ਸੱਚੀ ਸ਼ਾਂਤੀ ਲੱਭੋ ਅਤੇ ਇਸ ਦਾ ਪਿੱਛਾ ਕਰੋ!
“ਜਿਹੜਾ ਜੀਵਨ ਨਾਲ ਪ੍ਰੇਮ ਰੱਖਣਾ, ਅਤੇ ਭਲੇ ਦਿਨ ਵੇਖਣੇ ਚਾਹੁੰਦਾ ਹੈ, . . . ਉਹ ਬਦੀ ਤੋਂ ਹਟ ਜਾਵੇ ਅਤੇ ਨੇਕੀ ਕਰੇ, ਮਿਲਾਪ ਨੂੰ ਲੱਭੇ ਅਤੇ ਉਹ ਦਾ ਪਿੱਛਾ ਕਰੇ।”—1 ਪਤਰਸ 3:10, 11.
1. ਯਸਾਯਾਹ ਦੇ ਕਿਹੜੇ ਪ੍ਰਸਿੱਧ ਸ਼ਬਦ ਨਿਸ਼ਚੇ ਹੀ ਪੂਰੇ ਹੋਣਗੇ?
“ਓਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ ਬਣਾਉਣਗੇ, ਅਤੇ ਆਪਣੇ ਬਰਛਿਆਂ ਨੂੰ ਦਾਤ। ਕੌਮ ਕੌਮ ਉੱਤੇ ਤਲਵਾਰ ਨਹੀਂ ਚੁੱਕੇਗੀ, ਅਤੇ ਓਹ ਫੇਰ ਕਦੀ ਵੀ ਲੜਾਈ ਨਾ ਸਿੱਖਣਗੇ।” (ਯਸਾਯਾਹ 2:4) ਹਾਲਾਂਕਿ ਇਹ ਪ੍ਰਸਿੱਧ ਸ਼ਾਸਤਰਵਚਨ ਨਿਊਯਾਰਕ ਸਿਟੀ ਵਿਚ ਸੰਯੁਕਤ ਰਾਸ਼ਟਰ-ਸੰਘ ਦੇ ਵਿਸ਼ਵ ਮੁੱਖ ਦਫ਼ਤਰ ਨੇੜੇ ਪ੍ਰਦਰਸ਼ਿਤ ਕੀਤਾ ਜਾਂਦਾ ਹੈ, ਇਸ ਵਿਸ਼ਵ ਸੰਗਠਨ ਨੇ ਕਿਸੇ ਵੀ ਤਰੀਕੇ ਤੋਂ ਇਸ ਨੂੰ ਪੂਰਾ ਨਹੀਂ ਕੀਤਾ ਹੈ। ਪਰੰਤੂ, ਯਹੋਵਾਹ ਪਰਮੇਸ਼ੁਰ ਦੇ ਅਚੂਕ ਵਚਨ ਦਾ ਭਾਗ ਹੋਣ ਕਾਰਨ, ਇਹ ਘੋਸ਼ਣਾ ਨਿਸਫਲ ਨਹੀਂ ਹੋਵੇਗੀ।—ਯਸਾਯਾਹ 55:10, 11.
2. ਯਸਾਯਾਹ 2:2, 3 ਅਨੁਸਾਰ, “ਆਖਰੀ ਦਿਨਾਂ ਦੇ ਵਿੱਚ” ਕੀ ਹੋਵੇਗਾ?
2 ਯਸਾਯਾਹ 2:4 ਵਿਚ ਪਾਏ ਜਾਂਦੇ ਸ਼ਬਦ ਅਸਲ ਵਿਚ ਇਕ ਸ਼ਾਨਦਾਰ ਭਵਿੱਖਬਾਣੀ, ਸੱਚੀ ਸ਼ਾਂਤੀ ਬਾਰੇ ਭਵਿੱਖਬਾਣੀ ਦਾ ਭਾਗ ਹਨ—ਅਤੇ ਇਸ ਦੀ ਪੂਰਤੀ ਠੀਕ ਸਾਡੇ ਆਪਣੇ ਸਮੇਂ ਵਿਚ ਹੋ ਰਹੀ ਹੈ। ਅਜਿਹੇ ਰੁਮਾਂਚਕ ਭਵਿੱਖ ਬਾਰੇ ਐਲਾਨ ਕਰਨ ਤੋਂ ਪਹਿਲਾਂ ਜਿਸ ਵਿਚ ਯੁੱਧ ਅਤੇ ਯੁੱਧ-ਸ਼ਸਤਰ ਨਹੀਂ ਹੋਣਗੇ, ਇਹ ਭਵਿੱਖਬਾਣੀ ਕਹਿੰਦੀ ਹੈ: “ਆਖਰੀ ਦਿਨਾਂ ਦੇ ਵਿੱਚ ਇਉਂ ਹੋਵੇਗਾ ਕਿ ਯਹੋਵਾਹ ਦੇ ਭਵਨ ਦਾ ਪਰਬਤ ਪਹਾੜਾਂ ਦੇ ਸਿਰੇ ਤੇ ਕਾਇਮ ਕੀਤਾ ਜਾਵੇਗਾ, ਅਤੇ ਉਹ ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ, ਅਤੇ ਸਭ ਕੌਮਾਂ ਉਸ ਦੀ ਵੱਲ ਵਗਣਗੀਆਂ। ਬਹੁਤੀਆਂ ਉੱਮਤਾਂ ਆਉਣਗੀਆਂ ਅਤੇ ਆਖਣਗੀਆਂ, ਆਓ, ਅਸੀਂ ਯਹੋਵਾਹ ਦੇ ਪਰਬਤ ਉੱਤੇ, ਯਾਕੂਬ ਦੇ ਪਰਮੇਸ਼ੁਰ ਦੇ ਭਵਨ ਵੱਲ ਚੜ੍ਹੀਏ, ਭਈ ਉਹ ਸਾਨੂੰ ਆਪਣੇ ਰਾਹ ਵਿਖਾਵੇ, ਅਤੇ ਅਸੀਂ ਉਹ ਦੇ ਮਾਰਗਾਂ ਵਿੱਚ ਚੱਲੀਏ, ਕਿਉਂ ਜੋ ਬਿਵਸਥਾ ਸੀਯੋਨ ਤੋਂ ਨਿੱਕਲੇਗੀ, ਅਤੇ ਯਹੋਵਾਹ ਦਾ ਬਚਨ ਯਰੂਸ਼ਲਮ ਤੋਂ।”—ਯਸਾਯਾਹ 2:2, 3.
ਲੋਕ ਸ਼ਾਂਤਮਈ ਬਣ ਸਕਦੇ ਹਨ
3. ਇਕ ਵਿਅਕਤੀ ਝਗੜਾਲੂ ਤੋਂ ਸ਼ਾਂਤਮਈ ਕਿਵੇਂ ਬਣ ਸਕਦਾ ਹੈ?
3 ਧਿਆਨ ਦਿਓ ਕਿ ਇਸ ਤੋਂ ਪਹਿਲਾਂ ਕਿ ਲੋਕ ਸ਼ਾਂਤਮਈ ਰਾਹ ਉੱਤੇ ਚੱਲ ਸਕਣ, ਉਨ੍ਹਾਂ ਲਈ ਯਹੋਵਾਹ ਦੇ ਰਾਹਾਂ ਬਾਰੇ ਸਿੱਖਣਾ ਜ਼ਰੂਰੀ ਹੈ। ਯਹੋਵਾਹ ਦੀ ਸਿੱਖਿਆ ਪ੍ਰਤੀ ਆਗਿਆਕਾਰਤਾ ਇਕ ਵਿਅਕਤੀ ਦੇ ਸੋਚਣ ਅਤੇ ਕੰਮ ਕਰਨ ਦੇ ਤਰੀਕੇ ਨੂੰ ਬਦਲ ਸਕਦੀ ਹੈ, ਜਿਸ ਕਾਰਨ ਉਹ ਜੋ ਪਹਿਲਾਂ ਝਗੜਾਲੂ ਸੀ, ਸ਼ਾਂਤਮਈ ਬਣ ਜਾਂਦਾ ਹੈ। ਇਹ ਤਬਦੀਲੀ ਕਿਵੇਂ ਸਿਰੇ ਚਾੜ੍ਹੀ ਜਾਂਦੀ ਹੈ? ਰੋਮੀਆਂ 12:2 ਕਹਿੰਦਾ ਹੈ: “ਇਸ ਜੁੱਗ ਦੇ ਰੂਪ ਜੇਹੇ ਨਾ ਬਣੋ ਸਗੋਂ ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਸਰੂਪ ਵਿੱਚ ਬਦਲਦੇ ਜਾਓ ਤਾਂ ਜੋ ਤੁਸੀਂ ਸਿਆਣ ਲਵੋ ਭਈ ਪਰਮੇਸ਼ੁਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਿਆ ਕੀ ਹੈ।” ਅਸੀਂ ਆਪਣੀ ਬੁੱਧ ਵਿਚ ਪਰਮੇਸ਼ੁਰ ਦੇ ਬਚਨ ਦੇ ਸਿਧਾਂਤ ਅਤੇ ਨਸੀਹਤਾਂ ਭਰਨ ਦੁਆਰਾ ਇਸ ਨੂੰ ਨਵਾਂ ਬਣਾਉਂਦੇ ਹਾਂ, ਜਾਂ ਇਸ ਨੂੰ ਇਕ ਵੱਖਰੀ ਦਿਸ਼ਾ ਵਿਚ ਮੋੜਦੇ ਹਾਂ। ਬਾਈਬਲ ਦਾ ਨਿਯਮਿਤ ਅਧਿਐਨ ਸਾਨੂੰ ਅਜਿਹੀ ਤਬਦੀਲੀ ਕਰਨ ਵਿਚ ਮਦਦ ਦਿੰਦਾ ਹੈ ਅਤੇ ਸਾਨੂੰ ਇਹ ਸਿਆਣਨ ਦੇ ਯੋਗ ਬਣਾਉਂਦਾ ਹੈ ਕਿ ਯਹੋਵਾਹ ਦੀ ਸਾਡੇ ਲਈ ਕੀ ਇੱਛਾ ਹੈ, ਤਾਂ ਜੋ ਅਸੀਂ ਸਾਫ਼-ਸਾਫ਼ ਦੇਖ ਸਕੀਏ ਕਿ ਸਾਨੂੰ ਕਿਹੜੇ ਰਾਹ ਉੱਤੇ ਜਾਣਾ ਚਾਹੀਦਾ ਹੈ।—ਜ਼ਬੂਰ 119:105.
