ਬੀਆਂ ਨੂੰ ਵਧਣ-ਫੁੱਲਣ ਲਈ ਪਾਣੀ ਦਿਓ
1. ਕਿਸ ਚੀਜ਼ ਨੂੰ ਵਧਣ-ਫੁੱਲਣ ਲਈ ਪਾਣੀ ਦੇਣ ਦੀ ਜ਼ਰੂਰਤ ਹੈ?
1 ਬਾਗ਼ ਵਿਚ ਬੀਜੇ ਬੀਆਂ ਨੂੰ ਵਧਣ-ਫੁੱਲਣ ਲਈ ਪਾਣੀ ਦੇਣਾ ਜ਼ਰੂਰੀ ਹੈ। ਇਹੀ ਗੱਲ ਸੱਚਾਈ ਦੇ ਬੀਆਂ ਬਾਰੇ ਵੀ ਸੱਚ ਹੈ ਜੋ ਅਸੀਂ ਆਪਣੇ ਇਲਾਕੇ ਵਿਚ ਰਹਿੰਦੇ ਲੋਕਾਂ ਦੇ ਦਿਲਾਂ ਵਿਚ ਬੀਜਦੇ ਹਾਂ। (1 ਕੁਰਿੰ. 3:6) ਸਾਨੂੰ ਰਿਟਰਨ ਵਿਜ਼ਿਟ ਕਰਨ ਅਤੇ ਪਰਮੇਸ਼ੁਰ ਦਾ ਬਚਨ ਵਰਤ ਕੇ ਉਨ੍ਹਾਂ ਬੀਆਂ ਨੂੰ ਪਾਣੀ ਦੇਣ ਦੀ ਲੋੜ ਹੈ ਤਾਂਕਿ ਉਹ ਲੋਕਾਂ ਦੇ ਦਿਲਾਂ ਵਿਚ ਜੜ੍ਹ ਫੜ ਕੇ ਵਧਣ-ਫੁੱਲਣ।
2. ਅਸੀਂ ਪਹਿਲੀ ਮੁਲਾਕਾਤ ਵੇਲੇ ਕੀ ਕਰ ਸਕਦੇ ਹਾਂ ਜਿਸ ਨਾਲ ਸਾਨੂੰ ਰਿਟਰਨ ਵਿਜ਼ਿਟ ਕਰਨ ਦਾ ਮੌਕਾ ਮਿਲੇ?
2 ਸਵਾਲ ਪੁੱਛੋ: ਪੇਸ਼ਕਾਰੀ ਤਿਆਰ ਕਰਦਿਆਂ, ਕਿਉਂ ਨਾ ਦਿਲਚਸਪੀ ਜਗਾਉਣ ਵਾਲੇ ਕਿਸੇ ਸਵਾਲ ਬਾਰੇ ਸੋਚੋ ਜਿਸ ਦਾ ਜਵਾਬ ਤੁਸੀਂ ਰਿਟਰਨ ਵਿਜ਼ਿਟ ਕਰਨ ਵੇਲੇ ਦੇ ਸਕਦੇ ਹੋ? ਪਹਿਲੀ ਮੁਲਾਕਾਤ ਸਮਾਪਤ ਕਰਦਿਆਂ ਇਹ ਸਵਾਲ ਪੁੱਛੋ ਅਤੇ ਵਾਪਸ ਜਾ ਕੇ ਵਿਅਕਤੀ ਨੂੰ ਮਿਲਣ ਦਾ ਪੱਕਾ ਇੰਤਜ਼ਾਮ ਕਰੋ। ਕਈ ਭੈਣ-ਭਰਾ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਪੁਸਤਕ ਤੋਂ ਜਾਣਕਾਰੀ ਚੁਣ ਲੈਂਦੇ ਹਨ ਜਿਸ ਦੀ ਮਦਦ ਨਾਲ ਉਹ ਦਿਖਾ ਸਕਦੇ ਹਨ ਕਿ ਬਾਈਬਲ ਸਟੱਡੀ ਕਿਵੇਂ ਕੀਤੀ ਜਾਂਦੀ ਹੈ।
3. ਪਹਿਲੀ ਮੁਲਾਕਾਤ ਵੇਲੇ ਕਿਹੜੀ ਜਾਣਕਾਰੀ ਲਿਖਣੀ ਫ਼ਾਇਦੇਮੰਦ ਹੋ ਸਕਦੀ ਹੈ?
