ਨੌਜਵਾਨ ਪੁੱਛਦੇ ਹਨ . . .
ਮੈਂ ਮਖੌਲ ਉਡਾਉਣ ਵਾਲਿਆਂ ਦੇ ਸਾਮ੍ਹਣੇ ਕੀ ਕਰ ਸਕਦਾ ਹਾਂ?
ਜਦੋਂ ਨੌਜਵਾਨ ਚਾਲ-ਚਲਣ ਜਾਂ ਕੱਪੜਿਆਂ ਦੀ ਸਟਾਈਲ ਵਿਚ ਆਪਣੇ ਹਾਣੀਆਂ ਨਾਲੋਂ ਵੱਖਰੇ ਨਜ਼ਰ ਆਉਂਦੇ ਹਨ, ਤਾਂ ਉਹ ਸ਼ਾਇਦ ਮਖੌਲ ਦੇ ਸ਼ਿਕਾਰ ਬਣਨ। ਇਹ ਮਸੀਹੀ ਨੌਜਵਾਨਾਂ ਬਾਰੇ ਵੀ ਸੱਚ ਹੈ, ਕਿਉਂ ਜੋ ਉਨ੍ਹਾਂ ਦਾ ਚਾਲ-ਚਲਣ ਆਮ ਤੌਰ ਤੇ ਦੂਜੇ ਨੌਜਵਾਨਾਂ ਨਾਲੋਂ ਕਾਫ਼ੀ ਵੱਖਰਾ ਹੁੰਦਾ ਹੈ। ਕੀ ਯਿਸੂ ਨੇ ਆਪਣੇ ਚੇਲਿਆਂ ਬਾਰੇ ਇਹ ਨਹੀਂ ਕਿਹਾ ਸੀ ਕਿ “ਜੇ ਉਨ੍ਹਾਂ [ਨੇ] ਮੈਨੂੰ ਸਤਾਇਆ ਤਾਂ ਓਹ ਤੁਹਾਨੂੰ ਵੀ ਸਤਾਉਣਗੇ”?—ਯੂਹੰਨਾ 15:20.
ਇਸ ਦਾ ਯਹੋਵਾਹ ਦੇ ਨੌਜਵਾਨ ਗਵਾਹਾਂ ਉੱਤੇ ਕਿਹੋ ਜਿਹਾ ਅਸਰ ਪੈਂਦਾ ਹੈ? ਉਨ੍ਹਾਂ ਵਿੱਚੋਂ ਕਈਆਂ ਦਾ ਇਸ ਕਰਕੇ ਮਖੌਲ ਉਡਾਇਆ ਜਾਂਦਾ ਹੈ ਕਿਉਂਕਿ ਉਹ ਖ਼ਾਸ ਦਿਨਾਂ ਨੂੰ ਨਹੀਂ ਮਨਾਉਂਦੇ; ਦੂਸਰਿਆਂ ਦੀ ਇਸ ਕਰਕੇ ਨੁਕਤਾਚੀਨੀ ਕੀਤੀ ਜਾਂਦੀ ਹੈ ਕਿਉਂਕਿ ਉਹ ਝੰਡੇ ਨੂੰ ਸਲੂਟ ਨਹੀਂ ਮਾਰਦੇ। ਕਈ ਨੌਜਵਾਨ ਇਸ ਕਰਕੇ ਵੀ ਸਤਾਏ ਜਾਂਦੇ ਹਨ ਕਿਉਂਕਿ ਉਹ ਡ੍ਰੱਗਜ਼ ਨਹੀਂ ਇਸਤੇਮਾਲ ਕਰਦੇ, ਉਹ ਈਮਾਨਦਾਰ ਹਨ, ਅਤੇ ਬਾਈਬਲ ਦੇ ਉੱਚ ਨੈਤਿਕ ਮਿਆਰਾਂ ਨੂੰ ਕਾਇਮ ਰੱਖਦੇ ਹਨ।
ਇਹ ਕੋਈ ਨਵੀਂ ਗੱਲ ਨਹੀਂ। ਦਰਅਸਲ, ਪਤਰਸ ਰਸੂਲ ਨੇ ਪਹਿਲੀ ਸਦੀ ਦੇ ਮਸੀਹੀਆਂ ਨੂੰ ਕਿਹਾ: “ਓਹ ਇਸ ਨੂੰ ਅਚਰਜ ਮੰਨਦੇ ਹਨ ਭਈ ਤੁਸੀਂ . . . [ਕੌਮਾਂ ਦੇ ਲੋਕਾਂ] ਨਾਲ ਨਹੀਂ ਖੇਡਦੇ ਤਾਂ ਹੀ ਓਹ ਤਹਾਡੀ ਨਿੰਦਿਆ ਕਰਦੇ ਹਨ।” (1 ਪਤਰਸ 4:4) ਦੂਜੇ ਤਰਜਮਿਆਂ ਵਿਚ ਇਸ ਤਰ੍ਹਾਂ ਲਿਖਿਆ ਹੈ ਕਿ ਉਹ “ਤੁਹਾਡੀ ਬਦਨਾਮੀ ਕਰਦੇ ਹਨ” ਜਾਂ “ਤੁਹਾਡੀ ਬੇਇੱਜ਼ਤੀ ਕਰਦੇ ਹਨ।”