4. ਇਕ ਵਿਅਕਤੀ ਸ਼ਾਂਤਮਈ ਨਵਾਂ ਵਿਅਕਤਿੱਤਵ ਕਿਵੇਂ ਪਹਿਨਦਾ ਹੈ?
4 ਬਾਈਬਲ ਸੱਚਾਈ, ਨਾ ਕੇਵਲ ਸਾਡੇ ਸੋਚਣ ਦੇ ਤਰੀਕੇ ਨੂੰ, ਬਲਕਿ ਸਾਡੀਆਂ ਹਰਕਤਾਂ ਅਤੇ ਵਿਅਕਤਿੱਤਵ ਨੂੰ ਵੀ ਬਦਲ ਦਿੰਦੀ ਹੈ। ਇਹ ਸਾਨੂੰ ਉਹ ਕਰਨ ਵਿਚ ਮਦਦ ਦਿੰਦੀ ਹੈ ਜੋ ਰਸੂਲ ਪੌਲੁਸ ਨੇ ਤਾਕੀਦ ਕੀਤੀ: “ਤੁਸੀਂ ਅਗਲੇ ਚਲਣ ਦੀ ਉਸ ਪੁਰਾਣੀ ਇਨਸਾਨੀਅਤ ਨੂੰ ਲਾਹ ਸੁੱਟੋ ਜੋ ਧੋਖਾ ਦੇਣ ਵਾਲੀਆਂ ਕਾਮਨਾਂ ਦੇ ਅਨੁਸਾਰ ਵਿਗੜਦੀ ਜਾਂਦੀ ਹੈ। ਅਤੇ ਆਪਣੇ ਮਨ ਦੇ ਸੁਭਾਉ ਵਿੱਚ ਨਵੇਂ ਬਣੋ। ਅਤੇ ਨਵੀਂ ਇਨਸਾਨੀਅਤ ਨੂੰ ਪਹਿਨ ਲਓ ਜਿਹੜੀ ਪਰਮੇਸ਼ੁਰ ਦੇ ਅਨੁਸਾਰ ਸਚਿਆਈ ਦੇ ਧਰਮ ਅਤੇ ਪਵਿੱਤਰਤਾਈ ਵਿੱਚ ਉਤਪਤ ਹੋਈ।” (ਅਫ਼ਸੀਆਂ 4:22-24) ਮਨ ਦਾ ਸੁਭਾਉ ਅੰਦਰੂਨੀ ਹੁੰਦਾ ਹੈ। ਜਿਉਂ-ਜਿਉਂ ਯਹੋਵਾਹ ਅਤੇ ਉਸ ਦੇ ਨਿਯਮਾਂ ਲਈ ਸਾਡਾ ਪ੍ਰੇਮ ਵਧਦਾ ਹੈ, ਇਹ ਮਨ ਦਾ ਸੁਭਾਉ ਤਬਦੀਲ ਹੁੰਦਾ ਅਤੇ ਸ਼ਕਤੀਸ਼ਾਲੀ ਬਣਦਾ ਹੈ, ਅਤੇ ਇਹ ਸਾਨੂੰ ਅਧਿਆਤਮਿਕ ਤੇ ਸ਼ਾਂਤਮਈ ਵਿਅਕਤੀ ਬਣਾਉਂਦਾ ਹੈ।
5. ਯਿਸੂ ਵੱਲੋਂ ਆਪਣੇ ਚੇਲਿਆਂ ਨੂੰ ਦਿੱਤਾ ਗਿਆ “ਨਵਾਂ ਹੁਕਮ,” ਉਨ੍ਹਾਂ ਦੇ ਆਪਸ ਵਿਚ ਸ਼ਾਂਤੀ ਕਿਵੇਂ ਵਧਾਉਂਦਾ ਹੈ?
5 ਇਸ ਤਬਦੀਲੀ ਦੀ ਲੋੜ, ਯਿਸੂ ਦੀ ਉਸ ਹਿਦਾਇਤ ਤੋਂ ਨਜ਼ਰ ਆਉਂਦੀ ਹੈ ਜੋ ਉਸ ਨੇ ਆਪਣੇ ਚੇਲਿਆਂ ਨਾਲ ਬਿਤਾਏ ਅਖ਼ੀਰਲੇ ਘੰਟਿਆਂ ਦੌਰਾਨ ਉਨ੍ਹਾਂ ਨੂੰ ਦਿੱਤੀ ਸੀ: “ਮੈਂ ਤੁਹਾਨੂੰ ਨਵਾਂ ਹੁਕਮ ਦਿੰਦਾ ਹਾਂ ਕਿ ਇੱਕ ਦੂਏ ਨੂੰ ਪਿਆਰ ਕਰੋ ਅਰਥਾਤ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਤਿਵੇਂ ਤੁਸੀਂ ਇੱਕ ਦੂਏ ਨੂੰ ਪਿਆਰ ਕਰੋ। ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।” (ਯੂਹੰਨਾ 13:34, 35) ਇਹ ਮਸੀਹ-ਸਮਾਨ, ਨਿਰਸੁਆਰਥੀ ਪ੍ਰੇਮ ਚੇਲਿਆਂ ਨੂੰ ਸੰਪੂਰਣ ਏਕਤਾ ਵਿਚ ਬੰਨ੍ਹੀ ਰੱਖਦਾ ਹੈ। (ਕੁਲੁੱਸੀਆਂ 3:14) ਕੇਵਲ ਉਹ ਲੋਕ ਪਰਮੇਸ਼ੁਰ ਵੱਲੋਂ ਵਾਅਦਾ ਕੀਤੀ ਗਈ ਸ਼ਾਂਤੀ ਦਾ ਆਨੰਦ ਮਾਣਨਗੇ ਜੋ ਇਹ “ਨਵਾਂ ਹੁਕਮ” ਸਵੀਕਾਰ ਕਰਨ ਅਤੇ ਇਸ ਅਨੁਸਾਰ ਜੀਉਣ ਲਈ ਰਾਜ਼ੀ ਹਨ। ਕੀ ਅੱਜ ਅਜਿਹੇ ਲੋਕ ਹਨ ਜੋ ਇਸ ਤਰ੍ਹਾਂ ਕਰ ਰਹੇ ਹਨ?
6. ਦੁਨੀਆਂ ਦੇ ਲੋਕਾਂ ਦੇ ਉਲਟ, ਯਹੋਵਾਹ ਦੇ ਗਵਾਹ ਕਿਉਂ ਸ਼ਾਂਤੀ ਦਾ ਆਨੰਦ ਮਾਣਦੇ ਹਨ?
