“ਤੁਸੀਂ ਯਹੋਵਾਹ ਦੇ ਗਵਾਹਾਂ ਬਾਰੇ ਮੇਰੇ ਵਿਚਾਰਾਂ ਨੂੰ ਬਦਲ ਦਿੱਤਾ ਹੈ”
ਪੋਲੈਂਡ ਵਿਚ ਜੇਲ੍ਹ ਦੇ ਇਕ ਅਫ਼ਸਰ ਨੇ ਇਸ ਤਰ੍ਹਾਂ ਕਿਹਾ ਜਦੋਂ ਉਸ ਨੇ ਯਹੋਵਾਹ ਦੇ ਗਵਾਹਾਂ ਦੇ ਕੰਮਾਂ ਬਾਰੇ ਇਕ ਲੇਖ ਪੜ੍ਹਿਆ, ਜੋ 15 ਅਕਤੂਬਰ, 1998 ਦੇ ਅੰਗ੍ਰੇਜ਼ੀ ਅੰਕ ਵਿਚ ਪ੍ਰਕਾਸ਼ਿਤ ਹੋਇਆ ਸੀ। ਇਸ ਲੇਖ ਦਾ ਸਿਰਲੇਖ ਸੀ, “ਜਦੋਂ ਪੱਥਰ ਦੇ ਦਿਲ ਪਿਘਲ ਜਾਂਦੇ ਹਨ।” ਇਸ ਵਿਚ ਪੋਲੈਂਡ ਦੇ ਵੋਵੂਫ ਸ਼ਹਿਰ ਵਿਚ ਕੈਦੀਆਂ ਦੇ ਨਾਲ ਕੰਮ ਕਰਨ ਵਿਚ ਯਹੋਵਾਹ ਦੇ ਗਵਾਹਾਂ ਦੀ ਸਫ਼ਲਤਾ ਬਾਰੇ ਰਿਪੋਰਟ ਦਿੱਤੀ ਗਈ ਸੀ।
ਇਸ ਪਹਿਰਾਬੁਰਜ ਦੀ ਵੰਡਾਈ ਤੋਂ ਪਹਿਲਾਂ, 13 ਸਤੰਬਰ, 1998 ਨੂੰ ਵੋਵੂਫ ਦੇ ਕੈਦਖ਼ਾਨੇ ਵਿਚ ਇਕ ਖ਼ਾਸ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ ਸੀ ਤਾਂਕਿ ਇਹ ਰਸਾਲਾ ਕੈਦੀਆਂ ਨੂੰ ਦਿੱਤਾ ਜਾ ਸਕੇ। ਇਸ ਮੀਟਿੰਗ ਵਿਚ ਲਾਗੇ-ਚਾਗੇ ਦੇ ਗਵਾਹਾਂ, ਬਪਤਿਸਮਾ-ਪ੍ਰਾਪਤ ਕੈਦੀਆਂ ਅਤੇ ਸੱਚਾਈ ਵਿਚ ਦਿਲਚਸਪੀ ਲੈਣ ਵਾਲੇ ਕੈਦੀਆਂ, ਅਤੇ ਕੈਦਖ਼ਾਨੇ ਦੇ ਕਈ ਅਫ਼ਸਰਾਂ ਨੂੰ ਬੁਲਾਇਆ ਗਿਆ ਸੀ। ਹਾਜ਼ਰ ਹੋਣ ਵਾਲਿਆਂ ਵਿੱਚੋਂ ਕੁਝ ਵਿਅਕਤੀਆਂ ਦੀਆਂ ਗੱਲਾਂ ਹੇਠਾਂ ਦੱਸੀਆਂ ਗਈਆਂ ਹਨ।
