ਨੌਜਵਾਨ ਪੁੱਛਦੇ ਹਨ . . .
ਮੈਨੂੰ ਆਪਣੇ ਮਾਪਿਆਂ ਬਗੈਰ ਕਿਉਂ ਜੀਉਣਾ ਪੈਂਦਾ ਹੈ?
“ਮੇਰੇ ਮਾਪਿਆਂ ਤੋਂ ਬਗੈਰ ਮੇਰਾ ਜੀਵਨ ਕਿਸ ਤਰ੍ਹਾਂ ਦਾ ਸੀ? ਮੈਂ ਕਹਿ ਸਕਦਾ ਹਾਂ ਕਿ ਕਈਆਂ ਕਾਰਨਾਂ ਕਰਕੇ ਮੇਰੀ ਜ਼ਿੰਦਗੀ ਦੁਖੀ ਰਹੀ ਹੈ। ਆਪਣੇ ਮਾਪਿਆਂ ਦੇ ਤੇਹ ਅਤੇ ਪਿਆਰ ਤੋਂ ਬਗੈਰ ਵੱਡੇ ਹੋਣਾ ਬਹੁਤ ਔਖਾ ਹੈ।”—ਹਵੌਕੀਨ।
“ਮੇਰੇ ਲਈ ਉਹ ਦਿਨ ਸਭ ਤੋਂ ਔਖੇ ਹੁੰਦੇ ਸੀ ਜਦੋਂ ਸਾਰਿਆਂ ਦੇ ਮਾਂ-ਬਾਪ ਰਿਪੋਰਟ ਕਾਰਡ ਤੇ ਦਸਤਖਤ ਕਰਨ ਸਕੂਲ ਆਉਂਦੇ ਸੀ। ਮੈਂ ਉਦੋਂ ਬਹੁਤ ਉਦਾਸ ਅਤੇ ਇਕੱਲੀ ਮਹਿਸੂਸ ਕਰਦੀ ਹੁੰਦੀ ਸੀ। ਹੁਣ ਵੀ ਕਦੀ-ਕਦੀ ਮੈਂ ਇਸੇ ਤਰ੍ਹਾਂ ਮਹਿਸੂਸ ਕਰਦੀ ਹਾਂ।”—16 ਸਾਲਾਂ ਦੀ ਏਬਲੀਨਾ।
ਇਹ ਸਾਡੇ ਜ਼ਮਾਨੇ ਦਾ ਸੰਕਟ ਹੈ ਕਿ ਲੱਖਾਂ ਹੀ ਬੱਚੇ ਆਪਣੇ ਮਾਪਿਆਂ ਬਗੈਰ ਪਲ਼ ਰਹੇ ਹਨ। ਪੂਰਬੀ ਯੂਰਪ ਵਿਚ ਯੁੱਧ ਕਾਰਨ ਹਜ਼ਾਰਾਂ ਹੀ ਬੱਚੇ ਯਤੀਮ ਬਣਾਏ ਗਏ ਹਨ। ਅਫ਼ਰੀਕਾ ਵਿਚ ਏਡਜ਼ ਦੇ ਰੋਗ ਨੇ ਵੀ ਅਜਿਹੀ ਤਬਾਹੀ ਮਚਾਈ ਹੈ। ਕੁਝ ਬੱਚੇ ਆਪਣੇ ਮਾਪਿਆਂ ਦੁਆਰਾ ਤਿਆਗੇ ਗਏ ਹਨ। ਯੁੱਧਾਂ ਅਤੇ ਕੁਦਰਤੀ ਤਬਾਹੀਆਂ ਦੇ ਕਾਰਨ ਪਰਿਵਾਰ ਵਿੱਛੜ ਗਏ ਹਨ।
ਬਾਈਬਲ ਸਮਿਆਂ ਵਿਚ ਵੀ ਅਜਿਹੀਆਂ ਸਥਿਤੀਆਂ ਆਮ ਸਨ। ਮਿਸਾਲ ਦੇ ਤੌਰ ਤੇ, ਬਾਈਬਲ ਵਿਚ ਯਤੀਮ ਦੀ ਦਸ਼ਾ ਬਾਰੇ ਬਾਰ-ਬਾਰ ਜ਼ਿਕਰ ਕੀਤਾ ਗਿਆ ਹੈ। (ਜ਼ਬੂਰ 94:6; ਮਲਾਕੀ 3:5) ਯੁੱਧਾਂ ਅਤੇ ਹੋਰ ਦੁਖਦਾਈ ਹਾਲਾਤਾਂ ਨੇ ਉਦੋਂ ਵੀ ਪਰਿਵਾਰਾਂ ਨੂੰ ਅਲੱਗ-ਅਲੱਗ ਕੀਤਾ ਸੀ। ਬਾਈਬਲ ਇਕ ਛੋਟੀ ਕੁੜੀ ਬਾਰੇ ਦੱਸਦੀ ਹੈ ਜਿਸ ਨੂੰ ਆਪਣਿਆਂ ਮਾਪਿਆਂ ਤੋਂ ਜੁਦਾ ਕੀਤਾ ਗਿਆ ਸੀ, ਜਦੋਂ ਅਰਾਮੀ ਦੇਸ਼ ਦੇ ਡਾਕੂ ਉਸ ਨੂੰ ਚੁੱਕ ਕੇ ਲੈ ਗਏ ਸਨ।—2 ਰਾਜਿਆਂ 5:2.
