ਸਾਡੇ ਮਾਪਿਆਂ ਨੇ ਸਾਨੂੰ ਪਰਮੇਸ਼ੁਰ ਨਾਲ ਪਿਆਰ ਕਰਨਾ ਸਿਖਾਇਆ
ਐਲੀਜ਼ਬਥ ਟ੍ਰੇਸੀ ਦੀ ਜ਼ਬਾਨੀ
ਹਥਿਆਰਬੰਦ ਆਦਮੀਆਂ, ਜਿਨ੍ਹਾਂ ਨੇ ਕੁਝ ਘੰਟੇ ਪਹਿਲਾਂ ਭੀੜ ਨੂੰ ਸਾਡੇ ਵਿਰੁੱਧ ਉਕਸਾਇਆ ਸੀ, ਨੇ ਮੇਰੇ ਮਾਤਾ-ਪਿਤਾ ਨੂੰ ਜ਼ਬਰਦਸਤੀ ਕਾਰ ਵਿੱਚੋਂ ਬਾਹਰ ਨਿਕਲਣ ਲਈ ਕਿਹਾ। ਮੈਂ ਤੇ ਮੇਰੀ ਭੈਣ ਕਾਰ ਦੀ ਪਿਛਲੀ ਸੀਟ ਤੇ ਇਕੱਲੀਆਂ ਬੈਠੀਆਂ ਹੈਰਾਨੀ ਨਾਲ ਸੋਚ ਰਹੀਆਂ ਸਾਂ ਕਿ ਅਸੀਂ ਆਪਣੇ ਮਾਪਿਆਂ ਨੂੰ ਦੁਬਾਰਾ ਕਦੀ ਦੇਖਾਂਗੀਆਂ ਜਾਂ ਨਹੀਂ। ਸੰਨ 1941 ਵਿਚ ਐਲਬਾਮਾ, ਯੂ.ਐੱਸ.ਏ. ਵਿਚ ਸੈਲਮਾ ਸ਼ਹਿਰ ਦੇ ਨੇੜੇ ਇਹ ਡਰਾਉਣੀ ਘਟਨਾ ਕਿਉਂ ਵਾਪਰੀ? ਅਤੇ ਜੋ ਸਿੱਖਿਆਵਾਂ ਅਸੀਂ ਆਪਣੇ ਮਾਂ-ਬਾਪ ਤੋਂ ਲਈਆਂ ਸਨ, ਉਸ ਦਾ ਇਸ ਘਟਨਾ ਨਾਲ ਕੀ ਸੰਬੰਧ ਸੀ?
ਜਦੋਂ ਮੇਰੇ ਪਿਤਾ ਜੀ ਡਿਊਈ ਫ਼ਾਉਂਟਨ ਅਜੇ ਛੋਟੀ ਉਮਰ ਦੇ ਹੀ ਸਨ, ਤਾਂ ਉਦੋਂ ਉਨ੍ਹਾਂ ਦੇ ਮਾਂ-ਬਾਪ ਗੁਜ਼ਰ ਗਏ ਸਨ। ਇਸ ਲਈ ਉਨ੍ਹਾਂ ਨੂੰ ਛੋਟੀ ਉਮਰ ਤੋਂ ਹੀ ਇਕ ਰਿਸ਼ਤੇਦਾਰ ਨੇ ਆਪਣੇ ਫਾਰਮ ਤੇ ਪਾਲਿਆ। ਵੱਡੇ ਹੋਣ ਤੇ ਉਹ ਤੇਲ-ਖੇਤਰਾਂ ਵਿਚ ਕੰਮ ਕਰਨ ਲੱਗ ਪਏ। ਸੰਨ 1922 ਵਿਚ, 23 ਸਾਲਾਂ ਦੀ ਉਮਰੇ, ਉਨ੍ਹਾਂ ਦਾ ਵਿਆਹ ਇਕ ਸੋਹਣੀ-ਸੁਣੱਖੀ ਮੁਟਿਆਰ ਵਿਨੀ ਨਾਲ ਹੋ ਗਿਆ ਤੇ ਵਿਆਹ ਤੋਂ ਬਾਅਦ ਦੋਵਾਂ ਨੇ ਆਪਣਾ ਪਰਿਵਾਰ ਬਣਾਉਣ ਦੀ ਸੋਚੀ।
ਉਨ੍ਹਾਂ ਨੇ ਇਕ ਛੋਟੇ ਜਿਹੇ ਗੈਰੀਸਨ ਸ਼ਹਿਰ ਦੇ ਨੇੜੇ ਪੂਰਬੀ ਟੈਕਸਸ ਦੇ ਜੰਗਲੀ ਇਲਾਕਿਆਂ ਵਿਚ ਆਪਣਾ ਘਰ ਬਣਾਇਆ। ਉੱਥੇ ਉਨ੍ਹਾਂ ਨੇ ਕਪਾਹ ਅਤੇ ਮੱਕੀ ਸਮੇਤ ਹੋਰ ਕਈ ਤਰ੍ਹਾਂ ਦੀਆਂ ਫ਼ਸਲਾਂ ਉਗਾਈਆਂ। ਆਪਣੇ ਫਾਰਮ ਤੇ ਉਨ੍ਹਾਂ ਨੇ ਕਈ ਤਰ੍ਹਾਂ ਦੇ ਜਾਨਵਰ ਵੀ ਪਾਲੇ। ਸਮਾਂ ਪੈਣ ਤੇ ਅਸੀਂ ਪੈਦਾ ਹੋਏ—ਡਿਊਈ ਜੂਨੀਅਰ ਮਈ 1924 ਵਿਚ, ਐਡਵੀਨਾ ਦਸੰਬਰ 1925 ਵਿਚ ਅਤੇ ਜੂਨ 1929 ਵਿਚ ਮੈਂ ਪੈਦਾ ਹੋਈ।
ਬਾਈਬਲ ਵਿੱਚੋਂ ਸੱਚਾਈ ਸਿੱਖਣਾ
ਕਿਉਂਕਿ ਸਾਡੇ ਮਾਤਾ-ਪਿਤਾ ਚਰਚ ਆਫ਼ ਕ੍ਰਾਈਸਟ ਦੇ ਮੈਂਬਰ ਸਨ, ਇਸ ਲਈ ਉਨ੍ਹਾਂ ਨੇ ਸੋਚਿਆ ਕਿ ਉਨ੍ਹਾਂ ਨੂੰ ਬਾਈਬਲ ਦੀ ਕਾਫ਼ੀ ਜਾਣਕਾਰੀ ਹੈ।। ਪਰ ਸੰਨ 1932 ਵਿਚ ਜੀ. ਡਬਲਯੂ. ਕੁੱਕ ਮੇਰੇ ਪਿਤਾ ਜੀ ਦੇ ਵੱਡੇ ਭਰਾ ਮਨਰੋ ਫ਼ਾਉਂਟਨ ਨੂੰ ਵਾਚ ਟਾਵਰ ਸੋਸਾਇਟੀ ਦੁਆਰਾ ਅੰਗ੍ਰੇਜ਼ੀ ਵਿਚ ਛਾਪੀਆਂ ਗਈਆਂ ਛੁਟਕਾਰਾ ਅਤੇ ਸਰਕਾਰ ਨਾਮਕ ਕਿਤਾਬਾਂ ਦੇ ਕੇ ਗਏ। ਤਾਇਆ ਜੀ ਜੋ ਕੁਝ ਵੀ ਸਿੱਖ ਰਹੇ ਸਨ, ਉਹ ਸਭ ਕੁਝ ਬੜੀ ਤਾਂਘ ਨਾਲ ਮੇਰੇ ਮਾਤਾ-ਪਿਤਾ ਨੂੰ ਦੱਸਣਾ ਚਾਹੁੰਦੇ ਸਨ। ਇਸ ਲਈ, ਅਕਸਰ ਉਹ ਨਾਸ਼ਤੇ ਵੇਲੇ ਸਾਡੇ ਘਰ ਆਉਂਦੇ, ਪਹਿਰਾਬੁਰਜ ਵਿੱਚੋਂ ਇਕ ਲੇਖ ਪੜ੍ਹਦੇ ਅਤੇ ਵਾਪਸ ਜਾਣ ਲੱਗਿਆਂ ਇਹ ਰਸਾਲਾ ਆਪਣੇ ਨਾਲ ਲੈ ਕੇ ਜਾਣਾ ‘ਭੁੱਲ’ ਜਾਂਦੇ। ਬਾਅਦ ਵਿਚ, ਮੇਰੇ ਮਾਤਾ-ਪਿਤਾ ਇਸ ਰਸਾਲੇ ਨੂੰ ਪੜ੍ਹਦੇ।
ਇਕ ਦਿਨ ਐਤਵਾਰ ਸਵੇਰੇ, ਸਾਡੇ ਤਾਇਆ ਜੀ ਨੇ ਪਿਤਾ ਜੀ ਨੂੰ ਬਾਈਬਲ ਅਧਿਐਨ ਕਰਨ ਲਈ ਗੁਆਂਢੀਆਂ ਦੇ ਘਰ ਆਉਣ ਦਾ ਸੱਦਾ ਦਿੱਤਾ। ਉਸ ਨੇ ਭਰੋਸਾ ਦਿਵਾਇਆ ਕਿ ਸ਼੍ਰੀਮਾਨ ਕੁੱਕ ਮੇਰੇ ਪਿਤਾ ਜੀ ਦੇ ਸਾਰੇ ਸਵਾਲਾਂ ਦੇ ਜਵਾਬ ਬਾਈਬਲ ਵਿੱਚੋਂ ਦੇ ਸਕਦੇ ਹਨ। ਅਧਿਐਨ ਤੋਂ ਘਰ ਵਾਪਸ ਪਰਤਣ ਤੇ, ਉਨ੍ਹਾਂ ਨੇ ਬੜੇ ਜੋਸ਼ ਨਾਲ ਕਿਹਾ: “ਮੈਨੂੰ ਮੇਰੇ ਸਾਰੇ ਸਵਾਲਾਂ ਦੇ ਜਵਾਬ ਹੀ ਨਹੀਂ, ਸਗੋਂ ਹੋਰ ਵੀ ਬਹੁਤ ਕੁਝ ਪਤਾ ਲੱਗਾ! ਮੈਂ ਸੋਚਦਾ ਸੀ ਕਿ ਮੈਂ ਸਭ ਕੁਝ ਜਾਣਦਾ ਹਾਂ, ਪਰ ਜਦੋਂ ਸ਼੍ਰੀਮਾਨ ਕੁੱਕ ਨੇ ਨਰਕ, ਆਤਮਾ, ਧਰਤੀ ਲਈ ਪਰਮੇਸ਼ੁਰ ਦਾ ਉਦੇਸ਼ ਅਤੇ ਇਸ ਉਦੇਸ਼ ਨੂੰ ਪਰਮੇਸ਼ੁਰ ਦਾ ਰਾਜ ਕਿਵੇਂ ਪੂਰਾ ਕਰੇਗਾ, ਇਨ੍ਹਾਂ ਬਾਰੇ ਦੱਸਣਾ ਸ਼ੁਰੂ ਕੀਤਾ ਤਾਂ ਮੈਨੂੰ ਲੱਗਾ ਕਿ ਮੈਂ ਤਾਂ ਬਾਈਬਲ ਬਾਰੇ ਕੁਝ ਵੀ ਨਹੀਂ ਜਾਣਦਾ!”
