ਬਾਈਬਲ ਦਾ ਦ੍ਰਿਸ਼ਟੀਕੋਣ
ਕੀ ਸ਼ਾਂਤ ਸੁਭਾਅ ਵਾਲੇ ਹੋਣ ਦਾ ਕੋਈ ਫ਼ਾਇਦਾ ਹੈ?
ਯਿਸੂ ਨੇ ਆਪਣੇ ਇਕ ਉਪਦੇਸ਼ ਵਿਚ ਕਿਹਾ ਸੀ: “ਧੰਨ ਉਹ ਲੋਕ ਹਨ, ਜਿਹੜੇ ਦੂਜਿਆਂ ਵਿਚ ਸ਼ਾਂਤੀ ਕਰਵਾਉਂਦੇ ਹਨ।” (ਮੱਤੀ 5:9, ਪਵਿੱਤਰ ਬਾਈਬਲ ਨਵਾਂ ਅਨੁਵਾਦ) ਉਸ ਨੇ ਇਹ ਵੀ ਕਿਹਾ ਸੀ ਕਿ “ਧੰਨ ਓਹ ਜਿਹੜੇ ਹਲੀਮ ਹਨ ਕਿਉਂ ਜੋ ਓਹ ਧਰਤੀ ਦੇ ਵਾਰਸ ਹੋਣਗੇ।” (ਮੱਤੀ 5:5) ਸ਼ਾਂਤ ਸੁਭਾਅ ਵਾਲੇ ਹੋਣ ਦਾ ਸਿਰਫ਼ ਇਹ ਮਤਲਬ ਨਹੀਂ ਕਿ ਤੁਸੀਂ ਝਗੜਿਆਂ ਤੋਂ ਦੂਰ ਰਹਿੰਦੇ ਹੋ ਜਾਂ ਠੰਢੇ ਸੁਭਾਅ ਵਾਲੇ ਇਨਸਾਨ ਹੋ। ਇਕ ਸ਼ਾਂਤਮਈ ਇਨਸਾਨ ਨੇਕਨੀਤੀ ਤੇ ਮੇਲ ਕਰਾਉਣ ਵਾਲਾ ਹੁੰਦਾ ਹੈ।
ਪਰ ਕੀ ਯਿਸੂ ਦੇ ਕਹੇ ਇਹ ਸ਼ਬਦ ਸਾਡੇ ਲਈ ਫ਼ਾਇਦੇਮੰਦ ਹਨ? ਕਈ ਲੋਕ ਸੋਚਦੇ ਹਨ ਕਿ ਅੱਜ ਦੀ ਦੁਨੀਆਂ ਵਿਚ ਕੁਝ ਬਣਨ ਲਈ ਤੁਹਾਨੂੰ ਲੜਾਕੇ ਹੋਣ, ਦੂਸਰਿਆਂ ਨੂੰ ਡਰਾਉਣਾ-ਧਮਕਾਉਣਾ ਤੇ ਇੱਥੋਂ ਤਕ ਲੜਨ ਲਈ ਵੀ ਤਿਆਰ ਹੋਣਾ ਪੈਂਦਾ ਹੈ। ਪਰ ਕੀ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਅਕਲਮੰਦੀ ਹੈ? ਜਾਂ ਕੀ ਸ਼ਾਂਤੀ ਬਣਾਈ ਰੱਖਣੀ ਅਕਲਮੰਦੀ ਹੈ? ਆਓ ਆਪਾਂ ਤਿੰਨ ਕਾਰਨਾਂ ਵੱਲ ਦੇਖੀਏ ਜੋ ਦਿਖਾਉਂਦੇ ਹਨ ਕਿ ਸਾਨੂੰ ਸ਼ਾਂਤੀ ਬਾਰੇ ਯਿਸੂ ਦੇ ਸ਼ਬਦਾਂ ਵੱਲ ਕਿਉਂ ਧਿਆਨ ਦੇਣਾ ਚਾਹੀਦਾ ਹੈ।
