ਮੈਂ ਖ਼ੂਨ ਬਾਰੇ ਪਰਮੇਸ਼ੁਰ ਦੀ ਸੋਚ ਅਪਣਾਈ
ਇਕ ਡਾਕਟਰ ਆਪਣੀ ਕਹਾਣੀ ਦੱਸਦਾ ਹੈ
ਮੈਂ ਹਸਪਤਾਲ ਦੇ ਲੈਕਚਰ ਰੂਮ ਵਿਚ ਕੁਝ ਡਾਕਟਰਾਂ ਨੂੰ ਇਕ ਪੋਸਟ-ਮਾਰਟਮ ਦੀ ਰਿਪੋਰਟ ਦੱਸ ਰਿਹਾ ਸੀ ਕਿ ਮਰੀਜ਼ ਦੀ ਮੌਤ ਕਿੱਦਾਂ ਹੋਈ। ਇਸ ਮਰੀਜ਼ ਦੇ ਇਕ ਜਾਨਲੇਵਾ ਟਿਊਮਰ ਸੀ। ਮੈਂ ਕਿਹਾ, “ਅਸੀਂ ਇਸ ਸਿੱਟੇ ʼਤੇ ਪਹੁੰਚਦੇ ਹਾਂ ਕਿ ਮਰੀਜ਼ ਨੂੰ ਬਹੁਤ ਜ਼ਿਆਦਾ ਖ਼ੂਨ ਚੜ੍ਹਾਉਣ ਕਰਕੇ ਉਸ ਦੇ ਲਾਲ ਸੈੱਲ ਨਸ਼ਟ (Hemolysis) ਹੋ ਗਏ ਅਤੇ ਗੁਰਦਿਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ। ਇਸ ਕਰਕੇ ਉਸ ਦੀ ਮੌਤ ਹੋ ਗਈ।”
ਇਕ ਪ੍ਰੋਫ਼ੈਸਰ ਖੜ੍ਹਾ ਹੋ ਕੇ ਗੁੱਸੇ ਨਾਲ ਬੋਲਣ ਲੱਗਾ, “ਕੀ ਤੇਰੇ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਉਸ ਨੂੰ ਗ਼ਲਤ ਖ਼ੂਨ ਚੜ੍ਹਾ ਦਿੱਤਾ?” ਮੈਂ ਕਿਹਾ, “ਮੇਰਾ ਇਹ ਮਤਲਬ ਨਹੀਂ ਹੈ।” ਮੈਂ ਉਸ ਨੂੰ ਮਰੀਜ਼ ਦੇ ਇਕ ਗੁਰਦੇ ਦੇ ਕੁਝ ਹਿੱਸਿਆਂ ਦੀਆਂ ਤਸਵੀਰਾਂ ਦਿਖਾਈਆਂ ਤੇ ਕਿਹਾ, “ਇਨ੍ਹਾਂ ਤਸਵੀਰਾਂ ਤੋਂ ਇਹ ਸਾਫ਼ ਪਤਾ ਲੱਗਦਾ ਹੈ ਕਿ ਗੁਰਦੇ ਵਿਚ ਬਹੁਤ ਸਾਰੇ ਲਾਲ ਸੈੱਲ ਨਸ਼ਟ ਹੋ ਗਏ ਸਨ ਜਿਸ ਕਰਕੇ ਗੁਰਦੇ ਫੇਲ੍ਹ ਹੋ ਗਏ ਸਨ।”a ਮਾਹੌਲ ਗਰਮ ਹੋ ਗਿਆ ਅਤੇ ਘਬਰਾਹਟ ਦੇ ਮਾਰੇ ਮੇਰਾ ਮੂੰਹ ਸੁੱਕ ਗਿਆ। ਭਾਵੇਂ ਕਿ ਮੈਂ ਉਮਰ ਵਿਚ ਛੋਟਾ ਸੀ ਤੇ ਮੈਨੂੰ ਘੱਟ ਤਜਰਬਾ ਸੀ ਅਤੇ ਉਹ ਇਕ ਪ੍ਰੋਫ਼ੈਸਰ ਸੀ, ਪਰ ਮੈਂ ਸੋਚਿਆ ਕਿ ਮੈਨੂੰ ਆਪਣੀ ਗੱਲ ʼਤੇ ਟਿਕੇ ਰਹਿਣਾ ਚਾਹੀਦਾ ਹੈ।
ਜਦੋਂ ਇਹ ਸਭ ਹੋਇਆ ਸੀ, ਉਦੋਂ ਮੈਂ ਯਹੋਵਾਹ ਦਾ ਗਵਾਹ ਨਹੀਂ ਸੀ। ਮੇਰਾ ਜਨਮ 1943 ਵਿਚ ਜਪਾਨ ਦੇ ਉੱਤਰੀ ਹਿੱਸੇ ਵਿਚ ਸੇਨਡਾਈ ਸ਼ਹਿਰ ਵਿਚ ਹੋਇਆ ਸੀ। ਮੇਰੇ ਡੈਡੀ ਰੋਗ-ਵਿਗਿਆਨੀ (Pathology) ਅਤੇ ਮਨੋਵਿਗਿਆਨੀ ਸਨ। ਇਸ ਕਰਕੇ ਮੈਂ ਵੀ ਡਾਕਟਰੀ ਦੀ ਪੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ। ਇਸ ਪੜ੍ਹਾਈ ਦੇ ਦੂਜੇ ਸਾਲ ਯਾਨੀ 1970 ਵਿਚ ਮੈਂ ਮਾਸੂਕੋ ਨਾਲ ਵਿਆਹ ਕਰਾ ਲਿਆ।
ਰੋਗ-ਵਿਗਿਆਨ ਦੀ ਪੜ੍ਹਾਈ