ਸਾਡੇ ਘਰ ਲੋਕਾਂ ਦਾ ਕਾਫ਼ੀ ਆਉਣਾ-ਜਾਣਾ ਰਹਿੰਦਾ ਸੀ। ਰਿਸ਼ਤੇਦਾਰ ਅਤੇ ਦੋਸਤ-ਮਿੱਤਰ ਆ ਕੇ ਗੱਪਸ਼ੱਪ ਮਾਰਦੇ, ਖਾਣ-ਪੀਣ ਲਈ ਮਠਿਆਈਆਂ ਬਣਾਉਂਦੇ, ਮਾਤਾ ਜੀ ਪਿਆਨੋ ਵਜਾਉਂਦੇ ਤੇ ਸਾਰੇ ਰਲ ਕੇ ਉਨ੍ਹਾਂ ਨਾਲ ਗੀਤ ਗਾਉਂਦੇ। ਪਰ ਹੌਲੀ-ਹੌਲੀ ਅਜਿਹੇ ਮਨੋਰੰਜਨ ਦੀ ਥਾਂ ਬਾਈਬਲ ਸੰਬੰਧੀ ਗੱਲਾਂ ਹੋਣ ਲੱਗ ਪਈਆਂ। ਬੇਸ਼ੱਕ ਅਸੀਂ ਬੱਚੇ ਸਾਰੀਆਂ ਗੱਲਾਂ ਨੂੰ ਪੂਰੀ ਤਰ੍ਹਾਂ ਨਹੀਂ ਸਮਝ ਪਾਉਂਦੇ ਸਾਂ, ਪਰ ਪਰਮੇਸ਼ੁਰ ਲਈ ਅਤੇ ਬਾਈਬਲ ਲਈ ਆਪਣੇ ਮਾਪਿਆਂ ਦਾ ਗਹਿਰਾ ਪਿਆਰ ਦੇਖ ਕੇ ਸਾਡਾ ਬੱਚਿਆਂ ਦਾ ਵੀ ਪਰਮੇਸ਼ੁਰ ਅਤੇ ਉਸ ਦੇ ਬਚਨ ਨਾਲ ਉਸੇ ਤਰ੍ਹਾਂ ਦਾ ਪਿਆਰ ਪੈ ਗਿਆ।
ਹੌਲੀ-ਹੌਲੀ ਸਾਡੇ ਕਈ ਹੋਰ ਦੋਸਤ-ਮਿੱਤਰਾਂ ਨੇ ਵੀ ਹਫ਼ਤਾਵਾਰ ਬਾਈਬਲ ਚਰਚਾ ਕਰਨ ਲਈ ਸਾਨੂੰ ਆਪਣੇ ਘਰ ਸੱਦਾ ਦੇਣਾ ਸ਼ੁਰੂ ਕਰ ਦਿੱਤਾ। ਇਹ ਚਰਚਾ ਆਮ ਤੌਰ ਤੇ ਚਾਲੂ ਪਹਿਰਾਬੁਰਜ ਰਸਾਲੇ ਵਿੱਚੋਂ ਕਿਸੇ ਇਕ ਵਿਸ਼ੇ ਉੱਤੇ ਆਧਾਰਿਤ ਹੁੰਦੀ ਸੀ। ਜਦੋਂ ਮੀਟਿੰਗ ਸਾਡੇ ਗੁਆਂਢੀ ਸ਼ਹਿਰ ਐਪਲਬੀ ਅਤੇ ਨੈਕੋਡੋਚਜ਼ ਵਿਚ ਰਹਿਣ ਵਾਲੇ ਦੋਸਤਾਂ-ਮਿੱਤਰਾਂ ਦੇ ਘਰ ਹੁੰਦੀ ਤਾਂ ਅਸੀਂ ਧੁੱਪ ਹੋਵੇ ਜਾਂ ਛਾਂ, ਹਰ ਹੀਲੇ ਆਪਣੀ ਮਾਡਲ ਏ ਫੋਰਡ ਗੱਡੀ ਵਿਚ ਉੱਥੇ ਜਾਂਦੇ।
ਉਹ ਸਿੱਖੀਆਂ ਗੱਲਾਂ ਮੁਤਾਬਕ ਚੱਲੇ
ਸਾਡੇ ਮਾਪਿਆਂ ਨੂੰ ਇਹ ਸਮਝਣ ਵਿਚ ਬਹੁਤੀ ਦੇਰ ਨਾ ਲੱਗੀ ਕਿ ਸਿੱਖੀਆਂ ਹੋਈਆਂ ਗੱਲਾਂ ਨੂੰ ਹੁਣ ਉਨ੍ਹਾਂ ਨੇ ਲਾਗੂ ਕਰਨਾ ਹੈ। ਪਰਮੇਸ਼ੁਰ ਦਾ ਪਿਆਰ ਉਨ੍ਹਾਂ ਤੋਂ ਮੰਗ ਕਰਦਾ ਸੀ ਕਿ ਉਹ ਸਿੱਖੀਆਂ ਹੋਈਆਂ ਗੱਲਾਂ ਦੂਜਿਆਂ ਨੂੰ ਦੱਸਣ। (ਰਸੂਲਾਂ ਦੇ ਕਰਤੱਬ 20:35) ਪਰ ਆਪਣੀ ਨਿਹਚਾ ਦੀ ਖੁੱਲ੍ਹੇ-ਆਮ ਘੋਸ਼ਣਾ ਕਰਨੀ ਉਨ੍ਹਾਂ ਲਈ ਇਕ ਵੱਡੀ ਚੁਣੌਤੀ ਸੀ, ਕਿਉਂਕਿ ਸਾਡੇ ਮਾਤਾ-ਪਿਤਾ ਸ਼ੁਰੂ ਤੋਂ ਹੀ ਬਹੁਤ ਹੀ ਸ਼ਰਮੀਲੇ ਅਤੇ ਨਿਮਰ ਸੁਭਾਅ ਦੇ ਸਨ। ਪਰ, ਪਰਮੇਸ਼ੁਰ ਦੇ ਪਿਆਰ ਨੇ ਉਨ੍ਹਾਂ ਨੂੰ ਇਸ ਕੰਮ ਲਈ ਪ੍ਰੇਰਿਤ ਕੀਤਾ ਅਤੇ ਨਤੀਜੇ ਵਜੋਂ ਉਨ੍ਹਾਂ ਨੇ ਸਾਨੂੰ ਯਹੋਵਾਹ ਵਿਚ ਪੱਕਾ ਭਰੋਸਾ ਰੱਖਣਾ ਸਿਖਾਇਆ। ਮੇਰੇ ਪਿਤਾ ਜੀ ਨੇ ਇਕ ਦਿਨ ਇੰਜ ਕਿਹਾ: “ਯਹੋਵਾਹ ਕਿਸਾਨਾਂ ਨੂੰ ਪ੍ਰਚਾਰਕ ਬਣਾ ਰਿਹਾ ਹੈ!” ਸੰਨ 1933 ਵਿਚ, ਸਾਡੇ ਮਾਤਾ-ਪਿਤਾ ਨੇ ਹੈਂਡਰਸਨ, ਟੈਕਸਸ ਨੇੜੇ ਇਕ ਤਲਾਅ ਵਿਚ ਆਪਣੇ ਸਮਰਪਣ ਦੇ ਪ੍ਰਤੀਕ ਵਜੋਂ ਪਾਣੀ ਦਾ ਬਪਤਿਸਮਾ ਲਿਆ।
ਸੰਨ 1935 ਦੀ ਸ਼ੁਰੂਆਤ ਵਿਚ, ਪਿਤਾ ਜੀ ਨੇ ਸਦੀਪਕ ਜੀਵਨ ਦੀ ਮਸੀਹੀ ਆਸ ਬਾਰੇ ਵਾਚ ਟਾਵਰ ਸੋਸਾਇਟੀ ਨੂੰ ਬਹੁਤ ਸਾਰੇ ਸਵਾਲ ਲਿਖੇ। (ਯੂਹੰਨਾ 14:2; 2 ਤਿਮੋਥਿਉਸ 2:11, 12; ਪਰਕਾਸ਼ ਦੀ ਪੋਥੀ 14:1, 3; 20:6) ਉਨ੍ਹਾਂ ਦੀ ਚਿੱਠੀ ਦਾ ਜਵਾਬ ਸਿੱਧਾ ਜੋਸਫ਼ ਐੱਫ਼. ਰਦਰਫ਼ਰਡ ਨੇ ਦਿੱਤਾ ਜੋ ਉਸ ਵੇਲੇ ਸੋਸਾਇਟੀ ਦੇ ਪ੍ਰਧਾਨ ਸਨ। ਪਰ ਪਿਤਾ ਜੀ ਦੇ ਸਵਾਲਾਂ ਦੇ ਜਵਾਬ ਦੇਣ ਦੀ ਬਜਾਇ, ਭਰਾ ਰਦਰਫ਼ਰਡ ਨੇ ਉਨ੍ਹਾਂ ਨੂੰ ਮਈ ਮਹੀਨੇ ਵਿਚ ਵਾਸ਼ਿੰਗਟਨ, ਡੀ.ਸੀ. ਵਿਖੇ ਹੋਣ ਵਾਲੇ ਯਹੋਵਾਹ ਦੇ ਗਵਾਹਾਂ ਦੇ ਮਹਾਂ-ਸੰਮੇਲਨ ਵਿਚ ਆਉਣ ਦਾ ਸੱਦਾ ਦਿੱਤਾ।
