ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g00 10/8 ਸਫ਼ੇ 4-9
  • ਇਕ ਵੱਡਾ ਸਿੱਖਿਆ ਪ੍ਰੋਗ੍ਰਾਮ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਇਕ ਵੱਡਾ ਸਿੱਖਿਆ ਪ੍ਰੋਗ੍ਰਾਮ
  • ਜਾਗਰੂਕ ਬਣੋ!—2000
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਦੁਨੀਆਂ ਭਰ ਵਿਚ ਛਪਾਈ ਦਾ ਕੰਮ
  • ਲੋਕਾਂ ਦੀ ਆਪਣੀ ਭਾਸ਼ਾ ਵਿਚ ਹੀ ਕਿਉਂ
  • ਲੋਕ ਇਸ ਕੰਮ ਦੀ ਤਾਰੀਫ਼ ਕਿਉਂ ਕਰਦੇ ਹਨ
  • ਸਿੱਖਿਆ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨੀਆਂ
  • “ਟਾਪੂ ਜਿਹੜੇ ਬਹੁਤ ਸਾਰੇ ਹਨ ਅਨੰਦ ਹੋਣ!”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2015
  • ਯਹੋਵਾਹ ਦੀ ਅਗਵਾਈ ਅਧੀਨ ਦੁਨੀਆਂ ਭਰ ਵਿਚ ਸਿੱਖਿਆ ਦਾ ਕੰਮ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2015
  • ਦੁਨੀਆਂ ਭਰ ਵਿਚ ਲੱਖਾਂ ਹੀ ਲੋਕ ਬਾਈਬਲ ਦੀ ਨਿਊ ਵਰਲਡ ਟ੍ਰਾਂਸਲੇਸ਼ਨ ਲਈ ਸ਼ੁਕਰਗੁਜ਼ਾਰ ਹਨ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
  • ਵੱਖੋ-ਵੱਖ ਬੋਲੀ ਦੇ ਬੋਲਣ ਵਾਲਿਆਂ ਨੂੰ ਇਕੱਠਾ ਕਰਨਾ
    ਸਾਡੀ ਰਾਜ ਸੇਵਕਾਈ—2002
ਹੋਰ ਦੇਖੋ
ਜਾਗਰੂਕ ਬਣੋ!—2000
g00 10/8 ਸਫ਼ੇ 4-9

ਇਕ ਵੱਡਾ ਸਿੱਖਿਆ ਪ੍ਰੋਗ੍ਰਾਮ

“ਸਿਰਫ਼ ਪੜ੍ਹੇ-ਲਿਖੇ ਲੋਕ ਹੀ ਆਜ਼ਾਦ ਹਨ।”​—ਐਪਿਕਟੀਟਸ, ਤਕਰੀਬਨ 100 ਸਾ.ਯੁ.

ਗ਼ੁਲਾਮੀ ਖ਼ਿਲਾਫ਼ ਆਵਾਜ਼ ਚੁੱਕਣ ਵਾਲਾ 19ਵੀਂ ਸਦੀ ਦਾ ਵਿਲੀਅਮ ਐੱਚ. ਸੂਅਰਡ ਨਾਮਕ ਵਿਅਕਤੀ ਇਹ ਵਿਸ਼ਵਾਸ ਕਰਦਾ ਸੀ ਕਿ “ਜੇ ਇਨਸਾਨ ਨੇ ਅੱਗੇ ਵਧਣਾ ਹੈ, ਤਾਂ ਉਸ ਦੇ ਲਈ ਬਾਈਬਲ ਦਾ ਗਿਆਨ ਲੈਣਾ ਬਹੁਤ ਹੀ ਜ਼ਰੂਰੀ ਹੈ।”

ਯਹੋਵਾਹ ਦੇ ਗਵਾਹ ਵੀ ਬਾਈਬਲ ਦਾ ਬੜਾ ਆਦਰ ਕਰਦੇ ਹਨ। ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਬਾਈਬਲ ਦੇ ਅਸੂਲਾਂ ਮੁਤਾਬਕ ਚੱਲਣ ਵਾਲੇ ਲੋਕ ਬਿਹਤਰ ਪਤੀ, ਪਤਨੀਆਂ ਅਤੇ ਬੱਚੇ ਬਣਦੇ ਹਨ​—ਜੀ ਹਾਂ, ਦੁਨੀਆਂ ਦੇ ਸਭ ਤੋਂ ਬਿਹਤਰੀਨ ਇਨਸਾਨ ਬਣਦੇ ਹਨ। ਇਸ ਲਈ ਉਹ ਯਿਸੂ ਮਸੀਹ ਦੇ ਇਸ ਹੁਕਮ ਨੂੰ ਮੰਨਦੇ ਹਨ: “ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ . . . ਉਨ੍ਹਾਂ ਨੂੰ ਸਿਖਾਓ।”​—ਮੱਤੀ 28:19, 20.

ਲੋਕਾਂ ਨੂੰ ਬਾਈਬਲ ਸਿਖਾਉਣ ਦੇ ਆਪਣੇ ਟੀਚੇ ਨੂੰ ਪੂਰਾ ਕਰਨ ਲਈ ਯਹੋਵਾਹ ਦੇ ਗਵਾਹਾਂ ਨੇ ਅਜਿਹੀ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਨੂੰ ਮਨੁੱਖੀ ਇਤਿਹਾਸ ਵਿਚ ਸਭ ਤੋਂ ਵੱਡੀ ਸਿੱਖਿਆ ਮੁਹਿੰਮ ਕਿਹਾ ਜਾ ਸਕਦਾ ਹੈ। ਇਹ ਕਿੰਨੀ ਕੁ ਫੈਲੀ ਹੋਈ ਹੈ?

ਦੁਨੀਆਂ ਭਰ ਵਿਚ ਛਪਾਈ ਦਾ ਕੰਮ

ਆਪਣੇ ਪ੍ਰਚਾਰ ਕੰਮ ਵਿਚ ਯਹੋਵਾਹ ਦੇ ਗਵਾਹ ਸੈਂਕੜੇ ਭਾਸ਼ਾਵਾਂ ਵਿਚ ਉਪਲਬਧ ਬਾਈਬਲ ਤਰਜਮਿਆਂ ਨੂੰ ਵਰਤਦੇ ਹਨ। ਪਰ ਉਨ੍ਹਾਂ ਨੇ 21 ਭਾਸ਼ਾਵਾਂ ਵਿਚ ਨਿਊ ਵਰਲਡ ਟ੍ਰਾਂਸਲੇਸ਼ਨ ਆਫ ਦ ਹੋਲੀ ਸਕ੍ਰਿਪਚਰਸ ਅਤੇ ਹੋਰ 16 ਭਾਸ਼ਾਵਾਂ ਵਿਚ ਨਿਊ ਵਰਲਡ ਟ੍ਰਾਂਸਲੇਸ਼ਨ ਆਫ ਦ ਕ੍ਰਿਸਚਿਅਨ ਗ੍ਰੀਕ ਸਕ੍ਰਿਪਚਰਸ (ਜੋ ਆਮ ਕਰਕੇ ਨਵਾਂ ਨੇਮ ਕਹਾਉਂਦੀ ਹੈ) ਦਾ ਵੀ ਤਰਜਮਾ ਕੀਤਾ ਹੈ। ਉਹ ਇਸ ਬਾਈਬਲ ਦਾ 11 ਹੋਰ ਭਾਸ਼ਾਵਾਂ ਵਿਚ ਵੀ ਤਰਜਮਾ ਕਰ ਰਹੇ ਹਨ। ਗਵਾਹ ਅਜਿਹਾ ਸਾਹਿੱਤ ਵੀ ਛਾਪਦੇ ਹਨ ਜੋ ਬਾਈਬਲ ਪ੍ਰਤੀ ਲੋਕਾਂ ਦੀ ਕਦਰਦਾਨੀ ਨੂੰ ਵਧਾਉਂਦਾ ਹੈ ਤੇ ਇਸ ਦੀ ਚੰਗੀ ਸਮਝ ਹਾਸਲ ਕਰਨ ਵਿਚ ਮਦਦ ਕਰਦਾ ਹੈ।

