ਗਰਜਦੇ ਬਬਰ ਸ਼ੇਰ ਤੋਂ ਇਕ ਸ਼ਾਂਤ ਲੇਲਾ
ਐਂਰੀਕ ਟੋਰੇਸ ਜੂਨੀਅਰ ਦੀ ਜ਼ਬਾਨੀ
ਮੇਰਾ ਜਨਮ 1941 ਵਿਚ ਪੋਰਟੋ ਰੀਕੋ ਨਾਂ ਦੇ ਕੈਰਿਬੀ ਟਾਪੂ ਤੇ ਹੋਇਆ ਸੀ ਜਿੱਥੇ ਲੋਕੀ ਆਮ ਤੌਰ ਤੇ ਸਪੇਨੀ ਭਾਸ਼ਾ ਬੋਲਦੇ ਹਨ। ਮੇਰੇ ਗ਼ਰੀਬ ਮਾਪੇ ਰੋਮਨ ਕੈਥੋਲਿਕ ਸਨ, ਪਰ ਨਾ ਉਨ੍ਹਾਂ ਨੂੰ ਅਤੇ ਨਾ ਹੀ ਮੇਰੀਆਂ ਭੈਣਾਂ, ਮੇਰੇ ਭਰਾ (ਜੋ ਬਚਪਨ ਵਿਚ ਮਰ ਗਿਆ) ਅਤੇ ਮੈਨੂੰ ਕਦੀ ਧਰਮ ਦੀ ਸਿੱਖਿਆ ਦਿੱਤੀ ਗਈ ਸੀ। ਅਸੀਂ ਚਰਚ ਨੂੰ ਬਹੁਤ ਘੱਟ ਜਾਂਦੇ ਹੁੰਦੇ ਸਨ।
ਸਾਲ 1949 ਵਿਚ ਸਾਡਾ ਪਰਿਵਾਰ ਪੋਰਟੋ ਰੀਕੋ ਛੱਡ ਕੇ, ਸੰਯੁਕਤ ਰਾਜ ਅਮਰੀਕਾ ਨੂੰ ਚਲਾ ਗਿਆ। ਅਸੀਂ ਨਿਊਯਾਰਕ ਸਿਟੀ ਦੀ ਉਸ ਜਗ੍ਹਾ ਵਿਚ ਟਿਕ ਗਏ, ਜਿਸ ਨੂੰ ਈਸਟ ਹਾਰਲਮ, ਜਾਂ ਏਲ ਬਾਰੀਓ ਸੱਦਿਆ ਜਾਂਦਾ ਹੈ। ਉੱਥੇ ਅਸੀਂ 1953 ਤਕ ਰਹੇ। ਮੈਨੂੰ ਅੰਗ੍ਰੇਜ਼ੀ ਭਾਸ਼ਾ ਸਮਝਣੀ ਬਹੁਤ ਔਖੀ ਲੱਗੀ। ਇਸ ਮੁਸ਼ਕਲ ਕਰਕੇ ਮੈਨੂੰ ਆਪਣੇ ਆਪ ਵਿਚ ਕਮੀ ਮਹਿਸੂਸ ਹੋਣ ਲੱਗੀ।
ਭੈੜੇ ਪ੍ਰਭਾਵ
ਇਸ ਤੋਂ ਬਾਅਦ ਸਾਡਾ ਪਰਿਵਾਰ ਬਰੁਕਲਿਨ ਵਿਚ ਪ੍ਰੌਸਪੈਕਟ ਹਾਇਟਸ ਵਿਚ ਰਹਿਣ ਲੱਗ ਪਿਆ। ਇਸ ਸਮੇਂ ਦੌਰਾਨ ਮੈਂ ਹਾਣੀਆਂ ਦੇ ਦਬਾਉ ਕਰਕੇ ਇਕ ਗੈਂਗ ਦਾ ਮੈਂਬਰ ਬਣ ਗਿਆ। ਬਾਅਦ ਵਿਚ ਮੈਨੂੰ ਇਸ ਦਾ ਮੁਖੀਆ ਬਣਾਇਆ ਗਿਆ। ਇਸ ਮਗਰੋਂ ਮੈਂ ਕਿਸੇ ਹੋਰ ਗੈਂਗ ਦਾ ਸਰਦਾਰ ਬਣ ਗਿਆ, ਜੋ ਕਾਰਾਂ ਚੋਰੀ ਕਰਨ ਦਾ ਧੰਦਾ ਕਰਦਾ ਸੀ। ਮੈਂ ਉਸ ਇਲਾਕੇ ਦੇ ਜੂਆ-ਵਪਾਰੀਆਂ ਲਈ ਇਕ ਏਜੰਟ (ਗ਼ੈਰ-ਕਾਨੂੰਨੀ ਜੂਏ ਦੇ ਕਰਜ਼ਿਆਂ ਦਾ ਕੁਲੈਕਟਰ) ਵੀ ਬਣ ਗਿਆ। ਇਸ ਤੋਂ ਬਾਅਦ ਮੈਂ ਘਰਾਂ ਵਿੱਚੋਂ ਮਾਲ ਚੋਰੀ ਕਰਨ ਲੱਗ ਪਿਆ ਅਤੇ 15 ਸਾਲਾਂ ਦੀ ਉਮਰ ਤਕ ਪਹੁੰਚਣ ਤੋਂ ਪਹਿਲਾਂ ਮੈਨੂੰ ਕਈ ਵਾਰ ਗਿਰਫ਼ਤਾਰ ਕੀਤਾ ਗਿਆ ਸੀ। ਇਸ ਸਮੇਂ ਮੈਂ ਸਕੂਲ ਜਾਣਾ ਵੀ ਛੱਡ ਦਿੱਤਾ ਸੀ।
ਜਦੋਂ ਮੈਂ 16 ਸਾਲਾਂ ਦਾ ਸੀ, ਤਾਂ ਅਦਾਲਤ ਵਿਚ ਸਮਝੌਤੇ ਦੇ ਕਾਰਨ ਅਧਿਕਾਰੀਆਂ ਨੇ ਮੈਨੂੰ ਪੰਜਾਂ ਸਾਲਾਂ ਲਈ ਪੋਰਟੋ ਰੀਕੋ ਘੱਲ ਦਿੱਤਾ। ਮੈਨੂੰ ਆਪਣੇ ਦਾਦਾ ਜੀ ਅਤੇ ਉਨ੍ਹਾਂ ਦੇ ਪਰਿਵਾਰ ਕੋਲ ਘੱਲਿਆ ਗਿਆ ਸੀ। ਉਹ ਇਕ ਨੇਕ ਨਾਮ ਵਾਲੇ ਰੀਟਾਇਰ ਹੋਏ ਪੁਲਸ ਅਫ਼ਸਰ ਸਨ। ਲੇਕਿਨ, ਸ਼ਰਾਬੀ ਹੋ ਕੇ ਲੜਾਈਆਂ ਕਰਨ, ਭੈੜਿਆਂ ਲੋਕਾਂ ਨਾਲ ਮੇਲ-ਜੋਲ ਰੱਖਣ, ਚੋਰੀਆਂ ਕਰਨ ਅਤੇ ਮੇਰੀਆਂ ਅਜਿਹੀਆਂ ਬੁਰੀਆਂ ਆਦਤਾਂ ਕਰਕੇ ਮੇਰੇ ਦਾਦਾ ਜੀ ਨੇ ਮੈਨੂੰ ਇਕ ਸਾਲ ਬਾਅਦ ਬਰੁਕਲਿਨ ਵਾਪਸ ਭੇਜ ਦਿੱਤਾ।
ਮੇਰੀ ਜ਼ਿੰਦਗੀ ਵਿਚ ਮੇਰੇ ਪਿਤਾ ਜੀ ਦਾ ਅਸਰ
ਜਦੋਂ ਮੈਂ ਪੋਰਟੋ ਰੀਕੋ ਤੋਂ ਨਿਊਯਾਰਕ ਸਿਟੀ ਨੂੰ ਵਾਪਸ ਆਇਆ, ਤਾਂ ਮੈਨੂੰ ਪਤਾ ਲੱਗਾ ਕਿ ਮੇਰੇ ਪਿਤਾ ਜੀ ਯਹੋਵਾਹ ਦੇ ਗਵਾਹਾਂ ਨਾਲ ਸਟੱਡੀ ਕਰ ਰਹੇ ਸਨ। ਲੇਕਿਨ, ਮੇਰੇ ਤੌਰ-ਤਰੀਕੇ ਇਸ ਤੋਂ ਬਿਲਕੁਲ ਉਲਟ ਸਨ। ਮੈਂ ਭੈੜੀ ਜ਼ਿੰਦਗੀ ਵਿਚ ਲੱਗਾ ਰਿਹਾ ਅਤੇ ਡ੍ਰੱਗਜ਼ ਤੇ ਸ਼ਰਾਬ ਦੀ ਵੀ ਕੁਵਰਤੋਂ ਕਰਨ ਲੱਗ ਪਿਆ। ਮੈਂ ਇਕ ਹੋਰ ਗੈਂਗ ਦਾ ਮੈਂਬਰ ਬਣ ਗਿਆ ਜੋ ਚੋਰੀਆਂ ਕਰਦਾ ਅਤੇ ਬੰਦੂਕਾਂ ਨਾਲ ਡਾਕੇ ਮਾਰਦਾ ਸੀ, ਜਿਸ ਦੇ ਕਾਰਨ ਮੈਨੂੰ 1960 ਵਿਚ ਗਿਰਫ਼ਤਾਰ ਕੀਤਾ ਗਿਆ। ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਮੈਨੂੰ ਕੈਦ ਵਿਚ ਤਿੰਨਾਂ ਸਾਲਾਂ ਦੀ ਸਜ਼ਾ ਮਿਲੀ।
ਮੈਨੂੰ 1963 ਵਿਚ ਪੈਰੋਲ ਤੇ ਰਿਹਾ ਕੀਤਾ ਗਿਆ ਸੀ। ਪਰ ਜਲਦੀ ਹੀ ਮੈਨੂੰ ਚੋਰੀ ਕਰਨ ਲਈ ਫਿਰ ਗਿਰਫ਼ਤਾਰ ਕੀਤਾ ਗਿਆ, ਅਤੇ ਮੈਂ ਨਿਊਯਾਰਕ ਸਿਟੀ ਵਿਚ ਰਾਇਕ੍ਰਸ ਟਾਪੂ ਦੀ ਕੈਦ ਵਿਚ ਦੋ ਸਾਲਾਂ ਲਈ ਸਜ਼ਾ ਕੱਟੀ। ਮੈਨੂੰ 1965 ਵਿਚ ਰਿਹਾ ਕੀਤਾ ਗਿਆ। ਲੇਕਿਨ, ਉਸੇ ਸਾਲ ਮੈਨੂੰ ਕਤਲ ਦੇ ਦੋਸ਼ ਤੇ ਗਿਰਫ਼ਤਾਰ ਕੀਤਾ ਗਿਆ। ਮੇਰਾ ਸੁਭਾਅ ਸ਼ੇਰ ਵਾਂਗ ਕਿੰਨਾ ਵਹਿਸ਼ੀ ਬਣ ਚੁੱਕਾ ਸੀ!
ਅਦਾਲਤ ਨੇ ਮੈਨੂੰ ਉੱਤਰੀ ਨਿਊਯਾਰਕ ਵਿਚ ਡੈਨੀਮੋਰ ਦੀ ਜੇਲ੍ਹ ਵਿਚ 20 ਸਾਲਾਂ ਦੀ ਸਜ਼ਾ ਦਿੱਤੀ। ਉੱਥੇ ਮੈਂ ਕੈਦੀਆਂ ਦੀ ਬਰਾਦਰੀ ਵਿਚ ਰਲਣ-ਮਿਲਣ ਲੱਗ ਪਿਆ।
ਲੇਕਿਨ, ਜਿਸ ਤਰ੍ਹਾਂ ਪਹਿਲਾਂ ਕਿਹਾ ਗਿਆ ਸੀ, ਮੇਰੇ ਪਿਤਾ ਜੀ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦੀ ਸਟੱਡੀ ਕਰ ਰਹੇ ਸਨ। ਉਨ੍ਹਾਂ ਨੇ ਬਾਅਦ ਵਿਚ ਬਪਤਿਸਮਾ ਲਿਆ ਅਤੇ ਹਾਰਲਮ ਵਿਚ ਕਲੀਸਿਯਾ ਦੇ ਇਕ ਬਜ਼ੁਰਗ ਵਜੋਂ ਸੇਵਾ ਕੀਤੀ। ਉਹ ਮੈਨੂੰ ਜੇਲ੍ਹ ਵਿਚ ਕਈ ਵਾਰ ਮਿਲਣ ਆਏ ਅਤੇ ਉਹ ਹਮੇਸ਼ਾ ਮੇਰੇ ਨਾਲ ਪਰਮੇਸ਼ੁਰ, ਉਸ ਦੇ ਨਾਂ, ਅਤੇ ਉਸ ਦੇ ਮਕਸਦ ਬਾਰੇ ਗੱਲ ਕਰਦੇ ਹੁੰਦੇ ਸਨ।
ਫਿਰ ਵੀ, ਡੈਨੀਮੋਰ ਦੀ ਕੈਦ ਵਿਚ ਸਜ਼ਾ ਕੱਟਦਿਆਂ ਮੈਂ ਉਧਾਰ ਦੇਣ ਦੇ ਧੰਦੇ ਵਿਚ ਲੱਗ ਗਿਆ, ਅਤੇ ਇਕ ਸਮੂਹ ਦੇ ਨਾਲ ਰਲ ਗਿਆ ਜੋ ਜ਼ਿਆਦਾ ਵਿਆਜ ਤੇ ਉਧਾਰ ਦਿੰਦਾ ਸੀ। ਇਸ ਸਮੇਂ ਦੌਰਾਨ, 1971 ਵਿਚ, ਨਿਊਯਾਰਕ ਸਟੇਟ ਦੀ ਇਕ ਹੋਰ ਜੇਲ੍ਹ, ਐਟਿਕਾ ਕੋਰੈਕਸ਼ਨਲ ਫ਼ਸਿਲਿਟੀ, ਵਿਚ ਰੌਲੇ ਪੈ ਗਏ। ਕਈਆਂ ਅਖ਼ਬਾਰਾਂ ਨੇ ਇਨ੍ਹਾਂ ਰੌਲਿਆਂ ਬਾਰੇ ਲਿਖਿਆ ਅਤੇ ਸੰਸਾਰ ਭਰ ਵਿਚ ਰੇਡੀਓ ਅਤੇ ਟੈਲੀਵਿਯਨ ਤੇ ਵੀ ਇਨ੍ਹਾਂ ਬਾਰੇ ਦੱਸਿਆ ਗਿਆ ਸੀ। ਇਨ੍ਹਾਂ ਰੌਲਿਆਂ ਤੋਂ ਬਾਅਦ, ਡੈਨੀਮੋਰ ਦੇ ਵਾਰਡਨ ਨੇ ਉਨ੍ਹਾਂ ਕੈਦੀਆਂ ਨੂੰ ਚੁਣਿਆ ਜੋ ਸ਼ਾਇਦ ਦੂਸਰੇ ਕੈਦੀਆਂ ਉੱਤੇ ਬੁਰਾ ਪ੍ਰਭਾਵ ਪਾਉਂਦੇ ਸਨ, ਤਾਂਕਿ ਡੈਨੀਮੋਰ ਵਿਚ ਅਜਿਹਾ ਫ਼ਸਾਦ ਨਾ ਪਵੇ। ਇਨ੍ਹਾਂ ਕੈਦੀਆਂ ਨੂੰ ਜੇਲ੍ਹ ਦੀ ਖ਼ਾਸ ਜਗ੍ਹਾ ਵਿਚ ਅਲੱਗ ਕੀਤਾ ਗਿਆ ਸੀ।
