ਉਨ੍ਹਾਂ ਨੇ ਪੱਕਾ ਫ਼ੈਸਲਾ ਕੀਤਾ ਕਿ ਉਹ ਹਾਰਨਗੇ ਨਹੀਂ
ਅਕਤੂਬਰ-ਦਸੰਬਰ 1998 ਦੇ ਪੰਜਾਬੀ ਜਾਗਰੂਕ ਬਣੋ! ਵਿਚ 17 ਸਾਲਾਂ ਦੇ ਮੈੱਟ ਟੇਪੀਓ ਬਾਰੇ ਇਕ ਛੋਟਾ ਜਿਹਾ ਲੇਖ ਸੀ। ਉਸ ਨੂੰ ਕਈਆਂ ਸਾਲਾਂ ਤੋਂ ਕੈਂਸਰ ਸੀ। ਉਸ ਲੇਖ ਦਾ ਨਾ ਸੀ “ਉਸ ਨੇ ਹਾਰ ਨਹੀਂ ਮੰਨੀ।” ਮੈੱਟ ਦੀ ਮੌਤ ਪਿਛਲੇ ਸਾਲ 19 ਅਪ੍ਰੈਲ ਨੂੰ ਹੋਈ, ਜਦੋਂ ਉਹ ਲੇਖ ਤਿਆਰ ਕੀਤਾ ਜਾ ਰਿਹਾ ਸੀ।
ਉਸ ਲੇਖ ਵਿਚ ਮੈੱਟ ਦੀ ਇੰਟਰਵਿਊ ਵਿੱਚੋਂ ਕੁਝ ਗੱਲਾਂ ਦੱਸੀਆਂ ਗਈਆਂ ਸਨ ਜੋ ਯਹੋਵਾਹ ਦੇ ਗਵਾਹਾਂ ਦੀ ਇਕ ਸਭਾ ਤੇ ਸੁਣਾਈਆਂ ਗਈਆਂ ਸਨ। ਉਸ ਦੀਆਂ ਗੱਲਾਂ ਨੇ ਖ਼ਾਸ ਕਰਕੇ ਨੌਜਵਾਨਾਂ ਉੱਤੇ ਅਸਰ ਪਾਇਆ। ਹੇਠਾਂ ਉਨ੍ਹਾਂ ਦੇ ਕੁਝ ਵਿਚਾਰ ਹਨ।
ਕੈਨੇਡਾ ਤੋਂ 20 ਸਾਲਾਂ ਦੀ ਡੈਸਰੀ ਨੇ ਲਿਖਿਆ ਕਿ ਉਸ ਉੱਤੇ ਅਤੇ ਉਸ ਦੀ ਪਾਇਨੀਅਰ ਸਹੇਲੀ ਉੱਤੇ ਕੀ ਬੀਤੀ ਜਦੋਂ ਉਨ੍ਹਾਂ ਨੇ ਯਹੋਵਾਹ ਨਾਲ ਮੈੱਟ ਦੇ ਪਿਆਰ ਬਾਰੇ ਪੜ੍ਹਿਆ: “ਸਾਨੂੰ ਰੋਣਾ ਆ ਗਿਆ। ਅਸੀਂ ਕਿੰਨਾ ਚਿਰ ਰੋਂਦੀਆਂ ਰਹੀਆਂ। . . . ਅਸੀਂ ਸਾਰੇ, ਖ਼ਾਸ ਕਰਕੇ ਨੌਜਵਾਨ, ਮੈੱਟ ਤੋਂ ਸਿੱਖ ਸਕਦੇ ਹਾਂ ਕਿ ‘ਜੋ ਵੀ ਤੁਸੀਂ ਹੁਣ ਕਰ ਸਕਦੇ ਹੋ, ਕਰੋ! . . . ਜੋ ਵੀ ਹੋਵੇ, ਯਹੋਵਾਹ ਬਾਰੇ ਗਵਾਹੀ ਦੇਣ ਤੋਂ ਕਦੀ ਨਾ ਰੁਕੋ’!”
