ਰਾਜ ਗ੍ਰਹਿ ਉਸਾਰੀ ਦੀ ਲੋੜ ਨੂੰ ਪੂਰਾ ਕਰਨਾ
1 ਜਦੋਂ ਅਸੀਂ ਵਿਸ਼ਵ-ਵਿਆਪੀ ਖੇਤਰ ਵੱਲ ਦੇਖਦੇ ਹਾਂ, ਤਾਂ ਯਹੋਵਾਹ ਦੇ ਪਾਰਥਿਵ ਸੰਗਠਨ ਦੁਆਰਾ ਅਨੁਭਵ ਕੀਤੇ ਜਾ ਰਹੇ ਮਹਾਨ ਵਾਧੇ ਨੂੰ ਦੇਖ ਕੇ ਸਾਡਾ ਦਿਲ ਕਿੰਨਾ ਖ਼ੁਸ਼ ਹੁੰਦਾ ਹੈ। ਪਿਛਲੇ ਸਾਲ, ਕੇਵਲ ਭਾਰਤ ਵਿਚ ਹੀ ਲਗਭਗ 25 ਨਵੀਆਂ ਕਲੀਸਿਯਾਵਾਂ ਸਥਾਪਿਤ ਕੀਤੀਆਂ ਗਈਆਂ, ਜਦ ਕਿ ਪੂਰੇ ਵਿਸ਼ਵ ਵਿਚ ਕੁੱਲ 3,288 ਕਲੀਸਿਯਾਵਾਂ ਸਥਾਪਿਤ ਹੋਈਆਂ। ਤਾਂ ਫਿਰ ਇਸ ਸਾਰੇ ਵਾਧੇ ਨੂੰ ਦੇਖਦੇ ਹੋਏ, ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਹੋਰ ਰਾਜ ਗ੍ਰਹਿਆਂ ਦੀ ਲੋੜ ਹੈ।
2 ਪ੍ਰਾਦੇਸ਼ਕ ਨਿਰਮਾਣ ਸਮਿਤੀ: ਰਾਜ ਗ੍ਰਹਿ ਉਸਾਰੀ ਕਾਰਜਕ੍ਰਮ ਨੂੰ ਤੇਜ਼ ਕਰਨ ਦੇ ਜ਼ਰੀਏ ਵਜੋਂ, ਸੰਸਥਾ ਨੇ ਹੁਣ ਦੋ ਪ੍ਰਾਦੇਸ਼ਕ ਨਿਰਮਾਣ ਸਮਿਤੀਆਂ ਨਿਯੁਕਤ ਕੀਤੀਆਂ ਹਨ, ਇਕ ਤਾਮਿਲਨਾਡੂ ਦੇ ਸਰਕਟਾਂ ਦੀਆਂ ਕਲੀਸਿਯਾਵਾਂ ਨੂੰ ਸਹਾਇਤਾ ਦੇਣ ਲਈ ਅਤੇ ਦੂਸਰੀ ਕੇਰਲਾ ਦੇ ਸਰਕਟਾਂ ਲਈ। ਇਨ੍ਹਾਂ ਪ੍ਰਾਦੇਸ਼ਕ ਸਮਿਤੀਆਂ ਨੂੰ ਰਾਜ ਗ੍ਰਹਿ ਪ੍ਰਾਜੈਕਟਾਂ ਦੀ ਦੇਖ-ਰੇਖ ਸੌਂਪੀ ਗਈ ਹੈ, ਭਾਵੇਂ ਇਹ ਨਵੀਆਂ ਇਮਾਰਤਾਂ ਹੋਣ ਜਾਂ ਮੁਰੰਮਤ ਕੀਤੀਆਂ ਜਾਣ ਵਾਲੀਆਂ ਇਮਾਰਤਾਂ। ਰਾਜ ਗ੍ਰਹਿ ਉਸਾਰੀ ਦਾ ਸਾਰਾ ਪ੍ਰਬੰਧ, ਆਤਮ-ਬਲੀਦਾਨ ਅਤੇ ਦੇਣ ਦੀ ਮਸੀਹੀ ਆਤਮਾ ਦੁਆਰਾ ਪੂਰਾ ਕੀਤਾ ਜਾਂਦਾ ਹੈ—ਉਸ ਆਤਮਾ ਤੋਂ ਉਲਟ ਜੋ ਸੰਸਾਰ ਵਿਚ ਆਮ ਦਿਖਾਈ ਜਾਂਦੀ ਹੈ।—2 ਤਿਮੋ. 3:2, 4.
