ਨੌਜਵਾਨ ਪੁੱਛਦੇ ਹਨ
ਆਪਣੇ ਧਰਮ ਬਾਰੇ ਗੱਲ ਕਰਨ ਤੋਂ ਮੈਨੂੰ ਡਰ ਕਿਉਂ ਲੱਗਦਾ ਹੈ?
“ਸਕੂਲ ਵਿਚ ਮੈਨੂੰ ਆਪਣੇ ਧਰਮ ਬਾਰੇ ਗੱਲ ਕਰਨ ਦੇ ਕਈ ਮੌਕੇ ਮਿਲੇ, ਪਰ ਮੈਂ ਚੁੱਪ ਹੀ ਰਿਹਾ।”—ਕਾਲੇਬ।a
“ਸਾਡੀ ਟੀਚਰ ਨੇ ਸਾਨੂੰ ਪੁੱਛਿਆ ਕਿ ਅਸੀਂ ਵਿਕਾਸਵਾਦ ਬਾਰੇ ਕੀ ਸੋਚਦੇ ਹਾਂ। ਮੈਨੂੰ ਪਤਾ ਸੀ ਕਿ ਇਹ ਮੇਰੇ ਵਿਸ਼ਵਾਸਾਂ ਬਾਰੇ ਦੱਸਣ ਦਾ ਵਧੀਆ ਮੌਕਾ ਸੀ, ਪਰ ਮੈਂ ਡਰ ਦੇ ਮਾਰੇ ਕੁਝ ਨਾ ਬੋਲੀ। ਬਾਅਦ ਵਿਚ ਮੈਨੂੰ ਬਹੁਤ ਬੁਰਾ ਲੱਗਾ।”—ਜੇਜ਼ਮਿਨ।
ਜੇ ਤੁਸੀਂ ਯਹੋਵਾਹ ਦੇ ਇਕ ਗਵਾਹ ਹੋ, ਤਾਂ ਤੁਸੀਂ ਵੀ ਕਾਲੇਬ ਅਤੇ ਜੇਜ਼ਮਿਨ ਵਾਂਗ ਮਹਿਸੂਸ ਕੀਤਾ ਹੋਣਾ ਹੈ। ਉਨ੍ਹਾਂ ਵਾਂਗ ਤੁਸੀਂ ਵੀ ਸ਼ਾਇਦ ਬਾਈਬਲ ਦੀਆਂ ਸਿੱਖੀਆਂ ਗੱਲਾਂ ਉੱਤੇ ਪੂਰਾ ਵਿਸ਼ਵਾਸ ਕਰਦੇ ਹੋ ਅਤੇ ਦੂਜਿਆਂ ਨੂੰ ਵੀ ਇਨ੍ਹਾਂ ਬਾਰੇ ਦੱਸਣਾ ਚਾਹੁੰਦੇ ਹੋ। ਫਿਰ ਵੀ ਜਦ ਤੁਸੀਂ ਗੱਲ ਕਰਨ ਬਾਰੇ ਸੋਚਦੇ ਹੋ, ਤਾਂ ਤੁਸੀਂ ਬਹੁਤ ਡਰ ਜਾਂਦੇ ਹੋ। ਪਰ ਤੁਸੀਂ ਹਿੰਮਤ ਪਾ ਸਕਦੇ ਹੋ। ਕਿਵੇਂ? ਸਕੂਲ ਦੇ ਨਵੇਂ ਸਾਲ ਦੀ ਤਿਆਰੀ ਕਰਨ ਵੇਲੇ ਹੇਠਾਂ ਦਿੱਤੇ ਸੁਝਾਵਾਂ ਨੂੰ ਲਾਗੂ ਕਰੋ:
1. ਤੁਹਾਨੂੰ ਕਿਸ ਗੱਲ ਦਾ ਡਰ ਹੈ? ਜਦ ਤੁਸੀਂ ਆਪਣੇ ਵਿਸ਼ਵਾਸਾਂ ਬਾਰੇ ਗੱਲ ਕਰਨ ਬਾਰੇ ਸੋਚਦੇ ਹੋ, ਤਾਂ ਇਹ ਸੋਚਣਾ ਕਿ ਤੁਹਾਡੀਆਂ ਕੋਸ਼ਿਸ਼ਾਂ ʼਤੇ ਪਾਣੀ ਫਿਰ ਜਾਵੇਗਾ ਆਮ ਹੈ। ਕਿਉਂ ਨਾ ਲਿਖ ਲਓ ਕਿ ਤੁਹਾਨੂੰ ਕਿਸ ਗੱਲ ਦਾ ਡਰ ਹੈ? ਇਸ ਤਰ੍ਹਾਂ ਕਰਨ ਨਾਲ ਤੁਹਾਡੀ ਮਦਦ ਹੋ ਸਕਦੀ ਹੈ।
ਹੇਠਲੇ ਵਾਕ ਨੂੰ ਪੂਰਾ ਕਰੋ।
▪ ਜੇ ਮੈਂ ਸਕੂਲੇ ਆਪਣੇ ਧਰਮ ਬਾਰੇ ਗੱਲ ਕੀਤੀ, ਤਾਂ ਸ਼ਾਇਦ ਇਸ ਤਰ੍ਹਾਂ ਹੋਵੇ:
․․․․․
ਸ਼ਾਇਦ ਤੁਹਾਨੂੰ ਇਸ ਗੱਲ ਤੋਂ ਹੌਸਲਾ ਮਿਲੇ ਕਿ ਕਈ ਹੋਰ ਯਹੋਵਾਹ ਦੇ ਗਵਾਹ ਵੀ ਤੁਹਾਡੇ ਵਾਂਗ ਡਰਦੇ ਹਨ। ਮਿਸਾਲ ਲਈ, 14 ਸਾਲਾਂ ਦਾ ਕ੍ਰਿਸਟਫਰ ਕਬੂਲ ਕਰਦਾ ਹੈ: “ਮੈਨੂੰ ਇਹ ਡਰ ਰਹਿੰਦਾ ਹੈ ਕਿ ਮੇਰੇ ਹਾਣੀ ਮੇਰਾ ਮਜ਼ਾਕ ਉਡਾਉਣਗੇ ਅਤੇ ਕਹਿਣਗੇ ਕਿ ਮੈਂ ਪਾਗਲ ਹਾਂ!” ਕਾਲੇਬ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਕਹਿੰਦਾ ਹੈ: “ਮੈਨੂੰ ਇਹ ਡਰ ਸੀ ਕਿ ਕੋਈ ਮੈਨੂੰ ਅਜਿਹਾ ਸਵਾਲ ਪੁੱਛੇਗਾ ਜਿਸ ਦਾ ਜਵਾਬ ਮੈਂ ਨਹੀਂ ਦੇ ਸਕਾਂਗਾ।”