ਸ਼ਾਇਦ ਤੁਸੀਂ ਉਨ੍ਹਾਂ ਲੱਖਾਂ ਬੱਚਿਆਂ ਵਿੱਚੋਂ ਹੋ ਜਿਨ੍ਹਾਂ ਨੂੰ ਆਪਣਿਆਂ ਮਾਪਿਆਂ ਤੋਂ ਬਗੈਰ ਜੀਉਣਾ ਪੈਂਦਾ ਹੈ। ਜੇਕਰ ਇਸ ਤਰ੍ਹਾਂ ਹੈ, ਤਾਂ ਤੁਹਾਨੂੰ ਪਤਾ ਹੈ ਕਿ ਅਜਿਹੀ ਸਥਿਤੀ ਕਿੰਨੀ ਦੁਖਦਾਇਕ ਹੋ ਸਕਦੀ ਹੈ। ਤੁਹਾਡੇ ਨਾਲ ਇਸ ਤਰ੍ਹਾਂ ਕਿਉਂ ਹੋਇਆ ਹੈ?
ਕਸੂਰ ਤੁਹਾਡਾ ਨਹੀਂ
ਕੀ ਤੁਸੀਂ ਕਦੀ-ਕਦੀ ਇਸ ਤਰ੍ਹਾਂ ਸੋਚਣ ਲੱਗਦੇ ਹੋ ਕਿ ਪਰਮੇਸ਼ੁਰ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਸਜ਼ਾ ਦੇ ਰਿਹਾ ਹੈ? ਜਾਂ ਸ਼ਾਇਦ ਤੁਸੀਂ ਆਪਣੇ ਮਾਪਿਆਂ ਨਾਲ ਬਹੁਤ ਗੁੱਸੇ ਹੋ ਕਿਉਂਕਿ ਉਹ ਮਰ ਗਏ ਹਨ—ਜਿੱਦਾਂ ਕਿ ਉਨ੍ਹਾਂ ਨੇ ਇਸ ਤਰ੍ਹਾਂ ਜਾਣ-ਬੁੱਝ ਕੇ ਕੀਤਾ ਹੋਵੇ। ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਪਰਮੇਸ਼ੁਰ ਤੁਹਾਡੇ ਨਾਲ ਗੁੱਸੇ ਨਹੀਂ ਹੈ। ਨਾ ਹੀ ਤੁਹਾਡੇ ਮਾਪਿਆਂ ਨੇ ਜਾਣ-ਬੁੱਝ ਕੇ ਤੁਹਾਨੂੰ ਛੱਡਣਾ ਚਾਹਿਆ ਹੈ। ਮੌਤ ਅਪੂਰਣ ਮਨੁੱਖਜਾਤੀ ਦੇ ਜੀਵਨ ਦਾ ਦੁਖਦਾਈ ਹਿੱਸਾ ਹੈ, ਅਤੇ ਕਦੀ-ਕਦੀ ਇਹ ਮਾਪਿਆਂ ਤੇ ਉਸ ਵੇਲੇ ਆ ਜਾਂਦੀ ਹੈ ਜਦੋਂ ਉਨ੍ਹਾਂ ਦੇ ਬੱਚੇ ਹਾਲੇ ਛੋਟੇ ਹੀ ਹੁੰਦੇ ਹਨ। (ਰੋਮੀਆਂ 5:12; 6:23) ਜ਼ਾਹਰ ਹੈ ਕਿ ਯਿਸੂ ਨੇ ਖ਼ੁਦ ਆਪਣੇ ਪਿਆਰੇ ਪਿਤਾ, ਯੂਸੁਫ਼, ਦੀ ਮੌਤ ਦਾ ਦੁੱਖ ਅਨੁਭਵ ਕੀਤਾ ਸੀ।a ਲੇਕਿਨ ਇਹ ਯਿਸੂ ਦੁਆਰਾ ਕੀਤੇ ਗਏ ਕਿਸੇ ਪਾਪ ਕਾਰਨ ਨਹੀਂ ਹੋਇਆ ਸੀ।