6 ਯਹੋਵਾਹ ਦੇ ਗਵਾਹ ਆਪਣੇ ਵਿਸ਼ਵ-ਵਿਆਪੀ ਭਾਈਚਾਰੇ ਵਿਚ ਪ੍ਰੇਮ ਪ੍ਰਦਰਸ਼ਿਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਹਾਲਾਂਕਿ ਉਹ ਦੁਨੀਆਂ ਦੀਆਂ ਸਾਰੀਆਂ ਕੌਮਾਂ ਵਿੱਚੋਂ ਲਏ ਗਏ ਹਨ, ਉਹ ਦੁਨੀਆਂ ਦੇ ਵਾਦ-ਵਿਵਾਦਾਂ ਵਿਚ ਸ਼ਾਮਲ ਨਹੀਂ ਹੁੰਦੇ ਹਨ, ਉਦੋਂ ਵੀ ਨਹੀਂ ਜਦੋਂ ਉਨ੍ਹਾਂ ਉੱਤੇ ਕਠੋਰ ਸਿਆਸੀ ਅਤੇ ਧਾਰਮਿਕ ਦਬਾਉ ਪਾਇਆ ਜਾਂਦਾ ਹੈ। ਸੰਯੁਕਤ ਲੋਕ ਵਜੋਂ, ਉਹ ਯਹੋਵਾਹ ਵੱਲੋਂ ਸਿਖਾਏ ਜਾਂਦੇ ਹਨ, ਅਤੇ ਉਹ ਸ਼ਾਂਤੀ ਦਾ ਆਨੰਦ ਮਾਣਦੇ ਹਨ। (ਯਸਾਯਾਹ 54:13) ਉਹ ਸਿਆਸੀ ਲੜਾਈਆਂ ਵਿਚ ਨਿਰਪੱਖ ਰਹਿੰਦੇ ਹਨ, ਅਤੇ ਯੁੱਧਾਂ ਵਿਚ ਹਿੱਸਾ ਨਹੀਂ ਲੈਂਦੇ ਹਨ। ਕਈ ਜੋ ਪਹਿਲਾਂ ਹਿੰਸਕ ਸੁਭਾਉ ਦੇ ਸਨ, ਉਨ੍ਹਾਂ ਨੇ ਉਹ ਜੀਵਨ-ਢੰਗ ਤਿਆਗ ਦਿੱਤਾ ਹੈ। ਉਹ ਮਸੀਹ ਯਿਸੂ ਦੀ ਮਿਸਾਲ ਉੱਤੇ ਚੱਲਦੇ ਹੋਏ, ਅਮਨ-ਪਸੰਦ ਮਸੀਹੀ ਬਣ ਗਏ ਹਨ। ਅਤੇ ਉਹ ਪੂਰੇ ਦਿਲ ਨਾਲ ਪਤਰਸ ਦੀ ਸਲਾਹ ਲਾਗੂ ਕਰਦੇ ਹਨ: “ਜਿਹੜਾ ਜੀਵਨ ਨਾਲ ਪ੍ਰੇਮ ਰੱਖਣਾ, ਅਤੇ ਭਲੇ ਦਿਨ ਵੇਖਣੇ ਚਾਹੁੰਦਾ ਹੈ, ਉਹ ਆਪਣੀ ਜੀਭ ਨੂੰ ਬੁਰਿਆਈ ਤੋਂ, ਅਤੇ ਆਪਣੇ ਬੁੱਲ੍ਹਾਂ ਨੂੰ ਮਕਰ ਬੋਲਣ ਤੋਂ ਰੋਕ ਰੱਖੇ। ਉਹ ਬਦੀ ਤੋਂ ਹਟ ਜਾਵੇ ਅਤੇ ਨੇਕੀ ਕਰੇ, ਮਿਲਾਪ ਨੂੰ ਲੱਭੇ ਅਤੇ ਉਹ ਦਾ ਪਿੱਛਾ ਕਰੇ।”—1 ਪਤਰਸ 3:10, 11; ਅਫ਼ਸੀਆਂ 4:3.
ਸ਼ਾਂਤੀ ਦਾ ਪਿੱਛਾ ਕਰਨ ਵਾਲੇ
7, 8. ਅਜਿਹੇ ਲੋਕਾਂ ਦੀ ਮਿਸਾਲ ਦਿਓ ਜੋ ਯੁੱਧ ਤਿਆਗ ਕੇ ਸੱਚੀ ਸ਼ਾਂਤੀ ਲੱਭਣ ਵਾਲੇ ਬਣ ਗਏ ਹਨ। (ਹੋਰ ਦੂਸਰੇ ਅਨੁਭਵ ਦੱਸੋ ਜਿਨ੍ਹਾਂ ਬਾਰੇ ਤੁਸੀਂ ਜਾਣਦੇ ਹੋ।)
7 ਇਕ ਵਿਸ਼ਿਸ਼ਟ ਆਤੰਕਵਾਦੀ-ਵਿਰੋਧੀ ਦਸਤੇ ਵਿਚ ਇਕ ਸਾਬਕਾ ਅਫ਼ਸਰ, ਰਾਮੀ ਓਵੇਦ ਦੀ ਮਿਸਾਲ ਲਓ। ਉਸ ਨੂੰ ਆਪਣੇ ਵੈਰੀਆਂ ਨੂੰ ਜਾਨੋਂ ਮਾਰਨ ਦੀ ਸਿਖਲਾਈ ਦਿੱਤੀ ਗਈ ਸੀ। ਉਹ ਆਪਣੀ ਇਸਰਾਏਲੀ ਕੌਮਪਰਸਤੀ ਵਿਚ ਪੱਕਾ ਯਕੀਨ ਰੱਖਦਾ ਸੀ, ਪਰੰਤੂ ਉਸ ਦਾ ਯਕੀਨ ਹਟ ਗਿਆ ਜਦੋਂ ਇਕ ਦਿਨ ਉਸ ਨੂੰ ਪਤਾ ਲੱਗਾ ਕਿ ਰੱਬੀ ਲੋਕ ਨਹੀਂ ਚਾਹੁੰਦੇ ਸਨ ਕਿ ਉਹ ਆਪਣੀ ਪ੍ਰੇਮਿਕਾ ਨਾਲ ਵਿਆਹ ਕਰੇ, ਕੇਵਲ ਇਸ ਕਾਰਨ ਕਿ ਉਹ ਇਕ ਏਸ਼ੀਆਈ, ਅਰਥਾਤ ਇਕ ਗ਼ੈਰ-ਯਹੂਦਣ ਸੀ। ਉਹ ਬਾਈਬਲ ਵਿੱਚੋਂ ਸੱਚਾਈ ਲੱਭਣ ਲੱਗਾ। ਫਿਰ ਉਸ ਦੀ ਮੁਲਾਕਾਤ ਯਹੋਵਾਹ ਦੇ ਗਵਾਹਾਂ ਨਾਲ ਹੋਈ। ਗਵਾਹਾਂ ਦੇ ਨਾਲ ਉਸ ਦੇ ਬਾਈਬਲ ਅਧਿਐਨ ਨੇ ਉਸ ਨੂੰ ਕਾਇਲ ਕਰ ਦਿੱਤਾ ਕਿ ਉਹ ਹੁਣ ਇਕ ਕੱਟੜ ਕੌਮਪਰਸਤ ਨਹੀਂ ਹੋ ਸਕਦਾ ਸੀ। ਮਸੀਹੀ ਪ੍ਰੇਮ ਦਾ ਅਰਥ ਸੀ ਯੁੱਧ ਅਤੇ ਸ਼ਸਤਰਾਂ ਨੂੰ ਤਿਆਗਣਾ ਅਤੇ ਹਰ ਨਸਲ ਦੇ ਲੋਕਾਂ ਨਾਲ ਪ੍ਰੇਮ ਕਰਨਾ ਸਿੱਖਣਾ। ਉਹ ਕਿੰਨਾ ਹੀ ਹੈਰਾਨ ਹੋਇਆ ਜਦੋਂ ਉਸ ਨੂੰ ਇਕ ਸਨੇਹੀ ਚਿੱਠੀ ਮਿਲੀ, ਜਿਸ ਦੇ ਆਰੰਭ ਵਿਚ ਲਿਖਿਆ ਸੀ, “ਮੇਰੇ ਭਰਾ ਰਾਮੀ”! ਇਸ ਵਿਚ ਹੈਰਾਨੀ ਦੀ ਕਿਹੜੀ ਗੱਲ ਸੀ? ਲਿਖਣ ਵਾਲੀ ਇਕ ਪਲਸਤੀਨੀ ਗਵਾਹ ਸੀ। “ਇਹ ਮੇਰੇ ਲਈ ਬਹੁਤ ਹੈਰਾਨੀਜਨਕ ਗੱਲ ਸੀ,” ਰਾਮੀ ਕਹਿੰਦਾ ਹੈ, “ਕਿਉਂਕਿ ਪਲਸਤੀਨੀ ਮੇਰੇ ਵੈਰੀ ਸਨ, ਅਤੇ ਉਨ੍ਹਾਂ ਵਿੱਚੋਂ ਇਕ ਮੈਨੂੰ ਇੱਥੇ ‘ਮੇਰਾ ਭਰਾ’ ਬੁਲਾ ਰਹੀ ਸੀ।” ਰਾਮੀ ਅਤੇ ਉਸ ਦੀ ਪਤਨੀ ਹੁਣ ਪਰਮੇਸ਼ੁਰ ਦੇ ਤਰੀਕੇ ਨਾਲ ਸੱਚੀ ਸ਼ਾਂਤੀ ਦਾ ਪਿੱਛਾ ਕਰਦੇ ਹਨ।