‘ਨਾਮੁਮਕਿਨ!’ ਪਿਤਾ ਜੀ ਨੇ ਸੋਚਿਆ। ‘ਅਸੀਂ ਕਿਸਾਨ ਹਾਂ ਤੇ ਇਸ ਵੇਲੇ 65 ਕਿੱਲੇ ਦੀ ਜ਼ਮੀਨ ਤੇ ਅਸੀਂ ਸਬਜ਼ੀਆਂ ਉਗਾਈਆਂ ਹੋਈਆਂ ਹਨ। ਉਸ ਵੇਲੇ ਤਾਂ ਵਾਢੀ ਦਾ ਸਮਾਂ ਹੋਵੇਗਾ ਜਦੋਂ ਅਸੀਂ ਸਾਰੀਆਂ ਫ਼ਸਲਾਂ ਮੰਡੀ ਵਿਚ ਲੈ ਕੇ ਜਾਣੀਆਂ ਹਨ।’ ਪਰ ਥੋੜ੍ਹੇ ਹੀ ਸਮੇਂ ਬਾਅਦ ਹੜ੍ਹ ਆ ਗਿਆ ਤੇ ਸਾਡੀ ਸਾਰੀ ਫ਼ਸਲ, ਵਾੜ ਅਤੇ ਪੁਲ ਆਦਿ ਸਭ ਕੁਝ ਵਹਾ ਕੇ ਲੈ ਗਿਆ। ਹੁਣ ਪਿਤਾ ਜੀ ਕੋਲ ਸੰਮੇਲਨ ਵਿਚ ਨਾ ਜਾਣ ਦਾ ਕੋਈ ਬਹਾਨਾ ਨਾ ਰਿਹਾ। ਇਸ ਲਈ ਅਸੀਂ ਦੂਜੇ ਗਵਾਹਾਂ ਨਾਲ ਇਕ ਭਾੜੇ ਦੀ ਸਕੂਲ-ਬੱਸ ਵਿਚ ਉੱਤਰ-ਪੂਰਬ ਵੱਲ 1,600 ਕਿਲੋਮੀਟਰ ਦਾ ਸਫ਼ਰ ਕਰ ਕੇ ਮਹਾਂ-ਸੰਮੇਲਨ ਨੂੰ ਗਏ।
ਮਹਾਂ-ਸੰਮੇਲਨ ਵਿਚ ਸਾਡੇ ਮਾਤਾ-ਪਿਤਾ ਨੇ “ਵੱਡੀ ਬਿਪਤਾ” ਵਿੱਚੋਂ ਬਚਣ ਵਾਲੀ “ਵੱਡੀ ਭੀੜ” ਦੀ ਪਛਾਣ ਬਾਰੇ ਜਦੋਂ ਸਪੱਸ਼ਟ ਵਿਆਖਿਆ ਸੁਣੀ, ਤਾਂ ਉਨ੍ਹਾਂ ਦੀ ਖ਼ੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ। (ਪਰਕਾਸ਼ ਦੀ ਪੋਥੀ 7:9, 14) ਸੋਹਣੇ ਬਾਗ਼ ਵਰਗੀ ਧਰਤੀ ਉੱਤੇ ਸਦੀਪਕ ਜੀਵਨ ਦੀ ਉਮੀਦ ਨੇ ਬਾਕੀ ਦੀ ਸਾਰੀ ਜ਼ਿੰਦਗੀ ਸਾਡੇ ਮਾਤਾ-ਪਿਤਾ ਨੂੰ ਯਹੋਵਾਹ ਦੀ ਸੇਵਾ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਸਾਨੂੰ ਬੱਚਿਆਂ ਨੂੰ ਵੀ “ਅਸਲ ਜੀਵਨ,” ਯਾਨੀ ਕਿ ਧਰਤੀ ਉੱਤੇ ਸਦੀਪਕ ਜੀਵਨ ਦੀ ਯਹੋਵਾਹ ਦੀ ਪੇਸ਼ਕਸ਼ ਨੂੰ ਮਜ਼ਬੂਤੀ ਨਾਲ “ਫੜ ਲੈਣ” ਲਈ ਉਤਸ਼ਾਹਿਤ ਕੀਤਾ। (1 ਤਿਮੋਥਿਉਸ 6:19; ਜ਼ਬੂਰ 37:29; ਪਰਕਾਸ਼ ਦੀ ਪੋਥੀ 21:3, 4) ਬੇਸ਼ੱਕ ਮੈਂ ਉਸ ਵੇਲੇ ਸਿਰਫ਼ ਪੰਜ ਕੁ ਸਾਲ ਦੀ ਸੀ, ਤਾਂ ਵੀ ਆਪਣੇ ਪਰਿਵਾਰ ਨਾਲ ਮੈਂ ਇਸ ਖ਼ੁਸ਼ੀ ਦੇ ਮੌਕੇ ਦਾ ਸੱਚੀ-ਮੁੱਚੀ ਆਨੰਦ ਮਾਣਿਆ।
ਮਹਾਂ-ਸੰਮੇਲਨ ਤੋਂ ਵਾਪਸ ਪਰਤਣ ਤੋਂ ਬਾਅਦ, ਅਸੀਂ ਦੁਬਾਰਾ ਫ਼ਸਲਾਂ ਬੀਜੀਆਂ ਤੇ ਇਸ ਵਾਰ ਦੀਆਂ ਫ਼ਸਲਾਂ ਪਹਿਲਾਂ ਦੀਆਂ ਸਾਰੀਆਂ ਫ਼ਸਲਾਂ ਨਾਲੋਂ ਚੋਖੀ ਮਾਤਰਾ ਵਿਚ ਹੋਈਆਂ। ਇਸ ਨਾਲ ਸਾਡੇ ਮਾਤਾ-ਪਿਤਾ ਦਾ ਵਿਸ਼ਵਾਸ ਹੋਰ ਵੀ ਮਜ਼ਬੂਤ ਹੋਇਆ ਕਿ ਯਹੋਵਾਹ ਉੱਤੇ ਪੂਰਾ ਭਰੋਸਾ ਕਰਨ ਦਾ ਜ਼ਰੂਰ-ਬ-ਜ਼ਰੂਰ ਚੰਗਾ ਫਲ ਮਿਲਦਾ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਖ਼ਾਸ ਕਿਸਮ ਦਾ ਪ੍ਰਚਾਰ ਦਾ ਕੰਮ ਸ਼ੁਰੂ ਕੀਤਾ ਜਿਸ ਵਿਚ ਉਨ੍ਹਾਂ ਦੋਨਾਂ ਨੇ ਹਰ ਮਹੀਨੇ ਆਪਣੀ ਸੇਵਕਾਈ ਵਿਚ 52 ਘੰਟੇ ਬਿਤਾਉਣੇ ਸਨ। ਫਿਰ ਜਦੋਂ ਅਗਲੀ ਬਿਜਾਈ ਦੀ ਰੁੱਤ ਆਈ ਤਾਂ ਉਨ੍ਹਾਂ ਨੇ ਆਪਣਾ ਸਭ ਕੁਝ ਵੇਚ ਦਿੱਤਾ। ਪਿਤਾ ਜੀ ਨੇ 20 x 8 ਫੁੱਟ ਦਾ ਇਕ ਟ੍ਰੇਲਰ (ਘਰਨੁਮਾ ਗੱਡੀ) ਬਣਵਾਇਆ, ਜਿਸ ਵਿਚ ਅਸੀਂ ਪੰਜ ਜਣੇ ਰਹਿ ਸਕਦੇ ਸਾਂ। ਇਸ ਟ੍ਰੇਲਰ ਨੂੰ ਖਿੱਚਣ ਲਈ ਪਿਤਾ ਜੀ ਨੇ ਇਕ ਨਵੀਂ ਦੋ ਦਰਵਾਜ਼ਿਆਂ ਵਾਲੀ ਛੋਟੀ ਗੱਡੀ ਖ਼ਰੀਦੀ। ਸਾਡੇ ਤਾਇਆ ਜੀ ਨੇ ਵੀ ਇੰਜ ਹੀ ਕੀਤਾ। ਉਹ ਵੀ ਆਪਣੇ ਪਰਿਵਾਰ ਨਾਲ ਇਕ ਟ੍ਰੇਲਰ ਵਿਚ ਰਹਿਣ ਲੱਗ ਪਏ।
ਸਾਨੂੰ ਸੱਚਾਈ ਸਿਖਾਉਣੀ
ਸਾਡੇ ਮਾਤਾ-ਪਿਤਾ ਨੇ ਅਕਤੂਬਰ 1936 ਵਿਚ ਪਾਇਨੀਅਰੀ, ਅਰਥਾਤ ਪੂਰਣ-ਕਾਲੀ ਸੇਵਕਾਈ ਕਰਨੀ ਸ਼ੁਰੂ ਕਰ ਦਿੱਤੀ। ਅਸੀਂ ਪੂਰੇ ਪਰਿਵਾਰ ਨੇ ਪੂਰਬੀ ਟੈਕਸਸ ਦੇ ਇਲਾਕਿਆਂ ਵਿਚ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ, ਜਿੱਥੇ ਬਹੁਤ ਘੱਟ ਪ੍ਰਚਾਰ ਹੋਇਆ ਸੀ। ਤਕਰੀਬਨ ਇਕ ਸਾਲ ਤਕ, ਅਸੀਂ ਇਕ ਥਾਂ ਤੋਂ ਦੂਜੀ ਥਾਂ ਜਾਂਦੇ ਰਹੇ, ਪਰ ਇਸ ਤਰ੍ਹਾਂ ਦੀ ਜ਼ਿੰਦਗੀ ਵਿਚ ਵੀ ਅਸੀਂ ਸੱਚ-ਮੁੱਚ ਬੜਾ ਆਨੰਦ ਮਾਣਿਆ। ਸਾਡੇ ਮਾਤਾ-ਪਿਤਾ ਨੇ ਆਪਣੀ ਕਥਨੀ ਅਤੇ ਕਰਨੀ ਨਾਲ ਸਾਨੂੰ ਮੁਢਲੇ ਮਸੀਹੀਆਂ ਵਰਗੇ ਬਣਨ ਦੀ ਸਿੱਖਿਆ ਦਿੱਤੀ ਜਿਨ੍ਹਾਂ ਨੇ ਦੂਜਿਆਂ ਨੂੰ ਬਾਈਬਲ ਵਿੱਚੋਂ ਸੱਚਾਈ ਸਿਖਾਉਣ ਵਿਚ ਆਪਣਾ ਸਭ ਕੁਝ ਵਾਰ ਦਿੱਤਾ ਸੀ।