ਜੇਲ੍ਹ ਦੇ 2,200 ਕੈਦੀਆਂ ਵਿੱਚੋਂ, ਮੈਨੂੰ ਵੀ 200 ਕੁ ਜਣਿਆਂ ਦੇ ਨਾਲ ਅਲੱਗ ਕੀਤਾ ਗਿਆ ਸੀ। ਹੋਰ ਛਾਣਬੀਣ ਤੋਂ ਬਾਅਦ ਇਨ੍ਹਾਂ ਵਿੱਚੋਂ ਕਈਆਂ ਨੂੰ ਸਖ਼ਤ ਮਾਰ-ਕੁਟਾਈ ਲਈ ਚੁਣਿਆ ਗਿਆ। ਇਸ ਤੋਂ ਇਲਾਵਾ, ਸਾਡੇ ਭੋਜਨ ਵਿਚ ਡ੍ਰੱਗਜ਼ ਪਾਏ ਜਾਂਦੇ ਸਨ, ਅਤੇ ਕਿਹਾ ਜਾਂਦਾ ਸੀ ਕਿ ਇਹ ‘ਚਾਲ-ਚਲਣ ਨੂੰ ਸੁਧਾਰਨ ਦਾ ਇਕ ਇਲਾਜ’ ਸੀ।
ਮੈਂ ਇਸ ਤੋਂ ਪਹਿਲਾਂ ਵੀ ਭੈੜੇ ਚਾਲ-ਚਲਣ ਲਈ ਅਲੱਗ ਕੀਤਾ ਗਿਆ ਸੀ। ਲੇਕਿਨ, ਮੇਰੇ ਨਾਲ ਇਸ ਤੋਂ ਪਹਿਲਾਂ ਇੰਨੀ ਬੇਰਹਿਮੀ ਨਹੀਂ ਸੀ ਕੀਤੀ ਗਈ, ਅਤੇ ਇਸ ਨੇ ਮੇਰੇ ਉੱਤੇ ਬਹੁਤ ਵੱਡਾ ਅਸਰ ਪਾਇਆ। ਮੇਰੇ ਹੱਥਕੜੀਆਂ ਲਗਾਈਆਂ ਗਈਆਂ ਸਨ, ਮੇਰੀਆਂ ਲੱਤਾਂ ਬੇੜੀਆਂ ਵਿਚ ਪਾਈਆਂ ਗਈਆਂ ਸਨ, ਅਤੇ ਵੱਖ-ਵੱਖ ਸਮਿਆਂ ਤੇ ਚੌਕੀਦਾਰਾਂ ਨੇ ਮੈਨੂੰ ਬੁਰੀ ਤਰ੍ਹਾਂ ਕੁੱਟਿਆ। ਇਸ ਦੇ ਨਾਲ-ਨਾਲ ਮੇਰੀ ਕੌਮੀਅਤ ਕਰਕੇ ਮੇਰੀ ਬੇਇੱਜ਼ਤੀ ਵੀ ਕੀਤੀ ਜਾਂਦੀ ਸੀ। ਉਨ੍ਹਾਂ ਤਿੰਨਾਂ ਮਹੀਨਿਆਂ ਦੌਰਾਨ ਜਦੋਂ ਮੈਨੂੰ ਅਲੱਗ ਕੀਤਾ ਗਿਆ ਸੀ, ਅਪਮਾਨ ਕੀਤੇ ਜਾਣ ਅਤੇ ਮਾਰ-ਕੁਟਾਈ ਕਰਕੇ ਮੈਂ ਸਾਰੀ ਰੋਟੀ ਖਾਣ ਤੋਂ ਇਨਕਾਰ ਕਰ ਦਿੱਤਾ। ਇਸ ਦੇ ਨਤੀਜੇ ਵਜੋਂ ਮੇਰਾ ਭਾਰ ਤਕਰੀਬਨ 22 ਕਿਲੋ ਘੱਟ ਗਿਆ।
ਮੇਰੇ ਪਿਤਾ ਜੀ ਨੇ ਜੇਲ੍ਹ ਦੇ ਅਧਿਕਾਰੀਆਂ ਤੋਂ ਮੇਰੀ ਵਿਗੜ ਰਹੀ ਸਿਹਤ ਬਾਰੇ ਪੁੱਛਿਆ ਪਰ ਉਨ੍ਹਾਂ ਨੇ ਉਸ ਨੂੰ ਕੁਝ ਨਹੀਂ ਦੱਸਿਆ। ਇਸ ਕਰਕੇ ਮੈਂ ਬਹੁਤ ਹੀ ਨਿਰਾਸ਼ ਹੋ ਗਿਆ ਸੀ, ਅਤੇ ਮੈਂ ਨੀਤੀਵਾਨਾਂ ਨੂੰ ਲਿਖ ਕੇ ਮੇਰੇ ਨਾਲ ਕੀਤੇ ਅਨਿਆਂ ਦੇ ਸੰਬੰਧ ਵਿਚ ਉਨ੍ਹਾਂ ਤੋਂ ਮਦਦ ਮੰਗਣ ਦੀ ਕੋਸ਼ਿਸ਼ ਕੀਤੀ।
ਮੇਰੇ ਪਿਤਾ ਜੀ ਨੇ ਮਾਰ-ਕੁਟਾਈ, ਅਪਮਾਨ, ਅਤੇ ਅਲੱਗ ਕੀਤੇ ਗਏ ਕੈਦੀਆਂ ਦੇ ਖਾਣੇ ਵਿਚ ਡ੍ਰੱਗਜ਼ ਪਾਉਣ ਬਾਰੇ ਅਖ਼ਬਾਰਾਂ ਦੀਆਂ ਸੰਸਥਾਵਾਂ ਨੂੰ ਦੱਸਿਆ। ਸਿਰਫ਼ ਇੱਕੋ ਹੀ ਅਖ਼ਬਾਰ, ਅਮਸਟਰਡਮ ਨਿਊਜ਼ ਨੇ ਉਨ੍ਹਾਂ ਦੀ ਗੱਲ ਸੁਣ ਕੇ ਬੁਰੀਆਂ ਹਾਲਤਾਂ ਬਾਰੇ ਲਿਖਿਆ। ਮੇਰੇ ਪਿਤਾ ਜੀ ਐਲਬਨੀ, ਨਿਊਯਾਰਕ, ਵਿਚ ਸੁਧਾਰ ਦੇ ਕਮਿਸ਼ਨਰ ਕੋਲ ਕਈ ਵਾਰ ਗਏ ਅਤੇ ਉਨ੍ਹਾਂ ਨੂੰ ਹਮੇਸ਼ਾ ਇਹ ਦੱਸਿਆ ਜਾਂਦਾ ਸੀ ਕਿ ਮੈਂ ਬਾਕੀ ਕੈਦੀਆਂ ਦੇ ਨਾਲ ਆਮ ਜਗ੍ਹਾ ਵਿਚ ਹੀ ਸੀ। ਨੀਤੀਵਾਨਾਂ ਨੇ ਕੈਦ ਵਿਚ ਹਾਲਤਾਂ ਬਾਰੇ ਮੇਰੀ ਰਿਪੋਰਟ ਅਣਡਿੱਠ ਕੀਤੀ। ਮੈਂ ਹੋਰ ਨਿਰਾਸ਼ ਹੁੰਦਾ ਗਿਆ, ਕਿਉਂਕਿ ਇੱਦਾਂ ਲੱਗਦਾ ਸੀ ਕਿ ਮਦਦ ਵਾਸਤੇ ਮੇਰੇ ਕੋਲ ਹੋਰ ਕੋਈ ਰਸਤਾ ਨਹੀਂ ਸੀ ਰਿਹਾ।
