ਸੱਚੇ ਧਰਮ ਦੁਆਰਾ ਪੇਸ਼ ਕੀਤੀ ਗਈ ਉਮੀਦ
ਅਸੀਂ ਕੁਦਰਤੀ ਉਨ੍ਹਾਂ ਚੀਜ਼ਾਂ ਬਾਰੇ ਗੱਲਾਂ ਕਰਨੀਆਂ ਪਸੰਦ ਕਰਦੇ ਹਾਂ ਜਿਨ੍ਹਾਂ ਦੀ ਸਾਨੂੰ ਚਿੰਤਾ ਹੁੰਦੀ ਹੈ ਜਾਂ ਜਿਹੜੀਆਂ ਸਾਨੂੰ ਖ਼ੁਸ਼ ਕਰਦੀਆਂ ਹਨ। ਇਹ ਇਕ ਕਾਰਨ ਹੈ ਜਿਸ ਵਜੋਂ ਯਹੋਵਾਹ ਦੇ ਗਵਾਹ ਦੂਸਰਿਆਂ ਨਾਲ ਬਾਈਬਲ ਦਾ ਅਦਭੁਤ ਸੰਦੇਸ਼ ਸਾਂਝਾ ਕਰਨ ਵਿਚ ਖ਼ੁਸ਼ ਹੁੰਦੇ ਹਨ। ਉਹ ਸੰਦੇਸ਼, ਜੋ ਪਰਮੇਸ਼ੁਰ ਦੇ ਰਾਜ ਬਾਰੇ ਦੱਸਦਾ ਹੈ, ਉਨ੍ਹਾਂ ਚੀਜ਼ਾਂ ਬਾਰੇ ਸਵਾਲਾਂ ਦੇ ਜਵਾਬ ਦਿੰਦਾ ਹੈ ਜੋ ਅੱਜ ਲੋਕਾਂ ਲਈ ਚਿੰਤਾ ਦਾ ਕਾਰਨ ਹਨ ਜਿਵੇਂ ਕਿ ਭਵਿੱਖ, ਸੁਰੱਖਿਆ, ਸਿਹਤ, ਅਤੇ ਖ਼ੁਸ਼ੀ।—ਲੂਕਾ 4:43.
ਲੇਕਿਨ, ਪਰਮੇਸ਼ੁਰ ਦਾ ਰਾਜ ਹੈ ਕਿ?
ਇਕ ਖ਼ੁਸ਼ੀ-ਭਰੀ ਉਮੀਦ
ਪਰਮੇਸ਼ੁਰ ਦਾ ਰਾਜ, ਪਰਮੇਸ਼ੁਰ ਦੀ ਸਰਕਾਰ ਹੈ ਜਿਸ ਉੱਤੇ ਉਸ ਦਾ ਪੁੱਤਰ “ਸ਼ਾਂਤੀ ਦਾ ਰਾਜ ਕੁਮਾਰ” ਸ਼ਾਸਨ ਕਰਦਾ ਹੈ। ਬਾਈਬਲ ਉਸ ਦੇ ਸੰਬੰਧ ਵਿਚ ਕਿਹੁੰਦੀ ਹੈ: “ਸਾਡੇ ਲਈ ਤਾਂ ਇੱਕ ਬਾਲਕ ਜੰਮਿਆ, ਅਤੇ ਸਾਨੂੰ ਇੱਕ ਪੁੱਤ੍ਰ ਬਖ਼ਸ਼ਿਆ ਗਿਆ, ਰਾਜ ਉਹ ਦੇ ਮੋਢੇ ਉੱਤੇ ਹੋਵੇਗਾ, ਅਤੇ ਉਹ ਦਾ ਨਾਮ ਇਉਂ ਸੱਦਿਆ ਜਾਵੇਗਾ . . . ‘ਸ਼ਾਂਤੀ ਦਾ ਰਾਜ ਕੁਮਾਰ।’ ਉਹ ਦੇ ਰਾਜ ਦੀ ਤਰੱਕੀ, ਅਤੇ ਸਲਾਮਤੀ ਦੀ ਕੋਈ ਹੱਦ ਨਾ ਹੋਵੇਗੀ।”—ਯਸਾਯਾਹ 9:6, 7.
ਦੂਰ ਭਵਿੱਖ ਵਿਚ, ਸਾਡੇ ਹੀ ਸਮਿਆਂ ਦੇ ਇਤਿਹਾਸ ਅਤੇ ਇਸ ਦੇ ਸ਼ਾਸਕਾਂ ਵੱਲ ਧਿਆਨ ਦਿੰਦੇ ਹੋਏ, ਬਾਈਬਲ ਦੀ ਇਕ ਹੋਰ ਭਵਿੱਖਬਾਣੀ ਨੇ ਕਿਹਾ: “ਉਨ੍ਹਾਂ ਰਾਜਿਆਂ ਦੇ ਦਿਨਾਂ ਵਿੱਚ ਅਕਾਸ਼ ਦਾ ਪਰਮੇਸ਼ੁਰ ਇੱਕ ਰਾਜ ਖੜਾ ਕਰੇਗਾ ਜਿਹੜਾ ਸਦਾ ਤੀਕ ਨੇਸਤ ਨਾ ਹੋਵੇਗਾ . . . ਉਹ ਏਹਨਾਂ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ ਪਰ ਆਪ ਸਦਾ ਤਾਈਂ ਖੜਾ ਰਹੇਗਾ।”—ਦਾਨੀਏਲ 2:44.
