ਕਿੰਗਡਮ ਹਾਲ ਉਸਾਰੀ ਪ੍ਰੋਗ੍ਰਾਮ ਕਾਮਯਾਬ ਹੋ ਰਿਹਾ ਹੈ
1 ਸਾਲ 1983 ਵਿਚ ਅਮਰੀਕਾ ਵਿਚ ਹੋਏ “ਰਾਜ ਦੀ ਏਕਤਾ” ਨਾਮਕ ਜ਼ਿਲ੍ਹਾ ਸੰਮੇਲਨਾਂ ਵਿਚ ਇਹ ਘੋਸ਼ਣਾ ਕੀਤੀ ਗਈ ਸੀ ਕਿ ਪੂਰੇ ਅਮਰੀਕਾ ਅਤੇ ਕੈਨੇਡਾ ਵਿਚ ਨਵੇਂ ਕਿੰਗਡਮ ਹਾਲਾਂ ਦੀ ਉਸਾਰੀ ਅਤੇ ਪੁਰਾਣਿਆਂ ਦੀ ਮੁਰੰਮਤ ਵਾਸਤੇ ਇਕ ਖ਼ਾਸ ਫੰਡ ਵੱਖਰਾ ਰੱਖਿਆ ਜਾਵੇਗਾ। ਉਸ ਵੇਲੇ ਸਾਨੂੰ ਇਸ ਗੱਲ ਦਾ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਇਸ ਛੋਟੀ ਜਿਹੀ ਸ਼ੁਰੂਆਤ ਦੇ ਕਿੰਨੇ ਵਧੀਆ ਨਤੀਜੇ ਨਿਕਲਣਗੇ। ਅਸੀਂ ਜ਼ਬੂਰਾਂ ਦੀ ਪੋਥੀ 92:4 ਦੇ ਸ਼ਬਦਾਂ ਨੂੰ ਅਨੁਭਵ ਕਰਨਾ ਸ਼ੁਰੂ ਕੀਤਾ ਜਿਸ ਵਿਚ ਬਿਲਕੁਲ ਸਹੀ ਲਿਖਿਆ ਹੈ: “ਹੇ ਯਹੋਵਾਹ, ਤੈਂ ਤਾਂ ਆਪਣੀ ਕਾਰੀਗਰੀ ਨਾਲ ਮੈਨੂੰ ਅਨੰਦ ਕੀਤਾ ਹੈ, ਤੇਰੇ ਹੱਥ ਦਿਆਂ ਕੰਮਾਂ ਦੇ ਕਾਰਨ ਮੈਂ ਜੈਕਾਰਾ ਗਜਾਵਾਂਗਾ।” ਬਾਅਦ ਵਿਚ ਇਸ ਪ੍ਰੋਗ੍ਰਾਮ ਅਧੀਨ ਅਫ਼ਰੀਕਾ, ਏਸ਼ੀਆ, ਕੇਂਦਰੀ ਤੇ ਦੱਖਣੀ ਅਮਰੀਕਾ ਅਤੇ ਪੂਰਬੀ ਯੂਰਪ ਦੇ ਗ਼ਰੀਬ ਦੇਸ਼ਾਂ ਵਿਚ ਭਰਾਵਾਂ ਦੀ ਮਦਦ ਕਰਨ ਲਈ ਫੰਡ ਇਸਤੇਮਾਲ ਕੀਤੇ ਜਾਣ ਲੱਗੇ।
2 ਅੱਜ ਸਾਨੂੰ ਇਸ ਪ੍ਰੋਗ੍ਰਾਮ ਦੀ ਕਾਮਯਾਬੀ ਤੋਂ ਕਿੰਨੀ ਖ਼ੁਸ਼ੀ ਹੁੰਦੀ ਹੈ! ਪੂਰੀ ਦੁਨੀਆਂ ਵਿਚ ਇਸ ਪ੍ਰੋਗ੍ਰਾਮ ਅਧੀਨ ਕਿੰਗਡਮ ਹਾਲਾਂ ਦੀ ਉਸਾਰੀ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਪਰ ਅਸੀਂ ਭਾਰਤ ਵਿਚ ਇਸ ਕੰਮ ਵਿਚ ਆਪਣਾ ਯੋਗਦਾਨ ਕਿਵੇਂ ਪਾ ਸਕਦੇ ਹਾਂ? ਅਸੀਂ ਆਪਣੇ ਦੇਸ਼ ਵਿਚ ਚੱਲ ਰਹੇ ਕਿੰਗਡਮ ਹਾਲ ਉਸਾਰੀ ਪ੍ਰੋਗ੍ਰਾਮ ਦਾ ਸਮਰਥਨ ਕਰ ਸਕਦੇ ਹਾਂ। ਇਹ ਪ੍ਰੋਗ੍ਰਾਮ ਮੁੱਖ ਤੌਰ ਤੇ ਭਾਰਤ ਦੀਆਂ ਕਲੀਸਿਯਾਵਾਂ ਵੱਲੋਂ ਦਿੱਤੇ ਜਾਂਦੇ ਦਾਨ ਤੇ ਹੀ ਨਿਰਭਰ ਕਰਦਾ ਹੈ। ਬਹੁਤ ਸਾਰੇ ਭਰਾ ਸ਼ਾਇਦ ਆਪਣਾ ਸਮਾਂ, ਤਾਕਤ ਅਤੇ ਹੁਨਰ ਵਰਤ ਕੇ ਕਿੰਗਡਮ ਹਾਲਾਂ ਦੀ ਉਸਾਰੀ ਦੇ ਕੰਮ ਵਿਚ ਹੱਥ ਵਟਾ ਸਕਦੇ ਹਨ। ਅਸੀਂ ਆਪਣੇ ਵੱਲੋਂ ਭਾਵੇਂ ਜਿੰਨਾ ਮਰਜ਼ੀ ਦੇਈਏ, ਪਰ ਸਾਨੂੰ ਪਤਾ ਹੈ ਕਿ ਇਹ ਪ੍ਰੋਗ੍ਰਾਮ ਯਹੋਵਾਹ ਦੀ ਅਗਵਾਈ, ਮਦਦ ਅਤੇ ਸਾਡੇ ਜਤਨਾਂ ਉੱਤੇ ਉਸ ਦੀਆਂ ਭਰਪੂਰ ਬਰਕਤਾਂ ਕਰਕੇ ਹੀ ਕਾਮਯਾਬ ਹੋ ਸਕਦਾ ਹੈ।—ਜ਼ਬੂ. 127:1.
3 ਭਾਰਤ ਦੀ ਹਰ ਕਲੀਸਿਯਾ ਵਿਚ ਇਕ ਬਕਸਾ ਹੁੰਦਾ ਹੈ ਜਿਸ ਵਿਚ ਭੈਣ-ਭਰਾ ਕਿੰਗਡਮ ਹਾਲ ਫੰਡ ਲਈ ਦਾਨ ਪਾਉਂਦੇ ਹਨ। ਇਸ ਤੋਂ ਇਲਾਵਾ, ਬਹੁਤ ਸਾਰੀਆਂ ਕਲੀਸਿਯਾਵਾਂ ਹਰ ਮਹੀਨੇ ਕਲੀਸਿਯਾ ਦੇ ਫੰਡ ਵਿੱਚੋਂ ਕੁਝ ਪੈਸਾ ਬ੍ਰਾਂਚ ਆਫਿਸ ਨੂੰ ਘੱਲਦੀਆਂ ਹਨ। ਕਈ ਕਲੀਸਿਯਾਵਾਂ ਨੇ ਪੈਸਾ ਫਿਕਸ ਡਿਪਾਜ਼ਿਟ ਵਿਚ ਰੱਖਣ ਦੀ ਬਜਾਇ ਇਹ ਪੈਸਾ ਕਿੰਗਡਮ ਹਾਲ ਫੰਡ ਲਈ ਦੇ ਦਿੱਤਾ ਹੈ। ਉਨ੍ਹਾਂ ਨੂੰ ਯਕੀਨ ਹੈ ਕਿ ਜਦੋਂ ਉਹ ਕਿੰਗਡਮ ਹਾਲ ਬਣਾਉਣ ਦੇ ਕਾਬਲ ਹੋਣਗੀਆਂ, ਤਾਂ ਉਨ੍ਹਾਂ ਨੂੰ ਸਿਰਫ਼ ਆਪਣੇ ਇਨ੍ਹਾਂ ਪੈਸਿਆਂ ਤੋਂ ਹੀ ਫ਼ਾਇਦਾ ਨਹੀਂ ਹੋਵੇਗਾ, ਸਗੋਂ ਉਨ੍ਹਾਂ ਕਲੀਸਿਯਾਵਾਂ ਦੇ ਪੈਸਿਆਂ ਤੋਂ ਵੀ ਫ਼ਾਇਦਾ ਹੋਵੇਗਾ ਜਿਨ੍ਹਾਂ ਨੂੰ ਅਜੇ ਕਿੰਗਡਮ ਹਾਲ ਦੀ ਲੋੜ ਨਹੀਂ ਹੈ।
