ਅੰਨ੍ਹੀ ਹੋਣ ਦੇ ਬਾਵਜੂਦ ਇਕ ਮਗਨ ਜ਼ਿੰਦਗੀ
ਪੌਲੀਟੀਮੀ ਵੇਨੇਟਸੀਯਾਨੋਸ ਦੀ ਜ਼ਬਾਨੀ
ਮੈਂ ਆਪਣੇ ਚਾਰ ਭੈਣਾਂ-ਭਰਾਵਾਂ ਨਾਲ ਖੇਡ ਰਹੀ ਸੀ ਜਦੋਂ ਖਿੜਕੀ ਰਾਹੀਂ ਇਕ ਛੋਟੀ ਜਿਹੀ ਚੀਜ਼ ਅੰਦਰ ਸੁੱਟੀ ਗਈ। ਉਹ ਇਕ ਗਰਨੇਡ ਸੀ, ਅਤੇ ਉਸ ਦੇ ਫਟਣ ਨਾਲ ਮੇਰੇ ਤਿੰਨ ਭੈਣ-ਭਰਾ ਮਰ ਗਏ ਅਤੇ ਮੈਂ ਬਿਲਕੁਲ ਅੰਨ੍ਹੀ ਹੋ ਗਈ।
ਉਹ ਤਾਰੀਖ਼ 16 ਜੁਲਾਈ, 1942 ਸੀ, ਜਦੋਂ ਮੈਂ ਸਿਰਫ਼ ਪੰਜਾਂ ਸਾਲਾਂ ਦੀ ਸੀ। ਕਈਆਂ ਦਿਨਾਂ ਲਈ ਮੈਂ ਬੇਹੋਸ਼ ਰਹੀ। ਜਦੋਂ ਮੈਨੂੰ ਹੋਸ਼ ਆਈ ਤਾਂ ਮੈਂ ਆਪਣੇ ਭੈਣ-ਭਰਾ ਟੋਲਣ ਲੱਗ ਪਈ ਅਤੇ ਜਦ ਮੈਨੂੰ ਪਤਾ ਲੱਗਾ ਕਿ ਉਹ ਨਹੀਂ ਰਹੇ, ਤਾਂ ਮੈਂ ਵੀ ਮਰਨਾ ਚਾਹੁੰਦੀ ਸੀ।
ਜਦੋਂ ਮੇਰਾ ਜਨਮ ਹੋਇਆ ਸੀ, ਅਸੀਂ ਐਥਿਨਜ਼ ਦੀ ਬੰਦਰਗਾਹ, ਪੀਰੇਓਸ ਦੇ ਲਾਗੇ, ਸਲਾਮਿਸ ਦੇ ਯੂਨਾਨੀ ਟਾਪੂ ਤੇ ਰਹਿੰਦੇ ਸਨ। ਸਾਡੀ ਗ਼ਰੀਬੀ ਦੇ ਬਾਵਜੂਦ ਅਸੀਂ ਸੁਖ ਦੀ ਜ਼ਿੰਦਗੀ ਜੀ ਰਹੇ ਸਨ। ਲੇਕਿਨ 1939 ਵਿਚ, ਦੂਜੇ ਮਹਾਂ ਯੁੱਧ ਦੇ ਸ਼ੁਰੂ ਹੋਣ ਨਾਲ ਸਭ ਕੁਝ ਬਦਲ ਗਿਆ। ਮੇਰੇ ਪਿਤਾ ਜੀ ਭੂਮੱਧ ਸਾਗਰ ਤੇ ਜਹਾਜ਼ੀ ਦਾ ਕੰਮ ਕਰਦੇ ਸਨ। ਉਨ੍ਹਾਂ ਨੂੰ ਅਕਸਰ ਯੁੱਧ ਵਿਚ ਸ਼ਾਮਲ ਦੋਵੇਂ ਪਾਸੇ ਦੀਆਂ ਸ਼ਕਤੀਆਂ ਦੀਆਂ ਪਣਡੁੱਬੀਆਂ, ਜੰਗੀ ਜਹਾਜ਼ਾਂ, ਤਾਰਪੀਡੋਆਂ, ਅਤੇ ਬੰਬਾਂ ਦੇ ਰਾਹ ਵਿੱਚੋਂ ਨਿਕਲਣਾ ਪੈਂਦਾ ਸੀ। ਉਸ ਵਕਤ ਯੂਨਾਨ ਫਾਸ਼ੀ ਅਤੇ ਨਾਜ਼ੀ ਕਬਜ਼ੇ ਵਿਚ ਸੀ।
ਪਰਮੇਸ਼ੁਰ ਨਾਲ ਨਫ਼ਰਤ ਕਰਨੀ ਸਿੱਖੀ
ਯੁੱਧ ਦੀਆਂ ਮੰਦੀਆਂ ਹਾਲਤਾਂ ਕਰਕੇ ਮਾਤਾ ਜੀ ਦੇ ਚੌਥੇ ਬੱਚੇ ਦੀ ਵੀ ਮੌਤ ਹੋ ਗਈ। ਉਹ ਗਮਾਂ ਵਿਚ ਡੁੱਬ ਗਏ ਅਤੇ ਉਨ੍ਹਾਂ ਨੂੰ ਟੀ. ਬੀ. ਹੋ ਗਈ। ਆਪਣੇ ਛੇਵੇਂ ਬੱਚੇ ਨੂੰ ਜਨਮ ਦੇਣ ਤੋਂ ਬਾਅਦ, ਅਗਸਤ 1945 ਵਿਚ ਉਨ੍ਹਾਂ ਦੀ ਮੌਤ ਹੋ ਗਈ। ਸਾਡੇ ਧਰਮੀ ਗੁਆਂਢੀ ਕਹਿਣ ਲੱਗ ਪਏ ਕਿ ਰੱਬ ਸਾਨੂੰ ਸਜ਼ਾ ਦੇ ਰਿਹਾ ਸੀ। ਗ੍ਰੀਕ ਆਰਥੋਡਾਕਸ ਦਿਆਂ ਕਈਆਂ ਪਾਦਰੀਆਂ ਨੇ ਸਾਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਰੱਬ ਮੇਰੇ ਭੈਣਾਂ-ਭਰਾਵਾਂ ਨੂੰ ਿਨੱਕੇ ਫ਼ਰਿਸ਼ਤੇ ਬਣਾਉਣ ਲਈ ਸਵਰਗ ਲੈ ਗਿਆ ਸੀ। ਇਹ ਸੁਣ ਕੇ ਸਾਡੀ ਹਿੰਮਤ ਹੋਰ ਵੀ ਟੁੱਟ ਗਈ।
ਪਿਤਾ ਜੀ ਨੂੰ ਬਹੁਤ ਗੁੱਸਾ ਆਇਆ। ਰੱਬ ਇਕ ਗ਼ਰੀਬ ਟੱਬਰ ਤੋਂ ਚਾਰ ਨਿਆਣਿਆਂ ਨੂੰ ਕਿਉਂ ਖੋਹੇਗਾ ਜਦ ਉਸ ਕੋਲ ਲੱਖਾਂ ਫ਼ਰਿਸ਼ਤੇ ਹਨ? ਆਰਥੋਡਾਕਸ ਚਰਚ ਦੀਆਂ ਇਨ੍ਹਾਂ ਸਿੱਖਿਆਵਾਂ ਕਰਕੇ ਪਿਤਾ ਜੀ ਦੇ ਦਿਲ ਵਿਚ ਰੱਬ ਅਤੇ ਧਰਮ ਦੇ ਖ਼ਿਲਾਫ਼ ਗਹਿਰੀ ਨਫ਼ਰਤ ਜਾਗੀ। ਇਸ ਤੋਂ ਬਾਅਦ ਉਹ ਧਰਮ ਨਾਲ ਕੋਈ ਵਾਹ ਨਹੀਂ ਰੱਖਣਾ ਚਾਹੁੰਦੇ ਸਨ। ਉਨ੍ਹਾਂ ਨੇ ਮੈਨੂੰ ਪਰਮੇਸ਼ੁਰ ਨਾਲ ਨਫ਼ਰਤ ਕਰਨੀ ਸਿਖਾਈ। ਉਹ ਸਾਡੇ ਦੁੱਖ-ਦਰਦ ਦਾ ਇਲਜ਼ਾਮ ਪਰਮੇਸ਼ੁਰ ਉੱਤੇ ਲਾਉਂਦੇ ਸਨ।
ਇਕ ਕੈਦੀ ਜਾਨਵਰ ਵਾਂਗ
ਸੰਨ 1945 ਵਿਚ ਮਾਤਾ ਜੀ ਦੀ ਮੌਤ ਤੋਂ ਥੋੜ੍ਹੀ ਦੇਰ ਬਾਅਦ, ਪਿਤਾ ਜੀ ਨੂੰ ਵੀ ਟੀ.ਬੀ. ਹੋ ਗਈ ਅਤੇ ਉਨ੍ਹਾਂ ਨੂੰ ਇਕ ਆਸ਼ਰਮ ਵਿਚ ਜਾ ਕੇ ਰਹਿਣਾ ਪਿਆ। ਮੇਰੀ ਛੋਟੀ ਭੈਣ ਨੂੰ ਇਕ ਬਾਲਘਰ ਵਿਚ ਲਿਜਾਇਆ ਗਿਆ। ਬਾਅਦ ਵਿਚ ਜਦੋਂ ਪਿਤਾ ਜੀ ਆਸ਼ਰਮ ਵਿੱਚੋਂ ਘਰ ਆਏ ਉਹ ਮੇਰੀ ਭੈਣ ਨੂੰ ਵਾਪਸ ਲੈਣ ਗਏ, ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕੇ ਉਹ ਦਮ ਤੋੜ ਚੁੱਕੀ ਸੀ। ਮੈਨੂੰ ਅੰਨ੍ਹਿਆਂ ਲਈ ਇਕ ਸਕੂਲ ਵਿਚ ਦਾਖ਼ਲ ਕਰ ਦਿੱਤਾ ਗਿਆ ਅਤੇ ਮੈਂ ਆਪਣੇ ਜੀਵਨ ਦੇ ਅਗਲੇ ਅੱਠ ਸਾਲ ਉੱਥੇ ਰਹਿ ਕੇ ਗੁਜ਼ਾਰੇ। ਪਹਿਲਾਂ-ਪਹਿਲ ਤਾਂ ਮੈਂ ਬਹੁਤ ਉਦਾਸ ਹੋਈ। ਖ਼ਾਸ ਕਰਕੇ ਉਨ੍ਹਾਂ ਦਿਨਾਂ ਤੇ ਮੇਰਾ ਜੀਅ ਬਹੁਤ ਖ਼ਰਾਬ ਹੁੰਦਾ ਸੀ ਜਦੋਂ ਸਭ ਮਿਲਣ ਆਉਂਦੇ ਸਨ। ਮੇਰੇ ਅੰਨ੍ਹੇ ਸਹਿਪਾਠੀਆਂ ਨੂੰ ਕੋਈ-ਨ-ਕੋਈ ਮਿਲਣ ਆਉਂਦਾ ਸੀ, ਪਰ ਮੇਰਾ ਕੋਈ ਨਹੀਂ ਸੀ।
ਮੈਂ ਇਕ ਕੈਦੀ ਜਾਨਵਰ ਵਰਗੀ ਸੀ। ਮੈਨੂੰ ਸਕੂਲ ਦਾ ਸ਼ਤਾਨ ਸੱਦਿਆ ਜਾਂਦਾ ਸੀ। ਨਤੀਜੇ ਵਜੋਂ ਮੇਰੇ ਕੁੱਟ ਪੈਂਦੀ ਸੀ ਅਤੇ ਮੈਨੂੰ ‘ਸਜ਼ਾ ਦੀ ਕੁਰਸੀ’ ਉੱਤੇ ਬੈਠਣਾ ਪੈਂਦਾ ਸੀ। ਮੈਂ ਕਈ ਵਾਰ ਆਪਣੀ ਜਾਨ ਲੈਣ ਬਾਰੇ ਸੋਚਿਆ। ਪਰ ਸਮੇਂ ਦੇ ਬੀਤਣ ਨਾਲ ਮੈਂ ਸਮਝ ਗਈ ਕੇ ਮੈਨੂੰ ਆਪਣੇ ਹੀ ਪੈਰਾਂ ਤੇ ਖੜ੍ਹੀ ਹੋਣਾ ਪਵੇਗਾ। ਹੌਲੀ-ਹੌਲੀ ਆਪਣੇ ਅੰਨ੍ਹੇ ਸਹਿਪਾਠੀਆਂ ਦੀ ਮਦਦ ਕਰਨ ਨਾਲ ਮੈਨੂੰ ਸੰਤੋਖ ਮਿਲਿਆ। ਮੈਂ ਉਨ੍ਹਾਂ ਨੂੰ ਕੱਪੜੇ ਪਾਉਣ ਵਿਚ ਅਤੇ ਆਪਣੇ ਬਿਸਤਰੇ ਵਿਛਾਉਣ ਵਿਚ ਮਦਦ ਦਿੰਦੀ ਸੀ।
ਪਾਦਰੀਆਂ ਨੇ ਸਾਨੂੰ ਦੱਸਿਆ ਸੀ ਕਿ ਰੱਬ ਨੇ ਸਾਡੇ ਮਾਪਿਆਂ ਦੇ ਕਿਸੇ ਡਾਢੇ ਪਾਪ ਕਰਕੇ ਸਾਨੂੰ ਅੰਨ੍ਹੇ ਬਣਾਇਆ ਹੈ। ਇਸ ਨੇ ਮੇਰੇ ਦਿਲ ਵਿਚ ਰੱਬ ਲਈ ਹੋਰ ਨਫ਼ਰਤ ਘੋਲ਼ੀ। ਉਹ ਬਹੁਤ ਹੀ ਭੈੜਾ ਅਤੇ ਖੁਣਸੀ ਜਾਪਦਾ ਸੀ। ਇਸ ਵਿਚਾਰ ਨੇ ਮੈਨੂੰ ਬਹੁਤ ਹੀ ਰੁਸਾਇਆ ਅਤੇ ਡਰਾਇਆ ਕਿ ਮੁਰਦਿਆਂ ਦੀਆਂ ਆਤਮਾਵਾਂ ਭਟਕਦੀਆਂ ਰਹਿੰਦੀਆਂ ਹਨ ਅਤੇ ਜੀਉਂਦਿਆਂ ਨੂੰ ਤੰਗ ਕਰਦੀਆਂ ਹਨ। ਇਸ ਕਰਕੇ, ਮੈਂ ਆਪਣੇ ਗੁਜ਼ਰ ਚੁੱਕੇ ਭੈਣਾਂ-ਭਰਾਵਾਂ ਅਤੇ ਮਾਤਾ ਜੀ ਨੂੰ ਪਿਆਰ ਕਰਨ ਦੇ ਬਾਵਜੂਦ ਵੀ, ਉਨ੍ਹਾਂ ਦੀਆਂ “ਆਤਮਾਵਾਂ” ਤੋਂ ਡਰਦੀ ਸੀ।
