ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w97 4/1 ਸਫ਼ੇ 18-23
  • ਸੱਚੀ ਸ਼ਾਂਤੀ—ਕਿਹੜੇ ਸੋਮੇ ਤੋਂ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸੱਚੀ ਸ਼ਾਂਤੀ—ਕਿਹੜੇ ਸੋਮੇ ਤੋਂ?
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1997
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਮਨੁੱਖਜਾਤੀ ਦੇ ਨਾਕਾਮ ਜਤਨ
  • ਮੁੱਖ ਕਾਰਨ ਦਾ ਪਤਾ ਲਗਾਉਣਾ
  • ਸ਼ਾਂਤੀ ਦਾ ਰਾਹ
  • ਸੱਚੀ ਸ਼ਾਂਤੀ ਲੱਭੋ ਅਤੇ ਇਸ ਦਾ ਪਿੱਛਾ ਕਰੋ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1997
  • ਸ਼ਾਂਤੀ ਕਿੱਦਾਂ ਪਾਈਏ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2018
  • “ਮੇਲ ਕਰਨ ਦਾ ਵੇਲਾ” ਨੇੜੇ ਹੈ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1997
w97 4/1 ਸਫ਼ੇ 18-23

ਸੱਚੀ ਸ਼ਾਂਤੀ—ਕਿਹੜੇ ਸੋਮੇ ਤੋਂ?

“[ਯਹੋਵਾਹ] ਧਰਤੀ ਦੇ ਬੰਨਿਆਂ ਤੀਕੁਰ ਲੜਾਈਆਂ ਨੂੰ ਮੁਕਾ ਦਿੰਦਾ ਹੈ।”—ਜ਼ਬੂਰ 46:9.

1. ਅਸੀਂ ਯਸਾਯਾਹ ਦੀ ਭਵਿੱਖਬਾਣੀ ਵਿਚ ਸ਼ਾਂਤੀ ਦਾ ਕਿਹੜਾ ਸ਼ਾਨਦਾਰ ਵਾਅਦਾ ਪਾਉਂਦੇ ਹਾਂ?

“ਧਰਮ ਦਾ ਕੰਮ ਸ਼ਾਂਤੀ ਹੋਵੇਗਾ, ਧਰਮ ਦਾ ਫਲ ਸਦੀਪਕ ਚੈਨ ਅਤੇ ਆਸ਼ਾ ਹੋਵੇਗਾ। ਮੇਰੀ ਪਰਜਾ ਸ਼ਾਂਤੀ ਦੇ ਭਵਨਾਂ ਵਿੱਚ, ਅਮਨ ਦੇ ਵਾਸਾਂ ਵਿੱਚ, ਅਰਾਮ ਤੇ ਚੈਨ ਦੇ ਅਸਥਾਨਾਂ ਵਿੱਚ ਵੱਸੇਗੀ।” (ਯਸਾਯਾਹ 32:17, 18) ਕਿੰਨਾ ਹੀ ਸੁੰਦਰ ਵਾਅਦਾ! ਇਹ ਸੱਚੀ ਸ਼ਾਂਤੀ ਦਾ ਵਾਅਦਾ ਹੈ ਜੋ ਪਰਮੇਸ਼ੁਰ ਲਿਆਵੇਗਾ।

2, 3. ਸੱਚੀ ਸ਼ਾਂਤੀ ਦਾ ਵਰਣਨ ਕਰੋ।

2 ਪਰੰਤੂ, ਸੱਚੀ ਸ਼ਾਂਤੀ ਕੀ ਹੈ? ਕੀ ਇਹ ਕੇਵਲ ਯੁੱਧ ਦੀ ਗ਼ੈਰ-ਹਾਜ਼ਰੀ ਹੈ? ਜਾਂ ਕੀ ਇਹ ਕੇਵਲ ਉਹ ਸਮਾਂ ਹੈ ਜਿਸ ਦੌਰਾਨ ਕੌਮਾਂ ਅਗਲੇ ਯੁੱਧ ਲਈ ਤਿਆਰੀ ਕਰਦੀਆਂ ਹਨ? ਕੀ ਸੱਚੀ ਸ਼ਾਂਤੀ ਕੇਵਲ ਇਕ ਸੁਪਨਾ ਹੈ? ਸਾਨੂੰ ਇਨ੍ਹਾਂ ਸਵਾਲਾਂ ਦੇ ਭਰੋਸੇਯੋਗ ਜਵਾਬਾਂ ਦੀ ਲੋੜ ਹੈ। ਪਹਿਲੀ ਗੱਲ, ਸੱਚੀ ਸ਼ਾਂਤੀ ਸਿਰਫ਼ ਇਕ ਸੁਪਨਾ ਨਹੀਂ ਹੈ। ਪਰਮੇਸ਼ੁਰ ਵੱਲੋਂ ਵਾਅਦਾ ਕੀਤੀ ਗਈ ਸ਼ਾਂਤੀ ਇਸ ਸੰਸਾਰ ਦੀ ਕਲਪਨਾ ਤੋਂ ਪਰੇ ਹੈ। (ਯਸਾਯਾਹ 64:4) ਇਹ ਕੇਵਲ ਕੁਝ ਸਾਲਾਂ ਜਾਂ ਕੁਝ ਦਹਾਕਿਆਂ ਦੀ ਸ਼ਾਂਤੀ ਨਹੀਂ ਹੈ। ਇਹ ਸਦਾ ਕਾਇਮ ਰਹਿੰਦੀ ਹੈ! ਅਤੇ ਇਹ ਕੇਵਲ ਕੁਝ ਹੀ ਖ਼ਾਸ ਵਿਅਕਤੀਆਂ ਲਈ ਸ਼ਾਂਤੀ ਨਹੀਂ—ਇਸ ਵਿਚ ਸਵਰਗ ਅਤੇ ਧਰਤੀ, ਦੂਤ ਅਤੇ ਮਾਨਵ ਸ਼ਾਮਲ ਹਨ। ਇਹ ਸਾਰੀਆਂ ਕੌਮਾਂ, ਨਸਲੀ ਸਮੂਹਾਂ, ਭਾਸ਼ਾਵਾਂ, ਅਤੇ ਰੰਗਾਂ ਦੇ ਲੋਕਾਂ ਨੂੰ ਪੇਸ਼ ਕੀਤੀ ਜਾਂਦੀ ਹੈ। ਸਰਹੱਦਾਂ, ਬੰਦਸ਼ਾਂ, ਅਤੇ ਨਾਕਾਮੀਆਂ ਇਸ ਲਈ ਕੋਈ ਅਰਥ ਨਹੀਂ ਰੱਖਦੀਆਂ ਹਨ।—ਜ਼ਬੂਰ 72:7, 8; ਯਸਾਯਾਹ 48:18.

3 ਸੱਚੀ ਸ਼ਾਂਤੀ ਦਾ ਅਰਥ ਹੈ ਹਰ ਦਿਨ ਦੀ ਸ਼ਾਂਤੀ। ਇਸ ਦਾ ਭਾਵ ਹੈ ਕਿ ਹਰ ਸਵੇਰ ਨੂੰ ਜਾਗਣ ਵੇਲੇ ਤੁਹਾਡੇ ਮਨ ਵਿਚ ਯੁੱਧ ਦਾ ਵਿਚਾਰ ਤਕ ਨਹੀਂ ਆਵੇਗਾ, ਅਤੇ ਤੁਹਾਨੂੰ ਆਪਣੇ ਭਵਿੱਖ, ਆਪਣੇ ਬੱਚਿਆਂ ਦੇ ਭਵਿੱਖ, ਇੱਥੋਂ ਤਕ ਕਿ ਆਪਣੇ ਪੋਤੇ-ਪੋਤੀਆਂ ਦੇ ਭਵਿੱਖ ਬਾਰੇ ਵੀ ਚਿੰਤਾ ਨਹੀਂ ਹੋਵੇਗੀ। ਇਸ ਦਾ ਅਰਥ ਹੈ ਮਨ ਦੀ ਪੂਰੀ ਸ਼ਾਂਤੀ। (ਕੁਲੁੱਸੀਆਂ 3:15) ਇਸ ਦਾ ਅਰਥ ਹੈ ਕਿ ਫਿਰ ਕਦੇ ਵੀ ਅਪਰਾਧ, ਹਿੰਸਾ, ਟੁੱਟੇ ਪਰਿਵਾਰ, ਬੇਘਰ ਲੋਕ, ਭੁੱਖ ਜਾਂ ਠੰਢ ਨਾਲ ਮਰਦੇ ਲੋਕ, ਅਤੇ ਨਿਰਾਸ਼ਾ ਤੇ ਮਾਯੂਸੀ ਨਹੀਂ ਹੋਵੇਗੀ। ਇਸ ਤੋਂ ਵੀ ਵਧੀਆ ਗੱਲ ਇਹ ਹੈ ਕਿ ਪਰਮੇਸ਼ੁਰ ਦੀ ਸ਼ਾਂਤੀ ਦਾ ਅਰਥ ਇਕ ਅਜਿਹਾ ਸੰਸਾਰ ਹੈ ਜਿਸ ਵਿਚ ਬੀਮਾਰੀ, ਪੀੜਾ, ਦੁੱਖ, ਜਾਂ ਮੌਤ ਨਹੀਂ ਹੋਵੇਗੀ। (ਪਰਕਾਸ਼ ਦੀ ਪੋਥੀ 21:4) ਸਦਾ ਲਈ ਸੱਚੀ ਸ਼ਾਂਤੀ ਦਾ ਆਨੰਦ ਮਾਣਨ ਦੀ ਸਾਡੇ ਕੋਲ ਕਿੰਨੀ ਹੀ ਸ਼ਾਨਦਾਰ ਉਮੀਦ ਹੈ! ਕੀ ਅਸੀਂ ਸਾਰੇ ਇਸ ਪ੍ਰਕਾਰ ਦੀ ਸ਼ਾਂਤੀ ਅਤੇ ਖ਼ੁਸ਼ੀ ਲਈ ਨਹੀਂ ਲੋਚਦੇ ਹਾਂ? ਕੀ ਸਾਨੂੰ ਸਾਰਿਆਂ ਨੂੰ ਇਸ ਤਰ੍ਹਾਂ ਦੀ ਸ਼ਾਂਤੀ ਲਈ ਪ੍ਰਾਰਥਨਾ ਅਤੇ ਕਾਰਜ ਨਹੀਂ ਕਰਨਾ ਚਾਹੀਦਾ ਹੈ?