4 ਇਸ ਪ੍ਰੋਗ੍ਰਾਮ ਨੂੰ ਕਿੰਨਾ ਕੁ ਹੁੰਗਾਰਾ ਮਿਲਿਆ ਹੈ? ਪਿਛਲੇ ਸਾਲ ਮਾਰਚ ਵਿਚ ਪਹਿਲੀ ਵਾਰ ਪ੍ਰਕਾਸ਼ਕਾਂ ਨੂੰ ਇਸ ਨਵੇਂ ਪ੍ਰਬੰਧ ਬਾਰੇ ਪਤਾ ਲੱਗਾ। ਉਸ ਸਮੇਂ ਤੋਂ ਹੁਣ ਤਕ ਇੰਨਾ ਦਾਨ ਇਕੱਠਾ ਹੋ ਚੁੱਕਾ ਹੈ ਜਿਸ ਨਾਲ ਦੋ ਨਵੇਂ ਕਿੰਗਡਮ ਹਾਲ ਬਣਾਏ ਜਾ ਸਕਦੇ ਹਨ। ਇਹ ਦੇਖ ਕੇ ਵੀ ਖ਼ੁਸ਼ੀ ਹੁੰਦੀ ਹੈ ਕਿ ਜਿਨ੍ਹਾਂ ਕਲੀਸਿਯਾਵਾਂ ਨੇ ਇਸ ਫੰਡ ਦੀ ਮਦਦ ਨਾਲ ਆਪਣੇ ਕਿੰਗਡਮ ਹਾਲ ਉਸਾਰੇ ਹਨ, ਉਹ ਅਜੇ ਵੀ ਬਾਕਾਇਦਾ ਦਾਨ ਦੇ ਰਹੀਆਂ ਹਨ ਤਾਂਕਿ ਦੂਸਰੀਆਂ ਕਲੀਸਿਯਾਵਾਂ ਨੂੰ ਵੀ ਫ਼ਾਇਦਾ ਹੋਵੇ। ਜੋ ਕਲੀਸਿਯਾਵਾਂ ਆਪਣਾ ਕਿੰਗਡਮ ਹਾਲ ਨਹੀਂ ਬਣਾ ਸਕਦੀਆਂ, ਉਨ੍ਹਾਂ ਨੇ ਹਰ ਮਹੀਨੇ ਦਾਨ ਘੱਲਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਉਨ੍ਹਾਂ ਦਾ ਦਾਨ ਦੇਸ਼ ਦੇ ਕਿਸੇ ਹੋਰ ਹਿੱਸੇ ਵਿਚ ਕਿੰਗਡਮ ਹਾਲ ਬਣਾਉਣ ਲਈ ਵਰਤਿਆ ਜਾ ਸਕਦਾ ਹੈ ਅਤੇ ਸਮਾਂ ਆਉਣ ਤੇ ਆਪਣੇ ਕਿੰਗਡਮ ਹਾਲ ਬਣਾਉਣ ਲਈ ਉਹ ਦੂਸਰੀਆਂ ਕਲੀਸਿਯਾਵਾਂ ਦੇ ਦਾਨ ਤੋਂ ਸਹਾਇਤਾ ਪ੍ਰਾਪਤ ਕਰ ਸਕਣਗੀਆਂ।