ਅਸੀਂ ਬੱਚੇ ਖ਼ਾਸ ਤੌਰ ਤੇ ਆਪਣੀ ਮਾਤਾ ਜੀ ਦੀ ਬਹੁਤ ਕਦਰ ਕਰਦੇ ਸਾਂ, ਕਿਉਂਕਿ ਉਨ੍ਹਾਂ ਨੇ ਆਪਣਾ ਘਰ-ਬਾਰ ਤਕ ਕੁਰਬਾਨ ਕਰ ਦਿੱਤਾ ਸੀ। ਪਰ ਉਹ ਇਕ ਚੀਜ਼ ਛੱਡਣ ਨੂੰ ਰਾਜ਼ੀ ਨਹੀਂ ਸਨ। ਉਹ ਸੀ ਉਨ੍ਹਾਂ ਦੀ ਸਿਲਾਈ ਮਸ਼ੀਨ। ਇਕ ਗੱਲੋਂ ਇਹ ਠੀਕ ਵੀ ਸੀ। ਕਿਉਂਕਿ ਉਹ ਵਧੀਆ ਕੱਪੜੇ ਸੀਉ ਲੈਂਦੇ ਸਨ, ਇਸ ਲਈ ਹਮੇਸ਼ਾ ਸਾਡੇ ਕੋਲ ਪਾਉਣ ਲਈ ਸੋਹਣੇ ਕੱਪੜੇ ਹੁੰਦੇ ਸਨ। ਅਸੀਂ ਹਰ ਮਹਾਂ-ਸੰਮੇਲਨ ਵਿਚ ਨਵੇਂ-ਨਵੇਂ ਅਤੇ ਸੋਹਣੇ ਡਿਜ਼ਾਈਨ ਦੇ ਕੱਪੜੇ ਪਾਉਂਦੇ ਸਾਂ।
ਮੈਨੂੰ ਉਹ ਦਿਨ ਅਜੇ ਵੀ ਚੰਗੀ ਤਰ੍ਹਾਂ ਯਾਦ ਹੈ ਜਦੋਂ ਭਰਾ ਹਰਮਨ ਜੀ. ਹੈੱਨਸ਼ਲ ਆਪਣੇ ਪਰਿਵਾਰ ਨਾਲ ਵਾਚ ਟਾਵਰ ਸੋਸਾਇਟੀ ਦੇ ਇਕ ਲਾਊਡ-ਸਪੀਕਰਾਂ ਵਾਲੇ ਟਰੱਕ ਵਿਚ ਸਾਡੇ ਇਲਾਕੇ ਵਿਚ ਆਏ ਸਨ। ਉਹ ਸੰਘਣੀ ਆਬਾਦੀ ਵਾਲੇ ਇਲਾਕੇ ਵਿਚ ਆਪਣਾ ਟਰੱਕ ਖੜ੍ਹਾ ਕਰਦੇ, ਇਕ ਛੋਟੇ ਜਿਹੇ ਭਾਸ਼ਣ ਦਾ ਰਿਕਾਰਡ ਚਲਾਉਂਦੇ ਅਤੇ ਫਿਰ ਹੋਰ ਜਾਣਕਾਰੀ ਦੇਣ ਲਈ ਲੋਕਾਂ ਨੂੰ ਆਪ ਮਿਲਣ ਲਈ ਜਾਂਦੇ ਸਨ। ਡਿਊਈ ਜੂਨੀਅਰ ਨੇ ਭਰਾ ਹਰਮਨ ਦੇ ਪੁੱਤਰ ਮਿਲਟਨ ਦੀ ਸੰਗਤੀ ਦਾ ਬੜਾ ਆਨੰਦ ਮਾਣਿਆ, ਜੋ ਉਸ ਵੇਲੇ 15-16 ਸਾਲਾਂ ਦਾ ਸੀ। ਹੁਣ ਮਿਲਟਨ ਵਾਚ ਟਾਵਰ ਸੋਸਾਇਟੀ ਦੇ ਪ੍ਰਧਾਨ ਹਨ।
ਸੰਨ 1937 ਵਿਚ ਕੋਲੰਬਸ, ਓਹੀਓ ਵਿਖੇ ਐਡਵੀਨਾ ਨੇ ਬਪਤਿਸਮਾ ਲਿਆ ਤੇ ਇਸੇ ਹੀ ਸਮੇਂ ਸਾਡੇ ਮਾਤਾ-ਪਿਤਾ ਨੂੰ ਵਿਸ਼ੇਸ਼ ਪਾਇਨੀਅਰਾਂ ਵਜੋਂ ਸੇਵਾ ਕਰਨ ਦਾ ਵਿਸ਼ੇਸ਼-ਸਨਮਾਨ ਮਿਲਿਆ। ਉਸ ਸਮੇਂ, ਵਿਸ਼ੇਸ਼ ਪਾਇਨੀਅਰਾਂ ਨੂੰ ਪ੍ਰਚਾਰ ਦੇ ਕੰਮ ਵਿਚ ਹਰ ਮਹੀਨੇ ਘੱਟੋ-ਘੱਟ 200 ਘੰਟੇ ਬਿਤਾਉਣੇ ਪੈਂਦੇ ਸਨ। ਜਦੋਂ ਮੈਂ ਪਿੱਛੇ ਮੁੜ ਕੇ ਦੇਖਦੀ ਹਾਂ ਤਾਂ ਮੈਨੂੰ ਅਹਿਸਾਸ ਹੁੰਦਾ ਹੈ ਕਿ ਮੇਰੇ ਮਾਤਾ ਜੀ ਦੀ ਵਧੀਆ ਉਦਾਹਰਣ ਨੇ ਮੇਰੀ ਬਹੁਤ ਮਦਦ ਕੀਤੀ ਹੈ ਕਿ ਮੈਂ ਵੀ ਆਪਣੇ ਪਤੀ ਦੀਆਂ ਮਸੀਹੀ ਜ਼ਿੰਮੇਵਾਰੀਆਂ ਵਿਚ ਉਸ ਨੂੰ ਪੂਰਾ-ਪੂਰਾ ਸਹਿਯੋਗ ਦੇ ਸਕਾਂ।
ਜਦੋਂ ਪਿਤਾ ਜੀ ਕਿਸੇ ਪਰਿਵਾਰ ਨੂੰ ਬਾਈਬਲ ਅਧਿਐਨ ਕਰਾਉਣਾ ਸ਼ੁਰੂ ਕਰਦੇ ਸਨ, ਤਾਂ ਉਸ ਪਰਿਵਾਰ ਦੇ ਬੱਚਿਆਂ ਲਈ ਇਕ ਵਧੀਆ ਮਿਸਾਲ ਰੱਖਣ ਲਈ, ਉਹ ਸਾਨੂੰ ਬੱਚਿਆਂ ਨੂੰ ਆਪਣੇ ਨਾਲ ਲੈ ਕੇ ਜਾਂਦੇ ਸਨ। ਉਹ ਸਾਨੂੰ ਬਾਈਬਲ ਵਿੱਚੋਂ ਪੜ੍ਹਨ ਅਤੇ ਕੁਝ ਬੁਨਿਆਦੀ ਸਵਾਲਾਂ ਦਾ ਜਵਾਬ ਦੇਣ ਲਈ ਕਹਿੰਦੇ। ਇਸ ਦਾ ਨਤੀਜਾ ਇਹ ਨਿਕਲਿਆ ਕਿ ਜਿਨ੍ਹਾਂ ਨੌਜਵਾਨਾਂ ਨਾਲ ਅਸੀਂ ਅਧਿਐਨ ਕੀਤਾ, ਉਨ੍ਹਾਂ ਵਿੱਚੋਂ ਕਈ ਜਣੇ ਅੱਜ ਤਕ ਯਹੋਵਾਹ ਦੀ ਵਫ਼ਾਦਾਰੀ ਨਾਲ ਸੇਵਾ ਕਰ ਰਹੇ ਹਨ। ਅਸਲ ਵਿਚ, ਇਸ ਨੇ ਪਰਮੇਸ਼ੁਰ ਲਈ ਸਾਡੇ ਪ੍ਰੇਮ ਨੂੰ ਵੀ ਮਜ਼ਬੂਤ ਕਰਨ ਵਿਚ ਬਹੁਤ ਮਦਦ ਕੀਤੀ।