▪ ਸ਼ਾਂਤ ਮਨ—ਕਹਾਉਤਾਂ 14:30 ਵਿਚ ਲਿਖਿਆ ਹੈ ਕਿ “ਸ਼ਾਂਤ ਮਨ ਸਰੀਰ ਦਾ ਜੀਉਣ ਹੈ।” ਕਈ ਡਾਕਟਰੀ ਰਿਪੋਰਟਾਂ ਸੰਕੇਤ ਕਰਦੀਆਂ ਹਨ ਕਿ ਗੁੱਸੇ ਅਤੇ ਵੈਰ ਕਾਰਨ ਲੋਕਾਂ ਨੂੰ ਸਟ੍ਰੋਕ ਤੇ ਦਿਲ ਦੇ ਦੌਰੇ ਹੋ ਸਕਦੇ ਹਨ। ਹਾਲ ਹੀ ਵਿਚ ਇਕ ਡਾਕਟਰੀ ਰਸਾਲੇ ਨੇ ਦਿਲ ਦੇ ਰੋਗੀਆਂ ਬਾਰੇ ਕਿਹਾ ਕਿ ਗੁੱਸੇ ਵਿਚ ਭੜਕ ਉੱਠਣਾ ਉਨ੍ਹਾਂ ਲਈ ਜ਼ਹਿਰ ਖਾਣ ਦੇ ਬਰਾਬਰ ਹੈ। ਰਸਾਲੇ ਨੇ ਅੱਗੇ ਕਿਹਾ ਕਿ “ਗੁੱਸੇ ਵਿਚ ਲਾਲ-ਪੀਲਾ ਹੋਣ ਕਾਰਨ ਤੁਸੀਂ ਬਹੁਤ ਬੀਮਾਰ ਹੋ ਸਕਦੇ ਹੋ।” ਜੋ ਸ਼ਾਂਤੀ ਬਣਾਈ ਰੱਖਣ ਦੀ ਕੋਸ਼ਿਸ਼ ਕਰਦੇ ਹਨ ਨਾ ਸਿਰਫ਼ ਉਨ੍ਹਾਂ ਦਾ ਮਨ ਸ਼ਾਂਤ ਹੋਵੇਗਾ, ਪਰ ਉਨ੍ਹਾਂ ਨੂੰ ਹੋਰ ਵੀ ਫ਼ਾਇਦੇ ਹੋਣਗੇ।
ਆਓ ਆਪਾਂ ਸ਼ਾਂਤੀ ਬਣਾਈ ਰੱਖਣ ਦੇ ਫ਼ਾਇਦਿਆਂ ਦੀ ਇਕ ਉਦਾਹਰਣ ਉੱਤੇ ਗੌਰ ਕਰੀਏ। ਇਕਾਹਠ ਸਾਲਾਂ ਦਾ ਜਿਮ ਅਮਰੀਕਾ ਵਿਚ ਵੀਅਤਨਾਮੀ ਲੋਕਾਂ ਨੂੰ ਬਾਈਬਲ ਬਾਰੇ ਸਿਖਾਉਂਦਾ ਹੈ। ਉਹ ਕਹਿੰਦਾ ਹੈ: “ਫ਼ੌਜ ਵਿਚ ਛੇ ਸਾਲ ਗੁਜ਼ਾਰਨ ਅਤੇ ਵੀਅਤਨਾਮ ਵਿਚ ਤਿੰਨ ਲੜਾਈਆਂ ਲੜਨ ਤੋਂ ਬਾਅਦ ਮੈਂ ਲੜਾਈ, ਗੁੱਸੇ ਅਤੇ ਨਿਰਾਸ਼ਾ ਦੀ ਰਗ-ਰਗ ਤੋਂ ਵਾਕਫ਼ ਹੋ ਗਿਆ ਸੀ। ਜ਼ਿੰਦਗੀ ਵਿਚ ਬੀਤੀਆਂ ਗੱਲਾਂ ਦੀਆਂ ਯਾਦਾਂ ਮੈਨੂੰ ਤੰਗ ਕਰਦੀਆਂ ਸੀ। ਉਨ੍ਹਾਂ ਕਾਰਨ ਮੇਰੀ ਨੀਂਦ ਵੀ ਹਰਾਮ ਹੋ ਗਈ ਸੀ। ਤਣਾਅ, ਘਬਰਾਹਟ ਤੇ ਪੇਟ ਦੇ ਰੋਗ ਕਾਰਨ ਮੇਰੀ ਸਿਹਤ ਵਿਗੜ ਗਈ।” ਜਿਮ ਨੇ ਚੈਨ ਤੇ ਰਾਹਤ ਕਿੱਥੋਂ ਪਾਈ? ਉਹ ਜਵਾਬ ਦਿੰਦਾ ਹੈ: “ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦੀ ਸਟੱਡੀ ਕਰਨ ਨਾਲ ਮੇਰੀ ਜ਼ਿੰਦਗੀ ਸੁਧਰ ਗਈ। ਦੁਨੀਆਂ ਵਿਚ ਸ਼ਾਂਤੀ ਲਿਆਉਣ ਦੇ ਪਰਮੇਸ਼ੁਰ ਦੇ ਮਕਸਦ ਬਾਰੇ ਮੈਂ ਸਿੱਖਿਆ। ਮੈਂ ਇਹ ਵੀ ਸਿੱਖਿਆ ਕਿ ਮੈਂ ‘ਨਵੀਂ ਇਨਸਾਨੀਅਤ’ ਕਿਵੇਂ ਪਹਿਨ ਸਕਦਾ ਸੀ। ਇਸ ਨਾਲ ਮੇਰਾ ਮਨ ਸ਼ਾਂਤ ਹੋਇਆ ਅਤੇ ਮੇਰੀ ਸਿਹਤ ਉੱਤੇ ਵੀ ਬਹੁਤ ਚੰਗਾ ਅਸਰ ਪਿਆ।” (ਅਫ਼ਸੀਆਂ 4:22-24; ਯਸਾਯਾਹ 65:17; ਮੀਕਾਹ 4:1-4) ਕਈ ਹੋਰਨਾਂ ਲੋਕਾਂ ਨੇ ਵੀ ਦੇਖਿਆ ਹੈ ਕਿ ਸ਼ਾਂਤ ਤੇ ਨਰਮ ਸੁਭਾਅ ਅਪਣਾਉਣ ਦੁਆਰਾ ਉਨ੍ਹਾਂ ਦੇ ਮਨ ਤੇ ਸਰੀਰ ਉੱਤੇ ਚੰਗਾ ਅਸਰ ਪਿਆ ਹੈ। ਇਸ ਦੇ ਨਾਲ-ਨਾਲ ਯਹੋਵਾਹ ਨਾਲ ਉਨ੍ਹਾਂ ਦਾ ਰਿਸ਼ਤਾ ਵਿਚ ਮਜ਼ਬੂਤ ਹੋਇਆ ਹੈ।—ਕਹਾਉਤਾਂ 15:13.