ਕੈਂਟਕੀ, ਅਮਰੀਕਾ ਤੋਂ ਈਰਿਨ ਨੇ ਲਿਖਿਆ ਕਿ “ਮੈੱਟ ਦਾ ਅਨੁਭਵ ਪੜ੍ਹਦੇ-ਪੜ੍ਹਦੇ ਮੇਰੀਆਂ ਅੱਖਾਂ ਭਰ ਆਈਆਂ। ਮੈਂ ਸੋਲਾਂ ਸਾਲਾਂ ਦੀ ਇਕ ਤੰਦਰੁਸਤ ਲੜਕੀ ਹਾਂ ਅਤੇ ਮੈਂ ਯਹੋਵਾਹ ਲਈ ਜੋ ਵੀ ਕਰ ਸਕਦੀ ਹਾਂ ਕਰਨਾ ਚਾਹੁੰਦੀ ਹਾਂ ਤਾਂਕਿ ਜਦੋਂ ਮੈੱਟ ਮੁੜ ਕੇ ਜੀਉਂਦਾ ਕੀਤਾ ਜਾਵੇਗਾ, ਮੈਂ ਖ਼ੁਦ ਉਸ ਨੂੰ ਦੱਸ ਸਕਾਂਗੀ ਕਿ ਉਸ ਦੇ ਅਨੁਭਵ ਨੇ ਮੈਨੂੰ ਕਿੰਨਾ ਹੌਸਲਾ ਦਿੱਤਾ ਸੀ।” ਇਸ ਹੀ ਤਰ੍ਹਾਂ, ਟੈਕਸਸ, ਅਮਰੀਕਾ ਤੋਂ ਪੰਦਰਾਂ ਸਾਲਾਂ ਦੀ ਮਰੀਆ ਨੇ ਕਿਹਾ: “ਜਦ ਤਕ ਮੇਰੀ ਸਿਹਤ ਚੰਗੀ ਹੈ ਮੈਂ ਯਹੋਵਾਹ ਲਈ ਜੋ ਵੀ ਹੋ ਸਕੇ ਕਰਨ ਦਾ ਪੱਕਾ ਫ਼ੈਸਲਾ ਕੀਤਾ ਹੈ। ਮੈੱਟ ਦੀ ਸਲਾਹ ਨੇ ਮੇਰੀ ਬਹੁਤ ਮਦਦ ਕੀਤੀ।”
ਸਾਉਥ ਕੈਰੋਲਾਇਨਾ, ਅਮਰੀਕਾ ਤੋਂ ਜੈਸੀਕਾ ਨਾਂ ਦੀ ਇਕ ਕੁੜੀ ਨੇ ਲਿਖਿਆ: “ਮੈਂ 13 ਸਾਲਾਂ ਦੀ ਹਾਂ ਅਤੇ ਇਹ ਜਾਣ ਕੇ ਮੈਨੂੰ ਬਹੁਤ ਹੀ ਹੌਸਲਾ ਮਿਲਿਆ ਕਿ ਯਹੋਵਾਹ ਦੀ ਸੇਵਾ ਲਈ ਇਕ ਹੋਰ ਨੌਜਵਾਨ ਇੰਨਾ ਜੋਸ਼ੀਲਾ ਸੀ ਅਤੇ ਉਸ ਨਾਲ ਇੰਨਾ ਪਿਆਰ ਕਰਦਾ ਸੀ। ਮੈੱਟ ਟੇਪੀਓ ਦੀ ਹਾਲਤ ਬਾਰੇ ਪੜ੍ਹ ਕੇ ਮੈਨੂੰ ਪਤਾ ਲੱਗਾ ਕਿ ਚੰਗੀ ਸਿਹਤ ਕਿੰਨੀ ਵੱਡੀ ਬਰਕਤ ਹੈ। ਮੈਂ ਮੈੱਟ ਦਾ ਨਾਂ ਉਨ੍ਹਾਂ ਭੈਣਾਂ-ਭਰਾਵਾਂ ਦਿਆਂ ਨਾਵਾਂ ਨਾਲ ਜੋੜ ਲਿਆ ਹੈ ਜਿਨ੍ਹਾਂ ਦਾ ਮੈਂ ਫਿਰਦੌਸ ਵਿਚ ਸੁਆਗਤ ਕਰਨਾ ਚਾਹੁੰਦੀ ਹਾਂ!”