ਯਰਜ਼ੀ, ਯਹੋਵਾਹ ਦਾ ਇਕ ਗਵਾਹ ਹੈ ਜਿਸ ਨੇ ਪੰਜ ਕੁ ਸਾਲ ਪਹਿਲਾਂ ਜੇਲ੍ਹ ਵਿਚ ਬਪਤਿਸਮਾ ਲਿਆ ਸੀ। ਉਸ ਨੇ ਕਿਹਾ: “ਮੈਂ ਬਹੁਤ ਖ਼ੁਸ਼ ਹਾਂ, ਕਿਉਂਕਿ ਮੈਂ ਅੱਜ ਇਹ ਪੜ੍ਹ ਸਕਦਾ ਹਾਂ ਕਿ ਲਾਗੇ ਦੀਆਂ ਕਲੀਸਿਯਾਵਾਂ ਤੋਂ ਭਰਾਵਾਂ ਨੇ ਸਾਡੀ ਮਦਦ ਕਰਨ ਲਈ ਕਿੰਨਾ ਕੁ ਜਤਨ ਕੀਤਾ ਹੈ।” ਉਸ ਨੇ ਅੱਗੇ ਕਿਹਾ: “ਮੈਂ ਆਪਣੇ ਆਪ ਵਿਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹਾਂ, ਅਤੇ ਮੈਂ ਦੇਖ ਸਕਦਾ ਹਾਂ ਕਿ ਯਹੋਵਾਹ ਮੈਨੂੰ ਕਿਸ ਤਰ੍ਹਾਂ ਢਾਲਦਾ ਆਇਆ ਹੈ।”
ਜ਼ਡਜਸ਼ਵੌਫ ਨਾਂ ਦੇ ਇਕ ਹੋਰ ਕੈਦੀ ਨੇ ਜੇਲ੍ਹ ਵਿਚ ਗਵਾਹੀ ਦੇ ਕੰਮ ਬਾਰੇ ਕਿਹਾ: “ਇਸ ਸਮੇਂ ਤੇ, ਚਾਰ ਕੈਦੀ ਬਪਤਿਸਮੇ ਲਈ ਤਿਆਰੀ ਕਰ ਰਹੇ ਹਨ, ਅਤੇ ਸਾਡੇ ਹਾਲ ਵਿਚ ਮੀਟਿੰਗਾਂ ਵਿਚ ਹੋਰ ਕੈਦੀ ਆਉਂਦੇ ਰਹਿੰਦੇ ਹਨ ਜਿਨ੍ਹਾਂ ਨੂੰ ਸੱਚਾਈ ਵਿਚ ਦਿਲਚਸਪੀ ਹੈ। ਇਸ ਲੇਖ ਨੇ ਸਾਡਾ ਹੌਸਲਾ ਵਧਾਇਆ ਹੈ ਕਿ ਅਸੀਂ ਇਸ ਖੇਤਰ ਵਿਚ ਹੋਰ ਕੰਮ ਕਰੀਏ।” ਇਹ ਕਿੰਨਾ ਚੰਗਾ ਰਵੱਈਆ ਹੈ, ਖ਼ਾਸ ਕਰਕੇ ਇਸ ਲਈ ਕਿ ਜ਼ਡਜਸ਼ਵੌਫ ਨੇ ਜੇਲ੍ਹ ਵਿਚ ਹਾਲੇ 19 ਸਾਲ ਕੱਟਣੇ ਹਨ!
ਵੋਵੂਫ ਦੇ ਕੈਦਖ਼ਾਨੇ ਬਾਰੇ ਲੇਖ ਪੜ੍ਹਨ ਤੋਂ ਬਾਅਦ, ਇਕ ਅਫ਼ਸਰ ਨੇ ਕਿਹਾ: “ਸਾਡੀ ਖ਼ਾਸ ਕਰਕੇ ਤਾਰੀਫ਼ ਕੀਤੀ ਗਈ ਹੈ। ਮੈਂ ਕਦੀ ਸੋਚਿਆ ਵੀ ਨਹੀਂ ਸੀ ਕਿ ਦੁਨੀਆਂ-ਭਰ 130 ਭਾਸ਼ਾਵਾਂ ਵਿਚ ਇਸ ਜੇਲ੍ਹ ਦੀ ਚੰਗੀ ਮਸ਼ਹੂਰੀ ਹੋਵੇਗੀ। ਮੈਨੂੰ ਤੁਹਾਡੇ ਲੋਕ ਬਹੁਤ ਪਸੰਦ ਹਨ, ਅਤੇ ਜੋ ਤੁਸੀਂ ਕੈਦੀਆਂ ਲਈ ਕੀਤਾ ਹੈ ਮੈਂ ਉਸ ਦੀ ਕਦਰ ਕਰਦਾ ਹਾਂ।” ਇਕ ਹੋਰ ਅਫ਼ਸਰ ਨੇ ਅੱਗੇ ਕਿਹਾ: “ਤੁਸੀਂ ਯਹੋਵਾਹ ਦੇ ਗਵਾਹਾਂ ਬਾਰੇ ਮੇਰੇ ਵਿਚਾਰਾਂ ਨੂੰ ਬਦਲ ਦਿੱਤਾ ਹੈ। ਅੱਗੇ ਮੈਂ ਤੁਹਾਨੂੰ ਆਪਣੇ ਧਰਮ ਵਿਚ ਕੱਟੜ ਸਮਝਦਾ ਹੁੰਦਾ ਸੀ, ਪਰ ਹੁਣ ਮੈਂ ਦੇਖਦਾ ਹਾਂ ਕਿ ਤੁਹਾਡੇ ਅਸੂਲ ਚੰਗੇ ਹਨ।”
ਵੋਵੂਫ ਜੇਲ੍ਹ ਦੇ ਨਿਰਦੇਸ਼ਕ, ਮੌਰੇਕ ਗੀਓਸ, ਨੇ ਮੁਸਕਰਾ ਕੇ ਕਿਹਾ: “ਪਹਿਲਾਂ ਅਸੀਂ ਸੋਚਿਆ ਸੀ ਕਿ ਤੁਸੀਂ ਬਹੁਤਾ ਕੁਝ ਨਹੀਂ ਕਰ ਸਕੋਗੇ। ਸਾਨੂੰ ਲੱਗਾ ਕਿ ਤੁਸੀਂ ਸਿਰਫ਼ ਇਕ ਹੋਰ ਧਰਮ ਹੋ ਜਿਹੜਾ ਬਾਈਬਲ ਲੈ ਕੇ ਕੈਦੀਆਂ ਨੂੰ ਸੁਧਾਰਨ ਦੀਆਂ ਵੱਡੀਆਂ-ਵੱਡੀਆਂ ਉਮੀਦਾਂ ਰੱਖਦਾ ਹੈ। ਪਰ ਜਦੋਂ ਅਸੀਂ ਸ਼ੁਰੂ ਵਿਚ ਹੀ ਤੁਹਾਡੀ ਸਫ਼ਲਤਾ ਦੇਖੀ ਤਾਂ ਅਸੀਂ ਤੁਹਾਡੇ ਨਾਲ ਮਿਲ ਕੇ ਕੰਮ ਕਰਨ ਦਾ ਫ਼ੈਸਲਾ ਕਰ ਲਿਆ। ਤੁਹਾਨੂੰ ਇੱਥੇ ਲਗਾਤਾਰ ਆਉਂਦਿਆਂ ਨੂੰ ਨੌਂ ਸਾਲ ਹੋ ਗਏ ਹਨ, ਅਤੇ ਜੋ ਤੁਸੀਂ ਹੁਣ ਤਕ ਕੀਤਾ ਹੈ ਇਸ ਦੀ ਮੈਂ ਬਹੁਤ ਕਦਰ ਕਰਦਾ ਹਾਂ।”
ਲੇਕਿਨ, ਵੋਵੂਫ ਵਿਚ ਬਾਕੀ ਆਮ ਕੈਦੀਆਂ ਨੇ ਇਸ ਲੇਖ ਬਾਰੇ ਕੀ ਸੋਚਿਆ? ਕੈਦੀਆਂ ਨੇ ਇੰਨੀ ਦਿਲਚਸਪੀ ਦਿਖਾਈ ਕਿ ਗਵਾਹਾਂ ਦੇ ਸਾਰੇ ਰਸਾਲੇ ਮੁੱਕ ਗਏ। ਜੇਲ੍ਹ ਦੇ ਅਫ਼ਸਰਾਂ ਨੇ ਵੀ ਦਿਲਚਸਪੀ ਦਿਖਾਈ ਅਤੇ 40 ਹੋਰ ਰਸਾਲੇ ਮੰਗਵਾਏ। ਇਸ ਲੋੜ ਨੂੰ ਪੂਰਾ ਕਰਨ ਲਈ, ਲਾਗੇ ਦੀਆਂ ਕਲੀਸਿਯਾਵਾਂ ਨੇ ਜੇਲ੍ਹ ਵਿਚ ਭਰਾਵਾਂ ਨੂੰ 100 ਹੋਰ ਕਾਪੀਆਂ ਘੱਲੀਆਂ। ਅਤੇ ਇਸ ਦੇ ਨਾਲ-ਨਾਲ, ਜੇਲ੍ਹ ਵਿਚ ਮੀਟਿੰਗਾਂ ਦੀ ਹਾਜ਼ਰੀ ਵੀ ਵੱਧ ਗਈ।
ਪੀਯੋਟ ਹੋਡੁਏਨ ਨਾਂ ਦੇ ਅਫ਼ਸਰ, ਜਿਸ ਨੇ ਯਹੋਵਾਹ ਦੇ ਗਵਾਹਾਂ ਨਾਲ-ਨਾਲ ਕੰਮ ਕੀਤਾ ਹੈ, ਨੇ ਕਿਹਾ: “ਅਸੀਂ ਸਲਾਹ ਕੀਤੀ ਕਿ ਅਸੀਂ ਜੇਲ੍ਹ ਦੇ ਸਾਰੇ ਸ਼ੋ-ਕੇਸਾਂ ਵਿਚ ਇਸ ਲੇਖ ਨੂੰ ਰੱਖਾਂਗੇ। ਸਾਡੀ ਉਮੀਦ ਹੈ ਕਿ ਜਿਹੜੇ ਕੈਦੀ ਤੁਹਾਡੇ ਨਾਲ ਹਾਲੇ ਬਾਈਬਲ ਸਟੱਡੀ ਨਹੀਂ ਕਰਦੇ, ਉਹ ਇਸ ਰਸਾਲੇ ਨੂੰ ਪੜ੍ਹ ਲੈਣਗੇ।”
ਗਵਾਹਾਂ ਦੀ ਚੰਗੀ ਮਿਸਾਲ ਅਤੇ ਪ੍ਰਚਾਰ ਵਿਚ ਉਨ੍ਹਾਂ ਦੇ ਦ੍ਰਿੜ੍ਹ ਜਤਨ ਹਾਲੇ ਵੀ ਚੰਗੇ ਨਤੀਜੇ ਪਾ ਰਹੇ ਹਨ। ਉਨ੍ਹਾਂ 15 ਕੈਦੀਆਂ ਤੋਂ ਇਲਾਵਾ, ਜਿਨ੍ਹਾਂ ਨੇ ਬਪਤਿਸਮੇ ਤਕ ਤਰੱਕੀ ਕੀਤੀ ਹੈ, ਜੇਲ੍ਹ ਦੇ ਦੋ ਅਫ਼ਸਰਾਂ ਨੇ ਯਹੋਵਾਹ ਨੂੰ ਆਪਣੇ ਜੀਵਨ ਸਮਰਪਿਤ ਕੀਤੇ ਹਨ, ਅਤੇ ਇਕ ਹੋਰ ਅਫ਼ਸਰ ਨੇ ਬਾਈਬਲ ਸਟੱਡੀ ਦੀ ਫ਼ਰਮਾਇਸ਼ ਕੀਤੀ ਹੈ। ਪਰ ਫਿਰ ਵੀ, ਜਿਹੜੇ ਭਰਾ ਵੋਵੂਫ ਜੇਲ੍ਹ ਵਿਚ ਪ੍ਰਚਾਰ ਕਰ ਰਹੇ ਹਨ ਉਹ ਆਪਣੀ ਸਾਰੀ ਸਫ਼ਲਤਾ ਲਈ ਯਹੋਵਾਹ ਦੀ ਵਡਿਆਈ ਕਰਦੇ ਹਨ।—1 ਕੁਰਿੰਥੀਆਂ 3:6, 7 ਦੀ ਤੁਲਨਾ ਕਰੋ।
[ਸਫ਼ੇ 28 ਉੱਤੇ ਤਸਵੀਰ]
ਜੇਲ੍ਹ ਦੇ ਲੈਕਚਰ ਹਾਲ ਵਿਚ ਰਸਾਲੇ ਦੀ ਪੇਸ਼ਕਾਰੀ ਤੇ ਤਿੰਨ ਗਵਾਹ ਅਤੇ ਇਕ ਕੈਦੀ