ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g 7/8/02 ਸਫ਼ੇ 7-11
  • ਪੜ੍ਹਾਉਣ ਵਿਚ ਕੀ ਕੁਝ ਸ਼ਾਮਲ ਹੈ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪੜ੍ਹਾਉਣ ਵਿਚ ਕੀ ਕੁਝ ਸ਼ਾਮਲ ਹੈ?
  • ਜਾਗਰੂਕ ਬਣੋ!—2002
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਟੀਚਰਾਂ ਦਾ ਨਿਰਾਦਰ
  • ਡ੍ਰੱਗਜ਼ ਅਤੇ ਹਿੰਸਾ
  • ਸਕੂਲਾਂ ਵਿਚ ਬੰਦੂਕਾਂ?
  • ਨਿਆਣਿਆਂ ਦੇ ਨਿਆਣੇ
  • ‘ਬੱਚਿਆਂ ਦੇ ਸਿਰਫ਼ ਖਿਡਾਵੇ’
  • ਟੀਚਰਾਂ ਦੀ ਕਮੀ ਕਿਉਂ ਹੈ?
  • ਜ਼ਿਆਦਾ ਵਿਦਿਆਰਥੀ ਪਰ ਘੱਟ ਟੀਚਰ
  • ਅਧਿਆਪਕ ਕਿਉਂ ਬਣੀਏ?
    ਜਾਗਰੂਕ ਬਣੋ!—2002
  • ਪੜ੍ਹਾਉਣ-ਲਿਖਾਉਣ ਦੇ ਕੰਮ ਵਿਚ ਖ਼ੁਸ਼ੀਆਂ
    ਜਾਗਰੂਕ ਬਣੋ!—2002
  • ਅਧਿਆਪਕ—ਸਾਨੂੰ ਉਨ੍ਹਾਂ ਦੀ ਕਿਉਂ ਜ਼ਰੂਰਤ ਹੈ?
    ਜਾਗਰੂਕ ਬਣੋ!—2002
  • ਸਾਡੇ ਪਾਠਕਾਂ ਵੱਲੋਂ
    ਜਾਗਰੂਕ ਬਣੋ!—2003
ਜਾਗਰੂਕ ਬਣੋ!—2002
g 7/8/02 ਸਫ਼ੇ 7-11

ਪੜ੍ਹਾਉਣ ਵਿਚ ਕੀ ਕੁਝ ਸ਼ਾਮਲ ਹੈ?

‘ਅਸੀਂ ਟੀਚਰਾਂ ਤੋਂ ਵੱਡੀਆਂ-ਵੱਡੀਆਂ ਆਸਾਂ ਲਾਉਂਦੇ ਹਾਂ, ਪਰ ਸਾਡੇ ਸਕੂਲਾਂ ਵਿਚ ਇਨ੍ਹਾਂ ਮਿਹਨਤੀ ਲੋਕਾਂ ਦੀ ਜ਼ਿਆਦਾ ਕਦਰ ਨਹੀਂ ਕੀਤੀ ਜਾਂਦੀ।’​—ਕੈੱਨ ਐਲਟਿਸ, ਯੂਨੀਵਰਸਿਟੀ ਆਫ਼ ਸਿਡਨੀ, ਆਸਟ੍ਰੇਲੀਆ।

ਇਸ ਪੇਸ਼ੇ ਨੂੰ “ਸਭ ਤੋਂ ਜ਼ਰੂਰੀ ਪੇਸ਼ਾ” ਕਿਹਾ ਗਿਆ ਹੈ। ਪਰ ਇਹ ਗੱਲ ਵੀ ਮੰਨਣੀ ਪੈਂਦੀ ਹੈ ਕਿ ਇਸ ਵਿਚ ਬਹੁਤ ਹੀ ਮੁਸ਼ਕਲਾਂ ਹਨ ਜਿਵੇਂ ਕਿ ਥੋੜ੍ਹੀ ਤਨਖ਼ਾਹ, ਘਟੀਆ ਕਲਾਸ ਰੂਮ, ਬੇਹੱਦ ਕਾਗਜ਼ੀ ਕੰਮ, ਨਿਆਣਿਆਂ ਨਾਲ ਭਰੀਆਂ ਕਲਾਸਾਂ, ਟੀਚਰਾਂ ਦਾ ਨਿਰਾਦਰ, ਹਿੰਸਾ, ਮਾਪਿਆਂ ਵੱਲੋਂ ਲਾਪਰਵਾਹੀ ਵਗੈਰਾ-ਵਗੈਰਾ। ਕੁਝ ਟੀਚਰ ਐਸੀਆਂ ਮੁਸ਼ਕਲਾਂ ਦਾ ਕਿਵੇਂ ਸਾਮ੍ਹਣਾ ਕਰਦੇ ਹਨ?

ਟੀਚਰਾਂ ਦਾ ਨਿਰਾਦਰ

ਅਸੀਂ ਨਿਊਯਾਰਕ ਸਿਟੀ ਦੇ ਚਾਰ ਟੀਚਰਾਂ ਨੂੰ ਪੁੱਛਿਆ ਕਿ ਉਨ੍ਹਾਂ ਵਾਸਤੇ ਸਭ ਤੋਂ ਵੱਡੀਆਂ ਮੁਸ਼ਕਲਾਂ ਕੀ ਹਨ। ਚਾਰਾਂ ਨੇ ਇੱਕੋ ਜਵਾਬ ਦਿੱਤਾ: “ਟੀਚਰਾਂ ਦਾ ਨਿਰਾਦਰ।”

ਕੀਨੀਆ ਦੇ ਰਹਿਣ ਵਾਲੇ 40-ਸਾਲਾ ਵਿਲੀਅਮ ਦੇ ਅਨੁਸਾਰ ਇਸ ਮਾਮਲੇ ਵਿਚ ਅਫ਼ਰੀਕਾ ਦੇ ਨਿਆਣੇ ਵੀ ਦੂਜਿਆਂ ਦੇਸ਼ਾਂ ਨਾਲੋਂ ਘੱਟ ਨਹੀਂ। ਉਸ ਨੇ ਕਿਹਾ: “ਅੱਗੇ ਨਾਲੋਂ ਹੁਣ ਨਿਆਣਿਆਂ ਵਿਚ ਡਿਸਿਪਲਨ ਘੱਟ ਗਿਆ ਹੈ। ਜਦੋਂ ਮੈਂ ਛੋਟਾ ਹੁੰਦਾ ਸੀ, ਉਦੋਂ ਅਫ਼ਰੀਕੀ ਸਮਾਜ ਵਿਚ ਟੀਚਰਾਂ ਦਾ ਬਹੁਤ ਆਦਰ ਕੀਤਾ ਜਾਂਦਾ ਸੀ। ਕੀ ਨਿਆਣੇ ਕੀ ਸਿਆਣੇ ਸਭ ਟੀਚਰਾਂ ਨੂੰ ਚੰਗੀ ਮਿਸਾਲ ਵਜੋਂ ਦੇਖਦੇ ਸਨ। ਇਹ ਆਦਰ ਹੁਣ ਘੱਟ ਗਿਆ ਹੈ। ਅਫ਼ਰੀਕਾ ਦੇ ਪੇਂਡੂ ਇਲਾਕਿਆਂ ਵਿਚ ਵੀ ਹੌਲੀ-ਹੌਲੀ ਪੱਛਮੀ ਸਭਿਆਚਾਰ ਦਾ ਪ੍ਰਭਾਵ ਪੈ ਰਿਹਾ ਹੈ। ਫ਼ਿਲਮਾਂ, ਵਿਡਿਓ ਅਤੇ ਰਸਾਲਿਆਂ ਵਿਚ ਦਿਖਾਇਆ ਜਾਂਦਾ ਹੈ ਕਿ ਦੂਜਿਆਂ ਦਾ ਨਿਰਾਦਰ ਕਰਨਾ ਬਹੁਤ ਵੱਡੀ ਗੱਲ ਹੈ।”

ਇਟਲੀ ਦੇ ਜੂਲੀਆਨੋ ਨਾਂ ਦੇ ਟੀਚਰ ਦੀ ਸ਼ਿਕਾਇਤ ਹੈ: “ਸਾਰੇ ਸਮਾਜ ਵਿਚ ਛਾਏ ਹੋਏ ਮਾਹੌਲ ਕਾਰਨ ਨਿਆਣੇ ਬੜੇ ਅੱਥਰੇ ਹਨ, ਉਹ ਕਹਿਣੇ ਨਹੀਂ ਲੱਗਦੇ।”

