ਸੱਚਾਈ ਸੁਣਨ ਤੋਂ ਕਈ ਸਾਲ ਬਾਅਦ ਮੈਂ ਉਸ ਨੂੰ ਅਪਣਾਇਆ
ਹੇਠਲੀ ਚਿੱਠੀ 8 ਜਨਵਰੀ 1998 ਦੇ “ਜਾਗਰੂਕ ਬਣੋ!” ਵਿਚ “ਸੱਤਾਂ ਪੁੱਤਰਾਂ ਨੂੰ ਪਾਲਣ ਦੀਆਂ ਚੁਣੌਤੀਆਂ ਅਤੇ ਬਰਕਤਾਂ” ਦੇ ਲੇਖ ਦੇ ਕਾਰਨ ਭੇਜੀ ਗਈ ਸੀ।
ਮੇਰੇ ਪਿਆਰੇ ਭਰਾ ਅਤੇ ਭੈਣ ਜੀ ਡਿਕਮਨ,
ਮੈਂ ਤੁਹਾਡੀ ਕਹਾਣੀ ਪੜ੍ਹ ਕੇ ਫ਼ੌਰਨ ਤੁਹਾਨੂੰ ਚਿੱਠੀ ਲਿਖਣੀ ਸ਼ੁਰੂ ਕੀਤੀ। ਮੈਂ ਕਈ ਸਾਲ ਪਹਿਲਾਂ [1960-61] ਮਿਸਿਸਿਪੀ ਵਿਚ ਤੁਹਾਡੇ ਪਰਿਵਾਰ ਨੂੰ ਜਾਣਦੀ ਸੀ। ਦਰਅਸਲ, ਮੈਂ ਤੁਹਾਡੇ ਮੁੰਡਿਆਂ ਨਾਲ ਸਕੂਲ ਵਿਚ ਪੜ੍ਹਦੀ ਹੁੰਦੀ ਸੀ ਅਤੇ ਅਕਸਰ ਉਨ੍ਹਾਂ ਨਾਲ ਖੇਡਣ ਤੁਹਾਡੇ ਘਰ ਆਉਂਦੀ ਹੁੰਦੀ ਸੀ। ਪਰ ਛੋਟੇ ਹੁੰਦਿਆਂ ਜਿਸ ਗੱਲ ਨੇ ਮੇਰੇ ਉੱਤੇ ਸਭ ਤੋਂ ਜ਼ਿਆਦਾ ਅਸਰ ਪਾਇਆ ਉਹ ਇਹ ਸੀ ਕਿ ਤੁਹਾਡੇ ਮੁੰਡੇ ਆਪਣੀ ਮਸੀਹੀ ਜ਼ਮੀਰ ਕਾਰਨ ਝੰਡੇ ਨੂੰ ਸਲੂਟ ਨਹੀਂ ਮਾਰਦੇ ਸਨ। ਭਾਵੇਂ ਕਿ ਮੈਂ ਗ੍ਰੈਂਡਵਯੂ ਬੈਪਟਿਸਟ ਚਰਚ ਦੀ ਮੈਂਬਰ ਹੁੰਦੀ ਸੀ, ਜਦੋਂ ਤੁਹਾਡੇ ਇਕ ਮੁੰਡੇ ਨੇ ਆਪਣੇ ਦ੍ਰਿੜ੍ਹ ਵਿਸ਼ਵਾਸ ਬਾਰੇ ਮੈਨੂੰ ਦੱਸਿਆ ਮੈਨੂੰ ਪਤਾ ਸੀ ਕਿ ਉਸ ਦੀ ਗੱਲ ਸੱਚੀ ਸੀ।