2. ਚੁਣੌਤੀ ਦਾ ਸਾਮ੍ਹਣਾ ਕਰੋ। ਕੀ ਡਰਨ ਦੀ ਕੋਈ ਵਜ੍ਹਾ ਵੀ ਹੈ? ਸ਼ਾਇਦ। ਮਿਸਾਲ ਲਈ, ਐਸ਼ਲੀ ਕਹਿੰਦਾ ਹੈ: “ਕੁਝ ਬੱਚਿਆਂ ਨੇ ਮੈਨੂੰ ਕਿਹਾ ਕਿ ਉਹ ਮੇਰੇ ਧਰਮ ਬਾਰੇ ਜਾਣਨਾ ਚਾਹੁੰਦੇ ਸਨ, ਪਰ ਉਨ੍ਹਾਂ ਨੇ ਮੇਰੀਆਂ ਗੱਲਾਂ ਨੂੰ ਤੋੜ-ਮਰੋੜ ਕੇ ਹੋਰਨਾਂ ਸਾਮ੍ਹਣੇ ਮੇਰਾ ਮਜ਼ਾਕ ਉਡਾਇਆ।” 17 ਸਾਲਾਂ ਦੀ ਨੀਕੌਲ ਦੱਸਦੀ ਹੈ ਕਿ ਉਸ ਦੇ ਨਾਲ ਕੀ ਹੋਇਆ: “ਇਕ ਮੁੰਡੇ ਨੇ ਆਪਣੀ ਬਾਈਬਲ ਵਿੱਚੋਂ ਇਕ ਹਵਾਲਾ ਦਿਖਾਇਆ ਜੋ ਮੇਰੀ ਬਾਈਬਲ ਤੋਂ ਵੱਖਰਾ ਸੀ। ਉਸ ਨੇ ਕਿਹਾ ਕਿ ਮੇਰੀ ਬਾਈਬਲ ਬਦਲੀ ਗਈ ਹੈ। ਮੈਂ ਹੈਰਾਨ ਰਹਿ ਗਈ! ਮੈਨੂੰ ਕੁਝ ਨਾ ਸੁੱਝਿਆ।”b
ਜਦ ਇੱਦਾਂ ਹੁੰਦਾ ਹੈ ਅਸੀਂ ਸ਼ਾਇਦ ਘਬਰਾ ਜਾਈਏ। ਪਰ ਹਿੰਮਤ ਨਾ ਹਾਰੋ ਕਿਉਂਕਿ ਮਸੀਹੀ ਹੋਣ ਕਾਰਨ ਤੁਹਾਨੂੰ ਅਜਿਹੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪਵੇਗਾ। (2 ਤਿਮੋਥਿਉਸ 3:12) 13 ਸਾਲਾਂ ਦੇ ਮੈਥਿਊ ਦਾ ਕਹਿਣਾ ਹੈ: “ਯਿਸੂ ਨੇ ਕਿਹਾ ਸੀ ਕਿ ਉਸ ਦੇ ਚੇਲੇ ਸਤਾਏ ਜਾਣਗੇ। ਸੋ ਅਸੀਂ ਇਹ ਉਮੀਦ ਨਹੀਂ ਰੱਖਦੇ ਕਿ ਸਾਰੇ ਸਾਨੂੰ ਅਤੇ ਸਾਡੇ ਵਿਸ਼ਵਾਸਾਂ ਨੂੰ ਪਸੰਦ ਕਰਨਗੇ।”—ਯੂਹੰਨਾ 15:20.
3. ਫ਼ਾਇਦਿਆਂ ਬਾਰੇ ਸੋਚੋ। ਇਨ੍ਹਾਂ ਤਜਰਬਿਆਂ ਦਾ ਕੋਈ ਫ਼ਾਇਦਾ ਵੀ ਹੋ ਸਕਦਾ ਹੈ? 21 ਸਾਲਾਂ ਦੀ ਐਂਬਰ ਹਾਂ ਵਿਚ ਜਵਾਬ ਦਿੰਦੀ ਹੈ। ਉਹ ਦੱਸਦੀ ਹੈ: “ਉਨ੍ਹਾਂ ਲੋਕਾਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸਣਾ ਮੁਸ਼ਕਲ ਹੋ ਸਕਦਾ ਹੈ ਜੋ ਬਾਈਬਲ ਦੀ ਕਦਰ ਨਹੀਂ ਕਰਦੇ। ਪਰ ਇਸ ਤਰ੍ਹਾਂ ਕਰ ਕੇ ਤੁਹਾਡਾ ਆਪਣਾ ਵਿਸ਼ਵਾਸ ਪੱਕਾ ਹੋ ਜਾਂਦਾ ਹੈ।”—ਰੋਮੀਆਂ 12:2.