ਪਿਤਾ ਜੀ ਤੋਂ ਮਦਦ
ਸਮੇਂ ਦੇ ਬੀਤਣ ਨਾਲ ਪਿਤਾ ਜੀ ਦਾ ਵਾਹ ਯਹੋਵਾਹ ਦੇ ਗਵਾਹਾਂ ਨਾਲ ਪਿਆ। ਉਹ ਬਾਈਬਲ ਵਿੱਚੋਂ ਇਹ ਜਾਣ ਕੇ ਬਹੁਤ ਹੀ ਹੈਰਾਨ ਹੋਏ ਕਿ ਦੁੱਖ-ਦਰਦ ਅਤੇ ਮੌਤ ਯਹੋਵਾਹ ਤੋਂ ਨਹੀਂ, ਸਗੋਂ ਸ਼ਤਾਨ ਤੋਂ ਆਏ ਹਨ। (ਜ਼ਬੂਰ 100:3; ਯਾਕੂਬ 1:13, 17; ਪਰਕਾਸ਼ ਦੀ ਪੋਥੀ 12:9, 12) ਇਹ ਗਿਆਨ ਪ੍ਰਾਪਤ ਕਰਨ ਤੋਂ ਥੋੜ੍ਹੀ ਹੀ ਦੇਰ ਬਾਅਦ, ਮੇਰੇ ਪਿਤਾ ਜੀ ਨੇ ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਵਿਚ ਜਾਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਸੱਚਾਈ ਵਿਚ ਚੰਗੀ ਤਰੱਕੀ ਕੀਤੀ, ਅਤੇ 1947 ਵਿਚ ਬਪਤਿਸਮਾ ਲੈ ਲਿਆ। ਇਸ ਤੋਂ ਕੁਝ ਮਹੀਨੇ ਪਹਿਲਾਂ, ਉਨ੍ਹਾਂ ਨੇ ਦੁਬਾਰਾ ਸ਼ਾਦੀ ਕਰ ਲਈ ਸੀ ਅਤੇ ਉਨ੍ਹਾਂ ਦੇ ਘਰ ਇਕ ਕਾਕਾ ਵੀ ਸੀ। ਸਮੇਂ ਦੇ ਬੀਤਣ ਨਾਲ, ਉਨ੍ਹਾਂ ਦੀ ਨਵੀਂ ਪਤਨੀ ਨੇ ਵੀ ਉਨ੍ਹਾਂ ਦੇ ਨਾਲ ਯਹੋਵਾਹ ਦੀ ਉਪਾਸਨਾ ਕਰਨੀ ਸ਼ੁਰੂ ਕਰ ਦਿੱਤੀ।
ਸੋਲਾਂ ਸਾਲ ਦੀ ਉਮਰ ਤੇ ਮੈਂ ਆਪਣੀ ਸਕੂਲ ਦੀ ਪੜ੍ਹਾਈ ਖ਼ਤਮ ਕਰ ਲਈ ਸੀ। ਇਕ ਸੁਖੀ ਮਸੀਹੀ ਪਰਿਵਾਰ ਵਿਚ ਵਾਪਸ ਆਉਣਾ ਕਿੰਨਾ ਚੰਗਾ ਸੀ! ਉਹ ਆਪਸ ਵਿਚ ਬਾਈਬਲ ਦੀ ਪੜ੍ਹਾਈ ਕਰਦੇ ਹੁੰਦੇ ਸਨ, ਜਿਸ ਨੂੰ ਉਹ ਪਰਿਵਾਰਕ ਬਾਈਬਲ ਸਟੱਡੀ ਸੱਦਦੇ ਸਨ, ਅਤੇ ਉਨ੍ਹਾਂ ਨੇ ਮੈਨੂੰ ਵੀ ਨਾਲ ਬੈਠਣ ਲਈ ਕਿਹਾ। ਭਾਵੇਂ ਮੈਂ ਧਿਆਨ ਨਹੀਂ ਦਿੰਦੀ ਸੀ, ਮੈਂ ਭਲਮਾਣਸੀ ਅਤੇ ਆਦਰ ਦਿਖਾਉਣ ਲਈ ਨਾਲ ਬੈਠਣਾ ਸ਼ੁਰੂ ਕਰ ਦਿੱਤਾ। ਪਰਮੇਸ਼ੁਰ ਅਤੇ ਧਰਮ ਨਾਲ ਮੈਨੂੰ ਅਜੇ ਵੀ ਬਹੁਤ ਨਫ਼ਰਤ ਸੀ।
ਉਹ ਇਕੱਠੇ ਪਰਮੇਸ਼ੁਰ ਦਾ ਤਰੀਕਾ ਪ੍ਰੇਮ ਹੈ (ਅੰਗ੍ਰੇਜ਼ੀ) ਨਾਮਕ ਪੁਸਤਿਕਾ ਪੜ੍ਹ ਰਹੇ ਸਨ। ਪਹਿਲਾਂ-ਪਹਿਲਾਂ, ਮੈਨੂੰ ਬਹੁਤੀ ਦਿਲਚਸਪੀ ਨਹੀਂ ਸੀ, ਪਰ ਫਿਰ ਮੈਂ ਪਿਤਾ ਜੀ ਨੂੰ ਮੁਰਦਿਆਂ ਦੀ ਦਸ਼ਾ ਬਾਰੇ ਗੱਲ ਕਰਦਿਆਂ ਸੁਣਿਆ। ਇਸ ਨੇ ਮੇਰਾ ਧਿਆਨ ਖਿੱਚਿਆ। ਬਾਈਬਲ ਵਿੱਚੋਂ ਉਪਦੇਸ਼ਕ ਦੀ ਪੋਥੀ 9:5, 10 ਪੜ੍ਹਿਆ ਗਿਆ: ‘ਮੋਏ ਕੁਝ ਵੀ ਨਹੀਂ ਜਾਣਦੇ ਹਨ। ਪਤਾਲ ਵਿੱਚ ਜਿੱਥੇ ਉਹ ਜਾਂਦੇ ਹਨ, ਨਾ ਕੋਈ ਕੰਮ, ਨਾ ਖਿਆਲ, ਨਾ ਗਿਆਨ, ਨਾ ਬੁੱਧ ਹੈ।’