3 ਸੰਸਥਾ ਨੇ ਪ੍ਰਾਦੇਸ਼ਕ ਸਮਿਤੀਆਂ ਨੂੰ ਉਸਾਰੀ ਯੋਜਨਾਵਾਂ ਉੱਤੇ ਵਿਚਾਰ ਕਰਨ ਵਿਚ ਸਹਾਇਤਾ ਦੇਣ ਲਈ ਮਾਰਗ-ਦਰਸ਼ਨ ਪ੍ਰਦਾਨ ਕੀਤੇ ਹਨ। ਇਸ ਲਈ, ਇਹ ਸਮਿਤੀਆਂ ਅਜਿਹੇ ਰਾਜ ਗ੍ਰਹਿ ਜੋ ਸਾਦਾ ਅਤੇ ਕਾਰਜਾਤਮਕ ਹੋਵੇਗਾ ਅਤੇ ਜੋ ਸਮਰਪਿਤ ਸਾਧਨਾਂ ਦੀ ਬੁੱਧੀਮਤਾ ਨਾਲ ਵਰਤੋਂ ਕਰੇਗਾ, ਦੀ ਯੋਜਨਾ ਬਣਾਉਣ ਵਿਚ ਸਥਾਨਕ ਬਜ਼ੁਰਗਾਂ ਦੀ ਸਹਾਇਤਾ ਕਰਨ ਲਈ ਲੈਸ ਹਨ। ਚੰਗਾ ਹੋਵੇਗਾ ਜੇਕਰ ਬਜ਼ੁਰਗਾਂ ਦੇ ਸਮੂਹ ਸਾਰੀਆਂ ਗੱਲਾਂ ਨੂੰ ਧਿਆਨ ਨਾਲ ਵਿਚਾਰਨ, ਅਤੇ ਪ੍ਰਾਦੇਸ਼ਕ ਨਿਰਮਾਣ ਸਮਿਤੀਆਂ ਵਿਚ ਸੇਵਾ ਕਰਨ ਲਈ ਨਿਯੁਕਤ ਕੀਤੇ ਗਏ ਤਜਰਬੇਕਾਰ ਬਜ਼ੁਰਗਾਂ ਦੀਆਂ ਸਲਾਹਾਂ ਤੋਂ ਪੂਰਾ ਲਾਭ ਉਠਾਉਣ।—ਲੂਕਾ 14:28-30.
4 ਉਸਾਰੀ ਲਾਗਤ ਨੂੰ ਘੱਟ ਤੋਂ ਘੱਟ ਰੱਖਣਾ: ਪ੍ਰਾਦੇਸ਼ਕ ਨਿਰਮਾਣ ਸਮਿਤੀਆਂ ਨੂੰ ਇਕ ਯੋਗ ਬਜ਼ੁਰਗ ਦੀ ਨਿਗਰਾਨੀ ਹੇਠ, ਸਥਾਨਕ ਕਲੀਸਿਯਾ ਲਈ ਇਕ ਖ਼ਰੀਦਾਰੀ ਵਿਭਾਗ ਬਣਾਉਣ ਦਾ ਨਿਰਦੇਸ਼ਨ ਦਿੱਤਾ ਗਿਆ ਹੈ। ਇਸ ਵਿਭਾਗ ਵਿਚ ਕੰਮ ਕਰਨ ਵਾਲੇ ਭਰਾ ਦਿਲ ਲਾ ਕੇ ਉਪਲਬਧ ਕੀਮਤਾਂ ਪਤਾ ਕਰਦੇ ਹਨ ਤਾਂਕਿ ਕੀਮਤਾਂ ਦੀ ਤੁਲਨਾ ਕਰਨ ਦੁਆਰਾ ਅਤੇ ਸੌਦੇਬਾਜ਼ੀ ਕਰਨ ਦੁਆਰਾ ਵਾਜਬ ਕੀਮਤ ਦੀ ਭਾਲ ਕੀਤੀ ਜਾ ਸਕੇ। ਇਸ ਤਰੀਕੇ ਨਾਲ, ਇਹ ਨਿਸ਼ਚਿਤ ਕੀਤਾ ਜਾ ਸਕਦਾ ਹੈ ਕਿ ਕਿਹੜੇ ਸਪਲਾਇਰ ਨੂੰ ਵਰਤਣਾ ਚਾਹੀਦਾ ਹੈ ਅਤੇ ਕਿਹੜੀਆਂ ਚੀਜ਼ਾਂ ਖ਼ਰੀਦਣੀਆਂ ਚਾਹੀਦੀਆਂ ਹਨ।