ਹੁਣ ਮੈਨੂੰ ਉਹ ਕੁਝ ਗੱਲਾਂ ਯਾਦ ਆਈਆਂ ਜਿਨ੍ਹਾਂ ਬਾਰੇ ਮੇਰੇ ਪਿਤਾ ਜੀ ਮੇਰੇ ਨਾਲ ਗੱਲ ਕਰਦੇ ਹੁੰਦੇ ਸਨ। ਮੈਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰ ਕੇ ਉਸ ਕੋਲੋਂ ਮਦਦ ਮੰਗਣ ਦਾ ਇਰਾਦਾ ਬਣਾਇਆ।
ਪਰਮੇਸ਼ੁਰ ਵੱਲ ਮੁੜਨਾ
ਪ੍ਰਾਰਥਨਾ ਕਰਨ ਤੋਂ ਪਹਿਲਾਂ, ਮੈਨੂੰ ਯਾਦ ਆਇਆ ਕਿ ਪਿਤਾ ਜੀ ਹਮੇਸ਼ਾ ਉਤਸ਼ਾਹ ਦਿੰਦੇ ਸਨ ਕਿ ਮੈਨੂੰ ਯਿਸੂ ਨੂੰ ਨਹੀਂ ਪਰ ਯਿਸੂ ਦੇ ਪਿਤਾ, ਯਹੋਵਾਹ, ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ। ਮੈਂ ਕੈਦ ਦੀ ਫ਼ਰਸ਼ ਤੇ ਨੀਵੀਂ ਪਾ ਕੇ ਆਪਣੀ ਜ਼ਿੰਦਗੀ ਦੇ ਚੁਣੇ ਹੋਏ ਮਾਰਗ ਬਾਰੇ ਗਹਿਰਾ ਅਫ਼ਸੋਸ ਪ੍ਰਗਟ ਕੀਤਾ, ਜਿਸ ਦੇ ਨਤੀਜੇ ਵਜੋਂ ਮੈਂ ਅੱਧੀ ਤੋਂ ਜ਼ਿਆਦਾ ਜ਼ਿੰਦਗੀ ਜੇਲ੍ਹ ਵਿਚ ਕੱਟੀ। ਮੈਂ ਸੱਚੇ ਦਿਲੋਂ ਯਹੋਵਾਹ ਦੀ ਬੇਨਤੀ ਕੀਤੀ ਕਿ ਉਹ ਇਸ ਸਥਿਤੀ ਵਿੱਚੋਂ ਨਿਕਲਣ ਲਈ ਮੇਰੀ ਮਦਦ ਕਰੇ ਕਿਉਂਕਿ ਮੈਨੂੰ ਹੁਣ ਪਤਾ ਲੱਗ ਗਿਆ ਸੀ ਕਿ ਮੈਨੂੰ ਇਸ ਔਕੜ ਵਿੱਚੋਂ ਕੱਢਣ ਲਈ ਹੋਰ ਕੋਈ ਨਹੀਂ ਹੈ।
ਮੈਨੂੰ ਇਹ ਨਹੀਂ ਪਤਾ ਕਿ ਮੈਂ ਕਿੰਨੇ ਚਿਰ ਲਈ ਪ੍ਰਾਰਥਨਾ ਕਰਦਾ ਰਿਹਾ, ਪਰ ਮੈਂ ਆਪਣੇ ਪਿੱਛਲਿਆਂ ਕੰਮਾਂ ਬਾਰੇ ਸੋਚਿਆ ਅਤੇ ਬਹੁਤ ਪਛਤਾ ਕੇ ਯਹੋਵਾਹ ਕੋਲੋਂ ਮਾਫ਼ੀ ਮੰਗੀ। ਮੈਂ ਵਾਅਦਾ ਕੀਤਾ ਕਿ ਮੈਂ ਉਸ ਬਾਰੇ ਹੋਰ ਜਾਣਨ ਦੀ ਕੋਸ਼ਿਸ਼ ਕਰਾਂਗਾ। ਇਸ ਤੋਂ ਥੋੜ੍ਹੀ ਹੀ ਦੇਰ ਬਾਅਦ, ਮੈਨੂੰ ਉਸ ਕਾਲ-ਕੋਠੜੀ ਵਿੱਚੋਂ ਕੱਢਿਆ ਗਿਆ ਅਤੇ ਮੈਂ ਦੂਜੇ ਆਮ ਕੈਦੀਆਂ ਦੇ ਨਾਲ ਰਹਿ ਸਕਿਆ। ਇਸ ਦੇ ਬਾਅਦ ਮੈਂ ਫਿਰ ਠੀਕ ਤਰ੍ਹਾਂ ਖਾਣ ਲੱਗ ਪਿਆ।
ਮੈਂ ਯਹੋਵਾਹ ਬਾਰੇ ਹੋਰ ਸਿੱਖਣ ਦੇ ਆਪਣੇ ਵਾਅਦੇ ਤੇ ਪੂਰਾ ਉੱਤਰਦਿਆਂ, ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ ਪੜ੍ਹਨ ਲੱਗ ਪਿਆ। ਬਾਈਬਲ ਦੇ ਇਸ ਤਰਜਮੇ ਬਾਰੇ ਮੈਨੂੰ ਇਕ ਖ਼ਾਸ ਚੀਜ਼ ਦਿਲਚਸਪ ਲੱਗੀ, ਉਹ ਸੀ ਇਸ ਦੀ ਹਰੇ ਰੰਗ ਦੀ ਜਿਲਦ। ਇਹ ਮੈਨੂੰ ਇਸ ਕਰਕੇ ਪਸੰਦ ਆਈ ਕਿਉਂਕਿ ਕੈਦੀਆਂ ਦੇ ਕੱਪੜੇ, ਕੈਦ-ਕੋਠੜੀਆਂ, ਕੰਧਾਂ, ਅਤੇ ਲਾਂਘੇ ਸਭ ਸੁਆਹ-ਰੰਗੇ ਸਨ, ਜੋ ਕਿ ਬਹੁਤ ਨਿਰਾਸ਼ ਕਰਨ ਵਾਲਾ ਰੰਗ ਹੈ। ਬਾਅਦ ਵਿਚ, ਮੈਂ ਹੈਰਾਨ ਹੋਇਆ ਜਦੋਂ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਰੰਗ ਹਰੇ ਰੰਗ ਵਿਚ ਬਦਲਿਆ ਗਿਆ ਸੀ। ਐਟਿਕਾ ਦੀ ਕੈਦ ਵਿਚ ਬਗਾਵਤ ਤੋਂ ਬਾਅਦ ਡਿਪਾਰਟਮੈਂਟ ਔਫ਼ ਕੋਰੈਕਸ਼ਨਜ਼ ਨੇ ਜੇਲ੍ਹਾਂ ਵਿਚ ਇਹ ਰੰਗ ਇਸਤੇਮਾਲ ਕਰਨਾ ਸ਼ੁਰੂ ਕੀਤਾ।