ਮੈਨੂੰ ਪਤਾ ਲੱਗਣ ਲੱਗ ਪਿਆ ਕਿ ਮੈਨੂੰ ਡਰਨ ਦੀ ਕੋਈ ਲੋੜ ਨਹੀਂ ਸੀ। ਮੇਰੇ ਮਰੇ ਹੋਏ ਮਾਤਾ ਜੀ ਅਤੇ ਭੈਣ-ਭਰਾ, ਮੇਰਾ ਕੁਝ ਨਹੀਂ ਵਿਗਾੜ ਸਕਦੇ ਸਨ। ਫਿਰ ਗੱਲ ਪੁਨਰ-ਉਥਾਨ ਬਾਰੇ ਚੱਲ ਪਈ। ਮੇਰੇ ਕੰਨ ਖੜ੍ਹੇ ਹੋ ਗਏ। ਮੇਰਾ ਦਿਲ ਖ਼ੁਸ਼ੀ ਨਾਲ ਭਰ ਗਿਆ ਜਦੋਂ ਮੈਨੂੰ ਬਾਈਬਲ ਦੇ ਵਾਅਦੇ ਬਾਰੇ ਪਤਾ ਚਲਿਆ ਕਿ ਮਸੀਹ ਦੇ ਰਾਜ ਅਧੀਨ ਮਰੇ ਹੋਏ ਦੁਬਾਰਾ ਜ਼ਿੰਦਾ ਹੋਣਗੇ! (ਯੂਹੰਨਾ 5:28, 29; ਪਰਕਾਸ਼ ਦੀ ਪੋਥੀ 20:12, 13) ਹੁਣ ਇਕੱਠੇ ਬੈਠ ਕੇ ਪੜ੍ਹਨਾ ਮੈਨੂੰ ਬਹੁਤ ਚੰਗਾ ਲੱਗਣ ਲੱਗ ਪਿਆ। ਮੈਂ ਬੇਚੈਨੀ ਨਾਲ ਸਟੱਡੀ ਦੇ ਦਿਨ ਦਾ ਇੰਤਜ਼ਾਰ ਕਰਦੀ ਹੁੰਦੀ ਸੀ, ਅਤੇ ਅੰਨ੍ਹੀ ਹੋਣ ਦੇ ਬਾਵਜੂਦ ਵੀ ਮੈਂ ਚੰਗੀ ਤਰ੍ਹਾਂ ਨਾਲ ਉਸ ਲਈ ਤਿਆਰੀ ਕਰਦੀ ਸੀ।
ਰੂਹਾਨੀ ਨਜ਼ਰ ਪਾਉਣੀ
ਜਿਉਂ-ਜਿਉਂ ਮੈਂ ਬਾਈਬਲ ਵਿੱਚੋਂ ਗਿਆਨ ਪ੍ਰਾਪਤ ਕਰਦੀ ਗਈ, ਪਰਮੇਸ਼ੁਰ ਅਤੇ ਉਸ ਦੀਆਂ ਕਰਨੀਆਂ ਬਾਰੇ ਮੇਰੀਆਂ ਗ਼ਲਤਫ਼ਹਿਮੀਆਂ ਦੂਰ ਹੁੰਦੀਆਂ ਗਈਆਂ। ਮੈਂ ਇਹ ਜਾਣਿਆ ਕਿ ਪਰਮੇਸ਼ੁਰ ਨੇ ਨਾ ਤਾਂ ਮੈਨੂੰ ਅਤੇ ਨਾ ਹੀ ਕਿਸੇ ਹੋਰ ਨੂੰ ਅੰਨ੍ਹਾ ਕੀਤਾ ਸੀ, ਸਗੋਂ ਸਾਰੀ ਬੁਰਾਈ ਦੀ ਜੜ੍ਹ ਪਰਮੇਸ਼ੁਰ ਦਾ ਦੁਸ਼ਮਣ, ਸ਼ਤਾਨ ਅਰਥਾਤ ਇਬਲੀਸ ਹੈ। ਮੈਨੂੰ ਕਿੰਨਾ ਅਫ਼ਸੋਸ ਸੀ ਕਿ ਮੈਂ ਆਪਣੇ ਅਣਜਾਣਪੁਣੇ ਵਿਚ ਪਰਮੇਸ਼ੁਰ ਉੱਤੇ ਦੋਸ਼ ਲਾਇਆ ਸੀ! ਜਿਵੇਂ ਪਿਆਸੇ ਨੂੰ ਪਾਣੀ ਮਿਲ ਜਾਵੇ, ਮੈਂ ਬਾਈਬਲ ਵਿੱਚੋਂ ਸਹੀ ਗਿਆਨ ਲਈ ਗਈ। ਭਾਵੇਂ ਅਸੀਂ ਕਿੰਗਡਮ ਹਾਲ ਤੋਂ ਕਈ ਮੀਲ ਦੂਰ ਰਹਿੰਦੇ ਸਨ, ਮੈਂ ਸਾਰੀਆਂ ਸਭਾਵਾਂ ਵਿਚ ਜਾਂਦੀ ਸੀ ਅਤੇ ਉਨ੍ਹਾਂ ਵਿਚ ਹਿੱਸਾ ਵੀ ਲੈਂਦੀ ਸੀ। ਮੈਂ ਪ੍ਰਚਾਰ ਦੇ ਕੰਮ ਵਿਚ ਵੀ ਚੋਖਾ ਹਿੱਸਾ ਲਿਆ ਅਤੇ ਆਪਣੀ ਨਿਗਾਹ ਦੀ ਕਮੀ ਨੂੰ ਰਾਹ ਦਾ ਰੋੜਾ ਨਹੀਂ ਬਣਨ ਦਿੱਤਾ।
ਉਸ ਦਰਦਨਾਕ ਘਟਨਾ ਤੋਂ, ਜਿਸ ਨੇ ਮੈਨੂੰ ਅੰਨ੍ਹੀ ਬਣਾਇਆ, 16 ਕੁ ਸਾਲ ਬਾਅਦ, 27 ਜੁਲਾਈ, 1958 ਨੂੰ ਮੈਂ ਬਪਤਿਸਮਾ ਲਿਆ। ਮੈਂ ਕਿੰਨੀ ਖ਼ੁਸ਼ ਸੀ! ਮੇਰੀ ਜ਼ਿੰਦਗੀ ਹੁਣ ਨਵੇਂ ਸਿਰਿਓਂ ਸ਼ੁਰੂ ਹੋ ਰਹੀ ਸੀ ਅਤੇ ਮੈਂ ਉਮੀਦ ਤੇ ਭਰੋਸੇ ਨਾਲ ਅਗਾਹਾਂ ਦੇਖ ਰਹੀ ਸੀ। ਹੁਣ ਮੇਰੀ ਜ਼ਿੰਦਗੀ ਵਿਚ ਇਕ ਮਕਸਦ ਸੀ—ਆਪਣੇ ਪਿਆਰੇ ਸਵਰਗੀ ਪਿਤਾ ਦੀ ਸੇਵਾ ਕਰਨੀ। ਉਸ ਬਾਰੇ ਜਾਣ ਕੇ ਮੈਂ ਝੂਠੀਆਂ ਸਿੱਖਿਆਵਾਂ ਤੋਂ ਆਜ਼ਾਦ ਹੋ ਗਈ ਸੀ। ਅਤੇ ਹੁਣ ਮੈਂ ਦ੍ਰਿੜ੍ਹਤਾ ਤੇ ਆਸ਼ਾ ਨਾਲ ਆਪਣੇ ਅੰਨ੍ਹੇਪਣ ਦੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਰ ਸਕਦੀ ਸੀ। ਦੂਸਰਿਆਂ ਨੂੰ ਸ਼ਾਨਦਾਰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਮੈਂ ਬਾਕਾਇਦਾ 75 ਜਾਂ ਉਸ ਤੋਂ ਵੱਧ ਘੰਟੇ ਲਗਾਉਣ ਲੱਗ ਪਈ।
