‘ਦੂਸਰਿਆਂ ਨਾਲ ਸ਼ਾਂਤੀ ਬਣਾਈ ਰੱਖੋ’
1. ਘਰ-ਮਾਲਕਾਂ ਦੇ ਨਾਰਾਜ਼ ਹੋ ਜਾਣ ਤੇ ਸਾਨੂੰ ਬਾਈਬਲ ਦੀ ਕਿਹੜੀ ਸਲਾਹ ਮੰਨਣੀ ਚਾਹੀਦੀ ਹੈ?
1 ਯਹੋਵਾਹ ਦੇ ਲੋਕ ਸ਼ਾਂਤੀ-ਪਸੰਦ ਲੋਕ ਹਨ ਜੋ ਸ਼ਾਂਤੀ ਦਾ ਸੰਦੇਸ਼ ਸੁਣਾਉਂਦੇ ਹਨ। (ਯਸਾ. 52:7) ਪਰ ਕਦੇ-ਕਦਾਈਂ ਲੋਕ ਨਾਰਾਜ਼ ਹੋ ਜਾਂਦੇ ਹਨ ਜਦੋਂ ਅਸੀਂ ਉਨ੍ਹਾਂ ਦਾ ਦਰਵਾਜ਼ਾ ਖੜਕਾਉਂਦੇ ਹਾਂ। ਜਦੋਂ ਇਸ ਤਰ੍ਹਾਂ ਹੁੰਦਾ ਹੈ, ਤਾਂ ਸ਼ਾਂਤ ਰਹਿਣ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?—ਰੋਮੀ. 12:18.
2. ਇਹ ਕਿਉਂ ਜ਼ਰੂਰੀ ਹੈ ਕਿ ਅਸੀਂ ਸਮਝਦਾਰੀ ਤੋਂ ਕੰਮ ਲਈਏ?
2 ਸਮਝਦਾਰੀ ਵਰਤੋ: ਭਾਵੇਂ ਕਈ ਖ਼ੁਸ਼ ਖ਼ਬਰੀ ਦਾ ਵਿਰੋਧ ਕਰਨ ਕਰਕੇ ਗੁੱਸੇ ਹੁੰਦੇ ਹਨ, ਪਰ ਦੂਸਰੇ ਸ਼ਾਇਦ ਕਿਸੇ ਹੋਰ ਕਾਰਨ ਕਰਕੇ ਸਾਡੇ ਨਾਲ ਕੌੜਾ ਬੋਲਣ। ਸ਼ਾਇਦ ਅਸੀਂ ਗ਼ਲਤ ਸਮੇਂ ਤੇ ਉਨ੍ਹਾਂ ਦੇ ਘਰ ਗੱਲ ਕਰਨ ਗਏ ਸਾਂ। ਘਰ-ਮਾਲਕ ਸ਼ਾਇਦ ਆਪਣੀਆਂ ਸਮੱਸਿਆਵਾਂ ਕਾਰਨ ਪਰੇਸ਼ਾਨ ਹੋਵੇ। ਭਾਵੇਂ ਕਿ ਉਹ ਖ਼ੁਸ਼ ਖ਼ਬਰੀ ਕਰਕੇ ਸਾਡੇ ਨਾਲ ਨਾਰਾਜ਼ ਹੋਇਆ ਹੈ, ਪਰ ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਉਹ ਕਿਸੇ ਦੇ ਭਰਮਾਉਣ ਕਰਕੇ ਸ਼ਾਇਦ ਇਸ ਤਰ੍ਹਾਂ ਪੇਸ਼ ਆਇਆ। (2 ਕੁਰਿੰ. 4:4) ਸਮਝਦਾਰੀ ਤੋਂ ਕੰਮ ਲੈ ਕੇ ਅਸੀਂ ਸ਼ਾਂਤ ਰਹਾਂਗੇ ਅਤੇ ਉਸ ਦੀਆਂ ਗੱਲਾਂ ਦਾ ਬੁਰਾ ਨਹੀਂ ਮਨਾਵਾਂਗੇ।—ਕਹਾ. 19:11.
3. ਅਸੀਂ ਘਰ-ਮਾਲਕ ਨਾਲ ਆਦਰ ਨਾਲ ਕਿਵੇਂ ਪੇਸ਼ ਆ ਸਕਦੇ ਹਾਂ?
3 ਆਦਰ ਨਾਲ ਪੇਸ਼ ਆਓ: ਹਰ ਇਲਾਕੇ ਵਿਚ ਕੱਟੜ ਲੋਕ ਹੁੰਦੇ ਹਨ। (2 ਕੁਰਿੰ. 10:4) ਉਨ੍ਹਾਂ ਦਾ ਇਹ ਹੱਕ ਹੈ ਕਿ ਉਹ ਸਾਡੀ ਗੱਲ ਸੁਣਨਗੇ ਜਾਂ ਨਹੀਂ। ਸਾਨੂੰ ਕਦੇ ਵੀ ਘਰ-ਮਾਲਕ ਦੇ ਵਿਸ਼ਵਾਸਾਂ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ ਜਾਂ ਉਸ ਨੂੰ ਇਹ ਮਹਿਸੂਸ ਨਹੀਂ ਕਰਾਉਣਾ ਚਾਹੀਦਾ ਕਿ ਅਸੀਂ ਆਪਣੇ ਆਪ ਨੂੰ ਉਸ ਤੋਂ ਵੱਡੇ ਸਮਝਦੇ ਹਾਂ। ਜੇ ਸਾਨੂੰ ਜਾਣ ਲਈ ਕਿਹਾ ਜਾਂਦਾ ਹੈ, ਤਾਂ ਸਾਨੂੰ ਆਦਰ ਦਿਖਾਉਂਦੇ ਹੋਏ ਚਲੇ ਜਾਣਾ ਚਾਹੀਦਾ ਹੈ।
4. ਸਲੀਕੇ ਨਾਲ ਬੋਲਣ ਦਾ ਕੀ ਮਤਲਬ ਹੈ?