ਸ਼ਾਂਤੀ ਦੇ ਰਾਜ ਕੁਮਾਰ, ਯਾਨੀ ਮਸੀਹ ਦੀ ਹਕੂਮਤ ਦੇ ਅਧੀਨ ਪਰਮੇਸ਼ੁਰ ਦਾ ਇਹ ਰਾਜ, ਉਸ ਪ੍ਰਾਰਥਨਾ ਨੂੰ ਪੂਰਾ ਕਰੇਗਾ ਜੋ ਯਿਸੂ ਨੇ ਆਪਣੇ ਚੇਲਿਆਂ ਨੂੰ ਸਿਖਾਈ ਸੀ: “ਹੇ ਸਾਡੇ ਪਿਤਾ, ਜਿਹੜਾ ਸੁਰਗ ਵਿੱਚ ਹੈਂ . . . ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।” (ਮੱਤੀ 6:9, 10) ਜਦੋਂ ਪਰਮੇਸ਼ੁਰ ਦਾ ਰਾਜ ਆਵੇਗਾ ਤਾਂ ਧਰਤੀ ਲਈ ਅਤੇ ਸਾਡੇ ਲਈ ਇਸ ਦਾ ਕੀ ਅਰਥ ਹੋਵੇਗਾ? ਯਹੋਵਾਹ ਪਰਮੇਸ਼ੁਰ ਦੁਆਰਾ ਖ਼ੁਦ ਕੀਤੇ ਗਏ ਵਾਅਦਿਆਂ ਵੱਲ ਧਿਆਨ ਦਿਓ ਜੋ ਬਾਈਬਲ ਵਿਚ ਦਰਜ ਹਨ। ਉਨ੍ਹਾਂ ਵਿੱਚੋਂ ਕੁਝ ਇਨ੍ਹਾਂ ਸਫ਼ਿਆਂ ਉੱਤੇ ਦਿਖਾਏ ਗਏ ਹਨ।
ਪਰਮੇਸ਼ੁਰ ਵੱਲੋਂ ਇਕ ਸੰਦੇਸ਼
ਪਰਮੇਸ਼ੁਰ ਦੇ ਬਚਨ ਵਿਚ ਪਾਏ ਗਏ ਅਦਭੁਤ ਵਾਅਦਿਆਂ ਨੂੰ ਲੁਕੋ ਕੇ ਨਹੀਂ ਰੱਖਣਾ ਚਾਹੀਦਾ। ਇਹ ਸਾਨੂੰ ਧਰਮ ਦੇ ਵਿਸ਼ੇ ਵੱਲ ਦੁਬਾਰਾ ਲੈ ਆਉਂਦਾ ਹੈ। ਯਿਸੂ ਨੇ ਭਵਿੱਖਬਾਣੀ ਕੀਤੀ ਸੀ ਕਿ ਇਸ ਰੀਤੀ ਵਿਵਸਥਾ ਦੇ ਅੰਤ ਤੋਂ ਪਹਿਲਾਂ ਉਸ ਦੇ ਚੇਲੇ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨ ਵਿਚ ਪਹਿਲ ਕਰਨਗੇ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।”—ਮੱਤੀ 24:14; 28:19, 20; ਰਸੂਲਾਂ ਦੇ ਕਰਤੱਬ 1:8.
