ਦਲੇਰੀ ਨਾਲ ਪ੍ਰਚਾਰ ਕਰਦਿਆਂ ਸ਼ਾਂਤੀ ਬਣਾਈ ਰੱਖੋ
1 ਪ੍ਰਚਾਰ ਕਰਦੇ ਵੇਲੇ ਸਾਨੂੰ ਕਈ ਲੋਕ ਮਿਲਦੇ ਹਨ ਜੋ ਬਾਈਬਲ ਤੋਂ ਉਲਟ ਸਿੱਖਿਆਵਾਂ ਨੂੰ ਪੂਰੀ ਸ਼ਰਧਾ ਨਾਲ ਮੰਨਦੇ ਹਨ। ਹਾਲਾਂਕਿ ਅਸੀਂ ਦਲੇਰੀ ਨਾਲ ਸੱਚਾਈ ਦਾ ਪ੍ਰਚਾਰ ਕਰਨਾ ਹੈ, ਪਰ ਸਾਨੂੰ ਦੂਸਰਿਆਂ ਦੇ ਜਜ਼ਬਾਤਾਂ ਨੂੰ ਬਿਨਾਂ ਵਜ੍ਹਾ ਠੇਸ ਨਹੀਂ ਪਹੁੰਚਾਉਣੀ ਚਾਹੀਦੀ। ਸਾਨੂੰ ‘ਸਾਰੇ ਮਨੁੱਖਾਂ ਦੇ ਨਾਲ ਮੇਲ ਰੱਖਣ’ ਦੀ ਲੋੜ ਹੈ। (ਰੋਮੀ. 12:18; ਰਸੂ. 4:29) ਪਰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਂਦੇ ਸਮੇਂ ਅਸੀਂ ਦਲੇਰੀ ਨਾਲ ਬੋਲਣ ਦੇ ਨਾਲ-ਨਾਲ ਸ਼ਾਂਤੀ ਕਿਵੇਂ ਬਣਾਈ ਰੱਖ ਸਕਦੇ ਹਾਂ?
2 ਸਾਂਝੇ ਵਿਸ਼ੇ ਤੇ ਗੱਲ ਕਰੋ: ਸ਼ਾਂਤੀ-ਪਸੰਦ ਵਿਅਕਤੀ ਬਿਨਾਂ ਵਜ੍ਹਾ ਬਹਿਸ ਕਰਨ ਤੋਂ ਪਰਹੇਜ਼ ਕਰੇਗਾ। ਘਰ-ਸੁਆਮੀ ਦੇ ਵਿਸ਼ਵਾਸਾਂ ਤੇ ਵਾਰ ਕਰਨ ਨਾਲ ਉਹ ਖਿੱਝ ਜਾਵੇਗਾ ਤੇ ਸਾਡੀ ਗੱਲ ਨਹੀਂ ਸੁਣੇਗਾ। ਇਸ ਲਈ, ਜੇ ਉਹ ਕੋਈ ਗ਼ਲਤ ਵਿਚਾਰ ਜ਼ਾਹਰ ਕਰਦਾ ਵੀ ਹੈ, ਤਾਂ ਇਸ ਤੇ ਬਹਿਸ ਕਰਨ ਦੀ ਬਜਾਇ ਸਮਝਦਾਰੀ ਨਾਲ ਕੋਈ ਹੋਰ ਵਿਸ਼ਾ ਚੁਣੋ ਜਿਸ ਤੇ ਘਰ-ਸੁਆਮੀ ਤੁਹਾਡੇ ਨਾਲ ਸਹਿਮਤ ਹੋਵੇ। ਇਸ ਤਰ੍ਹਾਂ ਘਰ-ਸੁਆਮੀ ਚਿੜਨ ਦੀ ਬਜਾਇ ਸਾਡੀ ਗੱਲ ਆਰਾਮ ਨਾਲ ਸੁਣੇਗਾ।
3 ਪਰ ਕੀ ਘਰ-ਸੁਆਮੀ ਦੇ ਗ਼ਲਤ ਵਿਚਾਰ ਤੇ ਟਿੱਪਣੀ ਨਾ ਕਰ ਕੇ ਅਸੀਂ ਸੱਚਾਈ ਦਾ ਸਮਝੌਤਾ ਕਰ ਰਹੇ ਹਾਂ? ਨਹੀਂ। ਸਾਡਾ ਕੰਮ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣਾ ਹੈ, ਨਾ ਕਿ ਹਰ ਗ਼ਲਤ ਵਿਚਾਰ ਤੇ ਬਹਿਸ ਕਰਨਾ। (ਮੱਤੀ 24:14) ਦੂਸਰਿਆਂ ਦੀ ਗੱਲ ਆਰਾਮ ਨਾਲ ਸੁਣ ਕੇ ਉਨ੍ਹਾਂ ਦੀ ਸੋਚ ਤੇ ਨਜ਼ਰੀਏ ਨੂੰ ਜਾਣਨ ਦੀ ਕੋਸ਼ਿਸ਼ ਕਰੋ।—ਕਹਾ. 16:23.