ਕੀ ਤੁਹਾਡੇ ਧਰਮ ਕਰਕੇ ਤੁਹਾਡਾ ਕਦੀ ਮਖੌਲ ਉਡਾਇਆ ਗਿਆ ਹੈ? ਜੇ ਹਾਂ, ਤਾਂ ਹੌਸਲਾ ਨਾ ਹਾਰੋ। ਕਈਆਂ ਨਾਲ ਇਸੇ ਤਰ੍ਹਾਂ ਹੋਇਆ ਹੈ! ਅਤੇ ਇਹ ਸੁਣ ਕੇ ਤੁਹਾਨੂੰ ਖ਼ੁਸ਼ੀ ਹੋਵੇਗੀ ਕਿ ਤੁਸੀਂ ਇਸ ਮਖੌਲ ਦਾ ਸਾਮ੍ਹਣਾ ਕਰ ਸਕਦੇ ਹੋ।
ਉਹ ਮਖੌਲ ਕਿਉਂ ਉਡਾਉਂਦੇ ਹਨ
ਕੁਝ ਲੋਕ ਉਨ੍ਹਾਂ ਦਾ ਮਜ਼ਾਕ ਕਿਉਂ ਕਰਦੇ ਹਨ ਜਿਨ੍ਹਾਂ ਦਾ ਵਿਸ਼ਵਾਸ ਜਾਂ ਚਾਲ-ਚਲਣ ਵੱਖਰਾ ਹੁੰਦਾ ਹੈ? ਕਦੀ-ਕਦੀ ਧੱਕੇਸ਼ਾਹੀਆਂ ਵਾਂਗ ਮਖੌਲ ਉਡਾਉਣ ਵਾਲੇ ਅੰਦਰੋਂ-ਅੰਦਰ ਆਪਣੇ ਆਪ ਬਾਰੇ ਘਟੀਆ ਮਹਿਸੂਸ ਕਰਦੇ ਹਨ। ਉਹ ਸ਼ਾਇਦ ਆਪਣੇ ਦੋਸਤ-ਮਿੱਤਰਾਂ ਦੇ ਸਾਮ੍ਹਣੇ ਆਪਣੇ ਆਪ ਨੂੰ ਵੱਡੇ ਦਿਖਾਉਣ ਲਈ ਤੁਹਾਡਾ ਮਖੌਲ ਉਡਾਉਣ। ਜੇ ਉਹ ਇਕੱਲੇ ਹੁੰਦੇ ਤਾਂ ਸ਼ਾਇਦ ਉਹ ਤੁਹਾਨੂੰ ਕਦੀ ਵੀ ਨਾ ਛੇੜਦੇ, ਜਾਂ ਦੂਜਿਆਂ ਸਾਮ੍ਹਣੇ ਤੁਹਾਨੂੰ ਤੰਗ ਕਰਨ ਦੀ ਹਿੰਮਤ ਵੀ ਨਾ ਕਰਦੇ।
ਦੂਜੇ ਪਾਸੇ, ਜਿਸ ਤਰ੍ਹਾਂ ਪਤਰਸ ਨੇ ਕਿਹਾ ਕੁਝ ਲੋਕ ਤੁਹਾਡੇ ਚਾਲ-ਚਲਣ ਨੂੰ ਦੇਖ ਕੇ “ਅਚਰਜ ਮੰਨਦੇ ਹਨ,” ਹਾਂ, ਉਹ ਸੱਚ-ਮੁੱਚ ਹੈਰਾਨ ਹੁੰਦੇ ਹਨ। ਮਿਸਾਲ ਲਈ, ਜੇ ਤੁਸੀਂ ਯਹੋਵਾਹ ਦੇ ਗਵਾਹ ਹੋ, ਤਾਂ ਉਹ ਸ਼ਾਇਦ ਇਸ ਗੱਲ ਨੂੰ ਸੱਚ-ਮੁੱਚ ਅਨੋਖੀ ਸਮਝਣ ਕਿ ਤੁਸੀਂ ਖ਼ਾਸ ਦਿਨਾਂ ਨੂੰ ਨਹੀਂ ਮਨਾਉਂਦੇ। ਉਨ੍ਹਾਂ ਨੇ ਗਵਾਹਾਂ ਦੇ ਵਿਰੋਧੀਆਂ ਕੋਲੋਂ ਸ਼ਾਇਦ ਕੁਝ ਗ਼ਲਤ-ਮਲਤ ਸੁਣਿਆ ਹੋਵੇ।
ਮਖੌਲ ਕਰਨ ਦਾ ਜੋ ਮਰਜ਼ੀ ਕਾਰਨ ਹੋਵੇ, ਜਦੋਂ ਕੋਈ ਇਸ ਤਰ੍ਹਾਂ ਕਰਦਾ ਹੈ, ਤਾਂ ਤੁਸੀਂ ਸ਼ਾਇਦ ਬਾਈਬਲ ਵਿਚ ਇਸ ਕਹਾਵਤ ਨਾਲ ਸਹਿਮਤ ਹੋਵੋਗੇ: “ਬੇਸੋਚੇ ਬੋਲਣ ਵਾਲੇ ਦੀਆਂ ਗੱਲਾਂ ਤਲਵਾਰ ਵਾਂਙੁ ਵਿੰਨ੍ਹਦੀਆਂ ਹਨ।” (ਕਹਾਉਤਾਂ 12:18) ਪਰ ਯਾਦ ਰੱਖੋ ਕਿ ਅਜਿਹੀਆਂ ਗੱਲਾਂ ਕਰਨ ਵਾਲਿਆਂ ਦਾ ਕਾਰਨ ਸ਼ਾਇਦ ਇਹ ਨਹੀਂ ਹੁੰਦਾ ਕਿ ਉਹ ਤੁਹਾਨੂੰ ਪਸੰਦ ਨਹੀਂ ਕਰਦੇ। ਇਹ ਸੰਭਵ ਹੈ ਕਿ ਜਿਸ ਤਰ੍ਹਾਂ ਬਾਈਬਲ ਦੀ ਕਹਾਵਤ ਵਿਚ ਦੱਸਿਆ ਗਿਆ ਹੈ, ਉਹ ‘ਬੇਸੋਚਿਆ ਬੋਲਦੇ’ ਹਨ।
