ਇਹ ਸੰਕਟ ਵਿਸ਼ਵ-ਵਿਆਪੀ ਹੈ
ਬ੍ਰਾਜ਼ੀਲ ਵਿਚ ਸੜਕਾਂ ਤੇ ਰਹਿਣ ਵਾਲੇ ਬੱਚਿਆਂ ਦਾ ਭਿਆਨਕ ਕਤਲਾਮ, ਅਣਚਾਹੇ ਬੱਚਿਆਂ ਦੇ ਅਸੁਰੱਖਿਅਤ ਹੋਣ ਦੀ ਇਕ ਹੋਰ ਉਦਾਹਰਣ ਹੈ। ਉਸ ਦੇਸ਼ ਦੀਆਂ ਰਿਪੋਰਟਾਂ ਦੱਸਦੀਆਂ ਹਨ ਕਿ ਹਰ ਸਾਲ ਸੈਂਕੜੇ ਹੀ ਬੱਚਿਆਂ ਦਾ ਕਤਲ ਕੀਤਾ ਜਾਂਦਾ ਹੈ।
ਸਕਾਟਲੈਂਡ ਦੇ ਡਨਬਲੇਨ ਸ਼ਹਿਰ, ਅਤੇ ਇੰਗਲੈਂਡ ਦੇ ਵੁਲਵਰਹੈਂਪਟਨ ਸ਼ਹਿਰ ਵਿਚ ਅਤੇ ਹੋਰ ਕਈਆਂ ਥਾਵਾਂ ਤੇ ਬੱਚਿਆਂ ਉੱਤੇ ਬੇਰਹਿਮੀ ਨਾਲ ਹਮਲੇ ਕੀਤੇ ਗਏ ਹਨ। ਉਦਾਹਰਣ ਦੇ ਲਈ, 12 ਸਾਲ ਦੀ ਇਕ ਅੰਗੋਲਨ ਯਤੀਮ, ਮਰੀਆ ਦੇ ਦੁੱਖਾਂ ਦੀ ਕਲਪਨਾ ਕਰੋ, ਜਿਸ ਨਾਲ ਬਲਾਤਕਾਰ ਕੀਤਾ ਗਿਆ ਅਤੇ ਜੋ ਗਰਭਵਤੀ ਹੋ ਗਈ। ਬਾਅਦ ਵਿਚ ਉਸ ਨੂੰ 320 ਕਿਲੋਮੀਟਰ ਪੈਦਲ ਚੱਲਣ ਲਈ ਮਜਬੂਰ ਕੀਤਾ ਗਿਆ, ਜਿਸ ਮਗਰੋਂ ਉਸ ਨੇ ਸਮੇਂ ਤੋਂ ਪਹਿਲਾਂ ਹੀ ਬੱਚੇ ਨੂੰ ਜਨਮ ਦੇ ਦਿੱਤਾ। ਇਹ ਬੱਚਾ ਸਿਰਫ਼ ਦੋ ਹਫ਼ਤੇ ਹੀ ਜੀਉਂਦਾ ਰਿਹਾ। ਮਰੀਆ ਇਕ ਹਫ਼ਤੇ ਬਾਅਦ ਬੀਮਾਰ ਹੋਣ ਅਤੇ ਘੱਟ ਖ਼ੁਰਾਕ ਮਿਲਣ ਕਰਕੇ ਮਰ ਗਈ।
ਸਾਲ 1992 ਵਿਚ, ਸੰਯੁਕਤ ਰਾਸ਼ਟਰ-ਸੰਘ ਬਾਲ ਫ਼ੰਡ (ਯੂਨੀਸੈਫ਼) ਦੀ ਰਿਪੋਰਟ ਨੇ ਦੱਸਿਆ ਕਿ “‘ਬੱਚਿਆਂ ਵਿਰੁੱਧ ਲੜਾਈ’ ਇਸ 20ਵੀਂ ਸਦੀ ਦੀ ਕਾਢ ਹੈ।” ਯੂਨੀਸੈਫ਼ ਦੁਆਰਾ ਦਿੱਤੀ ਗਈ 1996 ਦੀ ਰਿਪੋਰਟ ਦੇ ਅਨੁਸਾਰ ਕੁਝ ਲੋਕਾਂ ਦਾ ਇਹ ਵਿਚਾਰ ਹੈ ਕਿ ‘ਦੁਸ਼ਮਣਾਂ ਦੀਆਂ ਨਵੀਆਂ ਪੀੜੀਆਂ, ਯਾਨੀ ਕਿ ਦੁਸ਼ਮਣਾਂ ਦੇ ਬੱਚਿਆਂ ਨੂੰ ਵੀ ਖ਼ਤਮ ਕਰ ਦੇਣਾ ਜ਼ਰੂਰੀ ਹੈ।’ ਇਕ ਰਾਜਨੀਤਿਕ ਟੀਕਾਕਾਰ ਨੇ ਇਸ ਨੂੰ ਇਸ ਤਰੀਕੇ ਨਾਲ ਬਿਆਨ ਕੀਤਾ: “ਵੱਡੇ ਚੂਹਿਆਂ ਨੂੰ ਮਾਰਨ ਲਈ ਤੁਹਾਨੂੰ ਛੋਟੇ ਚੂਹਿਆਂ ਨੂੰ ਵੀ ਮਾਰਨਾ ਪਵੇਗਾ।”
ਹਾਲ ਹੀ ਦੇ ਦਸਾਂ ਸਾਲਾਂ ਵਿਚ 20 ਲੱਖ ਬੱਚਿਆਂ ਦੀਆਂ ਭਿਆਨਕ ਮੌਤਾਂ ਹੋ ਚੁੱਕੀਆਂ ਹਨ। ਹੋਰ ਚਾਲ਼ੀ ਲੱਖ ਬੱਚੇ ਬਾਰੂਦੀ ਸੁਰੰਗਾਂ ਦੇ ਫੱਟਣ ਕਰਕੇ ਅੰਗਹੀਣ ਜਾਂ ਅੰਨ੍ਹੇ ਹੋ ਗਏ ਹਨ ਜਾਂ ਉਨ੍ਹਾਂ ਵਿਚ ਦਿਮਾਗ਼ੀ ਨੁਕਸ ਪੈ ਗਏ ਹਨ। ਲੱਖਾਂ ਬੱਚੇ ਯੁੱਧ ਦੇ ਕਰਕੇ ਬੇਘਰ ਹੋ ਗਏ ਹਨ। ਫਿਰ ਵੀ ਜਿਸ ਤਰ੍ਹਾਂ ਹੋ ਸਕੇ ਇਹ ਸਾਰੇ ਬੱਚੇ ਜੀਉਣ ਦੀ ਕੋਸ਼ਿਸ਼ ਕਰ ਰਹੇ ਹਨ। ਤਾਂ ਫਿਰ ਹੈਰਾਨੀ ਦੀ ਕੋਈ ਗੱਲ ਨਹੀਂ ਕਿ ਇਕ ਰਿਪੋਰਟ ਦਾ ਸਿਰਲੇਖ ਸੀ: “ਬੱਚਿਆਂ ਉੱਤੇ ਯੁੱਧ ਦੇ ਜ਼ੁਲਮਾਂ ਦੀ ਡਰਾਉਣੀ ਤਸਵੀਰ।”
ਬੱਚਿਆਂ ਤੇ ਕੀਤੇ ਗਏ ਇਹ ਜ਼ੁਲਮ ਮਨੁੱਖਤਾ ਉੱਤੇ ਕਲੰਕ ਹਨ, ਇਕ ਅਜਿਹਾ ਪੱਕਾ ਸਬੂਤ ਕਿ ਬੱਚੇ ਸੰਕਟ ਵਿਚ ਹਨ, ਨਾ ਸਿਰਫ਼ ਕੁਝ ਦੇਸ਼ਾਂ ਵਿਚ ਬਲਕਿ ਸਾਰੇ ਸੰਸਾਰ ਵਿਚ। ਅਤੇ ਬਹੁਤ ਸਾਰੇ ਬੱਚਿਆਂ ਨਾਲ ਦੁਰਵਿਹਾਰ ਦੇ ਨਾਲ-ਨਾਲ ਵਿਸ਼ਵਾਸਘਾਤ ਵੀ ਕੀਤਾ ਗਿਆ ਹੈ।
ਆਪਣਿਆਂ ਦੁਆਰਾ ਵਿਸ਼ਵਾਸਘਾਤ
ਬੱਚੇ ਨਾਲ ਵਿਸ਼ਵਾਸਘਾਤ ਕਰਨ ਤੇ ਉਸ ਨੂੰ ਵੱਡਾ ਸਦਮਾ ਲੱਗ ਸਕਦਾ ਹੈ। ਇਹ ਖ਼ਾਸ ਕਰਕੇ ਉਦੋਂ ਸੱਚ ਹੁੰਦਾ ਹੈ ਜਦੋਂ ਮਾਤਾ-ਪਿਤਾ, ਮਿੱਤਰ ਜਾਂ ਅਧਿਆਪਕ ਹੀ ਬੱਚੇ ਨਾਲ ਵਿਸ਼ਵਾਸਘਾਤ ਕਰਦੇ ਹਨ। ਅਮਰੀਕਾ ਵਿਚ ਇਕ ਪ੍ਰੋਗ੍ਰਾਮ ਪ੍ਰਸਾਰਿਤ ਕੀਤਾ ਗਿਆ, ਜਿਸ ਦਾ ਵਿਸ਼ਾ ਸੀ “ਭੈਭੀਤ ਚੁੱਪ: ਬਾਲ ਦੁਰਵਿਹਾਰ ਦਾ ਪਰਦਾ ਫ਼ਾਸ਼ ਅਤੇ ਖ਼ਾਤਮਾ।” ਇਹ ਵਾਰਤਾਲਾਪ-ਪ੍ਰਦਰਸ਼ਨ ਦੀ ਇਕ ਉੱਘੀ ਸ਼ਖ਼ਸੀਅਤ, ਔਪਰਾ ਵਿਨਫ਼ਰੀ, ਦੁਆਰਾ ਪੇਸ਼ ਕੀਤਾ ਗਿਆ ਸੀ। ਇਸ ਪ੍ਰੋਗ੍ਰਾਮ ਦੇ ਪ੍ਰਸਾਰਣ ਤੋਂ ਬਾਅਦ, ਹਾਟਲਾਈਨ ਤੇ ਆਈਆਂ ਟੈਲੀਫ਼ੋਨ ਕਾਲਾਂ ਦੀ ਭਰਮਾਰ ਤੋਂ ਇਹ ਦੇਖਿਆ ਜਾ ਸਕਦਾ ਹੈ ਕਿ ਕਿੰਨੇ ਸਾਰੇ ਮਾਪੇ ਆਪਣੇ ਬੱਚਿਆਂ ਨਾਲ ਦੁਰਵਿਹਾਰ ਕਰਦੇ ਹਨ। ਕਾਰਜਕਾਰੀ ਪ੍ਰੋਡਿਊਸਰ ਆਰੰਲਡ ਸ਼ਪੀਰੋ, ਜਿਸ ਦਾ ਹਵਾਲਾ ਅੱਜ-ਕੱਲ੍ਹ ਦੇ ਬੱਚੇ (ਅੰਗ੍ਰੇਜ਼ੀ) ਨਾਮਕ ਰਸਾਲੇ ਵਿਚ ਛਪਿਆ ਸੀ, ਨੇ ਦੱਸਿਆ: “ਸਭ ਤੋਂ ਜ਼ਿਆਦਾ ਚੌਂਕਾ ਦੇਣ ਵਾਲੀਆਂ ਟੈਲੀਫ਼ੋਨ ਕਾਲਾਂ, ਡਰੇ ਹੋਏ ਛੋਟੇ ਬੱਚਿਆਂ ਤੋਂ ਸੀ, ਜੋ ਸਰੀਰਕ ਜਾਂ ਲਿੰਗੀ ਦੁਰਵਿਹਾਰ ਦੀ ਪੀੜ ਤੋਂ ਛੁਟਕਾਰਾ ਚਾਹੁੰਦੇ ਸਨ।”
ਇਸ ਪ੍ਰੋਗ੍ਰਾਮ ਨੇ ਬਹੁਤ ਹੱਦ ਤਕ ਇਸ ਭਰਮ ਨੂੰ ਤੋੜ ਦਿੱਤਾ ਕਿ ਬਾਲ ਦੁਰਵਿਹਾਰ ਕਰਨ ਵਾਲੇ ਜ਼ਿਆਦਾਤਰ ਵਿਅਕਤੀ ਹੱਟੇ-ਕੱਟੇ ਅਤੇ ਡਰਾਉਣੇ ਅਜਨਬੀ ਹੁੰਦੇ ਹਨ। ਸ਼ਪੀਰੋ ਨੇ ਇਹ ਕਹਿੰਦਿਆਂ ਹੋਇਆਂ ਗੱਲ ਖ਼ਤਮ ਕੀਤੀ ਕਿ ਹਕੀਕਤ ਤਾਂ ਇਹ ਹੈ ਕਿ “ਅਕਸਰ ਮਾਤਾ-ਪਿਤਾ ਅਤੇ ਦੂਸਰੇ ਨਜ਼ਦੀਕੀ ਰਿਸ਼ਤੇਦਾਰ ਹੀ ਬੱਚਿਆਂ ਨਾਲ ਦੁਰਵਿਹਾਰ ਕਰਦੇ ਹਨ।” ਹੋਰ ਖੋਜਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਅਤੇ ਇਹ ਵੀ ਦਿਖਾਇਆ ਹੈ ਕਿ ਕਈ ਵਾਰ ਪਰਿਵਾਰ ਦੇ ਨਜ਼ਦੀਕੀ ਮਿੱਤਰ ਪਹਿਲਾਂ ਤਾਂ ਬੱਚੇ ਅਤੇ ਉਸ ਦੇ ਪਰਿਵਾਰ ਦੇ ਭਰੋਸੇ ਨੂੰ ਜਿੱਤਦੇ ਹਨ ਤੇ ਬਾਅਦ ਵਿਚ ਆਪਣੀ ਯੋਜਨਾ ਅਨੁਸਾਰ ਬੱਚਿਆਂ ਨਾਲ ਦੁਰਵਿਹਾਰ ਕਰਦੇ ਹਨ। ਵਿਸ਼ਵਾਸਘਾਤ ਦਾ ਸਭ ਤੋਂ ਭਿਆਨਕ ਰੂਪ ਗੋਤਰ-ਗਮਨ ਹੈ।
ਬੱਚਿਆਂ ਨਾਲ ਬਦਫ਼ੈਲੀ ਕਰਨ ਵਾਲੇ ਵੀ ਪੂਰੇ ਸੰਸਾਰ ਵਿਚ ਬੱਚਿਆਂ ਦੇ ਲਈ ਇਕ ਹੋਰ ਖ਼ਤਰਾ ਪੇਸ਼ ਕਰਦੇ ਹਨ। ਟਰੈਂਡਜ਼ ਐਂਡ ਇਸ਼ੂਜ਼ ਇਨ ਕ੍ਰਾਇਮ ਐਂਡ ਕ੍ਰਿਮਿਨਲ ਜਸਟਿਸ ਇਹ ਕਹਿੰਦਾ ਹੈ: “ਬੱਚਿਆਂ ਦੀ ਬਦਫ਼ੈਲੀ ਦਾ ਅਰਥ ਹੈ, ਬਹੁਤ ਛੋਟੇ ਬੱਚਿਆਂ ਪ੍ਰਤੀ ਲਿੰਗੀ ਆਕਰਸ਼ਣ। . . . ਬੱਚਿਆਂ ਦੀ ਬਦਫ਼ੈਲੀ ਵਿਚ ਹਮੇਸ਼ਾ ਅਜਿਹੇ ਜ਼ੁਲਮ ਸ਼ਾਮਲ ਹੁੰਦੇ ਹਨ, ਜਿਵੇਂ ਕਿ ਲਿੰਗੀ ਹਮਲੇ, ਅਸ਼ਲੀਲਤਾ ਅਤੇ ਬਾਲ ਅਸ਼ਲੀਲ ਸਾਹਿੱਤ ਨਾਲ ਸੰਬੰਧਿਤ ਅਪਰਾਧ।”
ਸੰਸਾਰ ਦੇ ਹਰ ਹਿੱਸੇ ਤੋਂ ਬੱਚਿਆਂ ਨਾਲ ਬਦਫ਼ੈਲੀ ਕਰਨ ਵਾਲੇ ਗਰੋਹਾਂ ਬਾਰੇ ਦਿਲ ਨੂੰ ਦਹਿਲਾ ਦੇਣ ਵਾਲੀਆਂ ਰਿਪੋਰਟਾਂ ਮਿਲ ਰਹੀਆਂ ਹਨ, ਜਿਹੜੇ ਕਿ ਹਵਸ ਨਾਲ ਬੱਚਿਆਂ ਦਾ ਲਿੰਗੀ ਸ਼ੋਸ਼ਣ ਕਰਦੇ ਹਨ। (ਸਫ਼ੇ 7 ਤੇ ਦਿੱਤੀ ਗਈ ਡੱਬੀ ਦੇਖੋ।) ਛੋਟੀਆਂ ਕੁੜੀਆਂ ਅਤੇ ਮੁੰਡੇ ਦੋਵੇਂ ਉਨ੍ਹਾਂ ਦੇ ਸ਼ਿਕਾਰ ਹੁੰਦੇ ਹਨ। ਅਨੈਤਿਕ ਵਿਅਕਤੀਆਂ ਦੁਆਰਾ ਭਰਮਾਏ ਜਾਣ ਤੇ, ਉਨ੍ਹਾਂ ਨਾਲ ਲਿੰਗੀ ਦੁਰਵਿਹਾਰ ਕੀਤਾ ਜਾਂਦਾ ਹੈ ਅਤੇ ਬਾਅਦ ਵਿਚ ਡਰਾ-ਧਮਕਾ ਕੇ ਜਾਂ ਬਹੁਤ ਜ਼ਿਆਦਾ ਲਾਡ-ਪਿਆਰ ਨਾਲ ਵਿਗਾੜ ਕੇ ਉਨ੍ਹਾਂ ਨੂੰ “ਕਲੱਬ” ਵਿਚ ਹੀ ਰਹਿਣ ਲਈ ਉਕਸਾਇਆ ਜਾਂਦਾ ਹੈ। ਜਿਹੜੇ ਮਨੁੱਖ ਮਨਸੂਬੇ ਬਣਾ ਕੇ ਇਹ ਨੀਚ ਕੰਮ ਕਰਦੇ ਹਨ, ਉਹ ਅਕਸਰ ਸਮਾਜ ਦੇ ਉੱਘੇ ਨੇਤਾ ਹੀ ਹੁੰਦੇ ਹਨ ਅਤੇ ਕਦੇ-ਕਦਾਈਂ ਉਹ ਇਹ ਕੰਮ ਪੁਲਸ ਤੇ ਨਿਆਂ-ਪਾਲਕਾ ਦੀ ਪੂਰੀ ਜਾਣਕਾਰੀ ਨਾਲ ਅਤੇ ਉਨ੍ਹਾਂ ਦੀ ਸੁਰੱਖਿਆ ਹੇਠ ਕਰਦੇ ਹਨ।
ਪਾਦਰੀਆਂ ਦੁਆਰਾ ਬੱਚਿਆਂ ਨਾਲ ਕੀਤਾ ਗਿਆ ਲਿੰਗੀ ਦੁਰਵਿਹਾਰ ਵੀ ਹੰਗਾਮਾ ਖੜ੍ਹਾ ਕਰ ਰਿਹਾ ਹੈ। ਸੰਸਾਰ ਦੇ ਹਰ ਹਿੱਸੇ ਤੋਂ ਮਿਲੀਆਂ ਰਿਪੋਰਟਾਂ ਜ਼ਾਹਰ ਕਰਦੀਆਂ ਹਨ ਕਿ ਪਾਦਰੀਆਂ ਦੁਆਰਾ ਬਾਲ ਦੁਰਵਿਹਾਰ ਬਹੁਤ ਹੱਦ ਤਕ ਵੱਧ ਗਿਆ ਹੈ, ਅਤੇ ਕਦੇ-ਕਦਾਈਂ ਇਹ ਕੰਮ ਪਰਮੇਸ਼ੁਰ ਦੇ ਨਾਂ ਉੱਤੇ ਕੀਤਾ ਜਾਂਦਾ ਹੈ। ਉਦਾਹਰਣ ਦੇ ਲਈ, ਇਕ ਦੋਸ਼ੀ ਐਂਗਲੀਕਨ ਪਾਦਰੀ ਨੇ ਆਪਣੇ ਦਸ ਸਾਲ ਦੇ ਸ਼ਿਕਾਰ ਬੱਚੇ ਨੂੰ ਕਿਹਾ ਕਿ “ਪਰਮੇਸ਼ੁਰ ਉਸ [ਪਾਦਰੀ] ਦੇ ਦੁਆਰਾ ਬੋਲ ਰਿਹਾ ਸੀ ਅਤੇ ਜੋ ਕੁਝ ਉਸ ਨੇ ਕੀਤਾ ਜਾਂ ਜੋ ਕੁਝ ਉਸ [ਮੁੰਡੇ] ਨੇ ਕੀਤਾ, ਉਹ ਪਰਮੇਸ਼ੁਰ ਨੂੰ ਪਸੰਦ ਸੀ ਅਤੇ ਇਸ ਲਈ ਇਹ ਗ਼ਲਤ ਕੰਮ ਨਹੀਂ ਸੀ।”
ਆਸਟ੍ਰੇਲੀਆ ਵਿਚ ਯੁੱਧ ਅਤੇ ਇਸ ਦਾ ਅਸਰ: ਬਾਲ ਲਿੰਗੀ ਦੁਰਵਿਹਾਰ ਦਾ ਯੁੱਧ (ਅੰਗ੍ਰੇਜ਼ੀ) ਨਾਮਕ ਪੁਸਤਕ ਦੀ ਸਮੀਖਿਆ ਨੇ ਪਾਦਰੀਆਂ ਦੁਆਰਾ ਅਤੇ ਹੋਰ ਜ਼ਿੰਮੇਵਾਰ ਵਿਅਕਤੀਆਂ ਦੁਆਰਾ ਕੀਤੇ ਗਏ ਬਾਲ ਦੁਰਵਿਹਾਰ ਉੱਤੇ ਟਿੱਪਣੀ ਕੀਤੀ ਕਿ ਇਸ ਕੰਮ ਵਿਚ ਸ਼ਾਮਲ ਸੰਸਥਾਵਾਂ ਅਸੁਰੱਖਿਅਤ ਬੱਚਿਆਂ ਦੀ ਰੱਖਿਆ ਕਰਨ ਦੀ ਬਜਾਇ, ਆਪਣੀ ਰੱਖਿਆ ਕਰਨ ਅਤੇ ਆਪਣੇ ਆਪ ਨੂੰ ਬਦਨਾਮੀ ਤੋਂ ਬਚਾਉਣ ਬਾਰੇ ਜ਼ਿਆਦਾ ਚਿੰਤਿਤ ਹਨ।