ਮਨੁੱਖਜਾਤੀ ਦੇ ਨਾਕਾਮ ਜਤਨ

4. ਕੌਮਾਂ ਨੇ ਸ਼ਾਂਤੀ ਲਈ ਕਿਹੜੇ ਜਤਨ ਕੀਤੇ ਹਨ, ਅਤੇ ਨਤੀਜਾ ਕੀ ਨਿਕਲਿਆ?

4 ਸਦੀਆਂ ਲਈ, ਮਨੁੱਖਾਂ ਅਤੇ ਕੌਮਾਂ ਨੇ ਸ਼ਾਂਤੀ ਬਾਰੇ ਗੱਲਾਂ-ਬਾਤਾਂ ਕੀਤੀਆਂ, ਸ਼ਾਂਤੀ ਬਾਰੇ ਬਹਿਸ ਕੀਤੀ, ਅਤੇ ਸੈਂਕੜੇ ਸ਼ਾਂਤੀ-ਸੰਧੀਆਂ ਉੱਤੇ ਦਸਤਖਤ ਕੀਤੇ ਹਨ। ਨਤੀਜਾ ਕੀ ਹੋਇਆ? ਪਿਛਲੇ 80 ਸਾਲਾਂ ਦੌਰਾਨ, ਮੁਸ਼ਕਲ ਨਾਲ ਹੀ ਅਜਿਹਾ ਕੋਈ ਸਮਾਂ ਰਿਹਾ ਹੋਵੇਗਾ ਜਦੋਂ ਕੋਈ ਕੌਮ ਜਾਂ ਦਲ ਲੜਾਈ ਨਹੀਂ ਕਰ ਰਿਹਾ ਸੀ। ਇਹ ਸਪੱਸ਼ਟ ਹੈ ਕਿ ਮਨੁੱਖਜਾਤੀ ਨੂੰ ਸ਼ਾਂਤੀ ਹਾਸਲ ਨਹੀਂ ਹੋਈ ਹੈ। ਇਸ ਲਈ ਸਵਾਲ ਇਹ ਹੈ, ਕੌਮਾਂਤਰੀ ਸ਼ਾਂਤੀ ਕਾਇਮ ਕਰਨ ਲਈ ਮਾਨਵ ਦੇ ਸਭ ਜਤਨ ਕਿਉਂ ਨਾਕਾਮ ਰਹੇ ਹਨ, ਅਤੇ ਮਾਨਵ ਚਿਰਸਥਾਈ ਸੱਚੀ ਸ਼ਾਂਤੀ ਲਿਆਉਣ ਦੇ ਯੋਗ ਕਿਉਂ ਨਹੀਂ ਹੈ?

5. ਸ਼ਾਂਤੀ ਕਾਇਮ ਕਰਨ ਲਈ ਮਨੁੱਖਜਾਤੀ ਦੇ ਜਤਨ ਕਿਉਂ ਬਾਕਾਇਦਾ ਤੌਰ ਤੇ ਨਾਕਾਮ ਰਹੇ ਹਨ?

5 ਇਸ ਦਾ ਸਿੱਧਾ ਜਿਹਾ ਜਵਾਬ ਇਹ ਹੈ ਕਿ ਮਨੁੱਖਜਾਤੀ ਨੇ ਸੱਚੀ ਸ਼ਾਂਤੀ ਲਈ ਸਹੀ ਸੋਮੇ ਵੱਲ ਨਹੀਂ ਦੇਖਿਆ ਹੈ। ਸ਼ਤਾਨ ਅਰਥਾਤ ਇਬਲੀਸ ਦੇ ਪ੍ਰਭਾਵ ਹੇਠ, ਮਾਨਵ ਨੇ ਅਜਿਹੇ ਸੰਗਠਨ ਬਣਾਏ ਹਨ ਜੋ ਆਪਣੀਆਂ ਹੀ ਕਮਜ਼ੋਰੀਆਂ ਅਤੇ ਨੁਕਸਾਂ ਦੇ ਸ਼ਿਕਾਰ ਹੁੰਦੇ ਹਨ, ਜਿਵੇਂ ਕਿ ਉਨ੍ਹਾਂ ਦਾ ਲਾਲਚ ਤੇ ਕਾਮਨਾ, ਅਤੇ ਸੱਤਾ ਤੇ ਪ੍ਰਸਿੱਧੀ ਲਈ ਉਨ੍ਹਾਂ ਦੀ ਭੁੱਖ। ਉਨ੍ਹਾਂ ਨੇ ਉੱਚ ਵਿਦਿਆ ਕੇਂਦਰਾਂ ਵਿੱਚੋਂ ਸਿੱਖਿਅਤ ਹੋ ਕੇ ਅਜਿਹੇ ਸੰਸਥਾਪਨ ਅਤੇ ਰਾਸ਼ਟਰੀ ਤੇ ਵਣਜੀ ਸਮੱਸਿਆਵਾਂ ਬਾਰੇ ਸਲਾਹ ਦੇਣ ਵਾਲੀਆਂ ਸੰਸਥਾਵਾਂ ਸਥਾਪਿਤ ਕੀਤੀਆਂ ਹਨ, ਜਿਨ੍ਹਾਂ ਨੇ ਕੇਵਲ ਅਤਿਆਚਾਰ ਅਤੇ ਤਬਾਹੀ ਮਚਾਉਣ ਦੇ ਹੋਰ ਜ਼ਿਆਦਾ ਤਰੀਕੇ ਲੱਭੇ ਹਨ। ਮਾਨਵ ਨੂੰ ਕਿਹੜੇ ਸੋਮੇ ਵੱਲ ਮੋੜਿਆ ਗਿਆ ਹੈ? ਉਨ੍ਹਾਂ ਨੇ ਕਿੱਥੇ ਭਾਲ ਕੀਤੀ ਹੈ?

6, 7. (ੳ) ਰਾਸ਼ਟਰ-ਸੰਘ ਨੇ ਆਪਣੇ ਲਈ ਕਿਸ ਤਰ੍ਹਾਂ ਦਾ ਰਿਕਾਰਡ ਬਣਾਇਆ? (ਅ) ਸੰਯੁਕਤ ਰਾਸ਼ਟਰ-ਸੰਘ ਦਾ ਕੀ ਰਿਕਾਰਡ ਹੈ?

6 ਸਾਲ 1919 ਵਿਚ, ਕੌਮਾਂ ਨੇ ਸਥਾਈ ਸ਼ਾਂਤੀ ਕਾਇਮ ਕਰਨ ਲਈ ਰਾਸ਼ਟਰ-ਸੰਘ ਉੱਤੇ ਆਪਣਾ ਭਰੋਸਾ ਰੱਖਿਆ। ਉਸ ਉਮੀਦ ਤੇ ਪਾਣੀ ਫਿਰ ਗਿਆ ਜਦੋਂ 1935 ਵਿਚ ਮੁਸੋਲੀਨੀ ਨੇ ਇਥੋਪੀਆ ਉੱਤੇ ਧਾਵਾ ਬੋਲਿਆ ਅਤੇ 1936 ਵਿਚ ਸਪੇਨ ਦਾ ਘਰੇਲੂ ਯੁੱਧ ਆਰੰਭ ਹੋਇਆ। 1939 ਵਿਚ ਵਿਸ਼ਵ ਯੁੱਧ II ਦੇ ਛਿੜਨ ਨਾਲ ਇਹ ਸੰਘ ਅਣਹੋਂਦ ਵਿਚ ਚਲਿਆ ਗਿਆ। ਉਹ ਅਖਾਉਤੀ ਸ਼ਾਂਤੀ 20 ਸਾਲਾਂ ਤਕ ਵੀ ਨਾ ਬਣੀ ਰਹਿ ਸਕੀ।