ਮੈਂ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਵਿੱਚੋਂ ਲੇਖ ਵੀ ਪੜ੍ਹਨ ਲੱਗ ਪਿਆ, ਜੋ ਮੇਰੇ ਪਿਤਾ ਜੀ ਮੇਰੇ ਵਾਸਤੇ ਘੱਲਦੇ ਸਨ। ਯਹੋਵਾਹ ਦੇ ਉਨ੍ਹਾਂ ਕਈਆਂ ਗਵਾਹਾਂ ਦੇ ਤਜਰਬਿਆਂ ਨੂੰ ਪੜ੍ਹ ਕੇ, ਜਿਹੜੇ ਆਪਣੀ ਨਿਹਚਾ ਫੜੀ ਰੱਖਣ ਲਈ ਕੈਦ ਕੀਤੇ ਗਏ ਸਨ ਅਤੇ ਜਿਨ੍ਹਾਂ ਨੇ ਮੇਰੇ ਨਾਲੋਂ ਜ਼ਿਆਦਾ ਕੁਝ ਝੱਲਿਆ ਸੀ, ਮੇਰੇ ਉੱਤੇ ਡੂੰਘਾ ਅਸਰ ਪਿਆ। ਇਹ ਅਜਿਹੇ ਲੋਕ ਸਨ ਜਿਨ੍ਹਾਂ ਨੇ ਕੋਈ ਅਪਰਾਧ ਨਹੀਂ ਕੀਤਾ ਪਰ ਉਨ੍ਹਾਂ ਨੇ ਪਰਮੇਸ਼ੁਰ ਵਿਚ ਆਪਣੀ ਵਫ਼ਾਦਾਰੀ ਦੇ ਕਾਰਨ ਬਹੁਤ ਦੁੱਖ ਭੋਗੇ। ਲੇਕਿਨ ਦੂਜੇ ਪਾਸੇ ਮੈਂ ਤਾਂ ਆਪਣੀਆਂ ਕਰਨੀਆਂ ਦਾ ਫਲ ਭੋਗਿਆ ਸੀ। ਇਨ੍ਹਾਂ ਤਜਰਬਿਆਂ ਨੂੰ ਪੜ੍ਹਨ ਤੇ, ਮੇਰੇ ਦਿਲ ਉੱਤੇ ਗਹਿਰਾ ਅਸਰ ਪਿਆ, ਅਤੇ ਮੈਨੂੰ ਯਹੋਵਾਹ ਬਾਰੇ ਅਤੇ ਉਸ ਦਿਆਂ ਲੋਕਾਂ ਬਾਰੇ ਹੋਰ ਜਾਣਨ ਦਾ ਹੌਸਲਾ ਮਿਲਿਆ।
ਅਖ਼ੀਰ ਵਿਚ, ਇਕ ਸਾਲ ਬਾਅਦ, ਮੈਂ ਪੈਰੋਲ ਬੋਰਡ ਦੇ ਸਾਮ੍ਹਣੇ ਗਿਆ। ਮੇਰੇ ਕੇਸ, ਅਤੇ ਜੇਲ੍ਹ ਵਿਚ ਅਲੱਗ ਹੋਣ ਦੇ ਸਮੇਂ ਮੇਰੀ ਕਰੜੀ ਅਜ਼ਮਾਇਸ਼ ਦੀ ਰਿਵਿਊ ਕੀਤੀ ਗਈ ਸੀ। ਮੈਂ ਬਹੁਤ ਖ਼ੁਸ਼ ਹੋਇਆ ਜਦੋਂ ਮੈਨੂੰ ਪਤਾ ਲੱਗਾ ਕਿ ਮੈਨੂੰ 1972 ਵਿਚ ਪੈਰੋਲ ਤੇ ਰਿਹਾ ਕੀਤਾ ਜਾਣਾ ਸੀ।
ਰਿਹਾ ਕੀਤੇ ਜਾਣ ਤੋਂ ਦੋ ਹਫ਼ਤੇ ਬਾਅਦ, ਮੈਂ ਸਪੈਨਿਸ਼ ਹਾਰਲਮ ਦੀ ਕਲੀਸਿਯਾ ਵਿਚ, ਯਹੋਵਾਹ ਦੇ ਗਵਾਹਾਂ ਦੇ ਰਾਜ ਗ੍ਰਹਿ ਤੇ ਹਾਜ਼ਰ ਹੋਇਆ। ਪਰ ਮੈਂ ਹਾਲੇ ਵੀ ਆਪਣੇ ਆਪ ਨੂੰ ਯਹੋਵਾਹ ਦੇ ਗਵਾਹਾਂ ਦੇ ਨਾਲ ਮਿਲਣ-ਜੁਲਣ ਦੇ ਯੋਗ ਨਹੀਂ ਸੀ ਸਮਝਦਾ। ਅਤੇ ਮੇਰੇ ਕੋਲ ਯਹੋਵਾਹ, ਉਸ ਦੇ ਸੰਗਠਨ, ਅਤੇ ਉਸ ਦਿਆਂ ਲੋਕਾਂ ਬਾਰੇ ਬਹੁਤ ਕੁਝ ਸਿੱਖਣਾ ਬਾਕੀ ਸੀ। ਇਸ ਦੇ ਨਾਲ-ਨਾਲ ਕੈਦ ਵਿਚ ਬਹੁਤ ਚਿਰ ਗੁਜ਼ਾਰਨ ਕਰਕੇ ਮੈਨੂੰ ਸਮਾਜ ਵਿਚ ਠੀਕ ਤਰ੍ਹਾਂ ਰਹਿਣ-ਸਹਿਣ ਲਈ ਸਮਾਂ ਚਾਹੀਦਾ ਸੀ।
