ਸਾਡੇ ਬੱਚਿਆਂ ਦੀ ਰੱਖਿਆ ਕੌਣ ਕਰੇਗਾ?
ਇਹ ਜਾਣ ਕੇ ਹੌਸਲਾ ਮਿਲਦਾ ਹੈ ਕਿ ਬਾਲ ਦੁਰਵਿਹਾਰ ਨੂੰ ਹੁਣ ਇਕ ਵਿਸ਼ਵ-ਵਿਆਪੀ ਸਮੱਸਿਆ ਵਜੋਂ ਸਵੀਕਾਰ ਕਰ ਲਿਆ ਗਿਆ ਹੈ। ਵਪਾਰਕ ਬਾਲ ਯੌਨ ਸ਼ੋਸ਼ਣ ਵਿਰੁੱਧ ਸਟਾਕਹੋਮ ਕਾਂਗਰਸ ਵਰਗੀ ਪਹਿਲ-ਕਦਮੀ ਨੇ ਇਸ ਸਮੱਸਿਆ ਵੱਲ ਧਿਆਨ ਦਿੱਤਾ ਹੈ, ਜਿਸ ਵਿਚ 130 ਦੇਸ਼ਾਂ ਦੇ ਪ੍ਰਤਿਨਿਧ ਹਾਜ਼ਰ ਹੋਏ ਸਨ।
ਇਸ ਤੋਂ ਇਲਾਵਾ, ਕੁਝ ਦੇਸ਼ ਹੁਣ ਕਾਨੂੰਨ ਪਾਸ ਕਰ ਰਹੇ ਹਨ ਜਿਨ੍ਹਾਂ ਨੇ ਵੇਸਵਾ ਸੈਰ-ਸਪਾਟੇ ਅਤੇ ਬਾਲ ਅਸ਼ਲੀਲ ਸਾਹਿੱਤ ਨੂੰ ਗ਼ੈਰ-ਕਾਨੂੰਨੀ ਕਰਾਰ ਦਿੱਤਾ ਹੈ। ਕੁਝ ਦੇਸ਼ਾਂ ਨੇ ਜਾਣੇ-ਪਛਾਣੇ ਬੱਚਿਆਂ ਨਾਲ ਬਦਫ਼ੈਲੀ ਕਰਨ ਵਾਲਿਆਂ ਦਾ ਇਕ ਰਜਿਸਟਰ ਵੀ ਬਣਾਇਆ ਹੈ, ਤਾਂਕਿ ਅਜਿਹੇ ਲੋਕ ਆਸਾਨੀ ਨਾਲ ਬੱਚਿਆਂ ਤਕ ਨਾ ਪਹੁੰਚ ਸਕਣ।
ਕੁਝ ਦੇਸ਼ਾਂ ਨੇ ਬੱਚਿਆਂ ਦੀ ਰੱਖਿਆ ਲਈ ਕਾਨੂੰਨ ਪਾਸ ਕਰਨ ਦੁਆਰਾ ਉਨ੍ਹਾਂ ਨੂੰ ਇਕ ਵਧੀਆ ਜੀਵਨ ਦੇਣ ਦੀ ਕੋਸ਼ਿਸ਼ ਕੀਤੀ ਹੈ। ਅਤੇ ਹੋਰ ਕਈ ਦੇਸ਼ਾਂ ਨੇ ਅਤੇ ਵਿਅਕਤੀਆਂ ਨੇ ਬਾਲ ਮਜ਼ਦੂਰੀ ਦੁਆਰਾ ਬਣਾਈਆਂ ਗਈਆਂ ਚੀਜ਼ਾਂ ਖ਼ਰੀਦਣ ਤੋਂ ਇਨਕਾਰ ਕੀਤਾ ਹੈ।
ਜਦ ਕਿ ਯਕੀਨਨ ਅਸੀਂ ਸਾਰੇ ਹੀ, ਸਮਾਜ ਵਿੱਚੋਂ ਬਾਲ ਦੁਰਵਿਹਾਰ ਨੂੰ ਖ਼ਤਮ ਕਰਨ ਦੇ ਅਜਿਹੇ ਜਤਨਾਂ ਦੀ ਸ਼ਲਾਘਾ ਕਰਦੇ ਹਾਂ, ਪਰ ਸਾਨੂੰ ਅਸਲੀਅਤ ਨੂੰ ਦੇਖਣਾ ਅਤੇ ਇਹ ਮੰਨਣਾ ਪਵੇਗਾ ਕਿ ਮਨੁੱਖੀ ਸਮਾਜ ਵਿਚ ਬਾਲ ਦੁਰਵਿਹਾਰ ਦੀਆਂ ਜੜ੍ਹਾਂ ਬਹੁਤ ਹੀ ਡੂੰਘੀਆਂ ਹਨ। ਇਹ ਸੋਚਣਾ ਮੂਰਖਤਾ ਹੋਵੇਗੀ ਕਿ ਸਿਰਫ਼ ਕਾਨੂੰਨਸਾਜ਼ੀ ਨਾਲ ਸਾਡੇ ਬੱਚਿਆਂ ਨੂੰ ਪੂਰੀ ਤਰ੍ਹਾਂ ਨਾਲ ਸੁਰੱਖਿਆ ਮਿਲ ਸਕੇਗੀ। ਬਹੁਤ ਸਾਰੇ ਕਾਨੂੰਨ ਪਹਿਲਾਂ ਹੀ ਪਾਸ ਹੋ ਚੁੱਕੇ ਹਨ ਅਤੇ ਸਮੱਸਿਆ ਹਾਲੇ ਵੀ ਉਸੇ ਤਰ੍ਹਾਂ ਹੀ ਬਣੀ ਹੋਈ ਹੈ। ਸੰਸਾਰ ਦੇ ਬਾਲਗਾਂ ਦਾ ਅਪਰਾਧ ਇਸ ਗੱਲ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਬਚਪਨ ਦਾ ਆਨੰਦ ਮਾਣਨ ਦੇ ਬੱਚਿਆਂ ਦੇ ਕੁਦਰਤੀ ਅਧਿਕਾਰ ਦੀ ਰਾਖੀ ਕਰਨ ਲਈ ਇੰਨੇ ਸਾਰੇ ਨਿਯਮ ਬਣਾਉਣੇ ਪਏ ਹਨ।
ਕਾਨੂੰਨ ਬੱਚਿਆਂ ਦੀ ਪੂਰੀ ਰੱਖਿਆ ਨਹੀਂ ਕਰ ਪਾਉਂਦੇ ਹਨ। ਅਸੀਂ ਉਨ੍ਹਾਂ ਸਖ਼ਤ ਕਾਨੂੰਨਾਂ ਦੇ ਨਤੀਜਿਆਂ ਉੱਤੇ ਵਿਚਾਰ ਕਰ ਸਕਦੇ ਹਾਂ, ਜੋ ਕਿ ਬੱਚੇ ਦੇ ਅਧਿਕਾਰਾਂ ਦੀ ਯੂ. ਐੱਨ. ਸੰਧੀ ਵਿਚ ਪਾਸ ਕੀਤੇ ਗਏ ਸਨ, ਜਿਸ ਉੱਤੇ ਬਹੁਤ ਸਾਰੀਆਂ ਸਰਕਾਰਾਂ ਨੇ ਦਸਤਖਤ ਕੀਤੇ। ਸਬੂਤ ਦਿਖਾਉਂਦੇ ਹਨ ਕਿ ਆਰਥਿਕ ਪਾਬੰਦੀਆਂ ਦਾ ਦਬਾਅ ਹੋਣ ਕਰਕੇ, ਇਨ੍ਹਾਂ ਵਿੱਚੋਂ ਵੀ ਕਈ ਸਰਕਾਰਾਂ ਬੱਚਿਆਂ ਦੇ ਸ਼ੋਸ਼ਣ ਨੂੰ ਰੋਕਣ ਲਈ ਜ਼ਿਆਦਾ ਕੁਝ ਨਹੀਂ ਕਰਦੀਆਂ ਹਨ। ਬਾਲ ਦੁਰਵਿਹਾਰ ਅਜੇ ਵੀ ਇਕ ਵੱਡੀ ਅੰਤਰਰਾਸ਼ਟਰੀ ਸਮੱਸਿਆ ਬਣਿਆ ਹੋਇਆ ਹੈ।
ਮਾਤਾ-ਪਿਤਾ ਬਹੁਤ ਕੁਝ ਕਰ ਸਕਦੇ ਹਨ
ਸਫ਼ਲ ਮਾਤਾ-ਪਿਤਾ ਬਣਨਾ ਇਕ ਔਖਾ ਕੰਮ ਹੈ। ਇਸ ਵਿਚ ਕਾਫ਼ੀ ਸਾਰੀਆਂ ਕੁਰਬਾਨੀਆਂ ਕਰਨੀਆਂ ਪੈਂਦੀਆਂ ਹਨ। ਪਰ ਪਰਵਾਹ ਕਰਨ ਵਾਲੇ ਮਾਤਾ-ਪਿਤਾ ਨੂੰ ਇਹ ਨਿਸ਼ਚਿਤ ਕਰਨ ਦੀ ਲੋੜ ਹੈ ਕਿ ਉਹ ਆਪਣੇ ਬੱਚਿਆਂ ਨੂੰ ਹੀ ਕੁਰਬਾਨ ਨਾ ਕਰ ਦੇਣ। ਮੈਕਲੇਨਸ ਰਸਾਲਾ ਦੱਸਦਾ ਹੈ ਕਿ ਅਕਸਰ “ਮਾਤਾ-ਪਿਤਾ ਬਣਨਾ ਸ਼ੁਗਲ ਦੀ ਗੱਲ ਸਮਝਿਆ ਜਾਂਦਾ ਹੈ।” ਇਕ ਖਿਡੌਣੇ ਨੂੰ ਸੁੱਟਿਆ ਜਾ ਸਕਦਾ ਹੈ ਜਾਂ ਇਕ ਸ਼ੁਗਲ ਨੂੰ ਛੱਡਿਆ ਜਾ ਸਕਦਾ ਹੈ, ਪਰ ਮਾਤਾ-ਪਿਤਾ ਬਣਨਾ ਪਰਮੇਸ਼ੁਰ ਵੱਲੋਂ ਮਿਲੀ ਜ਼ਿੰਮੇਵਾਰੀ ਹੈ।
ਇਕ ਚੰਗੇ ਮਾਤਾ-ਪਿਤਾ ਹੋਣਾ ਤੁਹਾਡੇ ਵੱਲੋਂ ਆਪਣੇ ਬੱਚਿਆਂ ਲਈ ਇਕ ਸਭ ਤੋਂ ਬਹੁਮੁੱਲਾ ਦਾਨ ਹੈ ਕਿਉਂਕਿ ਇਹ ਤੁਹਾਡੇ ਬੱਚਿਆਂ ਨੂੰ ਇਕ ਖ਼ੁਸ਼ੀ ਤੇ ਸੁਰੱਖਿਅਤ ਬਚਪਨ ਦੇਣ ਵਿਚ ਮਦਦ ਕਰੇਗਾ। ਅਜਿਹੀ ਸੁਰੱਖਿਆ, ਜੀਵਨ ਵਿਚ ਸਮਾਜਕ ਜਾਂ ਆਰਥਿਕ ਰੁਤਬੇ ਤੇ ਨਿਰਭਰ ਨਹੀਂ ਕਰਦੀ। ਤੁਹਾਡੇ ਬੱਚੇ ਨੂੰ ਤੁਹਾਡੀ ਲੋੜ ਹੈ—ਤੁਹਾਡੇ ਪਿਆਰ ਅਤੇ ਸਨੇਹ ਦੀ ਲੋੜ ਹੈ। ਜਦੋਂ ਉਹ ਖ਼ਤਰਾ ਮਹਿਸੂਸ ਕਰਦਾ ਹੈ ਤਾਂ ਉਸ ਨੂੰ ਤੁਹਾਡੇ ਭਰੋਸੇ ਦੀ ਅਤੇ ਤੁਹਾਡੇ ਸਮੇਂ ਦੀ ਲੋੜ ਹੈ। ਤੁਹਾਡਾ ਬੱਚਾ ਤੁਹਾਡੇ ਕੋਲੋਂ ਕਹਾਣੀਆਂ ਸੁਣਨਾ ਚਾਹੁੰਦਾ ਹੈ, ਤੁਹਾਨੂੰ ਆਪਣਾ ਆਦਰਸ਼ ਬਣਾਉਣਾ ਚਾਹੁੰਦਾ ਹੈ ਅਤੇ ਤੁਹਾਡੇ ਕੋਲੋਂ ਪ੍ਰੇਮ ਭਰਿਆ ਅਨੁਸ਼ਾਸਨ ਲੈਣਾ ਚਾਹੁੰਦਾ ਹੈ।