ਮਿਸਾਲ ਵਜੋਂ, ਇਹ ਜਾਗਰੂਕ ਬਣੋ! ਰਸਾਲਾ 82 ਭਾਸ਼ਾਵਾਂ ਵਿਚ ਪ੍ਰਕਾਸ਼ਿਤ ਹੁੰਦਾ ਹੈ ਤੇ ਇਸ ਦੇ ਹਰੇਕ ਅੰਕ ਦੀਆਂ ਔਸਤਨ 2,03,80,000 ਨਾਲੋਂ ਜ਼ਿਆਦਾ ਕਾਪੀਆਂ ਛਾਪੀਆਂ ਜਾਂਦੀਆਂ ਹਨ। ਇਸ ਦੇ ਨਾਲ ਦੇ ਰਸਾਲੇ ਪਹਿਰਾਬੁਰਜ ਦੇ ਹਰੇਕ ਅੰਕ ਦੀਆਂ 137 ਭਾਸ਼ਾਵਾਂ ਵਿਚ ਔਸਤਨ 2,23,98,000 ਕਾਪੀਆਂ ਛਾਪੀਆਂ ਜਾਂਦੀਆਂ ਹਨ। ਇੰਜ ਹਰ ਸਾਲ ਇਨ੍ਹਾਂ ਰਸਾਲਿਆਂ ਦੀਆਂ ਇਕ ਅਰਬ ਤੋਂ ਜ਼ਿਆਦਾ ਕਾਪੀਆਂ ਛਪਦੀਆਂ ਹਨ! ਇਸ ਤੋਂ ਇਲਾਵਾ, 124 ਭਾਸ਼ਾਵਾਂ ਵਿਚ ਪਹਿਰਾਬੁਰਜ ਅਤੇ 58 ਭਾਸ਼ਾਵਾਂ ਵਿਚ ਜਾਗਰੂਕ ਬਣੋ! ਰਸਾਲਿਆਂ ਦੀ ਇੱਕੋ ਸਮੇਂ ਛਪਾਈ ਹੁੰਦੀ ਹੈ। ਇੰਜ, ਦੁਨੀਆਂ ਭਰ ਵਿਚ ਕਈ ਭਾਸ਼ਾਵਾਂ ਦੇ ਲੋਕ ਆਪਣੀ-ਆਪਣੀ ਭਾਸ਼ਾ ਵਿਚ ਇੱਕੋ ਸਮੇਂ ਤੇ ਇਨ੍ਹਾਂ ਰਸਾਲਿਆਂ ਵਿਚ ਦਿੱਤੀ ਜਾਣਕਾਰੀ ਨੂੰ ਪੜ੍ਹ ਰਹੇ ਹਨ।

ਇਸ ਤੋਂ ਇਲਾਵਾ, ਹਾਲ ਹੀ ਦੇ ਦਹਾਕਿਆਂ ਵਿਚ ਯਹੋਵਾਹ ਦੇ ਗਵਾਹਾਂ ਨੇ ਬਾਈਬਲ ਨੂੰ ਸਮਝਾਉਣ ਵਾਲੇ ਪ੍ਰਕਾਸ਼ਨਾਂ ਦੀਆਂ ਕਰੋੜਾਂ ਹੀ ਕਾਪੀਆਂ ਛਾਪੀਆਂ ਹਨ। ਸੱਚ ਜਿਹੜਾ ਅਨੰਤ ਜ਼ਿੰਦਗੀ ਵਲ ਲੈ ਜਾਂਦਾ ਹੈ ਕਿਤਾਬ ਦੀਆਂ 10,70,00,000 ਤੋਂ ਜ਼ਿਆਦਾ ਕਾਪੀਆਂ ਛਾਪੀਆਂ ਗਈਆਂ ਸਨ। ਇਸ ਤੋਂ ਬਾਅਦ, ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ ਕਿਤਾਬ ਦੀਆਂ 8,10,00,000 ਨਾਲੋਂ ਜ਼ਿਆਦਾ ਕਾਪੀਆਂ ਤੇ ਹਾਲ ਹੀ ਵਿਚ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਕਿਤਾਬ ਦੀਆਂ 146 ਭਾਸ਼ਾਵਾਂ ਵਿਚ 7,50,00,000 ਨਾਲੋਂ ਜ਼ਿਆਦਾ ਕਾਪੀਆਂ ਛਾਪੀਆਂ ਗਈਆਂ। 32 ਸਫ਼ਿਆਂ ਵਾਲੇ ਬਰੋਸ਼ਰ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਦੀਆਂ 240 ਭਾਸ਼ਾਵਾਂ ਵਿਚ 11,30,00,000 ਨਾਲੋਂ ਜ਼ਿਆਦਾ ਕਾਪੀਆਂ ਛਾਪੀਆਂ ਗਈਆਂ ਹਨ।

ਖ਼ਾਸ ਲੋੜਾਂ ਪੂਰੀਆਂ ਕਰਨ ਲਈ ਹੋਰ ਕਿਤਾਬਾਂ ਵੀ ਛਾਪੀਆਂ ਗਈਆਂ ਹਨ। ਬੱਚਿਆਂ ਲਈ ਤਿਆਰ ਕੀਤੀ ਕਿਤਾਬ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ ਦੀ ਛਪਾਈ 5,10,00,000 ਤੋਂ ਵੀ ਉੱਪਰ ਟੱਪ ਗਈ ਹੈ। ਨੌਜਵਾਨਾਂ ਨੂੰ ਧਿਆਨ ਵਿਚ ਰੱਖਦੇ ਹੋਏ ਤਿਆਰ ਕੀਤੀਆਂ ਗਈਆਂ ਦੋ ਕਿਤਾਬਾਂ​—ਤੁਹਾਡੀ ਜਵਾਨੀ​—ਇਸ ਦਾ ਪੂਰਾ ਲਾਭ ਉਠਾਉਣਾ ਅਤੇ ਨੌਜਵਾਨਾਂ ਦੇ ਸਵਾਲ​—ਵਿਵਹਾਰਕ ਜਵਾਬ ਦੋਹਾਂ ਦੀਆਂ ਕੁੱਲ ਮਿਲਾ ਕੇ 5,30,00,000 ਤੋਂ ਜ਼ਿਆਦਾ ਕਾਪੀਆਂ ਛਾਪੀਆਂ ਗਈਆਂ। ਪਰਿਵਾਰਕ ਖ਼ੁਸ਼ੀ ਦਾ ਰਾਜ਼ ਕਿਤਾਬ 115 ਭਾਸ਼ਾਵਾਂ ਵਿਚ ਛਾਪੀ ਗਈ ਹੈ ਜਿਸ ਨੇ ਲੱਖਾਂ ਪਰਿਵਾਰਾਂ ਦੀਆਂ ਮੁਸ਼ਕਲਾਂ ਹੱਲ ਕਰਨ ਵਿਚ ਉਨ੍ਹਾਂ ਦੀ ਮਦਦ ਕੀਤੀ ਹੈ।

ਸਾਲ 1985 ਵਿਚ ਰਿਲੀਜ਼ ਕੀਤੇ ਚਾਰ ਹੋਰ ਪ੍ਰਕਾਸ਼ਨਾਂ ਦੀਆਂ ਕੁੱਲ 11,70,00,000 ਕਾਪੀਆਂ ਛਾਪੀਆਂ ਗਈਆਂ ਜੋ ਖ਼ਾਸ ਕਰਕੇ ਸ੍ਰਿਸ਼ਟੀਕਰਤਾ, ਉਸ ਦੇ ਪੁੱਤਰ ਅਤੇ ਬਾਈਬਲ ਵਿਚ ਲੋਕਾਂ ਦੀ ਨਿਹਚਾ ਨੂੰ ਵਧਾਉਂਦੇ ਹਨ। ਇਹ ਹਨ: ਜੀਵਨ​—ਇਹ ਇੱਥੇ ਕਿਵੇਂ ਆਇਆ? ਕ੍ਰਮ-ਵਿਕਾਸ ਦੁਆਰਾ ਜਾਂ ਸ੍ਰਿਸ਼ਟੀ ਦੁਆਰਾ?, ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ, ਬਾਈਬਲ​—ਪਰਮੇਸ਼ੁਰ ਦਾ ਬਚਨ ਜਾਂ ਮਨੁੱਖ ਦਾ? ਅਤੇ ਕੀ ਕੋਈ ਸ੍ਰਿਸ਼ਟੀਕਰਤਾ ਹੈ ਜੋ ਤੁਹਾਡੀ ਪਰਵਾਹ ਕਰਦਾ ਹੈ?