5 ਦੂਸਰੇ ਦੇਸ਼ਾਂ ਵਿਚ ਉਸਾਰੇ ਗਏ ਕਿੰਗਡਮ ਹਾਲਾਂ ਦੀਆਂ ਤਸਵੀਰਾਂ ਇੱਥੇ ਦਿੱਤੀਆਂ ਗਈਆਂ ਹਨ ਜਿਨ੍ਹਾਂ ਤੋਂ ਇਸ ਪ੍ਰੋਗ੍ਰਾਮ ਉੱਤੇ ਯਹੋਵਾਹ ਦੀਆਂ ਬਰਕਤਾਂ ਦਾ ਸਬੂਤ ਮਿਲਦਾ ਹੈ। ਜ਼ਰਾ ਸੋਚੋ ਕਿ ਕਿੰਗਡਮ ਹਾਲਾਂ ਦੀ ਉਸਾਰੀ ਕਰਕੇ ਉਨ੍ਹਾਂ ਦੇਸ਼ਾਂ ਵਿਚ ਯਹੋਵਾਹ ਦੇ ਗਵਾਹਾਂ ਦੇ ਕੰਮ ਉੱਤੇ ਕਿੰਨਾ ਚੰਗਾ ਅਸਰ ਪਿਆ ਹੋਣਾ। ਤਿੰਨ ਗੱਲਾਂ ਤੇ ਇਹ ਪ੍ਰਭਾਵ ਦੇਖਿਆ ਜਾ ਸਕਦਾ ਹੈ—ਸਾਡੇ ਅੰਤਰਰਾਸ਼ਟਰੀ ਭਾਈਚਾਰੇ ਦੀ ਏਕਤਾ, ਸਥਾਨਕ ਲੋਕਾਂ ਉੱਤੇ ਇਸ ਦਾ ਪ੍ਰਭਾਵ ਅਤੇ ਕਲੀਸਿਯਾ ਦੀਆਂ ਸਭਾਵਾਂ ਵਿਚ ਹਾਜ਼ਰੀ ਵਿਚ ਵਾਧਾ। ਇਸ ਅੰਤਰ-ਪੱਤਰ ਵਿਚ ਅਫ਼ਰੀਕਾ ਵਿਚ ਉਸਾਰੇ ਗਏ ਕਿੰਗਡਮ ਹਾਲਾਂ ਦੀਆਂ ਤਸਵੀਰਾਂ ਦਿੱਤੀਆਂ ਗਈਆਂ ਹਨ। ਸਾਨੂੰ ਆਸ ਹੈ ਕਿ ਭਾਰਤ ਵਿਚ ਚੱਲ ਰਹੇ ਉਸਾਰੀ ਪ੍ਰੋਗ੍ਰਾਮ ਦੀ ਸਫ਼ਲਤਾ ਬਾਰੇ ਅਸੀਂ ਤੁਹਾਨੂੰ ਭਵਿੱਖ ਵਿਚ ਸਾਡੀ ਰਾਜ ਸੇਵਕਾਈ ਵਿਚ ਜਾਣਕਾਰੀ ਦੇ ਸਕਾਂਗੇ। ਕੀ ਤੁਹਾਡੀ ਕਲੀਸਿਯਾ ਨੂੰ ਇਸ ਪ੍ਰੋਗ੍ਰਾਮ ਤੋਂ ਫ਼ਾਇਦਾ ਹੋਵੇਗਾ? ਸਾਡੀ ਪ੍ਰਾਰਥਨਾ ਹੈ ਕਿ ਇਸ ਪ੍ਰੋਗ੍ਰਾਮ ਵਿਚ ਪੂਰਾ-ਪੂਰਾ ਯੋਗਦਾਨ ਪਾਉਣ ਦੇ ਤੁਹਾਡੇ ਜਤਨਾਂ ਤੇ ਯਹੋਵਾਹ ਬਰਕਤ ਪਾਵੇ।
[ਸਫ਼ੇ 5 ਉੱਤੇ ਤਸਵੀਰ]
ਕੇਂਦਰੀ ਅਫ਼ਰੀਕੀ ਗਣਰਾਜ
ਬਿੰਬੋ, ਬਾਂਗੀ
ਬਗੂਆ, ਬਾਂਗੀ
[ਸਫ਼ੇ 6 ਉੱਤੇ ਤਸਵੀਰ]
ਊਕੌਂਗਾ, ਤਨਜ਼ਾਨੀਆ
[ਸਫ਼ੇ 6 ਉੱਤੇ ਤਸਵੀਰ]
ਸਲਾਲਾ, ਲਾਈਬੇਰੀਆ
[ਸਫ਼ੇ 6 ਉੱਤੇ ਤਸਵੀਰ]
ਕਰੋਈ, ਜ਼ਿਮਬਾਬਵੇ
[ਸਫ਼ੇ 6 ਉੱਤੇ ਤਸਵੀਰ]
ਪੈਮੀ, ਟੋਗੋ
[ਸਫ਼ੇ 6 ਉੱਤੇ ਤਸਵੀਰ]
ਸੋਕੋਡੇ, ਟੋਗੋ