ਇਸਤਰੀਆਂ ਨੇ ਕੰਮ ਵਿਚ ਕਾਫ਼ੀ ਹੱਥ ਵਟਾਇਆ
ਪਿਛਲੇ ਸਾਲ 12 ਦਸੰਬਰ ਤੇ ਯਹੋਵਾਹ ਦੇ ਗਵਾਹਾਂ ਨੇ ਜ਼ਿਮਬਾਬਵੇ ਵਿਚ ਆਪਣਾ ਸ਼ਾਖਾ ਦਫ਼ਤਰ ਸਮਰਪਿਤ ਕੀਤਾ। ਪ੍ਰੋਗ੍ਰਾਮ ਦੌਰਾਨ ਇਸ ਗੱਲ ਉੱਤੇ ਜ਼ੋਰ ਦਿੱਤਾ ਗਿਆ ਸੀ ਕਿ ਮਸੀਹੀ ਇਸਤਰੀਆਂ ਨੇ ਉਸਾਰੀ ਦੇ ਕੰਮ ਵਿਚ ਕਿੰਨਾ ਜ਼ਿਆਦਾ ਹੱਥ ਵਟਾਇਆ ਹੈ। ਉਸਾਰੀ ਦੇ ਕੰਮ ਦੇ ਚਾਰ ਸਾਲਾਂ ਦੌਰਾਨ ਕਈਆਂ ਦੇਸ਼ਾਂ ਤੋਂ ਆਏ ਸਵੈ-ਇੱਛੁਕ ਵਿਅਕਤੀਆਂ ਨੇ ਕੰਮ ਕੀਤਾ। ਇਨ੍ਹਾਂ ਨਾਲ ਮਿਲ ਕੇ ਜ਼ਿਮਬਾਬਵੇ ਤੋਂ ਵੀ ਸੈਂਕੜੇ ਵਿਅਕਤੀਆਂ ਨੇ ਕੰਮ ਕੀਤਾ। ਇੱਥੇ ਦੇਖੀ ਜਾਣ ਵਾਲੀ ਤਸਵੀਰ ਵਿਚ ਉਨ੍ਹਾਂ ਨੇ ਸੁੰਦਰ ਇਮਾਰਤਾਂ ਨੂੰ ਉਸਾਰਨ ਲਈ ਆਪਣਾ ਤਨ, ਮਨ, ਅਤੇ ਧਨ ਕੁਰਬਾਨ ਕੀਤਾ।
ਤੁਸੀਂ ਤਸਵੀਰ ਦੇ ਪਿੱਛਲੇ ਹਿੱਸੇ ਵਿਚ ਛੇ ਇੱਕੋ-ਜਿਹੀਆਂ ਰਿਹਾਇਸ਼ੀ ਇਮਾਰਤਾਂ ਦੇਖ ਸਕਦੇ ਹੋ। ਇਨ੍ਹਾਂ ਦੇ ਲਾਗੇ ਸਭ ਤੋਂ ਵੱਡੀ ਇਮਾਰਤ ਵਿਚ ਰੋਟੀ ਖਾਣ ਵਾਲਾ ਹਾਲ, ਰਸੋਈ ਅਤੇ ਲਾਂਡਰੀ ਹੈ। ਰਿਹਾਇਸ਼ੀ ਇਮਾਰਤਾਂ ਵਿਚ ਸੌਣ ਲਈ 61 ਕਮਰੇ ਹਨ, ਅਤੇ ਰੋਟੀ ਖਾਣ ਵਾਲੇ ਹਾਲ ਵਿਚ 200 ਵਿਅਕਤੀ ਬੈਠ ਸਕਦੇ ਹਨ। ਤਸਵੀਰ ਦੇ ਮੁਹਰਲੇ ਹਿੱਸੇ ਵਿਚ ਖੱਬੇ ਪਾਸੇ ਦੀ ਇਮਾਰਤ ਵਿਚ ਦਫ਼ਤਰ ਹਨ। ਵਿਚਕਾਰਲੀ ਇਮਾਰਤ ਵਿਚ ਮਹਿਮਾਨਾਂ ਦਾ ਸੁਆਗਤ ਕੀਤਾ ਜਾਂਦਾ ਹੈ ਅਤੇ ਸੱਜੇ ਪਾਸੇ ਮਾਲਖ਼ਾਨਾ ਹੈ ਜਿੱਥੇ ਸਮਰਪਣ ਪ੍ਰੋਗ੍ਰਾਮ ਜਾਰੀ ਕੀਤਾ ਗਿਆ ਸੀ।