ਹੁਣ ਦੁਬਾਰਾ ਉੱਪਰ ਦੇਖੋ ਕਿ ਤੁਸੀਂ ਪਹਿਲੇ ਕਦਮ ਲਈ ਕੀ ਲਿਖਿਆ ਸੀ। ਘੱਟੋ-ਘੱਟ ਦੋ ਚੰਗੇ ਨਤੀਜੇ ਲਿਖੋ ਜੋ ਨਿਕਲ ਸਕਦੇ ਹਨ ਜੇ ਤੁਸੀਂ ਸਕੂਲੇ ਆਪਣੇ ਧਰਮ ਬਾਰੇ ਗੱਲ ਕਰੋਗੇ।
1 ․․․․․
2 ․․․․․
ਮਦਦ: ਹਾਣੀਆਂ ਨਾਲ ਆਪਣੇ ਵਿਸ਼ਵਾਸਾਂ ਬਾਰੇ ਗੱਲ ਕਰ ਕੇ ਤੁਹਾਡੇ ʼਤੇ ਉਨ੍ਹਾਂ ਦਾ ਦਬਾਅ ਕਿੱਦਾਂ ਘੱਟ ਸਕਦਾ ਹੈ? ਗੱਲ ਕਰਨ ਨਾਲ ਤੁਹਾਡੇ ਆਤਮ-ਵਿਸ਼ਵਾਸ ʼਤੇ ਕੀ ਅਸਰ ਪਵੇਗਾ? ਤੁਸੀਂ ਯਹੋਵਾਹ ਬਾਰੇ ਕਿਵੇਂ ਮਹਿਸੂਸ ਕਰੋਗੇ ਅਤੇ ਉਹ ਤੁਹਾਡੇ ਬਾਰੇ ਕਿਵੇਂ ਮਹਿਸੂਸ ਕਰੇਗਾ?—ਕਹਾਉਤਾਂ 23:15.
4. ਤਿਆਰ ਹੋਵੋ। ਕਹਾਉਤਾਂ 15:28 ਵਿਚ ਲਿਖਿਆ ਹੈ ਕਿ “ਧਰਮੀ ਦਾ ਮਨ ਸੋਚ ਕੇ ਉੱਤਰ ਦਿੰਦਾ ਹੈ।” ਇਸ ਬਾਰੇ ਸੋਚਣ ਦੇ ਨਾਲ-ਨਾਲ ਕਿ ਤੁਸੀਂ ਕੀ ਕਹੋਗੇ, ਇਹ ਵੀ ਸੋਚੋ ਕਿ ਦੂਸਰੇ ਨੌਜਵਾਨ ਤੁਹਾਨੂੰ ਕਿਹੋ ਜਿਹੇ ਸਵਾਲ ਪੁੱਛਣਗੇ। ਫਿਰ ਉਨ੍ਹਾਂ ਵਿਸ਼ਿਆਂ ʼਤੇ ਰੀਸਰਚ ਕਰੋ ਅਤੇ ਆਪਣੇ ਜਵਾਬ ਤਿਆਰ ਕਰੋ।—ਸਫ਼ੇ 25 ʼਤੇ “ਜਵਾਬ ਦੇਣ ਲਈ ਤਿਆਰੀ ਕਰੋ” ਨਾਂ ਦਾ ਚਾਰਟ ਦੇਖੋ।
5. ਸ਼ੁਰੂ ਕਰੋ। ਆਪਣੇ ਵਿਸ਼ਵਾਸਾਂ ਬਾਰੇ ਗੱਲ ਕਰਨ ਦੀ ਤਿਆਰੀ ਕਰਨ ਤੋਂ ਬਾਅਦ ਤੁਹਾਨੂੰ ਕੀ ਕਰਨ ਦੀ ਲੋੜ ਹੈ? ਤੁਸੀਂ ਖ਼ੁਦ ਫ਼ੈਸਲਾ ਕਰ ਸਕਦੇ ਹੋ। ਅਸੀਂ ਕਹਿ ਸਕਦੇ ਹਾਂ ਕਿ ਕਿਸੇ ਨਾਲ ਆਪਣੇ ਵਿਸ਼ਵਾਸ ਸਾਂਝੇ ਕਰਨੇ ਤੈਰਨ ਦੇ ਬਰਾਬਰ ਹੈ। ਕੁਝ ਲੋਕ ਪਾਣੀ ਵਿਚ ਹੋਲੀ-ਹੋਲੀ ਪੈਰ ਰੱਖਦੇ ਹਨ, ਪਰ ਦੂਸਰੇ ਇਕਦਮ ਪਾਣੀ ਵਿਚ ਛਾਲ ਮਾਰ ਲੈਂਦੇ ਹਨ। ਇਸੇ ਤਰ੍ਹਾਂ ਇਹ ਜ਼ਰੂਰੀ ਨਹੀਂ ਕਿ ਤੁਸੀਂ ਸ਼ੁਰੂ ਤੋਂ ਹੀ ਧਰਮ ਬਾਰੇ ਗੱਲਬਾਤ ਕਰੋ। ਪਰ ਜੇ ਤੁਸੀਂ ਫ਼ਿਕਰ ਕਰਦੇ ਹੋ ਕਿ ਤੁਸੀਂ ਕਾਮਯਾਬ ਨਹੀਂ ਹੋਵੋਗੇ, ਤਾਂ ਸ਼ਾਇਦ ਬਿਹਤਰ ਹੋਵੇਗਾ ਜੇ ਤੁਸੀਂ ਉਨ੍ਹਾਂ ਨਾਲ ਸਿੱਧੀ ਗੱਲ ਕਰੋ। (ਲੂਕਾ 12:11, 12) 17 ਸਾਲਾਂ ਦਾ ਐਂਡਰੂ ਕਹਿੰਦਾ ਹੈ: “ਆਪਣੇ ਵਿਸ਼ਵਾਸ ਸਾਂਝੇ ਕਰਨ ਬਾਰੇ ਸੋਚ ਕੇ ਮੈਂ ਘਬਰਾ ਜਾਂਦਾ ਸੀ, ਪਰ ਅਸਲ ਵਿਚ ਉਨ੍ਹਾਂ ਬਾਰੇ ਗੱਲ ਕਰਨੀ ਇੰਨੀ ਔਖੀ ਨਹੀਂ ਸੀ ਜਿੰਨੀ ਮੈਂ ਸੋਚਦਾ ਸੀ।”c