ਉਨ੍ਹਾਂ ਵਿੱਚੋਂ ਇਕ ਨੇ ਮੈਨੂੰ ਫ਼ਰੌਮ ਪੈਰਾਡਾਇਸ ਲੋਸਟ ਟੂ ਪੈਰਾਡਾਇਸ ਰਿਗੇਂਡa ਨਾਂ ਦੀ ਕਿਤਾਬ ਦਿੱਤੀ, ਜਾਂ ਹੋ ਸਕਦਾ ਹੈ ਕਿ ਮੈਂ ਇਹ ਚੋਰੀ ਕਰ ਲਈ ਸੀ। ਹੁਣ ਯਾਦ ਨਹੀਂ, ਪਰ ਜੋ ਵੀ ਸੀ, ਮੈਂ ਸਾਰੀ ਕਿਤਾਬ ਪੜ੍ਹੀ। ਉਦੋਂ ਤਾਂ ਉਹ ਮੈਨੂੰ ਸਿਰਫ਼ ਕਹਾਣੀਆਂ ਦੀ ਇਕ ਸੋਹਣੀ ਕਿਤਾਬ ਲੱਗਦੀ ਸੀ। ਮੈਨੂੰ ਇਹ ਨਹੀਂ ਸੀ ਪਤਾ ਕਿ ਸੱਚਾਈ ਦੇ ਬੀ ਬੀਜੇ ਜਾ ਰਹੇ ਸਨ ਜੋ ਕਈਆਂ ਸਾਲਾਂ ਬਾਅਦ ਉੱਗਣਗੇ।
ਮੇਰੇ ਪਰਿਵਾਰ ਦੀ ਬਦਲੀ 1964 ਵਿਚ ਉੱਤਰ ਵੱਲ ਹੋ ਗਈ ਅਤੇ ਮੈਂ ਚਰਚ ਜਾਣਾ ਛੱਡ ਦਿੱਤਾ। ਧਰਮਾਂ ਵਿਚ ਹੋ ਰਹੇ ਪਖੰਡ ਦੇਖ ਕੇ ਮੈਂ ਨਿਰਾਸ਼ ਹੋਈ ਅਤੇ ਕਈਆਂ ਸਾਲਾਂ ਲਈ ਮੈਂ ਕਿਸੇ ਵੀ ਧਰਮ ਵਿਚ ਹਿੱਸਾ ਨਹੀਂ ਲਿਆ।
ਕਈ ਸਾਲ ਬਾਅਦ, ਜਦੋਂ ਮੈਂ ਜੀਵਨ ਦੇ ਮਕਸਦ ਬਾਰੇ ਜ਼ਿਆਦਾ ਸੋਚਣ ਲੱਗੀ, ਮੈਨੂੰ ਅਹਿਸਾਸ ਹੋਇਆ ਕਿ ਮੈਂ ਪਰਮੇਸ਼ੁਰ ਨਾਲ ਰਿਸ਼ਤਾ ਕਾਇਮ ਕਰਨਾ ਚਾਹੁੰਦੀ ਸੀ ਅਤੇ ਉਸ ਨੂੰ ਚੰਗੀ ਤਰ੍ਹਾਂ ਜਾਣਨਾ ਚਾਹੁੰਦੀ ਸੀ। ਮੈਂ ਚਾਹੁੰਦੀ ਸੀ ਕਿ ਇਸ ਰਿਸ਼ਤੇ ਵਿਚ ਕੋਈ ਪਖੰਡ ਨਾ ਹੋਵੇ। ਜੋ ਸੱਚਾਈ ਦੇ ਬੀ ਕਈ ਸਾਲ ਪਹਿਲਾਂ ਬੀਜੇ ਗਏ ਸਨ, ਹੁਣ ਉੱਗਣ ਲੱਗ ਪਏ; ਪਰ ਇਸ ਗੱਲ ਨੂੰ ਮੈਂ ਹਾਲੇ ਪਛਾਣਿਆ ਨਹੀਂ ਸੀ।
ਮੈਂ ਹਰ ਵੇਲੇ ਇਸ ਗੱਲ ਬਾਰੇ ਸੋਚਦੀ ਸੀ ਕਿ ਮੈਂ ਸਵਰਗ ਨੂੰ ਨਹੀਂ ਜਾਣਾ ਚਾਹੁੰਦੀ; ਮੈਂ ਧਰਤੀ ਉੱਤੇ ਹੀ ਰਹਿਣਾ ਚਾਹੁੰਦੀ ਸੀ। ਮੇਰੀਆਂ ਨਜ਼ਰਾਂ ਵਿਚ ਧਰਤੀ ਬਹੁਤ ਹੀ ਸ਼ਾਨਦਾਰ ਸੀ, ਸੋ ਪਰਮੇਸ਼ੁਰ ਇਸ ਨੂੰ ਨਾਸ਼ ਕਿਉਂ ਕਰੇਗਾ? ਮੈਂ ਇਹ ਵੀ ਨਹੀਂ ਮੰਨਦੀ ਸੀ ਕਿ ਯਿਸੂ ਪਰਮੇਸ਼ੁਰ ਹੈ। ਜੇਕਰ ਉਹ ਪਰਮੇਸ਼ੁਰ ਹੁੰਦਾ, ਤਾਂ ਉਸ ਦਾ ਬਲੀਦਾਨ ਇਕ ਫ਼ਰੇਬ ਹੋਣਾ ਸੀ। ਬੈਪਟਿਸਟ ਚਰਚ ਵਿਚ ਮੈਨੂੰ ਸਿਖਾਈਆਂ ਗਈਆਂ ਗੱਲਾਂ ਨਾਲ ਅਜਿਹੇ ਸੋਚ-ਵਿਚਾਰ ਅਤੇ ਵਿਸ਼ਵਾਸ ਨਹੀਂ ਮਿਲਦੇ-ਜੁਲਦੇ ਸਨ। ਇਸ ਲਈ ਮੈਂ ਦਿਲੋਂ ਪ੍ਰਾਰਥਨਾ ਕਰਨ ਲੱਗ ਪਈ, ਅਤੇ ਯਹੋਵਾਹ ਨੇ ਮੇਰੀ ਪ੍ਰਾਰਥਨਾ ਦਾ ਜਵਾਬ ਜਲਦੀ ਦਿੱਤਾ। ਕੁਝ ਹੀ ਦਿਨਾਂ ਵਿਚ ਯਹੋਵਾਹ ਦੇ ਗਵਾਹ ਮੇਰੇ ਘਰ ਆਏ ਅਤੇ ਮੈਂ ਫ਼ੌਰਨ ਇਕ ਬਾਈਬਲ ਸਟੱਡੀ ਸ਼ੁਰੂ ਕਰ ਲਈ। ਤੁਹਾਡੇ ਪਰਿਵਾਰ ਨੂੰ ਜਾਣਨ ਦੇ ਸਮੇਂ ਤੋਂ ਲੈ ਕੇ ਆਪਣੀ ਸਟੱਡੀ ਸ਼ੁਰੂ ਕਰਨ ਤਕ ਮੈਂ ਕਦੀ ਵੀ ਯਹੋਵਾਹ ਦੇ ਗਵਾਹਾਂ ਨਾਲ ਗੱਲ-ਬਾਤ ਨਹੀਂ ਕੀਤੀ। ਫਿਰ ਵੀ ਮੈਂ ਹਮੇਸ਼ਾ ਤੁਹਾਡੇ ਮੁੰਡਿਆਂ ਦੀ ਹਿੰਮਤ ਅਤੇ ਸੱਚਾਈ ਲਈ ਉਨ੍ਹਾਂ ਦੇ ਜੋਸ਼ ਦੀ ਕਦਰ ਕਰਦੀ ਰਹੀ। ਆਪਣੀ ਸਟੱਡੀ ਰਾਹੀਂ ਗਿਆਨ ਹਾਸਲ ਕਰਨ ਤੋਂ ਬਾਅਦ, ਮੈਂ ਸਭ ਕੁਝ ਸਮਝਣ ਲੱਗੀ। ਮੈਨੂੰ ਆਪਣੀ ਜ਼ਿੰਦਗੀ ਸੁਧਾਰਨ ਵਿਚ ਡੇਢ ਕੁ ਸਾਲ ਲੱਗਾ। ਅਖ਼ੀਰ ਵਿਚ ਮੈਂ 1975 ਵਿਚ ਬਪਤਿਸਮਾ ਲੈ ਲਿਆ।
