ਕਿੰਗਡਮ ਹਾਲਾਂ ਦੀ ਉਸਾਰੀ ਪਵਿੱਤਰ ਭਗਤੀ ਦਾ ਅਹਿਮ ਹਿੱਸਾ ਹੈ
1. ਕਿੰਨੇ ਕਿੰਗਡਮ ਹਾਲਾਂ ਦੀ ਉਸਾਰੀ ਕੀਤੀ ਗਈ ਹੈ, ਪਰ ਅਜੇ ਹੋਰ ਕਿੰਨੇ ਕੁ ਕਿੰਗਡਮ ਹਾਲਾਂ ਦੀ ਜ਼ਰੂਰਤ ਹੈ?
1 ਪਿਛਲੇ ਸਾਲ ਭਾਰਤ ਵਿਚ 19 ਕਿੰਗਡਮ ਹਾਲ ਬਣਾਏ ਗਏ। ਅਸੀਂ ਭੈਣਾਂ-ਭਰਾਵਾਂ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇਸ ਉਸਾਰੀ ਵਿਚ ਮਦਦ ਕੀਤੀ। ਪਰ ਅਜੇ ਹੋਰ ਬਹੁਤ ਸਾਰੇ ਕਿੰਗਡਮ ਹਾਲ ਬਣਾਉਣੇ ਬਾਕੀ ਹਨ। ਹਾਲੇ ਵੀ 175 ਕਿੰਗਡਮ ਹਾਲਾਂ ਦੀ ਸਖ਼ਤ ਜ਼ਰੂਰਤ ਹੈ। ਯਹੋਵਾਹ ਦੀ ਪਵਿੱਤਰ ਭਗਤੀ ਦੇ ਇਸ ਅਹਿਮ ਕੰਮ ਵਿਚ ਅਸੀਂ ਸਾਰੇ ਕਿਵੇਂ ਯੋਗਦਾਨ ਪਾ ਸਕਦੇ ਹਾਂ?—ਪਰ. 7:15.
2. ਅਸੀਂ ਕਿੰਗਡਮ ਹਾਲ ਦੀ ਉਸਾਰੀ ਵਿਚ ਕਿਵੇਂ ਯੋਗਦਾਨ ਪਾ ਸਕਦੇ ਹਾਂ?
2 ਖ਼ੁਸ਼ੀ ਨਾਲ ਅੱਗੇ ਆਓ: ਜੇ ਤੁਸੀਂ ਬਪਤਿਸਮਾ-ਪ੍ਰਾਪਤ ਪ੍ਰਕਾਸ਼ਕ ਹੋ, ਤਾਂ ਅਸੀਂ ਤੁਹਾਨੂੰ ਕਿੰਗਡਮ ਹਾਲ ਉਸਾਰੀ ਵਿਭਾਗ ਨਾਲ ਕੰਮ ਕਰਨ ਦਾ ਸੱਦਾ ਦਿੰਦੇ ਹਾਂ। ਇਸ ਦੇ ਲਈ ਤੁਹਾਨੂੰ ਕਿੰਗਡਮ ਹਾਲ ਉਸਾਰੀ ਲਈ ਵਲੰਟੀਅਰਾਂ ਵਾਸਤੇ ਫਾਰਮ (Application for Kingdom Hall Construction Volunteer Program) ਭਰਨਾ ਪਵੇਗਾ। (ਜ਼ਬੂ. 110:3) ਸਾਰੇ ਵਲੰਟੀਅਰਾਂ ਵਿਚ ਸੇਵਾ ਕਰਨ ਦਾ ਜਜ਼ਬਾ ਅਤੇ ਮਿਲਵਰਤਣ ਦੀ ਭਾਵਨਾ ਹੋਣੀ ਚਾਹੀਦੀ ਹੈ। (ਜ਼ਬੂ. 133:1) ਜੇ ਤੁਹਾਨੂੰ ਉਸਾਰੀ ਦੇ ਕੰਮ ਵਿਚ ਕੋਈ ਤਜਰਬਾ ਨਹੀਂ ਵੀ ਹੈ, ਤਾਂ ਵੀ ਤੁਸੀਂ ਉਸਾਰੀ ਦੇ ਕੰਮ ਵਿਚ ਯੋਗਦਾਨ ਪਾ ਸਕਦੇ ਹੋ। ਇਸ ਵੇਲੇ ਸਾਨੂੰ ਕਾਬਲ ਭਰਾਵਾਂ ਦੀ ਲੋੜ ਹੈ ਜੋ ਉਸਾਰੀ ਦੇ ਕੰਮ ਦੀ ਨਿਗਰਾਨੀ ਕਰ ਸਕਣ ਅਤੇ ਲੋੜੀਂਦੇ ਕਾਗ਼ਜ਼-ਪੱਤਰ ਤਿਆਰ ਕਰਨ ਵਿਚ ਮਦਦ ਕਰ ਸਕਣ। ਤੁਹਾਨੂੰ ਉਸਾਰੀ ਦੇ ਕੰਮ ਸੰਬੰਧੀ ਸਿਖਲਾਈ ਵੀ ਦਿੱਤੀ ਜਾਵੇਗੀ ਤਾਂਕਿ ਭਵਿੱਖ ਵਿਚ ਤੁਸੀਂ ਹੋਰ ਜ਼ਿਆਦਾ ਮਦਦ ਕਰ ਸਕੋ।
3. ਹੋਰ ਕਿਨ੍ਹਾਂ ਤਰੀਕਿਆਂ ਨਾਲ ਅਸੀਂ ਉਸਾਰੀ ਦੇ ਕੰਮ ਵਿਚ ਯੋਗਦਾਨ ਪਾ ਸਕਦੇ ਹਾਂ?