6. ਸਮਝਦਾਰੀ ਵਰਤੋ। ਜਿਸ ਤਰ੍ਹਾਂ ਤੁਸੀਂ ਘੱਟ ਡੂੰਘੇ ਪਾਣੀ ਵਿਚ ਛਾਲ ਨਹੀਂ ਮਾਰੋਗੇ ਉਸੇ ਤਰ੍ਹਾਂ ਫਜ਼ੂਲ ਝਗੜਿਆਂ ਵਿਚ ਪੈਣ ਤੋਂ ਬਚੋ। ਯਾਦ ਰੱਖੋ ਕਿ ਇਕ ਗੱਲ ਕਰਨ ਦਾ ਵੇਲਾ ਹੈ ਅਤੇ ਇਕ ਚੁੱਪ ਕਰਨ ਦਾ ਵੇਲਾ ਹੈ। (ਉਪਦੇਸ਼ਕ ਦੀ ਪੋਥੀ 3:1, 7) ਕਦੀ-ਕਦਾਈਂ ਯਿਸੂ ਨੇ ਵੀ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਇਨਕਾਰ ਕੀਤਾ ਸੀ। (ਮੱਤੀ 26:62, 63) ਬਾਈਬਲ ਦਾ ਇਹ ਅਸੂਲ ਵੀ ਯਾਦ ਰੱਖੋ: “ਸਿਆਣਾ ਤਾਂ ਬਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ, ਪਰ ਭੋਲੇ ਅਗਾਹਾਂ ਵਧ ਕੇ ਕਸ਼ਟ ਭੋਗਦੇ ਹਨ।”—ਕਹਾਉਤਾਂ 22:3.
ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਤੁਹਾਡੇ ਨਾਲ ਬਹਿਸ ਕਰਨਾ ਚਾਹੁੰਦਾ ਹੈ, ਤਾਂ ‘ਅਗਾਹਾਂ ਵਧਣ’ ਦੀ ਬਜਾਇ ਇਕ ਛੋਟਾ ਅਤੇ ਸਮਝਦਾਰ ਜਵਾਬ ਦਿਓ। ਮਿਸਾਲ ਲਈ, ਜੇ ਤੁਹਾਡੇ ਕਲਾਸ ਦਾ ਇਕ ਮੈਂਬਰ ਤਾਅਨਾ ਮਾਰ ਕੇ ਕਹਿੰਦਾ ਹੈ: ‘ਤੂੰ ਸਿਗਰਟ ਕਿਉਂ ਨਹੀਂ ਪੀਂਦਾ?’ ਤੁਸੀਂ ਸ਼ਾਇਦ ਕਹਿ ਸਕਦੇ ਹੋ ਕਿ ‘ਮੈਂ ਆਪਣੀ ਸਿਹਤ ਦਾ ਨੁਕਸਾਨ ਨਹੀਂ ਕਰਨਾ ਚਾਹੁੰਦਾ!’ ਫਿਰ ਉਸ ਦੇ ਜਵਾਬ ਅਨੁਸਾਰ ਤੁਸੀਂ ਫ਼ੈਸਲਾ ਕਰ ਸਕਦੇ ਹੋ ਕਿ ਤੁਸੀਂ ਆਪਣੇ ਵਿਸ਼ਵਾਸਾਂ ਬਾਰੇ ਹੋਰ ਦੱਸਣਾ ਹੈ ਕਿ ਨਹੀਂ।
ਉੱਤੇ ਦੱਸੇ ਸੁਝਾਵਾਂ ਦੀ ਮਦਦ ਨਾਲ ਤੁਸੀਂ ‘ਉੱਤਰ ਦੇਣ ਲਈ ਸਦਾ ਤਿਆਰ’ ਰਹਿ ਸਕਦੇ ਹੋ। (1 ਪਤਰਸ 3:15) ਪਰ ਤਿਆਰ ਰਹਿਣ ਦਾ ਇਹ ਮਤਲਬ ਨਹੀਂ ਕਿ ਤੁਹਾਨੂੰ ਕੋਈ ਘਬਰਾਹਟ ਨਹੀਂ ਹੋਵੇਗੀ। 18 ਸਾਲਾਂ ਦੀ ਅਲਾਨਾ ਸਮਝਾਉਂਦੀ ਹੈ: “ਜੇ ਡਰ ਲੱਗਣ ਤੇ ਵੀ ਤੁਸੀਂ ਆਪਣੇ ਵਿਸ਼ਵਾਸਾਂ ਬਾਰੇ ਗੱਲ ਕਰਦੇ ਹੋ, ਤਾਂ ਇਹ ਇਕ ਵੱਡਾ ਕਦਮ ਹੈ। ਤੁਸੀਂ ਆਪਣੇ ਡਰ ʼਤੇ ਕਾਬੂ ਪਾ ਕੇ ਕਦਮ ਚੁੱਕਿਆ ਹੈ। ਜੇ ਇਸ ਤੋਂ ਬਾਅਦ ਕੋਈ ਤੁਹਾਡੀ ਗੱਲ ਸੁਣਦਾ ਹੈ, ਤਾਂ ਤੁਹਾਨੂੰ ਹੋਰ ਵੀ ਖ਼ੁਸ਼ੀ ਹੋਵੇਗੀ! ਤੁਸੀਂ ਖ਼ੁਸ਼ ਹੋਵੋਗੇ ਕਿ ਤੁਸੀਂ ਹਿੰਮਤ ਕਰ ਕੇ ਆਪਣੇ ਵਿਸ਼ਵਾਸਾਂ ਬਾਰੇ ਗੱਲ ਕੀਤੀ ਹੈ।” (g09 07)
“ਨੌਜਵਾਨ ਪੁੱਛਦੇ ਹਨ” ਲੇਖਾਂ ਦੀ ਲੜੀ ਦੇ ਹੋਰ ਲੇਖ ਇਸ ਵੈੱਬ-ਸਾਈਟ ʼਤੇ ਦਿੱਤੇ ਗਏ ਹਨ: www.watchtower.org/ype
[ਫੁਟਨੋਟ]
a ਕੁਝ ਨਾਂ ਬਦਲੇ ਗਏ ਹਨ।
b ਬਾਈਬਲ ਦੇ ਸਾਰੇ ਤਰਜਮੇ ਇੱਕੋ ਜਿਹੇ ਨਹੀਂ ਹਨ, ਪਰ ਕੁਝ ਤਰਜਮੇ ਬਾਈਬਲ ਦੀਆਂ ਮੁਢਲੀਆਂ ਭਾਸ਼ਾਵਾਂ ਦੀਆਂ ਗੱਲਾਂ ਨੂੰ ਸਹੀ-ਸਹੀ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ।
c ਸਫ਼ਾ 28 ʼਤੇ “ਗੱਲਬਾਤ ਸ਼ੁਰੂ ਕਰਨ ਲਈ” ਨਾਂ ਦੀ ਡੱਬੀ ਦੇਖੋ।
ਇਸ ਬਾਰੇ ਸੋਚੋ
◼ ਕੀ ਇਹ ਹੋ ਸਕਦਾ ਹੈ ਕਿ ਤੁਹਾਡੇ ਸਕੂਲ ਵਿਚ ਕੋਈ ਨੌਜਵਾਨ ਇਸ ਤਰ੍ਹਾਂ ਸੋਚ ਰਿਹਾ ਹੋਵੇ?
‘ਮੈਨੂੰ ਪਤਾ ਹੈ ਕਿ ਤੁਸੀਂ ਯਹੋਵਾਹ ਦੇ ਇਕ ਗਵਾਹ ਹੋ। ਤੁਹਾਨੂੰ ਸ਼ਾਇਦ ਲੱਗੇ ਕਿ ਮੈਂ ਤੁਹਾਡਾ ਮਜ਼ਾਕ ਉਡਾਵਾਂਗੀ, ਪਰ ਮੈਂ ਤੁਹਾਡੀ ਇੱਜ਼ਤ ਕਰਦੀ ਹਾਂ। ਦੁਨੀਆਂ ਦੀਆਂ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਤੁਸੀਂ ਬੇਫ਼ਿਕਰ ਕਿਵੇਂ ਰਹਿੰਦੇ ਹੋ? ਮੈਨੂੰ ਤਾਂ ਬਹੁਤ ਡਰ ਲੱਗਦਾ ਹੈ। ਕੀ ਫਿਰ ਤੋਂ ਕੋਈ ਜੰਗ ਸ਼ੁਰੂ ਹੋ ਜਾਵੇਗੀ? ਕੀ ਮੇਰੇ ਮਾਪੇ ਜੁਦਾ ਹੋ ਜਾਣਗੇ? ਕੀ ਅੱਜ ਸਕੂਲੇ ਕੋਈ ਮੈਨੂੰ ਗੋਲੀ ਜਾਂ ਛੁਰੀ ਮਾਰੇਗਾ? ਮੇਰੇ ਮਨ ਵਿਚ ਬਹੁਤ ਸਾਰੇ ਸਵਾਲ ਹਨ, ਪਰ ਲੱਗਦਾ ਹੈ ਕਿ ਤੁਹਾਨੂੰ ਸਾਰਾ ਕੁਝ ਪਤਾ ਹੈ। ਕੀ ਇਹ ਤੁਹਾਡੇ ਧਰਮ ਕਰਕੇ ਹੈ? ਮੈਂ ਤੁਹਾਡੇ ਨਾਲ ਇਸ ਬਾਰੇ ਗੱਲ ਕਰਨਾ ਚਾਹੁੰਦੀ ਹਾਂ, ਪਰ ਮੈਨੂੰ ਪਤਾ ਨਹੀਂ ਕਿ ਮੈਂ ਗੱਲ ਕਿੱਦਾਂ ਸ਼ੁਰੂ ਕਰਾਂ। ਕੀ ਤੁਸੀਂ ਗੱਲ ਸ਼ੁਰੂ ਕਰ ਸਕਦੇ ਹੋ?’