ਵਿਆਹ ਦਾ ਨਾਤਾ ਟੁੱਟਦਾ ਹੈ
ਮੈਂ 1966 ਵਿਚ ਇਕ ਆਦਮੀ ਨਾਲ ਵਿਆਹ ਕਰਵਾਇਆ ਜਿਸ ਦੇ ਟੀਚੇ ਮੇਰੇ ਟੀਚਿਆਂ ਨਾਲ ਮਿਲਦੇ ਸਨ। ਇੰਜ ਜਾਪਦਾ ਸੀ ਕਿ ਅਸੀਂ ਇਕੱਠੇ ਰਹਿ ਕੇ ਖ਼ੁਸ਼ ਅਤੇ ਸੁਖੀ ਹੋਵਾਂਗੇ ਕਿਉਂ ਜੋ ਅਸੀਂ ਦੋਵੇਂ ਪ੍ਰਚਾਰ ਦੇ ਕੰਮ ਵਿਚ ਜ਼ਿਆਦਾ ਤੋਂ ਜ਼ਿਆਦਾ ਹਿੱਸਾ ਲੈਣਾ ਚਾਹੁੰਦੇ ਸਨ। ਕੁਝ ਮਹੀਨੇ ਅਸੀਂ ਇਸ ਜੀਵਨ-ਦਾਇਕ ਕੰਮ ਵਿਚ ਚੋਖੇ ਘੰਟੇ ਲਗਾਉਂਦੇ ਸਨ। ਅਸੀਂ ਕੇਂਦਰੀ ਯੂਨਾਨ ਵਿਚ, ਲੀਵਾਦੀਆ ਦੇ ਲਾਗੇ ਇਕ ਅੱਡਰੇ ਇਲਾਕੇ ਵਿਚ ਬਦਲੀ ਕਰ ਲਈ। ਉਨ੍ਹੀਂ ਦਿਨੀਂ ਯੂਨਾਨ ਉੱਤੇ ਸਖ਼ਤ ਫ਼ੌਜੀ ਰਾਜ ਚੱਲ ਰਿਹਾ ਸੀ। ਇਸ ਦੇ ਬਾਵਜੂਦ, 1970 ਤੋਂ 1972 ਤਕ, ਅਸੀਂ ਕਈਆਂ ਲੋਕਾਂ ਨੂੰ ਬਾਈਬਲ ਦੀ ਸੱਚਾਈ ਸਿੱਖਣ ਵਿਚ ਮਦਦ ਦਿੱਤੀ ਅਤੇ ਉਨ੍ਹਾਂ ਨੇ ਬਪਤਿਸਮਾ ਲਿਆ। ਉਸ ਇਲਾਕੇ ਵਿਚ ਯਹੋਵਾਹ ਦੇ ਗਵਾਹਾਂ ਦੀ ਛੋਟੀ ਜਿਹੀ ਕਲੀਸਿਯਾ ਦੀ ਮਦਦ ਕਰਨ ਵਿਚ ਵੀ ਅਸੀਂ ਖ਼ੁਸ਼ ਸਨ।
ਪਰ ਸਮੇਂ ਦੇ ਬੀਤਣ ਨਾਲ, ਮੇਰੇ ਪਤੀ ਨੇ ਬਾਈਬਲ ਅਧਿਐਨ ਕਰਨ ਅਤੇ ਮਸੀਹੀ ਸਭਾਵਾਂ ਵਿਚ ਜਾਣ ਦੀ ਲਾਪਰਵਾਹੀ ਕਰਨੀ ਸ਼ੁਰੂ ਕਰ ਦਿੱਤੀ, ਅਤੇ ਅੰਤ ਵਿਚ ਉਸ ਨੇ ਬਾਈਬਲ ਦੀ ਸਿੱਖਿਆ ਨੂੰ ਛੱਡ ਦਿੱਤਾ। ਇਸ ਨੇ ਸਾਡੇ ਵਿਆਹੁਤਾ ਜੀਵਨ ਵਿਚ ਪੁਆੜੇ ਪਾ ਦਿੱਤੇ, ਅਤੇ 1977 ਵਿਚ ਸਾਡਾ ਤਲਾਕ ਹੋ ਗਿਆ। ਮੈਂ ਬਿਲਕੁਲ ਗ਼ਮਗੀਨ ਹੋ ਗਈ ਸੀ।
ਖ਼ੁਸ਼ ਅਤੇ ਕਾਮਯਾਬ ਜ਼ਿੰਦਗੀ
ਮੇਰੀ ਜ਼ਿੰਦਗੀ ਦੇ ਇਸ ਮੰਦੇ ਸਮੇਂ ਤੇ, ਯਹੋਵਾਹ ਅਤੇ ਉਸ ਦੇ ਸੰਗਠਨ ਨੇ ਮੇਰੀ ਬਹੁਤ ਮਦਦ ਕੀਤੀ। ਇਕ ਪਿਆਰੇ ਮਸੀਹੀ ਭਰਾ ਨੇ ਮੈਨੂੰ ਸਮਝਾਇਆ ਕਿ ਜੇ ਮੈਂ ਆਪਣੇ ਸਾਬਕਾ ਪਤੀ ਦੀਆਂ ਕੀਤੀਆਂ ਕਰਕੇ ਗ਼ਮਗੀਨ ਰਹੀ, ਤਾਂ ਮੈਂ ਅਸਲ ਵਿਚ ਉਸ ਦੀ ਗ਼ੁਲਾਮ ਬਣ ਗਈ ਹੋਵਾਂਗੀ। ਮੇਰੀ ਖ਼ੁਸ਼ੀ ਦੀ ਕੁੰਜੀ ਉਸ ਦੇ ਹੱਥ ਹੋਵੇਗੀ। ਇਸੇ ਸਮੇਂ ਦੌਰਾਨ, ਕਲੀਸਿਯਾ ਦੀ ਇਕ ਸਿਆਣੀ ਉਮਰ ਦੀ ਭੈਣ ਨੇ ਮੇਰੇ ਤੋਂ ਪ੍ਰਚਾਰ ਦੇ ਕੰਮ ਵਿਚ ਤਰੱਕੀ ਕਰਨ ਲਈ ਮਦਦ ਮੰਗੀ। ਥੋੜ੍ਹੇ ਸਮੇਂ ਵਿਚ ਹੀ ਮੈਂ ਉਸ ਕੰਮ ਵਿਚ ਤਨ-ਮਨ ਲਾ ਕੇ ਰੁੱਝ ਗਈ ਜੋ ਮੈਨੂੰ ਸਭ ਤੋਂ ਵੱਧ ਖ਼ੁਸ਼ੀ ਲਿਆਉਂਦਾ ਹੈ—ਪ੍ਰਚਾਰ ਦਾ ਕੰਮ!