ਤਬਾਹਕੁਨ ਪ੍ਰਭਾਵ
ਆਮ ਤੌਰ ਤੇ ਇਕ ਬੱਚਾ ਬਿਨਾਂ ਕਿਸੇ ਸ਼ੱਕ ਦੇ ਦੂਸਰਿਆਂ ਉੱਤੇ ਪੂਰਾ ਭਰੋਸਾ ਕਰਦਾ ਹੈ। ਇਸ ਲਈ ਜੇਕਰ ਉਸ ਨਾਲ ਵਿਸ਼ਵਾਸਘਾਤ ਕੀਤਾ ਜਾਂਦਾ ਹੈ, ਤਾਂ ਇਹ ਬੱਚੇ ਦੇ ਭੋਲੇ-ਭਾਲੇ ਮਨ ਉੱਤੇ ਤਬਾਹਕੁਨ ਪ੍ਰਭਾਵ ਛੱਡਦਾ ਹੈ। ਪ੍ਰਕਾਸ਼ਨ ਬਾਲ ਦੁਰਵਿਹਾਰ ਅਤੇ ਅਣਗਹਿਲੀ (ਅੰਗ੍ਰੇਜ਼ੀ) ਟਿੱਪਣੀ ਕਰਦਾ ਹੈ: “ਜਿਨ੍ਹਾਂ ਵਿਅਕਤੀਆਂ ਅਤੇ ਜਿਹੜੀਆਂ ਥਾਵਾਂ ਤੋਂ ਪਹਿਲਾਂ ਸੁਰੱਖਿਆ ਜਾਂ ਸਹਾਇਤਾ ਪ੍ਰਾਪਤ ਹੁੰਦੀ ਸੀ, ਉਹੀ ਹੁਣ ਖ਼ਤਰੇ ਅਤੇ ਡਰ ਦਾ ਕਾਰਨ ਬਣ ਗਏ ਹਨ। ਬੱਚਾ ਅਸੁਰੱਖਿਅਤ ਅਤੇ ਡਰ ਮਹਿਸੂਸ ਕਰਨ ਲੱਗ ਪੈਂਦਾ ਹੈ।”
ਇਸ ਤਰ੍ਹਾਂ ਦੇ ਦੁਰਵਿਹਾਰ, ਜੋ ਕਿ ਅਕਸਰ ਕਾਫ਼ੀ ਸਾਲਾਂ ਤਕ ਜਾਰੀ ਰਹਿੰਦਾ ਹੈ, ਦੇ ਨਤੀਜੇ ਵਜੋਂ ਕੁਝ ਬੱਚਿਆਂ ਨੂੰ ਵੱਡੇ ਹੋ ਕੇ ਸਮਾਜਕ ਅਤੇ ਮਨੋ-ਚਿਕਿਤਸਕ ਸਮੱਸਿਆਵਾਂ ਨਾਲ ਜੂਝਣਾ ਪੈਂਦਾ ਹੈ। ਬੱਚੇ ਨਾਲ ਵਿਸ਼ਵਾਸਘਾਤ ਕਰਨਾ ਬਹੁਤ ਜ਼ਿਆਦਾ ਨੁਕਸਾਨਦੇਹ ਹੁੰਦਾ ਹੈ ਕਿਉਂਕਿ ਉਸ ਦਾ ਇਸ ਕਰਕੇ ਫ਼ਾਇਦਾ ਉਠਾਇਆ ਗਿਆ ਹੈ ਕਿ ਉਹ ਇਕ ਬੱਚਾ ਜਾਂ ਬੱਚੀ ਹੈ। ਫਿਰ ਵੀ, ਬਹੁਤ ਸਾਰੇ ਬੱਚੇ ਜਿਨ੍ਹਾਂ ਨਾਲ ਦੁਰਵਿਹਾਰ ਕੀਤਾ ਜਾਂਦਾ ਹੈ, ਉਹ ਇਸ ਬਾਰੇ ਕਿਸੇ ਨੂੰ ਨਹੀਂ ਦੱਸਦੇ—ਅਤੇ ਬੱਚਿਆਂ ਨਾਲ ਦੁਰਵਿਹਾਰ ਕਰਨ ਵਾਲੇ ਲੋਕ ਇਸੇ ਗੱਲ ਤੋਂ ਫ਼ਾਇਦਾ ਉਠਾਉਂਦੇ ਹਨ।
