ਹੋਰ ਵਧੀਆ ਪ੍ਰਚਾਰਕ ਬਣੋ—ਘਰ-ਮਾਲਕ ਨੂੰ ਦੁਬਾਰਾ ਮਿਲਣ ਦਾ ਇੰਤਜ਼ਾਮ ਕਰੋ
ਇਸ ਤਰ੍ਹਾਂ ਕਰਨਾ ਜ਼ਰੂਰੀ ਕਿਉਂ ਹੈ: ਜਦੋਂ ਪ੍ਰਚਾਰ ਵਿਚ ਕੋਈ ਦਿਲਚਸਪੀ ਦਿਖਾਉਂਦਾ ਹੈ, ਤਾਂ ਅਸੀਂ ਉਸ ਨੂੰ ਦੁਬਾਰਾ ਮਿਲਣਾ ਚਾਹਾਂਗੇ ਜਦੋਂ ਉਹ ਘਰ ਹੋਵੇ। ਇੱਦਾਂ ਅਸੀਂ ਸੱਚਾਈ ਦਾ ਜੋ ਬੀ ਬੀਜਿਆ ਹੈ, ਉਸ ਨੂੰ ਪਾਣੀ ਦੇ ਸਕਾਂਗੇ। (1 ਕੁਰਿੰ. 3:6) ਇਸ ਲਈ ਜ਼ਰੂਰੀ ਹੈ ਕਿ ਅਸੀਂ ਗੱਲਬਾਤ ਖ਼ਤਮ ਕਰਨ ਤੋਂ ਬਾਅਦ ਉਸ ਨੂੰ ਪੁੱਛੀਏ ਕਿ ਅਸੀਂ ਉਸ ਨੂੰ ਦੁਬਾਰਾ ਕਦੋਂ ਮਿਲ ਸਕਦੇ ਹਾਂ। ਨਾਲੇ ਵਧੀਆ ਹੋਵੇਗਾ ਕਿ ਅਸੀਂ ਅਗਲੀ ਵਾਰ ਚਰਚਾ ਕਰਨ ਲਈ ਇਕ ਸਵਾਲ ਛੱਡ ਕੇ ਆਈਏ। ਇਸ ਨਾਲ ਘਰ-ਮਾਲਕ ਸਾਨੂੰ ਦੁਬਾਰਾ ਮਿਲਣਾ ਚਾਹੇਗਾ। ਜੇਕਰ ਉਸ ਸਵਾਲ ਦਾ ਜਵਾਬ ਘਰ-ਮਾਲਕ ਵੱਲੋਂ ਲਏ ਪ੍ਰਕਾਸ਼ਨ ਵਿਚ ਹੈ, ਤਾਂ ਉਸ ਦੀ ਪ੍ਰਕਾਸ਼ਨ ਪੜ੍ਹਨ ਵਿਚ ਦਿਲਚਸਪੀ ਪੈਦਾ ਹੋ ਸਕਦੀ ਹੈ। ਜਦੋਂ ਅਸੀਂ ਪਹਿਲਾਂ ਹੀ ਘਰ-ਮਾਲਕ ਨੂੰ ਦੱਸ ਦਿੰਦੇ ਹਾਂ ਕਿ ਅਸੀਂ ਕਿਸ ਵਿਸ਼ੇ ਬਾਰੇ ਗੱਲਬਾਤ ਕਰਾਂਗੇ, ਤਾਂ ਦੁਬਾਰਾ ਜਾ ਕੇ ਮਿਲਣਾ ਜ਼ਿਆਦਾ ਆਸਾਨ ਹੋਵੇਗਾ ਅਤੇ ਉਹ ਵੀ ਮਨੋਂ ਤਿਆਰ ਹੋਵੇਗਾ। ਅਸੀਂ ਉਸ ਨੂੰ ਦੁਬਾਰਾ ਮਿਲ ਕੇ ਦੱਸ ਸਕਦੇ ਹਾਂ ਕਿ ਅਸੀਂ ਪਿਛਲੀ ਵਾਰ ਛੱਡੇ ਸਵਾਲ ਦਾ ਜਵਾਬ ਦੇਣ ਆਏ ਹਾਂ ਅਤੇ ਫਿਰ ਗੱਲਬਾਤ ਜਾਰੀ ਰੱਖ ਸਕਦੇ ਹਾਂ।
ਇਸ ਮਹੀਨੇ ਇੱਦਾਂ ਕਰਨ ਦੀ ਕੋਸ਼ਿਸ਼ ਕਰੋ:
ਪ੍ਰਚਾਰ ਲਈ ਤਿਆਰੀ ਕਰਦੇ ਵੇਲੇ ਇਕ ਸਵਾਲ ਤਿਆਰ ਕਰੋ ਜਿਸ ਦਾ ਜਵਾਬ ਤੁਸੀਂ ਘਰ-ਮਾਲਕ ਨੂੰ ਅਗਲੀ ਵਾਰ ਦਿਓਗੇ। ਪ੍ਰਚਾਰ ਵਿਚ ਆਪਣੇ ਸਾਥੀ ਨੂੰ ਵੀ ਉਸ ਸਵਾਲ ਬਾਰੇ ਦੱਸੋ।