ਫਿਰ ਵੀ, ਜਦੋਂ ਤੁਹਾਡਾ ਮਖੌਲ ਉਡਾਇਆ ਜਾਂਦਾ ਹੈ ਤਾਂ ਦਿਲ ਨੂੰ ਸੱਟ ਵੱਜ ਸਕਦੀ ਹੈ, ਜਿਵੇਂ ਕਿ ਤੁਹਾਨੂੰ ਚਾਕੂ ਮਾਰਿਆ ਗਿਆ ਹੋਵੇ। ਤੁਸੀਂ ਦੂਜਿਆਂ ਦੀ ਮਨਜ਼ੂਰੀ ਪਾਉਣ ਲਈ ਸ਼ਾਇਦ ਆਪਣੀ ਨਿਹਚਾ ਦੇ ਵਿਰੁੱਧ ਜਾਣ ਬਾਰੇ ਵੀ ਸੋਚੋ। ਤਾਂ ਫਿਰ ਤੁਸੀਂ ਆਪਣੇ ਵਿਸ਼ਵਾਸ ਦੇ ਖ਼ਿਲਾਫ਼ ਮਖੌਲ ਦਾ ਕਿਸ ਤਰ੍ਹਾਂ ਸਾਮ੍ਹਣਾ ਕਰ ਸਕਦੇ ਹੋ?
ਜਵਾਬ ਦੇਣਾ
ਪੌਲੁਸ ਰਸੂਲ ਨੇ ਮਸੀਹੀਆਂ ਨੂੰ ਸਲਾਹ ਦਿੱਤੀ ਕਿ “ਜਿਹੜੀ ਤੁਹਾਨੂੰ ਆਸ ਹੈ ਤੁਸੀਂ ਹਰੇਕ ਨੂੰ ਜੋ ਤੁਹਾਡੇ ਕੋਲੋਂ ਉਹ ਦਾ ਕਾਰਨ ਪੁੱਛੇ ਉੱਤਰ ਦੇਣ ਨੂੰ ਸਦਾ ਤਿਆਰ ਰਹੋ ਪਰ ਨਰਮਾਈ ਅਤੇ ਭੈ ਨਾਲ।” (1 ਪਤਰਸ 3:15) ਆਪਣੀ ਨਿਹਚਾ ਦੇ ਪੱਖ ਵਿਚ ਠੀਕ ਜਵਾਬ ਦੇਣ ਲਈ ਤੁਹਾਨੂੰ ਸਹੀ ਗਿਆਨ ਦੀ ਲੋੜ ਹੈ ਅਤੇ ਇਹ ਸਮਝਣ ਦੀ ਲੋੜ ਵੀ ਹੈ ਕਿ ਤੁਸੀਂ ਵਿਸ਼ਵਾਸ ਕਿਉਂ ਕਰਦੇ ਹੋ।
ਲੇਕਿਨ, ਤੁਹਾਨੂੰ ਇਹ ਵੀ ਸਿੱਖਣ ਦੀ ਲੋੜ ਹੈ ਕਿ “ਭੈ ਨਾਲ,” ਜਾਂ ਹੋਰ ਤਰਜਮਿਆਂ ਦੇ ਅਨੁਸਾਰ “ਆਦਰ ਨਾਲ” ਜਾਂ “ਘਮੰਡ ਤੋਂ ਬਿਨਾਂ” ਦੂਜਿਆਂ ਨਾਲ ਕਿਸ ਤਰ੍ਹਾਂ ਗੱਲ ਕਰੀਦੀ ਹੈ। ਬਾਈਬਲ ਅਤੇ ਉਸ ਦੀਆਂ ਸਿੱਖਿਆਵਾਂ ਬਾਰੇ ਜਾਣਨ ਦੇ ਕਾਰਨ ਤੁਹਾਨੂੰ ਦੂਜਿਆਂ ਨਾਲੋਂ ਆਪਣੇ ਆਪ ਨੂੰ ਵੱਡਾ ਨਹੀਂ ਸਮਝਣਾ ਚਾਹੀਦਾ। ਇਸ ਦੇ ਉਲਟ, ਤੁਹਾਨੂੰ ਪੌਲੁਸ ਦਾ ਰਵੱਈਆ ਅਪਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਜਿਸ ਨੇ ਆਪਣੀ ਸੇਵਕਾਈ ਬਾਰੇ ਕਿਹਾ: “ਮੈਂ . . . ਆਪਣੇ ਆਪ ਨੂੰ ਸਭਨਾਂ ਦਾ ਦਾਸ ਕੀਤਾ ਭਈ ਮੈਂ ਬਾਹਲਿਆਂ ਨੂੰ ਖਿੱਚ ਲਿਆਵਾਂ।”—1 ਕੁਰਿੰਥੀਆਂ 9:19.