ਡ੍ਰੱਗਜ਼ ਅਤੇ ਹਿੰਸਾ

ਇਹ ਕਿੰਨੇ ਅਫ਼ਸੋਸ ਦੀ ਗੱਲ ਹੈ ਕਿ ਸਕੂਲਾਂ ਵਿਚ ਡ੍ਰੱਗਜ਼ ਦੀ ਸਮੱਸਿਆ ਬਹੁਤ ਵੱਡੀ ਹੈ! ਇਕ ਅਮਰੀਕੀ ਟੀਚਰ ਅਤੇ ਲੇਖਕ ਲੂਐਨ ਜੌਨਸਨ ਨੇ ਲਿਖਿਆ: ‘ਤਕਰੀਬਨ ਸਾਰੇ ਸਕੂਲਾਂ ਵਿਚ ਕਿੰਡਰਗਾਰਟਨ ਤੋਂ ਹੀ ਸਿੱਖਿਆ ਦਿੱਤੀ ਜਾਂਦੀ ਹੈ ਕਿ ਡ੍ਰੱਗਜ਼ ਤੋਂ ਕਿਵੇਂ ਪਰਹੇਜ਼ ਕੀਤਾ ਜਾਣਾ ਚਾਹੀਦਾ ਹੈ। ਸਿਆਣਿਆਂ ਨਾਲੋਂ ਨਿਆਣਿਆਂ ਨੂੰ ਡ੍ਰੱਗਜ਼ ਬਾਰੇ ਜ਼ਿਆਦਾ ਜਾਣਕਾਰੀ ਹੈ।’ ਉਸ ਨੇ ਅੱਗੇ ਕਿਹਾ: “ਉਹੀ ਵਿਦਿਆਰਥੀ ਡ੍ਰੱਗਜ਼ ਵਰਤਦੇ ਹਨ ਜੋ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨਾਲ ਕੋਈ ਪਿਆਰ ਨਹੀਂ ਕਰਦਾ, ਉਨ੍ਹਾਂ ਦੀ ਕੋਈ ਪਰਵਾਹ ਨਹੀਂ ਕਰਦਾ, ਉਹ ਇਕੱਲੇ ਹਨ ਤੇ ਬੋਰ ਮਹਿਸੂਸ ਕਰਦੇ ਹਨ।”​—ਟੂ ਪਾਰਟਜ਼ ਟੈਕਸਟਬੁੱਕ, ਵੰਨ ਪਾਰਟ ਲਵ।

ਆਸਟ੍ਰੇਲੀਆ ਦੇ ਇਕ ਟੀਚਰ ਕੈੱਨ ਨੇ ਪੁੱਛਿਆ: “ਅਸੀਂ ਇਕ ਨੌ-ਸਾਲਾ ਨਿਆਣੇ ਨੂੰ ਕਿਸ ਤਰ੍ਹਾਂ ਪੜ੍ਹਾਈਏ ਜਿਸ ਦੇ ਮਾਪਿਆਂ ਨੇ ਹੀ ਉਸ ਨੂੰ ਡ੍ਰੱਗਜ਼ ਵਰਤਣੇ ਸਿਖਾਏ ਤੇ ਹੁਣ ਉਹ ਆਪ ਅਮਲੀ ਬਣ ਗਿਆ ਹੈ?” ਤੀਹਾਂ ਸਾਲਾਂ ਤੋਂ ਉੱਪਰ ਮਾਈਕਲ ਨਾਂ ਦਾ ਟੀਚਰ ਜਰਮਨੀ ਵਿਚ ਇਕ ਹਾਈ ਸਕੂਲ ਵਿਚ ਪੜ੍ਹਾਉਂਦਾ ਹੈ। ਉਸ ਨੇ ਲਿਖਿਆ: “ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਡ੍ਰੱਗਜ਼ ਵੇਚੇ ਅਤੇ ਖ਼ਰੀਦੇ ਜਾਂਦੇ ਹਨ। ਪਰ ਇਵੇਂ ਕਰਨ ਵਾਲੇ ਲੋਕ ਘੱਟ ਹੀ ਫੜੇ ਜਾਂਦੇ ਹਨ।” ਉਸ ਨੇ ਇਹ ਵੀ ਕਿਹਾ ਕਿ ਨਿਆਣੇ “ਪਾਗਲਾਂ ਵਾਂਗ ਭੰਨ-ਤੋੜ ਕਰਦੇ ਹਨ,” ਪਰ ਉਨ੍ਹਾਂ ਨੂੰ ਕੋਈ ਝਿੜਕਦਾ ਨਹੀਂ। ਉਸ ਨੇ ਦੱਸਿਆ ਕਿ “ਮੇਜ਼-ਕੁਰਸੀਆਂ ਭੰਨ ਦਿੱਤੇ ਜਾਂਦੇ ਹਨ ਅਤੇ ਕੰਧਾਂ ਤੇ ਗੰਦ-ਮੰਦ ਲਿਖਿਆ ਜਾਂਦਾ ਹੈ। ਕਈ ਨਿਆਣੇ ਦੁਕਾਨਾਂ ਵਿੱਚੋਂ ਚੋਰੀਆਂ ਕਰਦੇ ਹਨ ਅਤੇ ਪੁਲਸ ਉਨ੍ਹਾਂ ਨੂੰ ਗਿਰਫ਼ਤਾਰ ਕਰਦੀ ਹੈ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਸਕੂਲਾਂ ਵਿਚ ਵੀ ਇੰਨੀ ਚੋਰੀ ਹੁੰਦੀ ਹੈ!”

ਗਵਾਨਹੁਵਾਟੋ ਸਟੇਟ, ਮੈਕਸੀਕੋ ਵਿਚ ਅਮੀਰਾ ਇਕ ਟੀਚਰ ਹੈ। ਉਸ ਨੇ ਕਿਹਾ: “ਅਸੀਂ ਪਰਿਵਾਰਾਂ ਵਿਚ ਹਿੰਸਾ ਅਤੇ ਡ੍ਰੱਗਜ਼ ਵਰਗੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਰਦੇ ਹਾਂ ਜਿਨ੍ਹਾਂ ਦਾ ਅਸਰ ਸਿੱਧਾ ਨਿਆਣਿਆਂ ਉੱਤੇ ਪੈਂਦਾ ਹੈ। ਉਹ ਗੰਦੇ ਕੰਮਾਂ ਅਤੇ ਗੰਦੀਆਂ ਗਾਲਾਂ ਦੇ ਮਾਹੌਲ ਵਿਚ ਪਲ਼ ਰਹੇ ਹਨ। ਗ਼ਰੀਬੀ ਪਿੱਛਾ ਨਹੀਂ ਛੱਡਦੀ। ਭਾਵੇਂ ਕਿ ਇੱਥੇ ਸਕੂਲਾਂ ਵਿਚ ਫੀਸ ਨਹੀਂ ਭਰਨੀ ਪੈਂਦੀ, ਪਰ ਮਾਪਿਆਂ ਨੂੰ ਆਪਣੇ ਨਿਆਣਿਆਂ ਦੀ ਪੜ੍ਹਾਈ ਲਈ ਕਿਤਾਬਾਂ-ਕਾਪੀਆਂ ਵਗੈਰਾ ਖ਼ਰੀਦਣੀਆਂ ਪੈਂਦੀਆਂ ਹਨ। ਪਰ ਇਨ੍ਹਾਂ ਚੀਜ਼ਾਂ ਤੋਂ ਵੀ ਪਹਿਲਾਂ ਉਨ੍ਹਾਂ ਨੂੰ ਨਿਆਣਿਆਂ ਦਾ ਢਿੱਡ ਭਰਨ ਦੀ ਚਿੰਤਾ ਹੁੰਦੀ ਹੈ।”

ਸਕੂਲਾਂ ਵਿਚ ਬੰਦੂਕਾਂ?