ਮਾਸੂਕੋ ਨੌਕਰੀ ਕਰਦੀ ਸੀ ਤਾਂਕਿ ਮੈਂ ਆਪਣੀ ਪੜ੍ਹਾਈ ਜਾਰੀ ਰੱਖ ਸਕਾਂ। ਮੈਨੂੰ ਡਾਕਟਰੀ ਪੜ੍ਹਾਈ ਕਰਨ ਦਾ ਬਹੁਤ ਸ਼ੌਕ ਸੀ। ਮੈਂ ਇਹ ਜਾਣ ਕੇ ਦੰਗ ਰਹਿ ਗਿਆ ਕਿ ਇਨਸਾਨਾਂ ਦਾ ਸਰੀਰ ਕਿੰਨੇ ਸ਼ਾਨਦਾਰ ਤਰੀਕੇ ਨਾਲ ਬਣਿਆ ਹੈ! ਫਿਰ ਵੀ ਮੈਂ ਕਦੇ ਨਹੀਂ ਸੋਚਿਆ ਕਿ ਕੋਈ ਸਿਰਜਣਹਾਰ ਹੈ। ਮੈਂ ਸੋਚਿਆ ਕਿ ਮੈਡੀਕਲ ਰਿਸਰਚ ਕਰਨ ਨਾਲ ਮੇਰੀ ਜ਼ਿੰਦਗੀ ਮਕਸਦ ਭਰੀ ਬਣ ਜਾਵੇਗੀ। ਇਸ ਲਈ ਡਾਕਟਰ ਬਣਨ ਤੋਂ ਬਾਅਦ ਵੀ ਮੈਂ ਪੜ੍ਹਾਈ ਜਾਰੀ ਰੱਖੀ ਤੇ ਮੈਂ ਰੋਗ-ਵਿਗਿਆਨ (Pathology) ਦੀ ਪੜ੍ਹਾਈ ਕਰਨ ਲੱਗ ਪਿਆ। ਇਸ ਵਿਚ ਅਧਿਐਨ ਕੀਤਾ ਜਾਂਦਾ ਹੈ ਕਿ ਬੀਮਾਰੀ ਕਿਸ ਕਿਸਮ ਦੀ ਹੈ, ਇਹ ਕਿਉਂ ਹੁੰਦੀ ਹੈ ਅਤੇ ਇਸ ਦਾ ਮਰੀਜ਼ ʼਤੇ ਕੀ ਅਸਰ ਪੈਂਦਾ ਹੈ।
ਕੈਂਸਰ ਕਰਕੇ ਮਰਨ ਵਾਲੇ ਮਰੀਜ਼ਾਂ ਦਾ ਪੋਸਟ-ਮਾਰਟਮ ਕਰਦੇ ਵੇਲੇ ਮੈਨੂੰ ਇਸ ਗੱਲ ʼਤੇ ਸ਼ੱਕ ਹੋਣ ਲੱਗਾ ਕਿ ਖ਼ੂਨ ਚੜ੍ਹਾਉਣਾ ਫ਼ਾਇਦੇਮੰਦ ਹੈ ਜਾਂ ਨਹੀਂ। ਜਿਨ੍ਹਾਂ ਮਰੀਜ਼ਾਂ ਦੇ ਪੂਰੇ ਸਰੀਰ ਵਿਚ ਕੈਂਸਰ ਫੈਲ ਜਾਂਦਾ ਹੈ, ਉਨ੍ਹਾਂ ਦਾ ਖ਼ੂਨ ਵਹਿਣ ਕਰਕੇ ਉਨ੍ਹਾਂ ਨੂੰ ਅਨੀਮੀਆ ਹੋ ਸਕਦਾ ਹੈ। ਕੀਮੋਥੈਰੇਪੀ ਕਰਕੇ ਖ਼ੂਨ ਦੀ ਬਹੁਤ ਜ਼ਿਆਦਾ ਕਮੀ ਹੋ ਜਾਂਦੀ ਹੈ ਜਿਸ ਕਰਕੇ ਡਾਕਟਰ ਅਕਸਰ ਖ਼ੂਨ ਚੜ੍ਹਾਉਣ ਦੀ ਸਲਾਹ ਦਿੰਦੇ ਹਨ। ਪਰ ਮੈਨੂੰ ਲੱਗਾ ਕਿ ਖ਼ੂਨ ਚੜ੍ਹਾਉਣ ਨਾਲ ਸ਼ਾਇਦ ਕੈਂਸਰ ਫੈਲਦਾ ਹੈ। ਅੱਜ ਡਾਕਟਰ ਮੰਨਦੇ ਹਨ ਕਿ ਖ਼ੂਨ ਚੜ੍ਹਾਉਣ ਨਾਲ ਸਰੀਰ ਕਮਜ਼ੋਰ ਹੋ ਜਾਂਦਾ ਹੈ ਜਿਸ ਕਰਕੇ ਕੈਂਸਰ ਦੁਬਾਰਾ ਹੋਣ ਦਾ ਖ਼ਤਰਾ ਵਧ ਸਕਦਾ ਹੈ ਅਤੇ ਮਰੀਜ਼ ਦੇ ਬਚਣ ਦੀ ਸੰਭਾਵਨਾ ਘੱਟ ਜਾਂਦੀ ਹੈ।b
ਇਸ ਤਰ੍ਹਾਂ ਦਾ ਕੇਸ 1975 ਵਿਚ ਆਇਆ ਸੀ ਜਿਸ ਦਾ ਜ਼ਿਕਰ ਸ਼ੁਰੂ ਵਿਚ ਕੀਤਾ ਗਿਆ ਹੈ। ਜਿਹੜਾ ਪ੍ਰੋਫ਼ੈਸਰ ਮੇਰੇ ʼਤੇ ਭੜਕਿਆ ਸੀ, ਉਹ ਖ਼ੂਨ ਦੀਆਂ ਬੀਮਾਰੀਆਂ ਦਾ ਮਾਹਰ ਡਾਕਟਰ ਸੀ ਤੇ ਉਹੀ ਉਸ ਮਰੀਜ਼ ਦਾ ਇਲਾਜ ਕਰ ਰਿਹਾ ਸੀ। ਇਸ ਲਈ ਜਦੋਂ ਮੈਂ ਕਿਹਾ ਕਿ ਖ਼ੂਨ ਚੜ੍ਹਾਉਣ ਕਰਕੇ ਉਸ ਮਰੀਜ਼ ਦੀ ਮੌਤ ਹੋਈ ਸੀ, ਤਾਂ ਉਹ ਬਹੁਤ ਗੁੱਸੇ ਵਿਚ ਆ ਗਿਆ ਸੀ। ਪਰ ਮੈਂ ਗੱਲ ਕਰਨੀ ਜਾਰੀ ਰੱਖੀ ਅਤੇ ਉਹ ਹੌਲੀ-ਹੌਲੀ ਸ਼ਾਂਤ ਹੋ ਗਿਆ।
ਨਾ ਬੀਮਾਰੀ ਰਹੇਗੀ ਨਾ ਮੌਤ
ਇਹ ਉਦੋਂ ਦੀ ਗੱਲ ਹੈ ਜਦੋਂ ਮੇਰੀ ਪਤਨੀ ਨੂੰ ਇਕ ਬਜ਼ੁਰਗ ਔਰਤ ਮਿਲਣ ਆਈ ਜੋ ਯਹੋਵਾਹ ਦੀ ਗਵਾਹ ਸੀ। ਉਸ ਔਰਤ ਨੇ ਗੱਲ ਕਰਦੇ ਸਮੇਂ “ਯਹੋਵਾਹ” ਸ਼ਬਦ ਵਰਤਿਆ ਅਤੇ ਮੇਰੀ ਪਤਨੀ ਨੇ ਇਸ ਦਾ ਮਤਲਬ ਪੁੱਛਿਆ। ਉਸ ਔਰਤ ਨੇ ਕਿਹਾ, “ਯਹੋਵਾਹ ਸੱਚੇ ਪਰਮੇਸ਼ੁਰ ਦਾ ਨਾਂ ਹੈ।” ਮਾਸੂਕੋ ਬਚਪਨ ਤੋਂ ਹੀ ਬਾਈਬਲ ਪੜ੍ਹਦੀ ਸੀ, ਪਰ ਉਸ ਦੀ ਬਾਈਬਲ ਵਿਚ ਰੱਬ ਦੇ ਨਾਂ ਦੀ ਜਗ੍ਹਾ “ਪ੍ਰਭੂ” ਲਿਖਿਆ ਸੀ। ਹੁਣ ਉਹ ਜਾਣ ਗਈ ਸੀ ਕਿ ਰੱਬ ਦਾ ਇਕ ਨਾਂ ਹੈ!