4 ਘਰ-ਸੁਆਮੀ ਨੂੰ ਬੇਇੱਜ਼ਤ ਨਾ ਕਰੋ: ਇਹ ਸੱਚ ਹੈ ਕਿ ਕੁਝ ਮੌਕਿਆਂ ਤੇ ਸਾਨੂੰ ਦਲੇਰੀ ਨਾਲ ਬਾਈਬਲ ਵਿੱਚੋਂ ਦਿਖਾਉਣਾ ਪੈਂਦਾ ਹੈ ਕਿ ਘਰ-ਸੁਆਮੀ ਜਿਸ ਸਿੱਖਿਆ ਨੂੰ ਮੰਨਦਾ ਹੈ, ਉਹ ਗ਼ਲਤ ਹੈ। ਪਰ ਸਾਨੂੰ ਗ਼ਲਤ ਸਿੱਖਿਆਵਾਂ ਨੂੰ ਮੰਨਣ ਵਾਲਿਆਂ ਅਤੇ ਸਿਖਾਉਣ ਵਾਲਿਆਂ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਤੇ ਨਾ ਹੀ ਅਸੀਂ ਉਨ੍ਹਾਂ ਲਈ ਅਪਮਾਨਜਨਕ ਲਫ਼ਜ਼ ਵਰਤਾਂਗੇ। ਦੂਸਰਿਆਂ ਨੂੰ ਨੀਵਾਂ ਨਾ ਦਿਖਾਓ, ਸਗੋਂ ਨਿਮਰਤਾ ਤੇ ਪਿਆਰ ਨਾਲ ਗੱਲ ਕਰ ਕੇ ਸੱਚੇ ਪਰਮੇਸ਼ੁਰ ਬਾਰੇ ਸਿੱਖਣ ਵਿਚ ਸੁਹਿਰਦ ਲੋਕਾਂ ਦੀ ਮਦਦ ਕਰੋ। ਦੂਸਰਿਆਂ ਦੇ ਵਿਚਾਰਾਂ ਲਈ ਆਦਰ ਦਿਖਾ ਕੇ ਅਸੀਂ ਉਨ੍ਹਾਂ ਦੀ ਇੱਜ਼ਤ ਕਰਦੇ ਹਾਂ। ਬਦਲੇ ਵਿਚ ਉਹ ਵੀ ਸਾਡੀ ਗੱਲ ਸੁਣਨ ਲਈ ਤਿਆਰ ਹੋਣਗੇ।
5 ਪੌਲੁਸ ਰਸੂਲ ਲੋਕਾਂ ਦੇ ਵਿਸ਼ਵਾਸਾਂ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਨੂੰ ਸਮਝਦਾਰੀ ਨਾਲ ਖ਼ੁਸ਼ ਖ਼ਬਰੀ ਸੁਣਾਉਂਦਾ ਸੀ। (ਰਸੂ. 17:22-31) ਉਹ “ਸਭਨਾਂ ਲਈ ਸਭ ਕੁਝ ਬਣਿਆ” ਤਾਂ ਜੋ ਉਹ ‘ਹਰ ਤਰਾਂ ਨਾਲ ਕਈਆਂ ਨੂੰ ਬਚਾਵੇ।’ (1 ਕੁਰਿੰ. 9:22) ਅਸੀਂ ਵੀ ਇੱਦਾਂ ਕਰ ਸਕਦੇ ਹਾਂ ਜੇਕਰ ਅਸੀਂ ਦਲੇਰੀ ਨਾਲ ਪ੍ਰਚਾਰ ਕਰਦੇ ਹੋਏ ਸ਼ਾਂਤੀ ਵੀ ਬਣਾਈ ਰੱਖੀਏ।