ਉਮੀਦ—ਕੀ ਉਮੀਦ ਕਰਨ ਨਾਲ ਕੋਈ ਫ਼ਰਕ ਪੈਂਦਾ ਹੈ?
ਡੈਨਿਅਲ ਸਿਰਫ਼ ਦਸ ਸਾਲਾਂ ਦਾ ਹੀ ਸੀ। ਉਹ ਪਿਛਲੇ ਇਕ ਸਾਲ ਤੋਂ ਕੈਂਸਰ ਨਾਲ ਲੜ ਰਿਹਾ ਸੀ। ਉਸ ਦੇ ਘਰ ਵਾਲਿਆਂ ਅਤੇ ਡਾਕਟਰਾਂ ਨੂੰ ਉਸ ਦੇ ਬਚਣ ਦੀ ਕੋਈ ਉਮੀਦ ਨਹੀਂ ਸੀ। ਪਰ ਡੈਨਿਅਲ ਨੇ ਉਮੀਦ ਨਹੀਂ ਛੱਡੀ। ਉਸ ਨੂੰ ਯਕੀਨ ਸੀ ਕਿ ਉਹ ਠੀਕ ਹੋ ਜਾਵੇਗਾ ਅਤੇ ਵੱਡਾ ਹੋ ਕੇ ਕੈਂਸਰ ਦਾ ਇਲਾਜ ਲੱਭੇਗਾ। ਕੁਝ ਦਿਨਾਂ ਬਾਅਦ ਕੈਂਸਰ ਦਾ ਇਕ ਮਾਹਰ ਡਾਕਟਰ ਉਸ ਨੂੰ ਦੇਖਣ ਆਉਣ ਵਾਲਾ ਸੀ। ਡੈਨਿਅਲ ਨੂੰ ਇਸ ਡਾਕਟਰ ਤੋਂ ਬਹੁਤ ਉਮੀਦਾਂ ਸੀ। ਇਸ ਲਈ ਉਹ ਉਸ ਦੇ ਆਉਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ। ਪਰ ਮੌਸਮ ਖ਼ਰਾਬ ਹੋਣ ਕਰਕੇ ਉਹ ਡਾਕਟਰ ਉਸ ਦਿਨ ਨਹੀਂ ਆ ਸਕਿਆ। ਡੈਨਿਅਲ ਦੀਆਂ ਉਮੀਦਾਂ ʼਤੇ ਪਾਣੀ ਫਿਰ ਗਿਆ। ਜ਼ਿੰਦਗੀ ਵਿਚ ਪਹਿਲੀ ਵਾਰ ਉਹ ਨਿਰਾਸ਼ ਹੋਇਆ। ਦੋ ਦਿਨਾਂ ਬਾਅਦ ਹੀ ਉਸ ਦੀ ਮੌਤ ਹੋ ਗਈ।
ਇਹ ਕਿੱਸਾ ਇਕ ਨਰਸ ਨੇ ਦੱਸਿਆ ਸੀ ਜੋ ਇਸ ਗੱਲ ʼਤੇ ਖੋਜਬੀਨ ਕਰ ਰਹੀ ਸੀ ਕਿ ਉਮੀਦ ਹੋਣ ਜਾਂ ਨਾ ਹੋਣ ਨਾਲ ਸਿਹਤ ʼਤੇ ਕੀ ਅਸਰ ਪੈਂਦਾ ਹੈ। ਤੁਸੀਂ ਵੀ ਸ਼ਾਇਦ ਇੱਦਾਂ ਦੇ ਕਈ ਕਿੱਸੇ ਸੁਣੇ ਹੋਣ। ਜਿਵੇਂ, ਇਕ ਬੁੱਢੇ ਵਿਅਕਤੀ ਦੀ ਸ਼ਾਇਦ ਆਖ਼ਰੀ ਇੱਛਾ ਹੋਵੇ ਕਿ ਉਹ ਕਿਸੇ ਅਜ਼ੀਜ਼ ਨੂੰ ਮਿਲੇ ਜਾਂ ਕਿਸੇ ਖ਼ਾਸ ਮੌਕੇ ਵਿਚ ਸ਼ਰੀਕ ਹੋਵੇ। ਜਦੋਂ ਤਕ ਉਸ ਨੂੰ ਉਮੀਦ ਰਹਿੰਦੀ ਹੈ, ਉਦੋਂ ਤਕ ਉਸ ਦੇ ਸਾਹ ਚੱਲਦੇ ਰਹਿੰਦੇ ਹਨ। ਪਰ ਜਿੱਦਾਂ ਹੀ ਉਸ ਦੀ ਇੱਛਾ ਪੂਰੀ ਹੋ ਜਾਂਦੀ ਹੈ, ਉਹ ਦਮ ਤੋੜ ਦਿੰਦਾ ਹੈ। ਇੱਦਾਂ ਕਿਉਂ ਹੁੰਦਾ ਹੈ? ਕੀ ਉਮੀਦ ਹੋਣ ਜਾਂ ਨਾ ਹੋਣ ਨਾਲ ਸੱਚੀਂ ਸਾਡੀ ਸਿਹਤ ʼਤੇ ਕੋਈ ਫ਼ਰਕ ਪੈਂਦਾ ਹੈ?
