ਲਗਾਤਾਰ ਰਸਾਲੇ ਲੈਣ ਵਾਲਿਆਂ ਨਾਲ ਬਾਈਬਲ ਸਟੱਡੀ ਸ਼ੁਰੂ ਕਰੋ
1. ਯਹੋਵਾਹ ਦਾ ਸੰਗਠਨ ਪਬਲੀਸ਼ਰਾਂ ਨੂੰ ਕਿਉਂ ਹੱਲਾਸ਼ੇਰੀ ਦਿੰਦਾ ਹੈ ਕਿ ਉਹ ਲੋਕਾਂ ਨੂੰ ਲਗਾਤਾਰ ਰਸਾਲੇ ਦਿੰਦੇ ਰਹਿਣ?
1 ਬਹੁਤ ਸਾਰੇ ਲੋਕ ਸਾਡੇ ਨਾਲ ਬਾਈਬਲ ਸਟੱਡੀ ਕਰਨ ਲਈ ਤਿਆਰ ਨਹੀਂ ਹੁੰਦੇ, ਪਰ ਸਾਡੇ ਰਸਾਲੇ ਪੜ੍ਹਨੇ ਪਸੰਦ ਕਰਦੇ ਹਨ। ਇਸ ਲਈ ਯਹੋਵਾਹ ਦਾ ਸੰਗਠਨ ਪਬਲੀਸ਼ਰਾਂ ਨੂੰ ਹੱਲਾਸ਼ੇਰੀ ਦਿੰਦਾ ਹੈ ਕਿ ਉਹ ਇਨ੍ਹਾਂ ਲੋਕਾਂ ਨੂੰ ਲਗਾਤਾਰ ਰਸਾਲੇ ਦਿੰਦੇ ਰਹਿਣ। ਜਦੋਂ ਲੋਕ ਲਗਾਤਾਰ ਸਾਡੇ ਰਸਾਲੇ ਪੜ੍ਹਦੇ ਹਨ, ਤਾਂ ਉਨ੍ਹਾਂ ਵਿਚ ਅਕਸਰ ਪਰਮੇਸ਼ੁਰ ਦੇ ਬਚਨ ਲਈ ਭੁੱਖ ਪੈਦਾ ਹੁੰਦੀ ਹੈ। (1 ਪਤ. 2:2) ਸ਼ਾਇਦ ਉਨ੍ਹਾਂ ਨੂੰ ਕਿਸੇ ਰਸਾਲੇ ਵਿੱਚੋਂ ਕੋਈ ਗੱਲ ਇੰਨੀ ਵਧੀਆ ਲੱਗੇ ਕਿ ਉਹ ਬਾਈਬਲ ਸਟੱਡੀ ਕਰਨ ਲਈ ਤਿਆਰ ਹੋ ਜਾਣ।
2. ਅਸੀਂ ਲਗਾਤਾਰ ਰਸਾਲੇ ਲੈਣ ਵਾਲਿਆਂ ਦੀ ਦਿਲਚਸਪੀ ਕਿਵੇਂ ਜਗਾ ਸਕਦੇ ਹਾਂ?