ਜੇ ਤੁਹਾਨੂੰ ਆਪਣੀ ਨਿਹਚਾ ਲਈ ਜਵਾਬ ਦੇਣਾ ਥੋੜ੍ਹਾ ਜਿਹਾ ਔਖਾ ਲੱਗਦਾ ਹੈ, ਤਾਂ ਨਿਰਾਸ਼ ਨਾ ਹੋਵੋ। ਗਵਾਹਾਂ ਵਿੱਚੋਂ ਕਈ ਹੋਰ ਨੌਜਵਾਨਾਂ ਨੇ ਇਸੇ ਤਰ੍ਹਾਂ ਮਹਿਸੂਸ ਕੀਤਾ ਹੈ। ਜਮਾਲ ਕਹਿੰਦਾ ਹੈ ਕਿ “ਜਦੋਂ ਮੈਂ ਛੋਟਾ ਹੁੰਦਾ ਸੀ, ਤਾਂ ਮੈਨੂੰ ਪਤਾ ਨਹੀਂ ਸੀ ਕਿ ਸਕੂਲ ਵਿਚ ਮੈਂ ਦੂਜਿਆਂ ਨੂੰ ਕਿਸ ਤਰ੍ਹਾਂ ਸਮਝਾਵਾਂ ਕਿ ਮੈਂ ਖ਼ਾਸ ਦਿਨ ਕਿਉਂ ਨਹੀਂ ਮਨਾਉਂਦਾ ਜਾਂ ਝੰਡੇ ਨੂੰ ਸਲੂਟ ਕਿਉਂ ਨਹੀਂ ਮਾਰਦਾ, ਜਾਂ ਘਰ ਤੋਂ ਘਰ ਪ੍ਰਚਾਰ ਕਿਉਂ ਕਰਨ ਜਾਂਦਾ ਹਾਂ।” ਉਸ ਨੂੰ ਮਦਦ ਕਿੱਥੋਂ ਮਿਲੀ? “ਮੇਰੇ ਪਿਤਾ ਜੀ ਚੰਗੀ ਤਰ੍ਹਾਂ ਜਵਾਬ ਦੇਣ ਵਿਚ ਮੇਰੀ ਮਦਦ ਕਰਦੇ ਰਹੇ, ਅਤੇ ਇਸ ਤੋਂ ਮੈਨੂੰ ਕਾਫ਼ੀ ਲਾਭ ਹੋਇਆ।” ਜੇ ਤੁਹਾਨੂੰ ਆਪਣੇ ਵਿਸ਼ਵਾਸਾਂ ਬਾਰੇ ਸਮਝਾਉਣਾ ਔਖਾ ਲੱਗਦਾ ਹੈ, ਤਾਂ ਸ਼ਾਇਦ ਤੁਸੀਂ ਆਪਣੇ ਮਾਪਿਆਂ ਦੀ, ਜਾਂ ਮਸੀਹੀ ਕਲੀਸਿਯਾ ਵਿਚ ਕਿਸੇ ਹੋਰ ਸਿਆਣੇ ਦੀ ਮਦਦ ਮੰਗ ਸਕਦੇ ਹੋ, ਅਤੇ ਉਹ ਪਰਮੇਸ਼ੁਰ ਦੇ ਗਿਆਨ ਦੀ ਪੂਰੀ ਸਮਝ ਹਾਸਲ ਕਰਨ ਵਿਚ ਤੁਹਾਡੀ ਮਦਦ ਕਰ ਸਕਦੇ ਹਨ।—ਅਫ਼ਸੀਆਂ 3:17-19.
ਬਾਕਾਇਦਗੀ ਨਾਲ ਬਾਈਬਲ ਦੀ ਨਿੱਜੀ ਸਟੱਡੀ ਕਰਨ ਦੁਆਰਾ ਸੋਲਾਂ ਸਾਲਾਂ ਦੀ ਇਕ ਗਵਾਹ ਨੂੰ ਸਕੂਲੇ ਦਲੇਰੀ ਨਾਲ ਬੋਲਣ ਲਈ ਮਦਦ ਮਿਲੀ। ਉਸ ਨੇ ਕਿਹਾ ਕਿ “ਅੱਗੇ, ਜਦੋਂ ਮੇਰੀ ਕਲਾਸ ਦੇ ਬੱਚੇ ਗਵਾਹ ਹੋਣ ਦੇ ਕਾਰਨ ਮੈਨੂੰ ਛੇੜਦੇ ਹੁੰਦੇ ਸੀ, ਤਾਂ ਮੈਨੂੰ ਪਤਾ ਨਹੀਂ ਸੀ ਹੁੰਦਾ ਕਿ ਮੈਂ ਕੀ ਕਹਾਂ। ਪਰ ਹੁਣ ਪਾਇਨੀਅਰੀ ਕਰਨ ਕਰਕੇ ਮੈਂ ਬਾਈਬਲ ਦੀ ਜ਼ਿਆਦਾ ਸਟੱਡੀ ਕਰਦੀ ਹਾਂ, ਅਤੇ ਮੈਂ ਸੋਹਣੇ ਜਵਾਬ ਦੇ ਸਕਦੀ ਹਾਂ। ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਵਿੱਚੋਂ ਨਵੇਂ-ਨਵੇਂ ਲੇਖ ਪੜ੍ਹ ਕੇ ਮੈਂ ਸਕੂਲੇ ਆਪਣੇ ਸਾਥੀਆਂ ਨਾਲ ਆਪਣੇ ਵਿਸ਼ਵਾਸਾਂ ਬਾਰੇ ਗੱਲ ਕਰ ਸਕਦੀ ਹਾਂ।”
ਫਿਰ ਵੀ, ਸਾਰਿਆਂ ਦੇ ਹਾਲਾਤ ਇੱਕੋ ਜਿਹੇ ਨਹੀਂ ਹੁੰਦੇ। ਵੱਖਰੇ ਹਾਲਾਤ ਕਾਰਨ ਵੱਖਰੇ ਜਵਾਬ ਦੇਣੇ ਪੈਂਦੇ ਹਨ। ਲੇਕਿਨ ਜੋ ਵੀ ਹੋਵੇ, ਜਦੋਂ ਤੁਹਾਨੂੰ ਕਿਸੇ ਦੀ ਰੁੱਖੀ ਗੱਲ ਦੇ ਕਾਰਨ ਖਿੱਝ ਆਉਂਦੀ ਹੈ, ਤਾਂ “ਬੁਰਿਆਈ ਦੇ ਵੱਟੇ . . . ਬੁਰਿਆਈ” ਕਰਨੀ ਠੀਕ ਨਹੀਂ ਹੋਵੇਗੀ। (ਰੋਮੀਆਂ 12:17-21) ਭਾਵੇਂ ਕਿ ਬਦਲੇ ਵਿਚ ਕਿਸੇ ਨੂੰ ਮੂੰਹ-ਤੋੜ ਜਵਾਬ ਦੇਣਾ ਚੁਸਤੀ ਦਿਖਾਵੇ, ਇਹ ਮਾਮਲੇ ਨੂੰ ਹੋਰ ਵਧਾਵੇਗਾ ਅਤੇ ਸ਼ਾਇਦ ਇਸ ਕਰਕੇ ਤੁਹਾਡਾ ਹੋਰ ਵੀ ਮਜ਼ਾਕ ਉਡਾਇਆ ਜਾਵੇ। ਇਸ ਲਈ, ਕਈਆਂ ਨੇ ਇਹ ਦੇਖਿਆ ਹੈ ਕਿ ਮਖੌਲ ਕਰਨ ਵਾਲੇ ਦੀ ਗੱਲ ਨੂੰ ਨਾ ਹੀ ਸੁਣਨਾ ਬਿਹਤਰ ਹੈ।
ਕੁਝ ਮਾਮਲਿਆਂ ਵਿਚ, ਜਦੋਂ ਕੋਈ ਵਿਅਕਤੀ ਸਿਰਫ਼ ਹਾਸੇ ਵਿਚ ਗੱਲ ਕਹੇ, ਤਾਂ ਸ਼ਾਇਦ ਗੁੱਸੇ ਹੋਣ ਦੀ ਬਜਾਇ ਉਸ ਨਾਲ ਹੱਸਣਾ ਹੀ ਸਮਝਦਾਰੀ ਦੀ ਗੱਲ ਹੋਵੇਗੀ। (ਉਪਦੇਸ਼ਕ ਦੀ ਪੋਥੀ 7:9) ਜੇ ਮਖੌਲ ਕਰਨ ਵਾਲਾ ਦੇਖੇ ਕਿ ਉਸ ਦੀਆਂ ਗੱਲਾਂ ਦਾ ਤੁਹਾਡੇ ਉੱਤੇ ਕੋਈ ਅਸਰ ਨਹੀਂ ਪੈ ਰਿਹਾ, ਤਾਂ ਉਹ ਸ਼ਾਇਦ ਤੁਹਾਨੂੰ ਪਰੇਸ਼ਾਨ ਕਰਨਾ ਛੱਡ ਦੇਵੇ।—ਕਹਾਉਤਾਂ 24:29; 1 ਪਤਰਸ 2:23 ਦੀ ਤੁਲਨਾ ਕਰੋ।