5 ਕੁਝ ਕਲੀਸਿਯਾਵਾਂ ਨੂੰ ਆਪਣੇ ਰਾਜ ਗ੍ਰਹਿ ਪ੍ਰਾਜੈਕਟ ਪੂਰੇ ਕਰਨ ਲਈ ਵਾਧੂ ਮਾਲੀ ਸਹਾਇਤਾ ਦੀ ਲੋੜ ਹੁੰਦੀ ਹੈ। ਸੰਸਥਾ ਤੋਂ ਅਡਵਾਂਸ ਮੰਗਣ ਤੋਂ ਪਹਿਲਾਂ, ਬਜ਼ੁਰਗਾਂ ਨੂੰ ਇਹ ਨਿਸ਼ਚਿਤ ਕਰਨ ਲਈ ਸਥਾਨਕ ਤੌਰ ਤੇ ਜਾਇਜ਼ਾ ਲੈਣਾ ਚਾਹੀਦਾ ਹੈ ਕਿ (1) ਵਰਤਮਾਨ ਜ਼ਰੂਰਤਾਂ ਅਤੇ ਭਾਵੀ ਵਾਧੇ ਲਈ ਕਾਫ਼ੀ ਜ਼ਮੀਨ ਦੀ ਖ਼ਰੀਦਾਰੀ ਅਤੇ ਉਸਾਰੀ ਲਾਗਤ ਵਿਚ ਮਦਦ ਦੇਣ ਲਈ ਆਰੰਭ ਵਿਚ ਕਿੰਨਾ ਕੁ ਪੈਸਾ ਦਾਨ ਕੀਤਾ ਜਾਵੇਗਾ, (2) ਰਾਜ ਗ੍ਰਹਿ ਬਣਾਉਣ ਵਾਲੀ ਕਲੀਸਿਯਾ ਨਾਲ ਸੰਗਤ ਕਰਨ ਵਾਲੇ ਲੋਕ ਸਥਾਨਕ ਤੌਰ ਤੇ ਕਿੰਨਾ ਕੁ ਪੈਸਾ ਉਧਾਰ ਦੇ ਸਕਦੇ ਹਨ, ਅਤੇ (3) ਕਲੀਸਿਯਾ ਨੂੰ ਚਲਾਉਣ ਦੇ ਖ਼ਰਚ ਨੂੰ ਪੂਰਾ ਕਰਨ ਲਈ ਅਤੇ ਸੰਸਥਾ ਤੋਂ ਲਏ ਗਏ ਅਡਵਾਂਸ ਨੂੰ ਵਾਪਸ ਦੇਣ ਲਈ ਹਰ ਮਹੀਨੇ ਕਿੰਨਾ ਕੁ ਪੈਸਾ ਦਾਨ ਕੀਤਾ ਜਾਵੇਗਾ। ਇਹ ਜਾਇਜ਼ਾ ਲੈਂਦੇ ਸਮੇਂ, ਹਾਸਲ ਕੀਤੀਆਂ ਗਈਆਂ ਪਰਚੀਆਂ ਉੱਤੇ ਕੋਈ ਵੀ ਨਾਂ ਨਹੀਂ ਲਿਖਿਆ ਜਾਣਾ ਚਾਹੀਦਾ ਹੈ।
6 ਰਾਜ ਗ੍ਰਹਿ ਦਾ ਡੀਜ਼ਾਈਨ ਸਾਧਾਰਣ ਰੱਖੋ: ਰਾਜ ਗ੍ਰਹਿ ਦਾ ਮਿਆਰ ਕਾਇਮ ਕਰਨ ਵਿਚ ਸਹਾਇਤਾ ਕਰਨ ਲਈ, ਸੰਸਥਾ ਕੋਲ 100, 150, ਅਤੇ 250 ਵਿਅਕਤੀਆਂ ਦੇ ਬੈਠਣ ਲਈ ਤਿੰਨ ਮਿਆਰੀ ਰਾਜ ਗ੍ਰਹਿ ਡੀਜ਼ਾਈਨ ਉਪਲਬਧ ਹਨ। ਬਜ਼ੁਰਗ ਭਾਵੀ ਵਾਧੇ ਨੂੰ ਧਿਆਨ ਵਿਚ ਰੱਖਦੇ ਹੋਏ ਇਨ੍ਹਾਂ ਬੁਨਿਆਦੀ ਡੀਜ਼ਾਈਨਾਂ ਤੋਂ ਆਪਣੀ ਲੋੜ ਅਨੁਸਾਰ ਆਪਣਾ ਚੁਣਾਉ ਕਰ ਸਕਦੇ ਹਨ, ਤਾਂਕਿ ਮਿੱਤਰਾਂ ਉੱਤੇ ਜਾਂ ਸੰਸਥਾ ਰਾਜ ਗ੍ਰਹਿ ਫ਼ੰਡ ਦੇ ਸਾਧਨਾਂ ਉੱਤੇ ਬੇਲੋੜਾ ਬੋਝ ਨਾ ਪਵੇ।
7 ਡੀਜ਼ਾਈਨ ਚੁਣਨ ਤੋਂ ਪਹਿਲਾਂ, ਕਲੀਸਿਯਾ ਬਜ਼ੁਰਗਾਂ ਨੂੰ ਪ੍ਰਾਦੇਸ਼ਕ ਸਮਿਤੀ ਨਾਲ ਸੰਪਰਕ ਕਰਨਾ ਚਾਹੀਦਾ ਹੈ ਅਤੇ ਸੰਸਥਾ ਵੱਲੋਂ ਪ੍ਰਦਾਨ ਕੀਤੀਆਂ ਗਈਆਂ ਯੋਜਨਾਵਾਂ ਨੂੰ ਸੇਧ ਵਜੋਂ ਇਸਤੇਮਾਲ ਕਰਦੇ ਹੋਏ, ਇਮਾਰਤ ਦੇ ਪੂਰੇ ਖ਼ਾਕੇ ਦੀ ਚਰਚਾ ਕਰਨੀ ਚਾਹੀਦੀ ਹੈ। ਜਿੱਥੇ ਕੋਈ ਵੀ ਪ੍ਰਾਦੇਸ਼ਕ ਨਿਰਮਾਣ ਸਮਿਤੀ ਨਿਯੁਕਤ ਨਹੀਂ ਕੀਤੀ ਗਈ ਹੈ, ਉੱਥੇ ਬਜ਼ੁਰਗਾਂ ਨੂੰ ਸੰਸਥਾ ਨਾਲ ਸੰਪਰਕ ਕਰਨਾ ਚਾਹੀਦਾ ਹੈ, ਇਸ ਤੋਂ ਪਹਿਲਾਂ ਕਿ ਉਹ ਆਪਣੇ ਰਾਜ ਗ੍ਰਹਿ ਪ੍ਰਾਜੈਕਟ ਸੰਬੰਧੀ ਕੋਈ ਕਦਮ ਚੁੱਕਣ।
8 ਸਵੈ-ਸੇਵਕ ਇਕ ਵਧੀਆ ਕੰਮ ਦਾ ਸਮਰਥਨ ਕਰਦੇ ਹਨ: ਸੰਸਥਾ, ਰਾਜ ਗ੍ਰਹਿ ਉਸਾਰੀ ਵਿਚ ਸਹਾਇਤਾ ਕਰਨ ਵਾਲੇ ਅਨੇਕ ਸਵੈ-ਸੇਵਕਾਂ ਦੀ ਸ਼ੁਕਰਗੁਜ਼ਾਰ ਹੈ। ਫਿਰ ਵੀ, ਪ੍ਰਾਦੇਸ਼ਕ ਨਿਰਮਾਣ ਸਮਿਤੀ ਰਿਪੋਰਟ ਕਰਦੀ ਹੈ ਕਿ ਬਹੁਤ ਸਾਰੇ ਹੋਰ ਸਵੈ-ਸੇਵਕਾਂ ਦੀ ਲੋੜ ਹੈ। ਰਾਜ ਹਿਤਾਂ ਦੇ ਸਮਰਥਨ ਵਿਚ ਇਹ ਇਕ ਜ਼ਰੂਰੀ ਸੇਵਾ ਹੈ।—1 ਕੁਰਿੰ. 15:58.