ਹਾਲ ਹੀ ਵਿਚ ਅਮਰੀਕਾ ਦੀਆਂ ਕਈ ਹਿੰਸਕ ਘਟਨਾਵਾਂ ਵਿਚ ਬੰਦੂਕਾਂ ਵਰਤੀਆਂ ਗਈਆਂ। ਇਸ ਤੋਂ ਪਤਾ ਲੱਗਦਾ ਹੈ ਕਿ ਇਸ ਦੇਸ਼ ਵਿਚ ਇਹ ਕਿੱਡੀ ਵੱਡੀ ਸਮੱਸਿਆ ਹੈ। ਇਕ ਰਿਪੋਰਟ ਅਨੁਸਾਰ “ਦੇਸ਼ ਦੇ 87,125 ਪਬਲਿਕ ਸਕੂਲਾਂ ਵਿਚ ਰੋਜ਼ ਅੰਦਾਜ਼ਨ 1,35,000 ਬੰਦੂਕਾਂ ਲਿਆਈਆਂ ਜਾਂਦੀਆਂ ਹਨ। ਸਕੂਲਾਂ ਵਿਚ ਇਨ੍ਹਾਂ ਤੇ ਰੋਕ ਲਾਉਣ ਲਈ ਸੁਰੱਖਿਆ ਗਾਰਡ ਵਿਦਿਆਰਥੀਆਂ ਦੇ ਲਾਕਰ ਚੈੱਕ ਕਰਦੇ ਹਨ ਤੇ ਮੈਟਲ ਡਿਟੈਕਟਰ, ਕੈਮਰੇ ਅਤੇ ਖ਼ਾਸ ਤੌਰ ਤੇ ਟ੍ਰੇਨ ਕੀਤੇ ਗਏ ਕੁੱਤੇ ਵਰਤਦੇ ਹਨ। ਵਿਦਿਆਰਥੀਆਂ ਨੂੰ ਆਈ ਡੀ ਕਾਰਡ ਦਿੱਤੇ ਗਏ ਹਨ ਅਤੇ ਸਕੂਲਾਂ ਵਿਚ ਬੈਗ ਲਿਆਉਣ ਦੀ ਮਨਾਹੀ ਹੈ।” (ਟੀਚਿੰਗ ਇੰਨ ਅਮੈਰੀਕਾ) ਸੁਰੱਖਿਆ ਲਈ ਐਸੇ ਕਦਮ ਚੁੱਕੇ ਜਾਣ ਕਾਰਨ ਅਸੀਂ ਪੁੱਛਦੇ ਹਾਂ ਕਿ ਕੀ ਅਸੀਂ ਸਕੂਲਾਂ ਦੀ ਗੱਲ ਕਰ ਰਹੇ ਹਾਂ ਜਾਂ ਜੇਲ੍ਹਾਂ ਦੀ? ਇਸ ਰਿਪੋਰਟ ਨੇ ਦੱਸਿਆ ਕਿ ਸਕੂਲਾਂ ਵਿਚ ਬੰਦੂਕਾਂ ਲਿਜਾਣ ਕਰਕੇ 6,000 ਵਿਦਿਆਰਥੀਆਂ ਨੂੰ ਸਕੂਲੋਂ ਕੱਢ ਦਿੱਤਾ ਗਿਆ ਹੈ!

ਨਿਊਯਾਰਕ ਸਿਟੀ ਦੀ ਆਇਰਿਸ ਨਾਂ ਦੀ ਟੀਚਰ ਨੇ ਜਾਗਰੂਕ ਬਣੋ! ਰਸਾਲੇ ਨੂੰ ਦੱਸਿਆ: “ਵਿਦਿਆਰਥੀ ਚੋਰੀ-ਛਿਪੇ ਸਕੂਲਾਂ ਵਿਚ ਹਥਿਆਰ ਲੈ ਆਉਂਦੇ ਹਨ। ਉਨ੍ਹਾਂ ਨੂੰ ਮੈਟਲ ਡਿਟੈਕਟਰਾਂ ਦਾ ਕੋਈ ਡਰ ਨਹੀਂ। ਸਕੂਲਾਂ ਵਿਚ ਹਿੰਸਾ ਇਕ ਹੋਰ ਵੱਡੀ ਸਮੱਸਿਆ ਹੈ।”

ਇਸ ਬੁਰੇ ਮਾਹੌਲ ਵਿਚ ਮਿਹਨਤੀ ਟੀਚਰ ਪੜ੍ਹਾਉਣ ਅਤੇ ਚੰਗੀਆਂ ਕਦਰ-ਕੀਮਤਾਂ ਸਿਖਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਫਿਰ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਟੀਚਰ ਡਿਪ੍ਰੈਸ ਹੋ ਜਾਂਦੇ ਹਨ ਅਤੇ ਥੱਕ ਜਾਂਦੇ ਹਨ। ਟੂਰਿੰਗਿਆ, ਜਰਮਨੀ ਵਿਚ ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਰੌਲਫ਼ ਬੂਸ਼ ਨੇ ਕਿਹਾ: “ਜਰਮਨੀ ਦੇ ਦਸ ਲੱਖ ਟੀਚਰਾਂ ਦਾ ਤਕਰੀਬਨ ਇਕ ਤਿਹਾਈ ਹਿੱਸਾ ਦਬਾਅ ਦੇ ਕਾਰਨ ਬੀਮਾਰ ਹੋ ਜਾਂਦਾ ਹੈ। ਇਹ ਨੌਕਰੀ ਉਨ੍ਹਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਬਿਲਕੁਲ ਥਕਾ ਦਿੰਦੀ ਹੈ।”

ਨਿਆਣਿਆਂ ਦੇ ਨਿਆਣੇ

ਮੁੰਡੇ-ਕੁੜੀਆਂ ਦੇ ਆਪਸ ਵਿਚ ਸੈਕਸ ਸੰਬੰਧ ਇਕ ਹੋਰ ਵੱਡੀ ਸਮੱਸਿਆ ਹੈ। ਟੀਚਿੰਗ ਇੰਨ ਅਮੈਰੀਕਾ ਪੁਸਤਕ ਦੇ ਲੇਖਕ ਜੌਰਜ ਐੱਸ. ਮੌਰੀਸਨ ਨੇ ਉਸ ਦੇਸ਼ ਬਾਰੇ ਕਿਹਾ: “ਤਕਰੀਬਨ ਦਸ ਲੱਖ (15 ਤੋਂ 19 ਸਾਲਾਂ ਦੀਆਂ 11 ਫੀ ਸਦੀ) ਲੜਕੀਆਂ ਹਰ ਸਾਲ ਗਰਭਵਤੀ ਹੋ ਜਾਂਦੀਆਂ ਹਨ।” ਅਮੀਰ ਦੇਸ਼ਾਂ ਵਿੱਚੋਂ ਅਮਰੀਕਾ ਵਿਚ ਸਭ ਤੋਂ ਜ਼ਿਆਦਾ ਕੁੜੀਆਂ ਗਰਭਵਤੀ ਹੁੰਦੀਆਂ ਹਨ।

ਆਇਰਿਸ ਨੇ ਵੀ ਇਹੀ ਕਿਹਾ: “ਗੱਭਰੂ ਲੜਕੇ-ਲੜਕੀਆਂ ਸਿਰਫ਼ ਸੈਕਸ ਅਤੇ ਪਾਰਟੀਆਂ ਬਾਰੇ ਹੀ ਗੱਲਾਂ ਕਰਦੇ ਹਨ। ਉਨ੍ਹਾਂ ਦਾ ਪੂਰਾ ਧਿਆਨ ਇੱਧਰ ਹੀ ਲੱਗਾ ਰਹਿੰਦਾ ਹੈ। ਹੁਣ ਉਹ ਸਕੂਲ ਦੇ ਕੰਪਿਊਟਰਾਂ ਉੱਤੇ ਇੰਟਰਨੈੱਟ ਵਰਤ ਸਕਦੇ ਹਨ! ਇਸ ਦਾ ਮਤਲਬ ਹੈ ਕਿ ਚੈਟ ਗਰੁੱਪਾਂ ਰਾਹੀਂ ਉਨ੍ਹਾਂ ਉੱਤੇ ਗੰਦੀਆਂ ਗੱਲਾਂ ਤੇ ਤਸਵੀਰਾਂ ਦਾ ਪ੍ਰਭਾਵ ਪੈਂਦਾ ਹੈ।” ਮੈਡਰਿਡ ਤੋਂ ਏਂਜਲ ਨਾਂ ਦੇ ਟੀਚਰ ਨੇ ਕਿਹਾ ਕਿ “ਵਿਦਿਆਰਥੀਆਂ ਵਿਚਕਾਰ ਖੁੱਲ੍ਹਾ ਸੰਭੋਗ ਹੁਣ ਆਮ ਗੱਲ ਹੋ ਗਈ ਹੈ। ਸਾਡੇ ਇਲਾਕੇ ਵਿਚ ਕਾਫ਼ੀ ਛੋਟੀ ਉਮਰ ਦੀਆਂ ਕੁੜੀਆਂ ਗਰਭਵਤੀ ਹੋ ਚੁੱਕੀਆਂ ਹਨ।”