ਲਿੰਗੀ ਨੈਤਿਕਤਾ ਦੇ ਵਿਸ਼ੇ ਉੱਤੇ—ਮਾਪਿਓ, ਆਪਣੇ ਪਰਿਵਾਰਕ ਸੰਬੰਧਾਂ ਨੂੰ ਪਵਿੱਤਰ ਬਣਾਈ ਰੱਖੋ ਅਤੇ ਆਪਣੇ ਬੱਚਿਆਂ ਦੇ ਮਨਾਂ ਤੇ ਸਰੀਰਾਂ ਲਈ ਆਦਰ ਦਿਖਾਓ। ਬੱਚੇ ਬਹੁਤ ਹੀ ਜਲਦੀ ਸਿੱਖ ਜਾਂਦੇ ਹਨ ਕਿ ਕਿਹੜੀਆਂ ਹਰਕਤਾਂ ਮਾਤਾ-ਪਿਤਾ ਵੱਲੋਂ ਲਗਾਈਆਂ ਗਈਆਂ ਨੈਤਿਕ ਸੀਮਾਵਾਂ ਦੀ ਉਲੰਘਣਾ ਕਰਦੀਆਂ ਹਨ। ਉਨ੍ਹਾਂ ਨੂੰ ਸਿਖਾਉਣ ਦੀ ਲੋੜ ਹੈ ਕਿ ਘਰ ਦੇ ਅੰਦਰ ਅਤੇ ਬਾਹਰ ਉਨ੍ਹਾਂ ਨੂੰ ਕਿਵੇਂ ਵਰਤਾਉ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਇਸ ਤਰ੍ਹਾਂ ਕਰਨ ਵਿਚ ਅਸਫ਼ਲ ਹੋ ਜਾਂਦੇ ਹੋ, ਤਾਂ ਕੋਈ ਹੋਰ ਵਿਅਕਤੀ ਤੁਹਾਡੇ ਲਈ ਇਹ ਕਰੇਗਾ ਅਤੇ ਤੁਸੀਂ ਸ਼ਾਇਦ ਇਸ ਦੇ ਨਤੀਜਿਆਂ ਨੂੰ ਪਸੰਦ ਨਹੀਂ ਕਰੋਗੇ। ਬੱਚਿਆਂ ਨੂੰ ਸਿਖਾਓ ਕਿ ਜੇਕਰ ਉਹ ਕਦੀ ਵੀ ਲਿੰਗੀ ਤੌਰ ਤੇ ਖ਼ਤਰੇ ਵਿਚ ਹੋਣ, ਤਾਂ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਦੱਸੋ ਕਿ ਉਨ੍ਹਾਂ ਦੇ ਗੁਪਤ ਅੰਗਾਂ ਦਾ ਕੀ ਉਦੇਸ਼ ਹੈ ਅਤੇ ਉਨ੍ਹਾਂ ਨੂੰ ਸਿਖਾਓ ਕਿ ਇਨ੍ਹਾਂ ਦਾ ਨਿਰਾਦਰ ਨਹੀਂ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੂੰ ਦੱਸੋ ਕਿ ਜੇਕਰ ਕੋਈ ਉਨ੍ਹਾਂ ਦੇ ਨੇੜੇ ਆਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਉਨ੍ਹਾਂ ਦਾ ਫ਼ਾਇਦਾ ਉਠਾਉਣਾ ਚਾਹੁੰਦਾ ਹੈ, ਤਾਂ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ।