ਮਾਸੂਕੋ ਨੇ ਤੁਰੰਤ ਉਸ ਔਰਤ ਤੋਂ ਬਾਈਬਲ ਵਿੱਚੋਂ ਰੱਬ ਬਾਰੇ ਸਿੱਖਣਾ ਸ਼ੁਰੂ ਕਰ ਦਿੱਤਾ। ਜਦੋਂ ਮੈਂ ਰਾਤ ਨੂੰ 1 ਵਜੇ ਹਸਪਤਾਲੋਂ ਘਰ ਵਾਪਸ ਆਇਆ, ਤਾਂ ਮੇਰੀ ਪਤਨੀ ਮੈਨੂੰ ਖ਼ੁਸ਼ੀ-ਖ਼ੁਸ਼ੀ ਦੱਸਣ ਲੱਗੀ, “ਬਾਈਬਲ ਵਿਚ ਲਿਖਿਆ ਹੈ ਕਿ ਬੀਮਾਰੀਆਂ ਅਤੇ ਮੌਤ ਖ਼ਤਮ ਹੋ ਜਾਵੇਗੀ।” ਮੈਂ ਕਿਹਾ, “ਫੇਰ ਤਾਂ ਕਮਾਲ ਹੋ ਜਾਣਾ!” ਉਸ ਨੇ ਅੱਗੇ ਕਿਹਾ, “ਨਵੀਂ ਦੁਨੀਆਂ ਬਹੁਤ ਜਲਦੀ ਆਉਣ ਵਾਲੀ ਹੈ, ਇਸ ਲਈ ਤੁਸੀਂ ਆਪਣਾ ਸਮਾਂ ਬਰਬਾਦ ਨਾ ਕਰੋ।” ਮੈਨੂੰ ਲੱਗਾ ਕਿ ਉਹ ਕਹਿ ਰਹੀ ਹੈ ਕਿ ਮੈਂ ਡਾਕਟਰੀ ਛੱਡ ਦੇਵਾਂ। ਇਸ ਕਰਕੇ ਮੈਨੂੰ ਗੁੱਸਾ ਆ ਗਿਆ ਅਤੇ ਅਸੀਂ ਲੜਨ ਲੱਗ ਪਏ।
ਪਰ ਮੇਰੀ ਪਤਨੀ ਨੇ ਮੈਨੂੰ ਰੱਬ ਬਾਰੇ ਦੱਸਣਾ ਬੰਦ ਨਹੀਂ ਕੀਤਾ। ਉਹ ਪ੍ਰਾਰਥਨਾ ਕਰ ਕੇ ਆਇਤਾਂ ਲੱਭਦੀ ਸੀ ਅਤੇ ਮੈਨੂੰ ਦਿਖਾਉਂਦੀ ਸੀ। ਖ਼ਾਸ ਕਰਕੇ ਉਪਦੇਸ਼ਕ ਦੀ ਕਿਤਾਬ 2:22, 23 ਦੇ ਸ਼ਬਦ ਮੇਰੇ ਦਿਲ ਨੂੰ ਛੂਹ ਗਏ: “ਉਸ ਇਨਸਾਨ ਦੇ ਹੱਥ-ਪੱਲੇ ਕੀ ਪੈਂਦਾ ਜਿਸ ਦੇ ਸਿਰ ʼਤੇ ਸਭ ਕੁਝ ਹਾਸਲ ਕਰਨ ਦਾ ਜਨੂਨ ਸਵਾਰ ਹੁੰਦਾ ਹੈ ਅਤੇ ਧਰਤੀ ਉੱਤੇ ਉਸ ਲਈ ਜੱਦੋ-ਜਹਿਦ ਕਰਦਾ ਹੈ? . . . ਇੱਥੋਂ ਤਕ ਕਿ ਰਾਤ ਨੂੰ ਵੀ ਉਸ ਦੇ ਮਨ ਨੂੰ ਸਕੂਨ ਨਹੀਂ ਮਿਲਦਾ। ਇਹ ਵੀ ਵਿਅਰਥ ਹੈ।” ਇਹ ਗੱਲ ਮੇਰੇ ʼਤੇ ਲਾਗੂ ਹੁੰਦੀ ਸੀ ਕਿਉਂਕਿ ਮੈਡੀਕਲ ਸਾਇੰਸ ਮੇਰਾ ਜਨੂਨ ਬਣ ਗਈ ਸੀ, ਪਰ ਫਿਰ ਵੀ ਮੈਨੂੰ ਸੰਤੁਸ਼ਟੀ ਨਹੀਂ ਮਿਲਦੀ ਸੀ।
ਜੁਲਾਈ 1975 ਵਿਚ ਇਕ ਦਿਨ ਐਤਵਾਰ ਨੂੰ ਸਵੇਰੇ ਜਦੋਂ ਮੇਰੀ ਪਤਨੀ ਯਹੋਵਾਹ ਦੇ ਗਵਾਹਾਂ ਦੀ ਸਭਾ ਵਿਚ ਚਲੀ ਗਈ, ਤਾਂ ਅਚਾਨਕ ਮੈਂ ਵੀ ਉੱਥੇ ਜਾਣ ਦਾ ਮਨ ਬਣਾ ਲਿਆ। ਮੇਰੀ ਪਤਨੀ ਮੈਨੂੰ ਉੱਥੇ ਦੇਖ ਕੇ ਬਹੁਤ ਹੈਰਾਨ ਹੋਈ ਅਤੇ ਗਵਾਹਾਂ ਨੇ ਮੇਰਾ ਨਿੱਘਾ ਸੁਆਗਤ ਕੀਤਾ। ਉਦੋਂ ਤੋਂ ਮੈਂ ਹਰ ਐਤਵਾਰ ਸਭਾ ʼਤੇ ਜਾਣ ਲੱਗ ਪਿਆ। ਮਹੀਨੇ ਕੁ ਬਾਅਦ ਇਕ ਗਵਾਹ ਮੈਨੂੰ ਬਾਈਬਲ ਤੋਂ ਰੱਬ ਬਾਰੇ ਸਿਖਾਉਣ ਲੱਗ ਪਿਆ। ਯਹੋਵਾਹ ਦੇ ਗਵਾਹਾਂ ਨੂੰ ਮਿਲਣ ਤੋਂ ਤਿੰਨ ਮਹੀਨਿਆਂ ਬਾਅਦ ਮੇਰੀ ਪਤਨੀ ਨੇ ਬਪਤਿਸਮਾ ਲੈ ਲਿਆ।
ਖ਼ੂਨ ਬਾਰੇ ਪਰਮੇਸ਼ੁਰ ਦੀ ਸੋਚ ਅਪਣਾਈ
ਜਲਦੀ ਹੀ ਮੈਨੂੰ ਪਤਾ ਲੱਗ ਗਿਆ ਕਿ ਬਾਈਬਲ ਮਸੀਹੀਆਂ ਨੂੰ ਕਹਿੰਦੀ ਹੈ ਕਿ ਉਹ ‘ਖ਼ੂਨ ਤੋਂ ਦੂਰ ਰਹਿਣ।’ (ਰਸੂਲਾਂ ਦੇ ਕੰਮ 15:28, 29; ਉਤਪਤ 9:4) ਮੈਨੂੰ ਪਹਿਲਾਂ ਹੀ ਸ਼ੱਕ ਸੀ ਕਿ ਖ਼ੂਨ ਚੜ੍ਹਾਉਣਾ ਫ਼ਾਇਦੇਮੰਦ ਹੈ ਜਾਂ ਨਹੀਂ। ਇਸ ਕਰਕੇ ਮੈਨੂੰ ਖ਼ੂਨ ਬਾਰੇ ਪਰਮੇਸ਼ੁਰ ਦੀ ਸੋਚ ਅਪਣਾਉਣੀ ਔਖੀ ਨਹੀਂ ਲੱਗੀ।c ਮੈਂ ਸੋਚਿਆ, ‘ਜੇ ਸਿਰਜਣਹਾਰ ਹੈ ਅਤੇ ਉਹ ਇਹ ਗੱਲ ਕਹਿੰਦਾ ਹੈ, ਤਾਂ ਇਹ ਗੱਲ ਠੀਕ ਹੀ ਹੋਣੀ।’
ਮੈਂ ਇਹ ਵੀ ਸਿੱਖਿਆ ਕਿ ਆਦਮ ਦੇ ਪਾਪ ਕਰਕੇ ਬੀਮਾਰੀਆਂ ਅਤੇ ਮੌਤ ਆਉਂਦੀ ਹੈ। (ਰੋਮੀਆਂ 5:12) ਉਸ ਸਮੇਂ ਮੈਂ ਲਹੂ ਦੀਆਂ ਨਾੜੀਆਂ ਬਾਰੇ ਅਧਿਐਨ ਕਰ ਰਿਹਾ ਸੀ। ਜਿੱਦਾਂ-ਜਿੱਦਾਂ ਸਾਡੀ ਉਮਰ ਵਧਦੀ ਜਾਂਦੀ ਹੈ, ਉੱਦਾਂ-ਉੱਦਾਂ ਸਾਡੀਆਂ ਨਾੜੀਆਂ ਸਖ਼ਤ ਹੁੰਦੀਆਂ ਅਤੇ ਸੁੰਗੜਦੀਆਂ ਜਾਂਦੀਆਂ ਹਨ ਜਿਸ ਕਰਕੇ ਸਾਨੂੰ ਦਿਲ ਦੀਆਂ ਬੀਮਾਰੀਆਂ, ਦਿਮਾਗ਼ ਦੀਆਂ ਨਾੜਾਂ ਨਾਲ ਸੰਬੰਧਿਤ ਬੀਮਾਰੀਆਂ ਅਤੇ ਗੁਰਦਿਆਂ ਦੀਆਂ ਬੀਮਾਰੀਆਂ ਹੋ ਸਕਦੀਆਂ ਹਨ। ਮੈਨੂੰ ਇਹ ਗੱਲ ਮੰਨਣੀ ਸਹੀ ਲੱਗਦੀ ਹੈ ਕਿ ਆਦਮ ਤੋਂ ਮਿਲੇ ਪਾਪ ਕਰਕੇ ਇੱਦਾਂ ਹੁੰਦਾ ਹੈ। ਇਸ ਤੋਂ ਬਾਅਦ ਡਾਕਟਰੀ ਰਿਸਰਚ ਕਰਨ ਵਿਚ ਮੇਰੀ ਦਿਲਚਸਪੀ ਘਟਣ ਲੱਗੀ। ਸਿਰਫ਼ ਯਹੋਵਾਹ ਹੀ ਬੀਮਾਰੀਆਂ ਅਤੇ ਮੌਤ ਨੂੰ ਖ਼ਤਮ ਕਰ ਸਕਦਾ ਹੈ!