‘ਬੱਚਿਆਂ ਦੇ ਸਿਰਫ਼ ਖਿਡਾਵੇ’

ਟੀਚਰਾਂ ਵੱਲੋਂ ਇਕ ਹੋਰ ਸ਼ਿਕਾਇਤ ਇਹ ਹੈ ਕਿ ਕਈ ਮਾਪੇ ਘਰ ਵਿਚ ਆਪ ਆਪਣੇ ਬੱਚਿਆਂ ਨੂੰ ਸਿੱਖਿਆ ਦੇਣ ਦੀ ਜ਼ਿੰਮੇਵਾਰੀ ਨਹੀਂ ਚੁੱਕਦੇ। ਟੀਚਰਾਂ ਅਨੁਸਾਰ ਬੱਚਿਆਂ ਦੇ ਸਭ ਤੋਂ ਪਹਿਲੇ ਸਿੱਖਿਅਕ ਮਾਪੇ ਹੋਣੇ ਚਾਹੀਦੇ ਹਨ। ਉਨ੍ਹਾਂ ਨੂੰ ਬੋਲਣ-ਚੱਲਣ ਦੀ ਤਮੀਜ਼ ਘਰ ਵਿਚ ਸਿਖਾਈ ਜਾਣੀ ਚਾਹੀਦੀ ਹੈ। ਕੋਈ ਹੈਰਾਨੀ ਨਹੀਂ ਹੈ ਕਿ ਅਮਰੀਕੀ ਟੀਚਰਾਂ ਦੀ ਫੈਡਰੇਸ਼ਨ ਦੀ ਪ੍ਰਧਾਨ ਸਾਂਡਰਾ ਫੈਲਡਮਨ ਕਹਿੰਦੀ ਹੈ ਕਿ ‘ਟੀਚਰਾਂ ਨੂੰ ਸਿਰਫ਼ ਬੱਚਿਆਂ ਦੇ ਖਿਡਾਵੇ ਸਮਝਣ ਦੀ ਬਜਾਇ ਉਨ੍ਹਾਂ ਨਾਲ ਪੜ੍ਹਿਆਂ-ਲਿਖਿਆਂ ਵਾਲਾ ਵਰਤਾਅ ਕਰਨਾ ਚਾਹੀਦਾ ਹੈ।’

ਸਕੂਲ ਵਿਚ ਉਨ੍ਹਾਂ ਦੇ ਬੱਚਿਆਂ ਨੂੰ ਦਿੱਤੇ ਗਏ ਡਿਸਿਪਲਨ ਤੋਂ ਮਾਪੇ ਅਕਸਰ ਨਾਰਾਜ਼ ਹੁੰਦੇ ਹਨ। ਲੀਮੇਰੀਜ਼, ਜਿਸ ਦਾ ਹਵਾਲਾ ਪਿਛਲੇ ਲੇਖ ਵਿਚ ਦਿੱਤਾ ਗਿਆ ਹੈ, ਨੇ ਜਾਗਰੂਕ ਬਣੋ! ਰਸਾਲੇ ਨੂੰ ਦੱਸਿਆ: “ਜੇ ਅਸੀਂ ਪ੍ਰਿੰਸੀਪਲ ਨੂੰ ਕਸੂਰਵਾਰ ਨਿਆਣਿਆਂ ਦੀ ਸ਼ਿਕਾਇਤ ਲਾਉਂਦੇ ਹਾਂ, ਤਾਂ ਅਗਲੀ ਘੜੀ ਮਾਪੇ ਸਾਡੇ ਸਿਰ ਤੇ ਭਾਂਡੇ ਭੰਨਦੇ ਹਨ!” ਬੂਸ਼, ਜਿਸ ਦਾ ਪਹਿਲਾਂ ਹਵਾਲਾ ਦਿੱਤਾ ਗਿਆ ਹੈ, ਨੇ ਢੀਠ ਵਿਦਿਆਰਥੀਆਂ ਬਾਰੇ ਕਿਹਾ: “ਪਰਿਵਾਰਾਂ ਵਿਚ ਬੱਚਿਆਂ ਦੀ ਚੰਗੀ ਪਰਵਰਿਸ਼ ਦਾ ਰਿਵਾਜ ਖ਼ਤਮ ਹੋ ਰਿਹਾ ਹੈ। ਹੁਣ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਰੇ ਨਿਆਣੇ ਚੰਗਿਆਂ ਪਰਿਵਾਰਾਂ ਤੋਂ ਹੀ ਆਉਂਦੇ ਹਨ।” ਮੈਂਡੋਜ਼ਾ, ਅਰਜਨਟੀਨਾ ਦੀ ਰਹਿਣ ਵਾਲੀ ਐਸਟੈਲਾ ਨੇ ਕਿਹਾ: “ਟੀਚਰ ਹੁਣ ਨਿਆਣਿਆਂ ਤੋਂ ਡਰਦੇ ਹਨ। ਜੇ ਅਸੀਂ ਉਨ੍ਹਾਂ ਨੂੰ ਥੋੜ੍ਹੇ ਨੰਬਰ ਦਿੰਦੇ ਹਾਂ, ਤਾਂ ਉਹ ਸਾਡੇ ਪੱਥਰ ਮਾਰਦੇ ਹਾਂ ਜਾਂ ਸਾਡੇ ਤੇ ਹਮਲਾ ਕਰਦੇ ਹਨ। ਜੇ ਸਾਡੇ ਵਿੱਚੋਂ ਕਿਸੇ ਕੋਲ ਕਾਰ ਹੈ, ਤਾਂ ਉਹ ਉਸ ਨੂੰ ਭੰਨ-ਤੋੜ ਦਿੰਦੇ ਹਨ।”

ਕੀ ਇਹ ਹੈਰਾਨੀ ਦੀ ਗੱਲ ਹੈ ਕਿ ਕਈਆਂ ਦੇਸ਼ਾਂ ਵਿਚ ਟੀਚਰਾਂ ਦੀ ਕਮੀ ਹੈ? ਨਿਊਯਾਰਕ ਦੀ ਕਾਰਨੈਗੀ ਕਾਰਪੋਰੇਸ਼ਨ ਦੇ ਪ੍ਰਧਾਨ ਵਾਰਟਨ ਗ੍ਰੈਗੋਰੀਅਨ ਨੇ ਚੇਤਾਵਨੀ ਦਿੱਤੀ: “ਅਗਲੇ ਦਸ ਸਾਲਾਂ ਵਿਚ ਸਾਡੇ [ਅਮਰੀਕੀ] ਸਕੂਲਾਂ ਵਿਚ 25 ਲੱਖ ਨਵਿਆਂ ਟੀਚਰਾਂ ਦੀ ਜ਼ਰੂਰਤ ਹੋਵੇਗੀ।” ਵੱਡੇ-ਵੱਡੇ ਸ਼ਹਿਰ “ਹੁਣ ਭਾਰਤ, ਵੈਸਟ ਇੰਡੀਜ਼, ਦੱਖਣੀ ਅਫ਼ਰੀਕਾ, ਯੂਰਪ ਅਤੇ ਦੂਸਰੇ ਦੇਸ਼ਾਂ ਤੋਂ ਜਿੱਥੋਂ ਵੀ ਮਿਲ ਸਕਣ ਚੰਗੇ ਟੀਚਰ ਭਾਲ ਰਹੇ ਹਨ।” ਪਰ ਇਸ ਕਾਰਨ ਇਨ੍ਹਾਂ ਦੇਸ਼ਾਂ ਵਿਚ ਵੀ ਟੀਚਰਾਂ ਦੀ ਕਮੀ ਹੋ ਸਕਦੀ ਹੈ।

ਟੀਚਰਾਂ ਦੀ ਕਮੀ ਕਿਉਂ ਹੈ?

