ਵੱਖੋ-ਵੱਖ ਬੋਲੀ ਦੇ ਬੋਲਣ ਵਾਲਿਆਂ ਨੂੰ ਇਕੱਠਾ ਕਰਨਾ
1 ਪਰਮੇਸ਼ੁਰ ਦੇ ਬਚਨ ਦੀ ਪੂਰਤੀ ਹੋ ਰਹੀ ਹੈ! “ਵੱਖੋ ਵੱਖ ਬੋਲੀ ਦੇ ਬੋਲਣ ਵਾਲੀਆਂ ਕੌਮਾਂ ਦੇ” ਲੋਕ ਸੱਚੀ ਭਗਤੀ ਕਰ ਰਹੇ ਹਨ। (ਜ਼ਕ. 8:23) ਭਾਰਤ ਵਿਚ ਯਹੋਵਾਹ ਦੇ ਗਵਾਹ ਸਾਰੀਆਂ “ਗੋਤਾਂ, ਉੱਮਤਾਂ ਅਤੇ ਭਾਖਿਆਂ” ਦੇ ਲੋਕਾਂ ਦੀ ਯਹੋਵਾਹ ਨਾਲ ਚੰਗਾ ਰਿਸ਼ਤਾ ਕਾਇਮ ਕਰਨ ਵਿਚ ਕਿੱਦਾਂ ਮਦਦ ਕਰ ਰਹੇ ਹਨ, ਤਾਂਕਿ ਉਹ “ਵੱਡੀ ਬਿਪਤਾ” ਵਿੱਚੋਂ ਬਚਣ ਦੀ ਆਸ ਰੱਖ ਸਕਣ?—ਪਰ. 7:9, 14.
2 ਪਰਮੇਸ਼ੁਰ ਦਾ ਸੰਗਠਨ ਸਰਗਰਮ ਹੈ: ਪ੍ਰਬੰਧਕ ਸਭਾ ਨੇ 24 ਭਾਰਤੀ ਭਾਸ਼ਾਵਾਂ ਵਿਚ ਬਾਈਬਲ ਸਾਹਿੱਤ ਛਾਪਣ ਦਾ ਪ੍ਰਬੰਧ ਕੀਤਾ ਹੈ, ਤਾਂਕਿ ਪੂਰੇ ਭਾਰਤ ਵਿਚ ਲੋਕ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦੀ ਮਹੱਤਤਾ ਨੂੰ ਚੰਗੀ ਤਰ੍ਹਾਂ ਸਮਝ ਸਕਣ। ਇੰਨੀਆਂ ਸਾਰੀਆਂ ਭਾਸ਼ਾਵਾਂ ਵਿਚ ਸਾਹਿੱਤ ਤਿਆਰ ਕਰਨਾ ਅਤੇ ਛਾਪਣਾ ਕੋਈ ਸੌਖਾ ਕੰਮ ਨਹੀਂ ਹੈ। ਇਨ੍ਹਾਂ ਸਾਰੀਆਂ ਭਾਸ਼ਾਵਾਂ ਵਿਚ ਸਾਹਿੱਤ ਦਾ ਅਨੁਵਾਦ ਕਰਨ ਲਈ ਯੋਗ ਅਨੁਵਾਦਕਾਂ ਦੀਆਂ ਟੀਮਾਂ ਬਣਾਉਣ ਅਤੇ ਉਨ੍ਹਾਂ ਨੂੰ ਹਰ ਲੋੜੀਂਦੀ ਮਦਦ ਦੇਣ ਦੀ ਲੋੜ ਪੈਂਦੀ ਹੈ। ਇਸ ਤੋਂ ਇਲਾਵਾ, ਸਾਹਿੱਤ ਨੂੰ ਛਾਪਣ ਅਤੇ ਅਲੱਗ-ਅਲੱਗ ਥਾਵਾਂ ਤੇ ਭੇਜਣ ਵਿਚ ਵੀ ਕਾਫ਼ੀ ਮਿਹਨਤ ਲੱਗਦੀ ਹੈ। ਪਰ ਫਿਰ ਵੀ ਬਾਈਬਲ ਦੇ ਇਸ ਜੀਵਨਦਾਇਕ ਸੰਦੇਸ਼ ਨੂੰ ਲੋਕਾਂ ਤਕ ਪਹੁੰਚਾਉਣ ਦੀ ਮੁੱਖ ਭੂਮਿਕਾ ਹਰ ਇਕ ਰਾਜ ਪ੍ਰਚਾਰਕ ਨਿਭਾਉਂਦਾ ਹੈ।
3 ਚੁਣੌਤੀ ਨੂੰ ਸਵੀਕਾਰ ਕਰਨਾ: ਦੂਸਰੀਆਂ ਭਾਸ਼ਾਵਾਂ ਬੋਲਣ ਵਾਲੇ ਬਹੁਤ ਸਾਰੇ ਲੋਕ ਆਪਣੇ ਜੱਦੀ ਰਾਜ ਨੂੰ ਛੱਡ ਕੇ ਵੱਡੇ-ਵੱਡੇ ਸ਼ਹਿਰਾਂ ਵਿਚ ਆ ਕੇ ਵਸ ਗਏ ਹਨ। ਕੀ ਅਸੀਂ ਇਨ੍ਹਾਂ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਲਈ ਉਨ੍ਹਾਂ ਦੀ ਭਾਸ਼ਾ ਵਿਚ ਸਾਹਿੱਤ ਆਪਣੇ ਨਾਲ ਲੈ ਕੇ ਜਾਂਦੇ ਹਾਂ? ਪਰਮੇਸ਼ੁਰ ਦੇ ਬਹੁਤ ਸਾਰੇ ਸੇਵਕ ਇਸ ਤਰ੍ਹਾਂ ਕਰਦੇ ਹਨ ਅਤੇ ਉਹ ਆਪਣੇ ਇਲਾਕੇ ਵਿਚ ਆਮ ਬੋਲੀਆਂ ਜਾਂਦੀਆਂ ਵੱਖੋ-ਵੱਖਰੀਆਂ ਭਾਸ਼ਾਵਾਂ ਵਿਚ ਸਾਦੀ ਜਿਹੀ ਪੇਸ਼ਕਾਰੀ ਸਿੱਖਣ ਦੀ ਵੀ ਕੋਸ਼ਿਸ਼ ਕਰਦੇ ਹਨ। ਭਾਰਤ ਵਿਚ ਗੂੰਗੀ ਬੋਲੀ ਬੋਲਣ ਵਾਲਿਆਂ ਨੂੰ ਵੀ ਖ਼ੁਸ਼ ਖ਼ਬਰੀ ਸੁਣਾਈ ਜਾ ਰਹੀ ਹੈ। ਕਈ ਲੋਕ ਜਿਨ੍ਹਾਂ ਨੇ ਪਹਿਲਾਂ ਕਦੇ ਵੀ ਯਹੋਵਾਹ ਬਾਰੇ ਨਹੀਂ ਸੁਣਿਆ ਸੀ ਜਾਂ ਜੋ ਬਾਈਬਲ ਬਾਰੇ ਕੁਝ ਵੀ ਨਹੀਂ ਜਾਣਦੇ ਸੀ, ਉਹ ਹੁਣ ਪਰਮੇਸ਼ੁਰ ਦੇ ਬਚਨ ਦੀ ਸੱਚਾਈ ਨੂੰ ਸਵੀਕਾਰ ਕਰ ਰਹੇ ਹਨ।—ਰੋਮੀ. 15:21.
4 ਜਦੋਂ ਵੱਖਰੀ ਭਾਸ਼ਾ ਬੋਲਣ ਵਾਲਾ ਵਿਅਕਤੀ ਸੱਚਾਈ ਬਾਰੇ ਸਿੱਖਣਾ ਚਾਹੁੰਦਾ ਹੈ, ਤਾਂ ਅਸੀਂ ਉਸ ਦੀ ਕਿੱਦਾਂ ਮਦਦ ਕਰ ਸਕਦੇ ਹਾਂ? ਜੇ ਸਾਡੇ ਸ਼ਹਿਰ ਵਿਚ ਉਸ ਭਾਸ਼ਾ ਦੀ ਕੋਈ ਕਲੀਸਿਯਾ ਹੈ, ਤਾਂ ਅਸੀਂ ਇਨ੍ਹਾਂ ਨੂੰ ਮਿਲੋ (S-43) ਫ਼ਾਰਮ ਉੱਤੇ ਉਸ ਰੁਚੀ ਰੱਖਣ ਵਾਲੇ ਵਿਅਕਤੀ ਦਾ ਪਤਾ ਲਿਖ ਕੇ ਉਸ ਕਲੀਸਿਯਾ ਨੂੰ ਦੇ ਸਕਦੇ ਹਾਂ। ਜੇ ਅਜਿਹੀ ਕਲੀਸਿਯਾ ਨਹੀਂ ਹੈ, ਤਾਂ ਅਸੀਂ ਇਹ ਭਾਸ਼ਾ ਬੋਲਣ ਵਾਲੇ ਕਿਸੇ ਪ੍ਰਕਾਸ਼ਕ ਨੂੰ ਉਸ ਵਿਅਕਤੀ ਦਾ ਪਤਾ ਦੇ ਸਕਦੇ ਹਾਂ। ਜਦੋਂ ਸਾਨੂੰ ਅਜਿਹੇ ਕਿਸੇ ਵਿਅਕਤੀ ਨੂੰ ਮਿਲਣ ਲਈ ਕਿਹਾ ਜਾਂਦਾ ਹੈ, ਤਾਂ ਕੀ ਅਸੀਂ ਉਸ ਨੂੰ ਮਿਲਣ ਦੀ ਪੂਰੀ ਕੋਸ਼ਿਸ਼ ਕਰਾਂਗੇ? ਇਸ ਤਰ੍ਹਾਂ, ਅਸੀਂ ਆਪਣੇ ਇਲਾਕੇ ਵਿਚ ਹਰ ਭਾਸ਼ਾ ਦੇ ਲੋਕਾਂ ਨੂੰ ਉਨ੍ਹਾਂ ਦੀ ਹੀ ਭਾਸ਼ਾ ਵਿਚ ਖ਼ੁਸ਼ ਖ਼ਬਰੀ ਚੰਗੀ ਤਰ੍ਹਾਂ ਸੁਣਾ ਸਕਾਂਗੇ।—ਕੁਲੁ. 1:25.
5 ਪਰਮੇਸ਼ੁਰ ਦੇ ਰਾਜ ਦਾ ਸੰਦੇਸ਼ ਹਰ ਪਿਛੋਕੜ ਅਤੇ ਭਾਸ਼ਾ ਦੇ ਲੋਕਾਂ ਦੇ ਦਿਲਾਂ ਨੂੰ ਛੂੰਹ ਸਕਦਾ ਹੈ। ਇਸ ਲਈ ਆਓ ਆਪਾਂ ਉਨ੍ਹਾਂ ਨਾਲ ਖ਼ੁਸ਼ ਖ਼ਬਰੀ ਸਾਂਝੀ ਕਰਨ ਲਈ ਆਪਣੀ ਪੁਰਜ਼ੋਰ ਕੋਸ਼ਿਸ਼ ਕਰੀਏ।