▪ ਚੰਗੇ ਰਿਸ਼ਤੇ—ਜਦੋਂ ਅਸੀਂ ਸ਼ਾਂਤ ਸੁਭਾਅ ਨਾਲ ਪੇਸ਼ ਆਉਂਦੇ ਹਾਂ ਉਦੋਂ ਦੂਸਰਿਆਂ ਨਾਲ ਸਾਡੇ ਰਿਸ਼ਤਿਆਂ ਉੱਤੇ ਚੰਗਾ ਅਸਰ ਪੈਂਦਾ ਹੈ। ਬਾਈਬਲ ਕਹਿੰਦੀ ਹੈ ਕਿ “ਕ੍ਰੋਧ, ਕੋਪ, ਰੌਲਾ, ਅਤੇ ਦੁਰਬਚਨ” ਨੂੰ “ਸਾਰੀ ਬੁਰਿਆਈ ਸਣੇ ਤੁਹਾਥੋਂ ਦੂਰ” ਹੋਣਾ ਚਾਹੀਦਾ ਹੈ। (ਅਫ਼ਸੀਆਂ 4:31) ਲੜਾਕੇ ਤੇ ਗੁੱਸੇ ਸੁਭਾਅ ਵਾਲੇ ਲੋਕਾਂ ਤੋਂ ਦੂਸਰੇ ਅਕਸਰ ਦੂਰ ਭੱਜਦੇ ਹਨ ਜਿਸ ਕਾਰਨ ਉਹ ਚੰਗੇ ਦੋਸਤ-ਮਿੱਤਰਾਂ ਬਗੈਰ ਇਕੱਲੇ ਰਹਿ ਜਾਂਦੇ ਹਨ। ਜਿਵੇਂ ਕਹਾਉਤਾਂ 15:18 ਵਿਚ ਲਿਖਿਆ ਹੈ: “ਕ੍ਰੋਧੀ ਛੇੜ ਖਾਨੀ ਕਰਦਾ ਹੈ, ਪਰ ਜਿਹੜਾ ਗੁੱਸੇ ਵਿੱਚ ਧੀਮਾ ਹੈ ਉਹ ਝਗੜੇ ਨੂੰ ਮਿਟਾਉਂਦਾ ਹੈ।”
ਬਤਾਲੀਆਂ ਸਾਲਾਂ ਦਾ ਐਂਡੀ ਨਿਊਯਾਰਕ ਸਿਟੀ ਦੀ ਇਕ ਕਲੀਸਿਯਾ ਵਿਚ ਬਜ਼ੁਰਗ ਹੈ। ਉਹ ਬਹੁਤ ਹੀ ਗੁੱਸੇ ਭਰੇ ਮਾਹੌਲ ਵਿਚ ਵੱਡਾ ਹੋਇਆ ਸੀ। ਉਹ ਸਮਝਾਉਂਦਾ ਹੈ: “ਅੱਠ ਸਾਲਾਂ ਦੀ ਉਮਰੇ ਮੈਨੂੰ ਬਾਕਸਿੰਗ ਰਿੰਗ ਵਿਚ ਖੜ੍ਹਾ ਕਰ ਦਿੱਤਾ ਗਿਆ ਸੀ। ਮੈਂ ਆਪਣੇ ਵਿਰੋਧੀ ਨੂੰ ਇਨਸਾਨ ਨਹੀਂ ਸਮਝਦਾ ਸੀ, ਸਗੋਂ ਮੇਰੇ ਮਨ ਵਿਚ ਸਿਰਫ਼ ਇੱਕੋ ਖ਼ਿਆਲ ਹੁੰਦਾ ਸੀ ਕਿ ‘ਮਾਰੋ ਜਾਂ ਮਾਰੇ ਜਾਓ।’ ਜਲਦੀ ਹੀ ਮੈਂ ਇਕ ਟੋਲੀ ਨਾਲ ਰਲ-ਮਿਲ ਗਿਆ ਅਤੇ ਅਸੀਂ ਦੰਗੇ-ਫ਼ਸਾਦ ਅਤੇ ਝਗੜੇ ਸ਼ੁਰੂ ਕਰਨ ਲੱਗੇ। ਮੇਰੀ ਜਾਨ ਖ਼ਤਰੇ ਵਿਚ ਪਈ ਤੇ ਕਈ ਵਾਰ ਮੈਂ ਬੰਦੂਕ ਤੇ ਚਾਕੂ ਦਾ ਨਿਸ਼ਾਨਾ ਵੀ ਬਣਿਆ। ਮੈਂ ਕਈ ਦੋਸਤੀਆਂ ਸਿਰਫ਼ ਡਰ ਮਾਰੇ ਹੀ ਕੀਤੀਆਂ ਸੀ।”