ਯਸ਼ੀਨੋਰੀ ਨਾਂ ਦਾ ਇਕ ਜਪਾਨੀ ਟੀਚਰ 32 ਸਾਲਾਂ ਤੋਂ ਪੜ੍ਹਾਉਂਦਾ ਆਇਆ ਹੈ। ਉਸ ਨੇ ਕਿਹਾ: “ਵਿਦਿਆ ਦੇਣ ਦਾ ਕੰਮ ਬਹੁਤ ਚੰਗੇ ਮਕਸਦ ਵਾਲਾ ਕੰਮ ਹੈ, ਇਹ ਇਕ ਨੇਕ ਕੰਮ ਹੈ। ਜਪਾਨੀ ਲੋਕ ਇਸ ਪੇਸ਼ੇ ਦੀ ਬਹੁਤ ਇੱਜ਼ਤ ਕਰਦੇ ਹਨ।” ਪਰ ਦੁਨੀਆਂ ਦੇ ਸਾਰੇ ਲੋਕ ਇਵੇਂ ਨਹੀਂ ਸੋਚਦੇ। ਗ੍ਰੈਗੋਰੀਅਨ, ਜਿਸ ਦਾ ਪਹਿਲਾਂ ਵੀ ਹਵਾਲਾ ਦਿੱਤਾ ਗਿਆ ਹੈ, ਨੇ ਕਿਹਾ ਕਿ ਟੀਚਰਾਂ ਨੂੰ ‘ਨਾ ਮਾਣ, ਨਾ ਪਛਾਣ ਤੇ ਨਾ ਹੀ ਚੰਗੀ ਤਨਖ਼ਾਹ ਦਿੱਤੀ ਜਾਂਦੀ ਹੈ। ਜ਼ਿਆਦਾਤਰ ਅਮਰੀਕਨ ਰਾਜਾਂ ਵਿਚ ਟੀਚਰਾਂ ਨੂੰ ਬੀ ਏ ਤੇ ਐੱਮ ਏ ਡਿਗਰੀ ਵਾਲੀਆਂ ਦੂਜੀਆਂ ਨੌਕਰੀਆਂ ਨਾਲੋਂ ਘੱਟ ਤਨਖ਼ਾਹ ਮਿਲਦੀ ਹੈ।’

ਕੈੱਨ ਐਲਟਿਸ ਜਿਸ ਦਾ ਸ਼ੁਰੂ ਵਿਚ ਹਵਾਲਾ ਦਿੱਤਾ ਗਿਆ, ਨੇ ਲਿਖਿਆ: ‘ਉਦੋਂ ਕੀ ਹੁੰਦਾ ਹੈ ਜਦੋਂ ਟੀਚਰਾਂ ਨੂੰ ਪਤਾ ਲੱਗਦਾ ਹੈ ਕਿ ਘੱਟ ਪੜ੍ਹੇ-ਲਿਖੇ ਲੋਕ ਉਨ੍ਹਾਂ ਨਾਲੋਂ ਜ਼ਿਆਦਾ ਤਨਖ਼ਾਹ ਘਰ ਲਿਜਾਂਦੇ ਹਨ। ਜਾਂ ਉਹ ਵਿਦਿਆਰਥੀ ਜਿਨ੍ਹਾਂ ਨੂੰ ਉਨ੍ਹਾਂ ਨੇ ਇਕ ਸਾਲ ਪਹਿਲਾਂ ਪੜ੍ਹਾਇਆ ਸੀ, ਹੁਣ ਉਨ੍ਹਾਂ ਨਾਲੋਂ ਜ਼ਿਆਦਾ ਪੈਸੇ ਕਮਾਉਂਦੇ ਹਨ, ਇੰਨਾ ਪੈਸਾ ਜਿੰਨਾ ਟੀਚਰ ਪੰਜਾਂ ਸਾਲਾਂ ਵਿਚ ਵੀ ਨਹੀਂ ਕਮਾਉਣਗੇ? ਇਵੇਂ ਪਤਾ ਲੱਗਣ ਤੇ ਉਹ ਆਪ ਆਪਣੀਆਂ ਨਜ਼ਰਾਂ ਵਿਚ ਡਿੱਗ ਪੈਂਦੇ ਹਨ।’

ਵਿਲਿਅਮ ਏਅਰਜ਼ ਨੇ ਲਿਖਿਆ: ‘ਟੀਚਰਾਂ ਦੀ ਤਨਖ਼ਾਹ ਬਹੁਤ ਥੋੜ੍ਹੀ ਹੈ। ਵਕੀਲਾਂ ਨੂੰ ਟੀਚਰਾਂ ਨਾਲੋਂ ਚਾਰ ਗੁਣਾ ਜ਼ਿਆਦਾ ਤਨਖ਼ਾਹ ਮਿਲਦੀ ਹੈ ਤੇ ਅਕਾਊਂਟੈਂਟਸ ਨੂੰ ਦੁਗਣੀ। ਇੱਥੋਂ ਤਕ ਕਿ ਟਰੱਕ ਡਰਾਈਵਰਾਂ ਅਤੇ ਬੰਦਰਗਾਹ ਤੇ ਕੰਮ ਕਰਨ ਵਾਲੇ ਕਾਮਿਆਂ ਨੂੰ ਵੀ ਟੀਚਰਾਂ ਨਾਲੋਂ ਜ਼ਿਆਦਾ ਤਨਖ਼ਾਹ ਮਿਲਦੀ ਹੀ। ਹੋਰ ਕੋਈ ਪੇਸ਼ਾ ਨਹੀਂ ਹੈ ਜਿਸ ਵਿਚ ਇੰਨੀ ਮਿਹਨਤ ਕਰਨੀ ਪੈਂਦੀ ਹੈ ਪਰ ਇੰਨੀ ਘੱਟ ਤਨਖ਼ਾਹ ਮਿਲਦੀ ਹੈ।’ (ਟੂ ਟੀਚ—ਦ ਜਰਨੀ ਆਫ਼ ਏ ਟੀਚਰ) ਇਸੇ ਵਿਸ਼ੇ ਬਾਰੇ ਅਮਰੀਕਾ ਦੀ ਸਾਬਕਾ ਅਟਾਰਨੀ ਜਨਰਲ ਜੈਨਟ ਰੈਨੋ ਨੇ ਨਵੰਬਰ 2000 ਵਿਚ ਕਿਹਾ: ‘ਅਸੀਂ ਬੰਦਿਆਂ ਨੂੰ ਚੰਦ ਤਕ ਪਹੁੰਚਾ ਸਕਦੇ ਹਾਂ। ਅਸੀਂ ਆਪਣੇ ਖਿਡਾਰੀਆਂ ਨੂੰ ਵੱਡੀਆਂ-ਵੱਡੀਆਂ ਤਨਖ਼ਾਹਾਂ ਦੇ ਸਕਦੇ ਹਾਂ। ਪਰ ਅਸੀਂ ਆਪਣੇ ਅਧਿਆਪਕਾਂ ਨੂੰ ਚੰਗੀ ਤਨਖ਼ਾਹ ਕਿਉਂ ਨਹੀਂ ਦੇ ਸਕਦੇ?’