8 ਇਕ ਹੋਰ ਮਿਸਾਲ ਗੇਓਰਗ ਰੌਏਟਰ ਦੀ ਹੈ, ਜੋ ਉਸ ਜਰਮਨ ਫ਼ੌਜ ਵਿਚ ਸੀ ਜਿਸ ਨੇ ਵਿਸ਼ਵ ਯੁੱਧ II ਦੌਰਾਨ ਰੂਸ ਉੱਤੇ ਧਾਵਾ ਬੋਲਿਆ। ਛੇਤੀ ਹੀ, ਉਹ ਹਿਟਲਰ ਦੀ ਵੱਡੀ ਪੱਧਰ ਉੱਤੇ ਵਿਸ਼ਵ ਪ੍ਰਭੂਤਾ ਦੀ ਯੋਜਨਾ ਤੋਂ ਮਾਯੂਸ ਹੋ ਗਿਆ। ਯੁੱਧ ਤੋਂ ਪਰਤਣ ਮਗਰੋਂ, ਉਸ ਨੇ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਅਧਿਐਨ ਸ਼ੁਰੂ ਕੀਤਾ। ਉਸ ਨੇ ਲਿਖਿਆ: “ਆਖ਼ਰ ਮੈਨੂੰ ਸਭ ਕੁਝ ਸਾਫ਼-ਸਾਫ਼ ਨਜ਼ਰ ਆਉਣ ਲੱਗਾ। ਮੈਨੂੰ ਅਹਿਸਾਸ ਹੋਇਆ ਕਿ ਇਸ ਸਾਰੇ ਖ਼ੂਨ-ਖ਼ਰਾਬੇ ਲਈ ਪਰਮੇਸ਼ੁਰ ਦੋਸ਼ੀ ਨਹੀਂ ਸੀ . . . ਮੈਂ ਸਿੱਖਿਆ ਕਿ ਉਸ ਦਾ ਮਕਸਦ ਇਕ ਧਰਤੀ-ਵਿਆਪੀ ਪਰਾਦੀਸ ਸਥਾਪਿਤ ਕਰਨਾ ਸੀ, ਜਿਸ ਵਿਚ ਆਗਿਆਕਾਰ ਮਨੁੱਖਜਾਤੀ ਲਈ ਸਦੀਵੀ ਬਰਕਤਾਂ ਹੋਣਗੀਆਂ। . . . ਹਿਟਲਰ ਆਪਣੇ ‘ਹਜ਼ਾਰ-ਸਾਲਾ ਰਾਜ’ ਦੀ ਡੀਂਗ ਮਾਰਦਾ ਸੀ, ਪਰੰਤੂ ਉਸ ਨੇ ਕੇਵਲ 12 [ਸਾਲ] ਲਈ ਸ਼ਾਸਨ ਕੀਤਾ—ਅਤੇ ਨਤੀਜਾ ਕਿੰਨਾ ਹੀ ਭਿਆਣਕ ਸੀ! ਇਹ ਮਸੀਹ ਹੈ, ਨਾ ਕਿ ਹਿਟਲਰ, . . . ਜੋ ਧਰਤੀ ਉੱਤੇ ਹਜ਼ਾਰ ਵਰ੍ਹਿਆਂ ਦਾ ਰਾਜ ਸਥਾਪਿਤ ਕਰ ਸਕਦਾ ਹੈ ਅਤੇ ਕਰੇਗਾ।” ਹੁਣ ਕੁਝ 50 ਸਾਲਾਂ ਤੋਂ, ਗੇਓਰਗ ਸੱਚੀ ਸ਼ਾਂਤੀ ਦੇ ਦੂਤ ਵਜੋਂ ਪੂਰਣ-ਕਾਲੀ ਸੇਵਕਾਈ ਵਿਚ ਸੇਵਾ ਕਰ ਰਿਹਾ ਹੈ।
9. ਨਾਜ਼ੀ ਜਰਮਨੀ ਵਿਚ ਯਹੋਵਾਹ ਦੇ ਗਵਾਹਾਂ ਦਾ ਅਨੁਭਵ ਕਿਵੇਂ ਸਾਬਤ ਕਰਦਾ ਹੈ ਕਿ ਉਹ ਬਹਾਦਰ ਹੋਣ ਦੇ ਨਾਲ-ਨਾਲ ਸ਼ਾਂਤਮਈ ਵੀ ਹਨ?
9 ਨਾਜ਼ੀ ਰਾਜ ਦੌਰਾਨ ਜਰਮਨੀ ਵਿਚ ਯਹੋਵਾਹ ਦੇ ਗਵਾਹਾਂ ਦੀ ਖਰਿਆਈ ਅਤੇ ਨਿਰਪੱਖਤਾ, 50 ਤੋਂ ਵੱਧ ਸਾਲਾਂ ਮਗਰੋਂ ਅਜੇ ਵੀ ਪਰਮੇਸ਼ੁਰ ਲਈ ਅਤੇ ਸ਼ਾਂਤੀ ਲਈ ਉਨ੍ਹਾਂ ਦੇ ਪ੍ਰੇਮ ਦਾ ਸਬੂਤ ਹੈ। ਵਾਸ਼ਿੰਗਟਨ, ਡੀ. ਸੀ., ਵਿਚ ਯੂਨਾਇਟਿਡ ਸਟੇਟਸ ਹਾਲੋਕਾਸਟ ਮਿਮੋਰੀਅਲ ਮਿਊਜ਼ੀਅਮ ਦੁਆਰਾ ਪ੍ਰਕਾਸ਼ਿਤ ਇਕ ਪੁਸਤਿਕਾ ਬਿਆਨ ਕਰਦੀ ਹੈ: “ਯਹੋਵਾਹ ਦੇ ਗਵਾਹਾਂ ਨੇ ਨਾਜ਼ੀ ਹਕੂਮਤ ਅਧੀਨ ਪ੍ਰਚੰਡ ਸਤਾਹਟਾਂ ਭੋਗੀਆਂ। . . . ਨਜ਼ਰਬੰਦੀ-ਕੈਂਪਾਂ ਵਿਚ ਤਸੀਹਿਆਂ, ਅਤਿਆਚਾਰ, ਅਤੇ ਕਦੇ-ਕਦਾਰ ਮੌਤ ਦੀ ਸਜ਼ਾ ਦਾ ਸਾਮ੍ਹਣਾ ਕਰਦੇ ਹੋਏ, ਉਨ੍ਹਾਂ ਵਿੱਚੋਂ ਜ਼ਿਆਦਾਤਰ ਨੇ [ਆਪਣੇ ਧਰਮ ਨੂੰ ਤਿਆਗਣ ਤੋਂ] ਇਨਕਾਰ ਕਰਨ ਵਿਚ ਜੋ ਬਹਾਦਰੀ ਦਿਖਾਈ, ਉਸ ਕਾਰਨ ਉਨ੍ਹਾਂ ਨੂੰ ਆਪਣੇ ਸੰਗੀ ਕੈਦੀਆਂ ਦਾ ਆਦਰ ਪ੍ਰਾਪਤ ਹੋਇਆ।” ਫਿਰ ਇਹ ਅੱਗੇ ਕਹਿੰਦੀ ਹੈ: “ਕੈਂਪਾਂ ਤੋਂ ਰਿਹਾਈ ਦੌਰਾਨ, ਯਹੋਵਾਹ ਦੇ ਗਵਾਹਾਂ ਨੇ ਬਚਣ ਵਾਲਿਆਂ ਵਿਚ ਘੁਲਮਿਲ ਕੇ ਉਨ੍ਹਾਂ ਨੂੰ ਚੇਲੇ ਬਣਾਉਂਦੇ ਹੋਏ, ਆਪਣਾ ਕੰਮ ਜਾਰੀ ਰੱਖਿਆ।”
ਹੋਰ ਵੀ ਵੱਡੀ ਤਬਦੀਲੀ
10. (ੳ) ਸੱਚੀ ਸ਼ਾਂਤੀ ਆਉਣ ਲਈ ਕਿਹੜੀ ਵੱਡੀ ਤਬਦੀਲੀ ਦੀ ਲੋੜ ਹੈ? (ਅ) ਇਸ ਨੂੰ ਦਾਨੀਏਲ ਦੀ ਪੋਥੀ ਵਿਚ ਕਿਵੇਂ ਦਰਸਾਇਆ ਗਿਆ ਸੀ?