ਅਫ਼ਸੋਸ ਦੀ ਗੱਲ ਹੈ ਕਿ ਮੈਂ ਆਪਣੇ ਪੁਰਾਣੇ ਤੌਰ-ਤਰੀਕੇ ਛੱਡ ਨਾ ਸਕਿਆ। ਮੈਂ ਡ੍ਰੱਗਜ਼, ਅਪਰਾਧ, ਅਤੇ ਇਕ ਅਧਰਮੀ ਜੀਵਨ ਢੰਗ ਵਿਚ ਦੁਬਾਰਾ ਲੱਗ ਪਿਆ। ਅੰਤ ਵਿਚ ਇਸ ਦੇ ਨਤੀਜੇ ਵਜੋਂ ਮੈਨੂੰ ਹੋਰ 15 ਸਾਲਾਂ ਦੀ ਸਜ਼ਾ ਮਿਲ ਗਈ। ਫਿਰ ਵੀ, ਮੈਨੂੰ ਲੱਗਦਾ ਸੀ ਕਿ ਯਹੋਵਾਹ ਨੇ ਜ਼ਰੂਰ ਮੇਰੇ ਦਿਲ ਵਿਚ ਕੋਈ ਚੰਗੀ ਗੱਲ ਦੇਖੀ ਹੋਣੀ ਕਿਉਂਕਿ ਉਸ ਨੇ ਮੈਨੂੰ ਕਦੀ ਨਹੀਂ ਤਿਆਗਿਆ। ਮੈਂ ਤੁਹਾਨੂੰ ਸਿਰਫ਼ ਇਹੀ ਕਹਿ ਸਕਦਾ ਹਾਂ ਕਿ ਤੁਸੀਂ ਜਿੱਥੇ ਮਰਜ਼ੀ ਹੋਵੋ, ਭਾਵੇਂ ਜੇਲ੍ਹ ਵਿਚ ਵੀ, ਯਹੋਵਾਹ ਉਨ੍ਹਾਂ ਨੂੰ ਕਦੀ ਨਹੀਂ ਤਿਆਗਦਾ ਜੋ ਉਸ ਬਾਰੇ ਸਿੱਖਣਾ ਚਾਹੁੰਦੇ ਹਨ।
ਜੇਲ੍ਹ ਵਿਚ ਬਾਈਬਲ ਦੀ ਸਟੱਡੀ ਕਰਨੀ
ਇਸ ਵਾਰ, ਡੈਨੀਮੋਰ ਦੀ ਜੇਲ੍ਹ ਵਿਚ, ਮੈਂ ਯਹੋਵਾਹ ਦੇ ਗਵਾਹਾਂ ਦੇ ਇਕ ਮਨਿਸਟਰ ਦੇ ਨਾਲ ਹਰ ਹਫ਼ਤੇ ਬਾਈਬਲ ਸਟੱਡੀ ਦੇ ਪ੍ਰਬੰਧ ਦਾ ਫ਼ਾਇਦਾ ਉਠਾਇਆ। ਮਗਰੋਂ, ਮੈਨੂੰ ਉੱਤਰੀ ਨਿਊਯਾਰਕ ਵਿਚ, ਮਿਡ-ਔਰਿੰਜ ਕੋਰੈਕਸ਼ਨਲ ਫ਼ਸਿਲਿਟੀ ਨੂੰ ਟ੍ਰਾਂਸਫਰ ਕੀਤਾ ਗਿਆ ਸੀ, ਜਿੱਥੇ ਪਹਿਲੀ ਜੇਲ੍ਹ ਨਾਲੋਂ ਘੱਟ ਨਿਗਰਾਨੀ ਕੀਤੀ ਜਾਂਦੀ ਸੀ। ਇਹ ਡੈਨੀਮੋਰ ਦੀ ਜੇਲ੍ਹ ਨਾਲੋਂ ਮੇਰੇ ਲਈ ਬਹੁਤ ਵੱਖਰਾ ਸੀ।
ਮਿਡ-ਔਰਿੰਜ ਕੋਰੈਕਸ਼ਨਲ ਫ਼ਸਿਲਿਟੀ ਵਿਚ ਦੋ ਸਾਲਾਂ ਤੋਂ ਬਾਅਦ, ਮੈਂ ਕਿਸੇ ਹੋਰ ਕੈਦੀ ਦੇ ਨਾਲ ਕੀਤੀ ਜਾ ਰਹੀ ਬਾਈਬਲ ਸਟੱਡੀ ਵਿਚ ਹਿੱਸਾ ਲੈਣ ਲੱਗ ਪਿਆ, ਜਿਸ ਦੀ ਸਟੱਡੀ ਲਈ ਅਧਿਕਾਰੀਆਂ ਵੱਲੋਂ ਇਜਾਜ਼ਤ ਦਿੱਤੀ ਗਈ ਸੀ। ਇਸ ਕੈਦੀ ਦੀ ਮਾਂ, ਜੋ ਕਿ ਯਹੋਵਾਹ ਦੀ ਗਵਾਹ ਸੀ, ਨੇ ਇਸ ਸਟੱਡੀ ਦਾ ਪ੍ਰਬੰਧ ਕੀਤਾ। ਅਖ਼ੀਰ ਵਿਚ, ਗਿਆਨ ਹਾਸਲ ਕਰਦੇ ਰਹਿਣ ਦੁਆਰਾ, ਮੈਂ ਬਾਈਬਲ ਸਿਧਾਂਤਾਂ ਨੂੰ ਲਾਗੂ ਕਰਨ ਲੱਗ ਪਿਆ, ਜਿਸ ਵਜੋਂ ਮੈਂ ਆਖ਼ਰਕਾਰ ਰੂਹਾਨੀ ਤਰੱਕੀ ਕੀਤੀ।
ਮੈਨੂੰ ਸੱਤ ਵਾਰ ਪੈਰੋਲ ਤੇ ਰਿਹਾ ਕੀਤੇ ਜਾਣ ਦਾ ਇਨਕਾਰ ਕੀਤਾ ਗਿਆ ਸੀ, ਪਰ ਇਸ ਤੋਂ ਬਾਅਦ ਅੱਠਵੀਂ ਵਾਰ ਮੈਨੂੰ ਝਿਜਕਦਿਆਂ ਪੈਰੋਲ ਤੇ ਛੱਡਿਆ ਗਿਆ ਸੀ। ਮੈਨੂੰ ਪਹਿਲਾਂ ਪੈਰੋਲ ਤੇ ਨਾ ਛੱਡਣ ਦਾ ਇਹ ਕਾਰਨ ਦੱਸਿਆ ਗਿਆ ਸੀ ਕਿ ਮੇਰਾ “ਅਪਰਾਧਕ ਝੁਕਾਅ” ਸੀ। ਮੈਨੂੰ 15 ਸਾਲਾਂ ਦੀ ਸਜ਼ਾ ਵਿੱਚੋਂ 8 ਸਾਲ ਕੱਟਣ ਤੋਂ ਬਾਅਦ ਛੱਡਿਆ ਗਿਆ ਸੀ।
ਹਨ੍ਹੇਰੇ ਵਿੱਚੋਂ ਆਖ਼ਰੀ ਛੁੱਟਕਾਰਾ
ਜੇਲ੍ਹ ਤੋਂ ਛੱਡੇ ਜਾਣ ਤੋਂ ਬਾਅਦ, ਮੈਂ ਫਿਰ ਗ਼ਲਤ ਪਾਸੇ ਮੁੜ ਗਿਆ, ਅਤੇ ਮੈਂ ਥੋੜ੍ਹੇ ਚਿਰ ਲਈ ਡ੍ਰੱਗਜ਼ ਲੈਣ ਲੱਗ ਪਿਆ। ਨਾਲੇ ਮੈਂ ਕਾਨੂੰਨੀ ਵਿਆਹ ਤੋਂ ਬਿਨਾਂ ਕਿਸੇ ਔਰਤ ਨਾਲ ਰਹਿ ਰਿਹਾ ਸੀ। ਇਹ ਰਿਸ਼ਤਾ 1972 ਵਿਚ ਸ਼ੁਰੂ ਹੋਇਆ ਸੀ। ਲੇਕਿਨ, 1983 ਵਿਚ, ਮੈਂ ਯਹੋਵਾਹ ਦੇ ਗਵਾਹਾਂ ਨਾਲ ਆਪਣੀ ਬਾਈਬਲ ਸਟੱਡੀ ਦੁਬਾਰਾ ਸ਼ੁਰੂ ਕਰ ਲਈ। ਇਸ ਵਾਰ, ਮੈਂ ਸਾਰੀਆਂ ਮਸੀਹੀ ਮੀਟਿੰਗਾਂ ਤੇ ਹਾਜ਼ਰ ਹੋਣ ਲੱਗਾ। ਪਰ, ਸਟੱਡੀ ਕਰਨ ਅਤੇ ਮੀਟਿੰਗਾਂ ਤੇ ਜਾਣ ਤੋਂ ਪਹਿਲਾਂ, ਮੈਂ ਡ੍ਰੱਗਜ਼ ਲੈਣੇ ਅਤੇ ਤਮਾਖੂ ਪੀਣਾ ਬੰਦ ਕਰ ਦਿੱਤਾ।
