ਗੱਲਾਂ ਉੱਤੇ ਸੋਚ-ਵਿਚਾਰ ਕਰਨ ਵਿਚ ਲੋਕਾਂ ਦੀ ਮਦਦ ਕਰੋ
1. ਪ੍ਰਚਾਰ ਕਰਦੇ ਸਮੇਂ ਕਿਹੜੇ ਤਰੀਕੇ ਨਾਲ ਗੱਲ ਕਰਨੀ ਜ਼ਿਆਦਾ ਅਸਰਕਾਰੀ ਹੈ?
1 ਪ੍ਰਚਾਰ ਦੌਰਾਨ ਗੱਲ ਕਰਨ ਦਾ ਕਿਹੜਾ ਤਰੀਕਾ ਜ਼ਿਆਦਾ ਅਸਰਕਾਰੀ ਹੁੰਦਾ ਹੈ? ਲੋਕਾਂ ਨਾਲ ਕਠੋਰਤਾ ਨਾਲ ਗੱਲ ਕਰਨੀ? ਜਾਂ ਅਜਿਹੇ ਤਰੀਕੇ ਨਾਲ ਗੱਲ ਕਰਨੀ ਕਿ ਉਹ ਸਾਡੀ ਗੱਲ ਉੱਤੇ ਸੋਚ-ਵਿਚਾਰ ਕਰ ਕੇ ਸਹੀ ਸਿੱਟੇ ਤੇ ਪਹੁੰਚਣ? ਥੱਸਲੁਨੀਕਾ ਵਿਚ ਰਹਿੰਦੇ ਯਹੂਦੀਆਂ ਨਾਲ ਗੱਲਾਂ ਕਰਦੇ ਸਮੇਂ ਪੌਲੁਸ ਰਸੂਲ ਨੇ ਉਨ੍ਹਾਂ ਨੂੰ ਅਜਿਹੇ ਤਰੀਕੇ ਨਾਲ ਗੱਲਾਂ ਸਮਝਾਈਆਂ ਜਿਸ ਕਰਕੇ ਉਨ੍ਹਾਂ ਵਿੱਚੋਂ ਕਿੰਨਿਆਂ ਨੇ ਨਿਹਚਾ ਕੀਤੀ। (ਰਸੂ. 17:2-4) ਦੂਸਰਿਆਂ ਨਾਲ ਸਮਝਦਾਰੀ ਨਾਲ ਗੱਲ ਕਰਨ ਵਿਚ ਕੀ ਕੁਝ ਸ਼ਾਮਲ ਹੈ?
2. ਖ਼ੁਸ਼ ਖ਼ਬਰੀ ਸੁਣਾਉਂਦੇ ਸਮੇਂ ਅਸੀਂ ਪੌਲੁਸ ਦੀ ਕਿੱਦਾਂ ਰੀਸ ਕਰ ਸਕਦੇ ਹਾਂ?