10 ਕੀ ਇਸ ਦਾ ਇਹ ਅਰਥ ਹੈ ਕਿ ਯਹੋਵਾਹ ਦੇ ਗਵਾਹਾਂ ਦਾ ਵਿਸ਼ਵਾਸ ਹੈ ਕਿ ਉਹ ਮਸੀਹੀ ਨਿਰਪੱਖਤਾ ਦੇ ਪੱਖ ਵਿਚ ਕਿਸੇ ਸਮੂਹਕ ਧਰਮ-ਪਰਿਵਰਤਣ ਦੁਆਰਾ ਪੂਰੀ ਦੁਨੀਆਂ ਵਿਚ ਸ਼ਾਂਤੀ ਲਿਆ ਸਕਦੇ ਹਨ? ਜੀ ਨਹੀਂ! ਧਰਤੀ ਉੱਤੇ ਮੁੜ ਸ਼ਾਂਤੀ ਲਿਆਉਣ ਲਈ, ਹੋਰ ਵੀ ਵੱਡੀ ਤਬਦੀਲੀ ਦੀ ਲੋੜ ਹੈ। ਉਹ ਕੀ ਹੈ? ਵਿਭਾਜਕ, ਦਮਨਕਾਰੀ, ਅਤੇ ਹਿੰਸਕ ਮਾਨਵੀ ਸ਼ਾਸਨ ਦੀ ਥਾਂ ਤੇ ਪਰਮੇਸ਼ੁਰ ਦੇ ਰਾਜ ਨੂੰ ਸ਼ਾਸਨ ਕਰਨ ਦੀ ਲੋੜ ਹੈ, ਜਿਸ ਲਈ ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਈ ਸੀ। (ਮੱਤੀ 6:9, 10) ਪਰੰਤੂ ਇਹ ਕਿਵੇਂ ਹੋਵੇਗਾ? ਇਕ ਦੈਵੀ ਰੂਪ ਵਿਚ ਪ੍ਰੇਰਿਤ ਸੁਪਨੇ ਵਿਚ, ਨਬੀ ਦਾਨੀਏਲ ਨੂੰ ਪਤਾ ਲੱਗਾ ਕਿ ਅੰਤਿਮ ਦਿਨਾਂ ਵਿਚ, ਪਰਮੇਸ਼ੁਰ ਦਾ ਰਾਜ, ਜੋ ‘ਬਿਨਾਂ ਮਾਨਵੀ ਹੱਥ ਲਾਏ ਵੱਢ ਕੇ ਕੱਢੇ ਗਏ’ ਵਿਸ਼ਾਲ ਪੱਥਰ ਵਰਗਾ ਹੈ, ਇਕ ਵੱਡੀ ਮੂਰਤ ਨੂੰ ਚੂਰ-ਚੂਰ ਕਰ ਦੇਵੇਗਾ, ਜੋ ਧਰਤੀ ਉੱਤੇ ਮਨੁੱਖਜਾਤੀ ਦੀਆਂ ਸਿਆਸੀ ਬਾਦਸ਼ਾਹੀਆਂ ਨੂੰ ਦਰਸਾਉਂਦੀ ਹੈ। ਫਿਰ ਉਸ ਨੇ ਐਲਾਨ ਕੀਤਾ: “ਉਨ੍ਹਾਂ ਰਾਜਿਆਂ ਦੇ ਦਿਨਾਂ ਵਿੱਚ ਅਕਾਸ਼ ਦਾ ਪਰਮੇਸ਼ੁਰ ਇੱਕ ਰਾਜ ਖੜਾ ਕਰੇਗਾ ਜਿਹੜਾ ਸਦਾ ਠੀਕ ਨੇਸਤ ਨਾ ਹੋਵੇਗਾ ਅਤੇ ਉਹ ਦੀ ਹੁਕਮਰਾਨੀ ਦੂਜੇ ਲੋਕਾਂ ਲਈ ਛੱਡੀ ਨਾ ਜਾਵੇਗੀ ਸਗੋਂ ਉਹ ਏਹਨਾਂ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ ਪਰ ਆਪ ਸਦਾ ਤਾਈਂ ਖੜਾ ਰਹੇਗਾ।”—ਦਾਨੀਏਲ 2:31-44.
11. ਯਹੋਵਾਹ ਸ਼ਾਂਤੀ ਲਈ ਲੋੜੀਂਦੀ ਤਬਦੀਲੀ ਕਿਸ ਵਸੀਲੇ ਤੋਂ ਲਿਆਵੇਗਾ?
11 ਵਿਸ਼ਵ ਪਰਿਸਥਿਤੀ ਵਿਚ ਇਹ ਵੱਡੀ ਤਬਦੀਲੀ ਕਿਉਂ ਆਵੇਗੀ? ਕਿਉਂਕਿ ਯਹੋਵਾਹ ਨੇ ਵਾਅਦਾ ਕੀਤਾ ਹੈ ਕਿ ਉਹ ਧਰਤੀ ਵਿੱਚੋਂ ਉਨ੍ਹਾਂ ਸਾਰਿਆਂ ਨੂੰ ਹਟਾ ਦੇਵੇਗਾ ਜੋ ਇਸ ਨੂੰ ਪ੍ਰਦੁਸ਼ਿਤ ਅਤੇ ਨਾਸ਼ ਕਰ ਰਹੇ ਹਨ। (ਪਰਕਾਸ਼ ਦੀ ਪੋਥੀ 11:18) ਇਹ ਤਬਦੀਲੀ ਉਦੋਂ ਆਵੇਗੀ ਜਦੋਂ ਯਹੋਵਾਹ ਸ਼ਤਾਨ ਅਤੇ ਉਸ ਦੀ ਦੁਸ਼ਟ ਦੁਨੀਆਂ ਵਿਰੁੱਧ ਧਾਰਮਿਕ ਯੁੱਧ ਕਰੇਗਾ। ਅਸੀਂ ਪਰਕਾਸ਼ ਦੀ ਪੋਥੀ 16:14, 16 ਵਿਚ ਪੜ੍ਹਦੇ ਹਾਂ: “ਇਹ [ਅਰਥਾਤ, ਅਸ਼ੁੱਧ ਪ੍ਰੇਰਿਤ ਪ੍ਰਗਟਾਵੇ] ਅਸਲ ਵਿਚ, ਪਿਸ਼ਾਚਾਂ ਵੱਲੋਂ ਪ੍ਰੇਰਿਤ ਪ੍ਰਗਟਾਵੇ ਹਨ ਅਤੇ ਚਿੰਨ੍ਹ ਦਿਖਾਉਂਦੇ ਹਨ, ਅਤੇ ਉਹ ਸਮੁੱਚੀ ਆਬਾਦ ਧਰਤੀ ਦੇ ਰਾਜਿਆਂ [ਸਿਆਸੀ ਸ਼ਾਸਕਾਂ] ਕੋਲ ਜਾਂਦੇ ਹਨ, ਤਾਂ ਜੋ ਉਨ੍ਹਾਂ ਨੂੰ ਪਰਮੇਸ਼ੁਰ ਸਰਬਸ਼ਕਤੀਮਾਨ ਦੇ ਵੱਡੇ ਦਿਨ ਦੇ ਯੁੱਧ ਲਈ ਇਕੱਠਾ ਕਰਨ। ਅਤੇ ਇਨ੍ਹਾਂ ਨੇ ਉਨ੍ਹਾਂ ਨੂੰ ਉਸ ਥਾਂ ਤੇ ਇਕੱਠਾ ਕੀਤਾ ਜੋ ਇਬਰਾਨੀ ਵਿਚ ਹਰਮਗਿੱਦੋਨ ਕਹਾਉਂਦਾ ਹੈ।”—ਨਿ ਵ.
12. ਆਰਮਾਗੇਡਨ ਕਿਹੋ ਜਿਹਾ ਹੋਵੇਗਾ?
12 ਆਰਮਾਗੇਡਨ ਕਿਹੋ ਜਿਹਾ ਹੋਵੇਗਾ? ਇਹ ਮਾਨਵ ਵੱਲੋਂ ਉਕਸਾਈ ਗਈ ਨਿਊਕਲੀ ਤਬਾਹੀ ਜਾਂ ਆਫ਼ਤ ਨਹੀਂ ਹੋਵੇਗਾ। ਨਹੀਂ, ਇਹ ਪਰਮੇਸ਼ੁਰ ਦਾ ਯੁੱਧ ਹੈ ਜੋ ਮਾਨਵੀ ਯੁੱਧਾਂ ਦਾ ਅੰਤ ਕਰਨ ਅਤੇ ਅਜਿਹੇ ਯੁੱਧਾਂ ਨੂੰ ਉਕਸਾਉਣ ਵਾਲਿਆਂ ਨੂੰ ਨਾਸ਼ ਕਰੇਗਾ। ਇਹ ਪਰਮੇਸ਼ੁਰ ਦਾ ਯੁੱਧ ਹੈ ਜੋ ਅਮਨ-ਪਸੰਦ ਲੋਕਾਂ ਲਈ ਸੱਚੀ ਸ਼ਾਂਤੀ ਲਿਆਵੇਗਾ। ਜੀ ਹਾਂ, ਆਰਮਾਗੇਡਨ ਆ ਰਿਹਾ ਹੈ, ਠੀਕ ਜਿਵੇਂ ਯਹੋਵਾਹ ਨੇ ਇਰਾਦਾ ਕੀਤਾ ਹੈ। ਇਹ ਦੇਰੀ ਨਹੀਂ ਕਰੇਗਾ। ਉਸ ਦਾ ਨਬੀ ਹਬੱਕੂਕ ਇਹ ਲਿਖਣ ਲਈ ਪ੍ਰੇਰਿਤ ਹੋਇਆ ਸੀ: “ਏਹ ਰੋਇਆ ਤਾਂ ਇੱਕ ਠਹਿਰਾਏ ਹੋਏ ਸਮੇਂ ਲਈ ਅਜੇ ਪੂਰੀ ਹੋਣ ਵਾਲੀ ਹੈ, ਉਹ ਅੰਤ ਵੱਲ ਕਾਹਲੀ ਕਰਦੀ ਹੈ, ਉਹ ਝੂਠੀ ਨਹੀਂ, ਭਾਵੇਂ ਉਹ ਠਹਿਰਿਆ ਰਹੇ, ਉਹ ਦੀ ਉਡੀਕ ਕਰ, ਉਹ ਜ਼ਰੂਰ ਆਵੇਗਾ, ਉਹ ਚਿਰ ਨਾ ਲਾਵੇਗਾ।” (ਹਬੱਕੂਕ 2:3) ਸਾਡੀਆਂ ਇਨਸਾਨੀ ਭਾਵਨਾਵਾਂ ਦੇ ਕਾਰਨ, ਇਹ ਸ਼ਾਇਦ ਦੇਰੀ ਕਰਦਾ ਜਾਪੇ, ਪਰੰਤੂ ਯਹੋਵਾਹ ਆਪਣੇ ਸਮੇਂ ਦਾ ਪਾਬੰਦ ਹੈ। ਆਰਮਾਗੇਡਨ ਉਸ ਘੜੀ ਆਵੇਗਾ ਜਿਹੜੀ ਘੜੀ ਯਹੋਵਾਹ ਨੇ ਨਿਸ਼ਚਿਤ ਕੀਤੀ ਹੈ।
13. ਪਰਮੇਸ਼ੁਰ ਅਸਲੀ ਮੁਜਰਮ, ਸ਼ਤਾਨ ਅਰਥਾਤ ਇਬਲੀਸ ਨਾਲ ਕਿਵੇਂ ਨਿਪਟੇਗਾ?