ਜਦੋਂ ਡਿਊਈ ਜੂਨੀਅਰ ਵੱਡਾ ਹੋਇਆ, ਤਾਂ ਉਸ ਨੂੰ ਟ੍ਰੇਲਰ ਦੀ ਤੰਗ ਜਿਹੀ ਥਾਂ ਵਿਚ ਆਪਣੀਆਂ ਦੋ ਛੋਟੀਆਂ ਭੈਣਾਂ ਨਾਲ ਰਹਿਣਾ ਕੁਝ ਔਖਾ ਜਿਹਾ ਲੱਗਾ। ਇਸ ਲਈ ਉਸ ਨੇ 1940 ਵਿਚ ਜਾ ਕੇ ਇਕ ਭਰਾ ਨਾਲ ਪਾਇਨੀਅਰ ਸੇਵਾ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ। ਆਖ਼ਰ ਉਸ ਦਾ ਵਿਆਹ ਔਡਰੀ ਬੈਰਨ ਨਾਲ ਹੋ ਗਿਆ। ਇਸ ਤਰ੍ਹਾਂ ਔਡਰੀ ਨੂੰ ਵੀ ਸਾਡੇ ਮਾਤਾ-ਪਿਤਾ ਕੋਲੋਂ ਕਈ ਚੀਜ਼ਾਂ ਸਿੱਖਣ ਦਾ ਮੌਕਾ ਮਿਲਿਆ ਅਤੇ ਉਸ ਦਾ ਵੀ ਉਨ੍ਹਾਂ ਨਾਲ ਬਹੁਤ ਪਿਆਰ ਪੈ ਗਿਆ। ਜਦੋਂ ਮਸੀਹੀ ਨਿਰਪੱਖਤਾ ਦੇ ਕਾਰਨ ਡਿਊਈ ਜੂਨੀਅਰ ਨੂੰ 1944 ਵਿਚ ਜੇਲ੍ਹ ਜਾਣਾ ਪਿਆ ਤਾਂ ਔਡਰੀ ਕੁਝ ਸਮੇਂ ਲਈ ਸਾਡੇ ਤੰਗ ਜਿਹੇ ਟ੍ਰੇਲਰ ਵਿਚ ਸਾਡੇ ਨਾਲ ਰਹੀ।
ਸੰਨ 1941 ਵਿਚ ਸੇਂਟ ਲੂਈ, ਮਿਸੂਰੀ ਵਿਚ ਹੋਏ ਇਕ ਵੱਡੇ ਮਹਾਂ-ਸੰਮੇਲਨ ਵਿਚ, ਭਰਾ ਰਦਰਫ਼ਰਡ ਨੇ ਹਾਲ ਦੀਆਂ ਖ਼ਾਸ ਅਗਲੀਆਂ ਸੀਟਾਂ ਤੇ ਬੈਠੇ 5 ਤੋਂ 18 ਸਾਲ ਦੇ ਬੱਚਿਆਂ ਲਈ ਇਕ ਖ਼ਾਸ ਭਾਸ਼ਣ ਦਿੱਤਾ। ਐਡਵੀਨਾ ਅਤੇ ਮੈਂ ਉਨ੍ਹਾਂ ਦੀ ਸ਼ਾਂਤ ਅਤੇ ਸਪੱਸ਼ਟ ਆਵਾਜ਼ ਸੁਣ ਰਹੀਆਂ ਸਾਂ। ਉਨ੍ਹਾਂ ਨੂੰ ਸੁਣ ਕੇ ਇੰਜ ਲੱਗ ਰਿਹਾ ਸੀ ਜਿਵੇਂ ਇਕ ਪਿਤਾ ਆਪਣੇ ਬੱਚਿਆਂ ਨੂੰ ਆਪਣੇ ਘਰ ਵਿਚ ਸਿੱਖਿਆ ਦੇ ਰਿਹਾ ਹੋਵੇ। ਭਰਾ ਨੇ ਮਾਪਿਆਂ ਨੂੰ ਇਹ ਉਤਸ਼ਾਹ ਦਿੱਤਾ: “ਅੱਜ ਯਿਸੂ ਮਸੀਹ ਨੇ ਆਪਣੇ ਨੇਮ ਦੇ ਲੋਕਾਂ ਨੂੰ ਆਪਣੇ ਸਾਮ੍ਹਣੇ ਇਕੱਠਾ ਕੀਤਾ ਹੈ ਅਤੇ ਬੜੇ ਜ਼ੋਰਦਾਰ ਤਰੀਕੇ ਨਾਲ ਉਹ ਉਨ੍ਹਾਂ ਨੂੰ ਕਹਿ ਰਿਹਾ ਹੈ ਕਿ ਮਾਪਿਓ ਆਪਣੇ ਬੱਚਿਆਂ ਨੂੰ ਧਾਰਮਿਕਤਾ ਦਾ ਰਾਹ ਸਿਖਾਓ।” ਉਨ੍ਹਾਂ ਨੇ ਅੱਗੇ ਕਿਹਾ: “ਉਨ੍ਹਾਂ ਨੂੰ ਆਪਣੇ ਘਰ ਵਿਚ ਹੀ ਰੱਖ ਕੇ ਸੱਚਾਈ ਸਿਖਾਓ!” ਖ਼ੁਸ਼ੀ ਦੀ ਗੱਲ ਹੈ ਕਿ ਸਾਡੇ ਮਾਪਿਆਂ ਨੇ ਠੀਕ ਇਸੇ ਤਰ੍ਹਾਂ ਹੀ ਕੀਤਾ ਸੀ!
ਉਸ ਮਹਾਂ-ਸੰਮੇਲਨ ਵਿਚ ਸਾਨੂੰ ਅੰਗ੍ਰੇਜ਼ੀ ਵਿਚ ਯਹੋਵਾਹ ਦੇ ਸੇਵਕਾਂ ਦੀ ਕਾਨੂੰਨੀ ਜਿੱਤ ਨਾਮਕ ਇਕ ਨਵੀਂ ਪੁਸਤਿਕਾ ਮਿਲੀ, ਜਿਸ ਵਿਚ ਯਹੋਵਾਹ ਦੇ ਗਵਾਹਾਂ ਵੱਲੋਂ ਜਿੱਤੇ ਗਏ ਅਦਾਲਤੀ ਮੁਕੱਦਮਿਆਂ ਬਾਰੇ ਦੱਸਿਆ ਗਿਆ ਸੀ। ਇਸ ਵਿਚ ਸੰਯੁਕਤ ਰਾਜ ਅਮਰੀਕਾ ਦੇ ਸੁਪਰੀਮ ਕੋਰਟ ਦੇ ਮੁਕੱਦਮਿਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਸੀ। ਪਿਤਾ ਜੀ ਨੇ ਸਾਡੇ ਸਾਰਿਆਂ ਨਾਲ ਬੈਠ ਕੇ ਇਸ ਪੁਸਤਿਕਾ ਦਾ ਅਧਿਐਨ ਕੀਤਾ। ਸਾਨੂੰ ਬਿਲਕੁਲ ਨਹੀਂ ਪਤਾ ਸੀ ਕਿ ਅਸੀਂ ਕੁਝ ਹਫ਼ਤਿਆਂ ਬਾਅਦ ਐਲਬਾਮਾ ਦੇ ਸੈਲਮਾ ਸ਼ਹਿਰ ਵਿਚ ਹੋਣ ਵਾਲੀ ਘਟਨਾ ਲਈ ਤਿਆਰ ਹੋ ਰਹੇ ਸਾਂ।
ਸੈਲਮਾ ਵਿਚ ਭੀੜ ਵੱਲੋਂ ਹਮਲਾ
ਉਸ ਡਰਾਉਣੀ ਘਟਨਾ ਦੀ ਸਵੇਰ ਨੂੰ ਪਿਤਾ ਜੀ ਨੇ ਇਕ ਅਜਿਹੇ ਖ਼ਤ ਦੀਆਂ ਕਾਪੀਆਂ ਸੈਲਮਾ ਸ਼ਹਿਰ ਦੇ ਸ਼ੈਰਿਫ਼, ਮੇਅਰ ਅਤੇ ਪੁਲਿਸ ਦੇ ਮੁਖੀ ਨੂੰ ਦਿੱਤੀਆਂ ਸਨ, ਜਿਸ ਵਿਚ ਕਾਨੂੰਨੀ ਸੁਰੱਖਿਆ ਅਧੀਨ ਪ੍ਰਚਾਰ ਕਰਨ ਦੇ ਸਾਡੇ ਸੰਵਿਧਾਨਕ ਹੱਕ ਬਾਰੇ ਲਿਖਿਆ ਹੋਇਆ ਸੀ। ਫਿਰ ਵੀ, ਉਨ੍ਹਾਂ ਨੇ ਸਾਨੂੰ ਸ਼ਹਿਰ ਤੋਂ ਕੱਢਣ ਦਾ ਫ਼ੈਸਲਾ ਕੀਤਾ।
ਸ਼ਾਮ ਦੇ ਵੇਲੇ, ਪੰਜ ਹਥਿਆਰਬੰਦ ਆਦਮੀ ਸਾਡੇ ਟ੍ਰੇਲਰ ਵਿਚ ਆਏ ਤੇ ਉਨ੍ਹਾਂ ਨੇ ਮੇਰੇ ਮਾਤਾ ਜੀ ਨੂੰ, ਮੇਰੀ ਭੈਣ ਨੂੰ ਅਤੇ ਮੈਨੂੰ ਫੜ ਲਿਆ। ਰਾਜ-ਧਰੋਹੀਆਂ ਨੇ ਕਿਤਾਬਾਂ ਲੱਭਣ ਦੀ ਕੋਸ਼ਿਸ਼ ਵਿਚ ਸਾਡਾ ਸਭ ਕੁਝ ਛਾਣ ਮਾਰਿਆ। ਪਿਤਾ ਜੀ ਬਾਹਰ ਸਨ ਤੇ ਇਨ੍ਹਾਂ ਆਦਮੀਆਂ ਨੇ ਬੰਦੂਕ ਦੀ ਨੋਕ ਤੇ ਉਨ੍ਹਾਂ ਨੂੰ ਟ੍ਰੇਲਰ ਨੂੰ ਕਾਰ ਨਾਲ ਜੋੜਨ ਲਈ ਕਿਹਾ। ਇੰਨਾ ਸਭ ਕੁਝ ਹੋਣ ਤਕ ਮੈਂ ਡਰੀ ਨਹੀਂ ਸੀ। ਇਹ ਇਕ ਹਾਸੋਹੀਣੀ ਜਿਹੀ ਗੱਲ ਲੱਗਦੀ ਸੀ, ਕਿਉਂਕਿ ਇਹ ਆਦਮੀ ਸੋਚ ਰਹੇ ਸਨ ਕਿ ਅਸੀਂ ਬੜੇ ਖ਼ਤਰਨਾਕ ਲੋਕ ਹਾਂ। ਇਸੇ ਕਰਕੇ ਮੇਰਾ ਅਤੇ ਮੇਰੀ ਭੈਣ ਦਾ ਹਾਸਾ ਨਿਕਲ ਗਿਆ। ਪਰ ਜਦੋਂ ਪਿਤਾ ਜੀ ਨੇ ਸਾਨੂੰ ਇਕ ਘੂਰੀ ਵੱਟੀ ਤਾਂ ਅਸੀਂ ਦੋਵੇਂ ਚੁੱਪ ਹੋ ਗਈਆਂ।