ਹਾਲ ਹੀ ਦੇ ਸਾਲਾਂ ਵਿਚ, ਪੂਰੇ ਸੰਸਾਰ ਵਿਚ ਬੱਚਿਆਂ ਨਾਲ ਦੁਰਵਿਹਾਰ ਕੀਤੇ ਜਾਣ ਦੇ ਸਬੂਤ ਵਧਦੇ ਜਾ ਰਹੇ ਹਨ। ਅੱਜ ਇੰਨੇ ਸਾਰੇ ਸਬੂਤ ਹੋਣ ਕਰਕੇ, ਇਨ੍ਹਾਂ ਨੂੰ ਹੁਣ ਇਨਕਾਰ ਜਾਂ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ। ਪਰ ਬਹੁਤ ਸਾਰੇ ਲੋਕ ਇਸ ਗੱਲ ਤੇ ਸਹਿਮਤ ਹਨ ਕਿ ਬਾਲ ਦੁਰਵਿਹਾਰ ਨੂੰ ਖ਼ਤਮ ਕਰਨਾ ਇਕ ਬਹੁਤ ਔਖਾ ਕੰਮ ਹੈ। ਇਸ ਲਈ ਇਹ ਸਵਾਲ ਪੈਦਾ ਹੁੰਦੇ ਹਨ: ਕੀ ਕੋਈ ਹੈ ਜਿਹੜਾ ਸਾਡੇ ਬੱਚਿਆਂ ਦੀ ਸੱਚ-ਮੁੱਚ ਰੱਖਿਆ ਕਰ ਸਕੇ? ਅਸੀਂ ਮਾਪੇ ਪਰਮੇਸ਼ੁਰ ਵੱਲੋਂ ਆਪਣੇ ਵਿਰਸੇ ਦੀ ਕਿਵੇਂ ਰੱਖਿਆ ਕਰ ਸਕਦੇ ਹਾਂ ਅਤੇ ਆਪਣੇ ਨਾਜ਼ੁਕ ਬੱਚਿਆਂ ਦੀਆਂ ਜਾਨਾਂ ਦਾ ਕਿਵੇਂ ਧਿਆਨ ਰੱਖ ਸਕਦੇ ਹਾਂ? ਮਾਪੇ ਕਿੱਥੋਂ ਮਦਦ ਪ੍ਰਾਪਤ ਕਰ ਸਕਦੇ ਹਨ?
[ਸਫ਼ੇ 7 ਉੱਤੇ ਡੱਬੀ/ਤਸਵੀਰ]
ਇੰਟਰਨੈੱਟ ਖੁਫੀਆ ਕਾਰਵਾਈ
ਕੁਝ ਮਹੀਨੇ ਪਹਿਲਾਂ, ਇੰਟਰਨੈੱਟ ਬਾਲ ਅਸ਼ਲੀਲ ਸਾਹਿੱਤ ਦੇ ਵਿਰੁੱਧ ਇਕ ਸਭ ਤੋਂ ਵੱਡੀ ਖੁਫੀਆ ਕਾਰਵਾਈ ਕੀਤੀ ਗਈ, ਜਿਸ ਵਿਚ 12 ਦੇਸ਼ਾਂ ਦੀ ਪੁਲਸ ਨੇ 100 ਤੋਂ ਵੀ ਜ਼ਿਆਦਾ ਸ਼ੱਕੀ ਬੱਚਿਆਂ ਨਾਲ ਬਦਫ਼ੈਲੀ ਕਰਨ ਵਾਲਿਆਂ ਦੇ ਘਰਾਂ ਵਿਚ ਛਾਪਾ ਮਾਰਿਆ। ਸੰਯੁਕਤ ਰਾਜ ਅਮਰੀਕਾ ਵਿਚ ਬੱਚਿਆਂ ਨਾਲ ਬਦਫ਼ੈਲੀ ਕਰਨ ਵਾਲਿਆਂ ਦੇ ਇੱਕੋ ਗਰੋਹ ਕੋਲੋਂ ਬੱਚਿਆਂ ਦੀਆਂ 1,00,000 ਤੋਂ ਵੀ ਜ਼ਿਆਦਾ ਅਸ਼ਲੀਲ ਤਸਵੀਰਾਂ ਫੜੀਆਂ ਗਈਆਂ।
