜ਼ ਵਿਚ ਨਿਊ ਯਾਰਕ ਜਾ ਕੇ ਮੁੱਖ ਦਫ਼ਤਰ ਨੂੰ ਖ਼ੁਦ ਦੇਖ ਸਕਣ। ਇਸ ਗੱਲ ਦਾ ਮੇਰੇ ਉੱਤੇ ਬਹੁਤ ਅਸਰ ਪਿਆ। ਇਸ ਨੇ ਯਹੋਵਾਹ ਦੇ ਸੰਗਠਨ ਲਈ ਸਾਡੀ ਕਦਰ ਨੂੰ ਹੋਰ ਵਧਾਇਆ।
“ਹੁਣ ਬਾਕੀ ਦੀ ਕਹਾਣੀ ਪਿਤਾ ਜੀ ਦੱਸਣਗੇ।”
ਅਸੀਂ ਮੁਸੀਬਤਾਂ ਦਾ ਵੀ ਸਾਮ੍ਹਣਾ ਕੀਤਾ
ਹਰੇਕ ਪਰਿਵਾਰ ਵਾਂਗ, ਸਾਨੂੰ ਵੀ ਮੁਸ਼ਕਲਾਂ ਅਤੇ ਮੁਸੀਬਤਾਂ ਦਾ ਸਾਮ੍ਹਣਾ ਕਰਨਾ ਪਿਆ। ਜਿਉਂ-ਜਿਉਂ ਮੁੰਡੇ ਵਿਆਹ ਕਰਵਾਉਣ ਦੀ ਉਮਰ ਤਕ ਪਹੁੰਚੇ, ਮੈਂ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਪਹਿਲੀ ਨਜ਼ਰ ਪੈਣ ਤੇ ਹੀ ਕਿਸੇ ਕੁੜੀ ਨਾਲ ਕਾਹਲੀ-ਕਾਹਲੀ ਵਿਚ ਵਿਆਹ ਨਾ ਕਰਵਾ ਲੈਣ। ਅਸੀਂ ਹਮੇਸ਼ਾ ਇਹ ਵੀ ਨਿਸ਼ਚਿਤ ਕੀਤਾ ਕਿ ਉਹ ਕਿਸੇ ਦੀ ਨਿਗਰਾਨੀ ਤੋਂ ਬਿਨਾਂ ਕੁੜੀਆਂ ਦੇ ਨਾਲ ਇਕੱਲੇ ਨਾ ਹੋਣ। ਅਸੀਂ ਚਾਹੁੰਦੇ ਸੀ ਕਿ ਜੀਵਨ-ਸਾਥੀ ਚੁਣਨ ਤੋਂ ਪਹਿਲਾਂ ਉਨ੍ਹਾਂ ਨੂੰ ਜ਼ਿੰਦਗੀ ਦਾ ਕੁਝ ਕੁ ਤਜਰਬਾ ਹੋਵੇ। ਕਦੀ-ਕਦੀ ਮੁੰਡਿਆਂ ਦੀਆਂ ਅੱਖਾਂ ਭਰ ਆਉਂਦੀਆਂ ਅਤੇ ਥੋੜ੍ਹੀ ਦੇਰ ਲਈ ਉਨ੍ਹਾਂ ਦੇ ਦਿਲ ਟੁੱਟ ਜਾਂਦੇ ਸਨ, ਲੇਕਿਨ ਅੰਤ ਵਿਚ ਉਨ੍ਹਾਂ ਨੇ ਬਾਈਬਲ ਦੀ ਸਲਾਹ ਨੂੰ ਬੁੱਧੀ ਨਾਲ ਸਮਝਿਆ—ਖ਼ਾਸ ਕਰਕੇ “ਪ੍ਰਭੁ ਵਿੱਚ” ਵਿਆਹ ਕਰਵਾਉਣ ਦੀ ਸਲਾਹ ਨੂੰ। ਅਸੀਂ ਉਨ੍ਹਾਂ ਦੀ ਸਮਝਦਾਰੀ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ।—1 ਕੁਰਿੰਥੀਆਂ 7:39.