ਤਾਂ ਫਿਰ ਐਂਡੀ ਵਿਚ ਤਬਦੀਲੀ ਕਿਵੇਂ ਆਈ? ਉਸ ਨੇ ਕਿਹਾ: “ਇਕ ਦਿਨ ਮੈਂ ਯਹੋਵਾਹ ਦੇ ਗਵਾਹਾਂ ਦੇ ਕਿੰਗਡਮ ਹਾਲ ਗਿਆ। ਇਕਦਮ ਮੈਨੂੰ ਅਹਿਸਾਸ ਹੋਇਆ ਕਿ ਸਾਰਿਆਂ ਵਿਚਕਾਰ ਕਿੰਨਾ ਪਿਆਰ ਸੀ। ਉਸ ਸਮੇਂ ਤੋਂ ਇਨ੍ਹਾਂ ਸ਼ਾਂਤਮਈ ਲੋਕਾਂ ਨਾਲ ਮਿਲ-ਜੁਲ ਕੇ ਸ਼ਾਂਤ ਮਨ ਅਪਣਾਉਣ ਵਿਚ ਮੇਰੀ ਮਦਦ ਹੋਈ ਹੈ। ਹੌਲੀ-ਹੌਲੀ ਮੇਰੀ ਸੋਚਣੀ ਵਿਚ ਵੱਡੀ ਤਬਦੀਲੀ ਆਈ ਅਤੇ ਮੈਂ ਕਈ ਬਹੁਤ ਚੰਗੇ ਦੋਸਤ ਪਾਏ।”
▪ ਭਵਿੱਖ ਲਈ ਉਮੀਦ—ਸ਼ਾਂਤੀ ਬਣਾਈ ਰੱਖਣ ਦਾ ਸਭ ਤੋਂ ਅਹਿਮ ਕਾਰਨ ਇਹ ਹੈ ਕਿ ਅਸੀਂ ਇਵੇਂ ਕਰ ਕੇ ਆਪਣੇ ਕਰਤਾਰ ਦੀ ਇੱਛਾ ਦਾ ਮਾਣ ਕਰਦੇ ਹਾਂ। ਪਰਮੇਸ਼ੁਰ ਆਪਣੇ ਬਚਨ ਵਿਚ ਕਹਿੰਦਾ ਹੈ: “ਸ਼ਾਂਤੀ ਦੇ ਪਿੱਛੇ ਭੱਜੋ ਜਦੋਂ ਤੱਕ ਇਸ ਨੂੰ ਫ਼ੜ ਨਾ ਲਵੋਂ।” (ਜ਼ਬੂਰ 34:14, ਈਜ਼ੀ ਟੂ ਰੀਡ ਵਰਯਨ) ਯਹੋਵਾਹ ਪਰਮੇਸ਼ੁਰ ਨੂੰ ਜਾਣ ਕੇ ਅਤੇ ਉਸ ਦੀਆਂ ਸਿੱਖਿਆਵਾਂ ਉੱਤੇ ਚੱਲ ਕੇ ਤੁਸੀਂ ਉਸ ਨਾਲ ਰਿਸ਼ਤਾ ਜੋੜ ਸਕਦੇ ਹੋ। ਜਦ ਯਹੋਵਾਹ ਨਾਲ ਤੁਹਾਡਾ ਰਿਸ਼ਤਾ ਮਜ਼ਬੂਤ ਹੋਵੇਗਾ, ਤਦ ਤੁਸੀਂ “ਪਰਮੇਸ਼ੁਰ ਦੀ ਸ਼ਾਂਤੀ” ਪਾ ਸਕੋਗੇ। ਅਜਿਹੀ ਸ਼ਾਂਤੀ ਹਮੇਸ਼ਾ ਕਾਇਮ ਰਹਿੰਦੀ ਹੈ ਭਾਵੇਂ ਸਾਡੇ ਰਾਹ ਵਿਚ ਜੋ ਮਰਜ਼ੀ ਮੁਸ਼ਕਲਾਂ ਆਉਣ।—ਫ਼ਿਲਿੱਪੀਆਂ 4:6, 7.