ਜਦੋਂ ਅਸੀਂ ਜਾਣ ਲਈ ਤਿਆਰ ਹੋਏ, ਤਾਂ ਇਨ੍ਹਾਂ ਆਦਮੀਆਂ ਨੇ ਮੈਨੂੰ ਅਤੇ ਐਡਵੀਨਾ ਨੂੰ ਕਾਰ ਵਿਚ ਆਪਣੇ ਨਾਲ ਬੈਠਣ ਲਈ ਕਿਹਾ। ਪਿਤਾ ਜੀ ਦ੍ਰਿੜ੍ਹਤਾ ਨਾਲ ਬੋਲੇ: “ਮੇਰੇ ਜੀਉਂਦੇ ਜੀ ਤੁਸੀਂ ਇਨ੍ਹਾਂ ਨੂੰ ਆਪਣੇ ਨਾਲ ਨਹੀਂ ਲਿਜਾ ਸਕਦੇ!” ਫਿਰ ਕੁਝ ਗੱਲ-ਬਾਤ ਕਰਨ ਤੋਂ ਬਾਅਦ ਸਾਡੇ ਪਰਿਵਾਰ ਨੂੰ ਇਕੱਠੇ ਸਫ਼ਰ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ। ਇਹ ਹਥਿਆਰਬੰਦ ਆਦਮੀ ਆਪਣੀ ਕਾਰ ਵਿਚ ਬਹਿ ਕੇ ਸਾਡੇ ਪਿੱਛੇ-ਪਿੱਛੇ ਆ ਰਹੇ ਸਨ। ਸ਼ਹਿਰ ਤੋਂ ਬਾਹਰ 25 ਕਿਲੋਮੀਟਰ ਦੀ ਦੂਰੀ ਤੇ ਉਨ੍ਹਾਂ ਨੇ ਸਾਨੂੰ ਇਕ ਖੁੱਲ੍ਹੀ ਸੜਕ ਦੇ ਕਿਨਾਰੇ ਗੱਡੀ ਖੜ੍ਹੀ ਕਰਨ ਦਾ ਇਸ਼ਾਰਾ ਕੀਤਾ ਅਤੇ ਸਾਡੇ ਮਾਤਾ-ਪਿਤਾ ਨੂੰ ਥੋੜ੍ਹੀ ਦੂਰ ਲੈ ਗਏ। ਉਹ ਵਾਰੋ-ਵਾਰੀ ਉਨ੍ਹਾਂ ਤੇ ਜ਼ੋਰ ਪਾ ਕੇ ਕਹਿ ਰਹੇ ਸਨ: “ਆਪਣੇ ਇਸ ਧਰਮ ਨੂੰ ਛੱਡ ਦਿਓ। ਫਾਰਮ ਵਿਚ ਵਾਪਸ ਪਰਤ ਜਾਓ ਅਤੇ ਸਹੀ ਤਰੀਕੇ ਨਾਲ ਆਪਣੀਆਂ ਕੁੜੀਆਂ ਦੀ ਪਰਵਰਿਸ਼ ਕਰੋ!” ਪਿਤਾ ਜੀ ਨੇ ਉਨ੍ਹਾਂ ਨੂੰ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਕੋਈ ਫ਼ਾਇਦਾ ਨਾ ਹੋਇਆ।
ਅਖ਼ੀਰ ਇਕ ਆਦਮੀ ਨੇ ਕਿਹਾ: “ਜਾਓ, ਪਰ ਜੇਕਰ ਤੁਸੀਂ ਡੈਲਸ ਸ਼ਹਿਰ ਵਿਚ ਮੁੜ ਕੇ ਕਦੇ ਆਏ, ਤਾਂ ਅਸੀਂ ਤੁਹਾਨੂੰ ਇਕ-ਇਕ ਨੂੰ ਮੌਤ ਦੇ ਘਾਟ ਉਤਾਰ ਦਿਆਂਗੇ!”
ਇਸ ਛੁਟਕਾਰੇ ਤੋਂ ਬਾਅਦ, ਅਸੀਂ ਇਕੱਠਿਆਂ ਨੇ ਇਕ ਵਾਰ ਫੇਰ ਕਈ ਘੰਟੇ ਸਫ਼ਰ ਕੀਤਾ ਅਤੇ ਰਾਤ ਕੱਟਣ ਲਈ ਗੱਡੀ ਖੜ੍ਹੀ ਕੀਤੀ। ਅਸੀਂ ਉਨ੍ਹਾਂ ਹਥਿਆਰਬੰਦ ਵਿਅਕਤੀਆਂ ਦੀ ਕਾਰ ਦਾ ਨੰਬਰ ਨੋਟ ਕਰ ਲਿਆ ਸੀ। ਪਿਤਾ ਜੀ ਨੇ ਫਟਾਫਟ ਵਾਚ ਟਾਵਰ ਸੋਸਾਇਟੀ ਨੂੰ ਇਸ ਬਾਰੇ ਸਾਰੀ ਰਿਪੋਰਟ ਦਿੱਤੀ ਤੇ ਕੁਝ ਮਹੀਨਿਆਂ ਬਾਅਦ ਇਨ੍ਹਾਂ ਆਦਮੀਆਂ ਦੀ ਸ਼ਨਾਖਤ ਕਰ ਕੇ ਇਨ੍ਹਾਂ ਨੂੰ ਗਿਰਫ਼ਤਾਰ ਕਰ ਲਿਆ ਗਿਆ।
ਗਿਲਿਅਡ ਮਿਸ਼ਨਰੀ ਸਕੂਲ ਵਿਚ
ਸੰਨ 1946 ਵਿਚ ਐਡਵੀਨਾ ਨੂੰ ਸਾਉਥ ਲੈਂਸਿੰਗ, ਨਿਊਯਾਰਕ ਵਿਖੇ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ 7ਵੀਂ ਕਲਾਸ ਵਿਚ ਸ਼ਾਮਲ ਹੋਣ ਦਾ ਸੱਦਾ ਮਿਲਿਆ। ਐਲਬਰਟ ਸ਼੍ਰੋਡਰ, ਜੋ ਕਿ ਗਿਲਿਅਡ ਦੇ ਸਿੱਖਿਅਕ ਸਨ, ਨੇ ਆਪਣੇ ਸਾਬਕਾ ਪਾਇਨੀਅਰ ਸਾਥੀ ਬਿਲ ਐਲਰੋਡ ਕੋਲ ਮੇਰੀ ਭੈਣ ਦੀਆਂ ਖੂਬੀਆਂ ਦਾ ਜ਼ਿਕਰ ਕੀਤਾ। ਬਿਲ ਐਲਰੋਡ ਉਸ ਵੇਲੇ ਬਰੁਕਲਿਨ, ਨਿਊਯਾਰਕ ਵਿਖੇ ਯਹੋਵਾਹ ਦੇ ਗਵਾਹਾਂ ਦੇ ਵਿਸ਼ਵ ਮੁੱਖ ਦਫ਼ਤਰ ਬੈਥਲ ਵਿਚ ਸੇਵਾ ਕਰ ਰਿਹਾ ਸੀ।a ਐਡਵੀਨਾ ਅਤੇ ਬਿਲ ਦੀ ਜਾਣ-ਪਛਾਣ ਕਰਾਈ ਗਈ ਤੇ ਗਿਲਿਅਡ ਤੋਂ ਗ੍ਰੈਜੂਏਟ ਹੋਣ ਦੇ ਇਕ ਸਾਲ ਬਾਅਦ ਹੀ ਉਨ੍ਹਾਂ ਦਾ ਵਿਆਹ ਹੋ ਗਿਆ। ਬੈਥਲ ਵਿਚ ਪੰਜ ਸਾਲ ਇਕੱਠੇ ਸੇਵਾ ਕਰਨ ਤੋਂ ਇਲਾਵਾ, ਉਨ੍ਹਾਂ ਨੇ ਕਈ ਸਾਲ ਪੂਰਣ-ਕਾਲੀ ਸੇਵਕਾਈ ਵਿਚ ਬਿਤਾਏ। ਫਿਰ ਇਕ ਦਿਨ ਸੰਨ 1959 ਵਿਚ ਭਰਾ ਸ਼੍ਰੋਡਰ ਨੇ ਗਿਲਿਅਡ ਦੀ 34ਵੀਂ ਕਲਾਸ ਵਿਚ ਦੱਸਿਆ ਕਿ ਉਨ੍ਹਾਂ ਦੇ ਪਿਆਰੇ ਦੋਸਤ ਦੇ ਘਰ ਜੌੜੇ ਜੰਮੇ ਹਨ, ਇਕ ਕੁੜੀ ਤੇ ਇਕ ਮੁੰਡਾ।
