ਯਹੋਵਾਹ ਬਾਰੇ ਸਿੱਖਣ ਵਿਚ ਅੰਨ੍ਹੇ ਲੋਕਾਂ ਦੀ ਮਦਦ ਕਰੋ
1. ਯਿਸੂ ਨੇ ਅੰਨ੍ਹੇ ਲੋਕਾਂ ਪ੍ਰਤੀ ਹਮਦਰਦੀ ਕਿਵੇਂ ਦਿਖਾਈ?
1 ਯਿਸੂ ਦੀ ਮੌਤ ਨੂੰ ਥੋੜ੍ਹੇ ਹੀ ਦਿਨ ਰਹਿ ਗਏ ਸਨ। ਜਦ ਉਹ ਯਰੀਹੋ ਸ਼ਹਿਰ ਤੋਂ ਬਾਹਰ ਜਾ ਰਿਹਾ ਸੀ, ਤਾਂ ਦੋ ਅੰਨ੍ਹੇ ਭਿਖਾਰੀ ਉਸ ਨੂੰ ਉੱਚੀ-ਉੱਚੀ ਕਹਿਣ ਲੱਗੇ: ‘ਹੇ ਪ੍ਰਭੂ, ਸਾਡੇ ʼਤੇ ਰਹਿਮ ਕਰ!’ ਭਾਵੇਂ ਕਿ ਯਿਸੂ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਸੋਚ ਕੇ ਬਹੁਤ ਪਰੇਸ਼ਾਨ ਸੀ, ਫਿਰ ਵੀ ਉਹ ਤੁਰਿਆ ਜਾਂਦਾ ਖੜ੍ਹ ਗਿਆ ਤੇ ਉਨ੍ਹਾਂ ਨੂੰ ਆਪਣੇ ਕੋਲ ਬੁਲਾਇਆ ਅਤੇ ਉਨ੍ਹਾਂ ਨੂੰ ਠੀਕ ਕੀਤਾ। (ਮੱਤੀ 20:29-34) ਅਸੀਂ ਅੰਨ੍ਹੇ ਲੋਕਾਂ ਪ੍ਰਤੀ ਯਿਸੂ ਦੀ ਹਮਦਰਦੀ ਦੀ ਰੀਸ ਕਿਵੇਂ ਕਰ ਸਕਦੇ ਹਾਂ?
2. ਪਬਲਿਕ ਥਾਂ ʼਤੇ ਮਿਲਣ ਵਾਲੇ ਅੰਨ੍ਹੇ ਵਿਅਕਤੀ ਨੂੰ ਅਸੀਂ ਸ਼ਾਇਦ ਕਿਵੇਂ ਗਵਾਹੀ ਦੇ ਸਕਦੇ ਹਾਂ?
2 ਉਨ੍ਹਾਂ ਦੀ ਮਦਦ ਕਰੋ: ਜਦ ਤੁਹਾਨੂੰ ਕੋਈ ਅੰਨ੍ਹਾ ਵਿਅਕਤੀ ਮਿਲੇ, ਸ਼ਾਇਦ ਪਬਲਿਕ ਥਾਂ ʼਤੇ, ਤਾਂ ਉਸ ਨੂੰ ਆਪਣੇ ਬਾਰੇ ਦੱਸੋ ਅਤੇ ਪੁੱਛੋ ਕਿ ਉਸ ਨੂੰ ਕੋਈ ਮਦਦ ਚਾਹੀਦੀ ਹੈ। ਅਕਸਰ ਇਸ ਤਰ੍ਹਾਂ ਦੇ ਲੋਕਾਂ ਨਾਲ ਧੋਖਾ ਹੁੰਦਾ ਹੈ, ਇਸ ਲਈ ਸ਼ੁਰੂ-ਸ਼ੁਰੂ ਵਿਚ ਉਹ ਸ਼ਾਇਦ ਤੁਹਾਡੇ ʼਤੇ ਸ਼ੱਕ ਕਰੇ। ਪਰ ਜਦ ਤੁਸੀਂ ਦੋਸਤਾਨਾ ਅੰਦਾਜ਼ ਵਿਚ ਗੱਲ ਕਰਦੇ ਹੋ ਅਤੇ ਸੱਚੇ ਦਿਲੋਂ ਉਸ ਲਈ ਪਰਵਾਹ ਦਿਖਾਉਂਦੇ ਹੋ, ਤਾਂ ਉਸ ਦੀ ਘਬਰਾਹਟ ਦੂਰ ਹੋ ਸਕਦੀ ਹੈ। ਇਹ ਗੱਲ ਵੀ ਯਾਦ ਰੱਖੋ ਕਿ ਅੰਨ੍ਹਾਪਣ ਅਲੱਗ-ਅਲੱਗ ਤਰੀਕੇ ਦਾ ਹੋ ਸਕਦਾ ਹੈ। ਇਹ ਗੱਲ ਜਾਣ ਕੇ ਤੁਹਾਨੂੰ ਪਤਾ ਲੱਗ ਸਕਦਾ ਹੈ ਕਿ ਉਸ ਨੂੰ ਕਿੰਨੀ ਕੁ ਮਦਦ ਚਾਹੀਦੀ ਹੈ। ਉਸ ਦੀ ਮਦਦ ਕਰਨ ਤੋਂ ਬਾਅਦ ਤੁਸੀਂ ਸ਼ਾਇਦ ਉਸ ਨੂੰ ਦੱਸ ਸਕੋ ਕਿ ਤੁਸੀਂ ਬਾਈਬਲ ਬਾਰੇ ਸਿੱਖਣ ਵਿਚ ਲੋਕਾਂ ਦੀ ਮਦਦ ਕਰਦੇ ਹੋ। ਉਸ ਨੂੰ ਪੁੱਛੋ ਕਿ ਤੁਸੀਂ ਬਾਈਬਲ ਵਿੱਚੋਂ ਉਸ ਲਈ ਕੁਝ ਪੜ੍ਹ ਸਕਦੇ ਹੋ। ਫਿਰ ਜ਼ਬੂਰ 146:8 ਜਾਂ ਯਸਾਯਾਹ 35:5, 6 ਹਵਾਲੇ ਪੜ੍ਹੋ। ਜੇਕਰ ਉਹ ਬ੍ਰੇਲ ਭਾਸ਼ਾ ਪੜ੍ਹ ਸਕਦਾ ਹੈ, ਤਾਂ ਉਸ ਨੂੰ ਪੁੱਛੋ ਕਿ ਉਸ ਨੂੰ ਬ੍ਰੇਲ ਭਾਸ਼ਾ ਵਿਚ ਕੋਈ ਪ੍ਰਕਾਸ਼ਨ ਚਾਹੀਦਾ ਹੈ ਜੋ ਉਸ ਦੀ ਬਾਈਬਲ ਬਾਰੇ ਹੋਰ ਸਿੱਖਣ ਵਿਚ ਮਦਦ ਕਰੇਗਾ। jw.org ਤੋਂ ਆਡੀਓ ਰਿਕਾਰਡਿੰਗਾਂ ਡਾਊਨਲੋਡ ਕਰਨ ਵਿਚ ਵੀ ਤੁਸੀਂ ਉਸ ਦੀ ਮਦਦ ਕਰ ਸਕਦੇ ਹੋ। ਜੇ ਉਸ ਦੇ ਕੰਪਿਊਟਰ ਵਿਚ ਸਕ੍ਰੀਨ ਰੀਡਰ ਪ੍ਰੋਗ੍ਰਾਮ ਹੈ ਜਿਸ ਨਾਲ ਉਹ ਸਕ੍ਰੀਨ ਤੋਂ ਟੈਕਸਟ ਸੁਣ ਸਕਦਾ ਹੈ, ਤਾਂ ਉਹ ਸ਼ਾਇਦ jw.org ʼਤੇ ਛਪੇ ਲੇਖਾਂ ਦੇ ਨਾਲ-ਨਾਲ ਉਨ੍ਹਾਂ ਪ੍ਰਕਾਸ਼ਨਾਂ ਨੂੰ ਵੀ ਸੁਣਨਾ ਚਾਹੇ ਜੋ RTF (Rich Text Format) ਵਿਚ ਡਾਊਨਲੋਡ ਕੀਤੇ ਜਾ ਸਕਦੇ ਹਨ। “ਜਦੋਂ ਤੁਸੀਂ ਅੰਨ੍ਹੇ ਵਿਅਕਤੀ ਦੀ ਮਦਦ ਕਰਦੇ ਹੋ, ਤਾਂ . . .” ਨਾਂ ਦੀ ਡੱਬੀ ਦੇਖੋ।
3. ਅਸੀਂ ਆਪਣੇ ਇਲਾਕੇ ਵਿਚ ਅੰਨ੍ਹੇ ਲੋਕਾਂ ਨੂੰ ਕਿਵੇਂ ਲੱਭ ਸਕਦੇ ਹਾਂ?