ਦਲੇਰੀ ਨਾਲ ਜਵਾਬ ਦੇਣਾ
ਫਿਰ ਵੀ, ਗਵਾਹੀ ਦੇਣ ਲਈ ਕਦੀ-ਕਦੀ ਇਕ-ਦੋ ਗੱਲਾਂ ਕਹਿਣ ਦਾ ਮੌਕਾ ਮਿਲ ਸਕਦਾ ਹੈ। ਤੇਰਾਂ ਸਾਲਾਂ ਦੀ ਇਕ ਕੁੜੀ ਨੇ ਇਸ ਤਰ੍ਹਾਂ ਕਰ ਕੇ ਬਹੁਤੇ ਚੰਗੇ ਨਤੀਜੇ ਪਾਏ। ਉਸ ਨੇ ਦੱਸਿਆ ਕਿ “ਮੈਂ ਸਕੂਲ ਨੂੰ ਜਾ ਰਹੀ ਸੀ, ਤਾਂ ਕੁਝ ਬੱਚੇ ਯਹੋਵਾਹ ਦੇ ਗਵਾਹਾਂ ਬਾਰੇ ਮਜ਼ਾਕ ਕਰਨ ਲੱਗ ਪਏ। ਮੈਂ ਜਵਾਬ ਦੇਣਾ ਚਾਹੁੰਦੀ ਸੀ, ਪਰ ਉਹ ਹੱਸਦੇ-ਹੱਸਦੇ ਆਪਣੇ ਰਾਹ ਤੁਰ ਪਏ—ਪਰ ਇਕ ਕੁੜੀ, ਜਿਸ ਦਾ ਨਾਂ ਜੇਮੀ ਸੀ, ਪਿੱਛੇ ਰਹਿ ਗਈ। ਉਸ ਨੇ ਮੈਨੂੰ ਆ ਕੇ ਦੱਸਿਆ ਕਿ ਉਹ ਦੇ ਕੋਲ ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ ਨਾਂ ਦੀ ਪੁਸਤਕ ਸੀ।a ਜੇਮੀ ਨੇ ਅੱਗੇ ਦੱਸਿਆ ਕਿ ਉਸ ਨੇ ਤਕਰੀਬਨ ਸਾਰੀ ਪੁਸਤਕ ਪੜ੍ਹ ਲਈ ਸੀ ਅਤੇ ਉਹ ਸਾਡਿਆਂ ਵਿਸ਼ਵਾਸਾਂ ਬਾਰੇ ਹੋਰ ਜਾਣਨਾ ਚਾਹੁੰਦੀ ਸੀ। ਮੈਂ ਉਸ ਦੇ ਨਾਲ ਇਕ ਬਾਈਬਲ ਸਟੱਡੀ ਸ਼ੁਰੂ ਕਰ ਲਈ।” ਆਪਣੇ ਤਜਰਬੇ ਤੋਂ ਬਹੁਤ ਹੌਸਲਾ ਮਿਲਣ ਕਰਕੇ ਇਸ ਨੌਜਵਾਨ ਗਵਾਹ ਨੇ ਆਪਣੇ ਦੂਜਿਆਂ ਸਾਥੀਆਂ ਨਾਲ ਸੱਚਾਈ ਬਾਰੇ ਗੱਲ ਕਰਨੀ ਸ਼ੁਰੂ ਕੀਤੀ। ਉਸ ਨੇ ਕਿਹਾ: “ਹੁਣ ਚਾਰ ਹੋਰ ਜਣੇ ਦਿਲਚਸਪੀ ਦਿਖਾ ਰਹੇ ਹਨ ਅਤੇ ਮੈਨੂੰ ਉਮੀਦ ਹੈ ਕਿ ਉਹ ਜਲਦੀ ਸਟੱਡੀ ਸ਼ੁਰੂ ਕਰਨਗੇ।”