ਇਸ ਨੂੰ ਵੀ ਧਿਆਨ ਵਿਚ ਰੱਖੋ ਕਿ ਅਸੀਂ ‘ਅੰਤ ਦਿਆਂ ਦਿਨਾਂ ਦੇ ਭੈੜੇ ਸਮੇਂ’ ਵਿਚ ਜੀ ਰਹੇ ਹਾਂ। (2 ਤਿਮੋਥਿਉਸ 3:1-5) ਇਸ ਸਦੀ ਵਿਚ ਹਿੰਸਾ, ਯੁੱਧ ਅਤੇ ਅਪਰਾਧ ਨੇ ਲੱਖਾਂ ਹੀ ਲੋਕਾਂ ਨੂੰ ਅੰਨ੍ਹੇਵਾਹ ਮਾਰਿਆ ਹੈ। ਦੂਸਰੇ ਕਈ ਲੋਕ, ‘ਸਮੇਂ ਅਤੇ ਅਣਚਿਤਵੀ ਘਟਨਾ’ ਦੇ ਸ਼ਿਕਾਰ ਬਣ ਗਏ ਹਨ, ਜੋ ਕਿਸੇ ਉੱਤੇ ਵੀ ਵਾਪਰ ਸਕਦੀਆਂ ਹਨ। (ਉਪਦੇਸ਼ਕ 9:11, ਨਿ ਵ) ਮਾਂ-ਬਾਪ ਦੀ ਮੌਤ ਭਾਵੇਂ ਕਿੰਨੀ ਵੀ ਦੁੱਖ-ਭਰੀ ਕਿਉਂ ਨਾ ਹੋਵੇ, ਇਸ ਵਿਚ ਤੁਹਾਡਾ ਬਿਲਕੁਲ ਕੋਈ ਕਸੂਰ ਨਹੀਂ ਹੈ। ਆਪਣੇ ਆਪ ਨੂੰ ਕਸੂਰਵਾਰ ਠਹਿਰਾਉਣ ਜਾਂ ਗਮ ਵਿਚ ਡੁੱਬ ਜਾਣ ਦਾ ਕੋਈ ਫ਼ਾਇਦਾ ਨਹੀਂ ਹੈ। ਆਪਣੇ ਆਪ ਨੂੰ ਇਸ ਤਰ੍ਹਾਂ ਦੁਖੀ ਕਰਨ ਦੀ ਬਜਾਇ ਪਰਮੇਸ਼ੁਰ ਦੇ ਵਾਅਦੇ ਤੋਂ ਦਿਲਾਸਾ ਪਾਓ ਕਿ ਉਹ ਮੁਰਦਿਆਂ ਨੂੰ ਜੀ ਉਠਾਏਗਾ।b ਯਿਸੂ ਨੇ ਭਵਿੱਖਬਾਣੀ ਕੀਤੀ: “ਇਹ ਨੂੰ ਅਚਰਜ ਨਾ ਜਾਣੋ ਕਿਉਂਕਿ ਉਹ ਘੜੀ ਆਉਂਦੀ ਹੈ ਜਿਹ ਦੇ ਵਿੱਚ ਓਹ ਸਭ ਜਿਹੜੇ ਕਬਰਾਂ ਵਿੱਚ ਹਨ ਉਹ ਦੀ ਅਵਾਜ਼ ਸੁਣਨਗੇ ਅਤੇ ਨਿੱਕਲ ਆਉਣਗੇ।” (ਯੂਹੰਨਾ 5:28, 29) ਏਬਲੀਨਾ, ਜਿਸ ਦਾ ਸ਼ੁਰੂ ਵਿਚ ਜ਼ਿਕਰ ਕੀਤਾ ਗਿਆ ਸੀ, ਕਹਿੰਦੀ ਹੈ: “ਯਹੋਵਾਹ ਲਈ ਮੇਰੇ ਪ੍ਰੇਮ ਅਤੇ ਪੁਨਰ-ਉਥਾਨ ਦੀ ਉਮੀਦ ਨੇ ਮੇਰੀ ਬਹੁਤ ਸਹਾਇਤਾ ਕੀਤੀ।”
ਲੇਕਿਨ ਉਦੋਂ ਕੀ ਜੇਕਰ ਤੁਹਾਡੇ ਮਾਂ-ਬਾਪ ਜੀਉਂਦੇ ਹਨ ਪਰ ਫਿਰ ਵੀ ਉਨ੍ਹਾਂ ਨੇ ਤੁਹਾਨੂੰ ਤਿਆਗ ਦਿੱਤਾ ਹੈ? ਪਰਮੇਸ਼ੁਰ ਮਾਪਿਆਂ ਤੋਂ ਇਹ ਮੰਗ ਕਰਦਾ ਹੈ ਕਿ ਉਹ ਆਪਣਿਆਂ ਬੱਚਿਆਂ ਨੂੰ ਪਾਲਣ ਅਤੇ ਉਨ੍ਹਾਂ ਦੀ ਦੇਖ-ਭਾਲ ਕਰਨ। (ਅਫ਼ਸੀਆਂ 6:4; 1 ਤਿਮੋਥਿਉਸ 5:8) ਲੇਕਿਨ, ਅਫ਼ਸੋਸ ਦੀ ਗੱਲ ਹੈ ਕਿ ਕੁਝ ਮਾਪੇ ਆਪਣੀ ਸੰਤਾਨ ਪ੍ਰਤੀ ਹੈਰਾਨੀਜਨਕ ‘ਨਿਰਮੋਹੀ’ ਦਿਖਾਉਂਦੇ ਹਨ। (2 ਤਿਮੋਥਿਉਸ 3:3) ਕਈ ਮਾਪੇ ਆਪਣੇ ਬੱਚਿਆਂ ਨੂੰ ਗ਼ਰੀਬੀ, ਕੈਦ, ਨਸ਼ੀਲੀਆਂ ਦਵਾਈਆਂ ਅਤੇ ਨਸ਼ੇ ਦੀ ਲਤ ਕਾਰਨ ਤਿਆਗ ਦਿੰਦੇ ਹਨ। ਇਹ ਵੀ ਸਵੀਕਾਰ ਕਰਨ ਯੋਗ ਹੈ ਕਿ ਅਜਿਹੇ ਮਾਪੇ ਵੀ ਹਨ ਜੋ ਆਪਣਿਆਂ ਬੱਚਿਆਂ ਨੂੰ ਸਿਰਫ਼ ਖ਼ੁਦਗਰਜ਼ੀ ਦੇ ਕਾਰਨ ਛੱਡ ਦਿੰਦੇ ਹਨ। ਕਾਰਨ ਜੋ ਵੀ ਹੋਵੇ, ਆਪਣਿਆਂ ਮਾਪਿਆਂ ਤੋਂ ਜੁਦਾ ਹੋਣਾ ਤਬਾਹਕੁੰਨ ਹੁੰਦਾ ਹੈ। ਪਰ ਇਸ ਦਾ ਇਹ ਮਤਲਬ ਨਹੀਂ ਕਿ ਤੁਹਾਡੇ ਵਿਚ ਕੋਈ ਕਮੀ ਹੈ ਜਾਂ ਤੁਸੀਂ ਇਸ ਦੇ ਲਈ ਦੋਸ਼ੀ ਹੋ। ਅਸਲ ਵਿਚ, ਜਿਸ ਤਰ੍ਹਾਂ ਦਾ ਸਲੂਕ ਤੁਹਾਡੇ ਨਾਲ ਕੀਤਾ ਗਿਆ ਹੈ ਉਸ ਲਈ ਤੁਹਾਡੇ ਮਾਂ-ਬਾਪ ਨੂੰ ਪਰਮੇਸ਼ੁਰ ਨੂੰ ਲੇਖਾ ਦੇਣਾ ਪਵੇਗਾ। (ਰੋਮੀਆਂ 14:12) ਲੇਕਿਨ, ਜੇਕਰ ਤੁਹਾਡੇ ਮਾਪੇ ਉਨ੍ਹਾਂ ਮਜਬੂਰੀ ਦੇ ਹਾਲਾਤਾਂ ਕਾਰਨ ਤੁਹਾਡੇ ਤੋਂ ਜੁਦਾ ਹੋ ਗਏ ਹਨ ਜਿਨ੍ਹਾਂ ਉੱਤੇ ਉਨ੍ਹਾਂ ਦਾ ਕੋਈ ਜ਼ੋਰ ਨਹੀਂ ਸੀ, ਜਿੱਦਾਂ ਕਿ ਕੋਈ ਕੁਦਰਤੀ ਤਬਾਹੀ ਜਾਂ ਬੀਮਾਰੀ, ਤਾਂ ਫਿਰ ਕਸੂਰ ਤਾਂ ਕਿਸੇ ਦਾ ਵੀ ਨਹੀਂ ਹੈ! ਦੁਬਾਰਾ ਮਿਲਣ ਦੀ ਹਮੇਸ਼ਾ ਉਮੀਦ ਰਹਿੰਦੀ ਹੈ, ਉਦੋਂ ਵੀ ਜਦੋਂ ਕਦੀ-ਕਦੀ ਇਹ ਸਭ ਕੁਝ ਨਾਮੁਮਕਿਨ ਜਿਹਾ ਲੱਗੇ।—ਉਤਪਤ 46:29-31 ਦੀ ਤੁਲਨਾ ਕਰੋ।
ਇਕ ਦੁਖਦਾਇਕ ਤਜਰਬਾ
ਉਮੀਦ ਦੇ ਇਸ ਸਮੇਂ ਦੌਰਾਨ, ਸ਼ਾਇਦ ਤੁਸੀਂ ਕਈ ਗੰਭੀਰ ਸਮੱਸਿਆਵਾਂ ਦਾ ਸਾਮ੍ਹਣਾ ਕਰੋਗੇ। ਸੰਯੁਕਤ ਰਾਸ਼ਟਰ-ਸੰਘ ਬਾਲ ਫ਼ੰਡ ਦੁਆਰਾ ਕੀਤੇ ਗਏ ਯੁੱਧ ਵਿਚ ਬੱਚੇ ਨਾਮਕ ਇਕ ਅਧਿਐਨ ਨੇ ਜ਼ਾਹਰ ਕੀਤਾ: “ਸਾਰਿਆਂ ਬੱਚਿਆਂ ਵਿੱਚੋਂ ਜਿਹੜੇ ਬੱਚੇ ਇਕੱਲੇ ਹੁੰਦੇ ਹਨ ਉਹ ਸਭ ਤੋਂ ਜ਼ਿਆਦਾ ਖ਼ਤਰੇ ਵਿਚ ਹੁੰਦੇ ਹਨ—ਉਨ੍ਹਾਂ ਨੂੰ . . . ਜ਼ਿੰਦਾ ਰਹਿਣ ਲਈ ਵੱਡੀਆਂ ਤੋਂ ਵੱਡੀਆਂ ਰੁਕਾਵਟਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਉਨ੍ਹਾਂ ਕੋਲ ਜ਼ਿੰਦਗੀ ਵਿਚ ਤਰੱਕੀ ਕਰਨ ਲਈ ਕੋਈ ਸਹਾਰਾ ਨਹੀਂ ਹੁੰਦਾ ਅਤੇ ਉਨ੍ਹਾਂ ਨਾਲ ਭੈੜਾ ਸਲੂਕ ਕੀਤਾ ਜਾਂਦਾ ਹੈ। ਮਾਪਿਆਂ ਤੋਂ ਜੁਦਾ ਹੋਣਾ ਬੱਚੇ ਦਾ ਸਭ ਤੋਂ ਦੁਖਦਾਇਕ ਨੁਕਸਾਨ ਹੋ ਸਕਦਾ ਹੈ।” ਸ਼ਾਇਦ ਤੁਸੀਂ ਉਦਾਸੀ ਅਤੇ ਨਿਰਾਸ਼ਾ ਦੀਆਂ ਭਾਵਨਾਵਾਂ ਨਾਲ ਲੜਦੇ ਹੋ।
ਸ਼ੁਰੂ ਵਿਚ ਜ਼ਿਕਰ ਕੀਤੇ ਗਏ ਹਵੌਕੀਨ ਨੂੰ ਯਾਦ ਕਰੋ। ਉਸ ਦੇ ਮਾਪੇ ਇਕ ਦੂਸਰੇ ਤੋਂ ਅਲੱਗ ਹੋ ਗਏ ਅਤੇ ਫਿਰ ਉਨ੍ਹਾਂ ਨੇ ਉਸ ਨੂੰ ਅਤੇ ਉਸ ਦੇ ਭੈਣਾਂ-ਭਰਾਵਾਂ ਨੂੰ ਤਿਆਗ ਦਿੱਤਾ। ਉਹ ਉਦੋਂ ਸਿਰਫ਼ ਇਕ ਸਾਲ ਦਾ ਸੀ ਅਤੇ ਉਸ ਦੀਆਂ ਵੱਡੀਆਂ ਭੈਣਾਂ ਨੇ ਉਸ ਨੂੰ ਪਾਲਿਆ। ਉਹ ਦੱਸਦਾ ਹੈ: “ਮੈਂ ਹਮੇਸ਼ਾ ਪੁੱਛਦਾ ਹੁੰਦਾ ਸੀ ਕਿ ਮੇਰੇ ਦੋਸਤਾਂ ਵਾਂਗ ਸਾਡੇ ਮਾਪੇ ਕਿਉਂ ਨਹੀਂ। ਅਤੇ ਜਦੋਂ ਮੈਂ ਕਿਸੇ ਪਿਤਾ ਨੂੰ ਆਪਣੇ ਪੁੱਤਰ ਨਾਲ ਖੇਡਦਾ ਦੇਖਦਾ ਤਾਂ ਮੈਂ ਚਾਹੁੰਦਾ ਸੀ ਕਿ ਉਹ ਮੇਰਾ ਪਿਤਾ ਹੁੰਦਾ।”
ਮਦਦ ਹਾਸਲ ਕਰਨੀ
ਭਾਵੇਂ ਕਿ ਮਾਪਿਆਂ ਬਗੈਰ ਵੱਡੇ ਹੋਣਾ ਬਹੁਤ ਮੁਸ਼ਕਲ ਹੈ, ਪਰ ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਨਿਕੰਮੇ ਨਿਕਲੋਗੇ। ਮਦਦ ਅਤੇ ਸਹਾਰੇ ਨਾਲ ਤੁਸੀਂ ਨਾ ਸਿਰਫ਼ ਬਚ ਸਕਦੇ ਹੋ ਸਗੋਂ ਬਹੁਤ ਤਰੱਕੀ ਵੀ ਕਰ ਸਕਦੇ ਹੋ। ਇਸ ਦਾ ਯਕੀਨ ਕਰਨਾ ਸ਼ਾਇਦ ਤੁਹਾਡੇ ਲਈ ਔਖਾ ਹੋਵੇ, ਖ਼ਾਸ ਕਰਕੇ ਜੇਕਰ ਤੁਸੀਂ ਉਦਾਸੀ ਅਤੇ ਗਮ ਵਿਚ ਡੁੱਬਦੇ ਜਾ ਰਹੇ ਹੋ। ਫਿਰ ਵੀ, ਯਾਦ ਰੱਖੋ ਕਿ ਅਜਿਹੀਆਂ ਭਾਵਨਾਵਾਂ ਆਮ ਹਨ ਅਤੇ ਇਹ ਤੁਹਾਨੂੰ ਸਦਾ ਲਈ ਨਹੀਂ ਸਤਾਉਣਗੀਆਂ। ਉਪਦੇਸ਼ਕ ਦੀ ਪੋਥੀ 7:2, 3 ਤੇ ਅਸੀਂ ਪੜ੍ਹਦੇ ਹਾਂ: “ਸਿਆਪੇ ਵਾਲੇ ਘਰ ਦੇ ਵਿੱਚ ਜਾਣਾ ਨਿਉਂਦੇ ਵਾਲੇ ਘਰ ਵਿੱਚ ਵੜਨ ਨਾਲੋਂ ਚੰਗਾ ਹੈ, . . . ਹਾਸੀ ਨਾਲੋਂ ਸੋਗ ਚੰਗਾ ਹੈ, ਕਿਉਂ ਜੋ ਮੂੰਹ ਦੀ ਉਦਾਸੀ ਨਾਲ ਮਨ ਸੁਧਰ ਜਾਂਦਾ ਹੈ।” ਜੀ ਹਾਂ, ਜਦੋਂ ਕੋਈ ਵੱਡੀ ਆਫ਼ਤ ਆਈ ਹੋਵੇ ਤਾਂ ਰੋਣਾ ਅਤੇ ਸੋਗ ਕਰਨਾ ਆਮ ਅਤੇ ਲਾਭਦਾਇਕ ਹੁੰਦਾ ਹੈ। ਤੁਸੀਂ ਸ਼ਾਇਦ ਕਿਸੇ ਸਮਝਦਾਰ ਦੋਸਤ ਜਾਂ ਕਲੀਸਿਯਾ ਦੇ ਕਿਸੇ ਸਿਆਣੇ ਮੈਂਬਰ ਨੂੰ ਹਮਰਾਜ਼ ਬਣਾਉਣਾ ਅਤੇ ਆਪਣੇ ਦਰਦ ਬਾਰੇ ਗੱਲ ਕਰਨੀ ਸਹਾਇਕ ਪਾਓਗੇ।
ਇਹ ਵੀ ਹੋ ਸਕਦਾ ਹੈ ਕਿ ਤੁਹਾਡਾ ਜੀਅ ਸ਼ਾਇਦ ਦੂਸਰਿਆਂ ਤੋਂ ਵੱਖਰੇ ਰਹਿਣ ਦਾ ਕਰੇ। ਪਰ ਕਹਾਉਤਾਂ 18:1 ਚੇਤਾਵਨੀ ਦਿੰਦਾ ਹੈ: “ਜੋ ਆਪ ਨੂੰ ਵੱਖਰਾ ਕਰੇ ਉਹ ਆਪਣੀ ਇੱਛਿਆ ਭਾਲਦਾ ਹੈ, ਉਹ ਸਾਰੀ ਖਰੀ ਬੁੱਧੀ ਦੇ ਵਿਰੁੱਧ ਚਿੜਦਾ ਹੈ।” ਇਸ ਨਾਲੋਂ ਕਿਸੇ ਦਿਆਲੂ ਅਤੇ ਸਮਝਦਾਰ ਵਿਅਕਤੀ ਦੀ ਮਦਦ ਭਾਲਣੀ ਚੰਗੀ ਹੈ। ਕਹਾਉਤਾਂ 12:25 ਕਹਿੰਦਾ ਹੈ: “ਮਨੁੱਖ ਦੇ ਦਿਲ ਵਿੱਚ ਚਿੰਤਾ ਉਹ ਨੂੰ ਝੁਕਾ ਦਿੰਦੀ ਹੈ, ਪਰ ਚੰਗਾ ਬਚਨ ਉਹ ਨੂੰ ਅਨੰਦ ਕਰ ਦਿੰਦਾ ਹੈ।” ਤੁਸੀਂ ਇਹ “ਚੰਗਾ ਬਚਨ” ਉਦੋਂ ਹੀ ਸੁਣ ਸਕਦੇ ਹੋ, ਜਦੋਂ ਤੁਸੀਂ ਆਪਣੇ ‘ਦਿਲ ਦੀ ਚਿੰਤਾ’ ਬਾਰੇ ਕਿਸੇ ਨੂੰ ਦੱਸਦੇ ਹੋ।