ਪਰਮੇਸ਼ੁਰ ਦੇ ਰਾਜ ਬਾਰੇ ਇਹ ਸੰਦੇਸ਼, ਉਹ ਹੀ ਸੰਦੇਸ਼ ਹੈ ਜੋ ਯਹੋਵਾਹ ਦੇ ਗਵਾਹ ਸੰਸਾਰ ਭਰ ਵਿਚ ਐਲਾਨ ਕਰ ਰਹੇ ਹਨ। ਇਸ ਰਸਾਲੇ ਦੇ ਨਾਲ ਦਾ ਰਸਾਲਾ, ਪਹਿਰਾਬੁਰਜ, 130 ਭਾਸ਼ਾਵਾਂ ਵਿਚ ਪ੍ਰਕਾਸ਼ਿਤ ਕੀਤਾ ਜਾਂਦਾ ਹੈ, ਅਤੇ ਉਸ ਦੇ ਹਰੇਕ ਅੰਕ ਦੇ 2 ਕਰੋੜ 20 ਲੱਖ ਤੋਂ ਜ਼ਿਆਦਾ ਛਾਪੀਆਂ ਗਈਆਂ ਕਾਪੀਆਂ ਦੀ ਜਿਲਦ ਤੇ ਇਹ ਸ਼ਬਦ ਹੁੰਦੇ ਹਨ “ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ।”
ਇਕ ਅਕਲਮੰਦ ਵਿਅਕਤੀ ਹੋਣ ਦੇ ਨਾਤੇ, ਤੁਸੀਂ ਆਪਣੀ ਜ਼ਿੰਦਗੀ ਬਾਰੇ ਸਮਝਦਾਰ ਫ਼ੈਸਲੇ ਕਰਨੇ ਚਾਹੁੰਦੇ ਹੋ। (ਕਹਾਉਤਾਂ 18:13) ਇਸ ਲਈ, ਅਸੀਂ ਪਰਮੇਸ਼ੁਰ ਦੇ ਸ਼ਾਨਦਾਰ ਰਾਜ ਬਾਰੇ ਅਤੇ ਤੁਹਾਡੇ ਲਈ ਇਸ ਦੇ ਅਰਥ ਬਾਰੇ ਹੋਰ ਸਿੱਖਣ ਦਾ ਤੁਹਾਨੂੰ ਨਿੱਜੀ ਤੌਰ ਤੇ ਸਦਾ ਦਿੰਦੇ ਹਾਂ। ਇਸ ਲਈ ਬਾਈਬਲ ਬਾਰੇ ਗੱਲਬਾਤ ਕਰਨ ਤੋਂ ਝਿਜਕੋ ਨਾ। ਹੋਰ ਕੋਈ ਵੀ ਗੱਲਬਾਤ ਇਸ ਤੋਂ ਜ਼ਿਆਦਾ ਸਿੱਖਿਆਦਾਇਕ, ਦਿਲਚਸਪ ਅਤੇ ਮਹੱਤਵਪੂਰਣ ਨਹੀਂ ਹੋ ਸਕਦੀ।—ਯੂਹੰਨਾ 17:3.
[ਸਫ਼ੇ 16, 17 ਉੱਤੇ ਡੱਬੀ/ਤਸਵੀਰਾਂ]
ਫਿਰਦੌਸ ਵਰਗੀ ਧਰਤੀ ਦੇ ਵਾਅਦੇ
ਧਰਤੀ ਉੱਤੇ ਪੂਰਣ ਸ਼ਾਂਤੀ ਛਾਂ ਜਾਵੇਗੀ। “ਉਹ ਦੇ ਦਿਨੀਂ ਧਰਮੀ ਲਹਿ ਲਹਾਉਣਗੇ, ਅਤੇ ਜਿੰਨਾ ਚਿਰ ਚੰਦਰਮਾ ਜਾਂਦਾ ਨਾ ਰਹੇ ਬਾਹਲਾ ਸੁਖ ਹੋਵੇਗਾ।”—ਜ਼ਬੂਰ 72:7, 8.
ਮੁਰਦਿਆਂ ਨੂੰ ਵੀ ਮੁੜ ਕੇ ਜੀਉਂਦਾ ਕੀਤਾ ਜਾਵੇਗਾ। “ਭਾਵੇਂ ਧਰਮੀ, ਭਾਵੇਂ ਕੁਧਰਮੀ ਦੋਹਾਂ ਦਾ ਜੀ ਉੱਠਣਾ ਹੋਵੇਗਾ।”—ਰਸੂਲਾਂ ਦੇ ਕਰਤੱਬ 24:15.
ਸੰਪੂਰਣ ਸਿਹਤ ਦਾ ਆਨੰਦ ਸਦਾ ਲਈ ਮਾਣਿਆ ਜਾਵੇਗਾ। “ਅਤੇ [ਪਰਮੇਸ਼ੁਰ] ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ।”—ਪਰਕਾਸ਼ ਦੀ ਪੋਥੀ 21:3, 4.
ਲੋਕ ਆਪਣੇ ਘਰ ਬਣਾਉਣਗੇ ਅਤੇ ਉਨ੍ਹਾਂ ਵਿਚ ਰਹਿਣਗੇ। “ਓਹ ਘਰ ਬਣਾਉਣਗੇ ਅਤੇ ਉਨ੍ਹਾਂ ਵਿੱਚ ਵੱਸਣਗੇ, ਓਹ ਅੰਗੂਰੀ ਬਾਗ ਲਾਉਣਗੇ ਅਤੇ ਉਨ੍ਹਾਂ ਦਾ ਫਲ ਖਾਣਗੇ।” —ਯਸਾਯਾਹ 65:21.
ਚੋਖਾ ਖਾਣਾ ਹੋਵੇਗਾ। ‘ਧਰਤੀ ਵਿੱਚ ਪਹਾੜਾਂ ਦੀ ਟੀਸੀ ਉੱਤੇ ਬਹੁਤਾ ਅੰਨ ਹੋਵੇਗਾ।’ —ਜ਼ਬੂਰ 72:16.