3 ਜੇ ਤੁਸੀਂ ਇਹ ਕੰਮ ਨਹੀਂ ਕਰ ਸਕਦੇ, ਤਾਂ ਤੁਸੀਂ ਉਨ੍ਹਾਂ ਭਰਾਵਾਂ ਦੀ ਹੌਸਲਾ-ਅਫ਼ਜ਼ਾਈ ਕਰ ਕੇ ਯੋਗਦਾਨ ਪਾ ਸਕਦੇ ਹੋ ਜੋ ਇਸ ਕੰਮ ਵਿਚ ਹਿੱਸਾ ਲੈ ਸਕਦੇ ਹਨ। ਤੁਸੀਂ ਕਲੀਸਿਯਾ ਵਿਚ ਉਨ੍ਹਾਂ ਭਰਾਵਾਂ ਦੀਆਂ ਜ਼ਿੰਮੇਵਾਰੀਆਂ ਸੰਭਾਲ ਸਕਦੇ ਹੋ ਜੋ ਉਸਾਰੀ ਦੇ ਕੰਮ ਵਾਸਤੇ ਕਿਤੇ ਹੋਰ ਗਏ ਹੁੰਦੇ ਹਨ। ਪਹਿਲਾਂ ਤੋਂ ਚੰਗੀ ਯੋਜਨਾ ਬਣਾਉਣ ਦੁਆਰਾ ਬਜ਼ੁਰਗ ਪੱਕਾ ਕਰ ਸਕਦੇ ਹਨ ਕਿ ਜਦੋਂ ਕੁਝ ਜ਼ਿੰਮੇਵਾਰ ਭਰਾ ਕਿੰਗਡਮ ਹਾਲ ਦੀ ਉਸਾਰੀ ਵਿਚ ਰੁੱਝੇ ਹੋਣਗੇ, ਉਦੋਂ ਵੀ ਕਲੀਸਿਯਾ ਦੇ ਕੰਮਾਂ-ਕਾਰਾਂ ਵਿਚ ਕੋਈ ਰੁਕਾਵਟ ਨਾ ਆਵੇ। ਯਹੋਵਾਹ ਬਹੁਤ ਖ਼ੁਸ਼ ਹੁੰਦਾ ਹੈ ਜਦੋਂ ਅਸੀਂ ਉਸ ਦੇ ਰਾਜ ਦੇ ਕੰਮ ਕਰਨ ਲਈ ਮਿਲ ਕੇ ਮਿਹਨਤ ਕਰਦੇ ਹਾਂ।—ਇਬ. 13:16.
4. ਅਸੀਂ ਕਿੰਗਡਮ ਹਾਲ ਉਸਾਰੀ ਦੇ ਕੰਮ ਵਿਚ ਹਿੱਸਾ ਲੈਣ ਵਾਲਿਆਂ ਦਾ ਹੌਸਲਾ ਕਿਵੇਂ ਵਧਾ ਸਕਦੇ ਹਾਂ?