2 ਜਜ਼ਬਾਤਾਂ ਅਤੇ ਪਿਛੋਕੜ ਨੂੰ ਧਿਆਨ ਵਿਚ ਰੱਖੋ: ਆਪਣੇ ਇਲਾਕੇ ਵਿਚ ਰਹਿੰਦੇ ਲੋਕਾਂ ਦੀ ਮਦਦ ਕਰਨ ਲਈ ਸਾਨੂੰ ਉਨ੍ਹਾਂ ਦੇ ਜਜ਼ਬਾਤਾਂ ਨੂੰ ਧਿਆਨ ਵਿਚ ਰੱਖਣ ਦੀ ਲੋੜ ਹੈ। ਪੌਲੁਸ ਨੇ ਅਰਿਯੁਪਗੁਸ ਵਿਚ ਅਵਿਸ਼ਵਾਸੀ ਯੂਨਾਨੀ ਲੋਕਾਂ ਨੂੰ ਉਹ ਗੱਲਾਂ ਕਹਿ ਕੇ ਆਪਣਾ ਭਾਸ਼ਣ ਦੇਣਾ ਸ਼ੁਰੂ ਕੀਤਾ ਜੋ ਉਹ ਜਾਣਦੇ ਅਤੇ ਕਬੂਲ ਕਰਦੇ ਸਨ। (ਰਸੂ. 17:22-31) ਇਸ ਕਰਕੇ ਆਪਣੀ ਪੇਸ਼ਕਾਰੀ ਤਿਆਰ ਕਰਦੇ ਸਮੇਂ, ਆਪਣੇ ਇਲਾਕੇ ਵਿਚ ਰਹਿੰਦੇ ਲੋਕਾਂ ਦੇ ਆਮ ਵਿਸ਼ਵਾਸਾਂ ਅਤੇ ਖ਼ਿਆਲਾਂ ਨੂੰ ਧਿਆਨ ਵਿਚ ਰੱਖੋ। (1 ਕੁਰਿੰ. 9:19-22) ਜੇ ਘਰ-ਮਾਲਕ ਕਿਸੇ ਵੀ ਗੱਲ ਉੱਤੇ ਇਤਰਾਜ਼ ਕਰਦਾ ਹੈ, ਤਾਂ ਉਨ੍ਹਾਂ ਮਾਮਲਿਆਂ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕਰੋ ਜਿਨ੍ਹਾਂ ਨਾਲ ਉਹ ਸਹਿਮਤ ਹੋ ਸਕੇ।
3. ਅਸੀਂ ਵਧੀਆ ਤਰੀਕੇ ਨਾਲ ਸਵਾਲ ਪੁੱਛ ਕੇ ਦੂਸਰਿਆਂ ਦੀ ਕਿੱਦਾਂ ਮਦਦ ਕਰ ਸਕਦੇ ਹਾਂ?
3 ਵਧੀਆ ਤਰੀਕੇ ਨਾਲ ਸਵਾਲ ਪੁੱਛੋ: ਅਸੀਂ ਕਿਸੇ ਮੁਸਾਫ਼ਰ ਨੂੰ ਉਸ ਦੀ ਮੰਜ਼ਲ ʼਤੇ ਪਹੁੰਚਣ ਲਈ ਰਾਹ ਤਦ ਤਕ ਨਹੀਂ ਸਮਝਾ ਸਕਦੇ ਜਦ ਤਕ ਸਾਨੂੰ ਇਹ ਨਾ ਪਤਾ ਹੋਵੇ ਕਿ ਉਹ ਕਿੱਥੇ ਤਕ ਪਹੁੰਚ ਗਿਆ ਹੈ। ਇਸੇ ਤਰ੍ਹਾਂ ਅਸੀਂ ਘਰ-ਮਾਲਕ ਨੂੰ ਸਹੀ ਸਿੱਟੇ ʼਤੇ ਪਹੁੰਚਣ ਵਿਚ ਮਦਦ ਨਹੀਂ ਦੇ ਸਕਦੇ ਜਦ ਤਕ ਸਾਨੂੰ ਉਸ ਦੇ ਵਿਸ਼ਵਾਸਾਂ ਬਾਰੇ ਨਹੀਂ ਪਤਾ। ਕਿਸੇ ਵਿਅਕਤੀ ਨੂੰ ਗੱਲ ਸਮਝਾਉਣ ਤੋਂ ਪਹਿਲਾਂ, ਯਿਸੂ ਉਸ ਦੇ ਵਿਚਾਰ ਜਾਣਨ ਲਈ ਉਸ ਨੂੰ ਸਵਾਲ ਪੁੱਛਦਾ ਹੁੰਦਾ ਸੀ। ਮਿਸਾਲ ਲਈ, ਜਦੋਂ ਕਿਸੇ ਨੇ ਯਿਸੂ ਨੂੰ ਪੁੱਛਿਆ ਕਿ “ਮੈਂ ਕੀ ਕਰਾਂ ਜੋ ਸਦੀਪਕ ਜੀਉਣ ਦਾ ਅਧਿਕਾਰੀ ਹੋਵਾਂ?” ਤਾਂ ਜਵਾਬ ਦੇਣ ਤੋਂ ਪਹਿਲਾਂ ਯਿਸੂ ਨੇ ਉਸ ਵਿਅਕਤੀ ਦਾ ਵਿਚਾਰ ਜਾਣਨ ਲਈ ਉਸ ਨੂੰ ਸਵਾਲ ਪੁੱਛਿਆ। (ਲੂਕਾ 10:25-28) ਇਕ ਹੋਰ ਮੌਕੇ ਤੇ ਜਦੋਂ ਪਤਰਸ ਨੇ ਗ਼ਲਤ ਜਵਾਬ ਦਿੱਤਾ, ਤਾਂ ਯਿਸੂ ਨੇ ਬੜੇ ਵਧੀਆ ਤਰੀਕੇ ਨਾਲ ਸਵਾਲ ਪੁੱਛ ਕੇ ਉਸ ਦੀ ਗ਼ਲਤ ਸੋਚ ਨੂੰ ਠੀਕ ਕੀਤਾ। (ਮੱਤੀ 17:24-26) ਇਸੇ ਤਰ੍ਹਾਂ, ਜੇ ਘਰ-ਮਾਲਕ ਇਕ ਸਵਾਲ ਪੁੱਛਦਾ ਹੈ ਜਾਂ ਗ਼ਲਤ ਵਿਚਾਰ ਪੇਸ਼ ਕਰਦਾ ਹੈ, ਤਾਂ ਅਸੀਂ ਸਵਾਲ ਪੁੱਛ ਕੇ ਸਹੀ ਸਿੱਟੇ ʼਤੇ ਪਹੁੰਚਣ ਵਿਚ ਉਸ ਦੀ ਮਦਦ ਕਰ ਸਕਦੇ ਹਾਂ।
4. ਸਾਨੂੰ ਘਰ-ਮਾਲਕ ਨੂੰ ਸੋਚ-ਵਿਚਾਰ ਕਰਨ ਵਿਚ ਮਦਦ ਕਿਉਂ ਕਰਨੀ ਚਾਹੀਦੀ ਹੈ?
4 ਜਦੋਂ ਅਸੀਂ ਲੋਕਾਂ ਨੂੰ ਸੋਚ-ਵਿਚਾਰ ਕਰਨ ਵਿਚ ਮਦਦ ਦਿੰਦੇ ਹਾਂ, ਤਾਂ ਅਸੀਂ ਦਿਖਾ ਰਹੇ ਹੋਵਾਂਗੇ ਕਿ ਅਸੀਂ ਮਹਾਨ ਗੁਰੂ ਯਿਸੂ ਅਤੇ ਪਹਿਲੀ ਸਦੀ ਦੇ ਦੂਸਰੇ ਵਧੀਆ ਪ੍ਰਚਾਰਕਾਂ ਦੀ ਰੀਸ ਕਰਦੇ ਹਾਂ। ਇੱਦਾਂ ਕਰ ਕੇ ਅਸੀਂ ਘਰ-ਮਾਲਕ ਦੇ ਵਿਚਾਰਾਂ ਦੀ ਕਦਰ ਕਰਦੇ ਹਾਂ ਅਤੇ ਉਨ੍ਹਾਂ ਦਾ ਆਦਰ ਕਰਦੇ ਹਾਂ। (1 ਪਤ. 3:15) ਨਤੀਜੇ ਵਜੋਂ, ਉਹ ਸ਼ਾਇਦ ਸਾਨੂੰ ਦੁਬਾਰਾ ਗੱਲ ਕਰਨ ਲਈ ਵਾਪਸ ਆਉਣ ਲਈ ਕਹੇ।