13 ਇਹ ਨਿਰਣਾਕਾਰੀ ਕਾਰਵਾਈ ਸੱਚੀ ਸ਼ਾਂਤੀ ਲਈ ਰਾਹ ਸਾਫ਼ ਕਰੇਗੀ! ਪਰੰਤੂ ਸੱਚੀ ਸ਼ਾਂਤੀ ਨੂੰ ਪੱਕੀ ਤਰ੍ਹਾਂ ਸਥਾਪਿਤ ਕਰਨ ਲਈ, ਇਕ ਹੋਰ ਕਾਰਜ ਦੀ ਵੀ ਜ਼ਰੂਰਤ ਹੈ—ਉਸ ਦਾ ਸਫ਼ਾਇਆ ਕਰਨਾ ਜੋ ਫੁੱਟ, ਨਫ਼ਰਤ, ਅਤੇ ਝਗੜਿਆਂ ਨੂੰ ਪੈਦਾ ਕਰਦਾ ਹੈ। ਅਤੇ ਬਾਈਬਲ ਦੀ ਭਵਿੱਖਬਾਣੀ ਅਨੁਸਾਰ ਇਸ ਮਗਰੋਂ ਇਹੋ ਹੀ ਹੋਵੇਗਾ—ਯੁੱਧ ਦੇ ਫ਼ਸਾਦੀ ਅਤੇ ਝੂਠ ਦੇ ਪਿਤਾ, ਸ਼ਤਾਨ ਨੂੰ ਅਥਾਹ ਕੁੰਡ ਵਿਚ ਸੁੱਟਿਆ ਜਾਵੇਗਾ। ਰਸੂਲ ਯੂਹੰਨਾ ਨੇ ਇਹ ਘਟਨਾ ਇਕ ਭਵਿੱਖ-ਸੂਚਕ ਦਰਸ਼ਣ ਵਿਚ ਦੇਖਿਆ, ਜਿਵੇਂ ਪਰਕਾਸ਼ ਦੀ ਪੋਥੀ 20:1-3 ਵਿਚ ਦਰਜ ਹੈ: “ਮੈਂ ਇੱਕ ਦੂਤ ਨੂੰ ਅਥਾਹ ਕੁੰਡ ਦੀ ਕੁੰਜੀ ਅਤੇ ਇੱਕ ਵੱਡਾ ਸੰਗਲ ਆਪਣੇ ਹੱਥ ਵਿੱਚ ਲਈ ਅਕਾਸ਼ੋਂ ਉਤਰਦੇ ਵੇਖਿਆ। ਅਤੇ ਉਹ ਨੇ ਅਜਗਰ ਨੂੰ ਅਰਥਾਤ ਓਸ ਪੁਰਾਣੇ ਸੱਪ ਨੂੰ ਜਿਹੜਾ ਇਬਲੀਸ ਅਤੇ ਸ਼ਤਾਨ ਹੈ ਫੜਿਆ ਅਤੇ ਹਜ਼ਾਰ ਵਰ੍ਹੇ ਤੀਕ ਉਹ ਨੂੰ ਜਕੜ ਰੱਖਿਆ। ਅਤੇ ਉਹ ਨੂੰ ਅਥਾਹ ਕੁੰਡ ਵਿੱਚ ਸੁੱਟ ਦਿੱਤਾ ਅਤੇ ਇਹ ਨੂੰ ਮੁੰਦ ਕੇ ਉਹ ਦੇ ਉੱਤੇ ਮੋਹਰ ਲਾਈ ਭਈ ਉਹ ਕੌਮਾਂ ਨੂੰ ਫੇਰ ਨਾ ਭਰਮਾਵੇ ਜਿੰਨਾ ਚਿਰ ਹਜ਼ਾਰ ਵਰ੍ਹਾ ਪੂਰਾ ਨਾ ਹੋ ਲਵੇ।”
14. ਸ਼ਤਾਨ ਦੇ ਵਿਰੁੱਧ ਯਹੋਵਾਹ ਦੀ ਜੇਤੂ ਕਾਰਵਾਈ ਦਾ ਕਿਵੇਂ ਵਰਣਨ ਕੀਤਾ ਜਾ ਸਕਦਾ ਹੈ?
14 ਇਹ ਕੋਈ ਸੁਪਨਾ ਨਹੀਂ; ਇਹ ਪਰਮੇਸ਼ੁਰ ਦਾ ਵਾਅਦਾ ਹੈ—ਅਤੇ ਬਾਈਬਲ ਕਹਿੰਦੀ ਹੈ: “ਪਰਮੇਸ਼ੁਰ ਦਾ ਝੂਠ ਬੋਲਣਾ ਅਣਹੋਣਾ ਹੈ।” (ਇਬਰਾਨੀਆਂ 6:18) ਇਸ ਲਈ ਯਹੋਵਾਹ ਆਪਣੇ ਨਬੀ ਯਿਰਮਿਯਾਹ ਦੁਆਰਾ ਕਹਿ ਸਕਿਆ: “ਮੈਂ ਯਹੋਵਾਹ ਹਾਂ ਜਿਹੜਾ ਧਰਤੀ ਉੱਤੇ ਦਯਾ, ਇਨਸਾਫ਼ ਅਤੇ ਧਰਮ ਦੇ ਕੰਮ ਕਰਦਾ ਹਾਂ ਕਿਉਂ ਜੋ ਮੇਰੀ ਖੁਸ਼ੀ ਉਨ੍ਹਾਂ ਵਿੱਚ ਹੈ, ਯਹੋਵਾਹ ਦਾ ਵਾਕ ਹੈ।” (ਯਿਰਮਿਯਾਹ 9:24) ਯਹੋਵਾਹ ਇਨਸਾਫ਼ ਅਤੇ ਧਰਮ ਦੇ ਕੰਮ ਕਰਦਾ ਹੈ, ਅਤੇ ਉਹ ਉਸ ਸ਼ਾਂਤੀ ਵਿਚ ਖ਼ੁਸ਼ ਹੁੰਦਾ ਹੈ ਜੋ ਉਹ ਧਰਤੀ ਉੱਤੇ ਲਿਆਵੇਗਾ।
ਸ਼ਾਂਤੀ ਦੇ ਰਾਜਕੁਮਾਰ ਦਾ ਸ਼ਾਸਨ
15, 16. (ੳ) ਯਹੋਵਾਹ ਨੇ ਕਿਸ ਨੂੰ ਰਾਜਾ ਵਜੋਂ ਹਕੂਮਤ ਕਰਨ ਲਈ ਚੁਣਿਆ ਹੈ? (ਅ) ਉਸ ਹਕੂਮਤ ਦਾ ਕਿਵੇਂ ਵਰਣਨ ਕੀਤਾ ਗਿਆ ਹੈ, ਅਤੇ ਕੌਣ ਇਸ ਵਿਚ ਹਿੱਸਾ ਲੈਣਗੇ?