ਸਾਡੇ ਸੱਤਵੇਂ ਪੁੱਤਰ, ਸਕਾਟ ਦੇ ਕਾਰਨ ਅਸੀਂ ਕਈ ਅੱਥਰੂ ਵਹਾਏ। ਉਹ ਕੰਮ ਤੇ ਬੁਰੀ ਸੰਗਤ ਦਾ ਸ਼ਿਕਾਰ ਹੋ ਗਿਆ, ਜਿਸ ਦੇ ਨਤੀਜੇ ਵਜੋਂ ਉਹ ਕਲੀਸਿਯਾ ਤੋਂ ਛੇਕਿਆ ਗਿਆ ਸੀ। ਇਹ ਸਾਡੇ ਸਾਰਿਆਂ ਲਈ ਦੁਖਦਾਈ ਸੀ, ਲੇਕਿਨ ਅਸੀਂ ਬਜ਼ੁਰਗਾਂ ਦੇ ਨਿਆਇਕ ਫ਼ੈਸਲੇ ਦੀ ਕਦਰ ਕੀਤੀ। ਸਕਾਟ ਨੂੰ ਔਖੇ ਅਨੁਭਵਾਂ ਰਾਹੀਂ ਸਿੱਖਣਾ ਪਿਆ ਕਿ ਯਹੋਵਾਹ ਦੀ ਸੇਵਾ ਕਰਨੀ ਹੀ ਜੀਵਨ ਦਾ ਸਭ ਤੋਂ ਬਿਹਤਰ ਰਾਹ ਹੈ।
ਅਸੀਂ ਕਦੀ ਇਸ ਤਰ੍ਹਾਂ ਨਹੀਂ ਸੋਚਿਆ ਕਿ ਉਹ ਕਦੀ ਵੀ ਕਲੀਸਿਯਾ ਵਿਚ ਵਾਪਸ ਨਹੀਂ ਆਵੇਗਾ। ਖ਼ੁਸ਼ੀ ਦੀ ਗੱਲ ਹੈ ਕਿ ਪੰਜਾਂ ਸਾਲਾਂ ਬਾਅਦ ਉਹ ਕਲੀਸਿਯਾ ਵਿਚ ਵਾਪਸ ਬਹਾਲ ਕੀਤਾ ਗਿਆ। ਬੀਤੇ ਸਮੇਂ ਬਾਰੇ ਸੋਚ ਕੇ ਉਹ ਕਹਿੰਦਾ ਹੈ, “ਜਦੋਂ ਮੈਂ ਛੇਕਿਆ ਗਿਆ ਸੀ ਤਾਂ ਇਕ ਚੀਜ਼ ਨੇ ਮੇਰੀ ਮਦਦ ਕੀਤੀ ਕਿ ਭਾਵੇਂ ਮੇਰੀ ਪਰਿਵਾਰ ਨਾਲ ਸੰਗਤ ਘੱਟ ਗਈ ਸੀ ਪਰ ਮੈਂ ਹਮੇਸ਼ਾ ਜਾਣਦਾ ਸੀ ਕਿ ਮੇਰਾ ਪਰਿਵਾਰ ਮੇਰੇ ਨਾਲ ਪਿਆਰ ਕਰਦਾ ਹੈ।” ਸਕਾਟ ਤਰੱਕੀ ਕਰਦਾ ਗਿਆ ਅਤੇ ਪਿਛਲੇ ਅੱਠਾਂ ਸਾਲਾਂ ਲਈ ਉਸ ਨੇ ਇਕ ਬਜ਼ੁਰਗ ਵਜੋਂ ਸੇਵਾ ਕੀਤੀ ਹੈ।
ਅਫ਼ਸੋਸ ਦੀ ਗੱਲ ਹੈ ਕਿ ਸਾਡਾ ਇਕ ਵੀਹਾਂ ਕੁ ਸਾਲਾਂ ਦਾ ਪੋਤਾ ਪਿਛਲੇ ਸਾਲ ਕਲੀਸਿਯਾ ਵਿੱਚੋਂ ਛੇਕਿਆ ਗਿਆ ਸੀ। ਪਰ ਸਾਨੂੰ ਪੱਕਾ ਭਰੋਸਾ ਹੈ ਕਿ ਯਹੋਵਾਹ ਵੱਲੋਂ ਦਿੱਤੀ ਗਈ ਸਿਖਲਾਈ ਦਾ ਨਤੀਜਾ ਚੰਗੀਆਂ ਤਬਦੀਲੀਆਂ ਹੋ ਸਕਦਾ ਹੈ।
ਸਾਡੇ ਜੀਵਨ ਵਿਚ ਇਕ ਵੱਡੀ ਤਬਦੀਲੀ
ਆਖ਼ਰਕਾਰ, 1978 ਤਕ ਸਾਰੇ ਮੁੰਡੇ ਘਰੋਂ ਚੱਲੇ ਗਏ। ਮੈਨੂੰ ਸਾਲਾਂ ਦੇ ਦੌਰਾਨ ਹੀਟਿੰਗ, ਵੈਂਟਿਲੇਸ਼ਨ, ਅਤੇ ਏਅਰ-ਕੰਡਿਸ਼ਨਿੰਗ ਦੇ ਕੰਮ ਵਿਚ ਤਜਰਬਾ ਪ੍ਰਾਪਤ ਹੋ ਗਿਆ ਸੀ। 1980 ਵਿਚ ਮੈਨੂੰ ਅਤੇ ਮਾਰਗ੍ਰਟ ਨੂੰ ਨੌਂ ਮਹੀਨਿਆਂ ਲਈ ਬਰੁਕਲਿਨ ਵਿਚ ਵਾਚ ਟਾਵਰ ਸੋਸਾਇਟੀ ਦੇ ਮੁੱਖ ਦਫ਼ਤਰ ਵਿਚ ਸੇਵਾ ਕਰਨ ਦਾ ਸੱਦਾ ਮਿਲਿਆ। ਅਠਾਰਾਂ ਸਾਲ ਬਾਅਦ, ਅਸੀਂ ਹਾਲੇ ਵੀ ਇੱਥੇ ਹੀ ਹਾਂ!