ਉਸ ਅੰਗ੍ਰੇਜ਼ ਜਾਸੂਸ, ਜਿਸ ਦੀ ਅਗਵਾਈ ਹੇਠ ਇਹ ਪੰਜ ਮਹੀਨੇ ਦੀ ਇੰਟਰਨੈੱਟ ਤਫਤੀਸ਼ ਕੀਤੀ ਗਈ ਸੀ, ਨੇ ਦੱਸਿਆ: “ਇਹ ਤਸਵੀਰਾਂ ਨਿਸ਼ਚੇ ਹੀ ਕਿਸੇ ਵੀ ਸੁਰਤ ਵਾਲੇ ਵਿਅਕਤੀ ਦਾ ਦਿਲ ਦਹਿਲਾ ਦੇਣਗੀਆਂ।” ਇਹ ਤਸਵੀਰਾਂ ਛੋਟੀਆਂ ਕੁੜੀਆਂ ਅਤੇ ਮੁੰਡਿਆਂ ਦੀਆਂ ਸਨ, ਕੁਝ ਤਾਂ ਸਿਰਫ਼ ਦੋ ਕੁ ਸਾਲ ਦੀ ਉਮਰ ਦੇ ਸਨ। ਬੈਲਜੀਅਮੀ ਪੁਲਸ ਨੇ ਕਿਹਾ ਕਿ ਇਨ੍ਹਾਂ ਇੰਟਰਨੈੱਟ ਤਸਵੀਰਾਂ ਵਿਚ “ਬਾਲ ਅਸ਼ਲੀਲ ਸਾਹਿੱਤ ਦਾ ਸਭ ਤੋਂ ਘਿਣਾਉਣਾ ਰੂਪ ਦਿਖਾਇਆ ਗਿਆ ਸੀ। . . . ਇੱਥੋਂ ਤਕ ਕਿ ਲੋਕਾਂ ਨੇ ਆਪਣੇ ਹੀ ਬੱਚਿਆਂ ਨਾਲ ਦੁਰਵਿਹਾਰ ਕੀਤਾ ਤਾਂਕਿ ਉਹ ਸਭ ਤੋਂ ਜ਼ਿਆਦਾ ਅਸ਼ਲੀਲ ਤਸਵੀਰਾਂ ਖਿੱਚ ਸਕਣ।” ਇਕ ਆਦਮੀ ਨੇ ਖ਼ੁਦ ਆਪਣੀ ਭਤੀਜੀ ਦੇ ਨਾਲ ਬਲਾਤਕਾਰ ਕਰ ਕੇ ਤਸਵੀਰਾਂ ਖਿੱਚੀਆਂ ਅਤੇ ਇਨ੍ਹਾਂ ਨੂੰ ਆਪਣੇ ਕੰਪਿਊਟਰ ਵਿਚ ਪਾਇਆ।
ਸ਼ੱਕੀ ਵਿਅਕਤੀਆਂ ਵਿਚ ਕਈ ਅਧਿਆਪਕ, ਇਕ ਸਾਇੰਸਦਾਨ, ਇਕ ਕਾਨੂੰਨ ਦਾ ਵਿਦਿਆਰਥੀ, ਇਕ ਡਾਕਟਰੀ ਦਾ ਵਿਦਿਆਰਥੀ, ਇਕ ਸਕਾਉਟ ਮਾਸਟਰ, ਇਕ ਅਕਾਊਂਟੈਂਟ, ਅਤੇ ਇਕ ਯੂਨੀਵਰਸਿਟੀ ਪ੍ਰੋਫ਼ੈਸਰ ਸ਼ਾਮਲ ਸਨ।
[ਸਫ਼ੇ 6 ਉੱਤੇ ਤਸਵੀਰ]
ਇਕ ਬੰਬ ਨੇ ਇਸ ਮੁੰਡੇ ਦਾ ਸੱਜਾ ਹੱਥ ਉਡਾ ਦਿੱਤਾ
[ਕ੍ਰੈਡਿਟ ਲਾਈਨ]
UN/DPI Photo by Armineh Johannes
[ਸਫ਼ੇ 7 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Photo ILO/J. Maillard