ਨਵੰਬਰ 1985 ਵਿਚ ਯਹੋਵਾਹ ਦੇ ਗਵਾਹਾਂ ਨੇ ਉਸਾਰੀ ਦਾ ਅੰਤਰਰਾਸ਼ਟਰੀ ਪ੍ਰੋਗ੍ਰਾਮ ਸ਼ੁਰੂ ਕੀਤਾ ਸੀ। ਉਨ੍ਹਾਂ ਦੁਆਰਾ ਪੂਰੇ ਕੀਤੇ ਗਏ ਅਨੇਕ ਪ੍ਰਾਜੈਕਟਾਂ ਵਿੱਚੋਂ ਦੱਖਣੀ ਅਫ਼ਰੀਕਾ ਵਿਚ ਜ਼ਿਮਬਾਬਵੇ ਦਾ ਇਕ ਸੁੰਦਰ ਸ਼ਾਖਾ ਹੈ। ਅਗਸਤ 22, 1991 ਦੇ ਜਾਗਰੂਕ ਬਣੋ! ਨੇ “ਅੰਤਰਰਾਸ਼ਟਰੀ ਉਸਾਰੀ ਵਿਚ ਇਕ ਨਵੀਂ ਚੀਜ਼” ਨਾਂ ਦੇ ਲੇਖ ਵਿਚ ਇਸ ਪ੍ਰੋਗ੍ਰਾਮ ਬਾਰੇ ਦੱਸਿਆ ਸੀ।
ਉਸ ਪ੍ਰੋਗ੍ਰਾਮ ਵਿਚ ਇਸਤਰੀਆਂ ਦੇ ਕੰਮ ਬਾਰੇ ਜਾਗਰੂਕ ਬਣੋ! ਨੇ ਦੱਸਿਆ ਕਿ “ਕਈਆਂ ਨੂੰ ਮਜ਼ਬੂਤੀ ਦੇਣ ਵਾਲੀ ਸਟੀਲ ਨੂੰ ਤਾਰਾਂ ਨਾਲ ਜੋੜਨ, ਟਾਇਲਾਂ ਲਾਉਣ ਅਤੇ ਉਨ੍ਹਾਂ ਦੁਆਲੇ ਗੱਚ ਭਰਨ, ਨਾਲੇ ਕੰਧਾਂ ਮੁਲਾਇਮ ਅਤੇ ਪੇਂਟ ਕਰਨ ਦੀ ਸਿਖਲਾਈ ਦਿੱਤੀ ਗਈ ਹੈ। ਦੂਜੀਆਂ ਇਸਤਰੀਆਂ ਲੋੜੀਂਦਾ ਘਰੇਲੂ ਕੰਮ-ਕਾਰ ਕਰਦੀਆਂ ਹਨ। ਇਸ ਤਰ੍ਹਾਂ ਸੰਸਾਰ ਭਰ ਵਿਚ ਉਸਾਰੀ ਦੇ ਥਾਂਵਾਂ ਤੇ ਸਾਰੀਆਂ ਇਸਤਰੀਆਂ ਬਹੁਤ ਵਧੀਆ ਤਰੀਕੇ ਵਿਚ ਹੱਥ ਵਟਾਉਂਦੀਆਂ ਹਨ।”
ਜ਼ਿਮਬਾਬਵੇ ਵਿਚ ਜੋਰਜ ਐਵਨਜ਼ ਅਤੇ ਜੇਮਜ਼ ਪੌਲਸਨ ਨੇ ਉਸਾਰੀ ਦੀ ਨਿਗਰਾਨੀ ਕੀਤੀ। ਉਸ ਸ਼ਾਖਾ ਦੇ ਸਮਰਪਣ ਪ੍ਰੋਗ੍ਰਾਮ ਦੌਰਾਨ, ਉਨ੍ਹਾਂ ਨੇ ਸ਼ਾਖਾ ਉਸਾਰਨ ਵਾਲੀਆਂ ਇਸਤਰੀਆਂ ਦੇ ਕੰਮ ਦੀ ਤੁਲਨਾ ਇਸਰਾਏਲ ਦੇ ਪ੍ਰਾਚੀਨ ਡੇਹਰੇ ਨੂੰ ਉਸਾਰਨ ਵਾਲੀਆਂ ਇਸਤਰੀਆਂ ਦੇ ਕੰਮ ਨਾਲ ਕੀਤੀ। ਇਸਰਾਏਲੀਆਂ ਬਾਰੇ ਬਾਈਬਲ ਕਹਿੰਦੀ ਹੈ ਕਿ “ਸਾਰੇ ਮਨੁੱਖ ਜਿਨ੍ਹਾਂ ਦੇ ਮਨਾਂ ਨੇ ਉਨ੍ਹਾਂ ਨੂੰ ਪਰੇਰਿਆ ਆਏ . . . ਮਨੁੱਖ ਅਤੇ ਉਨ੍ਹਾਂ ਦੇ ਨਾਲ ਤੀਵੀਆਂ ਆਈਆਂ।” (ਟੇਢੇ ਟਾਈਪ ਸਾਡੇ।)—ਕੂਚ 35:21, 22.