ਇਟਲੀ ਦੇ ਇਕ ਸ਼ਹਿਰ ਸੈਨ ਸੇਵੇਰੀਨੋ ਮਾਰਕੇ ਤੋਂ 17 ਸਾਲਾਂ ਦੀ ਸਾਰਾ ਨੇ ਲਿਖਿਆ: “ਇਹ ਲੇਖ ਪੜ੍ਹ ਕੇ ਮੇਰੀਆਂ ਅੱਖਾਂ ਵਿਚ ਹੰਝੂ ਭਰ ਆਏ। ਮੈਂ ਮੈੱਟ ਦੇ ਹਾਣ ਦੀ ਹਾਂ। ਮੇਰੀ ਸਿਹਤ ਤਾਂ ਚੰਗੀ ਹੈ ਇਸ ਲਈ ਮੈਨੂੰ ਮੈੱਟ ਵਾਂਗ ਯਹੋਵਾਹ ਬਾਰੇ ਗੱਲ ਕਰਨ ਤੋਂ ਕਦੀ ਨਹੀਂ ਰੁਕਣਾ ਚਾਹੀਦਾ, ਉਹ ਆਪਣੀ ਜ਼ਿੰਦਗੀ ਦੇ ਸਭ ਤੋਂ ਮੁਸ਼ਕਲ ਸਮੇਂ ਵਿਚ ਵੀ ਇਸ ਤਰ੍ਹਾਂ ਕਰਨ ਤੋਂ ਨਹੀਂ ਰੁਕਿਆ। ਇਸ ਤਰ੍ਹਾਂ ਦੇ ਅਨੁਭਵ ਛਾਪਣ ਦਾ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਇਹ ਸਾਨੂੰ ਆਪਣਾ ਤਨ-ਮਨ ਅਤੇ ਸਮਾਂ ਲਾ ਕੇ ਯਹੋਵਾਹ ਦੀ ਸੇਵਾ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕਰਦੇ ਹਨ।—ਉਪਦੇਸ਼ਕ ਦੀ ਪੋਥੀ 12:1.”
ਪੁਨਰ-ਉਥਾਨ ਦੀ ਉਮੀਦ ਦੁਆਰਾ ਹੌਸਲਾ ਮਿਲਿਆ
ਭਾਵੇਂ ਅਸੀਂ ਜਵਾਨ ਜਾਂ ਉਮਰ ਵਿਚ ਸਿਆਣੇ ਹਾਂ, ਮੌਤ ਦੀ ਹਕੀਕਤ ਦਾ ਸਾਮ੍ਹਣਾ ਅੱਜ ਸਾਰਿਆਂ ਨੂੰ ਕਰਨਾ ਪੈਂਦਾ ਹੈ। ਉੱਨੀਆਂ ਸਾਲਾਂ ਦੀ ਹਾਇਡੀ ਨੇ ਕਿਹਾ: “ਪਿਛਲੇ ਦੋ ਹਫ਼ਤਿਆਂ ਵਿਚ, ਮੈਂ ਦੋ ਵਿਅਕਤੀਆਂ ਨੂੰ ਮੌਤ ਵਿਚ ਖੋਹਿਆ ਹੈ ਜੋ ਮੈਨੂੰ ਬਹੁਤ ਹੀ ਪਿਆਰੇ ਸਨ। ਸਿਰਫ਼ ਉਨ੍ਹਾਂ ਨੂੰ ਪੁਨਰ-ਉਥਿਤ ਕੀਤੇ ਹੋਏ ਦੇਖਣ ਦੀ ਉਮੀਦ ਨੇ ਮੈਨੂੰ ਹੌਸਲਾ ਦਿੱਤਾ ਹੈ।
