ਰਸਾਲੇ ਲੈਣ ਵਾਲਿਆਂ ਨਾਲ ਬਾਈਬਲ ਸਟੱਡੀ ਸ਼ੁਰੂ ਕਰੋ
1. ਲੋਕਾਂ ਨੂੰ ਰਸਾਲੇ ਦੇਣ ਦਾ ਕੀ ਮਕਸਦ ਹੈ?
1 ਸ਼ਨੀਵਾਰ ਨੂੰ ਅਸੀਂ ਆਮ ਤੌਰ ਤੇ ਸੇਵਕਾਈ ਵਿਚ ਲੋਕਾਂ ਨੂੰ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਦਿੰਦੇ ਹਾਂ। ਪਰ ਨੇਕਦਿਲ ਲੋਕਾਂ ਨੂੰ ਸੱਚਾਈ ਸਿਖਾਉਣ ਦਾ ਇਹ ਕੇਵਲ ਪਹਿਲਾ ਕਦਮ ਹੈ। ਹੇਠਾਂ ਕੁਝ ਸੁਝਾਅ ਦਿੱਤੇ ਗਏ ਹਨ ਕਿ ਅਸੀਂ ਕਿਵੇਂ ਰਸਾਲੇ ਲੈਣ ਵਾਲਿਆਂ ਨੂੰ ਦੁਬਾਰਾ ਮਿਲਣ ਤੇ ਉਨ੍ਹਾਂ ਨੂੰ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦੇ ਕੇ ਬਾਈਬਲ ਸਟੱਡੀ ਸ਼ੁਰੂ ਕਰ ਸਕਦੇ ਹਾਂ। ਸਥਾਨਕ ਪ੍ਰਚਾਰ ਖੇਤਰ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦਿਆਂ ਇਨ੍ਹਾਂ ਸੁਝਾਵਾਂ ਵਿਚ ਫੇਰ-ਬਦਲ ਕੀਤੇ ਜਾ ਸਕਦੇ ਹਨ। ਜੇ ਤੁਸੀਂ ਕੋਈ ਹੋਰ ਅਸਰਦਾਰ ਤਰੀਕਾ ਅਜ਼ਮਾਇਆ ਹੈ, ਤਾਂ ਉਸ ਨੂੰ ਵਰਤਿਆ ਜਾ ਸਕਦਾ ਹੈ।
2. ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦੇ ਸ਼ੁਰੂ ਦੇ ਪੰਨੇ ਇਸਤੇਮਾਲ ਕਰਦੇ ਹੋਏ ਅਸੀਂ ਬਾਈਬਲ ਸਟੱਡੀ ਕਿਵੇਂ ਸ਼ੁਰੂ ਕਰ ਸਕਦੇ ਹਾਂ?
2 ਪਹਿਲੇ ਕੁਝ ਪੰਨੇ ਇਸਤੇਮਾਲ ਕਰੋ: ਰਸਾਲੇ ਲੈਣ ਵਾਲਿਆਂ ਕੋਲ ਵਾਪਸ ਜਾ ਕੇ ਤੁਸੀਂ ਕਹਿ ਸਕਦੇ ਹੋ: “ਜਿਹੜਾ ਰਸਾਲਾ ਮੈਂ ਤੁਹਾਨੂੰ ਦੇ ਗਿਆ ਸੀ, ਉਸ ਵਿਚਲੇ ਵਧੀਆ ਸੁਝਾਅ ਬਾਈਬਲ ਵਿੱਚੋਂ ਲਏ ਗਏ ਹਨ। ਦੇਖੋ ਇਸ ਆਇਤ ਵਿਚ ਬਾਈਬਲ ਪੜ੍ਹਨ ਦੇ ਫ਼ਾਇਦੇ ਦੱਸੇ ਗਏ ਹਨ।” ਯਸਾਯਾਹ 48:17, 18; ਯੂਹੰਨਾ 17:3 ਜਾਂ ਕੋਈ ਹੋਰ ਢੁਕਵਾਂ ਹਵਾਲਾ ਪੜ੍ਹੋ। ਫਿਰ ਉਸ ਨੂੰ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦੀ ਇਕ ਕਾਪੀ ਫੜਾ ਕੇ ਕਹੋ:
◼“ਬਾਈਬਲ ਸਾਨੂੰ ਸੋਹਣੇ ਭਵਿੱਖ ਦੀ ਪੱਕੀ ਉਮੀਦ ਦਿੰਦੀ ਹੈ।” ਕਿਤਾਬ ਦੇ ਸਫ਼ੇ 4-5 ਦਿਖਾ ਕੇ ਪੁੱਛੋ, “ਇਨ੍ਹਾਂ ਵਿੱਚੋਂ ਤੁਸੀਂ ਕਿਹੜਾ ਵਾਅਦਾ ਪੂਰਾ ਹੁੰਦਾ ਦੇਖਣਾ ਚਾਹੋਗੇ?” ਜਦੋਂ ਉਹ ਕਿਸੇ ਇਕ ਵਾਅਦੇ ਵਿਚ ਰੁਚੀ ਲੈਂਦਾ ਹੈ, ਤਾਂ ਉਸ ਵਾਅਦੇ ਨਾਲ ਜੁੜਿਆ ਅਧਿਆਇ ਖੋਲ੍ਹ ਕੇ ਉਸ ਨੂੰ ਦਿਖਾਓ। ਉਸ ਦੀ ਇਜਾਜ਼ਤ ਨਾਲ ਇਕ-ਦੋ ਪੈਰਿਆਂ ਉੱਤੇ ਚਰਚਾ ਕਰੋ।
◼ਜਾਂ ਤੁਸੀਂ ਕਹਿ ਸਕਦੇ ਹੋ, “ਬਾਈਬਲ ਵਿਚ ਜ਼ਿੰਦਗੀ ਦੇ ਅਹਿਮ ਸਵਾਲਾਂ ਦੇ ਜਵਾਬ ਪਾਏ ਜਾਂਦੇ ਹਨ।” ਕਿਤਾਬ ਦਾ 6ਵਾਂ ਸਫ਼ਾ ਖੋਲ੍ਹ ਕੇ ਵਿਖਾਓ। ਫਿਰ ਪੁੱਛੋ ਕਿ ਕੀ ਕਦੇ ਉਸ ਨੇ ਸਫ਼ੇ ਦੇ ਅਖ਼ੀਰ ਵਿਚ ਦਿੱਤੇ ਸਵਾਲਾਂ ਵਿੱਚੋਂ ਕਿਸੇ ਸਵਾਲ ਬਾਰੇ ਸੋਚਿਆ ਹੈ। ਜੇ ਉਹ ਕੋਈ ਸਵਾਲ ਚੁਣਦਾ ਹੈ, ਤਾਂ ਜਵਾਬ ਦੇਣ ਲਈ ਢੁਕਵਾਂ ਅਧਿਆਇ ਖੋਲ੍ਹੋ ਅਤੇ ਸੰਖੇਪ ਵਿਚ ਇਕ-ਦੋ ਪੈਰਿਆਂ ਤੇ ਚਰਚਾ ਕਰੋ।
◼ਜਾਂ ਤੁਸੀਂ ਵਿਸ਼ਾ-ਸੂਚੀ ਵਿੱਚੋਂ ਕੁਝ ਵਿਸ਼ੇ ਦਿਖਾ ਕੇ ਪੁੱਛ ਸਕਦੇ ਹੋ ਕਿ ਉਸ ਨੂੰ ਕਿਹੜੇ ਵਿਸ਼ੇ ਵਿਚ ਰੁਚੀ ਹੈ। ਉਸ ਵੱਲੋਂ ਚੁਣਿਆ ਅਧਿਆਇ ਖੋਲ੍ਹੋ ਅਤੇ ਸੰਖੇਪ ਵਿਚ ਦਿਖਾਓ ਕਿ ਬਾਈਬਲ ਸਟੱਡੀ ਕਿੱਦਾਂ ਕੀਤੀ ਜਾਂਦੀ ਹੈ।
3. (ੳ) ਦੁਨੀਆਂ ਦੇ ਵਿਗੜਦੇ ਹਾਲਾਤ (ਅ) ਪਰਿਵਾਰ ਜਾਂ (ੲ) ਬਾਈਬਲ ਦੀ ਭਰੋਸੇਯੋਗਤਾ ਬਾਰੇ ਚਰਚਾ ਕਰਨ ਵਾਲੇ ਰਸਾਲੇ ਦੇਣ ਤੋਂ ਬਾਅਦ ਅਸੀਂ ਬਾਈਬਲ ਸਟੱਡੀ ਕਿਵੇਂ ਸ਼ੁਰੂ ਕਰ ਸਕਦੇ ਹਾਂ?