ਬਾਈਬਲ ਦਾ ਇਹ ਬਿਰਤਾਂਤ ਵਰਤਦੇ ਹੋਏ, ਭਰਾ ਐਵਨਜ਼ ਅਤੇ ਪੌਲਸਨ ਨੇ ਇਸਤਰੀਆਂ ਦੇ ਕੰਮਾਂ ਦੀ ਖੂਬੀ ਉੱਤੇ ਜ਼ੋਰ ਦਿੱਤਾ। ਉਨ੍ਹਾਂ ਨੇ ਬਾਈਬਲ ਦੇ ਬਿਰਤਾਂਤ ਦਾ ਹਵਾਲਾ ਦਿੱਤਾ: “ਸਾਰੀਆਂ ਚਤਰੀਆਂ ਇਸਤਰੀਆਂ ਨੇ ਆਪਣੇ ਹੱਥੀਂ ਕੱਤਿਆ . . . ਸਾਰੀਆਂ ਇਸਤਰੀਆਂ ਜਿਨ੍ਹਾਂ ਦੇ ਮਨਾਂ ਨੇ ਉਨ੍ਹਾਂ ਨੂੰ ਬੁੱਧ ਨਾਲ ਪਰੇਰਿਆ।” ਅਸਲ ਵਿਚ, ਜਿਨ੍ਹਾਂ ਨੇ ਕੰਮ ਕਰਨ ਲਈ ਆਪਣੇ ਆਪ ਨੂੰ ਖ਼ੁਸ਼ੀ-ਖ਼ੁਸ਼ੀ ਪੇਸ਼ ਕੀਤਾ ਉਨ੍ਹਾਂ ਵਿਚ ਇਸਤਰੀਆਂ ਵੀ ਸ਼ਾਮਲ ਸਨ। “ਸਾਰੇ ਮਨੁੱਖ ਅਤੇ ਇਸਤਰੀਆਂ ਜਿਨ੍ਹਾਂ ਦੇ ਮਨਾਂ ਨੇ ਉਨ੍ਹਾਂ ਨੂੰ ਪਰੇਰਿਆ ਕਿ ਓਹ ਸਾਰੇ ਕੰਮ ਲਈ ਲਿਆਉਣ ਜਿਹ ਦਾ ਯਹੋਵਾਹ ਨੇ ਮੂਸਾ ਦੀ ਰਾਹੀਂ ਬਣਾਉਣ ਦਾ ਹੁਕਮ ਦਿੱਤਾ ਸੀ ਓਹ ਯਹੋਵਾਹ ਲਈ ਖ਼ੁਸ਼ੀ ਦੀਆਂ ਭੇਟਾਂ ਲਿਆਏ।” (ਟੇਢੇ ਟਾਈਪ ਸਾਡੇ।)—ਕੂਚ 35:25, 26, 29.
ਉਸਾਰੀ ਦੇ ਨਿਗਰਾਨਾਂ ਨੇ ਜ਼ਿਮਬਾਬਵੇ ਦੇ ਸ਼ਾਖਾ ਪ੍ਰਾਜੈਕਟ ਬਾਰੇ ਕਿਹਾ ਕਿ ‘ਇਸਤਰੀਆਂ ਨੇ ਮਨੁੱਖਾਂ ਦੇ ਸਮਾਨ ਹਰੇਕ ਕੰਮ ਕੀਤਾ।’ ਇਸ ਵਿਚ ਸਟੀਲ ਜੋੜਨ ਅਤੇ ਵੱਡੀਆਂ ਮਸ਼ੀਨਾਂ ਚਲਾਉਣੀਆਂ ਸ਼ਾਮਲ ਸੀ। ਭਰਾ ਪੌਲਸਨ ਨੇ ਕਿਹਾ ਕਿ ਇਸਤਰੀਆਂ ਨੇ ਕੰਕਰੀਟ ਢੋਹਣ ਵਾਲੇ ਆਪਣੇ ਟਰੱਕ ਅਤੇ ਦੂਜੀਆਂ ਭਾਰੀਆਂ ਮਸ਼ੀਨਾਂ ਸਾਫ਼-ਸੁੱਥਰੀਆਂ ਅਤੇ ਚਮਕਾ ਕੇ ਰੱਖੀਆਂ। ਉਸ ਨੇ ਧਿਆਨ ਖਿੱਚਿਆ ਕਿ ਆਮ ਤੌਰ ਤੇ ਆਦਮੀ ਇਵੇਂ ਨਹੀਂ ਕਰਦੇ।
ਨਿਸ਼ਚੇ ਹੀ ਅਸੀਂ ਉਨ੍ਹਾਂ ਇਸਤਰੀਆਂ ਲਈ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸੰਸਾਰ ਭਰ ਵਿਚ ਸ਼ਾਖਾ ਦਫ਼ਤਰ ਅਤੇ ਯਹੋਵਾਹ ਦੇ ਗਵਾਹਾਂ ਦੇ ਰਾਜ ਗ੍ਰਹਿ ਉਸਾਰਨ ਲਈ ਮਨੁੱਖਾਂ ਦੇ ਨਾਲ-ਨਾਲ ਹੱਥ ਵਟਾਇਆ ਹੈ!
[ਸਫ਼ੇ 26 ਉੱਤੇ ਤਸਵੀਰ]
ਜ਼ਿਮਬਾਬਵੇ ਦਾ ਸ਼ਾਖਾ