“ਮੈਨੂੰ ਮੈੱਟ ਉੱਤੇ ਮਾਣ ਹੈ ਕਿ ਉਹ ਇੰਨਾ ਬੀਮਾਰ ਹੋਣ ਦੇ ਬਾਵਜੂਦ ਗਵਾਹੀ ਦਿੰਦਾ ਰਿਹਾ। ਉਸ ਦੀ ਮਿਸਾਲ ਸਾਡੇ ਸਾਰਿਆਂ ਲਈ ਬਹੁਤ ਵਧੀਆ ਹੈ, ਅਤੇ ਜਦੋਂ ਉਹ ਵਾਪਸ ਆਵੇਗਾ ਮੈਂ ਉਸ ਨੂੰ ਗਲੇ ਲਗਾਵਾਂਗੀ।”
ਨੈਨਸੀ ਨਾਂ ਦੀ ਇਕ ਮਾਂ ਨੇ ਲਿਖਿਆ: “ਮੈਂ ਰੋਂਦੀ-ਰੋਂਦੀ ਨੇ ਇਹ ਲੇਖ ਪੜ੍ਹਿਆ। ਸਾਡੀ ਧੀ ਰਸ਼ੈਲ ਦੇ ਦਿਮਾਗ਼ ਦੇ ਪਿੱਛਲੇ ਹਿੱਸੇ ਦੇ ਹੇਠਾਂ, ਉਸ ਦੀ ਧੌਣ ਵਿਚ ਟਿਊਮਰ ਸੀ। ਉਸ ਦੀ ਮੌਤ ਮੈੱਟ ਦੇ ਬਪਤਿਸਮੇ ਤੋਂ ਸਿਰਫ਼ ਦੋ ਦਿਨ ਪਹਿਲਾਂ, 11 ਜਨਵਰੀ 1996 ਨੂੰ ਹੋਈ ਸੀ। ਰਸ਼ੈਲ ਸਿਫ਼ਰ ਛੇ ਸਾਲਾਂ ਦੀ ਸੀ, ਪਰ ਮੈੱਟ ਵਾਂਗ, ਉਸ ਨੇ ਵੀ ਹਿੰਮਤ ਨਹੀਂ ਹਾਰੀ ਅਤੇ ਹਮੇਸ਼ਾ ਯਹੋਵਾਹ ਨੂੰ ਖ਼ੁਸ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ।
“ਉਹ ਦਿਨ ਬਹੁਤ ਹੀ ਖ਼ੁਸ਼ੀ-ਭਰਿਆ ਹੋਵੇਗਾ ਜਦੋਂ ਯਹੋਵਾਹ ਦੇ ਸਦਕੇ, ਅਸੀਂ ਆਪਣੀ ਧੀ ਨੂੰ ਸਿਹਤਮੰਦ ਅਤੇ ਨੱਠਦੀ-ਭੱਜਦੀ ਦੇਖਾਂਗੇ। ਜੈਰੁਸ ਅਤੇ ਉਸ ਦੀ ਪਤਨੀ ਵਾਂਗ ਅਸੀਂ ਵੀ ‘ਵੱਡੇ ਅਚੰਭੇ ਵਿੱਚ ਆ ਕੇ’ ਹੈਰਾਨ ਹੋਵਾਂਗੇ।”—ਮਰਕੁਸ 5:42.
ਜਾਰਜੀਆ, ਅਮਰੀਕਾ ਤੋਂ ਸ਼ੈਨਨ ਨਾਂ ਦੀ ਇਕ ਔਰਤ ਨੇ ਲਿਖਿਆ: “ਇਸ ਕਹਾਣੀ ਨੇ ਮੈਨੂੰ ਦਿਖਾਇਆ ਕਿ ਬੀਮਾਰ ਹੋਣ ਦੇ ਬਾਵਜੂਦ ਅਸੀਂ ਯਹੋਵਾਹ ਦੀ ਸੇਵਾ ਵਿਚ ਮਜ਼ਬੂਤ ਰਹਿ ਸਕਦੇ ਹਾਂ। ਭਾਵੇਂ ਕਿ ਇਸ ਵੇਲੇ ਮੈਨੂੰ ਕੋਈ ਬੀਮਾਰੀ ਨਹੀਂ ਹੈ ਅਤੇ ਮੈਂ ਤੰਦਰੁਸਤ ਹਾਂ, ਮੈਂ ਇਸ ਲੇਖ ਨੂੰ ਦੁਬਾਰਾ ਪੜ੍ਹਨ ਲਈ ਸੰਭਾਲ ਕੇ ਰੱਖਾਂਗੀ।
“ਮੈਂ ਉਮੀਦ ਰੱਖਦੀ ਹਾਂ ਕਿ ਮੈੱਟ ਦੇ ਮਾਪੇ ਪੁਨਰ-ਉਥਾਨ ਦੀ ਆਸ ਤੋਂ ਦਿਲਾਸਾ ਪਾਉਣਗੇ। ਮੇਰੀ ਪਿਆਰੀ ਨਾਨੀ ਜੀ ਦੀ ਵੀ 1995 ਵਿਚ ਮੌਤ ਹੋ ਗਈ ਸੀ। ਇਸ ਲਈ ਮੈਂ ਸ਼ੁਕਰ ਕਰਦੀ ਹਾਂ ਕਿ ਮੈਂ ਯਹੋਵਾਹ ਨੂੰ ਜਾਣਦੀ ਹਾਂ ਅਤੇ ਮੇਰੇ ਕੋਲ ਆਪਣੇ ਪਿਆਰਿਆਂ ਨੂੰ ਦੁਬਾਰਾ ਦੇਖਣ ਦੀ ਆਸ ਹੈ।”
ਇਕ ਸਪੇਨੀ ਕੁੜੀ ਨੇ ਲਿਖਿਆ: “ਮੇਰੇ ਮਾਪਿਆਂ ਨੇ ਮੇਰੇ ਅਤੇ ਮੇਰੀਆਂ ਚਾਰ ਭੈਣਾਂ ਦੇ ਦਿਲਾਂ ਵਿਚ ਮਸੀਹੀ ਸਭਾਵਾਂ ਵਿਚ ਹਾਜ਼ਰ ਹੋਣ ਦੀ ਮਹੱਤਤਾ ਬਿਠਾਈ। ਲੇਕਿਨ ਇਸ ਕਹਾਣੀ ਨੂੰ ਪੜ੍ਹਨ ਤੋਂ ਬਾਅਦ, ਮੈਂ ਅਹਿਸਾਸ ਕੀਤਾ ਕਿ ਅਸੀਂ ਸਾਰੇ ਇਨ੍ਹਾਂ ਗੱਲਾਂ ਦੀ ਮਹੱਤਤਾ ਭੁੱਲ ਸਕਦੇ ਹਾਂ। ਮੈਂ ਮੈੱਟ ਦੇ ਮਾਪਿਆਂ ਨੂੰ ਸ਼ਾਬਾਸ਼ ਕਹਿਣਾ ਚਾਹੁੰਦੀ ਹਾਂ ਕਿਉਂਕਿ ਉਨ੍ਹਾਂ ਨੇ ਉਸ ਨੂੰ ਸੱਚਾਈ ਬਾਰੇ ਬਹੁਤ ਹੀ ਚੰਗੀ ਤਰ੍ਹਾਂ ਸਿਖਾਇਆ। ਉਨ੍ਹਾਂ ਦੀ ਮਿਸਾਲ ਸਾਡੇ ਸਾਰਿਆਂ ਲਈ ਚੰਗੀ ਹੈ। ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਭਾਵੇਂ ਕਿਸੇ ਦੀ ਮੌਤ ਨੂੰ ਸਹਾਰਨਾ ਬਹੁਤ ਮੁਸ਼ਕਲ ਹੁੰਦਾ ਹੈ ਯਹੋਵਾਹ ਹਮੇਸ਼ਾ ਸਾਡੇ ਨਾਲ ਹੈ।