ਅੱਜ ਯਹੋਵਾਹ ਦੇ ਗਵਾਹਾਂ ਦੁਆਰਾ ਤਿਆਰ ਕੀਤੇ ਬਾਈਬਲ ਆਧਾਰਿਤ ਪ੍ਰਕਾਸ਼ਨ 353 ਭਾਸ਼ਾਵਾਂ ਵਿਚ ਉਪਲਬਧ ਹਨ ਜਿਨ੍ਹਾਂ ਵਿੱਚੋਂ ਕੁਝ ਜਲਦੀ ਹੀ ਹੋਰ 38 ਭਾਸ਼ਾਵਾਂ ਵਿਚ ਰਿਲੀਜ਼ ਕੀਤੇ ਜਾਣਗੇ। ਦਰਅਸਲ 1970 ਤੋਂ ਯਹੋਵਾਹ ਦੇ ਗਵਾਹਾਂ ਨੇ 20 ਅਰਬ ਤੋਂ ਜ਼ਿਆਦਾ ਕਿਤਾਬਾਂ, ਪੁਸਤਿਕਾਵਾਂ, ਬਰੋਸ਼ਰ ਅਤੇ ਰਸਾਲੇ ਛਾਪੇ ਹਨ! ਇਸ ਤੋਂ ਇਲਾਵਾ, 230 ਨਾਲੋਂ ਜ਼ਿਆਦਾ ਦੇਸ਼ਾਂ ਵਿਚ ਤਕਰੀਬਨ 60 ਲੱਖ ਅਧਿਆਪਕ ਬਾਈਬਲ ਦਾ ਗਿਆਨ ਵੰਡਣ ਵਿਚ ਲੱਗੇ ਹੋਏ ਹਨ। ਪਰ ਇਹ ਸਭ ਕੁਝ ਕਿੱਦਾਂ ਮੁਮਕਿਨ ਹੋ ਸਕਿਆ ਤੇ ਲੋਕਾਂ ਦੀਆਂ ਜ਼ਿੰਦਗੀਆਂ ਤੇ ਇਸ ਦਾ ਕੀ ਅਸਰ ਪਿਆ?

ਲੋਕਾਂ ਦੀ ਆਪਣੀ ਭਾਸ਼ਾ ਵਿਚ ਹੀ ਕਿਉਂ

ਜਿਵੇਂ ਕਿ ਤੁਸੀਂ ਅੰਦਾਜ਼ਾ ਲਾ ਸਕਦੇ ਹੋ, ਸੈਂਕੜੇ ਭਾਸ਼ਾਵਾਂ ਵਿਚ ਇੱਕੋ ਸਮੇਂ ਤੇ ਵਧੀਆ ਕਿਸਮ ਦਾ ਸਾਹਿੱਤ ਤਿਆਰ ਕਰਨ ਲਈ ਬਹੁਤ ਸਾਰੇ ਲੋਕਾਂ ਨੂੰ ਮਿਲ ਕੇ ਮਿਹਨਤ ਕਰਨੀ ਪੈਂਦੀ ਹੈ। ਇਸ ਵਾਸਤੇ ਅਨੁਵਾਦਕਾਂ ਦੀਆਂ ਟੀਮਾਂ ਸਵੈ-ਇੱਛਾ ਨਾਲ ਆਪਣਾ ਸਮਾਂ ਤੇ ਆਪਣੇ ਹੁਨਰਾਂ ਨੂੰ ਵਰਤਦੀਆਂ ਹਨ। ਉਹ ਕੰਪਿਊਟਰ ਤਕਨੀਕ ਦੀ ਮਦਦ ਦੁਆਰਾ ਤੇਜ਼ੀ ਨਾਲ ਸਹੀ-ਸਹੀ ਤਰਜਮਾ ਕਰ ਕੇ ਵਧੀਆ ਕਿਸਮ ਦਾ ਸਾਹਿੱਤ ਤਿਆਰ ਕਰਦੇ ਹਨ। ਇੰਜ, ਕਈ ਭਾਸ਼ਾਵਾਂ ਵਿਚ ਘੱਟ ਅਨੁਵਾਦਕ ਹੋਣ ਦੇ ਬਾਵਜੂਦ ਵੀ ਉਨ੍ਹਾਂ ਭਾਸ਼ਾਵਾਂ ਦੇ ਪ੍ਰਕਾਸ਼ਨਾਂ ਨੂੰ ਬੜੀ ਤੇਜ਼ੀ ਨਾਲ ਮੁਹੱਈਆ ਕੀਤਾ ਜਾਂਦਾ ਹੈ। ਦੁਨੀਆਂ ਭਰ ਵਿਚ ਅੱਜ 1,950 ਨਾਲੋਂ ਜ਼ਿਆਦਾ ਆਦਮੀ ਤੇ ਔਰਤਾਂ ਇਸ ਤਰਜਮਾ ਕਰਨ ਦੇ ਕੰਮ ਵਿਚ ਰੁੱਝੇ ਹੋਏ ਹਨ ਜਿਸ ਵਿਚ ਉਨ੍ਹਾਂ ਦਾ ਆਪਣਾ ਕੋਈ ਫ਼ਾਇਦਾ ਨਹੀਂ ਹੈ। ਪਰ ਯਹੋਵਾਹ ਦੇ ਗਵਾਹ ਇਹ ਸਭ ਕੁਝ ਕਿਉਂ ਕਰ ਰਹੇ ਹਨ? ਕੀ ਘੱਟ ਬੋਲੀ ਜਾਣ ਵਾਲੀ ਭਾਸ਼ਾ ਵਿਚ ਤਰਜਮਾ ਕਰਨ ਦਾ ਕੋਈ ਫ਼ਾਇਦਾ ਹੈ, ਜਦ ਕਿ ਉਹ ਲੋਕ ਕਿਸੇ ਜ਼ਿਆਦਾ ਬੋਲੀ ਜਾਣ ਵਾਲੀ ਭਾਸ਼ਾ ਨੂੰ ਵੀ ਜਾਣਦੇ ਹਨ?

ਯਹੋਵਾਹ ਦੇ ਗਵਾਹਾਂ ਨੇ ਦੇਖਿਆ ਹੈ ਕਿ ਵਾਕਈ ਤਰਜਮਾ ਕਰਨ ਦੇ ਬੜੇ ਫ਼ਾਇਦੇ ਹਨ। ਇਸ ਦਾ ਇਕ ਫ਼ਾਇਦਾ 16ਵੀਂ ਸਦੀ ਦੇ ਮੰਨੇ-ਪ੍ਰਮੰਨੇ ਬਾਈਬਲ ਅਨੁਵਾਦਕ ਵਿਲੀਅਮ ਟਿੰਡੇਲ ਨੇ ਦੱਸਿਆ। ਉਸ ਨੇ ਲਿਖਿਆ: “ਮੈਂ ਆਪਣੇ ਤਜਰਬੇ ਤੋਂ ਦੇਖਿਆ ਹੈ ਕਿ ਜਦੋਂ ਤਕ ਲੋਕਾਂ ਨੂੰ ਉਨ੍ਹਾਂ ਦੀ ਮਾਂ ਬੋਲੀ ਵਿਚ ਪੜ੍ਹਨ ਲਈ ਬਾਈਬਲ ਮੁਹੱਈਆ ਨਹੀਂ ਕੀਤੀ ਜਾਂਦੀ ਤਦ ਤਕ ਉਨ੍ਹਾਂ ਨੂੰ ਸੱਚਾਈ ਵਿਚ ਲਿਆਉਣਾ ਨਾਮੁਮਕਿਨ ਹੈ ਕਿਉਂਕਿ ਉਹ ਆਪਣੀ ਭਾਸ਼ਾ ਵਿਚ ਹੀ ਵਿਸ਼ੇ ਦੇ ਸਾਰ, ਕ੍ਰਮ ਤੇ ਅਰਥ ਨੂੰ ਸਮਝ ਸਕਦੇ ਹਨ।”