ਲੀਮੇਰੀਜ਼ ਨੇ ਕਿਹਾ: “ਆਮ ਤੌਰ ਤੇ ਟੀਚਰਾਂ ਨੂੰ ਥੋੜ੍ਹੀ ਤਨਖ਼ਾਹ ਮਿਲਦੀ ਹੈ। ਇੰਨੀ ਪੜ੍ਹੀ-ਲਿਖੀ ਹੋਣ ਦੇ ਬਾਵਜੂਦ ਵੀ ਇੱਥੇ ਨਿਊਯਾਰਕ ਸਿਟੀ ਵਿਚ ਮੇਰੀ ਸਾਲਾਨਾ ਤਨਖ਼ਾਹ ਥੋੜ੍ਹੀ ਹੀ ਹੈ। ਇਸ ਦੇ ਨਾਲੋ-ਨਾਲ ਇਕ ਵੱਡੇ ਸ਼ਹਿਰ ਦੀਆਂ ਪਰੇਸ਼ਾਨੀਆਂ ਦਾ ਵੀ ਸਾਮ੍ਹਣਾ ਕਰਨਾ ਪੈਂਦਾ ਹੈ।’ ਸੇਂਟ ਪੀਟਰਸਬਰਗ, ਰੂਸ ਵਿਚ ਵੈਲੰਟੀਨਾ ਨਾਂ ਦੀ ਇਕ ਟੀਚਰ ਨੇ ਕਿਹਾ: “ਘੱਟ ਤਨਖ਼ਾਹ ਦੇ ਕੇ ਟੀਚਰਾਂ ਦੇ ਕੰਮ ਦੀ ਕਦਰ ਨਹੀਂ ਕੀਤੀ ਜਾਂਦੀ। ਉਨ੍ਹਾਂ ਨੂੰ ਟੀਚਰਾਂ ਲਈ ਠਹਿਰਾਈ ਗਈ ਘੱਟ ਤੋਂ ਘੱਟ ਤਨਖ਼ਾਹ ਨਾਲੋਂ ਵੀ ਘੱਟ ਪੈਸੇ ਦਿੱਤੇ ਜਾਂਦੇ ਹਨ।” ਚਬੂਟ, ਅਰਜਨਟੀਨਾ ਦੀ ਰਹਿਣ ਵਾਲੀ ਮਾਰਲੀਨ ਦੇ ਇਹ ਵਿਚਾਰ ਹਨ: “ਘੱਟ ਤਨਖ਼ਾਹ ਦੇ ਮਾਰੇ ਅਸੀਂ ਦੋ ਜਾਂ ਤਿੰਨ ਜਗ੍ਹਾ ਦੌੜ-ਭੱਜ ਕੇ ਕੰਮ ਕਰਦੇ ਹਾਂ। ਇਸ ਕਰਕੇ ਅਸੀਂ ਚੰਗੀ ਤਰ੍ਹਾਂ ਪੜ੍ਹਾ ਨਹੀਂ ਸਕਦੇ।” ਨੈਰੋਬੀ, ਕੀਨੀਆ ਦੇ ਆਰਥਰ ਨਾਂ ਦੇ ਟੀਚਰ ਨੇ ਜਾਗਰੂਕ ਬਣੋ! ਰਸਾਲੇ ਨੂੰ ਦੱਸਿਆ: “ਮਹਿੰਗਾਈ ਕਰਕੇ ਮੈਨੂੰ ਔਖੇ ਦਿਨ ਕੱਟਣੇ ਪੈਂਦੇ ਹਨ। ਮੇਰੇ ਸਾਥੀ ਟੀਚਰ ਵੀ ਸਹਿਮਤ ਹਨ ਕਿ ਥੋੜ੍ਹੀ ਤਨਖ਼ਾਹ ਕਾਰਨ ਬਹੁਤ ਲੋਕ ਟੀਚਰ ਨਹੀਂ ਬਣਨਾ ਚਾਹੁੰਦੇ।”

ਨਿਊਯਾਰਕ ਸਿਟੀ ਵਿਚ ਡਾਏਨਾ ਨਾਂ ਦੀ ਇਕ ਟੀਚਰ ਦੀ ਸ਼ਿਕਾਇਤ ਹੈ ਕਿ ਉਨ੍ਹਾਂ ਨੂੰ ਬਹੁਤ ਫ਼ਾਰਮ ਭਰਨੇ ਪੈਂਦੇ ਹਨ ਜਿਸ ਵਿਚ ਬਹੁਤ ਸਮਾਂ ਬਰਬਾਦ ਹੁੰਦਾ ਹੈ। ਕਈ ਕਹਿੰਦੇ ਹਨ: ‘ਸਾਡਾ ਸਾਰਾ ਦਿਨ ਫਾਰਮ ਭਰਦਿਆਂ ਹੀ ਨਿਕਲ ਜਾਂਦਾ ਹੈ।’

ਜ਼ਿਆਦਾ ਵਿਦਿਆਰਥੀ ਪਰ ਘੱਟ ਟੀਚਰ

ਡਿਊਰਨ, ਜਰਮਨੀ ਦੇ ਰਹਿਣ ਵਾਲੇ ਬਿਰਟੋਲਡ ਨਾਂ ਦੇ ਟੀਚਰ ਨੇ ਇਕ ਹੋਰ ਆਮ ਸ਼ਿਕਾਇਤ ਕੀਤੀ: “ਕਲਾਸਾਂ ਵਿਚ ਬਹੁਤ ਨਿਆਣੇ ਹਨ! ਇੱਥੇ ਕਈਆਂ ਵਿਚ 34-34 ਨਿਆਣੇ ਹੁੰਦੇ ਹਨ। ਇਸ ਕਰਕੇ ਅਸੀਂ ਉਨ੍ਹਾਂ ਬੱਚਿਆਂ ਵੱਲ ਚੰਗੀ ਤਰ੍ਹਾਂ ਧਿਆਨ ਨਹੀਂ ਦੇ ਸਕਦੇ ਜਿਨ੍ਹਾਂ ਨੂੰ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਉਨ੍ਹਾਂ ਦੀਆਂ ਜ਼ਰੂਰਤਾਂ ਬੇਧਿਆਨੀਆਂ ਹੀ ਰਹਿੰਦੀਆਂ ਹਨ।”

ਲੀਮੇਰੀਜ਼, ਜਿਸ ਦਾ ਪਹਿਲਾਂ ਹਵਾਲਾ ਦਿੱਤਾ ਗਿਆ ਹੈ, ਨੇ ਕਿਹਾ: “ਪਿਛਲੇ ਸਾਲ ਲਾਪਰਵਾਹ ਮਾਪਿਆਂ ਦੇ ਇਲਾਵਾ, ਮੇਰੀ ਸਭ ਤੋਂ ਵੱਡੀ ਮੁਸ਼ਕਲ ਇਹ ਸੀ ਕਿ ਮੇਰੀ ਕਲਾਸ ਵਿਚ 35 ਨਿਆਣੇ ਸਨ। ਜ਼ਰਾ ਕਲਪਨਾ ਕਰੋ ਛੇ-ਛੇ ਸਾਲਾਂ ਦੇ ਪੈਂਤੀ ਨਿਆਣਿਆਂ ਨੂੰ ਪੜ੍ਹਾਉਣਾ!”

ਆਇਰਿਸ ਨੇ ਕਿਹਾ: “ਇੱਥੇ ਨਿਊਯਾਰਕ ਵਿਚ ਟੀਚਰਾਂ ਦੀ ਕਮੀ ਹੈ, ਖ਼ਾਸ ਕਰਕੇ ਹਿਸਾਬ ਅਤੇ ਸਾਇੰਸ ਲਈ। ਉਨ੍ਹਾਂ ਨੂੰ ਹੋਰ ਸ਼ਹਿਰਾਂ ਵਿਚ ਵਧੀਆ ਨੌਕਰੀਆਂ ਮਿਲ ਜਾਂਦੀਆਂ ਹਨ। ਇਸ ਲਈ ਸਾਡੇ ਸ਼ਹਿਰ ਵਿਚ ਬਹੁਤ ਸਾਰੇ ਵਿਦੇਸ਼ੀ ਟੀਚਰ ਹਨ।”

ਇਸ ਸਭ ਤੋਂ ਪਤਾ ਲੱਗਦਾ ਹੈ ਕਿ ਟੀਚਰਾਂ ਦਾ ਕੰਮ ਸੌਖਾ ਨਹੀਂ ਹੈ। ਪਰ ਕਿਹੜੀ ਗੱਲ ਉਨ੍ਹਾਂ ਨੂੰ ਪੜ੍ਹਾਉਂਦੇ ਰਹਿਣ ਲਈ ਪ੍ਰੇਰਿਤ ਕਰਦੀ ਹੈ? ਉਹ ਇਸ ਪੇਸ਼ੇ ਵਿਚ ਕਿਉਂ ਲੱਗੇ ਰਹਿੰਦੇ ਹਨ? ਸਾਡਾ ਆਖ਼ਰੀ ਲੇਖ ਇਨ੍ਹਾਂ ਸਵਾਲਾਂ ਦੇ ਜਵਾਬ ਦੇਵੇਗਾ।

[ਸਫ਼ਾ 9 ਉੱਤੇ ਸੁਰਖੀ]

ਅਮਰੀਕਨ ਸਕੂਲਾਂ ਵਿਚ ਰੋਜ਼ ਅੰਦਾਜ਼ਨ 1,35,000 ਬੰਦੂਕਾਂ ਲਿਆਈਆਂ ਜਾਂਦੀਆਂ ਹਨ

[ਸਫ਼ਾ 10 ਉੱਤੇ ਡੱਬੀ/​ਤਸਵੀਰ]

ਕਿਨ੍ਹਾਂ ਨੂੰ ਸਫ਼ਲ ਟੀਚਰ ਕਿਹਾ ਜਾ ਸਕਦਾ ਹੈ?