ਕਈ ਸਾਲ ਪਹਿਲਾਂ ਅਫ਼ਰੀਕਾ ਦੇ ਲਾਈਬੀਰੀਆ ਦੇਸ਼ ਵਿਚ ਇਕ ਹੋਰ ਵਿਦਿਆਰਥੀ ਨਾਲ ਇਹੋ ਜਿਹਾ ਤਜਰਬਾ ਹੋਇਆ ਸੀ। ਇਕ ਕਲਾਸ ਦੌਰਾਨ, ਉਸ ਨੇ ਆਦਰ ਨਾਲ ਸਮਝਾਇਆ ਕਿ ਯਹੋਵਾਹ ਦੇ ਇਕ ਗਵਾਹ ਵਜੋਂ ਉਹ ਇਹ ਮੰਨਦਾ ਸੀ ਕਿ ਆਪਣੇ ਆਪ ਸ਼ੁਰੂ ਹੋਣ ਦੀ ਬਜਾਇ ਸਭ ਕੁਝ ਸ੍ਰਿਸ਼ਟ ਕੀਤਾ ਗਿਆ ਸੀ। ਸ਼ੁਰੂ ਵਿਚ, ਕਈਆਂ ਵਿਦਿਆਰਥੀਆਂ ਨੇ ਉਸ ਦੀ ਬਹੁਤ ਨੁਕਤਾਚੀਨੀ ਕੀਤੀ। ਪਰ ਅਧਿਆਪਕ ਦੀ ਇਜਾਜ਼ਤ ਨਾਲ ਉਸ ਨੇ ਆਪਣੀ ਗੱਲ ਸਮਝਾਈ, ਜਿਸ ਤੋਂ ਬਾਅਦ ਅਧਿਆਪਕ ਨੇ ਉਸ ਤੋਂ ਜੀਵਨ—ਇਹ ਇੱਥੇ ਕਿਵੇਂ ਆਇਆ? ਕ੍ਰਮ-ਵਿਕਾਸ ਦੁਆਰਾ ਜਾਂ ਸ੍ਰਿਸ਼ਟੀ ਦੁਆਰਾ? (ਅੰਗ੍ਰੇਜ਼ੀ) ਪੁਸਤਕ ਲੈ ਲਈ।b
ਪੁਸਤਕ ਨੂੰ ਪੜ੍ਹਨ ਤੋਂ ਬਾਅਦ, ਅਧਿਆਪਕ ਨੇ ਆਪਣੀ ਕਲਾਸ ਨੂੰ ਕਿਹਾ ਕਿ “ਇਹ ਪੁਸਤਕ ਬੇਮਿਸਾਲ ਹੈ। ਮੈਂ ਸ੍ਰਿਸ਼ਟੀ ਬਾਰੇ ਇਸ ਵਰਗੀ ਸਾਇੰਸ ਬੁੱਕ ਅੱਗੇ ਕਦੀ ਨਹੀਂ ਪੜ੍ਹੀ।” ਫਿਰ ਅਧਿਆਪਕ ਨੇ ਕਲਾਸ ਨੂੰ ਦੱਸਿਆ ਕੇ ਉਨ੍ਹਾਂ ਦੀ ਪਾਠ-ਪੁਸਤਕ ਦੇ ਨਾਲ-ਨਾਲ ਉਹ ਅਗਲੇ ਸਾਲ ਵਿਚ ਸ੍ਰਿਸ਼ਟੀ ਪੁਸਤਕ ਨੂੰ ਵੀ ਇਸਤੇਮਾਲ ਕਰਨਾ ਚਾਹੁੰਦਾ ਸੀ। ਉਸ ਨੇ ਕਲਾਸ ਨੂੰ ਅੱਗੇ ਕਿਹਾ ਕਿ ਉਹ ਗਵਾਹ ਤੋਂ ਪੁਸਤਕਾਂ ਮੰਗਵਾ ਲੈਣ ਅਤੇ ਇਸ ਤਰ੍ਹਾਂ ਬਹੁਤ ਸਾਰੀਆਂ ਪੁਸਤਕਾਂ ਵੰਡੀਆਂ ਗਈਆਂ। ਨਤੀਜੇ ਵਜੋਂ ਕਈਆਂ ਵਿਦਿਆਰਥੀਆਂ ਨੇ ਯਹੋਵਾਹ ਦੇ ਗਵਾਹਾਂ ਬਾਰੇ ਆਪਣਾ ਵਿਚਾਰ ਬਦਲ ਲਿਆ!
ਪਰਖੀ ਨਿਹਚਾ ਮਜ਼ਬੂਤ ਹੁੰਦੀ ਹੈ
ਜਦੋਂ ਬਹੁਤ ਸਾਰੇ ਲੋਕ ਤੁਹਾਡੇ ਬਾਈਬਲੀ ਨਜ਼ਰੀਏ ਨਾਲ ਸਹਿਮਤ ਨਹੀਂ ਹੁੰਦੇ ਜਾਂ ਇਸ ਦੀ ਕਦਰ ਵੀ ਨਹੀਂ ਕਰਦੇ, ਤਾਂ ਕਦੀ-ਕਦੀ ਤੁਹਾਡਾ ਹੌਸਲਾ ਘੱਟ ਸਕਦਾ ਹੈ। (ਜ਼ਬੂਰ 3:1, 2 ਦੀ ਤੁਲਨਾ ਕਰੋ।) ਇਸ ਕਰਕੇ, ਉਨ੍ਹਾਂ ਨਾਲ ਸੰਗਤ ਰੱਖੋ ਜਿਹੜੇ ਤੁਹਾਡੇ ਵਰਗੀ ਨਿਹਚਾ ਅਤੇ ਤੁਹਾਡੇ ਵਰਗੇ ਵਿਸ਼ਵਾਸ ਰੱਖਦੇ ਹਨ। (ਕਹਾਉਤਾਂ 27:17) ਪਰ ਉਦੋਂ ਕੀ ਜੇਕਰ ਤੁਹਾਡੇ ਸਕੂਲ ਜਾਂ ਗੁਆਂਢ ਵਿਚ ਯਹੋਵਾਹ ਦੇ ਹੋਰ ਕੋਈ ਨੌਜਵਾਨ ਗਵਾਹ ਨਾ ਹੋਣ?