15 ਇਹ ਨਿਸ਼ਚਿਤ ਕਰਨ ਲਈ ਕਿ ਉਸ ਦੇ ਰਾਜ ਵਿਵਸਥਾ ਹੇਠ ਜੀਉਣ ਵਾਲੇ ਸਾਰੇ ਲੋਕਾਂ ਨੂੰ ਸੱਚੀ ਸ਼ਾਂਤੀ ਮਿਲੇਗੀ, ਯਹੋਵਾਹ ਨੇ ਸ਼ਾਂਤੀ ਦੇ ਅਸਲੀ ਰਾਜਕੁਮਾਰ, ਯਿਸੂ ਮਸੀਹ ਨੂੰ ਹਕੂਮਤ ਸੌਂਪੀ ਹੈ, ਜਿਵੇਂ ਕਿ ਯਸਾਯਾਹ 9:6, 7 ਵਿਚ ਭਵਿੱਖਬਾਣੀ ਕੀਤੀ ਗਈ ਹੈ: “ਸਾਡੇ ਲਈ ਤਾਂ ਇੱਕ ਬਾਲਕ ਜੰਮਿਆ, ਅਤੇ ਸਾਨੂੰ ਇੱਕ ਪੁੱਤ੍ਰ ਬਖ਼ਸ਼ਿਆ ਗਿਆ, ਰਾਜ ਉਹ ਦੇ ਮੋਢੇ ਉੱਤੇ ਹੋਵੇਗਾ, ਅਤੇ ਉਹ ਦਾ ਨਾਮ ਇਉਂ ਸੱਦਿਆ ਜਾਵੇਗਾ, ‘ਅਚਰਜ ਸਲਾਹੂ, ਸ਼ਕਤੀਮਾਨ ਪਰਮੇਸ਼ੁਰ, ਅਨਾਦੀ ਪਿਤਾ, ਸ਼ਾਂਤੀ ਦਾ ਰਾਜ ਕੁਮਾਰ’। ਉਹ ਦੇ ਰਾਜ ਦੀ ਤਰੱਕੀ, ਅਤੇ ਸਲਾਮਤੀ ਦੀ ਕੋਈ ਹੱਦ ਨਾ ਹੋਵੇਗੀ, . . . ਸੈਨਾਂ ਦੇ ਯਹੋਵਾਹ ਦੀ ਅਣਖ ਏਹ ਕਰੇਗੀ।” ਜ਼ਬੂਰਾਂ ਦੇ ਲਿਖਾਰੀ ਨੇ ਭਵਿੱਖ-ਸੂਚਕ ਤੌਰ ਤੇ ਮਸੀਹਾ ਦੀ ਸ਼ਾਂਤਮਈ ਹਕੂਮਤ ਬਾਰੇ ਇਹ ਵੀ ਲਿਖਿਆ: “ਉਹ ਦੇ ਦਿਨੀਂ ਧਰਮੀ ਲਹਿ ਲਹਾਉਣਗੇ, ਅਤੇ ਜਿੰਨਾ ਚਿਰ ਚੰਦਰਮਾ ਜਾਂਦਾ ਨਾ ਰਹੇ ਬਾਹਲਾ ਸੁਖ ਹੋਵੇਗਾ।”—ਜ਼ਬੂਰ 72:7.
16 ਇਸ ਤੋਂ ਇਲਾਵਾ, ਮਸੀਹ ਦੇ 1,44,000 ਭਰਾ ਜੋ ਆਤਮਾ ਨਾਲ ਮਸਹ ਕੀਤੇ ਹੋਏ ਹਨ, ਸਵਰਗ ਵਿਚ ਉਸ ਨਾਲ ਹਕੂਮਤ ਕਰਨਗੇ। ਇਹ ਮਸੀਹ ਦੇ ਸੰਗੀ ਵਾਰਸ ਹਨ ਜਿਨ੍ਹਾਂ ਬਾਰੇ ਪੌਲੁਸ ਨੇ ਲਿਖਿਆ: “ਸ਼ਾਂਤੀ ਦਾਤਾ ਪਰਮੇਸ਼ੁਰ ਸ਼ਤਾਨ ਨੂੰ ਝਬਦੇ ਤੁਹਾਡੇ ਪੈਰਾਂ ਦੇ ਹੇਠ ਮਿੱਧੇਗਾ। ਸਾਡੇ ਪ੍ਰਭੁ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਨਾਲ ਹੋਵੇ।” (ਰੋਮੀਆਂ 16:20) ਜੀ ਹਾਂ, ਇਹ ਲੋਕ ਜੰਗਬਾਜ਼, ਸ਼ਤਾਨ ਅਰਥਾਤ ਇਬਲੀਸ ਉੱਤੇ ਮਸੀਹ ਦੀ ਜਿੱਤ ਵਿਚ ਸਵਰਗ ਤੋਂ ਹਿੱਸਾ ਲੈਣਗੇ!
17. ਸੱਚੀ ਸ਼ਾਂਤੀ ਹਾਸਲ ਕਰਨ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?
17 ਤਾਂ ਫਿਰ ਹੁਣ ਸਵਾਲ ਇਹ ਹੈ, ਸੱਚੀ ਸ਼ਾਂਤੀ ਹਾਸਲ ਕਰਨ ਲਈ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਸੱਚੀ ਸ਼ਾਂਤੀ ਕੇਵਲ ਪਰਮੇਸ਼ੁਰ ਦੇ ਤਰੀਕੇ ਨਾਲ ਆ ਸਕਦੀ ਹੈ, ਅਤੇ ਇਸ ਨੂੰ ਹਾਸਲ ਕਰਨ ਲਈ ਤੁਹਾਨੂੰ ਨਿਸ਼ਚਿਤ ਕਦਮ ਚੁੱਕਣੇ ਪੈਣਗੇ। ਤੁਹਾਨੂੰ ਸ਼ਾਂਤੀ ਦੇ ਰਾਜਕੁਮਾਰ ਨੂੰ ਸਵੀਕਾਰ ਕਰ ਕੇ ਉਸ ਵੱਲ ਮੁੜਨਾ ਹੋਵੇਗਾ। ਇਸ ਦਾ ਇਹ ਅਰਥ ਹੈ ਕਿ ਤੁਹਾਨੂੰ ਪਾਪੀ ਮਨੁੱਖਜਾਤੀ ਦੇ ਉਧਾਰਕਰਤਾ ਅਤੇ ਰਿਹਾਈ-ਦਾਤਾ ਵਜੋਂ ਮਸੀਹ ਨੂੰ ਸਵੀਕਾਰ ਕਰਨਾ ਪਵੇਗਾ। ਯਿਸੂ ਨੇ ਖ਼ੁਦ ਇਹ ਪ੍ਰਸਿੱਧ ਸ਼ਬਦ ਕਹੇ ਸਨ: “ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।” (ਯੂਹੰਨਾ 3:16) ਕੀ ਤੁਸੀਂ ਮਸੀਹ ਯਿਸੂ ਵਿਚ ਨਿਹਚਾ ਰੱਖਣ ਲਈ ਤਿਆਰ ਹੋ ਕਿ ਉਹ ਹੀ ਸੱਚੀ ਸ਼ਾਂਤੀ ਅਤੇ ਮੁਕਤੀ ਲਿਆਉਣ ਲਈ ਪਰਮੇਸ਼ੁਰ ਦਾ ਕਾਰਿੰਦਾ ਹੈ? ਸਵਰਗ ਹੇਠਾਂ ਹੋਰ ਕੋਈ ਦੂਜਾ ਨਾਂ ਨਹੀਂ ਜੋ ਸ਼ਾਂਤੀ ਕਾਇਮ ਕਰ ਸਕੇ ਅਤੇ ਇਸ ਦੀ ਗਾਰੰਟੀ ਦੇ ਸਕੇ। (ਫ਼ਿਲਿੱਪੀਆਂ 2:8-11) ਕਿਉਂ? ਕਿਉਂਕਿ ਯਿਸੂ ਹੀ ਪਰਮੇਸ਼ੁਰ ਦਾ ਚੁਣਿਆ ਹੋਇਆ ਹੈ। ਉਹ ਧਰਤੀ ਉੱਤੇ ਕਦਮ ਰੱਖਣ ਵਾਲਾ ਸ਼ਾਂਤੀ ਦਾ ਸਰਬ ਮਹਾਨ ਸੰਦੇਸ਼ਵਾਹਕ ਹੈ। ਕੀ ਤੁਸੀਂ ਯਿਸੂ ਦੀ ਸੁਣੋਗੇ ਅਤੇ ਉਸ ਦੀ ਮਿਸਾਲ ਉੱਤੇ ਚਲੋਗੇ?
18. ਯੂਹੰਨਾ 17:3 ਵਿਚ ਦਰਜ ਯਿਸੂ ਦੇ ਸ਼ਬਦਾਂ ਪ੍ਰਤੀ ਪ੍ਰਤਿਕ੍ਰਿਆ ਦਿਖਾਉਂਦੇ ਹੋਏ ਸਾਨੂੰ ਕੀ ਕਰਨਾ ਚਾਹੀਦਾ ਹੈ?