ਸੱਤ ਮਹੀਨੇ ਬਾਈਬਲ ਸਟੱਡੀ ਕਰਨ ਤੋਂ ਬਾਅਦ ਮਾਰਚ 1976 ਵਿਚ ਮੈਂ ਹਸਪਤਾਲ ਦੀ ਯੂਨੀਵਰਸਿਟੀ ਵਿਚ ਪੜ੍ਹਾਈ ਕਰਨੀ ਛੱਡ ਦਿੱਤੀ। ਮੈਂ ਡਰਦਾ ਸੀ ਕਿ ਹੁਣ ਮੈਂ ਕਿਤੇ ਵੀ ਡਾਕਟਰ ਨਹੀਂ ਲੱਗ ਸਕਦਾ, ਪਰ ਮੈਨੂੰ ਇਕ ਹੋਰ ਹਸਪਤਾਲ ਵਿਚ ਨੌਕਰੀ ਮਿਲ ਗਈ। ਮਈ 1976 ਵਿਚ ਮੇਰਾ ਬਪਤਿਸਮਾ ਹੋ ਗਿਆ। ਮੈਂ ਸੋਚਿਆ ਕਿ ਆਪਣੀ ਜ਼ਿੰਦਗੀ ਦਾ ਵਧੀਆ ਇਸਤੇਮਾਲ ਕਰਨ ਦਾ ਤਰੀਕਾ ਹੈ ਕਿ ਮੈਂ ਆਪਣਾ ਪੂਰਾ ਸਮਾਂ ਲੋਕਾਂ ਨੂੰ ਰੱਬ ਬਾਰੇ ਸਿਖਾਉਣ ਵਿਚ ਲਾਵਾਂ। ਇਸ ਲਈ ਮੈਂ ਜੁਲਾਈ 1977 ਵਿਚ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ।
ਖ਼ੂਨ ਬਾਰੇ ਪਰਮੇਸ਼ੁਰ ਦੀ ਸੋਚ ਦਾ ਪੱਖ ਲਿਆ
ਮੈਂ ਤੇ ਮਾਸੂਕੋ ਨਵੰਬਰ 1979 ਵਿਚ ਚੀਬਾ ਸ਼ਹਿਰ ਦੀ ਮੰਡਲੀ ਵਿਚ ਚਲੇ ਗਏ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਸੀ। ਉੱਥੇ ਮੈਂ ਇਕ ਹਸਪਤਾਲ ਵਿਚ ਕੁਝ ਘੰਟਿਆਂ ਲਈ ਕੰਮ ਕਰਨ ਲੱਗ ਪਿਆ। ਕੰਮ ਦੇ ਪਹਿਲੇ ਦਿਨ ਹੀ ਕੁਝ ਡਾਕਟਰਾਂ ਨੇ ਮੈਨੂੰ ਘੇਰ ਲਿਆ। ਉਨ੍ਹਾਂ ਨੇ ਮੈਨੂੰ ਪੁੱਛਿਆ, “ਯਹੋਵਾਹ ਦਾ ਗਵਾਹ ਹੋਣ ਦੇ ਨਾਤੇ ਤੂੰ ਕੀ ਕਰੂੰਗਾ ਜੇ ਕੋਈ ਅਜਿਹਾ ਮਰੀਜ਼ ਤੇਰੇ ਕੋਲ ਲਿਆਂਦਾ ਜਾਵੇ ਜਿਸ ਨੂੰ ਖ਼ੂਨ ਚੜ੍ਹਾਉਣ ਦੀ ਲੋੜ ਹੋਵੇ?”
ਮੈਂ ਆਦਰ ਨਾਲ ਸਮਝਾਇਆ ਕਿ ਮੈਂ ਉਹੀ ਕਰਾਂਗਾ ਜੋ ਰੱਬ ਖ਼ੂਨ ਬਾਰੇ ਕਹਿੰਦਾ ਹੈ। ਮੈਂ ਸਮਝਾਇਆ ਕਿ ਖ਼ੂਨ ਤੋਂ ਬਗੈਰ ਵੀ ਬਹੁਤ ਸਾਰੇ ਇਲਾਜ ਹਨ ਅਤੇ ਮੈਂ ਆਪਣੇ ਮਰੀਜ਼ਾਂ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰਾਂਗਾ। ਤਕਰੀਬਨ ਇਕ ਘੰਟੇ ਤਕ ਸਾਡੀ ਗੱਲਬਾਤ ਤੋਂ ਬਾਅਦ ਵੱਡੇ ਡਾਕਟਰ ਨੇ ਕਿਹਾ, “ਮੈਂ ਤੇਰੀ ਗੱਲ ਸਮਝਦਾ ਹਾਂ। ਪਰ ਜੇ ਕੋਈ ਇੱਦਾਂ ਦਾ ਮਰੀਜ਼ ਆਇਆ ਜਿਸ ਦਾ ਬਹੁਤ ਜ਼ਿਆਦਾ ਖ਼ੂਨ ਵਹਿ ਗਿਆ ਹੋਵੇ, ਤਾਂ ਅਸੀਂ ਆਪ ਹੀ ਉਸ ਨੂੰ ਸੰਭਾਲ ਲਵਾਂਗੇ ਤੇ ਤੈਨੂੰ ਕੁਝ ਕਰਨ ਦੀ ਲੋੜ ਨਹੀਂ ਪਵੇਗੀ।” ਸਾਰੇ ਕਹਿੰਦੇ ਸਨ ਕਿ ਉਸ ਡਾਕਟਰ ਨਾਲ ਕੰਮ ਕਰਨਾ ਇੰਨਾ ਸੌਖਾ ਨਹੀਂ ਹੈ, ਪਰ ਉਸ ਗੱਲਬਾਤ ਤੋਂ ਬਾਅਦ ਸਾਡੀ ਆਪਸ ਵਿਚ ਬਣਨ ਲੱਗ ਪਈ ਅਤੇ ਉਹ ਹਮੇਸ਼ਾ ਮੇਰੇ ਵਿਸ਼ਵਾਸਾਂ ਦਾ ਆਦਰ ਕਰਦਾ ਸੀ।
