ਪ੍ਰਸ਼ਨ ਡੱਬੀ
◼ ਜੇਲ੍ਹ ਵਿਚ ਕੈਦੀਆਂ ਨੂੰ ਗਵਾਹੀ ਦੇਣ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ?
ਪੂਰੀ ਦੁਨੀਆਂ ਵਿਚ ਤਕਰੀਬਨ 80 ਲੱਖ ਕੈਦੀ ਹਨ। ਇਨ੍ਹਾਂ ਵਿੱਚੋਂ ਕੁਝ ਖ਼ੁਸ਼ ਖ਼ਬਰੀ ਵਿਚ ਦਿਲਚਸਪੀ ਦਿਖਾਉਂਦੇ ਹਨ। (1 ਤਿਮੋ. 2:4) ਇਕ ਬਰਾਂਚ ਆਫਿਸ ਨੂੰ ਹਰ ਮਹੀਨੇ ਤਕਰੀਬਨ 1,400 ਚਿੱਠੀਆਂ ਮਿਲਦੀਆਂ ਹਨ ਜਿਨ੍ਹਾਂ ਵਿਚ ਕੈਦੀ ਜਾਂ ਫਿਰ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਸਾਹਿੱਤ ਲਈ ਜਾਂ ਫਿਰ ਉਨ੍ਹਾਂ ਨੂੰ ਮਿਲਣ ਲਈ ਬੇਨਤੀ ਕਰਦੇ ਹਨ। ਭਾਵੇਂ ਕਿ ਬਹੁਤ ਸਾਰੇ ਕੈਦੀ ਸੱਚੀ ਦਿਲਚਸਪੀ ਦਿਖਾਉਂਦੇ ਹਨ, ਪਰ ਕੁਝ ਕੈਦੀ ਆਪਣੇ ਮਤਲਬ ਲਈ ਪਰਮੇਸ਼ੁਰ ਦੇ ਲੋਕਾਂ ਦਾ ਫ਼ਾਇਦਾ ਉਠਾਉਣ ਵਾਸਤੇ ਝੂਠੀ ਦਿਲਚਸਪੀ ਦਿਖਾਉਂਦੇ ਹਨ। ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਕੈਦੀਆਂ ਨੂੰ ਗਵਾਹੀ ਦੇਣ ਵੇਲੇ ਸਾਰਿਆਂ ਨੂੰ ਕੁਝ ਗੱਲਾਂ ਧਿਆਨ ਵਿਚ ਰੱਖਣੀਆਂ ਚਾਹੀਦੀਆਂ ਹਨ।
ਜ਼ਿਆਦਾ ਕਰਕੇ ਕੈਦੀਆਂ ਨੂੰ ਚਿੱਠੀਆਂ ਰਾਹੀਂ ਗਵਾਹੀ ਦਿੱਤੀ ਜਾਂਦੀ ਹੈ। ਇਸ ਗੱਲ ਤੇ ਜ਼ੋਰ ਦਿੱਤਾ ਜਾਂਦਾ ਹੈ ਕਿ ਕੋਈ ਵੀ ਭੈਣ ਕਿਸੇ ਕੈਦੀ ਬੰਦੇ ਨੂੰ ਚਿੱਠੀ ਨਾ ਲਿਖੇ, ਭਾਵੇਂ ਕਿ ਉਹ ਕੈਦੀ ਬੰਦਾ ਅਧਿਆਤਮਿਕ ਮਦਦ ਚਾਹੁੰਦਾ ਹੈ। ਇਹ ਕੰਮ ਯੋਗ ਭਰਾਵਾਂ ਨੂੰ ਕਰਨਾ ਚਾਹੀਦਾ ਹੈ। ਬਾਈਬਲ ਦੀ ਸੱਚਾਈ ਵਿਚ ਸੱਚੀ ਦਿਲਚਸਪੀ ਰੱਖਣ ਵਾਲੀਆਂ ਮਹਿਲਾ ਕੈਦੀਆਂ ਨੂੰ ਚਿੱਠੀਆਂ ਲਿਖਣ ਦੀ ਜ਼ਿੰਮੇਵਾਰੀ ਯੋਗ ਭੈਣਾਂ ਨੂੰ ਦਿੱਤੀ ਜਾ ਸਕਦੀ ਹੈ। ਕੈਦੀਆਂ ਨੂੰ ਪੈਸੇ ਜਾਂ ਤੋਹਫ਼ੇ ਨਹੀਂ ਘੱਲੇ ਜਾਣੇ ਚਾਹੀਦੇ, ਭਾਵੇਂ ਉਹ ਜਿੰਨੀ ਮਰਜ਼ੀ ਬੇਨਤੀ ਕਰਨ।
ਜਦੋਂ ਕੋਈ ਕੈਦੀ ਦਿਲਚਸਪੀ ਦਿਖਾਉਂਦਾ ਹੈ, ਤਾਂ ਉਸ ਦਾ ਨਾਂ ਤੇ ਪਤਾ ਉਸ ਕਲੀਸਿਯਾ ਨੂੰ ਦਿੱਤਾ ਜਾਣਾ ਚਾਹੀਦਾ ਹੈ ਜੋ ਜੇਲ੍ਹ ਦੇ ਇਲਾਕੇ ਵਿਚ ਹੈ। ਆਮ ਤੌਰ ਤੇ ਉਸ ਕਲੀਸਿਯਾ ਦੇ ਯੋਗ ਭਰਾ ਜਾਣਦੇ ਹਨ ਕਿ ਪੈਦਾ ਹੋਣ ਵਾਲੇ ਹਾਲਾਤਾਂ ਨਾਲ ਕਿਵੇਂ ਨਜਿੱਠਣਾ ਹੈ। ਜੇ ਤੁਹਾਨੂੰ ਅਜਿਹੀ ਕਿਸੇ ਕਲੀਸਿਯਾ ਬਾਰੇ ਪਤਾ ਨਹੀਂ ਹੈ, ਤਾਂ ਇਹ ਜਾਣਕਾਰੀ ਬਰਾਂਚ ਆਫਿਸ ਨੂੰ ਘੱਲ ਦਿੱਤੀ ਜਾਣੀ ਚਾਹੀਦੀ ਹੈ।
ਨਿਯੁਕਤ ਭਰਾਵਾਂ ਲਈ ਕੈਦੀਆਂ ਨਾਲ ਸਭਾਵਾਂ ਕਰਨੀਆਂ ਗ਼ਲਤ ਨਹੀਂ ਹੈ। ਇਸ ਨਾਲ ਇੱਕੋ ਸਮੇਂ ਤੇ ਕਈ ਕੈਦੀ ਅਧਿਐਨ ਕਰ ਸਕਦੇ ਹਨ। ਪਰ ਖ਼ਾਸ ਸਭਾਵਾਂ ਜੇਲ੍ਹ ਵਿਚ ਨਹੀਂ ਰੱਖੀਆਂ ਜਾਣੀਆਂ ਚਾਹੀਦੀਆਂ ਜਿਨ੍ਹਾਂ ਵਿਚ ਭਰਾ ਕੈਦੀਆਂ ਨਾਲ ਸੰਗਤ ਕਰਦੇ ਹਨ। ਇਸ ਤੋਂ ਇਲਾਵਾ, ਭਰਾਵਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਚੰਗੀ ਤਿਆਰੀ ਕੀਤੇ ਬਿਨਾਂ ਕੈਦੀਆਂ ਨੂੰ ਨਾ ਮਿਲਣ ਜਾਂ ਉਨ੍ਹਾਂ ਨਾਲ ਜ਼ਿਆਦਾ ਸੰਗਤ ਨਾ ਕਰਨ।
ਆਓ ਆਪਾਂ ਕੈਦੀਆਂ ਨਾਲ ਖ਼ੁਸ਼ ਖ਼ਬਰੀ ਸਾਂਝੀ ਕਰਨ ਵੇਲੇ ‘ਸੱਪਾਂ ਵਰਗੇ ਹੁਸ਼ਿਆਰ ਅਤੇ ਕਬੂਤਰਾਂ ਵਰਗੇ ਭੋਲੇ ਹੋਈਏ।’—ਮੱਤੀ 10:16.