ਹਰ ਵੇਲੇ ਧਿਆਨ ਰੱਖੋ ਕਿ ਤੁਹਾਡੇ ਬੱਚੇ ਕਿੱਥੇ ਹਨ ਅਤੇ ਉਨ੍ਹਾਂ ਦੇ ਨਾਲ ਕੌਣ ਹੈ। ਤੁਹਾਡੇ ਬੱਚਿਆਂ ਦੇ ਨਜ਼ਦੀਕੀ ਮਿੱਤਰ ਕੌਣ ਹਨ? ਤੁਹਾਡੀ ਗ਼ੈਰ-ਹਾਜ਼ਰੀ ਦੌਰਾਨ ਕੌਣ ਤੁਹਾਡੇ ਬੱਚੇ ਦਾ ਧਿਆਨ ਰੱਖਦੇ ਹਨ? ਕੀ ਉਨ੍ਹਾਂ ਤੇ ਭਰੋਸਾ ਕੀਤਾ ਜਾ ਸਕਦਾ ਹੈ? ਪਰ ਇਸ ਦਾ ਮਤਲਬ ਇਹ ਨਹੀਂ ਕਿ ਮਾਪੇ ਹਰ ਕਿਸੇ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਣ। ਆਪਣੇ ਬੱਚੇ ਦੇ ਜੀਵਨ ਵਿਚ ਆਉਣ ਵਾਲੇ ਵਿਅਕਤੀਆਂ ਬਾਰੇ ਉਚਿਤ ਜਾਣਕਾਰੀ ਹਾਸਲ ਕਰੋ, ਅਤੇ ਬਾਹਰਲੇ ਦਿਖਾਵੇ ਤੋਂ ਵੀ ਜ਼ਿਆਦਾ ਕੁਝ ਦੇਖੋ।
ਉਨ੍ਹਾਂ ਮਾਪਿਆਂ ਦੇ ਦੁੱਖ ਬਾਰੇ ਸੋਚੋ ਜਿਨ੍ਹਾਂ ਨੂੰ ਬਹੁਤ ਦੇਰ ਬਾਅਦ ਪਤਾ ਚਲਿਆ ਕਿ ਉਨ੍ਹਾਂ ਦੇ ਬੱਚਿਆਂ ਨਾਲ ਭਰੋਸੇਮੰਦ ਪਾਦਰੀਆਂ, ਅਧਿਆਪਕਾਂ, ਜਾਂ ਇੱਥੋਂ ਤਕ ਕਿ ਪਰਿਵਾਰ ਦੇ ਮੈਂਬਰਾਂ ਨੇ ਦੁਰਵਿਹਾਰ ਕੀਤਾ ਹੈ। ਇਕ ਮਾਤਾ-ਪਿਤਾ ਹੋਣ ਦੇ ਨਾਤੇ, ਤੁਹਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ, ‘ਕੀ ਮੇਰਾ ਗਿਰਜਾ ਬਾਲ ਦੁਰਵਿਹਾਰ ਨੂੰ ਸਹਿਣ ਕਰਦਾ ਜਾਂ ਉਸ ਤੇ ਪਰਦਾ ਪਾਉਂਦਾ ਹੈ? ਕੀ ਮੇਰਾ ਧਰਮ ਦ੍ਰਿੜ੍ਹਤਾ ਨਾਲ ਉੱਚੇ ਨੈਤਿਕ ਮਿਆਰਾਂ ਉੱਤੇ ਚੱਲਦਾ ਹੈ?’ ਇਸ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਤੁਹਾਨੂੰ ਆਪਣੇ ਬੱਚਿਆਂ ਦੀ ਰੱਖਿਆ ਲਈ ਸਹੀ ਚੋਣ ਕਰਨ ਵਿਚ ਮਦਦ ਦੇ ਸਕਦੇ ਹਨ।
ਪਰ ਸਭ ਤੋਂ ਵੱਧ, ਸ੍ਰਿਸ਼ਟੀਕਰਤਾ ਨੂੰ ਜਾਣਨ ਵਿਚ ਅਤੇ ਉਸ ਦੇ ਸਿਧਾਂਤਾਂ ਨਾਲ ਪਿਆਰ ਕਰਨ ਵਿਚ ਉਨ੍ਹਾਂ ਦੀ ਮਦਦ ਕਰੋ, ਜੋ ਉਨ੍ਹਾਂ ਦੀ ਰੱਖਿਆ ਕਰਨ ਵਿਚ ਮਦਦ ਦੇਵੇਗਾ। ਜਦੋਂ ਬੱਚੇ ਆਪਣੇ ਮਾਪਿਆਂ ਨੂੰ ਉੱਚੇ ਨੈਤਿਕ ਮਿਆਰਾਂ ਦਾ ਆਦਰ ਕਰਦੇ ਹੋਏ ਦੇਖਦੇ ਹਨ, ਤਾਂ ਉਹ ਇਸ ਚੰਗੀ ਉਦਾਹਰਣ ਦੀ ਸਹਿਜੇ ਹੀ ਨਕਲ ਕਰਨਗੇ।