ਇਸ ਤੋਂ ਬਾਅਦ ਇਕ ਹੋਰ ਭਰਾ ਨੇ ਇਹ ਸੁਝਾਅ ਦਿੱਤਾ: “ਜਿੱਥੇ ਤੇਰੀ ਜ਼ਿਆਦਾ ਜ਼ਰੂਰਤ ਹੈ, ਤੂੰ ਉੱਥੇ ਪ੍ਰਚਾਰ ਕਰੀ ਜਾ ਸਕਦੀ ਹੈਂ। ਤੂੰ ਯਹੋਵਾਹ ਪਰਮੇਸ਼ੁਰ ਲਈ ਇਕ ਚਾਨਣ ਦਾ ਮੁਨਾਰਾ ਬਣ ਸਕਦੀ ਹੈਂ।” ਇਸ ਖ਼ਿਆਲ ਨੇ ਮੇਰੇ ਲੂੰ-ਕੰਡੇ ਖੜ੍ਹੇ ਕਰ ਦਿੱਤੇ! ਇਕ ਅੰਨ੍ਹੀ “ਯਹੋਵਾਹ ਪਰਮੇਸ਼ੁਰ ਲਈ ਇਕ ਚਾਨਣ ਦਾ ਮੁਨਾਰਾ”! (ਫ਼ਿਲਿੱਪੀਆਂ 2:15) ਟਾਲ-ਮਟੋਲ ਕਰਨ ਤੋਂ ਬਿਨਾਂ, ਮੈਂ ਐਥਿਨਜ਼ ਛੱਡ ਕੇ ਦੱਖਣੀ ਐਵੀਆ ਵਿਚ, ਅਮਾਰਿੰਥੌਸ ਦੇ ਪਿੰਡ ਚਲੀ ਗਈ। ਇਸ ਇਲਾਕੇ ਵਿਚ ਬਾਈਬਲ ਪੜ੍ਹਾਉਣ ਵਾਲੇ ਬਹੁਤ ਘੱਟ ਇਨਸਾਨ ਸਨ। ਉੱਥੇ ਭੈਣਾਂ-ਭਰਾਵਾਂ ਦੀ ਮਦਦ ਨਾਲ, ਮੈਂ ਇਕ ਘਰ ਬਣਵਾਇਆ ਅਤੇ ਮੇਰਾ ਗੁਜ਼ਾਰਾ ਠੀਕ ਚੱਲਣ ਲੱਗ ਪਿਆ।
ਇਸ ਤਰ੍ਹਾਂ ਪਿੱਛਲੇ 20 ਤੋਂ ਜ਼ਿਆਦਾ ਸਾਲਾਂ ਲਈ, ਮੈਂ ਸਾਲ ਵਿਚ ਕਈ ਮਹੀਨੇ ਕਿਸੇ-ਨ-ਕਿਸੇ ਕਿਸਮ ਦੇ ਪ੍ਰਚਾਰ ਦੇ ਕੰਮ ਵਿਚ ਚੋਖਾ ਹਿੱਸਾ ਲੈ ਸਕੀ ਹਾਂ। ਯਹੋਵਾਹ ਦੀ ਮਦਦ ਨਾਲ, ਮੈਂ ਹਰ ਕਿਸਮ ਦੀ ਸੇਵਕਾਈ ਵਿਚ ਭਾਗ ਲੈ ਸਕਦੀ ਹਾਂ, ਚਾਹੇ ਉਹ ਲੋਕਾਂ ਦੇ ਘਰ ਜਾ ਕੇ ਉਨ੍ਹਾਂ ਨਾਲ ਮਿਲਣਾ ਹੋਵੇ, ਜਾਂ ਦਿਲਚਸਪੀ ਦਿਖਾਉਣ ਵਾਲਿਆਂ ਨਾਲ ਬਾਈਬਲ ਸਟੱਡੀ ਕਰ ਕੇ, ਜਾਂ ਲੋਕਾਂ ਨਾਲ ਸੜਕਾਂ ਤੇ ਗੱਲ ਕਰ ਕੇ। ਅੱਜ-ਕੱਲ੍ਹ, ਮੈਂ ਸਾਡੇ ਸਿਰਜਣਹਾਰ ਵਿਚ ਦਿਲਚਸਪੀ ਰੱਖਣ ਵਾਲਿਆਂ ਚਾਰ ਵਿਅਕਤੀਆਂ ਨਾਲ ਬਾਈਬਲ ਸਟੱਡੀ ਕਰ ਰਹੀ ਹਾਂ। ਇਸ ਇਲਾਕੇ ਵਿਚ ਥੋੜ੍ਹੇ ਜਿਹੇ ਭਰਾਵਾਂ ਤੋਂ ਹੁਣ ਤਿੰਨ ਕਲੀਸਿਯਾਵਾਂ ਸਥਾਪਿਤ ਹੋਈਆਂ ਦੇਖ ਕੇ ਮੈਂ ਬਹੁਤ ਖ਼ੁਸ਼ ਹਾਂ!