ਤੁਸੀਂ ਕਿਸ ਨਾਲ ਗੱਲ ਕਰ ਸਕਦੇ ਹੋ? ਮਸੀਹੀ ਕਲੀਸਿਯਾ ਵਿਚਕਾਰ ਸਹਾਰਾ ਭਾਲੋ। ਯਿਸੂ ਵਾਅਦਾ ਕਰਦਾ ਹੈ ਕਿ ਤੁਹਾਨੂੰ ਉੱਥੇ “ਭਾਈ ਅਤੇ ਭੈਣਾਂ ਅਤੇ ਮਾਵਾਂ” ਮਿਲਣਗੀਆਂ ਜੋ ਤੁਹਾਨੂੰ ਪਿਆਰ ਕਰਨਗੀਆਂ ਅਤੇ ਤੁਹਾਡੀ ਪਰਵਾਹ ਕਰਨਗੀਆਂ। (ਮਰਕੁਸ 10:30) ਹਵੌਕੀਨ ਯਾਦ ਕਰਦਾ ਹੈ: “ਮਸੀਹੀ ਭੈਣਾਂ-ਭਰਾਵਾਂ ਨਾਲ ਸੰਗਤ ਕਰ ਕੇ ਜ਼ਿੰਦਗੀ ਬਾਰੇ ਮੇਰਾ ਨਜ਼ਰੀਆ ਬਦਲ ਗਿਆ। ਸਭਾਵਾਂ ਤੇ ਨਿਯਮਿਤ ਹਾਜ਼ਰੀ ਨੇ ਯਹੋਵਾਹ ਨਾਲ ਮੇਰੇ ਪ੍ਰੇਮ ਨੂੰ ਅਤੇ ਉਸ ਦੀ ਸੇਵਾ ਕਰਨ ਲਈ ਮੇਰੀ ਇੱਛਾ ਨੂੰ ਵਧਾਇਆ। ਸਿਆਣੇ ਭਰਾਵਾਂ ਨੇ ਮੇਰੇ ਪਰਿਵਾਰ ਨੂੰ ਅਧਿਆਤਮਿਕ ਤੌਰ ਤੇ ਮਦਦ ਅਤੇ ਸਲਾਹ ਦਿੱਤੀ। ਅਤੇ ਅੱਜ, ਮੇਰੇ ਕੁਝ ਭੈਣ-ਭਰਾ ਪੂਰਣ-ਕਾਲੀ ਸੇਵਕ ਹਨ।”
ਇਹ ਵੀ ਯਾਦ ਰੱਖੋ ਕਿ ਯਹੋਵਾਹ “ਯਤੀਮਾਂ ਦਾ ਪਿਤਾ” ਹੈ। (ਜ਼ਬੂਰ 68:5, 6) ਬਾਈਬਲ ਸਮਿਆਂ ਵਿਚ, ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਯਤੀਮਾਂ ਨਾਲ ਮਿਹਰਬਾਨੀ ਅਤੇ ਇਨਸਾਫ਼ ਨਾਲ ਵਰਤਾਉ ਕਰਨ ਲਈ ਉਤਸ਼ਾਹਿਤ ਕੀਤਾ ਸੀ। (ਬਿਵਸਥਾ ਸਾਰ 24:19; ਕਹਾਉਤਾਂ 23:10, 11) ਅਤੇ ਅੱਜ ਵੀ ਉਹ ਉਸੇ ਤਰ੍ਹਾਂ ਉਨ੍ਹਾਂ ਬੱਚਿਆਂ ਬਾਰੇ ਚਿੰਤਾ ਕਰਦਾ ਹੈ ਜਿਨ੍ਹਾਂ ਦੇ ਮਾਂ-ਬਾਪ ਨਹੀਂ ਹਨ। ਇਸ ਲਈ ਇਸ ਭਰੋਸੇ ਨਾਲ ਪਰਮੇਸ਼ੁਰ ਨੂੰ ਪ੍ਰਾਰਥਨਾ ਕਰੋ ਕਿ ਉਹ ਤੁਹਾਡੀ ਪਰਵਾਹ ਕਰਦਾ ਹੈ ਅਤੇ ਕਿ ਉਹ ਜ਼ਰੂਰ ਜਵਾਬ ਦੇਵੇਗਾ। ਰਾਜੇ ਦਾਊਦ ਨੇ ਲਿਖਿਆ: “ਜਦ ਮੇਰੇ ਮਾਪੇ ਮੈਨੂੰ ਤਿਆਗ ਦੇਣ, ਤਦ ਯਹੋਵਾਹ ਮੈਨੂੰ ਸਾਂਭੇਗਾ। ਯਹੋਵਾਹ ਨੂੰ ਉਡੀਕ, ਤਕੜਾ ਹੋ ਅਤੇ ਤੇਰਾ ਮਨ ਦਿਲੇਰ ਹੋਵੇ।”—ਜ਼ਬੂਰ 27:10, 14.