18 “ਸਦੀਪਕ ਜੀਉਣ ਇਹ ਹੈ,” ਯਿਸੂ ਨੇ ਕਿਹਾ, “ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।” (ਯੂਹੰਨਾ 17:3) ਹੁਣ ਸਮਾਂ ਹੈ ਕਿ ਤੁਸੀਂ ਰਾਜ ਗ੍ਰਹਿ ਵਿਖੇ ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਵਿਚ ਬਾਕਾਇਦਾ ਹਾਜ਼ਰ ਹੋ ਕੇ ਯਥਾਰਥ ਗਿਆਨ ਹਾਸਲ ਕਰੋ। ਇਹ ਸਿੱਖਿਆਦਾਇਕ ਸਭਾਵਾਂ ਤੁਹਾਨੂੰ ਆਪਣਾ ਗਿਆਨ ਅਤੇ ਉਮੀਦ ਦੂਜਿਆਂ ਨਾਲ ਸਾਂਝੇ ਕਰਨ ਲਈ ਪ੍ਰੇਰਿਤ ਕਰਨਗੀਆਂ। ਤੁਸੀਂ ਵੀ ਪਰਮੇਸ਼ੁਰ ਦੀ ਸ਼ਾਂਤੀ ਦੇ ਦੂਤ ਬਣ ਸਕਦੇ ਹੋ। ਤੁਸੀਂ ਹੁਣ ਯਹੋਵਾਹ ਪਰਮੇਸ਼ੁਰ ਉੱਤੇ ਭਰੋਸਾ ਰੱਖ ਕੇ ਸ਼ਾਂਤੀ ਦਾ ਆਨੰਦ ਮਾਣ ਸਕਦੇ ਹੋ, ਜਿਵੇਂ ਕਿ ਯਸਾਯਾਹ 26:3 ਵਿਚ ਕਿਹਾ ਗਿਆ ਹੈ: “ਜਿਹੜਾ ਤੇਰੇ ਵਿੱਚ ਲਿਵਲੀਨ ਹੈ, ਤੂੰ ਉਹ ਦੀ ਪੂਰੀ ਸ਼ਾਂਤੀ ਨਾਲ ਰਾਖੀ ਕਰਦਾ ਹੈਂ, ਇਸ ਲਈ ਭਈ ਉਹ ਦਾ ਭਰੋਸਾ ਤੇਰੇ ਉੱਤੇ ਹੈ।” ਤੁਹਾਨੂੰ ਕਿਸ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ? “ਸਦਾ ਤੀਕ ਯਹੋਵਾਹ ਉੱਤੇ ਭਰੋਸਾ ਰੱਖੋ, ਕਿਉਂ ਜੋ ਯਾਹ ਯਹੋਵਾਹ ਸਨਾਤਨ ਚਟਾਨ ਹੈ।”—ਯਸਾਯਾਹ 26:4.
19, 20. ਅੱਜ ਸ਼ਾਂਤੀ ਨੂੰ ਲੱਭਣ ਅਤੇ ਇਸ ਦਾ ਪਿੱਛਾ ਕਰਨ ਵਾਲਿਆਂ ਲਈ ਭਵਿੱਖ ਵਿਚ ਕੀ ਰੱਖਿਆ ਹੋਇਆ ਹੈ?
19 ਹੁਣ ਤੋਂ ਹੀ ਪਰਮੇਸ਼ੁਰ ਦੇ ਸ਼ਾਂਤਮਈ ਨਵੇਂ ਸੰਸਾਰ ਵਿਚ ਸਦੀਪਕ ਜੀਵਨ ਦੇ ਪੱਖ ਵਿਚ ਖੜ੍ਹੇ ਹੋਵੋ। ਪਰਕਾਸ਼ ਦੀ ਪੋਥੀ 21:3, 4 ਵਿਚ, ਪਰਮੇਸ਼ੁਰ ਦਾ ਬਚਨ ਸਾਨੂੰ ਭਰੋਸਾ ਦਿਲਾਉਂਦਾ ਹੈ: “ਵੇਖ, ਪਰਮੇਸ਼ੁਰ ਦਾ ਡੇਰਾ ਮਨੁੱਖਾਂ ਦੇ ਨਾਲ ਹੈ ਅਤੇ ਉਹ ਓਹਨਾਂ ਨਾਲ ਡੇਰਾ ਕਰੇਗਾ ਅਤੇ ਓਹ ਉਸ ਦੀ ਪਰਜਾ ਹੋਣਗੇ ਅਤੇ ਪਰਮੇਸ਼ੁਰ ਆਪ ਓਹਨਾਂ ਦਾ ਪਰਮੇਸ਼ੁਰ ਹੋ ਕੇ ਓਹਨਾਂ ਦੇ ਨਾਲ ਰਹੇਗਾ। ਅਤੇ ਉਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।” ਕੀ ਤੁਸੀਂ ਇਸ ਤਰ੍ਹਾਂ ਦੇ ਸ਼ਾਂਤਮਈ ਭਵਿੱਖ ਲਈ ਨਹੀਂ ਤਰਸਦੇ ਹੋ?
20 ਤਾਂ ਫਿਰ ਯਾਦ ਰੱਖੋ ਕਿ ਪਰਮੇਸ਼ੁਰ ਨੇ ਕੀ ਵਾਅਦਾ ਕੀਤਾ ਹੈ। “ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ। ਸੰਪੂਰਨ ਮਨੁੱਖ ਵੱਲ ਤੱਕ ਅਤੇ ਸਿੱਧੇ ਪੁਰਖ ਵੱਲ ਵੇਖ, ਕਿ ਸਲਾਮਤੀ ਦੇ ਮਨੁੱਖ ਦੀ ਅੰਸ ਰਹਿੰਦੀ ਹੈ।” (ਜ਼ਬੂਰ 37:11, 37) ਜਦੋਂ ਉਹ ਖ਼ੁਸ਼ੀ ਦਾ ਦਿਨ ਆਵੇਗਾ, ਉਦੋਂ ਅਸੀਂ ਧੰਨਵਾਦ ਸਹਿਤ ਕਹੀਏ, “ਵਾਹ, ਸੱਚੀ ਸ਼ਾਂਤੀ! ਯਹੋਵਾਹ ਪਰਮੇਸ਼ੁਰ ਦਾ ਧੰਨਵਾਦ, ਜੋ ਸੱਚੀ ਸ਼ਾਂਤੀ ਦਾ ਸੋਮਾ ਹੈ!”
ਕੀ ਤੁਸੀਂ ਸਮਝਾ ਸਕਦੇ ਹੋ?
◻ ਸੋਚਣੀ ਅਤੇ ਕਾਰਜ ਵਿਚ ਤਬਦੀਲੀ ਕਰਨ ਲਈ ਕਿਹੜੀ ਚੀਜ਼ ਇਕ ਵਿਅਕਤੀ ਦੀ ਮਦਦ ਕਰ ਸਕਦੀ ਹੈ?
◻ ਯਹੋਵਾਹ ਦੇ ਗਵਾਹਾਂ ਨੇ, ਵਿਅਕਤੀਗਤ ਤੌਰ ਤੇ ਅਤੇ ਸਮੂਹਕ ਤੌਰ ਤੇ, ਸੱਚੀ ਸ਼ਾਂਤੀ ਲਈ ਆਪਣਾ ਪ੍ਰੇਮ ਕਿਵੇਂ ਪ੍ਰਦਰਸ਼ਿਤ ਕੀਤਾ ਹੈ?
◻ ਯਹੋਵਾਹ ਉਨ੍ਹਾਂ ਸਾਰਿਆਂ ਨਾਲ ਕਿਵੇਂ ਨਿਪਟੇਗਾ ਜੋ ਨਫ਼ਰਤ ਅਤੇ ਯੁੱਧ ਨੂੰ ਉਕਸਾਉਂਦੇ ਹਨ?
◻ ਸ਼ਾਂਤੀ ਦੇ ਰਾਜਕੁਮਾਰ ਦਾ ਸ਼ਾਸਨ ਮਨੁੱਖਜਾਤੀ ਲਈ ਕੀ ਕਰੇਗਾ?
[ਸਫ਼ੇ 24 ਉੱਤੇ ਤਸਵੀਰਾਂ]
ਯਸਾਯਾਹ ਦੇ ਸ਼ਬਦਾਂ ਨੂੰ, ਯੂ. ਐਨ. ਨਹੀਂ, ਬਲਕਿ ਉਹ ਲੋਕ ਪੂਰਾ ਕਰਦੇ ਹਨ ਜੋ ਯਹੋਵਾਹ ਦੀ ਸਿੱਖਿਆ ਸਵੀਕਾਰ ਕਰਦੇ ਹਨ
[ਸਫ਼ੇ 25 ਉੱਤੇ ਤਸਵੀਰਾਂ]
ਇਨ੍ਹਾਂ ਦੋ ਆਦਮੀਆਂ ਨੇ ਸ਼ਾਂਤੀ ਦਾ ਪਿੱਛਾ ਕਰਨ ਲਈ ਤਬਦੀਲੀਆਂ ਲਿਆਂਦੀਆਂ
ਰਾਮੀ ਓਵੇਦ
ਗੇਓਰਗ ਰੌਏਟਰ
[ਸਫ਼ੇ 26 ਉੱਤੇ ਤਸਵੀਰ]
ਸ਼ਾਂਤੀ ਦੇ ਰਾਜਕੁਮਾਰ ਦੇ ਸ਼ਾਸਨ ਅਧੀਨ ਸੱਚੀ ਸ਼ਾਂਤੀ ਪ੍ਰਬੱਲ ਹੋਵੇਗੀ