ਇਹ ਤਾਂ ਸੱਚ ਹੈ ਕਿ ਲੋਕਾਂ ਦੀ ਆਪਣੀ ਭਾਸ਼ਾ ਵਿਚ ਬਾਈਬਲ ਪ੍ਰਕਾਸ਼ਨ ਮੁਹੱਈਆ ਕਰਨਾ ਹਮੇਸ਼ਾ ਮੁਮਕਿਨ ਨਹੀਂ ਹੁੰਦਾ। ਪਰ ਜਦੋਂ ਇਹ ਉਨ੍ਹਾਂ ਦੀ ਭਾਸ਼ਾ ਵਿਚ ਮੁਹੱਈਆ ਹੋ ਜਾਂਦੇ ਹਨ, ਤਾਂ ਬਾਈਬਲ ਸੱਚਾਈ ਬੜੀ ਛੇਤੀ ਉਨ੍ਹਾਂ ਦੇ ਦਿਲਾਂ ਨੂੰ ਗਹਿਰਾਈ ਤਕ ਟੁੰਬ ਜਾਂਦੀ ਹੈ। ਇਹ ਗੱਲ ਸਾਬਕਾ ਸੋਵੀਅਤ ਸੰਘ ਦੇ ਦੇਸ਼ਾਂ ਵਿਚ ਦੇਖੀ ਗਈ ਹੈ ਜਿੱਥੇ ਵੱਖੋ-ਵੱਖਰੀਆਂ ਜਾਤੀਆਂ ਦੇ ਲੋਕ ਕਈ ਜੱਦੀ ਭਾਸ਼ਾਵਾਂ ਬੋਲਦੇ ਹਨ। ਪਿਛਲੀ ਸਦੀ ਦੇ ਸ਼ੁਰੂ ਦੌਰਾਨ ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਜਾਤੀਆਂ ਸੋਵੀਅਤ ਸੰਘ ਦਾ ਹਿੱਸਾ ਬਣ ਗਈਆਂ ਜਿਸ ਕਰਕੇ ਉਨ੍ਹਾਂ ਲਈ ਰੂਸੀ ਭਾਸ਼ਾ ਸਿੱਖਣੀ ਅਤੇ ਬੋਲਣੀ ਜ਼ਰੂਰੀ ਹੋ ਗਈ ਸੀ। ਇਸ ਲਈ, ਉਹ ਲੋਕ ਹੁਣ ਰੂਸੀ ਭਾਸ਼ਾ ਨੂੰ ਸਿੱਖ ਕੇ ਪੜ੍ਹ ਤੇ ਲਿਖ ਸਕਦੇ ਹਨ ਤੇ ਨਾਲ ਹੀ ਆਪਣੀ ਜੱਦੀ ਭਾਸ਼ਾ ਵੀ ਬੋਲਦੇ ਹਨ।

ਸੰਨ 1991 ਵਿਚ ਸੋਵੀਅਤ ਸੰਘ ਦਾ ਪਤਨ ਹੋਣ ਮਗਰੋਂ ਹੁਣ ਬਹੁਤ ਸਾਰੇ ਲੋਕ ਆਪਣੀ ਮਾਂ ਬੋਲੀ ਵਰਤਣੀ ਚਾਹੁੰਦੇ ਹਨ। ਇਨ੍ਹਾਂ ਵਿਚ ਉਹ ਲੋਕ ਹਨ ਜਿਨ੍ਹਾਂ ਦੀ ਜੱਦੀ ਭਾਸ਼ਾ ਆਦੱਗੇ, ਐਲਟਾਏ, ਬੇਲੋਰਸ਼ੀਅਨ, ਜੌਰਜੀਅਨ, ਕਿਰਗੀਜ਼, ਕੋਮੀ, ਔਸੇਸ਼ੀਅਨ, ਟੂਵੀਨੀਅਨ ਜਾਂ ਹੋਰ ਕਈ ਦਰਜਨਾਂ ਭਾਸ਼ਾਵਾਂ ਵਿੱਚੋਂ ਇਕ ਹੈ। ਹਾਲਾਂਕਿ ਜ਼ਿਆਦਾਤਰ ਲੋਕ ਰੂਸੀ ਭਾਸ਼ਾ ਵਿਚ ਗੱਲਬਾਤ ਤਾਂ ਕਰ ਸਕਦੇ ਹਨ, ਪਰ ਇਸ ਭਾਸ਼ਾ ਵਿਚ ਬਾਈਬਲ ਸਾਹਿੱਤ ਉਨ੍ਹਾਂ ਦੇ ਦਿਲਾਂ ਨੂੰ ਐਨੀ ਆਸਾਨੀ ਨਾਲ ਨਹੀਂ ਟੁੰਬਦਾ। ਦੂਜੇ ਪਾਸੇ, ਉਨ੍ਹਾਂ ਦੀ ਆਪਣੀ ਭਾਸ਼ਾ ਵਿਚ ਸਾਹਿੱਤ ਦਾ ਉਨ੍ਹਾਂ ਉੱਤੇ ਬੜਾ ਗਹਿਰਾ ਅਸਰ ਪੈਂਦਾ ਹੈ। ਐਲਟਾਏ ਭਾਸ਼ਾ ਵਿਚ ਬਾਈਬਲ ਟ੍ਰੈਕਟ ਹਾਸਲ ਕਰਨ ਤੇ ਇਕ ਆਦਮੀ ਨੇ ਕਿਹਾ: “ਇਹ ਬੜੀ ਚੰਗੀ ਗੱਲ ਹੈ ਕਿ ਤੁਸੀਂ ਸਾਡੀ ਭਾਸ਼ਾ ਵਿਚ ਸਾਹਿੱਤ ਕੱਢਣਾ ਸ਼ੁਰੂ ਕਰ ਰਹੇ ਹੋ।”

ਇਸ ਦੀ ਇਕ ਹੋਰ ਉਦਾਹਰਣ ਆਰਕਟਿਕ ਟਾਪੂ, ਗ੍ਰੀਨਲੈਂਡ ਦੀ ਹੈ ਜਿਸ ਦੀ ਆਬਾਦੀ ਸਿਰਫ਼ 60,000 ਹੈ। ਗ੍ਰੀਨਲੈਂਡਿਕ ਭਾਸ਼ਾ ਵਿਚ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੇ ਜਾਂਦੇ ਦੂਜੇ ਪ੍ਰਕਾਸ਼ਨਾਂ ਦੀ ਤਰ੍ਹਾਂ ਪਹਿਰਾਬੁਰਜ ਅਤੇ ਜਾਗਰੂਕ ਬਣੋ! ਦੋਵੇਂ ਹੀ ਰਸਾਲੇ ਗ੍ਰੀਨਲੈਂਡਿਕ ਭਾਸ਼ਾ ਵਿਚ ਛਪਦੇ ਹਨ ਤੇ ਲੋਕਾਂ ਵਿਚ ਬੜੇ ਮਸ਼ਹੂਰ ਹਨ। ਦਰਅਸਲ ਇਸ ਟਾਪੂ ਦੇ ਦੂਰ-ਦੂਰ ਦੇ ਪਿੰਡਾਂ ਦੇ ਕਈ ਘਰਾਂ ਵਿਚ ਇਹ ਸਾਹਿੱਤ ਦੇਖਿਆ ਜਾ ਸਕਦਾ ਹੈ।

ਦੱਖਣੀ ਪੈਸੀਫਿਕ ਵਿਚ ਕੁਝ 7,000 ਲੋਕ ਨਾਊਰੁਅਨ, 4,500 ਟੋਕਲਾਊਅਨ ਤੇ 12,000 ਲੋਕ ਰੋਟੁਮਨ ਭਾਸ਼ਾ ਬੋਲਦੇ ਹਨ। ਯਹੋਵਾਹ ਦੇ ਗਵਾਹ ਹੁਣ ਇਨ੍ਹਾਂ ਭਾਸ਼ਾਵਾਂ ਵਿਚ ਬਾਈਬਲ ਟ੍ਰੈਕਟ ਅਤੇ ਬਰੋਸ਼ਰ ਛਾਪਦੇ ਹਨ ਅਤੇ 8,000 ਲੋਕਾਂ ਦੁਆਰਾ ਬੋਲੀ ਜਾਂਦੀ ਨੀਊਅਨ ਅਤੇ 11,000 ਲੋਕਾਂ ਦੁਆਰਾ ਬੋਲੀ ਜਾਂਦੀ ਟੂਵਾਲੂਅਨ ਭਾਸ਼ਾ ਵਿਚ ਪਹਿਰਾਬੁਰਜ ਦੇ ਮਹੀਨਾਵਾਰ ਐਡੀਸ਼ਨ ਵੀ ਛਾਪਦੇ ਹਨ। ਅਸਲ ਵਿਚ, ਯਹੋਵਾਹ ਦੇ ਗਵਾਹ ਘੱਟ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿਚ ਛਾਪੇ ਗਏ ਸਾਹਿੱਤ ਦੇ ਸਭ ਤੋਂ ਜ਼ਿਆਦਾ ਮਸ਼ਹੂਰ ਪ੍ਰਕਾਸ਼ਕ ਹਨ। ਉਹ ਬਿਸਲਾਮਾ, ਹਿਰੀ ਮੋਟੂ, ਪਪੀਆਮੇਂਟੋ, ਮੋਰੀਸ਼ੀਅਨ ਕ੍ਰੀਓਲ, ਨਿਊ ਗਿਨੀ ਪਿਜਨ, ਸੇਸ਼ਲਜ਼ ਕ੍ਰੀਓਲ, ਸੋਲਮਨ ਦੀਪ-ਸਮੂਹ ਪਿਜਨ ਅਤੇ ਹੋਰ ਕਈ ਭਾਸ਼ਾਵਾਂ ਵਿਚ ਬਾਈਬਲ ਸਾਹਿੱਤ ਤਿਆਰ ਕਰਦੇ ਹਨ।

ਅਕਸਰ ਘੱਟ ਬੋਲੀ ਜਾਣ ਵਾਲੀ ਭਾਸ਼ਾ ਦੇ ਲੋਕ ਜ਼ਿਆਦਾ ਪੱਛੜੇ ਹੋਏ ਅਤੇ ਗ਼ਰੀਬ ਹੁੰਦੇ ਹਨ। ਪਰ ਹੋ ਸਕਦਾ ਹੈ ਕਿ ਅਜਿਹੇ ਖੇਤਰਾਂ ਵਿਚ ਸਾਖਰਤਾ ਦਰ ਸ਼ਾਇਦ ਕਾਫ਼ੀ ਉੱਚੀ ਹੋਵੇ। ਜੱਦੀ ਭਾਸ਼ਾ ਵਿਚ ਛਾਪੀ ਗਈ ਬਾਈਬਲ ਤੋਂ ਇਲਾਵਾ ਅਕਸਰ ਉਨ੍ਹਾਂ ਕੋਲ ਘੱਟ ਹੀ ਦੂਸਰੀਆਂ ਕਿਤਾਬਾਂ ਹੁੰਦੀਆਂ ਹਨ। ਦਰਅਸਲ ਇਨ੍ਹਾਂ ਵਿੱਚੋਂ ਕੁਝ ਭਾਸ਼ਾਵਾਂ ਵਿਚ ਤਾਂ ਇਕ ਅਖ਼ਬਾਰ ਵੀ ਨਹੀਂ ਹੈ ਕਿਉਂਕਿ ਘੱਟ ਲੋਕ ਹੋਣ ਕਰਕੇ ਅਖ਼ਬਾਰ ਛਾਪਣਾ ਕੋਈ ਮੁਨਾਫ਼ੇਕਾਰੀ ਦਾ ਕੰਮ ਨਹੀਂ ਹੈ।

ਲੋਕ ਇਸ ਕੰਮ ਦੀ ਤਾਰੀਫ਼ ਕਿਉਂ ਕਰਦੇ ਹਨ

ਕਿਉਂਕਿ ਯਹੋਵਾਹ ਦੇ ਗਵਾਹ ਅਜਿਹਾ ਸਾਹਿੱਤ ਮੁਹੱਈਆ ਕਰਦੇ ਹਨ ਜੋ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਿਹਤਰ ਬਣਾਉਂਦਾ ਹੈ, ਇਸ ਲਈ ਬਹੁਤ ਸਾਰੇ ਲੋਕ ਉਨ੍ਹਾਂ ਵੱਲੋਂ ਕੀਤੀ ਜਾਂਦੀ ਮਿਹਨਤ ਦੀ ਬੜੀ ਤਾਰੀਫ਼ ਕਰਦੇ ਹਨ। ਫ਼ਿਜੀ ਦੇ ਸੂਵਾ ਸ਼ਹਿਰ ਵਿਚ ਦੱਖਣੀ ਪੈਸੀਫਿਕ ਯੂਨੀਵਰਸਿਟੀ ਵਿਚ ਇੰਸਟੀਚਿਊਟ ਆਫ ਪੈਸੀਫਿਕ ਸਟੱਡੀਜ਼ ਲਈ ਕੰਮ ਕਰਦੀ ਇਕ ਤੀਵੀਂ ਲਿੰਡਾ ਕ੍ਰਾਉਲ ਨੇ ਕਿਹਾ ਕਿ ਯਹੋਵਾਹ ਦੇ ਗਵਾਹਾਂ ਦੁਆਰਾ ਕੀਤਾ ਜਾਂਦਾ ਤਰਜਮੇ ਦਾ ਕੰਮ “ਪੈਸੀਫਿਕ ਵਿਚ ਵਾਪਰ ਰਹੀ ਸਭ ਤੋਂ ਅਨੋਖੀ ਗੱਲ ਹੈ।” ਉਹ ਇਨ੍ਹਾਂ ਪ੍ਰਕਾਸ਼ਨਾਂ ਦੀ ਉੱਤਮ ਕੁਆਲਿਟੀ ਦੀ ਬੜੀ ਤਾਰੀਫ਼ ਕਰਦੀ ਹੈ।

ਜਦੋਂ ਸਾਮੋਅਨ ਭਾਸ਼ਾ ਵਿਚ ਜਾਗਰੂਕ ਬਣੋ! ਰਸਾਲੇ ਦਾ ਤਿਮਾਹੀ ਐਡੀਸ਼ਨ ਸ਼ੁਰੂ ਹੋਇਆ, ਤਾਂ ਉੱਥੋਂ ਦੀ ਅਖ਼ਬਾਰ ਨੇ ਇਸ ਬਾਰੇ ਛਾਪਿਆ ਅਤੇ ਦੂਰਦਰਸ਼ਨ ਨੇ ਇਸ ਨੂੰ ਰਾਸ਼ਟਰੀ ਖ਼ਬਰਾਂ ਵਿਚ ਦਿਖਾਇਆ। ਇਸ ਪ੍ਰਸਾਰਣ ਦੌਰਾਨ ਜਾਗਰੂਕ ਬਣੋ! ਦੇ ਪਹਿਲੇ ਸਫ਼ੇ ਨੂੰ ਤੇ ਫਿਰ ਉਸ ਅੰਕ ਵਿਚਲੇ ਹਰ ਲੇਖ ਨੂੰ ਖੋਲ੍ਹ ਕੇ ਇਕ-ਇਕ ਕਰ ਕੇ ਦਿਖਾਇਆ ਗਿਆ।

ਇਹ ਧਿਆਨ ਦੇਣ ਯੋਗ ਗੱਲ ਹੈ ਕਿ ਕੁਝ ਦੇਸ਼ਾਂ ਵਿਚ ਉੱਥੇ ਦੇ ਭਾਸ਼ਾ ਵਿਭਾਗ ਵਿਆਕਰਣ, ਸ਼ਬਦ-ਜੋੜਾਂ, ਨਵੇਂ ਸ਼ਬਦ ਘੜਨ ਤੇ ਹੋਰ ਕਈ ਗੱਲਾਂ ਬਾਰੇ ਇਨ੍ਹਾਂ ਪ੍ਰਕਾਸ਼ਨਾਂ ਦੇ ਅਨੁਵਾਦਕਾਂ ਤੋਂ ਬਾਕਾਇਦਾ ਮਸ਼ਵਰਾ ਲੈਂਦੇ ਹਨ। ਯਕੀਨਨ, ਯਹੋਵਾਹ ਦੇ ਗਵਾਹਾਂ ਦੁਆਰਾ ਦਿੱਤੀ ਜਾਂਦੀ ਮੁਫ਼ਤ ਸਿੱਖਿਆ ਨੇ ਬਹੁਤ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਤੇ ਗਹਿਰਾ ਪ੍ਰਭਾਵ ਪਾਇਆ ਹੈ, ਉਨ੍ਹਾਂ ਉੱਤੇ ਵੀ ਜਿਹੜੇ ਯਹੋਵਾਹ ਦੇ ਗਵਾਹ ਨਹੀਂ ਬਣਦੇ।

ਪਰ ਜਿਵੇਂ ਪਿਛਲੇ ਲੇਖ ਵਿਚ ਦੱਸਿਆ ਗਿਆ ਹੈ, ਤਕਰੀਬਨ ਇਕ ਅਰਬ ਲੋਕ ਅਨਪੜ੍ਹ ਹਨ ਜੋ ਦੁਨੀਆਂ ਦੀ ਆਬਾਦੀ ਦਾ ਲਗਭਗ ਛੇਵਾਂ ਹਿੱਸਾ ਹਨ। ਇਨ੍ਹਾਂ ਅਨਪੜ੍ਹ ਲੋਕਾਂ ਦੀ ਮਦਦ ਕਰਨ ਵਾਸਤੇ ਕੀ ਕੀਤਾ ਗਿਆ ਹੈ ਤਾਂਕਿ ਉਹ ਵੀ ਪੜ੍ਹਨ ਤੇ ਅਧਿਐਨ ਕਰਨ ਦੁਆਰਾ ਬਾਈਬਲ ਦੀ ਅਹਿਮ ਜਾਣਕਾਰੀ ਤੋਂ ਫ਼ਾਇਦਾ ਉਠਾ ਸਕਣ?