ਹਫ਼ਤੇ ਵਿਚ ਦੋ ਵਾਰ, ਮੈਂ 20 ਕੁ ਮੀਲ ਦੂਰ ਮਸੀਹੀ ਸਭਾਵਾਂ ਵਿਚ ਜਾਂਦੀ ਹਾਂ ਅਤੇ ਹਰ ਸਭਾ ਵਿਚ ਪਹੁੰਚਣ ਦਾ ਮੇਰਾ ਪੱਕਾ ਇਰਾਦਾ ਹੁੰਦਾ ਹੈ। ਜਦੋਂ ਮੇਰਾ ਧਿਆਨ ਉਖੇੜਦਾ ਹੈ —ਕਿਉਂ ਜੋ ਮੈਂ ਭਾਸ਼ਣ ਦੇ ਰਹੇ ਭਰਾ ਨੂੰ ਦੇਖ ਨਹੀਂ ਸਕਦੀ—ਤਾਂ ਮੈਂ ਆਪਣੀ ਬ੍ਰੇਲ-ਲਿਪੀ ਕਾਪੀ ਵਿਚ ਕੁਝ ਨੋਟ ਲਿਖਦੀ ਹਾਂ। ਇਸ ਤਰ੍ਹਾਂ ਮੈਂ ਆਪਣੇ ਮਨ ਅਤੇ ਆਪਣਿਆਂ ਕੰਨਾਂ ਨੂੰ ਸੁਣਨ ਲਈ ਮਜਬੂਰ ਕਰਦੀ ਹਾਂ। ਇਸ ਤੋਂ ਇਲਾਵਾ, ਮੇਰੇ ਘਰ ਵਿਚ ਕਲੀਸਿਯਾ ਦੀ ਇਕ ਸਭਾ ਹੋਣ ਦਾ ਮੈਨੂੰ ਸਨਮਾਨ ਮਿਲਿਆ ਹੈ। ਲਾਗੇ-ਲਾਗੇ ਦੇ ਪਿੰਡਾਂ ਤੋਂ ਲੋਕੀ ਮੇਰੇ ਘਰ ਕਲੀਸਿਯਾ ਦੀ ਬੁੱਕ ਸਟੱਡੀ ਲਈ ਆਉਂਦੇ ਹਨ। ਹਮੇਸ਼ਾ ਇਹ ਆਸ ਕਰਨ ਦੀ ਬਜਾਇ ਕਿ ਬਾਕੀ ਮੇਰੇ ਘਰ ਮੈਨੂੰ ਮਿਲਣ ਆਉਣ, ਮੈਂ ਉਨ੍ਹਾਂ ਨੂੰ ਜਾ ਕੇ ਮਿਲਣ ਵਿਚ ਪਹਿਲ ਕਰਦੀ ਹਾਂ ਅਤੇ ਇਸ ਤਰ੍ਹਾਂ ਸਾਡਾ ਆਪਸ ਵਿਚ ਹੌਸਲਾ ਵਧਦਾ ਹੈ।—ਰੋਮੀਆਂ 1:12.
ਜਦੋਂ ਮੈਂ ਛੋਟੀ ਹੁੰਦੀ ਆਪਣੇ ਪਿਤਾ ਜੀ ਨਾਲ ਰਹਿੰਦੀ ਸੀ, ਉਨ੍ਹਾਂ ਨੇ ਕਦੀ ਵੀ ਮੇਰੇ ਨਾਲ ਅੰਨ੍ਹੀ ਵਰਗਾ ਸਲੂਕ ਨਹੀਂ ਕੀਤਾ। ਧੀਰਜ ਅਤੇ ਲਗਨ ਨਾਲ, ਉਨ੍ਹਾਂ ਨੇ ਮੈਨੂੰ ਆਪਣੇ ਹੱਥਾਂ ਨਾਲ ਕੰਮ ਕਰਨਾ ਸਿਖਾਇਆ। ਇਸ ਚੰਗੀ ਸਿਖਲਾਈ ਨੇ ਮੈਨੂੰ ਆਪਣੇ ਬਗ਼ੀਚੇ ਦੀ ਅਤੇ ਆਪਣੇ ਕੁਝ ਪਸ਼ੂਆਂ ਦੀ ਦੇਖ-ਭਾਲ ਕਰਨ ਵਿਚ ਮਦਦ ਦਿੱਤੀ ਹੈ। ਮੈਂ ਆਪਣਾ ਘਰ ਸਾਫ਼-ਸੁਥਰਾ ਰੱਖਣ ਵਿਚ ਅਤੇ ਰੋਟੀ ਪਕਾਉਣ ਵਿਚ ਮਿਹਨਤ ਕਰਦੀ ਹਾਂ। ਮੈਂ ਸਿੱਖਿਆ ਹੈ ਕਿ ਅਸੀਂ ਜ਼ਿੰਦਗੀ ਦੀਆਂ ਉਨ੍ਹਾਂ ਛੋਟੀਆਂ-ਮੋਟੀਆਂ ਚੀਜ਼ਾਂ ਤੋਂ ਖ਼ੁਸ਼ੀ ਅਤੇ ਆਨੰਦ ਪਾ ਸਕਦੇ ਹਾਂ ਜੋ ਸਾਡੇ ਕੋਲ ਹਨ। ਮੈਂ ਆਪਣੀਆਂ ਬਾਕੀ ਦੀਆਂ ਗਿਆਨ ਇੰਦਰੀਆਂ—ਸੁਣਨਾ, ਸੁੰਘਣਾ, ਚੱਖਣਾ, ਅਤੇ ਛੋਹਣਾ—ਨਾਲ ਬਹੁਤ ਕੁਝ ਕਰ ਸਕੀ ਹਾਂ, ਅਤੇ ਇਸ ਤੋਂ ਮੈਨੂੰ ਬਹੁਤ ਸੰਤੁਸ਼ਟੀ ਮਿਲਦੀ ਹੈ। ਬਾਹਰਲਿਆਂ ਲਈ ਵੀ ਇਹ ਇਕ ਸ਼ਾਨਦਾਰ ਗਵਾਹੀ ਰਹੀ ਹੈ।
ਮੇਰੇ ਪਰਮੇਸ਼ੁਰ ਦਾ ਸਹਾਰਾ
ਬਹੁਤ ਲੋਕ ਹੈਰਾਨ ਹੁੰਦੇ ਹਨ ਕਿ ਮੈਂ ਆਪਣੇ ਪੈਰਾਂ ਤੇ ਕਿਵੇਂ ਖੜ੍ਹੀ ਹੋ ਸਕੀ ਹਾਂ ਅਤੇ ਕਿਸ ਤਰ੍ਹਾਂ ਖ਼ੁਸ਼ ਰਹਿੰਦੀ ਹਾਂ। ਇਹ ਸਭ ਯਹੋਵਾਹ ਸਦਕਾ ਜੋ “ਸਰਬ ਦਿਲਾਸੇ ਦਾ ਪਰਮੇਸ਼ੁਰ ਹੈ।” (2 ਕੁਰਿੰਥੀਆਂ 1:3) ਮੈਂ ਆਪਣੀ ਨਿਗਾਹ ਖੋਹਣ ਤੋਂ ਬਾਅਦ ਅਕਸਰ ਆਤਮ-ਹੱਤਿਆ ਬਾਰੇ ਸੋਚਦੀ ਹੁੰਦੀ ਸੀ। ਇਸ ਕਰਕੇ ਮੈਨੂੰ ਪੂਰਾ ਯਕੀਨ ਹੈ ਕਿ ਯਹੋਵਾਹ ਅਤੇ ਬਾਈਬਲ ਦੀ ਸੱਚਾਈ ਤੋਂ ਬਿਨਾਂ ਮੈਂ ਅੱਜ ਜ਼ਿੰਦਾ ਨਹੀਂ ਹੋਣਾ ਸੀ। ਮੈਂ ਇਹ ਜਾਣ ਲਿਆ ਹੈ ਕਿ ਸਾਡੇ ਸਿਰਜਣਹਾਰ ਨੇ ਸਾਨੂੰ ਕਈ ਦਾਤਾਂ ਦਿੱਤੀਆਂ ਹਨ—ਸਿਰਫ਼ ਨਿਗਾਹ ਹੀ ਨਹੀਂ—ਤਾਂ ਜੇਕਰ ਅਸੀਂ ਇਨ੍ਹਾਂ ਨੂੰ ਚੰਗੀ ਤਰ੍ਹਾਂ ਵਰਤੀਏ, ਅਸੀਂ ਮੁਬਾਰਕ ਹੋ ਸਕਦੇ ਹਾਂ। ਇਕ ਵਾਰ ਜਦੋਂ ਮੇਰੇ ਪਿੰਡ ਵਿਚ ਕੁਝ ਗਵਾਹ ਪ੍ਰਚਾਰ ਕਰ ਰਹੇ ਸਨ, ਤਾਂ ਇਕ ਤੀਵੀਂ ਨੇ ਉਨ੍ਹਾਂ ਨੂੰ ਮੇਰੇ ਬਾਰੇ ਕਿਹਾ: “ਜਿਸ ਰੱਬ ਦੀ ਇਹ ਉਪਾਸਨਾ ਕਰਦੀ ਹੈ ਉਹ ਹੀ ਇਸ ਨੂੰ ਇਹ ਸਭ ਕੁਝ ਕਰਨ ਦੀ ਮਦਦ ਦਿੰਦਾ ਹੈ!”