7 ਸੰਯੁਕਤ ਰਾਸ਼ਟਰ-ਸੰਘ ਬਾਰੇ ਕੀ? ਕੀ ਇਸ ਨੇ ਸੰਸਾਰ ਭਰ ਵਿਚ ਸਥਾਈ ਸ਼ਾਂਤੀ ਦੀ ਕੋਈ ਅਸਲੀ ਉਮੀਦ ਪ੍ਰਦਾਨ ਕੀਤੀ ਹੈ? ਮਸਾਂ ਹੀ। ਇਸ ਦੇ 1945 ਵਿਚ ਆਰੰਭ ਤੋਂ ਲੈ ਕੇ ਹੁਣ ਤਕ 150 ਤੋਂ ਜ਼ਿਆਦਾ ਯੁੱਧ ਅਤੇ ਹਥਿਆਰਬੰਦ ਲੜਾਈਆਂ ਲੜੀਆਂ ਗਈਆਂ ਹਨ! ਤਾਂ ਫਿਰ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਯੁੱਧ ਅਤੇ ਯੁੱਧ ਦੇ ਮੁੱਢ ਦੇ ਇਕ ਕੈਨੇਡੀਆਈ ਅਧਿਐਨਵੇਤਾ, ਗਵਿਨ ਡਾਯਰ ਨੇ ਸੰਯੁਕਤ ਰਾਸ਼ਟਰ-ਸੰਘ ਦਾ ਵਰਣਨ ਇਨ੍ਹਾਂ ਸ਼ਬਦਾਂ ਵਿਚ ਕੀਤਾ, “ਸ਼ਿਕਾਰ-ਪਾਲ ਬਣੇ ਸ਼ਿਕਾਰ-ਚੋਰਾਂ ਦਾ ਸੰਘ, ਨਾ ਕਿ ਸੰਤਾਂ ਦਾ ਇਕੱਠ,” ਅਤੇ “ਇਕ ਅਮਲਹੀਣ ਕਾਵਾਂ-ਰੌਲੀ ਵਾਲੀ ਸੰਸਦ।”—ਤੁਲਨਾ ਕਰੋ ਯਿਰਮਿਯਾਹ 6:14; 8:15.

8. ਉਨ੍ਹਾਂ ਦੀਆਂ ਸ਼ਾਂਤੀ-ਵਾਰਤਾਵਾਂ ਦੇ ਬਾਵਜੂਦ, ਕੌਮਾਂ ਕੀ ਕਰਦੀਆਂ ਆਈਆਂ ਹਨ? (ਯਸਾਯਾਹ 59:8)

8 ਉਨ੍ਹਾਂ ਦੀਆਂ ਸ਼ਾਂਤੀ-ਵਾਰਤਾਵਾਂ ਦੇ ਬਾਵਜੂਦ, ਕੌਮਾਂ ਹਥਿਆਰ ਈਜਾਦ ਕਰਨਾ ਅਤੇ ਬਣਾਉਣਾ ਜਾਰੀ ਰੱਖਦੀਆਂ ਹਨ। ਸ਼ਾਂਤੀ ਸਮਾਗਮਾਂ ਦੇ ਸਰਪਰਸਤ ਦੇਸ਼ ਹੀ ਅਕਸਰ ਉਹ ਦੇਸ਼ ਹੁੰਦੇ ਹਨ ਜੋ ਹਥਿਆਰ ਬਣਾਉਣ ਵਿਚ ਪਹਿਲ ਕਰਦੇ ਹਨ। ਇਨ੍ਹਾਂ ਦੇਸ਼ਾਂ ਦੇ ਸ਼ਕਤੀਸ਼ਾਲੀ ਵਪਾਰਕ ਹਿਤਾਂ ਨੇ ਘਾਤਕ ਹਥਿਆਰਾਂ ਦਾ ਉਤਪਾਦਨ ਵਧਾਇਆ ਹੈ, ਜਿਨ੍ਹਾਂ ਵਿਚ ਸ਼ਾਮਲ ਹਨ ਉਹ ਕਰੂਰ ਸੁਰੰਗੀ ਬੰਬ ਜਿਨ੍ਹਾਂ ਨਾਲ ਹਰ ਸਾਲ ਕੁਝ 26,000 ਸਿਵਲੀਅਨ ਬਾਲਗ਼ ਅਤੇ ਬਾਲ ਮਾਰੇ ਜਾਂਦੇ ਹਨ ਜਾਂ ਅੰਗਹੀਣ ਕੀਤੇ ਜਾਂਦੇ ਹਨ। ਇਨ੍ਹਾਂ ਪਿੱਛੇ ਪ੍ਰੇਰਣਾ ਸ਼ਕਤੀ ਹੈ, ਲਾਲਚ ਅਤੇ ਭ੍ਰਿਸ਼ਟਾਚਾਰ। ਰਿਸ਼ਵਤ ਅਤੇ ਕਮਿਸ਼ਨ ਲੈਣਾ ਕੌਮਾਂਤਰੀ ਸ਼ਸਤਰ ਵਪਾਰ ਦਾ ਇਕ ਅਿਨੱਖੜਵਾਂ ਅੰਗ ਹੈ। ਕੁਝ ਸਿਆਸਤਦਾਨ ਆਪਣੇ ਆਪ ਨੂੰ ਇਸ ਵਪਾਰ ਤੋਂ ਅਮੀਰ ਬਣਾਉਂਦੇ ਹਨ।

9, 10. ਸੰਸਾਰਕ ਮਾਹਰਾਂ ਨੇ ਯੁੱਧ ਅਤੇ ਮਾਨਵ ਜਤਨਾਂ ਦੇ ਸੰਬੰਧ ਵਿਚ ਕੀ ਕਿਹਾ ਹੈ?

9 ਦਸੰਬਰ 1995 ਵਿਚ, ਪੋਲਿਸ਼ ਭੌਤਿਕ-ਵਿਗਿਆਨੀ ਅਤੇ ਸ਼ਾਂਤੀ ਦੇ ਨੋਬਲ ਪੁਰਸਕਾਰ ਵਿਜੇਤਾ, ਯੂਸਫ਼ ਰੋਟਬਲਾਟ ਨੇ ਕੌਮਾਂ ਨੂੰ ਸ਼ਸਤਰਾਂ ਦੀ ਦੌੜ ਖ਼ਤਮ ਕਰਨ ਲਈ ਸੱਦਾ ਦਿੱਤਾ। ਉਸ ਨੇ ਕਿਹਾ: “[ਸ਼ਸਤਰਾਂ ਦੀ ਇਕ ਨਵੀਂ ਦੌੜ ਤੋਂ] ਬਚਣ ਦਾ ­ਇੱਕੋ-ਇਕ ਤਰੀਕਾ ਹੈ ਕਿ ਯੁੱਧਾਂ ਨੂੰ ਪੂਰੀ ਤਰ੍ਹਾਂ ਨਾਲ ਖ਼ਤਮ ਕਰ ਦਿੱਤਾ ਜਾਵੇ।” ਕੀ ਤੁਹਾਡੇ ਖ਼ਿਆਲ ਵਿਚ ਇਹ ਸੰਭਵ ਹੈ? 1928 ਤੋਂ ਸ਼ੁਰੂ ਕਰਦੇ ਹੋਏ, 62 ਕੌਮਾਂ ਨੇ ਕੈਲੌਗ-ਬ੍ਰੀਆਨ ਸੰਧੀ ਦੀ ਪੁਸ਼ਟੀ ਕੀਤੀ, ਅਤੇ ਮਤਭੇਦਾਂ ਦੇ ਹਲ ਵਜੋਂ ਯੁੱਧ ਦਾ ਖੰਡਨ ਕੀਤਾ। ਵਿਸ਼ਵ ਯੁੱਧ II ਨੇ ਸਾਫ਼-ਸਾਫ਼ ਦਿਖਾ ਦਿੱਤਾ ਕਿ ਇਹ ਸੰਧੀ ਫ਼ਜ਼ੂਲ ਸੀ।