“ਨਵੇਂ ਸੰਸਾਰ ਵਿਚ ਮੈੱਟ ਨੂੰ ਮਿਲਣ ਦੀ ਮੇਰੀ ਇੱਛਾ ਹੈ। ਮੈਂ ਉਸ ਨੂੰ ਦੱਸਣਾ ਚਾਹੁੰਦੀ ਹਾਂ ਕਿ ਉਸ ਨੇ ਇਕ ਵਧੀਆ ਮਿਸਾਲ ਕਾਇਮ ਕੀਤੀ ਅਤੇ ਅਸੀਂ ਉਸ ਨੂੰ ਯਾਦ ਰੱਖਦੇ ਆਏ ਹਾਂ। ਯਹੋਵਾਹ ਜੀਉਂਦਿਆਂ ਦਾ ਪਰਮੇਸ਼ੁਰ ਹੈ, ਅਤੇ ਮੈੱਟ ਹੁਣ ਮੇਰੀ ਛੋਟੀ ਭੈਣ ਵਾਂਗ, ਜਿਸ ਦੀ ਚਾਰ ਸਾਲ ਪਹਿਲਾਂ ਮੌਤ ਹੋਈ ਸੀ, ਯਹੋਵਾਹ ਦੀ ਯਾਦਾਸ਼ਤ ਵਿਚ ਜੀਉਂਦਾ ਹੈ। (ਲੂਕਾ 20:38) ਮੈੱਟ, ਮੇਰੀ ਭੈਣ ਈਵਾ, ਅਤੇ ਪਰਮੇਸ਼ੁਰ ਦੇ ਕਈ ਹੋਰ ਵਫ਼ਾਦਾਰ ਸੇਵਕ ਯਹੋਵਾਹ ਦੀ ਯਾਦਾਸ਼ਤ ਵਿਚ ਹਨ। ਯਹੋਵਾਹ ਅਦਭੁਤ ਹੈ ਅਤੇ ਉਹ ਸਾਨੂੰ ਕਦੀ ਵੀ ਨਹੀਂ ਛੱਡੇਗਾ।”
ਸੱਚੀਂ, ਪੁਨਰ-ਉਥਾਨ ਦੀ ਉਮੀਦ ਵਧੀਆ ਹੈ। ਆਓ ਆਪਾਂ ਆਪਣੇ ਸ੍ਰਿਸ਼ਟੀਕਰਤਾ ਨੂੰ ਹਰ ਵੇਲੇ ਯਾਦ ਰੱਖ ਕੇ ਇਸ ਸ਼ਾਨਦਾਰ ਵਾਅਦੇ ਦੀ ਕਦਰ ਕਰੀਏ, ਜਿਵੇਂ ਉਸ ਦੇ ਪਿਆਰੇ ਪੁੱਤਰ ਯਿਸੂ ਮਸੀਹ ਨੇ ਕਦਰ ਕੀਤੀ ਸੀ।
[ਸਫ਼ੇ 24 ਉੱਤੇ ਤਸਵੀਰ]
ਡੈਸਰੀ
[ਸਫ਼ੇ 24 ਉੱਤੇ ਤਸਵੀਰ]
ਈਰਿਨ
[ਸਫ਼ੇ 24 ਉੱਤੇ ਤਸਵੀਰ]
ਮਰੀਆ
[ਸਫ਼ੇ 24 ਉੱਤੇ ਤਸਵੀਰ]
ਜੈਸੀਕਾ
[ਸਫ਼ੇ 25 ਉੱਤੇ ਤਸਵੀਰ]
ਸਾਰਾ
[ਸਫ਼ੇ 25 ਉੱਤੇ ਤਸਵੀਰ]
ਹਾਇਡੀ
[ਸਫ਼ੇ 25 ਉੱਤੇ ਤਸਵੀਰ]
ਨੈਨਸੀ ਆਪਣੇ ਪਤੀ ਅਤੇ ਉਨ੍ਹਾਂ ਦੀ ਧੀ ਰਸ਼ੈਲ ਨਾਲ
[ਸਫ਼ੇ 25 ਉੱਤੇ ਤਸਵੀਰ]
ਸ਼ੈਨਨ