[ਸਫ਼ਾ 28 ਉੱਤੇ ਡੱਬੀ/ਤਸਵੀਰ]
ਤੁਹਾਡੇ ਹਾਣੀ ਕੀ ਕਹਿੰਦੇ ਹਨ
“ਕੁਝ ਨੌਜਵਾਨ ਮੇਰਾ ਮਜ਼ਾਕ ਉਡਾਉਂਦੇ ਹਨ ਜਦ ਮੈਂ ਆਪਣੇ ਧਰਮ ਬਾਰੇ ਗੱਲ ਕਰਦੀ ਹਾਂ। ਪਰ ਜਦ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਇਸ ਦਾ ਮੇਰੇ ʼਤੇ ਕੋਈ ਅਸਰ ਨਹੀਂ ਪੈਂਦਾ, ਤਾਂ ਉਹ ਹਟ ਜਾਂਦੇ ਹਨ।”—ਫ਼੍ਰਾਂਚੇਸਕਾ, ਲਕਜ਼ਮਬਰਗ।
“ਜੇ ਤੁਸੀਂ ਸਾਰਿਆਂ ਨੂੰ ਨਹੀਂ ਦੱਸਦੇ ਕਿ ਤੁਸੀਂ ਯਹੋਵਾਹ ਦੇ ਗਵਾਹ ਹੋ, ਤਾਂ ਤੁਸੀਂ ਉਨ੍ਹਾਂ ਤੋਂ ਵੱਖਰੇ ਨਹੀਂ ਨਜ਼ਰ ਆਉਂਦੇ। ਇਹ ਜ਼ਰੂਰੀ ਹੈ ਕਿ ਤੁਸੀਂ ਲਾਈਲੱਗ ਨਾ ਬਣੋ, ਪਰ ਖ਼ੁਦ ਆਪਣੇ ਫ਼ੈਸਲੇ ਕਰੋ।”—ਸਮੇਂਥਾ, ਅਮਰੀਕਾ।
“ਜਦ ਮੈਂ ਛੋਟਾ ਹੁੰਦਾ ਸੀ ਮੈਂ ਬਾਕੀਆਂ ਵਾਂਗ ਬਣਨਾ ਚਾਹੁੰਦਾ ਸੀ। ਪਰ ਫਿਰ ਮੈਂ ਸਮਝਣ ਲੱਗ ਪਿਆ ਕਿ ਮੇਰੇ ਧਰਮ ਕਰਕੇ ਮੇਰੀ ਜ਼ਿੰਦਗੀ ਕਿੰਨੀ ਚੰਗੀ ਹੈ। ਇਸ ਬਾਰੇ ਸੋਚ ਕੇ ਮੈਨੂੰ ਹੌਸਲਾ ਮਿਲਿਆ ਅਤੇ ਹੁਣ ਮੈਨੂੰ ਯਹੋਵਾਹ ਦਾ ਗਵਾਹ ਹੋਣ ਦਾ ਫ਼ਖ਼ਰ ਹੈ।”—ਜੇਸਨ, ਨਿਊਜ਼ੀਲੈਂਡ।
[ਸਫ਼ਾ 28 ਉੱਤੇ ਡੱਬੀ]
ਗੱਲਬਾਤ ਸ਼ੁਰੂ ਕਰਨ ਲਈ
◼ “ਤੁਸੀਂ ਛੁੱਟੀਆਂ ਵਿਚ ਕੀ ਕਰ ਰਹੇ ਹੋ?” [ਜਵਾਬ ਮਿਲਣ ਤੋਂ ਬਾਅਦ ਤੁਸੀਂ ਦੱਸ ਸਕਦੇ ਹੋ ਕਿ ਤੁਸੀਂ ਯਹੋਵਾਹ ਦੇ ਗਵਾਹਾਂ ਦੇ ਇਕ ਸੰਮੇਲਨ ਵਿਚ ਜਾਣਾ ਹੈ ਜਾਂ ਪ੍ਰਚਾਰ ਦੇ ਕੰਮ ਵਿਚ ਜ਼ਿਆਦਾ ਹਿੱਸਾ ਲੈਣਾ ਹੈ।]
◼ ਖ਼ਬਰਾਂ ਵਿਚ ਦੱਸੀ ਗੱਲ ਦਾ ਜ਼ਿਕਰ ਕਰੋ ਤੇ ਫਿਰ ਪੁੱਛੋ: “ਕੀ ਤੁਸੀਂ ਇਸ ਬਾਰੇ ਸੁਣਿਆ ਸੀ? ਤੁਸੀਂ ਇਸ ਬਾਰੇ ਕੀ ਸੋਚਦੇ ਹੋ?”
◼ “ਕੀ ਤੁਹਾਨੂੰ ਲੱਗਦਾ ਹੈ ਕਿ ਦੁਨੀਆਂ ਦੀ ਮਾਲੀ ਹਾਲਤ [ਜਾਂ ਕੋਈ ਹੋਰ ਮੁਸ਼ਕਲ] ਸੁਧਰੇਗੀ? [ਜਵਾਬ ਲਈ ਸਮਾਂ ਦਿਓ।] ਤੁਹਾਨੂੰ ਕਿਉਂ ਇੱਦਾਂ ਲੱਗਦਾ ਹੈ?”
◼ “ਤੁਸੀਂ ਕਿਹੜੇ ਧਰਮ ਨੂੰ ਮੰਨਦੇ ਹੋ?”