ਸਿੱਖਿਆ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨੀਆਂ

ਕਈ ਦੇਸ਼ਾਂ ਵਿਚ ਗਵਾਹਾਂ ਨੇ ਲੋਕਾਂ ਨੂੰ ਪੜ੍ਹਨਾ-ਲਿਖਣਾ ਸਿਖਾਉਣ ਲਈ ਮੁਫ਼ਤ ਸਿੱਖਿਆ ਪ੍ਰੋਗ੍ਰਾਮਾਂ ਦਾ ਪ੍ਰਬੰਧ ਕੀਤਾ ਹੈ। ਉਨ੍ਹਾਂ ਨੇ ਆਪਣੀਆਂ ਪਾਠ-ਪੁਸਤਕਾਂ ਵੀ ਤਿਆਰ ਕੀਤੀਆਂ ਹਨ, ਜਿਵੇਂ ਲਗਨ ਨਾਲ ਪੜ੍ਹਨਾ ਅਤੇ ਲਿਖਣਾ (ਅੰਗ੍ਰੇਜ਼ੀ) ਨਾਮਕ ਪੁਸਤਿਕਾ 28 ਭਾਸ਼ਾਵਾਂ ਵਿਚ ਛਾਪੀ ਗਈ ਹੈ। ਗਵਾਹਾਂ ਦੁਆਰਾ ਚਲਾਈਆਂ ਜਾਂਦੀਆਂ ਕਲਾਸਾਂ ਦੀ ਮਦਦ ਨਾਲ ਹਜ਼ਾਰਾਂ ਹੀ ਲੋਕਾਂ, ਜਿਨ੍ਹਾਂ ਵਿਚ ਔਰਤਾਂ ਅਤੇ ਬਜ਼ੁਰਗ ਵੀ ਸ਼ਾਮਲ ਹਨ, ਨੇ ਪੜ੍ਹਨਾ-ਲਿਖਣਾ ਸਿੱਖਿਆ ਹੈ।

ਬੁਰੁੰਡੀ ਵਿਚ ਯਹੋਵਾਹ ਦੇ ਗਵਾਹਾਂ ਨੇ ਸਾਖਰਤਾ ਕਲਾਸਾਂ ਚਲਾਉਣ ਦੁਆਰਾ ਸੈਂਕੜੇ ਹੀ ਲੋਕਾਂ ਦੀ ਪੜ੍ਹਨ-ਲਿਖਣ ਵਿਚ ਮਦਦ ਕੀਤੀ ਹੈ। ਇਸ ਪ੍ਰੋਗ੍ਰਾਮ ਦੇ ਚੰਗੇ ਨਤੀਜਿਆਂ ਨੂੰ ਦੇਖਦੇ ਹੋਏ, ਉਸ ਦੇਸ਼ ਦੇ ਬਾਲਗ ਸਾਖਰਤਾ ਰਾਸ਼ਟਰੀ ਵਿਭਾਗ ਨੇ 8 ਸਤੰਬਰ 1999 ਨੂੰ ਅੰਤਰਰਾਸ਼ਟਰੀ ਸਾਖਰਤਾ ਦਿਨ ਦੇ ਮੌਕੇ ਤੇ ਚਾਰ ਗਵਾਹ ਅਧਿਆਪਕਾਂ ਨੂੰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ।

ਮੋਜ਼ਾਮਬੀਕ ਵਿਚ ਯਹੋਵਾਹ ਦੇ ਗਵਾਹਾਂ ਦੀਆਂ ਕੁਝ 700  ਕਲੀਸਿਯਾਵਾਂ ਦੁਆਰਾ ਚਲਾਈਆਂ ਗਈਆਂ ਸਾਖਰਤਾ ਕਲਾਸਾਂ ਸੰਬੰਧੀ ਹੇਠਾਂ ਦਿੱਤੀ ਰਿਪੋਰਟ ਮਿਲੀ: “ਪਿਛਲੇ ਚਾਰ ਸਾਲਾਂ ਤੋਂ 5,089 ਵਿਦਿਆਰਥੀਆਂ ਨੂੰ ਪੜ੍ਹਨਾ-ਲਿਖਣਾ ਸਿਖਾਇਆ ਗਿਆ ਤੇ ਹਾਲ ਦੀ ਘੜੀ ਸਾਡੇ ਕੋਲ 4,000 ਨਵੇਂ ਵਿਦਿਆਰਥੀ ਹਨ।” ਇਕ ਵਿਦਿਆਰਥੀ ਨੇ ਲਿਖਿਆ: “ਮੈਂ ਇਸ ਸਕੂਲ ਲਈ ਆਪਣੀ ਦਿਲੀ ਕਦਰ ਪ੍ਰਗਟਾਉਣੀ ਚਾਹੁੰਦਾ ਹਾਂ . . . ਇਸ ਤੋਂ ਪਹਿਲਾਂ ਮੈਨੂੰ ਕੱਖ ਵੀ ਨਹੀਂ ਸੀ ਆਉਂਦਾ। ਪਰ ਇਸ ਸਕੂਲ ਦੇ ਸਦਕਾ ਮੈਂ ਹੁਣ ਪੜ੍ਹ ਸਕਦਾ ਹਾਂ ਭਾਵੇਂ ਕਿ ਅਜੇ ਮੈਨੂੰ ਪ੍ਰੈਕਟਿਸ ਕਰਨ ਦੀ ਲੋੜ ਹੈ, ਪਰ ਮੈਂ ਹੁਣ ਲਿਖ ਵੀ ਸਕਦਾ ਹਾਂ।”

ਸੰਨ 1946 ਤੋਂ ਮੈਕਸੀਕੋ ਵਿਚ ਵਿਦਿਆਰਥੀਆਂ ਦੇ ਰਿਕਾਰਡ ਰੱਖਣੇ ਸ਼ੁਰੂ ਹੋਏ। ਉਦੋਂ ਤੋਂ ਲੈ ਕੇ ਹੁਣ ਤਕ ਪੜ੍ਹਨਾ-ਲਿਖਣਾ ਸਿਖਾਉਣ ਲਈ ਸਥਾਪਿਤ ਕੀਤੇ ਗਏ ਖ਼ਾਸ ਸਕੂਲਾਂ ਵਿਚ 1,43,000 ਨਾਲੋਂ ਜ਼ਿਆਦਾ ਲੋਕਾਂ ਨੂੰ ਸਿੱਖਿਅਤ ਕੀਤਾ ਗਿਆ ਹੈ। ਇਕ 63 ਸਾਲਾਂ ਦੀ ਤੀਵੀਂ ਨੇ ਲਿਖਿਆ: “ਮੈਂ ਯਹੋਵਾਹ ਦੇ ਗਵਾਹਾਂ ਦੀ ਤਹਿ-ਦਿਲੋਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਪੜ੍ਹਨਾ-ਲਿਖਣਾ ਸਿਖਾਇਆ। ਪਹਿਲਾਂ ਮੇਰੀ ਜ਼ਿੰਦਗੀ ਬੜੀ ਤਰਸਯੋਗ ਸੀ। ਪਰ ਹੁਣ ਮੈਂ ਬਾਈਬਲ ਪੜ੍ਹ ਕੇ ਇਸ ਤੋਂ ਸਲਾਹ ਲੈ ਸਕਦੀ ਹਾਂ ਅਤੇ ਇਸ ਵਿਚ ਦਿੱਤੇ ਸੁਨੇਹੇ ਤੋਂ ਵੀ ਮੈਨੂੰ ਬੜੀ ਖ਼ੁਸ਼ੀ ਮਿਲੀ ਹੈ।”