ਬਰਕਤਾਂ ਨਾਲ ਸਾਡੀ ਝੋਲੀ ਭਰ ਗਈ। ਸਾਡੇ ਸੱਤਾਂ ਮੁੰਡਿਆਂ ਨੂੰ ਪੁਰਾਣੇ ਜ਼ਮਾਨੇ ਦਿਆਂ ਖ਼ਿਆਲਾਂ ਅਨੁਸਾਰ, ਯਾਨੀ ਕਿ ਬਾਈਬਲ ਦੇ ਸਿਧਾਂਤਾਂ ਅਨੁਸਾਰ ਪਾਲਣਾ ਹਮੇਸ਼ਾ ਸੌਖਾ ਨਹੀਂ ਸੀ, ਪਰ ਸਾਨੂੰ ਇਸ ਤਰ੍ਹਾਂ ਕਰਨ ਤੇ ਬਰਕਤਾਂ ਮਿਲੀਆਂ ਹਨ। ਅੱਜ ਸਾਡੇ ਪੰਜ ਪੁੱਤਰ ਕਲੀਸਿਯਾ ਵਿਚ ਬਜ਼ੁਰਗਾਂ ਦੇ ਤੌਰ ਤੇ ਸੇਵਾ ਕਰ ਰਹੇ ਹਨ ਅਤੇ ਇਕ ਪੁੱਤਰ ਸਫ਼ਰੀ ਨਿਗਾਹਬਾਨ ਹੈ। ਸਾਡੇ 20 ਪੋਤੇ-ਪੋਤੀਆਂ ਅਤੇ 4 ਪੜੋਤੇ-ਪੜੋਤੀਆਂ ਵਿੱਚੋਂ ਤਕਰੀਬਨ ਸਾਰੇ ਸੱਚਾਈ ਵਿਚ ਹਨ ਅਤੇ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਹਨ।
ਅਸੀਂ ਜ਼ਬੂਰਾਂ ਦੇ ਲਿਖਾਰੀ ਦੇ ਸ਼ਬਦਾਂ ਦੀ ਸੱਚਾਈ ਦੇਖੀ ਹੈ: “ਵੇਖੋ, ਬੱਚੇ ਯਹੋਵਾਹ ਵੱਲੋਂ ਮਿਰਾਸ ਹਨ, ਢਿੱਡ ਦਾ ਫਲ ਇੱਕ ਇਨਾਮ ਹੈ, ਜਿਵੇਂ ਸੂਰਮੇ ਦੇ ਹੱਥ ਵਿਚ ਬਾਣ, ਤਿਵੇਂ ਜੁਆਨੀ ਦੇ ਪੁੱਤ੍ਰ ਹਨ।”—ਜ਼ਬੂਰ 127:3, 4.
[ਫੁਟਨੋਟ]
a ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ 1946 ਵਿਚ ਪ੍ਰਕਾਸ਼ਿਤ; ਪਰ ਹੁਣ ਨਹੀਂ ਛਾਪੀ ਜਾਂਦੀ।
b ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ।
[ਸਫ਼ੇ 12, 13 ਉੱਤੇ ਤਸਵੀਰਾਂ]
ਸਾਡੇ ਪੁੱਤਰਾਂ ਅਤੇ ਨੂੰਹਾਂ ਨਾਲ (ਇਸ ਸਫ਼ੇ ਤੇ) ਅਤੇ ਪੋਤੇ-ਪੋਤੀਆਂ ਨਾਲ (ਦੂਸਰੇ ਸਫ਼ੇ ਤੇ) 1996 ਵਿਚ ਸਾਡੇ ਵਿਆਹ ਦੀ ਪੰਜਾਹਵੀਂ ਸਾਲ-ਗਿਰ੍ਹਾ ਤੇ