ਇੱਕੋ-ਇਕ ਅਸਲੀ ਹੱਲ
ਨਿਸ਼ਚੇ ਹੀ, ਨਾ ਤਾਂ ਕਾਨੂੰਨ ਤੇ ਨਾ ਹੀ ਜੇਲ੍ਹਾਂ ਦੀਆਂ ਜ਼ਿਆਦਾ ਸਖ਼ਤ ਸਜ਼ਾਵਾਂ ਆਪਣੇ ਆਪ ਵਿਚ ਸਾਡੇ ਬੱਚਿਆਂ ਦੀ ਰੱਖਿਆ ਕਰਨਗੀਆਂ। ਸ੍ਰਿਸ਼ਟੀਕਰਤਾ ਹੀ ਆਪਣੇ ਪ੍ਰੇਰਿਤ ਬਚਨ ਬਾਈਬਲ ਦੇ ਜ਼ਰੀਏ, ਪਸ਼ੂ ਸਮਾਨ ਲੋਕਾਂ ਦੀ ਸੋਚਣੀ ਨੂੰ ਬਦਲ ਸਕਦਾ ਹੈ ਅਤੇ ਉਨ੍ਹਾਂ ਨੂੰ ਸ਼ੁੱਧ ਆਚਰਣ ਰੱਖਣ ਲਈ ਪ੍ਰਭਾਵਸ਼ਾਲੀ ਢੰਗ ਨਾਲ ਪ੍ਰੇਰਿਤ ਕਰ ਸਕਦਾ ਹੈ। ਇਸ ਤਰ੍ਹਾਂ ਇਹ ਲੋਕ ਸਮਾਜ ਦੇ ਪ੍ਰੇਮਪੂਰਣ ਅਤੇ ਸਦਾਚਾਰੀ ਮੈਂਬਰ ਬਣ ਜਾਂਦੇ ਹਨ।
ਇਸ ਦਾ ਪਹਿਲਾਂ ਹੀ ਸਬੂਤ ਮਿਲ ਚੁੱਕਾ ਹੈ ਕਿ ਇਹ ਸੰਭਵ ਹੈ। ਅਜਿਹੇ ਬਹੁਤ ਸਾਰੇ ਲੋਕ ਹਨ, ਜਿਨ੍ਹਾਂ ਨੇ ਆਪਣੇ ਪਿਛਲੇ ਵਿਭਚਾਰੀ ਜੀਵਨ-ਢੰਗ ਨੂੰ ਛੱਡ ਦਿੱਤਾ ਹੈ। ਉਹ ਹੁਣ ਪਰਮੇਸ਼ੁਰ ਦੇ ਬਚਨ ਦੀ ਤਾਕਤ ਦਾ ਜੀਉਂਦਾ-ਜਾਗਦਾ ਸਬੂਤ ਹਨ। ਜਦ ਕਿ ਇਹ ਸਹੀ ਕਦਮ ਹੈ, ਪਰ ਜ਼ਿਆਦਾਤਰ ਬਦਕਾਰ ਕੁਕਰਮੀ ਨਹੀਂ ਬਦਲਣਗੇ। ਇਸੇ ਕਾਰਨ ਯਹੋਵਾਹ ਪਰਮੇਸ਼ੁਰ ਨੇ ਵਾਅਦਾ ਕੀਤਾ ਹੈ ਕਿ ਸਾਡੇ ਬੱਚਿਆਂ ਦਾ ਸ਼ੋਸ਼ਣ ਕਰਨ ਵਾਲੇ ਸਾਰੇ ਲੋਕਾਂ ਨੂੰ ਉਨ੍ਹਾਂ ਦੇ ਫ਼ਲਸਫ਼ਿਆਂ, ਹਵਸ ਅਤੇ ਉਨ੍ਹਾਂ ਦੇ ਲਾਲਚ ਸਮੇਤ ਜਲਦੀ ਹੀ ਧਰਤੀ ਉੱਤੋਂ ਖ਼ਤਮ ਕੀਤਾ ਜਾਵੇਗਾ।—1 ਯੂਹੰਨਾ 2:15-17.