ਬਹੁਤ ਸਾਰੇ ਡਾਕਟਰ ਕਹਿੰਦੇ ਹਨ ਕਿ ਜੇ ਅਸੀਂ ਖ਼ੁਸ਼ ਰਹਿੰਦੇ ਹਾਂ ਅਤੇ ਚੰਗਾ ਸੋਚਦੇ ਹਾਂ ਤਾਂ ਸਾਡੀ ਸਿਹਤ ʼਤੇ ਇਸ ਦਾ ਚੰਗਾ ਅਸਰ ਪੈਂਦਾ ਹੈ। ਪਰ ਕੁਝ ਡਾਕਟਰ ਇਸ ਗੱਲ ਨਾਲ ਸਹਿਮਤ ਨਹੀਂ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਬੀਮਾਰੀਆਂ ਸਿਰਫ਼ ਸਰੀਰਕ ਕਮਜ਼ੋਰੀ ਕਰਕੇ ਹੀ ਹੁੰਦੀਆਂ ਹਨ।
ਪੁਰਾਣੇ ਜ਼ਮਾਨੇ ਵਿਚ ਵੀ ਕਈ ਲੋਕਾਂ ਨੂੰ ਲੱਗਦਾ ਸੀ ਕਿ ਉਮੀਦ ਰੱਖਣ ਦਾ ਕੋਈ ਫ਼ਾਇਦਾ ਨਹੀਂ। ਹਜ਼ਾਰਾਂ ਸਾਲ ਪਹਿਲਾਂ ਅਰਸਤੂ ਨਾਂ ਦੇ ਇਕ ਯੂਨਾਨੀ ਵਿਦਵਾਨ ਨੇ ਕਿਹਾ ਕਿ “ਉਮੀਦ ਲਾਉਣੀ ਖੁੱਲ੍ਹੀਆਂ ਅੱਖਾਂ ਨਾਲ ਸੁਪਨੇ ਦੇਖਣ ਦੇ ਬਰਾਬਰ ਹੈ।” ਤਕਰੀਬਨ 200 ਸਾਲ ਪਹਿਲਾਂ ਅਮਰੀਕੀ ਨੇਤਾ ਬੈਂਜਾਮਿਨ ਫ੍ਰੈਂਕਲਿਨ ਨੇ ਵੀ ਕਿਹਾ: “ਜੇ ਉਮੀਦ ਦੇ ਸਹਾਰੇ ਰਹੋਗੇ, ਤਾਂ ਭੁੱਖੇ ਮਰੋਗੇ।”
ਤਾਂ ਫਿਰ ਕੀ ਉਮੀਦ ਰੱਖਣ ਦਾ ਕੋਈ ਫ਼ਾਇਦਾ ਨਹੀਂ? ਕੀ ਇਹ ਸਿਰਫ਼ ਕਹਿਣ ਦੀ ਗੱਲ ਹੈ? ਕੀ ਉਮੀਦ ਰੱਖਣ ਨਾਲ ਸੱਚੀਂ ਸਾਡੀ ਸਿਹਤ ਵਿਚ ਕੋਈ ਸੁਧਾਰ ਆ ਸਕਦਾ ਹੈ ਜਾਂ ਕੀ ਅਸੀਂ ਖ਼ੁਸ਼ੀ ਰਹਿ ਸਕਦੇ ਹਾਂ?