ਤੁਸੀਂ ਕਿਹੜੀ ਗੱਲੋਂ ਕਿਸੇ ਨੂੰ ਸਫ਼ਲ ਟੀਚਰ ਕਹੋਗੇ? ਉਸ ਨੂੰ ਜੋ ਨਿਆਣਿਆਂ ਨੂੰ ਤੋਤੇ ਵਾਂਗਰ ਮੂੰਹ-ਜ਼ਬਾਨੀ ਪਹਾੜੇ ਰਟਾ ਦਿੰਦਾ ਹੈ ਤਾਂਕਿ ਉਹ ਇਮਤਿਹਾਨ ਪਾਸ ਕਰ ਸਕਣ? ਜਾਂ ਕੀ ਉਸ ਨੂੰ ਜੋ ਨਿਆਣਿਆਂ ਨੂੰ ਸਵਾਲ ਪੁੱਛਣੇ, ਸੋਚਣਾ ਅਤੇ ਤਰਕ ਕਰਨਾ ਸਿਖਾਉਂਦਾ ਹੈ? ਅਤੇ ਜੋ ਨਿਆਣੇ ਨੂੰ ਬਿਹਤਰ ਨਾਗਰਿਕ ਬਣਨਾ ਸਿਖਾਉਂਦਾ ਹੈ?

“ਜਦੋਂ ਅਸੀਂ ਇਹ ਗੱਲ ਮੰਨਾਂਗੇ ਕਿ ਅਸੀਂ ਜ਼ਿੰਦਗੀ ਦੇ ਲੰਬੇ ਅਤੇ ਗੁੰਝਲਦਾਰ ਰਾਹ ਤੇ ਆਪਣੇ ਵਿਦਿਆਰਥੀਆਂ ਦੇ ਹਮਸਫ਼ਰ ਹਾਂ, ਜਦੋਂ ਅਸੀਂ ਉਨ੍ਹਾਂ ਦਾ ਮਾਣ ਕਰਾਂਗੇ, ਫਿਰ ਅਸੀਂ ਸਫ਼ਲ ਟੀਚਰ ਬਣਦੇ ਹਾਂ। ਇਹ ਗੱਲ ਜਿੰਨੀ ਸੌਖੀ ਹੈ ਉੱਨੀ ਔਖੀ ਵੀ ਹੈ।”—ਟੂ ਟੀਚ—ਦ ਜਰਨੀ ਆਫ਼ ਏ ਟੀਚਰ।

ਚੰਗਾ ਟੀਚਰ ਆਪਣੇ ਹਰੇਕ ਵਿਦਿਆਰਥੀ ਵਿਚ ਦੇਖਦਾ ਹੈ ਕਿ ਉਹ ਕੀ ਕਰ ਸਕਦਾ ਹੈ ਤੇ ਫਿਰ ਇਸ ਦੇ ਅਨੁਸਾਰ ਉਸ ਦੀ ਤਰੱਕੀ ਕਰਨ ਵਿਚ ਮਦਦ ਕਰਦਾ ਹੈ। ਵਿਲੀਅਮ ਏਅਰਜ਼ ਨੇ ਕਿਹਾ: ‘ਸਾਨੂੰ ਆਪਣੇ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਦਾ ਬਿਹਤਰ ਢੰਗ ਲੱਭਣਾ ਚਾਹੀਦਾ ਹੈ, ਅਜਿਹਾ ਢੰਗ ਜੋ ਉਨ੍ਹਾਂ ਦੇ ਗੁਣਾਂ, ਤਜਰਬਿਆਂ ਤੇ ਹੁਨਰਾਂ ਨੂੰ ਵਧਾਉਂਦਾ ਹੈ। ਮੈਨੂੰ ਇਕ ਰੈੱਡ ਇੰਡੀਅਨ ਮਾਂ ਦੀ ਗੱਲ ਯਾਦ ਹੈ ਜਿਸ ਦੇ ਪੰਜ-ਸਾਲਾ ਲੜਕੇ ਨੂੰ ‘ਨਾਲਾਇਕ’ ਸੱਦਿਆ ਗਿਆ ਸੀ। ਉਸ ਨੇ ਦੱਸਿਆ ਕਿ ਉਸ ਦੇ ਲੜਕੇ ਨੂੰ ਚਾਲੀ ਤੋਂ ਜ਼ਿਆਦਾ ਪੰਛੀਆਂ ਦੇ ਨਾਂ ਪਤਾ ਹਨ, ਉਹ ਇਹ ਵੀ ਜਾਣਦਾ ਹੈ ਕਿ ਉਹ ਕਦੋਂ ਕਿਹੜੇ-ਕਿਹੜੇ ਦੇਸ਼ਾਂ ਵਿਚ ਜਾਂਦੇ ਹਨ। ਉਹ ਜਾਣਦਾ ਹੈ ਕਿ ਉੱਡਦੇ ਬਾਜ਼ ਦੀ ਪੂਛ ਦੇ 13 ਖੰਭ ਹੁੰਦੇ ਹਨ। ਉਸ ਨੂੰ ਐਸੇ ਟੀਚਰ ਦੀ ਜ਼ਰੂਰਤ ਹੈ ਜੋ ਉਸ ਦੀ ਕਾਬਲੀਅਤ ਨੂੰ ਪਛਾਣੇ।’

ਹਰ ਨਿਆਣੇ ਦੀ ਤਰੱਕੀ ਕਰਨ ਵਿਚ ਮਦਦ ਕਰਨ ਲਈ ਟੀਚਰ ਨੂੰ ਪਤਾ ਲਗਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਸ ਨੂੰ ਕਿਹੜੀ ਚੀਜ਼ ਵਿਚ ਦਿਲਚਸਪੀ ਹੈ ਜਾਂ ਉਸ ਨੂੰ ਕੀ ਪਸੰਦ ਹੈ ਜਿਸ ਕਰਕੇ ਉਸ ਨੂੰ ਹੌਸਲਾ ਦਿੱਤਾ ਜਾ ਸਕੇ। ਸਮਰਪਿਤ ਟੀਚਰ ਨੂੰ ਨਿਆਣਿਆਂ ਨਾਲ ਪਿਆਰ ਹੋਣਾ ਚਾਹੀਦਾ ਹੈ।

[ਕ੍ਰੈਡਿਟ ਲਾਈਨ]

United Nations/Photo by Saw Lwin

[ਸਫ਼ਾ 11 ਉੱਤੇ ਡੱਬੀ]

ਕੀ ਪੜ੍ਹਾਈ-ਲਿਖਾਈ ਵਿਚ ਹਮੇਸ਼ਾ ਹਾਸਾ-ਮਜ਼ਾਕ ਹੀ ਹੋਣਾ ਚਾਹੀਦਾ ਹੈ?