4 ਦੂਸਰਿਆਂ ਦਾ ਹੌਸਲਾ ਵਧਾਓ: ਭਗਤੀ ਦੀਆਂ ਥਾਵਾਂ ਬਣਾਉਣ ਵਿਚ ਕਾਫ਼ੀ ਸਮਾਂ ਤੇ ਮਿਹਨਤ ਲੱਗਦੀ ਹੈ। ਇਸ ਲਈ ਉਸਾਰੀ ਦੇ ਕੰਮ ਵਿਚ ਮਦਦ ਕਰਨ ਵਾਸਤੇ ਜਿਨ੍ਹਾਂ ਨੂੰ ਬੁਲਾਇਆ ਜਾਵੇਗਾ, ਉਨ੍ਹਾਂ ਨੂੰ ਕਦੇ-ਕਦੇ ਆਪਣੀ ਕਲੀਸਿਯਾ ਤੋਂ ਦੂਰ ਰਹਿਣਾ ਪਵੇਗਾ। ਆਓ ਆਪਾਂ ਇਹ ਜ਼ਰੂਰੀ ਕੰਮ ਕਰਨ ਲਈ ਕੁਰਬਾਨੀਆਂ ਕਰਨ ਵਾਲੇ ਇਨ੍ਹਾਂ ਵਲੰਟੀਅਰਾਂ ਨੂੰ ਸ਼ਾਬਾਸ਼ੀ ਦੇਈਏ ਤੇ ਉਨ੍ਹਾਂ ਦਾ ਹੌਸਲਾ ਵਧਾਈਏ।—ਰੋਮੀ. 14:19.
5. ਵਲੰਟੀਅਰ ਕਿਵੇਂ ਸੰਤੁਲਨ ਰੱਖ ਸਕਦੇ ਹਨ?
5 ਸੰਤੁਲਨ ਰੱਖੋ: ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨਾ ਸਾਡਾ ਮੁੱਖ ਕੰਮ ਹੈ। (ਮਰ. 13:10) ਇਸ ਗੱਲ ਨੂੰ ਧਿਆਨ ਵਿਚ ਰੱਖ ਕੇ ਅਸੀਂ ਅਜਿਹੇ ਢੰਗ ਨਾਲ ਉਸਾਰੀ ਦੇ ਕੰਮ ਦੀ ਸਮਾਂ-ਸਾਰਣੀ ਬਣਾਉਂਦੇ ਹਾਂ ਕਿ ਵਲੰਟੀਅਰਾਂ ਨੂੰ ਬਿਨਾਂ ਵਜ੍ਹਾ ਕਲੀਸਿਯਾਵਾਂ ਤੋਂ ਦੂਰ ਨਾ ਰਹਿਣਾ ਪਵੇ। ਇਸੇ ਤਰ੍ਹਾਂ ਵਲੰਟੀਅਰਾਂ ਨੂੰ ਵੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਸੰਬੰਧ ਵਿਚ ਸੰਤੁਲਨ ਰੱਖਣਾ ਚਾਹੀਦਾ ਹੈ। ਜਦੋਂ ਉਨ੍ਹਾਂ ਨੇ ਉਸਾਰੀ ਦੇ ਕੰਮ ਵਾਸਤੇ ਕਿਤੇ ਜਾਣਾ ਹੁੰਦਾ ਹੈ, ਤਾਂ ਉਹ ਆਪਣੀਆਂ ਜ਼ਿੰਮੇਵਾਰੀਆਂ ਕਿਸੇ ਨੂੰ ਸੌਂਪ ਕੇ ਜਾਣ।
6. ਸੱਚੀ ਭਗਤੀ ਨੂੰ ਅੱਗੇ ਵਧਾਉਣ ਲਈ ਸਾਰੀ ਕਲੀਸਿਯਾ ਦੇ ਮਿਲ ਕੇ ਕੰਮ ਕਰਨ ਦਾ ਕੀ ਫ਼ਾਇਦਾ ਹੁੰਦਾ ਹੈ?
6 ਪੌਲੁਸ ਰਸੂਲ ਨੇ ਕਿਹਾ ਕਿ ਕਲੀਸਿਯਾ ਦੇ ਮੈਂਬਰ ਸਰੀਰ ਦੇ ਅੰਗਾਂ ਵਰਗੇ ਹਨ। ਉਹ ਸਾਰੇ ਮਿਲ ਕੇ ਕੰਮ ਕਰਦੇ ਹਨ ਜਿਸ ਨਾਲ “ਸਰੀਰ ਪਿਆਰ ਵਿਚ ਵੱਧਦਾ ਅਤੇ ਉਸਰਦਾ ਜਾਂਦਾ ਹੈ।” (ਅਫ. 4:16, ਪਵਿੱਤਰ ਬਾਈਬਲ ਨਵਾਂ ਅਨੁਵਾਦ) ਯਹੋਵਾਹ ਨਾਲ ਅਤੇ ਸੱਚੀ ਭਗਤੀ ਨਾਲ ਪਿਆਰ ਹੋਣ ਕਾਰਨ ਅਸੀਂ ਪ੍ਰਚਾਰ ਦੇ ਕੰਮ ਅਤੇ ਕਿੰਗਡਮ ਹਾਲ ਉਸਾਰੀ ਦੇ ਕੰਮ ਵਿਚ ਮਦਦ ਕਰਨ ਲਈ ਇਕ-ਦੂਜੇ ਦਾ ਸਾਥ ਦਿੰਦੇ ਹਾਂ।