10 ਇਸ ਵਿਚ ਕੋਈ ਸ਼ੱਕ ਨਹੀਂ, ਇਤਿਹਾਸ ਵਿਚ ਮਨੁੱਖਜਾਤੀ ਦੇ ਰਾਹ ਵਿਚ ਯੁੱਧ ਹਮੇਸ਼ਾ ਇਕ ਅੜਚਣ ਰਿਹਾ ਹੈ। ਜਿਵੇਂ ਗਵਿਨ ਡਾਯਰ ਨੇ ਲਿਖਿਆ, “ਯੁੱਧ ਮਾਨਵ ਸਭਿਅਤਾ ਦੀ ਇਕ ਕੇਂਦਰੀ ਪ੍ਰਥਾ ਹੈ, ਅਤੇ ਇਹ ਉਦੋਂ ਤੋਂ ਹੋਂਦ ਵਿਚ ਹੈ ਜਦੋਂ ਤੋਂ ਸਭਿਅਤਾ ਹੋਂਦ ਵਿਚ ਆਈ ਹੈ।” ਜੀ ਹਾਂ, ਲਗਭਗ ਹਰ ਸਭਿਅਤਾ ਅਤੇ ਸਾਮਰਾਜ ਦੇ ਆਪਣੇ ਸਨਮਾਨਿਤ ਫ਼ੌਜੀ ਸੂਰਮੇ, ਆਪਣੀਆਂ ਖੜ੍ਹਵੀਆਂ ਫ਼ੌਜਾਂ, ਆਪਣੇ ਪ੍ਰਸਿੱਧ ਯੁੱਧ, ਆਪਣੀਆਂ ਮੁਕੱਦਸ ਫ਼ੌਜੀ ਅਕਾਦਮੀਆਂ, ਅਤੇ ਹਥਿਆਰਾਂ ਦਾ ਆਪਣਾ ਭੰਡਾਰ ਰਿਹਾ ਹੈ। ਪਰੰਤੂ, ਜਿੱਥੋਂ ਤਕ ਵਿਨਾਸ਼ਕਤਾ ਅਤੇ ਜੀਵਨ ਨੂੰ ਨੁਕਸਾਨ ਦਾ ਸਵਾਲ ਹੈ, ਉੱਥੇ ਯੁੱਧ ਹੋਰ ਕਿਸੇ ਸਦੀ ਨਾਲੋਂ ਸਾਡੀ ਸਦੀ ਦੀ ਖ਼ਾਸੀਅਤ ਰਿਹਾ ਹੈ।

11. ਵਿਸ਼ਵ ਨੇਤਾਵਾਂ ਨੇ ਸ਼ਾਂਤੀ ਦੀ ਭਾਲ ਵਿਚ ਕਿਹੜੀ ਬੁਨਿਆਦੀ ਗੱਲ ਨੂੰ ਅਣਡਿੱਠ ਕੀਤਾ ਹੈ?

11 ਇਹ ਸਪੱਸ਼ਟ ਹੈ ਕਿ ਵਿਸ਼ਵ ਨੇਤਾਵਾਂ ਨੇ ਯਿਰਮਿਯਾਹ 10:23 ਦੀ ਬੁਨਿਆਦੀ ਸਿਆਣਪ ਨੂੰ ਅਣਡਿੱਠ ਕੀਤਾ ਹੈ: “ਹੇ ਯਹੋਵਾਹ, ਮੈਂ ਜਾਣਦਾ ਹਾਂ, ਕਿ ਆਦਮੀ ਦਾ ਰਾਹ ਉਹ ਦੇ ਵੱਸ ਵਿੱਚ ਨਹੀਂ ਹੈ, ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।” ਪਰਮੇਸ਼ੁਰ ਨੂੰ ਅਣਡਿੱਠ ਕਰ ਕੇ ਸੱਚੀ ਸ਼ਾਂਤੀ ਹੋ ਹੀ ਨਹੀਂ ਸਕਦੀ। ਤਾਂ ਫਿਰ, ਕੀ ਇਸ ਸਭ ਦਾ ਅਰਥ ਇਹ ਹੈ ਕਿ ਸਭਿਅ ਸਮਾਜ ਵਿਚ ਯੁੱਧ ਦਾ ਹੋਣਾ ਅਨਿਵਾਰੀ ਹੈ? ਕੀ ਇਸ ਦਾ ਇਹ ਅਰਥ ਹੈ ਕਿ ਸ਼ਾਂਤੀ—ਸੱਚੀ ਸ਼ਾਂਤੀ—ਇਕ ਅਸੰਭਵ ਸੁਪਨਾ ਹੀ ਹੈ?

ਮੁੱਖ ਕਾਰਨ ਦਾ ਪਤਾ ਲਗਾਉਣਾ

12, 13. (ੳ) ਬਾਈਬਲ ਯੁੱਧ ਦੇ ਬੁਨਿਆਦੀ, ਅਦ੍ਰਿਸ਼ਟ ਕਾਰਨ ਬਾਰੇ ਕੀ ਪ੍ਰਗਟ ਕਰਦੀ ਹੈ? (ਅ) ਸ਼ਤਾਨ ਨੇ ਮਨੁੱਖਜਾਤੀ ਦੇ ਧਿਆਨ ਨੂੰ ਸੰਸਾਰ ਦੀਆਂ ਸਮੱਸਿਆਵਾਂ ਦੇ ਅਸਲੀ ਹਲ ਤੋਂ ਕਿਵੇਂ ਹਟਾਇਆ ਹੈ?

12 ਇਨ੍ਹਾਂ ਸਵਾਲਾਂ ਦਾ ਜਵਾਬ ਹਾਸਲ ਕਰਨ ਲਈ, ਸਾਨੂੰ ਯੁੱਧ ਦੇ ਕਾਰਨਾਂ ਨੂੰ ਸਮਝਣ ਦੀ ਲੋੜ ਹੈ। ਬਾਈਬਲ ਸਾਫ਼-ਸਾਫ਼ ਕਹਿੰਦੀ ਹੈ ਕਿ ਬਾਗੀ ਦੂਤ ਸ਼ਤਾਨ ਹੀ ਮੁੱਢਲਾ “ਮਨੁੱਖ ਘਾਤਕ” ਅਤੇ “ਝੂਠਾ” ਹੈ ਅਤੇ ਕਿ “ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।” (ਯੂਹੰਨਾ 8:44; 1 ਯੂਹੰਨਾ 5:19) ਉਸ ਨੇ ਆਪਣੇ ਮਨਸੂਬਿਆਂ ਨੂੰ ਅੱਗੇ ਵਧਾਉਣ ਲਈ ਕੀ ਕੀਤਾ ਹੈ? ਅਸੀਂ 2 ਕੁਰਿੰਥੀਆਂ 4:3, 4 ਵਿਚ ਪੜ੍ਹਦੇ ਹਾਂ: “ਜੇ ਸਾਡੀ ਖੁਸ਼ ਖਬਰੀ ਉੱਤੇ ਪੜਦਾ ਪਿਆ ਹੋਇਆ ਹੈ ਤਾਂ ਉਹ ਉਨ੍ਹਾਂ ਅੱਗੇ ਕੱਜਿਆ ਹੋਇਆ ਹੈ ਜਿਹੜੇ ਨਾਸ ਹੋ ਰਹੇ ਹਨ। ਜਿਨ੍ਹਾਂ ਵਿੱਚ ਇਸ ਜੁੱਗ ਦੇ ਈਸ਼ੁਰ ਨੇ ਬੇਪਰਤੀਤਿਆਂ ਦੀਆਂ ਬੁੱਧਾਂ ਅੰਨ੍ਹੀਆਂ ਕਰ ਦਿੱਤੀਆਂ ਮਤੇ ਮਸੀਹ ਜੋ ਪਰਮੇਸ਼ੁਰ ਦਾ ਸਰੂਪ ਹੈ ਉਹ ਦੇ ਤੇਜ ਦੀ ਖੁਸ਼ ਖਬਰੀ ਦਾ ਚਾਨਣ ਉਨ੍ਹਾਂ ਉੱਤੇ ਪਰਕਾਸ਼ ਹੋਵੇ।” ਸੰਸਾਰ ਦੀਆਂ ਸਮੱਸਿਆਵਾਂ ਦੇ ਹਲ ਵਜੋਂ ਪਰਮੇਸ਼ੁਰ ਦੇ ਰਾਜ ਵੱਲੋਂ ਸ਼ਤਾਨ ਮਨੁੱਖਜਾਤੀ ਦਾ ਧਿਆਨ ਹਟਾਉਣ ਲਈ ਹਰੇਕ ਤਰੀਕਾ ਇਸਤੇਮਾਲ ਕਰਦਾ ਹੈ। ਉਹ ਫੁੱਟ ਪਾਉਣ ਵਾਲੇ ਸਮਾਜਕ, ਸਿਆਸੀ, ਅਤੇ ਧਾਰਮਿਕ ਮਸਲਿਆਂ ਨਾਲ ਲੋਕਾਂ ਨੂੰ ਅੰਨ੍ਹਾ ਕਰਦਾ ਅਤੇ ਕੁਰਾਹੇ ਪਾਉਂਦਾ ਹੈ, ਤਾਂ ਜੋ ਇਹ ਪਰਮੇਸ਼ੁਰ ਦੀ ਹਕੂਮਤ ਨਾਲੋਂ ਵੱਧ ਮਹੱਤਵਪੂਰਣ ਜਾਪਦੇ ਹਨ। ਹਾਲ ਹੀ ਵਿਚ ਫੈਲੀ ਕੌਮਪਰਸਤੀ ਦੀ ਵਿਸ਼ਵ-ਵਿਆਪੀ ਲਹਿਰ ਇਸ ਦੀ ਇਕ ਮਿਸਾਲ ਹੈ।

13 ਸ਼ਤਾਨ ਅਰਥਾਤ ਇਬਲੀਸ ਕੌਮਪਰਸਤੀ ਅਤੇ ਕਬੀਲਾਪਰਸਤੀ, ਅਰਥਾਤ ਇਸ ਵਿਸ਼ਵਾਸ ਨੂੰ ਅੱਗੇ ਵਧਾਉਂਦਾ ਹੈ ਕਿ ਇਕ ਵਿਅਕਤੀ ਦੀ ਕੌਮ, ਨਸਲ, ਜਾਂ ਕਬੀਲਾ ਦੂਸਰਿਆਂ ਨਾਲੋਂ ਜ਼ਿਆਦਾ ਉਚੇਰਾ ਹੈ। ਸਦੀਆਂ ਤੋਂ ਦਬੀਆਂ ਗਹਿਰੀ ਨਫ਼ਰਤ ਦੀਆਂ ਭਾਵਨਾਵਾਂ ਨੂੰ ਮੁੜ ਉਭਾਰਿਆ ਜਾ ਰਿਹਾ ਹੈ ਜਿਸ ਕਾਰਨ ਹੋਰ ਜ਼ਿਆਦਾ ਯੁੱਧ ਅਤੇ ਲੜਾਈਆਂ ਹੋ ਰਹੀਆਂ ਹਨ। ਯੂਨੈਸਕੋ ਦੇ ਡਾਇਰੈਕਟਰ-ਜਨਰਲ, ਫ਼ੇਡੇਰੀਕੋ ਮਾਯੋਰ ਨੇ ਇਸ ਝੁਕਾਉ ਬਾਰੇ ਚੇਤਾਵਨੀ ਦਿੱਤੀ: “ਜਿਨ੍ਹਾਂ ਥਾਵਾਂ ਵਿਚ ਸਹਿਣਸ਼ੀਲਤਾ ਪ੍ਰਚਲਿਤ ਹੁੰਦੀ ਸੀ, ਉੱਥੇ ਵੀ ਪਰਦੇਸੀਆਂ ਪ੍ਰਤਿ ਘਿਰਣਾ ਦਾ ਝੁਕਾਉ ਦੇਖਣ ਵਿਚ ਆ ਰਿਹਾ ਹੈ, ਅਤੇ ਕੱਟੜਤਾ ਭਰੇ ਕਥਨ ਜਾਂ ਨਸਲਵਾਦੀ ਕਥਨ ਜੋ ਅਤੀਤ ਦੀ ਗੱਲ ਜਾਪਦੇ ਸਨ, ਹੁਣ ਜ਼ਿਆਦਾ ਤੋਂ ਜ਼ਿਆਦਾ ਸੁਣਨ ਵਿਚ ਆ ਰਹੇ ਹਨ।” ਇਸ ਦਾ ਨਤੀਜਾ ਕੀ ਨਿਕਲਿਆ ਹੈ? ਸਾਬਕਾ ਯੂਗੋਸਲਾਵੀਆ ਵਿਚ ਭਿਅੰਕਰ ਕਤਲਾਮ ਅਤੇ ਰਵਾਂਡਾ ਵਿਚ ਕਬਾਇਲੀ ਕੱਟ-ਵੱਢ ਦੀਆਂ ਘਟਨਾਵਾਂ ਅਖ਼­ਬਾਰਾਂ ਵਿਚ ਛੱਪਣ ਵਾਲੀਆਂ ਇਸ ਤਰ੍ਹਾਂ ਦੀਆਂ ਕੇਵਲ ਦੋ ਹੀ ਖ਼ਬਰਾਂ ਹਨ।

14. ਪਰਕਾਸ਼ ਦੀ ਪੋਥੀ 6:4 ਸਾਡੇ ਸਮੇਂ ਵਿਚ ਯੁੱਧ ਅਤੇ ਇਸ ਦੇ ਅਸਰਾਂ ਨੂੰ ਕਿਵੇਂ ਚਿਤ੍ਰਿਤ ਕਰਦੀ ਹੈ?

14 ਬਾਈਬਲ ਨੇ ਪਹਿਲਾਂ ਤੋਂ ਦੱਸ ਦਿੱਤਾ ਸੀ ਕਿ ਇਸ ਵਿਵਸਥਾ ਦੇ ਅੰਤ ਦੇ ਸਮੇਂ ਵਿਚ, ਇਕ ਲਾਲ-ਰੰਗੀ ਘੋੜਾ ਜੋ ਯੁੱਧ ਨੂੰ ਦਰਸਾਉਂਦਾ ਹੈ, ਪੂਰੀ ਧਰਤੀ ਵਿੱਚੋਂ ਦੌੜਦਾ ਚਲਿਆ ਜਾਵੇਗਾ। ਅਸੀਂ ਪਰਕਾਸ਼ ਦੀ ਪੋਥੀ 6:4 ਵਿਚ ਪੜ੍ਹਦੇ ਹਾਂ: “ਇੱਕ ਹੋਰ ਘੋੜਾ ਨਿੱਕਲਿਆ ਜੋ ਲਾਲ ਸੀ ਅਤੇ ਉਹ ਦੇ ਸਵਾਰ ਨੂੰ ਇਹ ਦਿੱਤਾ ਗਿਆ ਭਈ ਧਰਤੀ ਉੱਤੋਂ ਸੁਲਾਹ ਨੂੰ ਚੁੱਕ ਸੁੱਟੇ ਅਤੇ ਇਹ ਜੋ ਮਨੁੱਖ ਇੱਕ ਦੂਏ ਨੂੰ ਮਾਰ ਘੱਤਣ ਅਤੇ ਇੱਕ ਵੱਡੀ ਸਾਰੀ ਤਲਵਾਰ ਉਹ ਨੂੰ ਫੜਾਈ ਗਈ।” 1914 ਤੋਂ ਅਸੀਂ ਇਸ ਪ੍ਰਤੀਕਾਤਮਕ ਘੋੜ­ਸਵਾਰ ਨੂੰ ‘ਸੁਲਾਹ ਨੂੰ ਚੁੱਕ ਸੁੱਟਦੇ’ ਹੋਏ ਦੇਖਿਆ ਹੈ, ਅਤੇ ਕੌਮਾਂ ਨੇ ਯੁੱਧ ਜਾਰੀ ਰੱਖਿਆ ਹੈ।

15, 16. (ੳ) ਯੁੱਧ ਅਤੇ ਕਤਲਾਮ ਵਿਚ ਧਰਮ ਦੀ ਕੀ ਭੂਮਿਕਾ ਰਹੀ ਹੈ? (ਅ) ਧਰਮਾਂ ਨੇ ਜੋ ਕੁਝ ਕੀਤਾ ਹੈ, ਉਸ ਨੂੰ ਯਹੋਵਾਹ ਕਿਵੇਂ ਵਿਚਾਰਦਾ ਹੈ?

15 ਇਨ੍ਹਾਂ ਯੁੱਧਾਂ ਅਤੇ ਕਤਲਾਮ ਵਿਚ ਧਰਮ ਦੀ ਭੂਮਿਕਾ ਅਣਡਿੱਠ ਨਹੀਂ ਕੀਤੀ ਜਾਣੀ ਚਾਹੀਦੀ ਹੈ। ਮਨੁੱਖਜਾਤੀ ਦੇ ਖ਼ੂਨੀ ਇਤਿਹਾਸ ਦਾ ਦੋਸ਼ ਕਾਫ਼ੀ ਹੱਦ ਤਕ ਝੂਠੇ ਧਰਮ ਦੇ ਕੁਰਾਹੇ ਪਾਉਣ ਵਾਲੇ ਪ੍ਰਭਾਵ ਉੱਤੇ ਲਗਾਇਆ ਜਾ ਸਕਦਾ ਹੈ। ਕੈਥੋਲਿਕ ਧਰਮ-ਸ਼ਾਸਤਰੀ ਹਾਂਸ ਕੁੰਗ ਨੇ ਲਿਖਿਆ: “ਇਸ ਵਿਚ ਕੋਈ ਸ਼ੱਕ ਨਹੀਂ ਕਿ [ਧਰਮਾਂ] ਦੇ ਨੁਕਸਾਨਦੇਹ ਅਤੇ ਵਿਨਾਸ਼ਕਾਰੀ ਪ੍ਰਭਾਵ ਨੇ ਵਿਸ਼ਾਲ ਯੋਗਦਾਨ ਦਿੱਤਾ ਹੈ ਅਤੇ ਅਜੇ ਵੀ ਦਿੰਦਾ ਹੈ। ਉਹ ਇੰਨੇ ਸਾਰੇ ਸੰਘਰਸ਼, ਖ਼ੂਨੀ ਲੜਾਈਆਂ, ਇੱਥੋਂ ਤਕ ਕਿ ‘ਧਾਰਮਿਕ ਯੁੱਧਾਂ’ ਲਈ ਜਵਾਬਦੇਹ ਹਨ; . . . ਅਤੇ ਇਸ ਵਿਚ ਦੋ ਵਿਸ਼ਵ ਯੁੱਧ ਵੀ ਸ਼ਾਮਲ ਹਨ।”

16 ਕਤਲਾਮ ਅਤੇ ਯੁੱਧਾਂ ਵਿਚ ਝੂਠੇ ਧਰਮ ਦੀ ਭੂਮਿਕਾ ਨੂੰ ਯਹੋਵਾਹ ਪਰਮੇਸ਼ੁਰ ਕਿਵੇਂ ਵਿਚਾਰਦਾ ਹੈ? ਝੂਠੇ ਧਰਮ ਉੱਤੇ ਪਰਮੇਸ਼ੁਰ ਦਾ ਦੋਸ਼-ਆਰੋਪਣ, ਜੋ ਪਰਕਾਸ਼ ਦੀ ਪੋਥੀ 18:5 ਵਿਚ ਦਰਜ ਹੈ, ਕਹਿੰਦਾ ਹੈ: “ਉਹ ਦੇ ਪਾਪ ਤਾਂ ਅਕਾਸ਼ ਨੂੰ ਅੱਪੜ ਪਏ ਹਨ, ਅਤੇ ਪਰਮੇਸ਼ੁਰ ਨੇ ਉਹ ਦੇ ਕੁਧਰਮ ਚੇਤੇ ਕੀਤੇ ਹਨ।” ਸੰਸਾਰ ਦੇ ਸਿਆਸੀ ਸ਼ਾਸਕਾਂ ਨਾਲ ਝੂਠੇ ਧਰਮ ਦੀ ਸਾਜ਼ਸ਼ ਕਾਰਨ, ਇੰਨਾ ਖ਼ੂਨ ਦਾ ਦੋਸ਼, ਅਤੇ ਇੰਨੇ ਸਾਰੇ ਪਾਪ ਪਰਿਣਿਤ ਹੋਏ ਹਨ ਕਿ ਪਰਮੇਸ਼ੁਰ ਲਈ ਇਸ ਨੂੰ ਅਣਡਿੱਠ ਕਰਨਾ ਨਾਮੁਮਕਿਨ ਹੈ। ਉਹ ਛੇਤੀ ਹੀ ਸੱਚੀ ਸ਼ਾਂਤੀ ਦੇ ਰਾਹ ਤੋਂ ਇਸ ਅੜਚਣ ਨੂੰ ਪੂਰੀ ਤਰ੍ਹਾਂ ਨਾਲ ਹਟਾ ਦੇਵੇਗਾ।—ਪਰਕਾਸ਼ ਦੀ ਪੋਥੀ 18:21.

ਸ਼ਾਂਤੀ ਦਾ ਰਾਹ

17, 18. (ੳ) ਇਹ ਵਿਸ਼ਵਾਸ ਕਰਨਾ ਕਿ ਸਥਾਈ ਸ਼ਾਂਤੀ ਸੰਭਵ ਹੈ, ਕੇਵਲ ਇਕ ਖ਼ਿਆਲੀ ਸੁਪਨਾ ਕਿਉਂ ਨਹੀਂ ਹੈ? (ਅ) ਯਹੋਵਾਹ ਨੇ ਇਹ ਨਿਸ਼ਚਿਤ ਕਰਨ ਲਈ ਕਿ ਸੱਚੀ ਸ਼ਾਂਤੀ ਆਵੇਗੀ, ਪਹਿਲਾਂ ਤੋਂ ਹੀ ਕੀ ਕੀਤਾ ਹੈ?

17 ਜੇਕਰ ਮਨੁੱਖ, ਸੰਯੁਕਤ ਰਾਸ਼ਟਰ-ਸੰਘ ਵਰਗੇ ਮਾਧਿਅਮ ਦੁਆਰਾ ਸੱਚੀ ਅਤੇ ਸਥਾਈ ਸ਼ਾਂਤੀ ਨਹੀਂ ਲਿਆ ਸਕਦੇ ਹਨ, ਤਾਂ ਫਿਰ ਸੱਚੀ ਸ਼ਾਂਤੀ ਕਿਹੜੇ ਸੋਮੇ ਤੋਂ ਆਵੇਗੀ, ਅਤੇ ਕਿਵੇਂ? ਕੀ ਇਹ ਵਿਸ਼ਵਾਸ ਕਰਨਾ ਕਿ ਸਥਾਈ ਸ਼ਾਂਤੀ ਸੰਭਵ ਹੈ, ਕੇਵਲ ਇਕ ਖ਼ਿਆਲੀ ਸੁਪਨਾ ਹੈ? ਇਹ ਇਕ ਖ਼ਿਆਲੀ ਸੁਪਨਾ ਨਹੀਂ ਜੇਕਰ ਅਸੀਂ ਸ਼ਾਂਤੀ ਦੇ ਸਹੀ ਸੋਮੇ ਵੱਲ ਮੁੜੀਏ। ਉਹ ਕੌਣ ਹੈ? ਜ਼ਬੂਰ 46:9 ਸਾਨੂੰ ਜਵਾਬ ਦਿੰਦੇ ਹੋਏ ਇਹ ਦੱਸਦਾ ਹੈ ਕਿ ਯਹੋਵਾਹ “ਧਰਤੀ ਦੇ ਬੰਨਿਆਂ ਤੀਕੁਰ ਲੜਾਈਆਂ ਨੂੰ ਮੁਕਾ ਦਿੰਦਾ ਹੈ, ਉਹ ਧਣੁਖ ਨੂੰ ਭੰਨ ਸੁੱਟਦਾ ਅਤੇ ਬਰਛੀ ਦੇ ਟੋਟੇ ਟੋਟੇ ਕਰ ਦਿੰਦਾ ਹੈ, ਉਹ ਰਥਾਂ ਨੂੰ ਅੱਗ ਨਾਲ ਸਾੜ ਸੁੱਟਦਾ ਹੈ।” ਅਤੇ ਯਹੋਵਾਹ ਯੁੱਧਾਂ ਨੂੰ ਖ਼ਤਮ ਕਰਨ ਅਤੇ ਸੱਚੀ ਸ਼ਾਂਤੀ ਕਾਇਮ ਕਰਨ ਦੀ ਕਾਰਵਾਈ ਪਹਿਲਾਂ ਤੋਂ ਹੀ ਸ਼ੁਰੂ ਕਰ ਚੁੱਕਾ ਹੈ। ਕਿਵੇਂ? ਮਸੀਹ ਯਿਸੂ ਨੂੰ 1914 ਵਿਚ ਉਸ ਦੇ ਹੱਕੀ ਰਾਜ ਸਿੰਘਾਸਣ ਉੱਤੇ ਬਿਠਾਉਣ ਦੁਆਰਾ, ਅਤੇ ਮਨੁੱਖਜਾਤੀ ਦੇ ਇਤਿਹਾਸ ਵਿਚ ਸ਼ਾਂਤੀ ਲਈ ਸਭ ਤੋਂ ਵੱਡੀ ਸਿੱਖਿਆ ਮੁਹਿੰਮ ਨੂੰ ਅੱਗੇ ਵਧਾਉਣ ਦੁਆਰਾ। ਯਸਾਯਾਹ 54:13 ਦੇ ਭਵਿੱਖ-ਸੂਚਕ ਸ਼ਬਦ ਸਾਨੂੰ ਮੁੜ ਭਰੋਸਾ ਦਿਲਾਉਂਦੇ ਹਨ: “ਤੇਰੇ ਸਾਰੇ ਪੁੱਤ੍ਰ ਯਹੋਵਾਹ ਵੱਲੋਂ ਸਿੱਖੇ ਹੋਏ ਹੋਣਗੇ, ਅਤੇ ਤੇਰੇ ਪੁੱਤ੍ਰਾਂ ਦੀ ਸ਼ਾਂਤੀ ਬਹੁਤ ਹੋਵੇਗੀ।”

18 ਇਹ ਭਵਿੱਖਬਾਣੀ ਕਾਰਣ-ਕਾਰਜੀ ਦਾ ਸਿਧਾਂਤ ਸਪੱਸ਼ਟ ਕਰਦੀ ਹੈ—ਅਥਵਾ, ਹਰ ਕਾਰਜ ਦਾ ਇਕ ਕਾਰਨ ਹੁੰਦਾ ਹੈ। ਇਸ ਮਾਮਲੇ ਵਿਚ, ਯਹੋਵਾਹ ਦੀ ਸਿੱਖਿਆ—ਅਥਵਾ ਕਾਰਨ—ਲੜਾਈ-ਪਸੰਦ ਲੋਕਾਂ ਨੂੰ ਅਮਨ-ਪਸੰਦ ਲੋਕਾਂ ਵਿਚ ਬਦਲ ਦਿੰਦੀ ਹੈ, ਜਿਨ੍ਹਾਂ ਦੀ ਪਰਮੇਸ਼ੁਰ ਨਾਲ ਸ਼ਾਂਤੀ ਹੈ। ਇਸ ਦਾ ਕਾਰਜ ਦਿਲ ਦੀ ਤਬਦੀਲੀ ਹੈ, ਜੋ ਲੋਕਾਂ ਨੂੰ ਅਮਨ-ਪਸੰਦ ਬਣਾਉਂਦੀ ਹੈ। ਇਹ ਸਿੱਖਿਆ ਜੋ ਲੋਕਾਂ ਦੇ ਦਿਲਾਂ ਅਤੇ ਮਨਾਂ ਨੂੰ ਬਦਲਦੀ ਹੈ, ਇਸ ਵੇਲੇ ਵੀ ਸੰਸਾਰ ਭਰ ਵਿਚ ਫੈਲ ਰਹੀ ਹੈ, ਜਿਉਂ-ਜਿਉਂ ਲੱਖਾਂ ਲੋਕ ‘ਸ਼ਾਂਤੀ ਦੇ ਰਾਜ ਕੁਮਾਰ,’ ਯਿਸੂ ਮਸੀਹ ਦੀ ਮਿਸਾਲ ਉੱਤੇ ਚੱਲ ਰਹੇ ਹਨ।—ਯਸਾਯਾਹ 9:6.