ਫਿਰ ਵੀ, ਵਿਆਹ ਬਾਰੇ ਪਰਮੇਸ਼ੁਰ ਦੇ ਕਾਨੂੰਨਾਂ ਦੇ ਵਿਰੁੱਧ, ਮੈਂ ਹਾਲੇ ਵੀ ਉਸ ਔਰਤ ਨਾਲ ਰਹਿ ਰਿਹਾ ਸੀ ਜਿਸ ਨੂੰ ਮੈਂ ਆਪਣੀ ਪਤਨੀ ਸਮਝਦਾ ਸੀ। ਇਸ ਨੇ ਮੇਰੀ ਜ਼ਮੀਰ ਨੂੰ ਤੰਗ ਕੀਤਾ, ਸੋ ਮੈਂ ਉਸ ਨੂੰ ਬਾਈਬਲ ਸਟੱਡੀ ਕਰਨ ਅਤੇ ਵਿਆਹ ਕਰ ਕੇ ਆਪਣੇ ਰਿਸ਼ਤੇ ਨੂੰ ਕਾਨੂੰਨੀ ਬਣਾਉਣ ਲਈ ਰਾਜ਼ੀ ਕਰਵਾਉਣ ਦੀ ਕੋਸ਼ਿਸ਼ ਕੀਤੀ। ਪਰ ਉਸ ਨੇ ਕਿਹਾ ਕਿ ਬਾਈਬਲ ਔਰਤਾਂ ਨੂੰ ਅਧੀਨ ਕਰਾਉਣ ਲਈ ਬੰਦਿਆਂ ਦੁਆਰਾ ਬਣਾਈ ਗਈ ਪੁਸਤਕ ਸੀ ਅਤੇ ਕਿ ਵਿਆਹ ਦੀ ਕੋਈ ਜ਼ਰੂਰਤ ਨਹੀਂ ਸੀ।
ਮੈਨੂੰ ਪਤਾ ਸੀ ਕਿ ਮੈਂ ਅਨੈਤਿਕ ਰਿਸ਼ਤੇ ਵਿਚ ਕਿਸੇ ਔਰਤ ਨਾਲ ਨਹੀਂ ਰਹਿ ਸਕਦਾ ਸੀ ਜੋ ਵਿਆਹ ਬਾਰੇ ਪਰਮੇਸ਼ੁਰ ਦਿਆਂ ਕਾਨੂੰਨਾਂ ਦੀ ਕਦਰ ਨਹੀਂ ਕਰਦੀ ਸੀ। ਇਸ ਲਈ, ਮੈਂ ਰਿਸ਼ਤਾ ਤੋੜ ਕੇ ਬਰੁਕਲਿਨ ਨੂੰ ਚਲਾ ਗਿਆ। ਮੈਨੂੰ ਪਤਾ ਸੀ ਕਿ ਮੈਂ ਦੂਜਿਆਂ ਨਾਲ ਪਰਮੇਸ਼ੁਰ ਅਤੇ ਉਸ ਦੇ ਮਕਸਦ ਬਾਰੇ ਗੱਲ ਨਹੀਂ ਕਰ ਸਕਦਾ ਸੀ ਜੇ ਮੇਰਾ ਆਪਣਾ ਜੀਵਨ ਉਸ ਦੇ ਕਾਨੂੰਨਾਂ ਦੇ ਅਨੁਸਾਰ ਨਹੀਂ ਸੀ।
ਬਾਈਬਲ ਦੇ ਖ਼ਿਲਾਫ਼ ਸਾਰੇ ਅੜਿੱਕਿਆਂ ਤੋਂ ਮੁਕਤ ਹੋ ਕੇ ਅਤੇ ਤਿੰਨਾਂ ਸਾਲਾਂ ਲਈ ਬਾਈਬਲ ਸਟੱਡੀ ਕਰਨ ਤੋਂ ਬਾਅਦ, ਮੈਂ ਇਕ ਸਾਫ਼ ਜ਼ਮੀਰ ਦੇ ਨਾਲ ਪਰਮੇਸ਼ੁਰ ਦੀ ਮਰਜ਼ੀ ਕਰਨ ਲਈ ਆਪਣੀ ਜ਼ਿੰਦਗੀ ਸਮਰਪਿਤ ਕਰ ਲਈ ਅਤੇ ਇਸ ਦੇ ਪ੍ਰਤੀਕ ਵਜੋਂ ਯਹੋਵਾਹ ਦੇ ਗਵਾਹਾਂ ਦੇ ਮਹਾਂ-ਸੰਮੇਲਨ ਤੇ ਬਪਤਿਸਮਾ ਲੈ ਲਿਆ। ਜੋ ਵਾਅਦਾ ਮੈਂ ਕੀਤਾ ਸੀ ਕਿ ਮੈਂ ਉਸ ਪਰਮੇਸ਼ੁਰ ਬਾਰੇ ਜਾਣਾਂਗਾ ਜਿਸ ਦਾ ਮੇਰੇ ਪਿਤਾ ਜੀ ਹਮੇਸ਼ਾ ਨਾਂ ਲੈਂਦੇ ਸਨ, ਮੈਂ ਉਸ ਤੋਂ ਕਦੀ ਨਹੀਂ ਪਛਤਾਇਆ। ਅਤੇ ਡੈਨੀਮੋਰ ਦੀ ਜੇਲ੍ਹ ਦੀਆਂ ਕਾਲ-ਕੋਠੜੀਆਂ ਵਿਚ ਜੋ ਵਾਅਦਾ ਮੈਂ ਯਹੋਵਾਹ ਨੂੰ ਕੀਤਾ ਸੀ ਮੈਂ ਉਸ ਨੂੰ ਪੂਰਾ ਕਰਨ ਦੀ ਮਿਹਨਤ ਕਰਾਂਗਾ ਜਦ ਤਕ ਉਹ ਉਨ੍ਹਾਂ ਬਰਕਤਾਂ ਨੂੰ ਨਹੀਂ ਲਿਆਉਂਦਾ ਜਿਨ੍ਹਾਂ ਦਾ ਉਸ ਨੇ ਆਪਣੇ ਬਚਨ ਵਿਚ ਵਾਅਦਾ ਕੀਤਾ ਹੈ।
ਫਿਰਦੌਸ ਦੀ ਉਡੀਕ