2 ਸੱਚਾਈ ਦੇ ਬੀ ਨੂੰ ਪਾਣੀ ਦਿਓ: ਘਰ-ਮਾਲਕ ਨੂੰ ਫਟਾਫਟ ਰਸਾਲੇ ਦੇ ਕੇ ਚਲੇ ਜਾਣ ਦੀ ਬਜਾਇ ਉਸ ਨਾਲ ਗੱਲ ਕਰੋ ਤੇ ਉਸ ਨਾਲ ਆਪਣੀ ਜਾਣ-ਪਛਾਣ ਵਧਾਉਣ ਦੀ ਕੋਸ਼ਿਸ਼ ਕਰੋ। ਇਸ ਤਰ੍ਹਾਂ ਤੁਸੀਂ ਉਸ ਦੇ ਹਾਲਾਤਾਂ ਤੇ ਵਿਸ਼ਵਾਸਾਂ ਨੂੰ ਜਾਣ ਸਕੋਗੇ। ਨਾਲੇ ਤੁਹਾਨੂੰ ਪਤਾ ਲੱਗੇਗਾ ਕਿ ਉਹ ਕਿਹੜੀਆਂ ਗੱਲਾਂ ਵਿਚ ਦਿਲਚਸਪੀ ਲੈਂਦਾ ਹੈ। ਇਨ੍ਹਾਂ ਗੱਲਾਂ ਨੂੰ ਜਾਣ ਕੇ ਤੁਸੀਂ ਉਸ ਨਾਲ ਸਮਝਦਾਰੀ ਨਾਲ ਗੱਲ ਕਰ ਸਕੋਗੇ। (ਕਹਾ. 16:23) ਹਰ ਵਾਰ ਉਸ ਨੂੰ ਮਿਲਣ ਤੋਂ ਪਹਿਲਾਂ ਤਿਆਰੀ ਕਰੋ। ਜੇ ਹੋ ਸਕੇ, ਤਾਂ ਰਸਾਲੇ ਵਿੱਚੋਂ ਕੋਈ ਗੱਲ ਅਤੇ ਉਸ ਨਾਲ ਸੰਬੰਧਿਤ ਆਇਤ ਦਿਖਾ ਕੇ ਉਸ ਦੇ ਦਿਲ ਵਿਚ ਬੀਜੇ ਗਏ ਬੀ ਨੂੰ ਪਾਣੀ ਦਿਓ। (1 ਕੁਰਿੰ. 3:6) ਹਰ ਵਾਰ ਲਿਖੋ ਕਿ ਤੁਸੀਂ ਕਿਸ ਤਾਰੀਖ਼ ਨੂੰ ਗਏ ਸੀ, ਕਿਹੜਾ ਪ੍ਰਕਾਸ਼ਨ ਦਿੱਤਾ ਸੀ ਤੇ ਕਿਹੜੇ ਵਿਸ਼ਿਆਂ ਅਤੇ ਆਇਤਾਂ ʼਤੇ ਗੱਲਬਾਤ ਕੀਤੀ ਸੀ।
3. ਲਗਾਤਾਰ ਰਸਾਲੇ ਲੈਣ ਵਾਲਿਆਂ ਕੋਲ ਸਾਨੂੰ ਕਿੰਨੀ ਕੁ ਵਾਰ ਦੁਬਾਰਾ ਜਾਣਾ ਚਾਹੀਦਾ ਹੈ?
3 ਕਿੰਨੀ ਵਾਰ ਰਿਟਰਨ ਵਿਜ਼ਿਟ ਕਰੀਏ: ਲਗਾਤਾਰ ਰਸਾਲੇ ਲੈਣ ਵਾਲਿਆਂ ਕੋਲ ਤੁਹਾਨੂੰ ਹਰ ਮਹੀਨੇ ਇਕ ਵਾਰ ਜਾਣਾ ਚਾਹੀਦਾ ਹੈ ਜਾਂ ਜਦੋਂ ਤੁਹਾਨੂੰ ਨਵੇਂ ਰਸਾਲੇ ਮਿਲ ਜਾਂਦੇ ਹਨ। ਪਰ ਤੁਸੀਂ ਆਪਣੇ ਹਾਲਾਤਾਂ ਤੇ ਉਸ ਦੀ ਦਿਲਚਸਪੀ ਨੂੰ ਦੇਖ ਕੇ ਮਹੀਨੇ ਵਿਚ ਦੁਬਾਰਾ ਵੀ ਉਸ ਨੂੰ ਮਿਲਣ ਜਾ ਸਕਦੇ ਹੋ। ਮਿਸਾਲ ਲਈ, ਰਸਾਲੇ ਦੇਣ ਤੋਂ ਇਕ ਜਾਂ ਦੋ ਹਫ਼ਤਿਆਂ ਬਾਅਦ ਤੁਸੀਂ ਦੁਬਾਰਾ ਉਸ ਕੋਲ ਜਾ ਕੇ ਕਹਿ ਸਕਦੇ ਹੋ: “ਮੈਂ ਤੁਹਾਨੂੰ ਜੋ ਰਸਾਲੇ ਦੇ ਕੇ ਗਿਆ ਸੀ, ਉਨ੍ਹਾਂ ਵਿੱਚੋਂ ਕੁਝ ਕੁ ਮਿੰਟ ਤੁਹਾਡੇ ਨਾਲ ਇਕ-ਦੋ ਗੱਲਾਂ ਸਾਂਝੀਆਂ ਕਰਨ ਆਇਆ ਹਾਂ।” ਇਸ ਤਰ੍ਹਾਂ ਉਹ ਉਸ ਲੇਖ ਨੂੰ ਪੜ੍ਹਨ ਲਈ ਉਤਾਵਲਾ ਹੋਵੇਗਾ। ਜੇ ਉਸ ਨੇ ਪਹਿਲਾਂ ਹੀ ਲੇਖ ਪੜ੍ਹਿਆ ਹੋਇਆ ਹੈ, ਤਾਂ ਤੁਸੀਂ ਪੁੱਛ ਸਕਦੇ ਹੋ ਕਿ ਉਹ ਲੇਖ ਬਾਰੇ ਕੀ ਸੋਚਦਾ ਹੈ ਤੇ ਕੁਝ ਸਮੇਂ ਲਈ ਉਸ ਲੇਖ ʼਤੇ ਚਰਚਾ ਕਰੋ। ਜਾਂ ਜੇ ਵਿਅਕਤੀ ਸਾਡੇ ਪ੍ਰਕਾਸ਼ਨ ਪੜ੍ਹਨੇ ਪਸੰਦ ਕਰਦਾ ਹੈ, ਤਾਂ ਉਸ ਨੂੰ ਦੁਬਾਰਾ ਮਿਲਣ ਜਾਓ ਤੇ ਉਸ ਨੂੰ ਟ੍ਰੈਕਟ, ਬਰੋਸ਼ਰ ਜਾਂ ਕਿਤਾਬ ਦਿਖਾਓ ਜੋ ਉਸ ਮਹੀਨੇ ਪੇਸ਼ ਕੀਤੀ ਜਾ ਰਹੀ ਹੈ।
4. ਸਮੇਂ-ਸਮੇਂ ਤੇ ਅਸੀਂ ਕਿਵੇਂ ਪਤਾ ਲਗਾ ਸਕਦੇ ਹਾਂ ਕਿ ਲਗਾਤਾਰ ਰਸਾਲੇ ਲੈਣ ਵਾਲੇ ਲੋਕ ਸਾਡੇ ਨਾਲ ਸਟੱਡੀ ਕਰਨ ਲਈ ਤਿਆਰ ਹਨ ਜਾਂ ਨਹੀਂ?
4 ਇਸ ਗੱਲ ਦਾ ਇੰਤਜ਼ਾਰ ਨਾ ਕਰੋ ਕਿ ਘਰ-ਮਾਲਕ ਤੁਹਾਨੂੰ ਬਾਈਬਲ ਸਟੱਡੀ ਲਈ ਪੁੱਛੇ, ਸਗੋਂ ਤੁਸੀਂ ਉਸ ਨੂੰ ਪੁੱਛੋ ਕਿ ਉਹ ਸਟੱਡੀ ਕਰਨੀ ਚਾਹੁੰਦਾ। ਭਾਵੇਂ ਉਸ ਨੇ ਪਹਿਲਾਂ ਬਾਈਬਲ ਸਟੱਡੀ ਕਰਨ ਤੋਂ ਮਨ੍ਹਾ ਕੀਤਾ ਸੀ, ਫਿਰ ਵੀ ਸਮੇਂ-ਸਮੇਂ ਤੇ ਉਸ ਨੂੰ ਪਹਿਰਾਬੁਰਜ ਤੋਂ “ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ” ਨਾਂ ਦਾ ਲੇਖ ਦਿਖਾਓ ਤੇ ਦੇਖੋ ਕਿ ਉਹ ਉਸ ਬਾਰੇ ਗੱਲ ਕਰਨ ਲਈ ਤਿਆਰ ਹੈ ਜਾਂ ਨਹੀਂ। ਇਸ ਤਰ੍ਹਾਂ ਤੁਸੀਂ ਸ਼ਾਇਦ ਸਟੱਡੀ ਸ਼ੁਰੂ ਕਰ ਸਕੋ। ਪਰ ਜੇ ਨਹੀਂ, ਤਾਂ ਵੀ ਤੁਸੀਂ ਉਸ ਵਿਚ ਦਿਲਚਸਪੀ ਪੈਦਾ ਕਰਨ ਲਈ ਲਗਾਤਾਰ ਉਸ ਨੂੰ ਰਸਾਲੇ ਦੇ ਸਕਦੇ ਹੋ।