ਫਿਰ ਵੀ, ਮਾਪਿਆਂ ਤੋਂ ਬਗੈਰ ਇਕ ਬੱਚਾ ਦਿਨੋ-ਦਿਨ ਕਈ ਚੁਣੌਤੀਆਂ ਦਾ ਸਾਮ੍ਹਣਾ ਕਰਦਾ ਹੈ। ਤੁਸੀਂ ਕਿੱਥੇ ਰਹੋਗੇ? ਤੁਸੀਂ ਗੁਜ਼ਾਰਾ ਕਿਸ ਤਰ੍ਹਾਂ ਕਰੋਗੇ? ਇਨ੍ਹਾਂ ਕੁਝ ਚੁਣੌਤੀਆਂ ਦਾ ਸਫ਼ਲਤਾ ਨਾਲ ਸਾਮ੍ਹਣਾ ਕਰਨ ਬਾਰੇ ਇਕ ਆਉਣ ਵਾਲੇ ਅੰਗ੍ਰੇਜ਼ੀ ਲੇਖ ਵਿਚ ਚਰਚਾ ਕੀਤੀ ਜਾਵੇਗੀ।
[ਫੁਟਨੋਟ]
a ਆਪਣੀ ਮੌਤ ਤੋਂ ਪਹਿਲਾਂ, ਯਿਸੂ ਨੇ ਆਪਣੀ ਮਾਂ ਦੀ ਦੇਖ-ਭਾਲ ਦੀ ਜ਼ਿੰਮੇਵਾਰੀ ਆਪਣੇ ਚੇਲੇ ਯੂਹੰਨਾ ਨੂੰ ਸੌਂਪੀ ਸੀ। ਜੇਕਰ ਉਸ ਦਾ ਪਿਤਾ, ਯੂਸੁਫ਼, ਉਸ ਵੇਲੇ ਜੀਉਂਦਾ ਹੁੰਦਾ ਤਾਂ ਉਸ ਨੂੰ ਸ਼ਾਇਦ ਇਸ ਤਰ੍ਹਾਂ ਕਰਨ ਦੀ ਲੋੜ ਨਾ ਪੈਂਦੀ।—ਯੂਹੰਨਾ 19:25-27.
b ਮਾਪਿਆਂ ਦੀ ਮੌਤ ਸਹਾਰਨ ਬਾਰੇ ਹੋਰ ਜਾਣਕਾਰੀ ਲਈ 22 ਅਗਸਤ ਅਤੇ 8 ਸਤੰਬਰ 1994 ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਦੇ ਅੰਕਾਂ ਵਿੱਚੋਂ “ਨੌਜਵਾਨ ਪੁੱਛਦੇ ਹਨ . . .” ਲੇਖ ਦੇਖੋ।
[ਸਫ਼ੇ 27 ਉੱਤੇ ਸੁਰਖੀ]
“ਯਹੋਵਾਹ ਲਈ ਮੇਰੇ ਪ੍ਰੇਮ ਨੇ ਅਤੇ ਪੁਨਰ-ਉਥਾਨ ਦੀ ਉਮੀਦ ਨੇ ਮੇਰੀ ਬਹੁਤ ਸਹਾਇਤਾ ਕੀਤੀ”
[ਸਫ਼ੇ 27 ਉੱਤੇ ਤਸਵੀਰ]
ਕਦੀ-ਕਦੀ ਸ਼ਾਇਦ ਤੁਹਾਨੂੰ ਇਕੱਲੇਪਣ ਦੀਆਂ ਭਾਵਨਾਵਾਂ ਘੇਰ ਲੈਂਦੀਆਂ ਹਨ
[ਸਫ਼ੇ 28 ਉੱਤੇ ਤਸਵੀਰਾਂ]
ਤੁਹਾਡੀ ਮਦਦ ਕਰਨ ਅਤੇ ਤੁਹਾਨੂੰ ਉਤਸ਼ਾਹਿਤ ਕਰਨ ਲਈ ਕਲੀਸਿਯਾ ਵਿਚ ਦੋਸਤ-ਮਿੱਤਰ ਹਨ