◼ “ਤੁਹਾਨੂੰ ਕੀ ਲੱਗਦਾ ਹੈ ਕਿ ਪੰਜ ਸਾਲਾਂ ਵਿਚ ਤੁਸੀਂ ਕੀ ਕਰ ਰਹੇ ਹੋਵੋਗੇ?” [ਜਵਾਬ ਮਿਲਣ ਤੋਂ ਬਾਅਦ ਦੱਸੋ ਕਿ ਤੁਸੀਂ ਯਹੋਵਾਹ ਦੀ ਸੇਵਾ ਵਿਚ ਕੀ ਕਰਨਾ ਚਾਹੁੰਦੇ ਹੋ।]
[ਸਫ਼ਾ 28 ਉੱਤੇ ਚਾਰਟ]
(ਪੂਰੀ ਤਰ੍ਹਾਂ ਫੋਰਮੈਟ ਕੀਤੇ ਹੋਏ ਟੈਕਸਟ ਲਈ, ਪ੍ਰਕਾਸ਼ਨ ਦੇਖੋ)
ਜਵਾਬ ਦੇਣ ਲਈ ਤਿਆਰੀ ਕਰੋ
ਇਸ ਨੂੰ ਕੱਟੋ!
ਸੁਝਾਅ: ਆਪਣੇ ਮਾਪਿਆਂ ਤੇ ਦੋਸਤਾਂ ਨਾਲ ਇਸ ਚਾਰਟ ਬਾਰੇ ਗੱਲ ਕਰੋ। ਚਾਰਟ ਨੂੰ ਪੂਰਾ ਕਰੋ। ਹੋਰਨਾਂ ਸਵਾਲਾਂ ਬਾਰੇ ਵੀ ਸੋਚੋ ਜੋ ਤੁਹਾਡੇ ਹਾਣੀ ਤੁਹਾਨੂੰ ਸ਼ਾਇਦ ਪੁੱਛਣ।
ਚਾਲ-ਚਲਣ
ਸਵਾਲ
ਆਦਮੀ-ਆਦਮੀ ਨਾਲ ਜਾਂ ਔਰਤ-ਔਰਤ ਨਾਲ ਸੈਕਸ ਕਰਨ ਬਾਰੇ ਤੁਸੀਂ ਕੀ ਸੋਚਦੇ ਹੋ?
ਜਵਾਬ
ਮੈਂ ਅਜਿਹੇ ਲੋਕਾਂ ਨਾਲ ਨਫ਼ਰਤ ਨਹੀਂ ਕਰਦਾ, ਪਰ ਉਨ੍ਹਾਂ ਦਾ ਚਾਲ-ਚਲਣ ਗ਼ਲਤ ਹੈ।
ਅਗਲਾ ਸਵਾਲ
ਕੀ ਤੁਸੀਂ ਪੱਖਪਾਤ ਨਹੀਂ ਕਰ ਰਹੇ?
ਰੀਸਰਚ
1 ਕੁਰਿੰਥੀਆਂ 6:9, 10; ਕੁਐਸ਼ਚਨਜ਼ ਯੰਗ ਪੀਪਲ ਆਸਕ-ਐਂਸਰਜ਼ ਦੈਟ ਵਰਕ, ਦੂਜੀ ਕਿਤਾਬ, ਅਧਿਆਇ 28.d
ਜਵਾਬ
ਨਹੀਂ, ਕਿਉਂਕਿ ਮੈਂ ਹਰ ਤਰ੍ਹਾਂ ਦੇ ਬੁਰੇ ਚਾਲ-ਚਲਣ ਦੇ ਖ਼ਿਲਾਫ਼ ਹਾਂ।
ਡੇਟਿੰਗ
ਸਵਾਲ
ਤੁਸੀਂ ਡੇਟਿੰਗ ਕਿਉਂ ਨਹੀਂ ਕਰਦੇ?
ਜਵਾਬ
ਮੈਂ ਫ਼ੈਸਲਾ ਕੀਤਾ ਹੈ ਕਿ ਮੈਂ ਅਜੇ ਡੇਟਿੰਗ ਨਹੀਂ ਕਰਾਂਗਾ।
ਅਗਲਾ ਸਵਾਲ
ਕੀ ਇਹ ਤੁਹਾਡੇ ਧਰਮ ਕਰਕੇ ਹੈ?
ਰੀਸਰਚ
ਸਰੇਸ਼ਟ ਗੀਤ 8:4; ਯੰਗ ਪੀਪਲ ਆਸਕ, ਦੂਜੀ ਕਿਤਾਬ, ਅਧਿਆਇ 1.
ਜਵਾਬ
ਹਾਂ। ਅਸੀਂ ਡੇਟਿੰਗ ਸਿਰਫ਼ ਉਦੋਂ ਕਰਦੇ ਹਾਂ ਜਦ ਅਸੀਂ ਵਿਆਹ ਕਰਨ ਲਈ ਤਿਆਰ ਹਾਂ ਅਤੇ ਮੈਂ ਵਿਆਹ ਕਰਨ ਲਈ ਤਿਆਰ ਨਹੀਂ!
ਨਿਰਪੱਖਤਾ
ਸਵਾਲ
ਤੁਸੀਂ ਝੰਡੇ ਨੂੰ ਸਲਾਮੀ ਕਿਉਂ ਨਹੀਂ ਦਿੰਦੇ?