ਮੈਂ ਉਸ ਸਮੇਂ ਦੀ ਵੱਡੀ ਚਾਹ ਨਾਲ ਉਡੀਕ ਕਰਦਾ ਹਾਂ ਜਦੋਂ ਯਹੋਵਾਹ ਇਸ ਪੂਰੀ ਧਰਤੀ ਨੂੰ ਇਕ ਸੁੰਦਰ ਫਿਰਦੌਸ ਵਿਚ ਬਦਲ ਦੇਵੇਗਾ। (ਜ਼ਬੂਰ 37:11, 29; ਲੂਕਾ 23:43) ਅਤੇ ਮੈਂ ਪਰਮੇਸ਼ੁਰ ਦੇ ਇਕ ਹੋਰ ਵਾਅਦੇ ਦੀ ਵੀ ਉਡੀਕ ਕਰਦਾ ਹਾਂ—ਉਹ ਸਮਾਂ ਜਦੋਂ ਮੁਰਦੇ, ਸਦਾ ਦੇ ਜੀਵਨ ਦੀ ਆਸ ਨਾਲ ਧਰਤੀ ਉੱਤੇ ਜੀ ਉਠਾਏ ਜਾਣਗੇ। (ਯੂਹੰਨਾ 5:28, 29; ਰਸੂਲਾਂ ਦੇ ਕਰਤੱਬ 24:15) ਇਹ ਕਿੰਨਾ ਵਧੀਆ ਸਮਾਂ ਹੋਵੇਗਾ ਜਦੋਂ ਮੈਂ ਕਬਰ ਵਿੱਚੋਂ ਆਪਣੇ ਮਰੇ ਹੋਏ ਪਿਆਰਿਆਂ ਦਾ ਸੁਆਗਤ ਕਰ ਸਕਾਂਗਾ—ਮੇਰੇ ਪਿਤਾ ਜੀ, ਮੇਰਾ ਛੋਟਾ ਭਰਾ, ਅਤੇ ਮੇਰੇ ਦੂਜੇ ਦੋਸਤ-ਮਿੱਤਰ ਜਿਨ੍ਹਾਂ ਦੀ ਕੁਵੇਲੀ ਮੌਤ ਹੋਈ! ਮੈਂ ਅਕਸਰ ਇਸ ਆਸ਼ਾ ਬਾਰੇ ਸੋਚਦਾ ਹਾਂ ਅਤੇ ਮੇਰਾ ਦਿਲ ਖ਼ੁਸ਼ੀ ਨਾਲ ਭਰ ਜਾਂਦਾ ਹਾਂ। ਮੇਰੇ ਲਈ ਆਨੰਦ ਦੀ ਇਕ ਹੋਰ ਗੱਲ ਹੈ ਕਿ ਹੁਣ ਮੇਰੀਆਂ ਦੋ ਭੈਣਾਂ ਅਤੇ ਉਨ੍ਹਾਂ ਦੇ ਕੁਝ ਬੱਚਿਆਂ ਨੇ ਵੀ ਯਹੋਵਾਹ ਨੂੰ ਆਪਣੀਆਂ ਜ਼ਿੰਦਗੀਆਂ ਸਮਰਪਿਤ ਕਰ ਕੇ ਬਪਤਿਸਮਾ ਲੈ ਲਿਆ ਹੈ।
ਹੁਣ, ਜਿਉਂ ਹੀ ਮੈਂ ਦੂਜਿਆਂ ਸਾਮ੍ਹਣੇ ਆਪਣੀ ਨਿਹਚਾ ਪ੍ਰਗਟ ਕਰਦਾ ਹਾਂ ਅਤੇ ਆਪਣੀ ਜ਼ਿੰਦਗੀ ਦਾ ਤਜਰਬਾ ਦੱਸਦਾ ਹਾਂ, ਤਾਂ ਮੈਨੂੰ ਉਨ੍ਹਾਂ ਨੂੰ ਜ਼ਬੂਰਾਂ ਦੇ ਲਿਖਾਰੀ ਦੇ ਸ਼ਬਦ ਦੱਸਣ ਵਿਚ ਬਹੁਤ ਖ਼ੁਸ਼ੀ ਮਿਲਦੀ ਹੈ, ਜੋ ਜ਼ਬੂਰ 72:12-14 ਵਿਚ ਦਰਜ ਹਨ: “ਉਹ ਤਾਂ ਦੁਹਾਈ ਦੇਣ ਵਾਲੇ ਕੰਗਾਲ ਨੂੰ ਅਤੇ ਮਸਕੀਨ ਤੇ ਅਨਾਥ ਨੂੰ ਬਚਾਵੇਗਾ। ਉਹ ਗਰੀਬ ਅਤੇ ਕੰਗਾਲ ਉੱਤੇ ਤਰਸ ਖਾਵੇਗਾ, ਅਤੇ ਕੰਗਾਲ ਦੀਆਂ ਜਾਨਾਂ ਨੂੰ ਬਚਾਵੇਗਾ। ਉਹ ਉਨ੍ਹਾਂ ਦੀ ਜਾਨ ਨੂੰ ਛਲ ਤੇ ਅਨ੍ਹੇਰ ਤੋਂ ਨਿਸਤਾਰਾ ਦੇਵੇਗਾ, ਅਤੇ ਉਨ੍ਹਾਂ ਦਾ ਲਹੂ ਉਹ ਦੀ ਨਿਗਾਹ ਵਿੱਚ ਬਹੁਮੁੱਲਾ ਹੋਵੇਗਾ।”
ਯਹੋਵਾਹ ਦੇ ਧੀਰਜ ਨੇ ਮੇਰੇ ਦਿਲ ਨੂੰ ਨਰਮ ਕੀਤਾ ਹੈ ਅਤੇ ਮੈਨੂੰ ਉਹ ਗੁਣ ਸਿੱਖਣ ਅਤੇ ਦਿਖਾਉਣ ਦੇ ਯੋਗ ਬਣਾਇਆ ਹੈ ਜਿਨ੍ਹਾਂ ਨੂੰ ਉਹ ਆਪਣੇ ਲੋਕਾਂ ਵਿਚ ਦੇਖਣੇ ਚਾਹੁੰਦਾ ਹੈ—ਵਹਿਸ਼ੀ, ਸ਼ੇਰ ਵਰਗੇ ਗੁਣ ਨਹੀਂ, ਪਰ ਲੇਲੇ ਵਰਗੇ ਸ਼ਾਂਤਮਈ, ਦਿਆਲੂ, ਅਤੇ ਕੋਮਲ ਗੁਣ। ਇਹ ਬਹੁਤ ਜ਼ਰੂਰੀ ਹੈ ਕਿਉਂਕਿ ਜਿਸ ਤਰ੍ਹਾਂ ਪਰਮੇਸ਼ੁਰ ਦਾ ਬਚਨ ਕਹਿੰਦਾ ਹੈ, ‘ਮਸਕੀਨਾਂ ਉੱਤੇ ਉਹ ਕਿਰਪਾ ਕਰੇਗਾ।’—ਕਹਾਉਤਾਂ 3:34.
[ਸਫ਼ੇ 20 ਉੱਤੇ ਸੁਰਖੀ]
“ਮੈਨੂੰ ਚੋਰੀ ਕਰਨ ਲਈ ਫਿਰ ਗਿਰਫ਼ਤਾਰ ਕੀਤਾ ਗਿਆ, ਅਤੇ ਮੈਂ ਨਿਊਯਾਰਕ ਸਿਟੀ ਵਿਚ ਰਾਇਕ੍ਰਸ ਟਾਪੂ ਦੀ ਕੈਦ ਵਿਚ ਦੋ ਸਾਲਾਂ ਲਈ ਸਜ਼ਾ ਕੱਟੀ। ਮੈਨੂੰ 1965 ਵਿਚ ਰਿਹਾ ਕੀਤਾ ਗਿਆ। ਲੇਕਿਨ, ਉਸੇ ਸਾਲ ਮੈਨੂੰ ਕਤਲ ਦੇ ਦੋਸ਼ ਤੇ ਗਿਰਫ਼ਤਾਰ ਕੀਤਾ ਗਿਆ। ਮੇਰਾ ਸੁਭਾਅ ਸ਼ੇਰ ਵਾਂਗ ਕਿੰਨਾ ਵਹਿਸ਼ੀ ਬਣ ਚੁੱਕਾ ਸੀ!”
[ਸਫ਼ੇ 21 ਉੱਤੇ ਤਸਵੀਰ]
ਮੇਰੇ ਬਪਤਿਸਮੇ ਦਾ ਦਿਨ