9 ਇਕ ਵਿਅਕਤੀ ਆਪਣੀ ਸੇਵਾ ਕਿਵੇਂ ਪੇਸ਼ ਕਰ ਸਕਦਾ ਹੈ? ਦਰਖ਼ਾਸਤ ਕਰਨ ਤੇ ਸੰਸਥਾ ਬਜ਼ੁਰਗਾਂ ਨੂੰ ਰਾਜ ਗ੍ਰਹਿ ਉਸਾਰੀ ਕਾਮਾ ਪ੍ਰਸ਼ਨਾਵਲੀ ਫਾਰਮ ਦੀ ਸਪਲਾਈ ਦਿੰਦੀ ਹੈ। ਫਿਰ ਇਹ ਫਾਰਮ ਯੋਗ ਕਾਮਿਆਂ ਨੂੰ ਉਪਲਬਧ ਕੀਤਾ ਜਾਂਦਾ ਹੈ। ਬਪਤਿਸਮਾ-ਪ੍ਰਾਪਤ ਪ੍ਰਕਾਸ਼ਕ ਜਿਨ੍ਹਾਂ ਕੋਲ ਢੁਕਵੇਂ ਹੁਨਰ ਹਨ ਅਤੇ ਜਿਨ੍ਹਾਂ ਦਾ ਕਲੀਸਿਯਾ ਵਿਚ ਚੰਗਾ ਨਾਂ ਹੈ, ਨੂੰ ਆਪਣੀ ਸੇਵਾ ਪੇਸ਼ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਉਸਾਰੀ ਹੁਨਰ ਅਤੇ ਇਸ ਤੋਂ ਇਲਾਵਾ ਦੂਜੇ ਹੁਨਰਾਂ ਦੀ ਵੀ ਲੋੜ ਹੈ। ਸਵੈ-ਸੇਵਕ ਆਪਣੀ ਕਲੀਸਿਯਾ ਦੇ ਪ੍ਰਧਾਨ ਨਿਗਾਹਬਾਨ ਜਾਂ ਸੈਕਟਰੀ ਤੋਂ ਲੋੜੀਂਦਾ ਫਾਰਮ ਲੈ ਸਕਦੇ ਹਨ ਅਤੇ ਇਨ੍ਹਾਂ ਤੇ ਕਾਰੀਗਰ ਵਜੋਂ ਜਾਂ ਕਿਸੇ ਹੋਰ ਖੇਤਰ ਵਿਚ ਹਾਸਲ ਆਪਣਾ ਤਜਰਬਾ ਲਿਖ ਸਕਦੇ ਹਨ, ਜਿਵੇਂ ਕਿ ਆਹਾਰ ਪ੍ਰਬੰਧ, ਸੁਰੱਖਿਆ, ਸਾਮੱਗਰੀ ਸੰਭਾਲ, ਹਿਸਾਬ-ਕਿਤਾਬ, ਅਤੇ ਕਾਨੂੰਨੀ ਦਸਤਾਵੇਜ਼ਾਂ ਦੀ ਕਾਰਵਾਈ।
10 ਨਾਲ ਹੀ, ਜਦੋਂ ਨੇੜੇ ਹੀ ਇਕ ਰਾਜ ਗ੍ਰਹਿ ਬਣਾਇਆ ਜਾ ਰਿਹਾ ਹੁੰਦਾ ਹੈ, ਤਾਂ ਤੁਹਾਡੀ ਕਲੀਸਿਯਾ ਦੇ ਪ੍ਰਕਾਸ਼ਕ, ਜਿਨ੍ਹਾਂ ਕੋਲ ਉਸਾਰੀ ਹੁਨਰ ਨਹੀਂ ਹਨ, ਨੂੰ ਸ਼ਾਇਦ ਆਮ ਮਜ਼ਦੂਰ ਵਜੋਂ ਸਹਾਇਤਾ ਕਰਨ ਦਾ ਮੌਕਾ ਮਿਲੇ। ਇਹ ਕਾਮੇ ਸਵੈ-ਸੇਵਕ ਪ੍ਰਸ਼ਨਾਵਲੀ ਨਹੀਂ ਭਰਦੇ ਹਨ। ਜ਼ਰੂਰਤ ਬਾਰੇ ਸਾਰਿਆਂ ਨੂੰ ਦੱਸਿਆ ਜਾਂਦਾ ਹੈ, ਅਤੇ ਉਸਾਰੀ ਪ੍ਰਾਜੈਕਟ ਵਿਚ ਸੰਮਿਲਿਤ ਕਲੀਸਿਯਾ ਦੇ ਬਜ਼ੁਰਗਾਂ ਰਾਹੀਂ ਅਤੇ ਗੁਆਂਢ ਦੀਆਂ ਕਲੀਸਿਯਾਵਾਂ ਦੇ ਬਜ਼ੁਰਗਾਂ ਰਾਹੀਂ ਉਸੇ ਇਕ ਉਸਾਰੀ ਲਈ ਪ੍ਰਬੰਧ ਕੀਤੇ ਜਾਂਦੇ ਹਨ।