ਜਵਾਬ
ਮੈਂ ਇਸ ਦੇਸ਼ ਦੀ ਇੱਜ਼ਤ ਕਰਦਾ ਹਾਂ, ਪਰ ਮੈਂ ਇਸ ਦੀ ਭਗਤੀ ਨਹੀਂ ਕਰਦਾ।
ਅਗਲਾ ਸਵਾਲ
ਸੋ ਕੀ ਤੁਸੀਂ ਆਪਣੇ ਦੇਸ਼ ਲਈ ਨਹੀਂ ਲੜੋਗੇ?
ਰੀਸਰਚ
ਯਸਾਯਾਹ 2:4; ਯੂਹੰਨਾ 13:35; ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਸਫ਼ੇ 148-151.e
ਜਵਾਬ
ਨਹੀਂ ਅਤੇ ਹੋਰਨਾਂ ਦੇਸ਼ਾਂ ਵਿਚ ਰਹਿੰਦੇ ਲੱਖਾਂ ਹੀ ਯਹੋਵਾਹ ਦੇ ਗਵਾਹ ਵੀ ਇਸ ਦੇਸ਼ ਨਾਲ ਲੜਾਈ ਨਹੀਂ ਕਰਨਗੇ।
ਖ਼ੂਨ
ਸਵਾਲ
ਤੁਸੀਂ ਖ਼ੂਨ ਕਿਉਂ ਨਹੀਂ ਲੈਂਦੇ?
ਜਵਾਬ
ਬਾਈਬਲ ਕਹਿੰਦੀ ਹੈ ਕਿ ਖ਼ੂਨ ਤੋਂ ਬਚੇ ਰਹੋ। ਇਸ ਤੋਂ ਇਲਾਵਾ ਖ਼ੂਨ ਚੜ੍ਹਾਉਣ ਦੇ ਕਈ ਖ਼ਤਰੇ ਵੀ ਹਨ ਜਿਵੇਂ ਕਿ ਏਡਜ਼ ਦੀ ਬੀਮਾਰੀ।
ਅਗਲਾ ਸਵਾਲ
ਪਰ ਉਦੋਂ ਕੀ ਜੇ ਤੁਸੀਂ ਖ਼ੂਨ ਤੋਂ ਬਿਨਾਂ ਮਰ ਜਾਓਗੇ? ਕੀ ਰੱਬ ਤੁਹਾਨੂੰ ਮਾਫ਼ ਨਹੀਂ ਕਰੇਗਾ?
ਰੀਸਰਚ
ਰਸੂਲਾਂ ਦੇ ਕਰਤੱਬ 5:28, 29; ਇਬਰਾਨੀਆਂ 11:6; ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ?, ਸਫ਼ੇ 129-131.
ਜਵਾਬ
ਫ਼ੈਸਲੇ
ਸਵਾਲ
ਫਲਾਣਾ ਵੀ ਤੁਹਾਡੇ ਧਰਮ ਦਾ ਇਕ ਮੈਂਬਰ ਹੈ ਅਤੇ ਉਸ ਨੇ ਤਾਂ ਇੱਦਾਂ ਕੀਤਾ ਸੀ। ਤੂੰ ਕਿਉਂ ਨਹੀਂ ਕਰ ਸਕਦਾ?
ਜਵਾਬ
ਸਾਨੂੰ ਸਿਖਾਇਆ ਜਾਂਦਾ ਹੈ ਕਿ ਰੱਬ ਸਾਡੇ ਤੋਂ ਕੀ ਚਾਹੁੰਦਾ ਹੈ, ਪਰ ਸਾਨੂੰ ਮਜਬੂਰ ਨਹੀਂ ਕੀਤਾ ਜਾਂਦਾ। ਅਸੀਂ ਸਾਰੇ ਆਪਣੇ ਫ਼ੈਸਲੇ ਆਪ ਕਰਦੇ ਹਾਂ।
ਅਗਲਾ ਸਵਾਲ
ਕੀ ਸਾਰਿਆਂ ਨੂੰ ਇਕ ਤਰ੍ਹਾਂ ਨਹੀਂ ਕਰਨਾ ਚਾਹੀਦਾ?
ਰੀਸਰਚ
ਜਵਾਬ
ਸਿਰਜਣ
ਸਵਾਲ
ਤੁਸੀਂ ਵਿਕਾਸਵਾਦ ਦੀ ਸਿੱਖਿਆ ਕਿਉਂ ਨਹੀਂ ਮੰਨਦੇ?
ਜਵਾਬ
ਮੈਂ ਇਹ ਸਿੱਖਿਆ ਕਿਉਂ ਮੰਨਾਂ? ਸਾਇੰਸਦਾਨ ਵੀ ਇਸ ਬਾਰੇ ਸਹਿਮਤ ਨਹੀਂ ਅਤੇ ਉਹ ਤਾਂ ਮਾਹਰ ਮੰਨੇ ਜਾਂਦੇ ਹਨ!
ਅਗਲਾ ਸਵਾਲ
ਰੀਸਰਚ
ਜਵਾਬ
[ਫੁਟਨੋਟ]
d ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।
e ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।
[ਸਫ਼ਾ 27 ਉੱਤੇ ਤਸਵੀਰ]
ਕਿਸੇ ਨਾਲ ਆਪਣੇ ਵਿਸ਼ਵਾਸ ਸਾਂਝੇ ਕਰਨੇ ਤੈਰਨ ਦੇ ਬਰਾਬਰ ਹੈ। ਤੁਸੀਂ ਪਾਣੀ ਵਿਚ ਹੋਲੀ-ਹੋਲੀ ਪੈਰ ਰੱਖ ਸਕਦੇ ਹੋ ਜਾਂ ਇਕਦਮ ਛਾਲ ਮਾਰ ਸਕਦੇ ਹੋ!