ਸੰਨ 1947 ਦੇ ਅਖ਼ੀਰ ਵਿਚ ਜਦੋਂ ਮੈਂ ਆਪਣੇ ਮਾਤਾ-ਪਿਤਾ ਨਾਲ ਮੈਰੀਡੀਅਨ, ਮਿਸਿਸਿਪੀ ਵਿਚ ਸੇਵਕਾਈ ਕਰ ਰਹੀ ਸੀ, ਤਾਂ ਸਾਨੂੰ ਤਿੰਨਾਂ ਨੂੰ ਗਿਲਿਅਡ ਦੀ 11ਵੀਂ ਕਲਾਸ ਵਿਚ ਸ਼ਾਮਲ ਹੋਣ ਦਾ ਸੱਦਾ ਮਿਲਿਆ। ਅਸੀਂ ਬਹੁਤ ਹੈਰਾਨ ਹੋਏ, ਕਿਉਂਕਿ ਗਿਲਿਅਡ ਦੀਆਂ ਸ਼ਰਤਾਂ ਦੇ ਮੁਤਾਬਕ ਅਜੇ ਮੈਂ ਕਾਫ਼ੀ ਛੋਟੀ ਸੀ ਤੇ ਮੇਰੇ ਮਾਤਾ-ਪਿਤਾ ਦੀ ਗਿਲਿਅਡ ਜਾਣ ਦੀ ਉਮਰ ਲੰਘ ਚੁੱਕੀ ਸੀ। ਪਰ ਸਾਨੂੰ ਖ਼ਾਸ ਛੋਟ ਦਿੱਤੀ ਗਈ ਸੀ ਤੇ ਇਸ ਤਰ੍ਹਾਂ ਸਾਨੂੰ ਹੋਰ ਜ਼ਿਆਦਾ ਬਾਈਬਲ ਸਿੱਖਿਆ ਲੈਣ ਦਾ ਬਹੁਮੁੱਲਾ ਵਿਸ਼ੇਸ਼-ਸਨਮਾਨ ਮਿਲਿਆ।
ਆਪਣੇ ਮਾਤਾ-ਪਿਤਾ ਨਾਲ ਮਿਸ਼ਨਰੀ ਸੇਵਾ
ਸਾਨੂੰ ਕੋਲੰਬੀਆ, ਦੱਖਣੀ ਅਮਰੀਕਾ ਵਿਚ ਮਿਸ਼ਨਰੀ ਸੇਵਾ ਲਈ ਨਿਯੁਕਤ ਕੀਤਾ ਗਿਆ। ਪਰ ਅਸੀਂ ਗ੍ਰੈਜੂਏਸ਼ਨ ਤੋਂ ਇਕ ਸਾਲ ਬਾਅਦ ਹੀ ਦਸੰਬਰ 1949 ਨੂੰ ਬੋਗੋਟਾ ਦੇ ਮਿਸ਼ਨਰੀ ਘਰ ਵਿਚ ਪਹੁੰਚੇ, ਜਿੱਥੇ ਪਹਿਲਾਂ ਹੀ ਤਿੰਨ ਮਿਸ਼ਨਰੀ ਰਹਿੰਦੇ ਸਨ। ਸ਼ੁਰੂ-ਸ਼ੁਰੂ ਵਿਚ ਤਾਂ ਪਿਤਾ ਜੀ ਨੂੰ ਲੱਗਾ ਕਿ ਖ਼ੁਦ ਸਪੇਨੀ ਭਾਸ਼ਾ ਸਿੱਖਣ ਦੀ ਬਜਾਇ ਲੋਕਾਂ ਨੂੰ ਅੰਗ੍ਰੇਜ਼ੀ ਸਿਖਾਉਣੀ ਜ਼ਿਆਦਾ ਸੌਖੀ ਹੋਵੇਗੀ! ਜੀ ਹਾਂ, ਮਿਸ਼ਨਰੀ ਸੇਵਾ ਵਿਚ ਕਾਫ਼ੀ ਮੁਸ਼ਕਲਾਂ ਆਈਆਂ, ਪਰ ਸਾਨੂੰ ਕਿੰਨੀਆਂ ਬਰਕਤਾਂ ਵੀ ਮਿਲੀਆਂ! ਸੰਨ 1949 ਵਿਚ, ਕੋਲੰਬੀਆ ਵਿਚ ਗਵਾਹਾਂ ਦੀ ਗਿਣਤੀ ਸੌ ਤੋਂ ਵੀ ਘੱਟ ਸੀ, ਪਰ ਹੁਣ ਉੱਥੇ 1,00,000 ਤੋਂ ਵੀ ਜ਼ਿਆਦਾ ਗਵਾਹ ਹਨ!
ਬੋਗੋਟਾ ਵਿਚ ਪੰਜ ਸਾਲ ਸੇਵਾ ਕਰਨ ਤੋਂ ਬਾਅਦ, ਸਾਡੇ ਮਾਤਾ-ਪਿਤਾ ਨੂੰ ਕਾਲੀ ਨਾਮਕ ਸ਼ਹਿਰ ਵਿਚ ਭੇਜਿਆ ਗਿਆ। ਉਸ ਤੋਂ ਪਹਿਲਾਂ ਹੀ ਸੰਨ 1952 ਵਿਚ ਮੇਰਾ ਵਿਆਹ ਰੌਬਰਟ ਟ੍ਰੇਸੀ ਨਾਲ ਹੋ ਗਿਆ ਸੀ।b ਉਹ ਵੀ ਕੋਲੰਬੀਆ ਵਿਚ ਮਿਸ਼ਨਰੀ ਸਨ। ਅਸੀਂ 1982 ਤਕ ਕੋਲੰਬੀਆ ਵਿਚ ਹੀ ਰਹੇ ਅਤੇ ਬਾਅਦ ਵਿਚ ਸਾਨੂੰ ਮੈਕਸੀਕੋ ਭੇਜਿਆ ਗਿਆ ਜਿੱਥੇ ਅਸੀਂ ਹੁਣ ਤਕ ਸੇਵਾ ਕਰ ਰਹੇ ਹਾਂ। ਆਖ਼ਰਕਾਰ, ਸੰਨ 1968 ਵਿਚ ਇਲਾਜ ਲਈ ਮੇਰੇ ਮਾਤਾ-ਪਿਤਾ ਨੂੰ ਸੰਯੁਕਤ ਰਾਜ ਅਮਰੀਕਾ ਵਾਪਸ ਪਰਤਣਾ ਪਿਆ। ਸਿਹਤ ਠੀਕ ਹੋ ਜਾਣ ਤੋਂ ਬਾਅਦ, ਉਨ੍ਹਾਂ ਨੇ ਮੋਬਾਈਲ, ਐਲਬਾਮਾ ਦੇ ਨੇੜੇ ਵਿਸ਼ੇਸ਼ ਪਾਇਨੀਅਰਾਂ ਵਜੋਂ ਆਪਣੀ ਸੇਵਕਾਈ ਜਾਰੀ ਰੱਖੀ।
ਆਪਣੇ ਮਾਤਾ-ਪਿਤਾ ਦੀ ਦੇਖ-ਭਾਲ
ਸਮਾਂ ਬੀਤਣ ਅਤੇ ਉਮਰ ਵਧਣ ਕਾਰਨ ਸਾਡੇ ਮਾਤਾ-ਪਿਤਾ ਸੇਵਕਾਈ ਵਿਚ ਇੰਨਾ ਨਹੀਂ ਕਰ ਪਾਉਂਦੇ ਸਨ। ਹੁਣ ਉਨ੍ਹਾਂ ਨੂੰ ਜ਼ਿਆਦਾ ਮਦਦ ਅਤੇ ਦੇਖ-ਭਾਲ ਦੀ ਲੋੜ ਸੀ। ਉਨ੍ਹਾਂ ਦੀ ਦਰਖ਼ਾਸਤ ਤੇ ਉਨ੍ਹਾਂ ਨੂੰ ਐਥਿਨਜ਼, ਐਲਬਾਮਾ ਵਿਚ ਐਡਵੀਨਾ ਅਤੇ ਬਿਲ ਦੇ ਨੇੜੇ ਪਾਇਨੀਅਰੀ ਕਰਨ ਦੀ ਇਜਾਜ਼ਤ ਮਿਲ ਗਈ। ਬਾਅਦ ਵਿਚ ਮੇਰੇ ਭਰਾ, ਡਿਊਈ ਜੂਨੀਅਰ ਨੇ ਸੋਚਿਆ ਕਿ ਪੂਰੇ ਪਰਿਵਾਰ ਦਾ ਦੱਖਣੀ ਕੈਰੋਲਾਇਨਾ ਵਿਚ ਇਕ ਦੂਜੇ ਦੇ ਨੇੜੇ-ਤੇੜੇ ਰਹਿਣਾ ਸਮਝਦਾਰੀ ਦੀ ਗੱਲ ਹੋਵੇਗੀ। ਇਸ ਲਈ ਬਿਲ ਦਾ ਪਰਿਵਾਰ ਅਤੇ ਸਾਡੇ ਮਾਤਾ-ਪਿਤਾ ਵੀ ਗ੍ਰੀਨਵੁੱਡ ਜਾ ਕੇ ਵੱਸ ਗਏ। ਇਸ ਪਿਆਰ ਭਰੇ ਪ੍ਰਬੰਧ ਦੇ ਕਾਰਨ ਹੀ ਮੈਂ ਅਤੇ ਰੌਬਰਟ ਕੋਲੰਬੀਆ ਵਿਚ ਆਪਣੀ ਮਿਸ਼ਨਰੀ ਸੇਵਾ ਜਾਰੀ ਰੱਖ ਸਕੇ, ਕਿਉਂਕਿ ਹੁਣ ਮੇਰੇ ਦਿਲ ਨੂੰ ਤਸੱਲੀ ਹੋ ਗਈ ਸੀ ਕਿ ਮੇਰੇ ਮਾਤਾ-ਪਿਤਾ ਦੀ ਚੰਗੀ ਦੇਖ-ਭਾਲ ਹੋ ਰਹੀ ਹੈ।