ਇਮਤਿਹਾਨ ਦੀ ਘੜੀ
ਜਦੋਂ ਅਸੀਂ ਚੀਬਾ ਵਿਚ ਸੇਵਾ ਕਰ ਰਹੇ ਸੀ, ਉਦੋਂ ਜਪਾਨ ਦੇ ਏਬੀਨਾ ਸ਼ਹਿਰ ਵਿਚ ਯਹੋਵਾਹ ਦੇ ਗਵਾਹਾਂ ਦਾ ਨਵਾਂ ਹੈੱਡਕੁਆਰਟਰ ਬਣ ਰਿਹਾ ਸੀ। ਇਸ ਨੂੰ ਬੈਥਲ ਕਿਹਾ ਜਾਂਦਾ ਹੈ। ਹਫ਼ਤੇ ਵਿਚ ਇਕ ਵਾਰੀ ਮੈਂ ਤੇ ਮੇਰੀ ਪਤਨੀ ਉਸ ਇਮਾਰਤ ਨੂੰ ਬਣਾਉਣ ਵਾਲੇ ਵਲੰਟੀਅਰਾਂ ਦਾ ਚੈੱਕਅਪ ਕਰਨ ਜਾਂਦੇ ਸੀ। ਕੁਝ ਮਹੀਨਿਆਂ ਬਾਅਦ ਸਾਨੂੰ ਏਬੀਨਾ ਦੇ ਬੈਥਲ ਵਿਚ ਪੂਰਾ ਸਮਾਂ ਸੇਵਾ ਕਰਨ ਲਈ ਸੱਦਿਆ ਗਿਆ। ਇਸ ਲਈ ਮਾਰਚ 1981 ਵਿਚ ਅਸੀਂ ਉਨ੍ਹਾਂ ਇਮਾਰਤਾਂ ਵਿਚ ਰਹਿਣ ਲੱਗ ਪਏ ਜਿੱਥੇ 500 ਤੋਂ ਜ਼ਿਆਦਾ ਵਲੰਟੀਅਰ ਰਹਿੰਦੇ ਸਨ। ਸਵੇਰ ਨੂੰ ਮੈਂ ਉਸਾਰੀ ਦੀ ਥਾਂ ʼਤੇ ਬਾਥਰੂਮ ਅਤੇ ਟਾਇਲਟਾਂ ਸਾਫ਼ ਕਰਦਾ ਸੀ ਅਤੇ ਦੁਪਹਿਰ ਨੂੰ ਚੈੱਕਅਪ ਕਰਦਾ ਸੀ।
ਮੇਰੀ ਇਕ ਮਰੀਜ਼ ਦਾ ਨਾਂ ਇਲਮਾ ਇਜ਼ਲੋਬ ਸੀ। ਉਹ 1949 ਵਿਚ ਮਿਸ਼ਨਰੀ ਵਜੋਂ ਸੇਵਾ ਕਰਨ ਲਈ ਆਸਟ੍ਰੇਲੀਆ ਤੋਂ ਜਪਾਨ ਆਈ ਸੀ। ਉਸ ਨੂੰ ਖ਼ੂਨ ਦਾ ਕੈਂਸਰ ਸੀ ਅਤੇ ਡਾਕਟਰਾਂ ਨੇ ਕਿਹਾ ਸੀ ਕਿ ਉਹ ਕੁਝ ਮਹੀਨੇ ਹੀ ਜੀਉਂਦੀ ਰਹੇਗੀ। ਇਲਮਾ ਨੇ ਖ਼ੂਨ ਲੈਣ ਤੋਂ ਮਨ੍ਹਾ ਕਰ ਦਿੱਤਾ ਅਤੇ ਆਪਣੀ ਜ਼ਿੰਦਗੀ ਦੇ ਆਖ਼ਰੀ ਕੁਝ ਦਿਨ ਬੈਥਲ ਵਿਚ ਹੀ ਕੱਟਣ ਦਾ ਫ਼ੈਸਲਾ ਕੀਤਾ। ਉਸ ਸਮੇਂ ਇਰਿਥਰੋਪਾਇਟਿਨ ਵਰਗੀਆਂ ਦਵਾਈਆਂ ਉਪਲਬਧ ਨਹੀਂ ਸਨ ਜੋ ਲਾਲ ਸੈੱਲ ਬਣਾਉਣ ਵਿਚ ਮਦਦ ਕਰਦੀਆਂ ਹਨ। ਇਸ ਲਈ ਕਦੀ-ਕਦੀ ਉਸ ਦਾ ਹੀਮੋਗਲੋਬਿਨ ਘੱਟ ਕੇ 3 ਤੋਂ 4 ਗ੍ਰਾਮ (ਜੋ ਆਮ ਤੌਰ ਤੇ 12 ਤੋਂ 15 ਗ੍ਰਾਮ ਹੁੰਦਾ ਹੈ) ਰਹਿ ਜਾਂਦਾ ਸੀ! ਉਸ ਦਾ ਇਲਾਜ ਕਰਨ ਲਈ ਮੈਂ ਜੋ ਕਰ ਸਕਦਾ ਸੀ, ਮੈਂ ਉਹ ਸਭ ਕੀਤਾ। ਲਗਭਗ ਸੱਤ ਸਾਲਾਂ ਬਾਅਦ ਜਨਵਰੀ 1988 ਵਿਚ ਇਲਮਾ ਦੀ ਮੌਤ ਹੋ ਗਈ ਅਤੇ ਉਹ ਮਰਦੇ ਦਮ ਤਕ ਪਰਮੇਸ਼ੁਰ ਦੇ ਬਚਨ ʼਤੇ ਨਿਹਚਾ ਕਰਦੀ ਰਹੀ!