3 ਪਹਿਲੀ ਮੁਲਾਕਾਤ ਤੇ ਕੋਈ ਸਵਾਲ ਪੁੱਛੋ: ਇਕ ਹੋਰ ਤਰੀਕਾ ਹੈ ਕਿ ਤੁਸੀਂ ਪਹਿਲੀ ਮੁਲਾਕਾਤ ਤੇ ਹੀ ਦੁਬਾਰਾ ਮਿਲਣ ਦਾ ਇੰਤਜ਼ਾਮ ਕਰੋ। ਘਰ-ਸੁਆਮੀ ਨੂੰ ਰਸਾਲਾ ਦੇਣ ਤੋਂ ਬਾਅਦ ਕੋਈ ਸਵਾਲ ਪੁੱਛੋ ਅਤੇ ਕਹੋ ਕਿ ਤੁਸੀਂ ਦੁਬਾਰਾ ਆ ਕੇ ਇਸ ਦਾ ਜਵਾਬ ਦਿਓਗੇ। ਹੋ ਸਕੇ ਤਾਂ ਦੁਬਾਰਾ ਮਿਲਣ ਦਾ ਪੱਕਾ ਸਮਾਂ ਨਿਸ਼ਚਿਤ ਕਰੋ ਤੇ ਮਿੱਥੇ ਸਮੇਂ ਤੇ ਉਸ ਕੋਲ ਜ਼ਰੂਰ ਜਾਓ। (ਮੱਤੀ 5:37) ਦੁਬਾਰਾ ਮਿਲਣ ਤੇ ਘਰ-ਸੁਆਮੀ ਨੂੰ ਸਵਾਲ ਚੇਤੇ ਕਰਾਓ। ਫਿਰ ਸੰਖੇਪ ਵਿਚ ਇਸ ਸਵਾਲ ਦਾ ਜਵਾਬ ਕਿਤਾਬ ਵਿੱਚੋਂ ਪੜ੍ਹੋ ਅਤੇ ਇਸ ਉੱਤੇ ਚਰਚਾ ਕਰੋ। ਉਸ ਨੂੰ ਵੀ ਇਕ ਕਾਪੀ ਦਿਓ ਤਾਂਕਿ ਉਹ ਵੀ ਪੈਰਾ ਦੇਖ ਸਕੇ। ਇੱਥੇ ਕੁਝ ਉਦਾਹਰਣਾਂ ਦਿੱਤੀਆਂ ਹਨ:
◼ਜੇ ਤੁਸੀਂ ਦੁਨੀਆਂ ਦੇ ਵਿਗੜਦੇ ਹਾਲਾਤਾਂ ਦੀ ਚਰਚਾ ਕਰਨ ਵਾਲਾ ਰਸਾਲਾ ਦਿੱਤਾ ਹੈ, ਤਾਂ ਤੁਸੀਂ ਕਹਿ ਸਕਦੇ ਹੋ, “ਅਗਲੀ ਵਾਰ ਅਸੀਂ ਬਾਈਬਲ ਵਿੱਚੋਂ ਇਸ ਸਵਾਲ ਦਾ ਜਵਾਬ ਦੇਖਾਂਗੇ ਕਿ ਪਰਮੇਸ਼ੁਰ ਧਰਤੀ ਉੱਤੇ ਕਿਹੜੀਆਂ ਤਬਦੀਲੀਆਂ ਕਰੇਗਾ?” ਦੁਬਾਰਾ ਮਿਲਣ ਤੇ ਸਫ਼ੇ 4-5 ਉੱਤੇ ਚਰਚਾ ਕਰੋ। ਜਾਂ ਤੁਸੀਂ ਸਵਾਲ ਕਰ ਸਕਦੇ ਹੋ ਕਿ “ਕੀ ਬਿਪਤਾਵਾਂ ਪਰਮੇਸ਼ੁਰ ਦੀ ਮਰਜ਼ੀ ਹਨ?” ਦੁਬਾਰਾ ਮਿਲਣ ਤੇ ਉਸ ਨੂੰ ਪਹਿਲੇ ਅਧਿਆਇ ਦੇ ਪੈਰੇ 7-8 ਦਿਖਾਓ।
◼ਜੇ ਤੁਸੀਂ ਪਰਿਵਾਰ ਬਾਰੇ ਚਰਚਾ ਕਰਨ ਵਾਲਾ ਰਸਾਲਾ ਦਿੱਤਾ ਹੈ, ਤਾਂ ਤੁਸੀਂ ਪੁੱਛ ਸਕਦੇ ਹੋ, “ਘਰ ਨੂੰ ਸਵਰਗ ਬਣਾਉਣ ਲਈ ਹਰ ਮੈਂਬਰ ਕੀ ਕਰ ਸਕਦਾ ਹੈ?” ਦੁਬਾਰਾ ਮਿਲਣ ਤੇ ਅਧਿਆਇ 14 ਦੇ ਪੈਰਾ 4 ਉੱਤੇ ਚਰਚਾ ਕਰੋ।
◼ਜੇ ਤੁਸੀਂ ਬਾਈਬਲ ਦੀ ਭਰੋਸੇਯੋਗਤਾ ਉੱਤੇ ਚਰਚਾ ਕਰਨ ਵਾਲਾ ਰਸਾਲਾ ਦਿੱਤਾ ਹੈ, ਤਾਂ ਤੁਸੀਂ ਅਗਲੀ ਚਰਚਾ ਲਈ ਸਵਾਲ ਪੁੱਛ ਸਕਦੇ ਹੋ, “ਕੀ ਬਾਈਬਲ ਦੀਆਂ ਗੱਲਾਂ ਵਿਗਿਆਨ ਨਾਲ ਮੇਲ ਖਾਂਦੀਆਂ ਹਨ?” ਦੁਬਾਰਾ ਮਿਲਣ ਤੇ ਅਧਿਆਇ 2 ਵਿੱਚੋਂ ਪੈਰਾ 8 ਉੱਤੇ ਚਰਚਾ ਕਰੋ।
4. ਜੇ ਕੋਈ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਸਵੀਕਾਰ ਨਹੀਂ ਕਰਦਾ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?
4 ਹਰ ਵਾਰ ਚਰਚਾ ਨੂੰ ਇਕ ਹੋਰ ਸਵਾਲ ਨਾਲ ਖ਼ਤਮ ਕਰੋ ਤਾਂਕਿ ਤੁਸੀਂ ਦੁਬਾਰਾ ਆ ਕੇ ਉਸ ਦਾ ਜਵਾਬ ਦੇ ਸਕੋ। ਫਿਰ ਜਦੋਂ ਵਿਅਕਤੀ ਬਾਕਾਇਦਾ ਸਟੱਡੀ ਕਰਨ ਲਈ ਤਿਆਰ ਹੋ ਜਾਂਦਾ ਹੈ, ਤਾਂ ਕਿਤਾਬ ਦੇ ਪਹਿਲੇ ਅਧਿਆਇ ਤੋਂ ਸਟੱਡੀ ਸ਼ੁਰੂ ਕੀਤੀ ਜਾ ਸਕਦੀ ਹੈ। ਪਰ ਉਦੋਂ ਕੀ ਕਰੀਏ ਜੇ ਵਿਅਕਤੀ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਸਵੀਕਾਰ ਨਹੀਂ ਕਰਦਾ? ਉਸ ਨੂੰ ਰਸਾਲਿਆਂ ਦੇ ਨਵੇਂ ਅੰਕ ਦਿੰਦੇ ਰਹੋ ਅਤੇ ਹਰ ਵਾਰ ਉਸ ਨਾਲ ਕਿਸੇ ਵਿਸ਼ੇ ਉੱਤੇ ਬਾਈਬਲ ਵਿੱਚੋਂ ਚਰਚਾ ਕਰੋ। ਹੋ ਸਕਦਾ ਹੈ ਕਿ ਉਸ ਦੀ ਰੁਚੀ ਜਾਗ ਪਵੇ ਅਤੇ ਉਹ ਬਾਈਬਲ ਦੀ ਸਟੱਡੀ ਕਰਨ ਲਈ ਤਿਆਰ ਹੋ ਜਾਵੇ।
5. ਸਾਨੂੰ ਸਿਰਫ਼ ਲੋਕਾਂ ਨੂੰ ਰਸਾਲੇ ਦੇ ਕੇ ਹੀ ਬੱਸ ਕਿਉਂ ਨਹੀਂ ਕਰਨੀ ਚਾਹੀਦੀ?
5 ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਲੋਕਾਂ ਵਿਚ ਬਾਈਬਲ ਬਾਰੇ ਜਾਣਨ ਦੀ ਇੱਛਾ ਪੈਦਾ ਕਰ ਸਕਦੇ ਹਨ। ਸੋ ਰਸਾਲੇ ਲੈਣ ਵਾਲਿਆਂ ਨਾਲ ਬਾਈਬਲ ਸਟੱਡੀ ਸ਼ੁਰੂ ਕਰਨ ਦੇ ਖ਼ਾਸ ਜਤਨ ਕਰੋ। ਇੱਦਾਂ ਅਸੀਂ ਯਿਸੂ ਦੀ ਹਿਦਾਇਤ ਮੰਨ ਰਹੇ ਹੋਵਾਂਗੇ ਜਿਸ ਨੇ ਸਾਨੂੰ ਦੂਸਰਿਆਂ ਨੂੰ ‘ਚੇਲੇ ਬਣਾਉਣ ਅਤੇ ਸਿਖਾਉਣ’ ਦਾ ਹੁਕਮ ਦਿੱਤਾ ਹੈ।—ਮੱਤੀ 28:19, 20.