4 ਸਲੀਕੇ ਨਾਲ ਗੱਲ ਕਰੋ: ਭਾਵੇਂ ਸਾਨੂੰ ਕੋਈ ਗਾਲ਼ਾਂ ਕੱਢੇ, ਫਿਰ ਵੀ ਸਾਨੂੰ ਨਰਮਾਈ ਅਤੇ ਸਲੀਕੇ ਨਾਲ ਜਵਾਬ ਦੇਣਾ ਚਾਹੀਦਾ ਹੈ। (ਕੁਲੁ. 4:6; 1 ਪਤ. 2:23) ਬਹਿਸ ਕਰਨ ਦੀ ਬਜਾਇ ਉਸ ਵਿਸ਼ੇ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕਰੋ ਜਿਸ ਬਾਰੇ ਤੁਸੀਂ ਦੋਵੇਂ ਸਹਿਮਤ ਹੋ। ਸ਼ਾਇਦ ਅਸੀਂ ਪਿਆਰ ਨਾਲ ਘਰ-ਮਾਲਕ ਨੂੰ ਉਸ ਦੀ ਨਾਰਾਜ਼ਗੀ ਦਾ ਕਾਰਨ ਪੁੱਛ ਸਕਦੇ ਹਾਂ। ਪਰ ਕਦੇ-ਕਦੇ ਸਮਝਦਾਰੀ ਇਸੇ ਵਿਚ ਹੁੰਦੀ ਹੈ ਕਿ ਉਸ ਨੂੰ ਹੋਰ ਖਿਝਾਉਣ ਤੋਂ ਪਰਹੇਜ਼ ਕਰਨ ਲਈ ਅਸੀਂ ਗੱਲਬਾਤ ਅੱਗੇ ਨਾ ਤੋਰੀਏ।—ਕਹਾ. 9:7; 17:14.
5. ਪ੍ਰਚਾਰ ਦੌਰਾਨ ਸ਼ਾਂਤ ਰਹਿਣ ਨਾਲ ਕਿਹੜੇ ਫ਼ਾਇਦੇ ਹੁੰਦੇ ਹਨ?
5 ਜੇ ਅਸੀਂ ਸ਼ਾਂਤੀ ਨਾਲ ਗੱਲ ਕਰਦੇ ਹਾਂ, ਤਾਂ ਘਰ-ਮਾਲਕ ਸ਼ਾਇਦ ਇਸ ਨੂੰ ਯਾਦ ਰੱਖੇ ਅਤੇ ਅਗਲੀ ਵਾਰ ਜਦੋਂ ਕੋਈ ਭੈਣ-ਭਰਾ ਉਸ ਨੂੰ ਗਵਾਹੀ ਦੇਣ ਦੀ ਕੋਸ਼ਿਸ਼ ਕਰੇਗਾ, ਤਾਂ ਉਹ ਸ਼ਾਇਦ ਗੱਲ ਸੁਣਨ ਲਈ ਤਿਆਰ ਹੋਵੇ। (ਰੋਮੀ. 12:20, 21) ਭਾਵੇਂ ਹੁਣ ਲੱਗਦਾ ਹੈ ਕਿ ਉਹ ਸਾਡਾ ਸਖ਼ਤ ਵਿਰੋਧ ਕਰਦਾ ਹੈ, ਪਰ ਹੋ ਸਕਦਾ ਹੈ ਕਿ ਉਹ ਇਕ ਦਿਨ ਸਾਡਾ ਭਰਾ ਬਣ ਜਾਵੇ। (ਗਲਾ. 1:13, 14) ਚਾਹੇ ਉਹ ਸੱਚਾਈ ਵਿਚ ਦਿਲਚਸਪੀ ਰੱਖੇ ਜਾਂ ਨਾ, ਤਾਂ ਵੀ ਅਸੀਂ ਸੰਜਮ ਰੱਖ ਕੇ ਤੇ ਸ਼ਾਂਤੀ ਨਾਲ ਪੇਸ਼ ਆ ਕੇ ਯਹੋਵਾਹ ਦੀ ਮਹਿਮਾ ਕਰਦੇ ਅਤੇ ਆਪਣੀ ਸਿੱਖਿਆ ਦੀ ਸ਼ੋਭਾ ਵਧਾਉਂਦੇ ਹਾਂ।—2 ਕੁਰਿੰ. 6:3.