ਦੱਖਣੀ ਅਮਰੀਕੀ ਦੇਸ਼ ਬ੍ਰਾਜ਼ੀਲ ਵਿਚ ਵੀ ਗਵਾਹਾਂ ਨੇ ਹਜ਼ਾਰਾਂ ਹੀ ਲੋਕਾਂ ਨੂੰ ਪੜ੍ਹਨਾ ਅਤੇ ਲਿਖਣਾ ਸਿਖਾਇਆ ਹੈ। ਇਕ 64 ਸਾਲਾਂ ਦੀ ਤੀਵੀਂ ਨੇ ਕਿਹਾ: “ਪੜ੍ਹਨਾ ਸਿੱਖਣ ਤੋਂ ਬਾਅਦ ਮੈਨੂੰ ਇੱਦਾਂ ਲੱਗਾ ਜਿਵੇਂ ਕਈ ਸਾਲਾਂ ਬਾਅਦ ਮੈਂ ਜ਼ੰਜੀਰਾਂ ਤੋਂ ਆਜ਼ਾਦ ਹੋਈ ਹੋਵਾਂ। ਹੁਣ ਮੈਂ ਹਰ ਤਰ੍ਹਾਂ ਦੀ ਜਾਣਕਾਰੀ ਪੜ੍ਹ ਸਕਦੀ ਹਾਂ। ਪਰ ਸਭ ਤੋਂ ਅਹਿਮ ਗੱਲ ਤਾਂ ਇਹ ਹੈ ਕਿ ਬਾਈਬਲ ਪੜ੍ਹਨ ਅਤੇ ਇਸ ਦਾ ਅਧਿਐਨ ਕਰਨ ਨਾਲ ਮੈਂ ਝੂਠੀਆਂ ਸਿੱਖਿਆਵਾਂ ਤੋਂ ਆਜ਼ਾਦ ਹੋ ਗਈ ਹਾਂ।”

ਯਹੋਵਾਹ ਦੇ ਗਵਾਹ, ਜੋ ਬਾਈਬਲ ਸਿੱਖਿਅਕ ਹਨ, ਅਕਸਰ ਆਪਣੇ ਵਿਦਿਆਰਥੀਆਂ ਨੂੰ ਗਰੁੱਪਾਂ ਵਿਚ ਪੜ੍ਹਨਾ ਸਿਖਾਉਣ ਦੀ ਬਜਾਇ ਇਕੱਲੇ-ਇਕੱਲੇ ਵਿਦਿਆਰਥੀ ਨੂੰ ਸਿਖਾਉਂਦੇ ਹਨ। ਫ਼ਿਲਪੀਨ ਦੀ ਮਾਰਟੀਨਾ 80 ਸਾਲਾਂ ਤੋਂ ਜ਼ਿਆਦਾ ਉਮਰ ਦੀ ਸੀ ਜਦੋਂ ਉਸ ਨੂੰ ਇਕ ਯਹੋਵਾਹ ਦੀ ਗਵਾਹ ਮਿਲੀ। ਮਾਰਟੀਨਾ ਬਾਕਾਇਦਾ ਬਾਈਬਲ ਸਟੱਡੀ ਤਾਂ ਕਰਨੀ ਚਾਹੁੰਦੀ ਸੀ, ਪਰ ਉਹ ਪੜ੍ਹਨਾ ਨਹੀਂ ਜਾਣਦੀ ਸੀ। ਆਪਣੀ ਬਾਈਬਲ ਅਧਿਆਪਕਾ ਦੀ ਮਦਦ ਨਾਲ ਉਸ ਨੇ ਤਰੱਕੀ ਕੀਤੀ ਅਤੇ ਕਲੀਸਿਯਾ ਕੋਲੋਂ ਵਾਧੂ ਸਿਖਲਾਈ ਲੈ ਕੇ ਹੁਣ ਉਹ ਬਾਈਬਲ ਦਾ ਇਸਤੇਮਾਲ ਕਰ ਕੇ ਦੂਜਿਆਂ ਨੂੰ ਸਿਖਾਉਣ ਦੇ ਕਾਬਲ ਹੈ। ਅੱਜ ਉਹ ਪੜ੍ਹੀ-ਲਿਖੀ, ਪੂਰੇ ਸਮੇਂ ਦੀ ਬਾਈਬਲ ਅਧਿਆਪਕਾ ਹੈ।

ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪੜ੍ਹਨ-ਲਿਖਣ ਦੀ ਕਾਬਲੀਅਤ ਸਾਰੇ ਹੀ ਲੋਕਾਂ ਵਿਚ ਹੈ। ਪਰ ਅਸੀਂ ਪੁੱਛ ਸਕਦੇ ਹਾਂ ਕਿ ਕੀ ਪਰਮੇਸ਼ੁਰ ਅਤੇ ਉਸ ਦੇ ਮਕਸਦ ਸੰਬੰਧੀ ਬਾਈਬਲ ਦਾ ਗਿਆਨ ਵਾਕਈ ਲੋਕਾਂ ਨੂੰ ਫ਼ਾਇਦਾ ਪਹੁੰਚਾਉਂਦਾ ਹੈ? ਇਸ ਸਵਾਲ ਦਾ ਜਵਾਬ ਇਸ ਲੇਖ-ਲੜੀ ਦਾ ਆਖ਼ਰੀ ਲੇਖ ਦੇਵੇਗਾ।

[ਸਫ਼ਾ 9 ਉੱਤੇ ਡੱਬੀ/​ਤਸਵੀਰ]

“ਮੈਂ ਲਫ਼ਜ਼ਾਂ ਵਿਚ ਬਿਆਨ ਨਹੀਂ ਕਰ ਸਕਦੀ . . . ”

ਦੁਨੀਆਂ ਭਰ ਵਿਚ ਸਰਕਾਰੀ ਅਧਿਕਾਰੀਆਂ, ਅਧਿਆਪਕਾਂ ਤੇ ਆਮ ਲੋਕਾਂ ਨੇ ਸਿੱਖਿਆ ਦੇਣ ਸੰਬੰਧੀ ਕੀਤੇ ਗਏ ਯਹੋਵਾਹ ਦੇ ਗਵਾਹਾਂ ਦੇ ਜਤਨਾਂ ਤੇ ਗੌਰ ਕੀਤਾ ਹੈ। ਉਨ੍ਹਾਂ ਨੇ ਹੇਠਾਂ ਦਿੱਤੀਆਂ ਟਿੱਪਣੀਆਂ ਕੀਤੀਆਂ ਹਨ:

“ਮੈਨੂੰ ਤੇ ਮੇਰੀ ਸਰਕਾਰ ਨੂੰ ਖ਼ਾਸ ਕਰਕੇ ਬੜੀ ਖ਼ੁਸ਼ੀ ਹੋਈ ਹੈ ਕਿਉਂਕਿ ਇਸ ਕਿਤਾਬ (ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ, ਟੂਵਾਲੂਅਨ ਭਾਸ਼ਾ ਵਿਚ) ਨਾਲ ਟੂਵਾਲੂ ਦੀ ਕੀਮਤੀ ‘ਵਿਰਾਸਤ’ ਵਿਚ ਇਕ ਹੋਰ ਨਵਾਂ ਅਹਿਮ ਵਾਧਾ ਹੋਇਆ ਹੈ। ਇਸ ਕੌਮ ਦੇ ਲੋਕਾਂ ਨੂੰ ਅਧਿਆਤਮਿਕ ਪੱਖੋਂ ਉੱਪਰ ਚੁੱਕਣ ਵਿਚ ਤੁਸੀਂ ਜੋ ਆਪਣੀ ਅਹਿਮ ਭੂਮਿਕਾ ਨਿਭਾਈ ਹੈ, ਉਸ ਦੇ ਲਈ ਤੁਹਾਨੂੰ ਬਹੁਤ ਖ਼ੁਸ਼ ਹੋਣਾ ਚਾਹੀਦਾ ਹੈ। ਮੈਨੂੰ ਯਕੀਨ ਹੈ ਕਿ ਸਿੱਖਿਆਦਾਇਕ ਕਿਤਾਬਾਂ ਛਾਪਣ ਸੰਬੰਧੀ ਤੁਹਾਡੇ ਇਸ ਕੰਮ ਨੂੰ ਟੂਵਾਲੂ ਦੇ ਇਤਿਹਾਸ ਵਿਚ ਜ਼ਰੂਰ ਲਿਖਿਆ ਜਾਵੇਗਾ।”​—ਟੂਵਾਲੂ, ਦੱਖਣੀ ਪੈਸੀਫਿਕ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਟੀ. ਪੁਆਪੁਆ।