ਇਸ ਦੇ ਨਾਲ-ਨਾਲ ਸ਼ਾਂਤ ਸੁਭਾਅ ਵਾਲੇ ਹੋਣ ਦੁਆਰਾ ਅਸੀਂ ਯਹੋਵਾਹ ਨੂੰ ਦਿਖਾਉਂਦੇ ਹਾਂ ਕਿ ਅਸੀਂ ਕਿਹੋ ਜਿਹੇ ਇਨਸਾਨ ਬਣਨਾ ਚਾਹੁੰਦੇ ਹਾਂ। ਅਸੀਂ ਉਸ ਸਮੇਂ ਜੀਉਣ ਦੇ ਲਾਇਕ ਬਣਨਾ ਚਾਹੁੰਦੇ ਹਾਂ ਜਦ ਉਹ ਦੁਨੀਆਂ ਭਰ ਸ਼ਾਂਤੀ ਲਿਆਵੇਗਾ। ਅਸੀਂ ਉਸ ਵੇਲੇ ਉੱਥੇ ਹਾਜ਼ਰ ਹੋ ਸਕਦੇ ਹਾਂ ਜਦ ਦੁਸ਼ਟ ਲੋਕਾਂ ਦੇ ਨਾਸ ਤੋਂ ਬਾਅਦ ਧਰਮੀ ਤੇ ਹਲੀਮ “ਧਰਤੀ ਦੇ ਵਾਰਸ ਹੋਣਗੇ।” ਸਾਡੇ ਲਈ ਕਿੰਨੀ ਵੱਡੀ ਬਰਕਤ!—ਜ਼ਬੂਰਾਂ ਦੀ ਪੋਥੀ 37:10, 11; ਕਹਾਉਤਾਂ 2:20-22.
“ਧੰਨ ਉਹ ਲੋਕ ਹਨ, ਜਿਹੜੇ ਦੂਜਿਆਂ ਵਿਚ ਸ਼ਾਂਤੀ ਕਰਵਾਉਂਦੇ ਹਨ।” ਹਾਂ, ਅਸੀਂ ਸਾਫ਼-ਸਾਫ਼ ਦੇਖ ਸਕਦੇ ਹਾਂ ਕਿ ਯਿਸੂ ਦੇ ਇਹ ਸ਼ਬਦ ਬਹੁਤ ਹੀ ਫ਼ਾਇਦੇਮੰਦ ਹਨ। ਸ਼ਾਂਤ ਸੁਭਾਅ ਵਾਲੇ ਹੋਣ ਦੁਆਰਾ ਅਸੀਂ ਸ਼ਾਂਤ ਮਨ ਪਾ ਸਕਦੇ ਹਾਂ, ਚੰਗੇ ਰਿਸ਼ਤੇ ਕਾਇਮ ਕਰ ਸਕਦੇ ਹਾਂ ਅਤੇ ਭਵਿੱਖ ਲਈ ਪੱਕੀ ਉਮੀਦ ਰੱਖ ਸਕਦੇ ਹਾਂ। ਸਾਡਾ ਦਾਮਨ ਇਨ੍ਹਾਂ ਬਰਕਤਾਂ ਨਾਲ ਭਰ ਜਾਵੇਗਾ ਜੇ ਅਸੀਂ ਤਨ-ਮਨ ਨਾਲ ‘ਸਾਰਿਆਂ ਮਨੁੱਖਾਂ ਦੇ ਨਾਲ ਮੇਲ ਰੱਖਣ’ ਦੀ ਕੋਸ਼ਿਸ਼ ਕਰੀਏ।—ਰੋਮੀਆਂ 12:18. (g 5/06)
[ਸਫ਼ਾ 28 ਉੱਤੇ ਤਸਵੀਰਾਂ]
“ਮੇਰੀ ਸਿਹਤ ਉੱਤੇ ਵੀ ਚੰਗਾ ਅਸਰ ਪਿਆ”—ਜਿਮ
[ਸਫ਼ਾ 29 ਉੱਤੇ ਤਸਵੀਰਾਂ]
“ਮੈਂ ਕਈ ਬਹੁਤ ਚੰਗੇ ਦੋਸਤ ਪਾਏ”—ਐਂਡੀ