ਜਦੋਂ ਵੀ ਅਸੀਂ ਆਪਣੇ ਚਾਲ-ਚੱਲਣ ਬਾਰੇ ਗੱਲ-ਬਾਤ ਕਰਦੇ ਹਾਂ ਕਿ ਉਹ ਸਾਡੇ ਜਾਣਨ ਤੋਂ ਬਗੈਰ ਕਿਸ ਤਰ੍ਹਾਂ ਗਵਾਹੀ ਦੇ ਸਕਦਾ ਹੈ, ਮੈਨੂੰ ਤੁਹਾਡੇ ਪਰਿਵਾਰ ਦੀ ਯਾਦ ਆਉਂਦੀ ਹੈ। ਜਦੋਂ ਅਸੀਂ ਹਰ ਮੌਕੇ ਤੇ ਗਵਾਹੀ ਦੇਣ ਦੀ ਜ਼ਰੂਰਤ ਵੱਲ ਧਿਆਨ ਦਿੰਦੇ ਹਾਂ, ਕਿਉਂਕਿ ਸਾਨੂੰ ਇਹ ਨਹੀਂ ਪਤਾ ਕਿ ਕਦੋਂ ਅਤੇ ਕਿਸ ਉੱਤੇ ਉਸ ਦਾ ਅਸਰ ਪਵੇਗਾ, ਤਾਂ ਮੈਂ ਆਪਣੇ ਨਿੱਜੀ ਅਨੁਭਵ ਤੋਂ ਜਾਣਦੀ ਹਾਂ ਕਿ ਇਹ ਗੱਲ ਕਿੰਨੀ ਸੱਚੀ ਹੈ।
ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਯਹੋਵਾਹ ਦੇ ਲੋਕ ਹੋ ਕੇ ਉਸ ਵੇਲੇ ਆਪਣੇ ਵਿਸ਼ਵਾਸਾਂ ਤੇ ਕਾਇਮ ਰਹੇ। ਤੁਸੀਂ ਅਣਜਾਣੇ ਵਿਚ ਸੱਚਾਈ ਨੂੰ ਲੱਭਣ ਦੀ ਕਿਸੇ ਦੀ ਮਦਦ ਕੀਤੀ। ਤੁਹਾਡੇ ਪਰਿਵਾਰ ਦੇ ਚਾਲ-ਚੱਲਣ ਅਤੇ ਤੁਹਾਡੀ ਨਿਸ਼ਚਾ ਨੇ ਸੱਚਾਈ ਦਾ ਚਾਨਣ ਚਮਕਣ ਦਿੱਤਾ। ਮੈਂ ਤਾਂ ਸੋਚਿਆ ਸੀ ਕਿ ਸ਼ਾਇਦ ਮੈਨੂੰ ਕਦੀ ਵੀ ਨਹੀਂ ਪਤਾ ਲੱਗੇਗਾ ਕਿ ਤੁਸੀਂ ਕਿੱਥੇ ਹੋ ਅਤੇ ਤੁਹਾਡਾ ਸ਼ੁਕਰੀਆ ਕਰਨ ਦਾ ਮੌਕਾ ਨਹੀਂ ਮਿਲੇਗਾ। ਹੁਣ ਮੈਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਕਰਨਾ ਚਾਹੁੰਦੀ ਹਾਂ।
ਬਹੁਤ ਸਾਰਾ ਮਸੀਹੀ ਪ੍ਰੇਮ,
ਏਲ. ਓ.
[ਫੁਟਨੋਟ]
a ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ 1958 ਵਿਚ ਪ੍ਰਕਾਸ਼ਿਤ; ਹੁਣ ਉਪਲਬਧ ਨਹੀਂ ਹੈ।