3 ਨੋਟ ਲਿਖੋ: ਪਹਿਲੀ ਮੁਲਾਕਾਤ ਕਰਨ ਤੋਂ ਬਾਅਦ ਫ਼ੌਰਨ ਹੀ ਉਸ ਵਿਅਕਤੀ ਦਾ ਨਾਂ, ਪਤਾ, ਗੱਲਬਾਤ ਕਰਨ ਦੀ ਤਾਰੀਖ਼ ਅਤੇ ਸਮਾਂ ਲਿਖ ਲਓ। ਇਹ ਵੀ ਲਿਖੋ ਕਿ ਤੁਸੀਂ ਕਿਸ ਵਿਸ਼ੇ ਉੱਤੇ ਗੱਲ ਕੀਤੀ ਸੀ ਅਤੇ ਉਸ ਨੂੰ ਕਿਹੜਾ ਸਾਹਿੱਤ ਦਿੱਤਾ। ਕੀ ਉਸ ਨੇ ਤੁਹਾਨੂੰ ਆਪਣੇ ਧਰਮ ਬਾਰੇ ਕੁਝ ਦੱਸਿਆ? ਕੀ ਉਹ ਸ਼ਾਦੀ-ਸ਼ੁਦਾ ਅਤੇ ਉਸ ਦੇ ਬੱਚੇ ਹਨ? ਕੀ ਉਸ ਨੇ ਆਪਣੀਆਂ ਰੁਚੀਆਂ ਅਤੇ ਚਿੰਤਾਵਾਂ ਦਾ ਜ਼ਿਕਰ ਕੀਤਾ ਸੀ? ਅਜਿਹੀ ਜਾਣਕਾਰੀ ਅਗਲੀ ਵਿਜ਼ਿਟ ਦੀ ਤਿਆਰੀ ਕਰਨ ਵਿਚ ਤੁਹਾਡੀ ਮਦਦ ਕਰੇਗੀ। ਨਾਲੇ ਇਹ ਵੀ ਲਿਖੋ ਕਿ ਤੁਸੀਂ ਅਗਲੀ ਵਿਜ਼ਿਟ ਕਦੋਂ ਕਰੋਗੇ ਅਤੇ ਕਿਹੜੇ ਸਵਾਲ ਦਾ ਜਵਾਬ ਦੇਵੋਗੇ।
4. ਸਾਨੂੰ ਦਿਲਚਸਪੀ ਦਿਖਾਉਣ ਵਾਲੇ ਵਿਅਕਤੀ ਨੂੰ ਮੁੜ ਕੇ ਮਿਲਣ ਦੇ ਸੰਬੰਧ ਵਿਚ ਹਿੰਮਤ ਕਿਉਂ ਨਹੀਂ ਹਾਰਨੀ ਚਾਹੀਦੀ?
4 ਹਿੰਮਤ ਨਾ ਹਾਰੋ: ਸ਼ਤਾਨ ਲੋਕਾਂ ਦੇ ਦਿਲਾਂ ਵਿਚ ਬੀਜੇ ਬੀ ਯਾਨੀ “ਬਚਨ” ਨੂੰ ਜੜ੍ਹ ਫੜਨ ਤੋਂ ਰੋਕਣ ਲਈ ਆਪਣੀ ਪੂਰੀ ਵਾਹ ਲਾਵੇਗਾ। (ਮਰ. 4:14, 15) ਜੇ ਤੁਹਾਡੇ ਵਾਰ-ਵਾਰ ਜਾਣ ਤੇ ਦਿਲਚਸਪੀ ਦਿਖਾਉਣ ਵਾਲਾ ਵਿਅਕਤੀ ਦੁਬਾਰਾ ਘਰ ਨਹੀਂ ਮਿਲਦਾ, ਤਾਂ ਹਿੰਮਤ ਨਾ ਹਾਰੋ। ਕੀ ਤੁਸੀਂ ਉਸ ਨੂੰ ਚਿੱਠੀ ਲਿਖ ਸਕਦੇ ਹੋ ਜਾਂ ਇਕ ਨੋਟ ਲਿਖ ਕੇ ਉਸ ਦੇ ਘਰ ਛੱਡ ਸਕਦੇ ਹੋ? ਇਕ ਪਾਇਨੀਅਰ ਭੈਣ ਨੇ ਇਕ ਔਰਤ ਨਾਲ ਬਾਈਬਲ ਸਟੱਡੀ ਸ਼ੁਰੂ ਕੀਤੀ, ਪਰ ਉਹ ਉਸ ਨੂੰ ਮੁੜ ਕੇ ਘਰ ਨਾ ਮਿਲੀ, ਇਸ ਲਈ ਉਸ ਨੇ ਉਸ ਨੂੰ ਚਿੱਠੀ ਲਿਖ ਕੇ ਭੇਜੀ। ਆਖ਼ਰਕਾਰ ਜਦੋਂ ਔਰਤ ਉਸ ਨੂੰ ਘਰ ਮਿਲ ਗਈ, ਤਾਂ ਉਸ ਨੇ ਭੈਣ ਨੂੰ ਦੱਸਿਆ ਕਿ ਉਹ ਕਿੰਨੀ ਪ੍ਰਭਾਵਿਤ ਹੋਈ ਕਿਉਂਕਿ ਭੈਣ ਨੇ ਉਸ ਵਿਚ ਨਿੱਜੀ ਦਿਲਚਸਪੀ ਦਿਖਾਈ। ਸੱਚਾਈ ਦੇ ਬੀਆਂ ਨੂੰ ਪਾਣੀ ਦੇ ਕੇ ਅਸੀਂ ਉਹ ਖ਼ੁਸ਼ੀ ਪਾਉਂਦੇ ਹਾਂ ਜੋ ਉਨ੍ਹਾਂ ਨੂੰ ਪੁੰਗਰਦੇ ਅਤੇ ਵਧਦੇ-ਫੁੱਲਦੇ ਦੇਖ ਕੇ ਮਿਲਦੀ ਹੈ ਜਿਉਂ-ਜਿਉਂ ਉਹ “ਤੀਹ ਗੁਣਾ ਕੁਝ ਸੱਠ ਗੁਣਾ ਕੁਝ ਸੌ ਗੁਣਾ” ਫਲ ਦਿੰਦੇ ਹਨ।—ਮਰ. 4:20.