ਇਸ ਤੋਂ ਬਾਅਦ, ਜਦੋਂ ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਗ਼ਰੀਬੀ ਨਹੀਂ ਰਹੇਗੀ, ਤਾਂ ਸਾਰੇ ਬੱਚੇ ਆਰਾਮ ਨਾਲ ਅਤੇ ਬਿਨਾਂ ਡਰ ਦੇ ਆਪਣੇ ਬਚਪਨ ਦਾ ਆਨੰਦ ਮਾਣਨਗੇ, ਜੋ ਕਿ ਉਨ੍ਹਾਂ ਦਾ ਪਰਮੇਸ਼ੁਰ-ਦਿੱਤ ਅਧਿਕਾਰ ਹੈ। ਇਸ ਦਾ ਮਤਲਬ ਸਿਰਫ਼ ਬਾਲ ਦੁਰਵਿਹਾਰ ਦਾ ਖ਼ਾਤਮਾ ਹੀ ਨਹੀਂ, ਬਲਕਿ ਸਾਰੀਆਂ ਦੁਖਦਾਈ ਯਾਦਾਂ ਨੂੰ ਵੀ ਖ਼ਤਮ ਕੀਤਾ ਜਾਵੇਗਾ, ਜੋ ਕਿ ਅੱਜ ਲੋਕਾਂ ਦੇ ਜੀਵਨ ਨੂੰ ਦੁਖੀ ਬਣਾਉਂਦੀਆਂ ਹਨ: “ਪਹਿਲੀਆਂ ਚੀਜ਼ਾਂ ਚੇਤੇ ਨਾ ਆਉਣਗੀਆਂ, ਨਾ ਮਨ ਉੱਤੇ ਹੀ ਚੜ੍ਹਨਗੀਆਂ।”—ਯਸਾਯਾਹ 65:17.
ਇਸ ਤਰ੍ਹਾਂ, ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਯਿਸੂ ਮਸੀਹ ਦੇ ਸ਼ਬਦ ਸ਼ਾਨਦਾਰ ਤਰੀਕੇ ਨਾਲ ਅਸਲੀ ਅਰਥ ਰੱਖਣਗੇ “ਬਾਲਕਾਂ ਨੂੰ ਕੁਝ ਨਾ ਆਖੋ ਅਰ ਉਨ੍ਹਾਂ ਨੂੰ ਮੇਰੇ ਕੋਲ ਆਉਣ ਤੋਂ ਨਾ ਵਰਜੋ ਕਿਉਂ ਜੋ ਸੁਰਗ ਦਾ ਰਾਜ [ਜੋ ਧਰਤੀ ਅਰਥਾਤ ਮਨੁੱਖਜਾਤੀ ਦੇ ਫਿਰਦੌਸੀ ਘਰ ਉੱਤੇ ਰਾਜ ਕਰੇਗਾ], ਇਹੋ ਜਿਹਿਆਂ ਦਾ ਹੈ।”—ਮੱਤੀ 19:14.
[ਸਫ਼ੇ 9 ਉੱਤੇ ਤਸਵੀਰ]
ਸ੍ਰਿਸ਼ਟੀਕਰਤਾ ਦੇ ਉਦੇਸ਼ਾਂ ਅਤੇ ਸਿਧਾਂਤਾਂ ਨੂੰ ਸਿੱਖਣ ਵਿਚ ਆਪਣੇ ਬੱਚਿਆਂ ਦੀ ਮਦਦ ਕਰੋ
[ਸਫ਼ੇ 9 ਉੱਤੇ ਤਸਵੀਰ]
ਆਪਣੇ ਬੱਚਿਆਂ ਨੂੰ ਚੰਗੇ ਤਰੀਕੇ ਨਾਲ ਸਿਖਾਓ ਕਿ ਲਿੰਗੀ ਤੌਰ ਤੇ ਖ਼ਤਰੇ ਵਿਚ ਹੋਣ ਤੇ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ
[ਸਫ਼ੇ 9 ਉੱਤੇ ਤਸਵੀਰ]
ਇਕ ਚੰਗੇ ਮਾਤਾ-ਪਿਤਾ ਹੋਣਾ ਤੁਹਾਡੇ ਵੱਲੋਂ ਆਪਣੇ ਬੱਚਿਆਂ ਲਈ ਇਕ ਬਹੁਮੁੱਲਾ ਦਾਨ ਹੈ
[ਸਫ਼ੇ 10 ਉੱਤੇ ਤਸਵੀਰਾਂ]
ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ, ਸਾਰੇ ਬੱਚੇ ਆਪਣੇ ਬਚਪਨ ਦਾ ਪੂਰਾ ਆਨੰਦ ਮਾਣਨਗੇ