19. ਯਿਸੂ ਨੇ ਸੱਚੀ ਸ਼ਾਂਤੀ ਬਾਰੇ ਕੀ ਸਿਖਾਇਆ?

19 ਅਤੇ ਯਿਸੂ ਨੇ ਸੱਚੀ ਸ਼ਾਂਤੀ ਬਾਰੇ ਕੀ ਸਿਖਾਇਆ? ਉਸ ਨੇ ਨਾ ਕੇਵਲ ਕੌਮਾਂ ਵਿਚਾਲੇ ਸ਼ਾਂਤੀ ਬਾਰੇ ਗੱਲਾਂ ਕੀਤੀਆਂ ਬਲਕਿ ਲੋਕਾਂ ਵਿਚਕਾਰ ਸੰਬੰਧਾਂ ਵਿਚ ਸ਼ਾਂਤੀ ਬਾਰੇ ਅਤੇ ਸ਼ੁੱਧ ਅੰਤਹਕਰਣ ਤੋਂ ਮਿਲਣ ਵਾਲੀ ਅੰਦਰੂਨੀ ਸ਼ਾਂਤੀ ਬਾਰੇ ਵੀ ਗੱਲ ਕੀਤੀ। ਯੂਹੰਨਾ 14:27 ਵਿਚ, ਅਸੀਂ ਯਿਸੂ ਦੇ ਆਪਣੇ ਪੈਰੋਕਾਰਾਂ ਨੂੰ ਕਹੇ ਗਏ ਸ਼ਬਦ ਪੜ੍ਹਦੇ ਹਾਂ: “ਮੈਂ ਤੁਹਾਨੂੰ ਸ਼ਾਂਤੀ ਦੇ ਜਾਂਦਾ ਹਾਂ। ਆਪਣੀ ਸ਼ਾਂਤੀ ਮੈਂ ਤੁਹਾਨੂੰ ਦਿੰਦਾ ਹਾਂ। ਜਿਸ ਤਰਾਂ ਸੰਸਾਰ ਦਿੰਦਾ ਹੈ ਮੈਂ ਉਸ ਤਰਾਂ ਨਹੀਂ ਦਿੰਦਾ ਹਾਂ। ਤੁਹਾਡਾ ਦਿਲ ਨਾ ਘਬਰਾਵੇ ਅਤੇ ਨਾ ਡਰੇ।” ਯਿਸੂ ਦੀ ਸ਼ਾਂਤੀ ਸੰਸਾਰ ਦੀ ਸ਼ਾਂਤੀ ਤੋਂ ਕਿਵੇਂ ਵੱਖਰੀ ਸੀ?

20. ਯਿਸੂ ਕਿਹੜੇ ਵਸੀਲਿਓਂ ਸੱਚੀ ਸ਼ਾਂਤੀ ਲਿਆਵੇਗਾ?

20 ਪਹਿਲਾ, ਯਿਸੂ ਦੀ ਸ਼ਾਂਤੀ ਦਾ ਉਸ ਦੇ ਰਾਜ ਸੰਦੇਸ਼ ਨਾਲ ਗੂੜ੍ਹਾ ਸੰਬੰਧ ਸੀ। ਉਹ ਜਾਣਦਾ ਸੀ ਕਿ ਇਹ ਧਾਰਮਿਕ ਸਵਰਗੀ ਸਰਕਾਰ, ਜੋ ਯਿਸੂ ਅਤੇ 1,44,000 ਸੰਗੀ-ਸ਼ਾਸਕਾਂ ਦੀ ਬਣੀ ਹੋਈ ਹੈ, ਯੁੱਧ ਅਤੇ ਯੁੱਧ ਕਰਵਾਉਣ ਵਾਲਿਆਂ ਦਾ ਅੰਤ ਕਰ ਦੇਵੇਗੀ। (ਪਰਕਾਸ਼ ਦੀ ਪੋਥੀ 14:1, 3) ਉਹ ਜਾਣਦਾ ਸੀ ਕਿ ਇਹ ਸ਼ਾਂਤਮਈ ਪਰਾਦੀਸੀ ਪਰਿਸਥਿਤੀ ਲਿਆਵੇਗੀ ਜਿਸ ਦੀ ਪੇਸ਼ਕਸ਼ ਉਸ ਨੇ ਆਪਣੇ ਨਾਲ ਮਰਨ ਵਾਲੇ ਅਪਰਾਧੀ ਨੂੰ ਕੀਤੀ ਸੀ। ਯਿਸੂ ਨੇ ਉਸ ਨੂੰ ਸਵਰਗੀ ਰਾਜ ਵਿਚ ਥਾਂ ਦੀ ਪੇਸ਼ਕਸ਼ ਨਹੀਂ ਕੀਤੀ ਸੀ, ਬਲਕਿ ਉਸ ਨੇ ਕਿਹਾ: “ਸੱਚ-ਮੁੱਚ ਮੈਂ ਅੱਜ ਤੈਨੂੰ ਆਖਦਾ ਹਾਂ, ਤੂੰ ਮੇਰੇ ਨਾਲ ਪਰਾਦੀਸ ਵਿਚ ਹੋਵੇਂਗਾ।”—ਲੂਕਾ 23:43, ਨਿ ਵ.

21, 22. (ੳ) ਸੱਚੀ ਸ਼ਾਂਤੀ ਵਿਚ ਕਿਹੜੀ ਉਮੀਦ ਸ਼ਾਮਲ ਹੈ ਜੋ ਅਦਭੁਤ ਰੂਪ ਵਿਚ ਲੋਕਾਂ ਨੂੰ ਸ਼ਕਤੀ ਬਖ਼ਸ਼ਦੀ ਹੈ? (ਅ) ਉਹ ਬਰਕਤ ਦੇਖਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?

21 ਯਿਸੂ ਇਹ ਵੀ ਜਾਣਦਾ ਸੀ ਕਿ ਉਸ ਦਾ ਰਾਜ ਉਨ੍ਹਾਂ ਸਾਰੇ ਸੋਗਵਾਨਾਂ ਨੂੰ ਆਰਾਮ ਪਹੁੰਚਾਏਗਾ ਜੋ ਉਸ ਵਿਚ ਨਿਹਚਾ ਕਰਦੇ ਹਨ। ਉਸ ਦੀ ਸ਼ਾਂਤੀ ਵਿਚ ਪੁਨਰ-ਉਥਾਨ ਦੀ ਉਹ ਉਮੀਦ ਸ਼ਾਮਲ ਹੈ ਜੋ ਅਦਭੁਤ ਰੂਪ ਵਿਚ ਲੋਕਾਂ ਨੂੰ ਸ਼ਕਤੀ ਬਖ਼ਸ਼ਦੀ ਹੈ। ਯੂਹੰਨਾ 5:28, 29 ਵਿਚ ਦਰਜ ਉਸ ਦੇ ਹੌਸਲਾਦਾਇਕ ਸ਼ਬਦਾਂ ਨੂੰ ਯਾਦ ਕਰੋ: “ਇਹ ਨੂੰ ਅਚਰਜ ਨਾ ਜਾਣੋ ਕਿਉਂਕਿ ਉਹ ਘੜੀ ਆਉਂਦੀ ਹੈ ਜਿਹ ਦੇ ਵਿੱਚ ਓਹ ਸਭ ਜਿਹੜੇ ਕਬਰਾਂ ਵਿੱਚ ਹਨ ਉਹ ਦੀ ਅਵਾਜ਼ ਸੁਣਨਗੇ ਅਤੇ ਨਿੱਕਲ ਆਉਣਗੇ। ਜਿਨ੍ਹਾਂ ਨੇ ਭਲਿਆਈ ਕੀਤੀ ਹੈ ਸੋ ਜੀਉਣ ਦੀ ਕਿਆਮਤ ਲਈ ਅਰ ਜਿਨ੍ਹਾਂ ਨੇ ਬੁਰਿਆਈ ਕੀਤੀ ਹੈ ਉਹ ਨਿਆਉਂ ਦੀ ਕਿਆਮਤ ਲਈ।”