ਉਸ ਤੋਂ ਬਾਅਦ, ਸੰਨ 1985 ਵਿਚ ਪਿਤਾ ਜੀ ਨੂੰ ਸਟ੍ਰੋਕ (stroke) ਪਿਆ, ਜਿਸ ਕਰਕੇ ਉਹ ਮੰਜੇ ਤੇ ਪੈ ਗਏ। ਹੁਣ ਉਹ ਚੰਗੀ ਤਰ੍ਹਾਂ ਬੋਲ ਵੀ ਨਹੀਂ ਸਕਦੇ ਸਨ। ਅਸੀਂ ਸਾਰੇ ਪਰਿਵਾਰ ਨੇ ਇਕੱਠੇ ਬੈਠ ਕੇ ਸੋਚ-ਵਿਚਾਰ ਕੀਤਾ ਕਿ ਆਪਣੇ ਮਾਤਾ-ਪਿਤਾ ਦੀ ਚੰਗੀ ਤਰ੍ਹਾਂ ਦੇਖ-ਭਾਲ ਕਿਵੇਂ ਕੀਤੀ ਜਾਵੇ। ਅਖ਼ੀਰ ਵਿਚ ਇਹ ਫ਼ੈਸਲਾ ਕੀਤਾ ਗਿਆ ਕਿ ਪਿਤਾ ਜੀ ਦੀ ਦੇਖ-ਭਾਲ ਕਰਨ ਦੀ ਮੁੱਖ ਜ਼ਿੰਮੇਵਾਰੀ ਔਡਰੀ ਦੀ ਹੋਵੇਗੀ ਅਤੇ ਰੌਬਰਟ ਤੇ ਮੈਂ ਹਰ ਹਫ਼ਤੇ ਚਿੱਠੀ ਵਿਚ ਉਤਸ਼ਾਹਜਨਕ ਤਜਰਬੇ ਲਿਖ ਕੇ ਮਦਦ ਕਰਾਂਗੇ ਅਤੇ ਅਕਸਰ ਆਉਂਦੇ-ਜਾਂਦੇ ਰਹਾਂਗੇ।
ਪਿਤਾ ਜੀ ਨਾਲ ਮੇਰੀ ਆਖ਼ਰੀ ਮੁਲਾਕਾਤ ਮੈਨੂੰ ਅਜੇ ਵੀ ਚੰਗੀ ਤਰ੍ਹਾਂ ਯਾਦ ਹੈ। ਉਹ ਚੰਗੀ ਤਰ੍ਹਾਂ ਬੋਲ ਨਹੀਂ ਸਕਦੇ ਸਨ, ਪਰ ਜਦੋਂ ਅਸੀਂ ਉਨ੍ਹਾਂ ਨੂੰ ਇਹ ਦੱਸਿਆ ਕਿ ਅਸੀਂ ਮੈਕਸੀਕੋ ਵਾਪਸ ਜਾ ਰਹੇ ਹਾਂ, ਤਾਂ ਉਹ ਭਾਵੁਕ ਹੋ ਕੇ ਬੜੇ ਜਤਨ ਨਾਲ ਇਕ ਸ਼ਬਦ ਬੋਲੇ, “ਐਡੀਓਸ!” ਇਸ ਤੋਂ ਸਾਨੂੰ ਪਤਾ ਲੱਗਾ ਕਿ ਉਹ ਦਿਲੋਂ ਚਾਹੁੰਦੇ ਸਨ ਕਿ ਅਸੀਂ ਆਪਣੀ ਮਿਸ਼ਨਰੀ ਸੇਵਾ ਜਾਰੀ ਰੱਖੀਏ। ਪਿਤਾ ਜੀ ਜੁਲਾਈ 1987 ਵਿਚ ਗੁਜ਼ਰ ਗਏ ਤੇ ਉਨ੍ਹਾਂ ਤੋਂ ਨੌਂ ਮਹੀਨਿਆਂ ਬਾਅਦ ਮਾਤਾ ਜੀ ਵੀ ਗੁਜ਼ਰ ਗਏ।
ਮੈਨੂੰ ਆਪਣੀ ਵਿਧਵਾ ਭੈਣ ਕੋਲੋਂ ਇਕ ਖ਼ਤ ਮਿਲਿਆ, ਜਿਸ ਵਿਚ ਉਸ ਨੇ ਉਹ ਸਭ ਕੁਝ ਲਿਖਿਆ ਸੀ ਜੋ ਅਸੀਂ ਸਾਰੇ ਭੈਣ-ਭਰਾ ਆਪਣੇ ਮਾਤਾ-ਪਿਤਾ ਲਈ ਮਹਿਸੂਸ ਕਰਦੇ ਸਾਂ। “ਮੈਂ ਆਪਣੇ ਅਣਮੋਲ ਮਸੀਹੀ ਵਿਰਸੇ ਦੀ ਦਿਲੋਂ ਕਦਰ ਕਰਦੀ ਹਾਂ। ਮੈਂ ਕਦੇ ਇਕ ਮਿੰਟ ਲਈ ਵੀ ਇਹ ਮਹਿਸੂਸ ਨਹੀਂ ਕੀਤਾ ਕਿ ਜੇਕਰ ਸਾਡੇ ਮਾਂ-ਬਾਪ ਨੇ ਸਾਨੂੰ ਕਿਸੇ ਹੋਰ ਤਰੀਕੇ ਨਾਲ ਪਾਲਿਆ ਹੁੰਦਾ ਤਾਂ ਅਸੀਂ ਜ਼ਿਆਦਾ ਖ਼ੁਸ਼ ਹੁੰਦੇ। ਉਨ੍ਹਾਂ ਦੀ ਨਿਹਚਾ, ਆਤਮ-ਤਿਆਗ ਅਤੇ ਯਹੋਵਾਹ ਵਿਚ ਪੱਕੇ ਭਰੋਸੇ ਦੀ ਚੰਗੀ ਮਿਸਾਲ ਨੇ ਮੇਰੀ ਜ਼ਿੰਦਗੀ ਦੇ ਉਨ੍ਹਾਂ ਪਲਾਂ ਵਿਚ ਮਦਦ ਕੀਤੀ ਹੈ ਜਦੋਂ ਮੈਂ ਬਹੁਤ ਹੀ ਨਿਰਾਸ਼ ਸੀ।” ਅਖ਼ੀਰ ਵਿਚ ਐਡਵੀਨਾ ਨੇ ਲਿਖਿਆ: “ਮੈਂ ਆਪਣੇ ਮਾਤਾ-ਪਿਤਾ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣੀ ਕਥਨੀ ਤੇ ਕਰਨੀ ਨਾਲ ਸਾਨੂੰ ਦਿਖਾਇਆ ਕਿ ਆਪਣੀ ਜ਼ਿੰਦਗੀ ਨੂੰ ਆਪਣੇ ਪ੍ਰੇਮਮਈ ਪਰਮੇਸ਼ੁਰ ਯਹੋਵਾਹ ਦੀ ਸੇਵਾ ਵਿਚ ਲਗਾਉਣ ਦੁਆਰਾ ਕਿੰਨੀ ਖ਼ੁਸ਼ੀ ਪ੍ਰਾਪਤ ਹੁੰਦੀ ਹੈ।”
[ਫੁਟਨੋਟ]
a 1 ਮਾਰਚ 1988 ਦਾ ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ੇ 11-12 ਦੇਖੋ।
b 15 ਮਾਰਚ 1960 ਦਾ ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ੇ 189-91 ਦੇਖੋ।
[ਸਫ਼ੇ 22, 23 ਉੱਤੇ ਤਸਵੀਰਾਂ]
ਫ਼ਾਉਂਟਨ ਪਰਿਵਾਰ: (ਖੱਬੇ ਤੋਂ ਸੱਜੇ) ਡਿਊਈ, ਐਡਵੀਨਾ, ਵਿਨੀ, ਐਲੀਜ਼ਬਥ, ਡਿਊਈ ਜੂਨੀਅਰ; ਸੱਜੇ: ਹੈੱਨਸ਼ਲ ਦੇ ਲਾਉਡ-ਸਪੀਕਰਾਂ ਵਾਲੇ ਟਰੱਕ ਦੇ ਅਗਲੇ ਹਿੱਸੇ ਤੇ ਖੱਬੇ ਪਾਸੇ ਐਲੀਜ਼ਬਥ ਅਤੇ ਸੱਜੇ ਪਾਸੇ ਡਿਊਈ ਜੂਨੀਅਰ (1937); ਹੇਠਾਂ ਸੱਜੇ: 16 ਸਾਲਾਂ ਦੀ ਉਮਰ ਵਿਚ ਐਲੀਜ਼ਬਥ ਗੱਤੇ ਦੇ ਪੋਸਟਰ ਦਿਖਾਉਂਦੀ ਹੋਈ