“ਦੱਖਣੀ ਪੈਸੀਫਿਕ ਵਿਚ ਯਹੋਵਾਹ ਦੇ ਗਵਾਹ ਨਵੀਂ ਤਕਨੀਕ ਦੀ ਮਦਦ ਨਾਲ ਸਾਹਿੱਤ ਛਾਪਣ ਦੇ ਕੰਮ ਵਿਚ ਬਹੁਤ ਸਰਗਰਮ ਹਨ। . . . ਉਨ੍ਹਾਂ ਦਾ ਇਹ ਕੰਮ ਸੱਚ-ਮੁੱਚ ਇਕ ਵੱਡੀ ਪ੍ਰਾਪਤੀ ਹੈ ਕਿਉਂਕਿ ਪੈਸੀਫਿਕ ਟਾਪੂਆਂ ਵਿਚ ਸੰਚਾਰ ਦੇ ਸਾਧਨ ਇੰਨੇ ਭਰੋਸੇਯੋਗ ਨਾ ਹੋਣ ਦੇ ਬਾਵਜੂਦ ਵੀ ਉਹ ਇਸ ਕੰਮ ਵਿਚ ਸਫ਼ਲ ਹੋਏ ਹਨ।​—ਲਿੰਡਾ ਕ੍ਰਾਉਲ, ਦੱਖਣੀ ਪੈਸੀਫਿਕ ਯੂਨੀਵਰਸਿਟੀ, ਸੂਵਾ, ਫ਼ਿਜੀ।

“ਈਸੋਕੋ ਭਾਸ਼ਾ ਦੀ ਪਰਿਵਾਰਕ ਖ਼ੁਸ਼ੀ ਦਾ ਰਾਜ਼ ਕਿਤਾਬ ਕਿੰਨੀ ਅਸਰਦਾਰ ਤੇ ਸਲਾਹੁਣਯੋਗ ਹੈ! ਇਸ ਕਿਤਾਬ ਨੂੰ ਚੰਗੀ ਤਰ੍ਹਾਂ ਸਮਝਣ ਵਿਚ ਸਾਡੀ ਮਦਦ ਕਰਨ ਲਈ ਮੈਂ ਈਸੋਕੋ ਟ੍ਰਾਂਸਲੇਸ਼ਨ ਟੀਮ ਵਿਚ ਕੰਮ ਕਰ ਰਹੇ ਸਵੈ-ਸੇਵਕਾਂ ਦਾ ਬੜਾ ਧੰਨਵਾਦੀ ਹਾਂ।”​—ਸੀ.ਓ.ਏ., ਨਾਈਜੀਰੀਆ।

“ਮੈਂ ਲਫ਼ਜ਼ਾਂ ਵਿਚ ਬਿਆਨ ਨਹੀਂ ਕਰ ਸਕਦੀ ਕਿ ਮੈਂ ਇਸ ਬਾਈਬਲ [ਸਰਬੀਆਈ ਭਾਸ਼ਾ ਵਿਚ ਨਿਊ ਵਰਲਡ ਟ੍ਰਾਂਸਲੇਸ਼ਨ] ਲਈ ਕਿੰਨੀ ਸ਼ੁਕਰਗੁਜ਼ਾਰ ਹਾਂ। ਇਹ ਸਮਝਣ ਵਿਚ ਬੜੀ ਹੀ ਆਸਾਨ ਹੈ। ਪਹਿਲਾਂ ਮੈਂ ਪੂਰੀ ਬਾਈਬਲ ਪੜ੍ਹਨ ਦੀ ਬੜੀ ਕੋਸ਼ਿਸ਼ ਕਰਦੀ ਸੀ, ਪਰ ਮੈਂ ਜਲਦੀ ਹੀ ਬੋਰ ਹੋ ਜਾਂਦੀ ਸੀ ਕਿਉਂਕਿ ਮੈਨੂੰ ਇਸ ਦੀ ਭਾਸ਼ਾ ਸਮਝ ਨਹੀਂ ਆਉਂਦੀ ਸੀ। ਪਰ ਹੁਣ ਮੈਂ ਇਸ ਲਾਜਵਾਬ ਤਰਜਮੇ ਨੂੰ ਪੜ੍ਹ ਹੀ ਨਹੀਂ ਸਗੋਂ ਸਮਝ ਵੀ ਸਕਦੀ ਹਾਂ!”​—ਜੇ.ਏ., ਯੂਗੋਸਲਾਵੀਆ।

“ਟੀਵ ਭਾਸ਼ਾ ਵਿਚ ਵਧੀਆ, ਸਿੱਖਿਆਦਾਇਕ ਅਤੇ ਹੌਸਲਾ ਵਧਾਉਣ ਵਾਲੇ ਪ੍ਰਕਾਸ਼ਨਾਂ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਦਰਅਸਲ, ਇਨ੍ਹਾਂ ਕਿਤਾਬਾਂ ਅਤੇ ਬਰੋਸ਼ਰਾਂ ਵਿੱਚੋਂ ਮਿਲੇ ਸਾਰੇ ਫ਼ਾਇਦਿਆਂ ਅਤੇ ਹੌਸਲਾ-ਅਫ਼ਜ਼ਾਈ ਨੂੰ ਲਫ਼ਜ਼ਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਇਹ ਪ੍ਰਕਾਸ਼ਨ ਹੁਣ ਹਜ਼ਾਰਾਂ ਲੋਕਾਂ ਤਾਈਂ ਪਹੁੰਚ ਚੁੱਕੇ ਹਨ।”​—ਪੀ.ਟੀ.ਐੱਸ., ਨਾਈਜੀਰੀਆ।

[ਤਸਵੀਰ]

115 ਭਾਸ਼ਾਵਾਂ ਵਿਚ 3,60,00,000 ਕਾਪੀਆਂ

[ਸਫ਼ੇ 4, 5 ਉੱਤੇ ਤਸਵੀਰਾਂ]

“ਨਿਊ ਵਰਲਡ ਟ੍ਰਾਂਸਲੇਸ਼ਨ” ਦੀਆਂ 37 ਭਾਸ਼ਾਵਾਂ ਵਿਚ 10 ਕਰੋੜ ਤੋਂ ਜ਼ਿਆਦਾ ਕਾਪੀਆਂ ਛਾਪੀਆਂ ਗਈਆਂ ਹਨ

[ਸਫ਼ਾ 7 ਉੱਤੇ ਤਸਵੀਰ]

ਦੁਨੀਆਂ ਭਰ ਵਿਚ ਤਕਰੀਬਨ 2,000 ਲੋਕ ਯਹੋਵਾਹ ਦੇ ਗਵਾਹਾਂ ਦੇ ਪ੍ਰਕਾਸ਼ਨਾਂ ਦਾ ਤਰਜਮਾ ਕਰਨ ਵਿਚ ਲੱਗੇ ਹੋਏ ਹਨ। (ਦੱਖਣੀ ਅਫ਼ਰੀਕਾ ਵਿਚ ਜ਼ੂਲੂ ਟੀਮ, ਖੱਬੇ; ਅਤੇ ਜਪਾਨੀ ਅਨੁਵਾਦਕ, ਹੇਠਾਂ)

[ਸਫ਼ਾ 7 ਉੱਤੇ ਤਸਵੀਰ]

ਹਰ ਸਾਲ ਤਕਰੀਬਨ ਇਕ ਅਰਬ “ਪਹਿਰਾਬੁਰਜ” ਅਤੇ “ਜਾਗਰੂਕ ਬਣੋ!” ਰਸਾਲੇ ਛਾਪੇ ਜਾਂਦੇ ਹਨ

[ਸਫ਼ਾ 8 ਉੱਤੇ ਤਸਵੀਰਾਂ]

ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਦੁਆਰਾ ਸਾਖਰਤਾ ਕਲਾਸਾਂ ਚਲਾਈਆਂ ਜਾਂਦੀਆਂ ਹਨ। (ਮੈਕਸੀਕੋ, ਸੱਜੇ; ਅਤੇ ਬੁਰੁੰਡੀ, ਹੇਠਾਂ। ਘਾਨਾ ਪਹਿਲੇ ਸਫ਼ੇ ਤੇ ਦਿਖਾਇਆ ਗਿਆ ਹੈ)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