ਜੇਕਰ ਤੁਹਾਡੇ ਲਈ ਇਸ ਤਰ੍ਹਾਂ ਹੈ ਤਾਂ ਇਹ ਗੱਲ ਯਾਦ ਰੱਖੋ ਕਿ ਤੁਹਾਡਾ ਸਭ ਤੋਂ ਨਿੱਜੀ ਮਿੱਤਰ ਯਹੋਵਾਹ ਹੈ, ਅਤੇ ਉਹ ਤੁਹਾਡੀ ਮਦਦ ਕਰ ਸਕਦਾ ਹੈ। ਉਸ ਨੇ ਹਜ਼ਾਰਾਂ ਹੀ ਸਾਲਾਂ ਲਈ ਸ਼ਤਾਨ ਦੇ ਤਾਅਨਿਆਂ ਦੀ ਮਾਰ ਝੱਲੀ ਹੈ। ਇਸ ਕਰਕੇ ਅਸੀਂ ਯਕੀਨ ਕਰ ਸਕਦੇ ਹਾਂ ਕਿ ਜਦੋਂ ਅਸੀਂ ਆਪਣੀ ਨਿਹਚਾ ਕਾਇਮ ਰੱਖਦੇ ਹਾਂ ਤਾਂ ਯਹੋਵਾਹ ਦਾ ਦਿਲ ਬੜਾ ਖ਼ੁਸ਼ ਹੁੰਦਾ ਹੈ। ਅਤੇ ਜਦੋਂ ਅਸੀਂ ਇਸ ਤਰ੍ਹਾਂ ਕਰਦੇ ਹਾਂ ਤਾਂ ਉਹ ‘ਸ਼ਤਾਨ ਨੂੰ ਉੱਤਰ ਦੇ ਸਕਦਾ ਹੈ ਜਿਹੜਾ ਉਸ ਨੂੰ ਮੇਹਣੇ ਮਾਰਦਾ ਹੈ।’—ਕਹਾਉਤਾਂ 27:11.
ਤੁਸੀਂ ਇਸ ਗੱਲ ਦੀ ਉਮੀਦ ਰੱਖ ਸਕਦੇ ਹੋ ਕਿ ਕਦੀ-ਕਦਾਈਂ ਤੁਹਾਡੀ ਨਿਹਚਾ ਪਰਖੀ ਜਾਵੇਗੀ। (2 ਤਿਮੋਥਿਉਸ 3:12) ਲੇਕਿਨ, ਪਤਰਸ ਰਸੂਲ ਨੇ ਸਾਨੂੰ ਹੌਸਲਾ ਦਿੱਤਾ ਕਿ ਸਾਡੀ ਪਰਖੀ ਹੋਈ ਨਿਹਚਾ “ਸੋਨੇ ਨਾਲੋਂ ਭਾਵੇਂ ਉਹ ਅੱਗ ਵਿੱਚ ਤਾਇਆ ਵੀ ਜਾਵੇ ਅੱਤ ਭਾਰੇ ਮੁੱਲ ਦੀ ਹੈ।” (1 ਪਤਰਸ 1:7) ਇਸ ਲਈ, ਜਦੋਂ ਨਿਹਚਾ ਕਾਰਨ ਤੁਹਾਡਾ ਅਪਮਾਨ ਕੀਤਾ ਜਾਂਦਾ ਹੈ, ਤਾਂ ਇਸ ਨੂੰ ਆਪਣੀ ਨਿਹਚਾ ਮਜ਼ਬੂਤ ਕਰਨ ਅਤੇ ਆਪਣਾ ਧੀਰਜ ਦਿਖਾਉਣ ਦਾ ਮੌਕਾ ਸਮਝੋ। ਪੌਲੁਸ ਰਸੂਲ ਨੇ ਲਿਖਿਆ ਕਿ ਧੀਰਜ ਦੇ ਨਤੀਜੇ ਵਜੋਂ ਅਸੀਂ ‘ਸਵੀਕਾਰ ਕੀਤੀ ਸਥਿਤੀ’ ਵਿਚ ਆ ਜਾਂਦੇ ਹਾਂ। (ਰੋਮੀਆਂ 5:3-5, ਨਿ ਵ) ਹਾਂ, ਯਹੋਵਾਹ ਦੇ ਅੱਗੇ ਸਵੀਕਾਰ ਹੋਣ ਦੀ ਇੱਛਾ ਸਾਨੂੰ ਵਧੀਆ ਪ੍ਰੇਰਣਾ ਦਿੰਦੀ ਹੈ ਕਿ ਅਸੀਂ ਮਖੌਲ ਉਡਾਉਣ ਵਾਲਿਆਂ ਦੇ ਸਾਮ੍ਹਣੇ ਹਾਰ ਨਾ ਮੰਨੀਏ!
[ਫੁਟਨੋਟ]
a ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ।
b ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ।
[ਸਫ਼ੇ 13 ਉੱਤੇ ਤਸਵੀਰ]
ਕੀ ਤੁਸੀਂ ਆਪਣੀ ਨਿਹਚਾ ਦੇ ਪੱਖ ਵਿਚ ਜਵਾਬ ਦੇ ਸਕਦੇ ਹੋ?