ਮੇਰੇ ਸਾਰੇ ਤਜਰਬਿਆਂ ਨੇ ਮੈਨੂੰ ਪਰਮੇਸ਼ੁਰ ਦੇ ਨਜ਼ਦੀਕ ਲਿਆਂਦਾ ਹੈ। ਇਸ ਨੇ ਮੇਰੀ ਨਿਹਚਾ ਨੂੰ ਮਜ਼ਬੂਤ ਬਣਾਇਆ ਹੈ। ਮੈਨੂੰ ਪੌਲੁਸ ਰਸੂਲ ਦੀ ਉਹ ਤਕਲੀਫ਼ ਵੀ ਯਾਦ ਆਉਂਦੀ ਹੈ, ਜਿਸ ਨੂੰ ਉਸ ਨੇ “ਸਰੀਰ ਵਿੱਚ ਇੱਕ ਕੰਡਾ” ਕਿਹਾ ਸੀ, ਜੋ ਕਿ ਸ਼ਾਇਦ ਅੱਖਾਂ ਦੀ ਕੋਈ ਕਮਜ਼ੋਰੀ ਸੀ। (2 ਕੁਰਿੰਥੀਆਂ 12:7; ਗਲਾਤੀਆਂ 4:13) ਇਸ ਨੇ ਉਸ ਨੂੰ ਖ਼ੁਸ਼ ਖ਼ਬਰੀ ਦੇ ਪ੍ਰਚਾਰ ਵਿਚ ‘ਰੁੱਝੇ’ ਰਹਿਣ ਤੋਂ ਨਹੀਂ ਰੋਕਿਆ। ਉਸੇ ਵਾਂਗ, ਮੈਂ ਕਹਿ ਸਕਦੀ ਹਾਂ ‘ਇਸ ਲਈ ਮੈਂ ਆਪਣੀਆਂ ਨਿਰਬਲਤਾਈਆਂ ਉੱਤੇ ਅੱਤ ਅਨੰਦ ਨਾਲ ਅਭਮਾਨ ਕਰਾਂਗੀ ਕਿਉਂਕਿ ਜਦੋਂ ਮੈਂ ਨਿਰਬਲ ਹੁੰਦੀ ਹਾਂ ਤਦੋਂ ਹੀ ਸਮਰਥੀ ਹੁੰਦੀ ਹਾਂ।’—ਰਸੂਲਾਂ ਦੇ ਕਰਤੱਬ 18:5; 2 ਕੁਰਿੰਥੀਆਂ 12:9, 10.
ਸਭ ਤੋਂ ਵੱਧ, ਮੇਰੀ ਇਸ ਬਾਈਬਲ-ਆਧਾਰਿਤ ਆਸ ਦਾ ਮੇਰੇ ਉੱਤੇ ਚੰਗਾ ਅਸਰ ਪੈਂਦਾ ਹੈ ਕਿ ਮੈਂ ਪੁਨਰ-ਉਥਾਨ ਵਿਚ, ਆਪਣੀਆਂ ਅੱਖਾਂ ਨਾਲ ਆਪਣੀ ਮਾਤਾ ਜੀ ਨੂੰ, ਭੈਣਾਂ ਅਤੇ ਭਰਾਵਾਂ ਨੂੰ ਦੇਖ ਸਕਾਂਗੀ। ਬਾਈਬਲ ਵਾਅਦਾ ਕਰਦੀ ਹੈ ਕਿ “ਅੰਨ੍ਹਿਆਂ ਦੀਆਂ ਅੱਖਾਂ ਸੁਜਾਖੀਆਂ ਹੋ ਜਾਣਗੀਆਂ” ਅਤੇ “ਭਾਵੇਂ ਧਰਮੀ, ਭਾਵੇਂ ਕੁਧਰਮੀ ਦੋਹਾਂ ਦਾ ਜੀ ਉੱਠਣਾ ਹੋਵੇਗਾ।” (ਯਸਾਯਾਹ 35:5; ਰਸੂਲਾਂ ਦੇ ਕਰਤੱਬ 24:15) ਅਜਿਹੀਆਂ ਉਮੀਦਾਂ ਮੈਨੂੰ ਆਸ਼ਾਵਾਦੀ ਬਣਾਉਂਦੀਆਂ ਹਨ ਅਤੇ ਮੈਂ ਪਰਮੇਸ਼ੁਰ ਦੇ ਰਾਜ ਅਧੀਨ ਆਉਣ ਵਾਲੇ ਸ਼ਾਨਦਾਰ ਭਵਿੱਖ ਦੀ ਉਤਸੁਕਤਾ ਨਾਲ ਉਡੀਕ ਕਰਦੀ ਹਾਂ!
[ਸਫ਼ੇ 15 ਉੱਤੇ ਤਸਵੀਰ]
ਮੇਰੇ ਪਿਤਾ ਜੀ, ਜਿਨ੍ਹਾਂ ਨੇ ਮੇਰੇ ਨਾਲ ਬਾਈਬਲ ਸਟੱਡੀ ਕੀਤੀ
[ਸਫ਼ੇ 15 ਉੱਤੇ ਤਸਵੀਰ]
ਮੇਰੀ ਰਸੋਈ ਵਿਚ
[ਸਫ਼ੇ 15 ਉੱਤੇ ਤਸਵੀਰ]
ਸਹੇਲੀ ਨਾਲ ਸੇਵਕਾਈ ਵਿਚ