ਜਪਾਨ ਵਿਚ ਸਾਲਾਂ ਦੌਰਾਨ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਦੇ ਕੁਝ ਵਲੰਟੀਅਰਾਂ ਨੂੰ ਓਪਰੇਸ਼ਨ ਕਰਾਉਣ ਦੀ ਲੋੜ ਪਈ। ਨੇੜਲੇ ਹਸਪਤਾਲਾਂ ਦੇ ਡਾਕਟਰ ਤਾਰੀਫ਼ ਦੇ ਲਾਇਕ ਹਨ ਜਿਨ੍ਹਾਂ ਨੇ ਖ਼ੂਨ ਤੋਂ ਬਗੈਰ ਗਵਾਹਾਂ ਦੇ ਓਪਰੇਸ਼ਨ ਕੀਤੇ। ਮੈਨੂੰ ਅਕਸਰ ਓਪਰੇਸ਼ਨ ਵਾਲੇ ਕਮਰੇ ਵਿਚ ਬੁਲਾਇਆ ਜਾਂਦਾ ਸੀ ਤਾਂਕਿ ਮੈਂ ਦੇਖ ਸਕਾਂ ਕਿ ਓਪਰੇਸ਼ਨ ਕਿਹੜੇ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਅਤੇ ਕਦੇ-ਕਦੇ ਤਾਂ ਮੈਂ ਓਪਰੇਸ਼ਨ ਕਰਨ ਵਿਚ ਮਦਦ ਵੀ ਕਰਦਾ ਸੀ। ਮੈਂ ਉਨ੍ਹਾਂ ਡਾਕਟਰਾਂ ਦਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਯਹੋਵਾਹ ਦੇ ਗਵਾਹਾਂ ਦੇ ਖ਼ੂਨ ਨਾ ਲੈਣ ਦੇ ਫ਼ੈਸਲੇ ਲਈ ਆਦਰ ਦਿਖਾਇਆ। ਉਨ੍ਹਾਂ ਨਾਲ ਕੰਮ ਕਰਨ ਕਰਕੇ ਮੈਨੂੰ ਉਨ੍ਹਾਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸਣ ਦੇ ਕਈ ਮੌਕੇ ਮਿਲੇ। ਉਨ੍ਹਾਂ ਵਿੱਚੋਂ ਇਕ ਡਾਕਟਰ ਨੇ ਹਾਲ ਹੀ ਵਿਚ ਬਪਤਿਸਮਾ ਲਿਆ ਹੈ।
ਦਿਲਚਸਪੀ ਦੀ ਗੱਲ ਹੈ ਕਿ ਡਾਕਟਰਾਂ ਦੁਆਰਾ ਖ਼ੂਨ ਤੋਂ ਬਗੈਰ ਯਹੋਵਾਹ ਦੇ ਗਵਾਹਾਂ ਦਾ ਇਲਾਜ ਕਰਨ ਕਰਕੇ ਡਾਕਟਰੀ ਖੇਤਰ ਵਿਚ ਕਾਫ਼ੀ ਤਰੱਕੀ ਹੋਈ ਹੈ। ਖ਼ੂਨ ਤੋਂ ਬਿਨਾਂ ਕੀਤੇ ਗਏ ਇਲਾਜ ਤੋਂ ਸਾਬਤ ਹੋਇਆ ਹੈ ਕਿ ਖ਼ੂਨ ਨਾ ਲੈਣ ਦੇ ਬਹੁਤ ਸਾਰੇ ਫ਼ਾਇਦੇ ਹਨ। ਖੋਜਾਂ ਤੋਂ ਪਤਾ ਲੱਗਾ ਹੈ ਕਿ ਇਸ ਤਰ੍ਹਾਂ ਇਲਾਜ ਕਰਨ ਕਰਕੇ ਮਰੀਜ਼ ਜਲਦੀ ਠੀਕ ਹੋ ਰਹੇ ਹਨ ਅਤੇ ਓਪਰੇਸ਼ਨ ਤੋਂ ਬਾਅਦ ਉਨ੍ਹਾਂ ਨੂੰ ਘੱਟ ਸਮੱਸਿਆਵਾਂ ਆਉਂਦੀਆਂ ਹਨ।
ਸਭ ਤੋਂ ਮਹਾਨ ਡਾਕਟਰ ਕੋਲੋਂ ਲਗਾਤਾਰ ਸਿੱਖਣਾ
ਮੈਂ ਦਵਾਈਆਂ ਅਤੇ ਇਲਾਜ ਦੇ ਨਵੇਂ ਤਰੀਕਿਆਂ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹਾਂ। ਨਾਲੇ ਮੈਂ ਸਭ ਤੋਂ ਮਹਾਨ ਡਾਕਟਰ ਕੋਲੋਂ ਵੀ ਲਗਾਤਾਰ ਸਿੱਖ ਰਿਹਾ ਹਾਂ। ਉਹ ਸਾਨੂੰ ਸਿਰਫ਼ ਬਾਹਰੋਂ ਹੀ ਨਹੀਂ ਦੇਖਦਾ, ਸਗੋਂ ਅੰਦਰੋਂ ਵੀ ਦੇਖਦਾ ਹੈ। (1 ਸਮੂਏਲ 16:7) ਡਾਕਟਰ ਹੋਣ ਦੇ ਨਾਤੇ ਮੈਂ ਆਪਣੇ ਹਰ ਮਰੀਜ਼ ਦੀ ਸਿਰਫ਼ ਬੀਮਾਰੀ ʼਤੇ ਹੀ ਧਿਆਨ ਨਹੀਂ ਦਿੰਦਾ, ਸਗੋਂ ਉਨ੍ਹਾਂ ਨੂੰ ਯਹੋਵਾਹ ਦੀ ਨਜ਼ਰ ਤੋਂ ਦੇਖਣ ਦੀ ਕੋਸ਼ਿਸ਼ ਕਰਦਾ ਹਾਂ। ਇਸ ਤਰ੍ਹਾਂ ਮੈਂ ਉਨ੍ਹਾਂ ਦਾ ਇਲਾਜ ਹੋਰ ਵਧੀਆ ਤਰੀਕੇ ਨਾਲ ਕਰ ਪਾਉਂਦਾ ਹਾਂ।
ਮੈਂ ਅਜੇ ਵੀ ਬੈਥਲ ਵਿਚ ਸੇਵਾ ਕਰ ਰਿਹਾ ਹਾਂ। ਇਸ ਤੋਂ ਇਲਾਵਾ, ਮੈਂ ਦੂਜਿਆਂ ਦੀ ਯਹੋਵਾਹ ਅਤੇ ਖ਼ੂਨ ਬਾਰੇ ਉਸ ਦੇ ਨਜ਼ਰੀਏ ਬਾਰੇ ਸਿੱਖਣ ਵਿਚ ਮਦਦ ਕਰ ਰਿਹਾ ਹਾਂ। ਇਹ ਕੰਮ ਕਰ ਕੇ ਮੈਨੂੰ ਅੱਜ ਵੀ ਸਭ ਤੋਂ ਜ਼ਿਆਦਾ ਖ਼ੁਸ਼ੀ ਮਿਲਦੀ ਹੈ। ਮੇਰੀ ਦੁਆ ਹੈ ਕਿ ਸਭ ਤੋਂ ਮਹਾਨ ਡਾਕਟਰ ਯਹੋਵਾਹ ਪਰਮੇਸ਼ੁਰ ਜਲਦੀ ਬੀਮਾਰੀਆਂ ਅਤੇ ਮੌਤ ਨੂੰ ਖ਼ਤਮ ਕਰ ਦੇਵੇ।—ਯਾਸੂਸ਼ੀ ਆਈਜ਼ਾਵਾ ਦੀ ਜ਼ਬਾਨੀ।