ਵਿਲੀਅਮ ਏਅਰਜ਼ ਨਾਂ ਦੇ ਟੀਚਰ ਨੇ ਸਿੱਖਿਆ ਦੇਣ ਸੰਬੰਧੀ ਦਸ ਗ਼ਲਤਫ਼ਹਿਮੀਆਂ ਦੀ ਸੂਚੀ ਬਣਾਈ। ਉਨ੍ਹਾਂ ਵਿੱਚੋਂ ਇਕ ਹੈ: “ਚੰਗੇ ਟੀਚਰ ਪੜ੍ਹਾਉਂਦੇ ਵੇਲੇ ਹਮੇਸ਼ਾ ਹਾਸਾ-ਮਖੌਲ ਕਰਦੇ ਹਨ।” ਉਸ ਨੇ ਅੱਗੇ ਕਿਹਾ: “ਹਾਸੇ-ਤਮਾਸ਼ੇ ਨਾਲ ਧਿਆਨ ਦੂਜੇ ਪਾਸੇ ਚਲਾ ਜਾਂਦਾ ਹੈ। ਜੋਕਰ ਹਾਸਾ-ਮਖੌਲ ਕਰਦੇ ਹਨ। ਚੁਟਕਲੇ ਵੀ ਮਜ਼ੇਦਾਰ ਹੁੰਦੇ ਹਨ। ਪਰ ਪੜ੍ਹਨ ਵੇਲੇ ਸਾਨੂੰ ਬਹੁਤ ਧਿਆਨ ਲਾਉਣਾ ਪੈਂਦਾ ਹੈ, ਮਿਹਨਤ ਕਰਨੀ ਪੈਂਦੀ ਹੈ। ਨਵੀਆਂ-ਨਵੀਆਂ ਗੱਲਾਂ ਸਿੱਖ ਕੇ ਅਸੀਂ ਹੈਰਾਨ ਹੁੰਦੇ ਹਾਂ, ਕਈ ਵਾਰ ਬੌਂਦਲ ਜਾਂਦੇ ਹਾਂ ਤੇ ਪੜ੍ਹਨ ਵਿਚ ਮਜ਼ਾ ਵੀ ਬਹੁਤ ਆਉਂਦਾ ਹੈ। ਜੇ ਪੜ੍ਹਨ ਵਿਚ ਮਜ਼ਾ ਆਉਂਦਾ ਹੈ, ਤਾਂ ਇਹ ਕੋਈ ਗ਼ਲਤ ਗੱਲ ਨਹੀਂ ਹੈ। ਪਰ ਪੜ੍ਹਦੇ ਵੇਲੇ ਹਾਸਾ-ਮਖੌਲ ਕਰਨਾ ਜ਼ਰੂਰੀ ਨਹੀਂ ਹੈ।” ਉਸ ਨੇ ਅੱਗੇ ਕਿਹਾ: “ਸਿੱਖਿਆ ਦੇਣ ਵਿਚ ਬਹੁਤ ਗੁਣ ਸ਼ਾਮਲ ਹਨ ਜਿਵੇਂ ਕਿ ਗਿਆਨ, ਯੋਗਤਾ, ਹੁਨਰ, ਫ਼ੈਸਲੇ ਕਰ ਸਕਣਾ, ਸਮਝਦਾਰ ਹੋਣਾ। ਸਭ ਤੋਂ ਵੱਡੀ ਚੀਜ਼ ਹੈ ਕਿ ਟੀਚਰ ਨੂੰ ਸਮਝਦਾਰ ਅਤੇ ਕਦਰਦਾਨ ਹੋਣਾ ਚਾਹੀਦਾ ਹੈ।—ਟੂ ਟੀਚ—ਦ ਜਰਨੀ ਆਫ਼ ਏ ਟੀਚਰ।

ਨਗੋਆ ਸਿਟੀ, ਜਪਾਨ ਦੇ ਸੂਮੀਓ ਨਾਂ ਦਾ ਟੀਚਰ ਆਪਣੇ ਵਿਦਿਆਰਥੀਆਂ ਵਿਚਕਾਰ ਇਹ ਮੁਸ਼ਕਲ ਦੇਖਦਾ ਹੈ: “ਹਾਈ ਸਕੂਲ ਦੇ ਕਈ ਵਿਦਿਆਰਥੀ ਹੋਰਨਾਂ ਗੱਲਾਂ ਵਿਚ ਦਿਲਚਸਪੀ ਨਹੀਂ ਲੈਂਦੇ ਪਰ ਸਿਰਫ਼ ਉਨ੍ਹਾਂ ਵਿਚ ਹੀ ਜਿਨ੍ਹਾਂ ਵਿਚ ਕੋਈ ਮਿਹਨਤ ਨਹੀਂ ਕਰਨੀ ਪੈਂਦੀ।”

ਬਰੁਕਲਿਨ, ਨਿਊਯਾਰਕ ਦੀ ਰੋਜ਼ਾ ਨਾਂ ਦੀ ਇਕ ਵਿਦਿਆਰਥੀ ਕਾਂਉਂਸਲਰ ਨੇ ਕਿਹਾ: “ਆਮ ਤੌਰ ਤੇ ਵਿਦਿਆਰਥੀ ਇਹੀ ਸੋਚਦੇ ਹਨ ਕਿ ਪੜ੍ਹਨਾ-ਲਿਖਣਾ ਬਹੁਤ ਬੋਰਿੰਗ ਹੈ। ਟੀਚਰ ਬਹੁਤ ਬੋਰ ਕਰਦੇ ਹਨ। ਉਹ ਸੋਚਦੇ ਹਨ ਕਿ ਸਭ ਕੁਝ ਮਜ਼ੇਦਾਰ ਹੋਣਾ ਚਾਹੀਦਾ ਹੈ। ਉਹ ਇਹ ਗੱਲ ਭੁੱਲ ਜਾਂਦੇ ਹਨ ਕਿ ਮਿਹਨਤ ਦਾ ਫਲ ਮਿੱਠਾ ਹੁੰਦਾ ਹੈ।”

ਮਜ਼ਾ ਲੈਣ ਤੇ ਹੀ ਤੁਲੇ ਹੋਏ ਜਵਾਨਾਂ ਨੂੰ ਮਿਹਨਤ ਅਤੇ ਕੁਰਬਾਨੀ ਕਰਨੀ ਔਖੀ ਲੱਗਦੀ ਹੈ। ਸੂਮੀਓ ਜਿਸ ਦਾ ਉੱਪਰ ਹਵਾਲਾ ਦਿੱਤਾ ਗਿਆ, ਨੇ ਕਿਹਾ: “ਇਸ ਦਾ ਮਤਲਬ ਇਹੀ ਹੈ ਕਿ ਉਹ ਆਉਣ ਵਾਲੇ ਸਮੇਂ ਬਾਰੇ ਨਹੀਂ ਸੋਚਦੇ। ਹਾਈ ਸਕੂਲ ਦੇ ਬਹੁਤ ਘੱਟ ਵਿਦਿਆਰਥੀ ਇਸ ਗੱਲ ਬਾਰੇ ਵਿਚਾਰ ਕਰਦੇ ਹਨ ਕਿ ਜੇ ਉਹ ਹੁਣ ਮਿਹਨਤ ਕਰਨਗੇ, ਤਾਂ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਦਾ ਹੀ ਭਲਾ ਹੋਵੇਗਾ।”

[ਸਫ਼ਾ 7 ਉੱਤੇ ਤਸਵੀਰ]

ਡਾਏਨਾ, ਅਮਰੀਕਾ

[ਸਫ਼ਾ 8 ਉੱਤੇ ਤਸਵੀਰ]

“ਡ੍ਰੱਗਜ਼ ਵੇਚੇ ਅਤੇ ਖ਼ਰੀਦੇ ਜਾਂਦੇ ਹਨ। ਪਰ ਇਵੇਂ ਕਰਨ ਵਾਲੇ ਲੋਕ ਘੱਟ ਹੀ ਫੜੇ ਜਾਂਦੇ ਹਨ।”​—ਮਾਈਕਲ, ਜਰਮਨੀ

[ਸਫ਼ੇ 8, 9 ਉੱਤੇ ਤਸਵੀਰ]

“ਅਸੀਂ ਪਰਿਵਾਰਾਂ ਵਿਚ ਹਿੰਸਾ ਅਤੇ ਡ੍ਰੱਗਜ਼ ਵਰਗੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਰਦੇ ਹਾਂ।”​—ਅਮੀਰਾ, ਮੈਕਸੀਕੋ

[ਸਫ਼ਾ 9 ਉੱਤੇ ਤਸਵੀਰ]

‘ਟੀਚਰਾਂ ਨੂੰ ਸਿਰਫ਼ ਬੱਚਿਆਂ ਦੇ ਖਿਡਾਵੇ ਸਮਝਣ ਦੀ ਬਜਾਇ ਉਨ੍ਹਾਂ ਨਾਲ ਪੜ੍ਹਿਆਂ-ਲਿਖਿਆਂ ਵਾਲਾ ਵਰਤਾਅ ਕਰਨਾ ਚਾਹੀਦਾ ਹੈ।’​—ਸਾਂਡਰਾ ਫੈਲਡਮਨ, ਅਮਰੀਕਨ ਟੀਚਰਾਂ ਦੀ ਫੈਡਰੈਸ਼ਨ ਦੀ ਪ੍ਰਧਾਨ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