3 ਅੰਨ੍ਹੇ ਲੋਕਾਂ ਨੂੰ ਲੱਭੋ: ਘਰ-ਘਰ ਪ੍ਰਚਾਰ ਕਰਦਿਆਂ ਸਾਨੂੰ ਅੰਨ੍ਹੇ ਲੋਕ ਘੱਟ ਹੀ ਮਿਲਦੇ ਹਨ ਕਿਉਂਕਿ ਉਹ ਘਰ ਆਏ ਕਿਸੇ ਅਜਨਬੀ ਨਾਲ ਗੱਲ ਕਰਨ ਤੋਂ ਝਿਜਕਦੇ ਹਨ। ਇਸ ਲਈ ਇਨ੍ਹਾਂ ਲੋਕਾਂ ਨੂੰ ‘ਲੱਭ’ ਕੇ ਗਵਾਹੀ ਦੇਣ ਲਈ ਬਹੁਤ ਕੋਸ਼ਿਸ਼ ਕਰਨ ਦੀ ਲੋੜ ਹੈ। (ਮੱਤੀ 10:11) ਕੀ ਤੁਹਾਡੇ ਨਾਲ ਕੋਈ ਅਜਿਹਾ ਵਿਅਕਤੀ ਪੜ੍ਹਦਾ ਜਾਂ ਕੰਮ ਕਰਦਾ ਹੈ ਜੋ ਅੰਨ੍ਹਾ ਹੈ? ਉਸ ਨਾਲ ਗੱਲ ਕਰਨ ਵਿਚ ਪਹਿਲ ਕਰੋ। ਜੇ ਤੁਹਾਡੇ ਇਲਾਕੇ ਵਿਚ ਅੰਨ੍ਹਿਆਂ ਲਈ ਸਕੂਲ ਹੈ, ਤਾਂ ਸਕੂਲ ਲਾਇਬ੍ਰੇਰੀ ਵਿਚ ਬ੍ਰੇਲ ਭਾਸ਼ਾ ਵਿਚ ਕੁਝ ਪ੍ਰਕਾਸ਼ਨ ਰੱਖਣ ਲਈ ਪੁੱਛੋ। ਕੀ ਤੁਸੀਂ ਕਿਸੇ ਨੂੰ ਜਾਣਦੇ ਹੋ ਜਿਸ ਦੇ ਪਰਿਵਾਰ ਦਾ ਕੋਈ ਮੈਂਬਰ ਅੰਨ੍ਹਾ ਹੈ? ਕੀ ਤੁਹਾਡੇ ਇਲਾਕੇ ਵਿਚ ਅਜਿਹੀਆਂ ਸੰਸਥਾਵਾਂ ਹਨ ਜੋ ਅੰਨ੍ਹੇ ਲੋਕਾਂ ਦੀ ਮਦਦ ਕਰਦੀਆਂ ਹਨ ਜਾਂ ਉਨ੍ਹਾਂ ਦੇ ਰਹਿਣ ਦਾ ਪ੍ਰਬੰਧ ਕਰਦੀਆਂ ਹਨ? ਪਰਿਵਾਰ ਦੇ ਮੈਂਬਰ, ਰਿਸੈਪਸ਼ਨਿਸਟ ਜਾਂ ਡਾਇਰੈਕਟਰ ਨੂੰ ਸਮਝਾਓ ਕਿ ਯਹੋਵਾਹ ਦੇ ਗਵਾਹ ਅੰਨ੍ਹੇ ਲੋਕਾਂ ਦੀ ਮਦਦ ਕਰਨੀ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਬ੍ਰੇਲ ਭਾਸ਼ਾ ਵਿਚ ਪ੍ਰਕਾਸ਼ਨ ਜਾਂ ਆਡੀਓ ਰਿਕਾਰਡਿੰਗਾਂ ਦਿਓ। ਬਾਈਬਲ ਵਿੱਚੋਂ ਉਨ੍ਹਾਂ ਨੂੰ ਦਿਖਾਓ ਕਿ ਪਰਮੇਸ਼ੁਰ ਵਾਅਦਾ ਕਰਦਾ ਹੈ ਕਿ ਜਲਦੀ ਹੀ ਉਹ ਅੰਨ੍ਹੇ ਲੋਕਾਂ ਨੂੰ ਹਮੇਸ਼ਾ ਲਈ ਠੀਕ ਕਰੇਗਾ। ਤੁਸੀਂ ਸ਼ਾਇਦ ਉਨ੍ਹਾਂ ਨੂੰ jw.org ਤੋਂ “ਇਸ ਤੋਂ ਬਿਨਾਂ ਮੈਂ ਗੁਆਚ ਜਾਣਾ ਸੀ” (ਅੰਗ੍ਰੇਜ਼ੀ) ਨਾਂ ਦਾ ਵੀਡੀਓ ਦਿਖਾਉਣਾ ਚਾਹੋ ਜਿਸ ਵਿਚ ਇਕ ਅੰਨ੍ਹੇ ਆਦਮੀ ਦਾ ਤਜਰਬਾ ਦਿਖਾਇਆ ਗਿਆ ਹੈ ਕਿ ਬ੍ਰੇਲ ਭਾਸ਼ਾ ਵਿਚ ਬਾਈਬਲ ਹੋਣ ਕਰਕੇ ਉਸ ਨੂੰ ਕਿੰਨਾ ਫ਼ਾਇਦਾ ਹੋਇਆ ਹੈ। ਜਦੋਂ ਤੁਸੀਂ ਪਰਿਵਾਰ ਦੇ ਮੈਂਬਰ, ਰਿਸੈਪਸ਼ਨਿਸਟ ਜਾਂ ਡਾਇਰੈਕਟਰ ਨੂੰ ਆਪਣੇ ਆਉਣ ਦਾ ਕਾਰਨ ਦੱਸਦੇ ਹੋ, ਤਾਂ ਉਹ ਸ਼ਾਇਦ ਤੁਹਾਨੂੰ ਅੰਨ੍ਹੇ ਲੋਕਾਂ ਨਾਲ ਮਿਲਣ ਦੀ ਇਜਾਜ਼ਤ ਦੇ ਦੇਣ।
4. ਅਸੀਂ ਜੈਨਟ ਦੇ ਤਜਰਬੇ ਤੋਂ ਕੀ ਸਿੱਖ ਸਕਦੇ ਹਾਂ?
4 ਜੈਨਟ ਨਾਂ ਦੀ ਇਕ ਅੰਨ੍ਹੀ ਭੈਣ ਇਕ ਅਜਿਹੀ ਜਗ੍ਹਾ ਗਈ ਜਿੱਥੇ ਅੰਨ੍ਹੇ ਲੋਕ ਰਹਿੰਦੇ ਹਨ। ਉਸ ਨੇ ਇਕ ਔਰਤ ਨਾਲ ਗੱਲ ਕੀਤੀ। ਜੈਨਟ ਨੇ ਉਸ ਔਰਤ ਨੂੰ ਕਿਹਾ: “ਯਿਸੂ ਨੇ ਅੰਨ੍ਹਿਆਂ ਨੂੰ ਠੀਕ ਕਰ ਕੇ ਇਹ ਦਿਖਾਇਆ ਕਿ ਉਹ ਆਉਣ ਵਾਲੇ ਸਮੇਂ ਵਿਚ ਸਾਰੇ ਅੰਨ੍ਹੇ ਲੋਕਾਂ ਲਈ ਕੀ ਕਰੇਗਾ।” ਉਨ੍ਹਾਂ ਦੋਨਾਂ ਨੇ ਪ੍ਰਕਾਸ਼ ਦੀ ਕਿਤਾਬ 21:3, 4 ਪੜ੍ਹਿਆ ਅਤੇ ਜੈਨਟ ਨੇ ਉਸ ਨੂੰ ਸਮਝਾਇਆ ਕਿ ਪਰਮੇਸ਼ੁਰ ਦਾ ਰਾਜ ਇਹ ਵਾਅਦਾ ਕਿਵੇਂ ਪੂਰਾ ਕਰੇਗਾ। ਉਹ ਔਰਤ ਚੁੱਪ ਹੀ ਹੋ ਗਈ। ਫਿਰ ਉਸ ਨੇ ਕਿਹਾ: “ਮੈਂ ਇਸ ਤਰ੍ਹਾਂ ਦੀਆਂ ਗੱਲਾਂ ਕਿਸੇ ਅੰਨ੍ਹੇ ਇਨਸਾਨ ਤੋਂ ਕਦੇ ਨਹੀਂ ਸੁਣੀਆਂ। ਦੇਖ ਸਕਣ ਵਾਲਿਆਂ ਵਿੱਚੋਂ ਬਹੁਤ ਸਾਰੇ ਲੋਕ ਮੰਨਦੇ ਹਨ ਕਿ ਲੋਕ ਅੰਨ੍ਹੇ ਇਸ ਕਰਕੇ ਹੁੰਦੇ ਹਨ ਕਿਉਂਕਿ ਜਾਂ ਤਾਂ ਉਨ੍ਹਾਂ ਨੇ ਜਾਂ ਉਨ੍ਹਾਂ ਦੇ ਪੂਰਵਜਾਂ ਨੇ ਕੁਝ ਗ਼ਲਤ ਕੀਤਾ ਹੁੰਦਾ ਹੈ।” ਜੈਨਟ ਨੇ ਈ-ਮੇਲ ਰਾਹੀਂ ਉਸ ਨੂੰ ਵੈੱਬਸਾਈਟ ਤੋਂ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦਾ ਲਿੰਕ ਭੇਜਿਆ ਤੇ ਹੁਣ ਜੈਨਟ ਉਸ ਔਰਤ ਨੂੰ ਹਫ਼ਤੇ ਵਿਚ ਦੋ ਵਾਰ ਸਟੱਡੀ ਕਰਾਉਂਦੀ ਹੈ।
5. ਹਾਲਾਂਕਿ ਅਸੀਂ ਯਿਸੂ ਵਾਂਗ ਅੰਨ੍ਹੇ ਲੋਕਾਂ ਨੂੰ ਠੀਕ ਨਹੀਂ ਕਰ ਸਕਦੇ, ਫਿਰ ਵੀ ਜੇ ਅਸੀਂ ਉਨ੍ਹਾਂ ਵਿਚ ਦਿਲਚਸਪੀ ਲੈਂਦੇ ਹਾਂ, ਤਾਂ ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ?
5 ਹਾਂ, ਇਹ ਸੱਚ ਹੈ ਕਿ ਅਸੀਂ ਯਿਸੂ ਵਾਂਗ ਅੰਨ੍ਹੇ ਲੋਕਾਂ ਨੂੰ ਠੀਕ ਨਹੀਂ ਕਰ ਸਕਦੇ। ਪਰ ਅਸੀਂ ਲੋਕਾਂ ਦੀ ਪਰਮੇਸ਼ੁਰ ਦੇ ਬਚਨ ਦੀ ਸੱਚਾਈ ਸਮਝਣ ਵਿਚ ਮਦਦ ਕਰ ਸਕਦੇ ਹਾਂ ਜਿਨ੍ਹਾਂ ਦੇ ਮਨ ਦੀਆਂ ਅੱਖਾਂ ਇਸ ਦੁਨੀਆਂ ਦੇ ਈਸ਼ਵਰ ਨੇ ਅੰਨ੍ਹੀਆਂ ਕੀਤੀਆਂ ਹਨ ਅਤੇ ਉਨ੍ਹਾਂ ਦੀ ਵੀ ਜੋ ਸੱਚ-ਮੁੱਚ ਅੰਨ੍ਹੇ ਹਨ। (2 ਕੁਰਿੰ. 4:4) ਯਿਸੂ ਨੇ ਯਰੀਹੋ ਲਾਗੇ ਦੋ ਵਿਅਕਤੀਆਂ ਨੂੰ ਚੰਗਾ ਕੀਤਾ ਕਿਉਂਕਿ ਉਸ ਨੂੰ ਉਨ੍ਹਾਂ ʼਤੇ “ਦਇਆ ਆਈ।” (ਮੱਤੀ 20:34) ਜੇ ਅਸੀਂ ਵੀ ਅੰਨ੍ਹੇ ਲੋਕਾਂ ਵਿਚ ਅਜਿਹੀ ਦਿਲਚਸਪੀ ਲੈਂਦੇ ਹਾਂ, ਤਾਂ ਅਸੀਂ ਕਈਆਂ ਦੀ ਯਹੋਵਾਹ ਬਾਰੇ ਜਾਣਨ ਵਿਚ ਮਦਦ ਕਰ ਸਕਦੇ ਹਾਂ ਜੋ ਅੰਨ੍ਹੇ ਲੋਕਾਂ ਨੂੰ ਹਮੇਸ਼ਾ-ਹਮੇਸ਼ਾ ਲਈ ਠੀਕ ਕਰ ਦੇਵੇਗਾ।