[ਫੁਟਨੋਟ]
a ਡਾਕਟਰ ਡਨੀਜ਼ ਐੱਮ. ਹਰਮਨਿੰਗ ਦੀ ਕਿਤਾਬ ਮੁਤਾਬਕ ‘ਗਰਭਵਤੀ ਔਰਤਾਂ ਅਤੇ ਉਨ੍ਹਾਂ ਮਰੀਜ਼ਾਂ ਨੂੰ ਖ਼ੂਨ ਚੜ੍ਹਾਉਣਾ ਖ਼ਤਰਨਾਕ ਹੋ ਸਕਦਾ ਹੈ ਜਿਨ੍ਹਾਂ ਨੂੰ ਪਹਿਲਾਂ ਖ਼ੂਨ ਚੜ੍ਹਾਇਆ ਗਿਆ ਸੀ ਜਾਂ ਜਿਨ੍ਹਾਂ ਦਾ ਕੋਈ ਅੰਗ ਬਦਲਿਆ ਗਿਆ ਸੀ। ਖ਼ੂਨ ਚੜ੍ਹਾਉਣ ਤੋਂ ਬਾਅਦ ਅਜਿਹੇ ਮਰੀਜ਼ਾਂ ਦੇ ਲਾਲ ਸੈੱਲ ਹੌਲੀ-ਹੌਲੀ ਨਸ਼ਟ ਹੋ ਸਕਦੇ ਹਨ।’ ਅਜਿਹੇ ਮਰੀਜ਼ਾਂ ਨੂੰ ‘ਖ਼ੂਨ ਚੜ੍ਹਾਉਣ ਤੋਂ ਪਹਿਲਾਂ ਉਨ੍ਹਾਂ ਦੇ ਖ਼ੂਨ ਦੇ ਟੈੱਸਟਾਂ ਤੋਂ ਪਤਾ ਨਹੀਂ ਲੱਗਦਾ’ ਕਿ ਖ਼ੂਨ ਚੜ੍ਹਾਉਣ ਵੇਲੇ ਕਿਹੜੇ ਐਂਟੀਬਾਡੀਜ਼ ਮਰੀਜ਼ ਲਈ ਖ਼ਤਰਨਾਕ ਹੋ ਸਕਦੇ ਹਨ। (Modern Blood Banking and Transfusion Practices) ਇਕ ਕਿਤਾਬ ਮੁਤਾਬਕ ‘ਜੇ ਮਰੀਜ਼ ਨੂੰ ਸਿਰਫ਼ ਥੋੜ੍ਹਾ ਜਿਹਾ ਵੀ ਗ਼ਲਤ ਖ਼ੂਨ ਚੜ੍ਹਾਇਆ ਜਾਵੇ, ਤਾਂ ਉਸ ਦੇ ਲਾਲ ਨਸ਼ਟ ਹੋਣ ਲੱਗਦੇ ਹਨ। ਨਤੀਜੇ ਵਜੋਂ, ਗੁਰਦੇ ਫੇਲ੍ਹ ਹੋ ਜਾਂਦੇ ਹਨ ਇਸ ਕਰਕੇ ਮਰੀਜ਼ ਦੇ ਸਰੀਰ ਵਿਚ ਹੌਲੀ-ਹੌਲੀ ਜ਼ਹਿਰ ਬਣਨ ਲੱਗਦਾ ਹੈ ਕਿਉਂਕਿ ਗੁਰਦੇ ਸਰੀਰ ਵਿੱਚੋਂ ਗੰਦ-ਮੰਦ ਬਾਹਰ ਨਹੀਂ ਕੱਢ ਪਾਉਂਦੇ।’—Dailey’s Notes on Blood.
b ਅਗਸਤ 1988 ਦੇ ਇਕ ਰਸਾਲੇ ਵਿਚ ਦੱਸਿਆ ਸੀ: “ਜਿਨ੍ਹਾਂ ਮਰੀਜ਼ਾਂ ਨੂੰ ਓਪਰੇਸ਼ਨ ਦੌਰਾਨ ਖ਼ੂਨ ਚੜ੍ਹਾਇਆ ਜਾਂਦਾ ਹੈ, ਉਨ੍ਹਾਂ ਦੀ ਹਾਲਤ ਉਨ੍ਹਾਂ ਮਰੀਜ਼ਾਂ ਨਾਲੋਂ ਜ਼ਿਆਦਾ ਖ਼ਰਾਬ ਹੋ ਜਾਂਦੀ ਹੈ ਜਿਨ੍ਹਾਂ ਦਾ ਖ਼ੂਨ ਤੋਂ ਬਿਨਾਂ ਓਪਰੇਸ਼ਨ ਕੀਤਾ ਜਾਂਦਾ ਹੈ।”—Journal of Clinical Oncology.
c ਖ਼ੂਨ ਬਾਰੇ ਬਾਈਬਲ ਦੀਆਂ ਸਿੱਖਿਆਵਾਂ ਸੰਬੰਧੀ ਹੋਰ ਜਾਣਕਾਰੀ ਲੈਣ ਲਈ ਲਹੂ ਤੁਹਾਡੀ ਜਾਨ ਕਿਵੇਂ ਬਚਾ ਸਕਦਾ ਹੈ? (ਅੰਗ੍ਰੇਜ਼ੀ) ਨਾਂ ਦਾ ਬਰੋਸ਼ਰ ਦੇਖੋ। ਇਹ ਯਹੋਵਾਹ ਦੇ ਗਵਾਹਾਂ ਦੁਆਰਾ ਛਾਪਿਆ ਗਿਆ ਹੈ।
[ਵੱਡੇ ਅੱਖਰਾਂ ਵਿਚ ਖ਼ਾਸ ਗੱਲ]
“ਮੈਂ ਸਮਝਾਇਆ ਕਿ ਖ਼ੂਨ ਤੋਂ ਬਗੈਰ ਵੀ ਬਹੁਤ ਸਾਰੇ ਇਲਾਜ ਹਨ ਅਤੇ ਮੈਂ ਆਪਣੇ ਮਰੀਜ਼ਾਂ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰਾਂਗਾ”
[ਵੱਡੇ ਅੱਖਰਾਂ ਵਿਚ ਖ਼ਾਸ ਗੱਲ]
“ਖ਼ੂਨ ਤੋਂ ਬਿਨਾਂ ਕੀਤੇ ਗਏ ਇਲਾਜ ਤੋਂ ਸਾਬਤ ਹੋਇਆ ਹੈ ਕਿ ਖ਼ੂਨ ਨਾ ਲੈਣ ਦੇ ਬਹੁਤ ਸਾਰੇ ਫ਼ਾਇਦੇ ਹਨ”
[ਤਸਵੀਰਾਂ]
ਉੱਪਰ: ਬਾਈਬਲ ਵਿੱਚੋਂ ਭਾਸ਼ਣ ਦਿੰਦਾ ਹੋਇਆ
ਸੱਜੇ: ਅੱਜ ਆਪਣੀ ਪਤਨੀ ਮਾਸੂਕੋ ਨਾਲ