22 ਕੀ ਤੁਸੀਂ ਉਸ ਸਮੇਂ ਨੂੰ ਉਤਸੁਕਤਾ ਨਾਲ ਉਡੀਕ ਕਰਦੇ ਹੋ? ਕੀ ਤੁਸੀਂ ਆਪਣੇ ਕਿਸੇ ਮਿੱਤਰ-ਪਿਆਰਿਆਂ ਦੀ ਮੌਤ ਦਾ ਦੁੱਖ ਭੋਗਿਆ ਹੈ? ਕੀ ਤੁਸੀਂ ਉਨ੍ਹਾਂ ਨੂੰ ਦੁਬਾਰਾ ਮਿਲਣ ਲਈ ਤਰਸਦੇ ਹੋ? ਜੇਕਰ ਹਾਂ, ਤਾਂ ਯਿਸੂ ਵੱਲੋਂ ਪੇਸ਼ ਕੀਤੀ ਸ਼ਾਂਤੀ ਨੂੰ ਸਵੀਕਾਰ ਕਰੋ। ਲਾਜ਼ਰ ਦੀ ਭੈਣ, ਮਾਰਥਾ ਦੇ ਵਾਂਗ ਨਿਹਚਾ ਰੱਖੋ, ਜਿਸ ਨੇ ਯਿਸੂ ਨੂੰ ਕਿਹਾ: “ਮੈਂ ਜਾਣਦੀ ਹਾਂ ਜੋ ਕਿਆਮਤ ਨੂੰ ਅੰਤ ਦੇ ਦਿਨ ਉਹ ਜੀ ਉੱਠੂ।” ਪਰੰਤੂ ਮਾਰਥਾ ਨੂੰ ਦਿੱਤੇ ਯਿਸੂ ਦੇ ਆਨੰਦਦਾਇਕ ਜਵਾਬ ਉੱਤੇ ਧਿਆਨ ਦਿਓ: “ਕਿਆਮਤ ਅਤੇ ਜੀਉਣ ਮੈਂ ਹਾਂ। ਜੋ ਮੇਰੇ ਉੱਤੇ ਨਿਹਚਾ ਕਰਦਾ ਹੈ ਭਾਵੇਂ ਉਹ ਮਰ ਜਾਏ ਤਾਂ ਵੀ ਜੀਵੇਗਾ। ਅਤੇ ਹਰ ਕੋਈ ਜਿਹੜਾ ਜੀਉਂਦਾ ਹੈ ਅਰ ਮੇਰੇ ਉੱਤੇ ਨਿਹਚਾ ਕਰਦਾ ਹੈ ਸੋ ਸਦੀਪਕਾਲ ਤੀਕੁ ਕਦੇ ਨਾ ਮਰੇਗਾ। ਕੀ ਤੂੰ ਇਸ ਗੱਲ ਦੀ ਪਰਤੀਤ ਕਰਦੀ ਹੈਂ?”—ਯੂਹੰਨਾ 11:24-26.

23. ਸੱਚੀ ਸ਼ਾਂਤੀ ਹਾਸਲ ਕਰਨ ਵਿਚ ਪਰਮੇਸ਼ੁਰ ਦੇ ਬਚਨ ਦਾ ਯਥਾਰਥ ਗਿਆਨ ਕਿਉਂ ਜ਼ਰੂਰੀ ਹੈ?

23 ਤੁਸੀਂ ਵੀ ਇਸ ਵਾਅਦੇ ਉੱਤੇ ਵਿਸ਼ਵਾਸ ਕਰ ਸਕਦੇ ਹੋ ਅਤੇ ਇਸ ਤੋਂ ਲਾਭ ਹਾਸਲ ਕਰ ਸਕਦੇ ਹੋ। ਕਿਵੇਂ? ਪਰਮੇਸ਼ੁਰ ਦੇ ਬਚਨ ਦਾ ਯਥਾਰਥ ਗਿਆਨ ਹਾਸਲ ਕਰ ਕੇ। ਧਿਆਨ ਦਿਓ ਕਿ ਰਸੂਲ ਪੌਲੁਸ ਨੇ ਯਥਾਰਥ ਗਿਆਨ ਦੀ ਮਹੱਤਤਾ ਉੱਤੇ ਕਿਵੇਂ ਜ਼ੋਰ ਦਿੱਤਾ: “ਅਸੀਂ . . . ਤੁਹਾਡੇ ਲਈ ਇਹ ਪ੍ਰਾਰਥਨਾ ਅਤੇ ਅਰਦਾਸ ਕਰਨ ਤੋਂ ਨਹੀਂ ਹਟਦੇ ਭਈ ਤੁਸੀਂ ਹਰ ਪਰਕਾਰ ਦੇ ਆਤਮਕ ਗਿਆਨ ਅਤੇ ਸਮਝ ਨਾਲ ਉਹ ਦੀ ਇੱਛਿਆ ਦੀ ਪਛਾਣ [“ਦੇ ਯਥਾਰਥ ਗਿਆਨ,” ਨਿ ਵ] ਤੋਂ ਭਰਪੂਰ ਹੋ ਜਾਓ। ਤਾਂ ਜੋ ਤੁਸੀਂ ਅਜਿਹੀ ਜੋਗ ਚਾਲ ਚੱਲੋ ਜਿਹੜੀ ਪ੍ਰਭੁ ਨੂੰ ਹਰ ਤਰਾਂ ਨਾਲ ਭਾਵੇ ਅਤੇ ਹਰੇਕ ਸ਼ੁਭ ਕਰਮ ਵਿੱਚ ਫਲਦੇ ਰਹੋ ਅਤੇ ਪਰਮੇਸ਼ੁਰ ਦੀ ਪਛਾਣ [“ਦੇ ਯਥਾਰਥ ਗਿਆਨ,” ਨਿ ਵ] ਵਿੱਚ ਵੱਧਦੇ ਰਹੋ।” (ਕੁਲੁੱਸੀਆਂ 1:9, 10) ਇਹ ਯਥਾਰਥ ਗਿਆਨ ਤੁਹਾਨੂੰ ਕਾਇਲ ਕਰੇਗਾ ਕਿ ਯਹੋਵਾਹ ਪਰਮੇਸ਼ੁਰ ਹੀ ਸੱਚੀ ਸ਼ਾਂਤੀ ਦਾ ਸੋਮਾ ਹੈ। ਨਾਲੇ ਇਹ ਤੁਹਾਨੂੰ ਦੱਸੇਗਾ ਕਿ ਹੁਣ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਤਾਂ ਜੋ ਤੁਸੀਂ ਜ਼ਬੂਰਾਂ ਦੇ ਲਿਖਾਰੀ ਵਾਂਗ ਕਹਿ ਸਕੋ: “ਮੈਂ ਸ਼ਾਂਤੀ ਨਾਲ ਲੇਟਦਿਆਂ ਹੀ ਸੌਂ ਜਾਵਾਂਗਾ, ਕਿਉਂ ਜੋ ਹੇ ਯਹੋਵਾਹ, ਤੂੰ ਹੀ ਮੈਨੂੰ ਅਮਨ ਵਿੱਚ ਵਸਾਉਂਦਾ ਹੈਂ।”—ਜ਼ਬੂਰ 4:8.

ਕੀ ਤੁਸੀਂ ਸਮਝਾ ਸਕਦੇ ਹੋ?

◻ ਸ਼ਾਂਤੀ ਕਾਇਮ ਕਰਨ ਲਈ ਮਨੁੱਖ ਦੇ ਜਤਨ ਕਿਉਂ ਬਾਕਾਇਦਾ ਤੌਰ ਤੇ ਨਾਕਾਮ ਰਹੇ ਹਨ?

◻ ਯੁੱਧ ਦਾ ਮੁੱਖ ਕਾਰਨ ਕੀ ਹੈ?

◻ ਸਥਾਈ ਸ਼ਾਂਤੀ ਕਿਉਂ ਇਕ ਖ਼ਿਆਲੀ ਸੁਪਨਾ ਨਹੀਂ ਹੈ?

◻ ਸੱਚੀ ਸ਼ਾਂਤੀ ਦਾ ਸੋਮਾ ਕੀ ਹੈ?

[ਸਫ਼ੇ 19 ਉੱਤੇ ਤਸਵੀਰ]

ਸੱਚੀ ਸ਼ਾਂਤੀ ਇਕ ਸੁਪਨਾ ਨਹੀਂ। ਇਹ ਪਰਮੇਸ਼ੁਰ ਦਾ ਵਾਅਦਾ ਹੈ

[ਸਫ਼ੇ 20 ਉੱਤੇ ਤਸਵੀਰ]

1914 ਤੋਂ ਲਾਲ-ਰੰਗੀ ਘੋੜੇ ਦੇ ਪ੍ਰਤੀਕਾਤਮਕ ਸਵਾਰ ਨੇ ਧਰਤੀ ਤੋਂ ਸੁਲਾਹ ਨੂੰ ਚੁੱਕ ਸੁੱਟਿਆ ਹੈ

[ਸਫ਼ੇ 21 ਉੱਤੇ ਤਸਵੀਰ]

ਕੀ ਧਰਮ ਅਤੇ ਯੂ. ਐਨ. ਸ਼ਾਂਤੀ ਲਿਆ ਸਕਦੇ ਹਨ?

[ਕ੍ਰੈਡਿਟ ਲਾਈਨ]

UN photo

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